ਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆ

ਤਸਵੀਰ ਸਰੋਤ, Getty Images
- ਲੇਖਕ, ਸਾਰਾ ਮੈਕਡਿਰਮੌਟ
- ਰੋਲ, ਬੀਬੀਸੀ ਵਰਲਡ ਸਰਵਿਸ
ਐਨਾ ਆਪਣੇ ਦੇਸ ਰੋਮਾਨੀਆ ਤੋਂ ਲੰਡਨ ਵਿੱਚ ਪੜ੍ਹਨ ਦੀ ਮਨਸ਼ਾ ਨਾਲ ਆਈ ਸੀ। ਸ਼ੁਰੂ ਵਿੱਚ ਪੈਸੇ ਕਮਾਉਣ ਲਈ ਉਸ ਨੂੰ ਕਈ ਕੰਮ-ਚਲਾਊ ਪੇਸ਼ਿਆਂ ਵਿੱਚ ਲੱਗਣਾ ਪਿਆ ਪਰ ਮਾਰਚ 2011 ਦੇ ਇੱਕ ਦਿਨ ਉਸ ਨੂੰ ਸੜਕ ਤੋਂ ਅਗਵਾ ਕਰਕੇ ਨੌਂ ਮਹੀਨਿਆਂ ਦਾ ਨਰਕ ਝੱਲਣ ਲਈ ਆਇਰਲੈਂਡ ਭੇਜ ਦਿੱਤਾ ਗਿਆ।
ਕੰਨਾਂ ਨੂੰ ਹੈਡਫੋਨ ਲਾ ਕੇ ਸੰਗੀਤ ਸੁਣਦੇ ਹੋਏ ਐਨਾ ਆਪਣੇ ਘਰ ਆ ਰਹੀ ਸੀ। ਉਹ ਆਪਣੇ ਘਰ ਤੋਂ ਕੁਝ ਹੀ ਦੂਰ ਸੀ ਅਤੇ ਉਹ ਆਪਣੇ ਪਰਸ ਵਿੱਚ ਹੱਥ ਪਾ ਕੇ ਘਰ ਦੀ ਚਾਬੀ ਭਾਲ ਰਹੀ ਸੀ। ਅਚਾਨਕ ਉਸ ਦੀ ਧੌਣ ਉੱਪਰ ਇੱਕ ਧੱਫ਼ਾ ਪਿਆ ਅਤੇ ਇੱਕ ਨਕਾਬਪੋਸ਼ ਨੇ ਉਸ ਨੂੰ ਕਾਰ ਵਿੱਚ ਖਿੱਚ ਲਿਆ।
ਕਾਰ ਵਿੱਚ ਦੋ ਪੁਰਸ਼ਾਂ ਸਮੇਤ ਇੱਕ ਔਰਤ ਸਵਾਰ ਸਨ ਜੋ ਲਗਾਤਾਰ ਐਨਾ ਨੂੰ ਥੱਪੜਾਂ ਅਤੇ ਮੁੱਕਿਆਂ ਨਾਲ ਮਾਰ ਰਹੇ ਸਨ ਅਤੇ ਰੋਮਾਨੀਅਨ ਬੋਲੀ ਵਿੱਚ ਉਸ ਨੂੰ ਧਮਕਾ ਰਹੇ ਸਨ।
ਉਹ ਕਹਿ ਰਹੇ ਸਨ ਕਿ ਜੇ ਐਨਾ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਜਾਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਰੋਮਾਨੀਆ ਵਿੱਚ ਰਹਿੰਦੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ꞉
ਐਨਾ ਨੇ ਦੱਸਿਆ, "ਮੈਨੂੰ ਨਹੀਂ ਪਤਾ ਕੀ ਹੋ ਰਿਹਾ ਸੀ ਜਾਂ ਉਹ ਮੈਨੂੰ ਕਿੱਥੇ ਲਿਜਾ ਰਹੇ ਸਨ। ਮੈਂ ਸਿਰਫ ਅੰਗ ਕੱਢੇ ਜਾਣ ਦੀ ਜਾਂ ਵੇਸਵਾਪੁਣੇ ਦੀ ਜਾਂ ਮਾਰੇ ਜਾਣ ਦੀ ਕਲਪਨਾ ਕਰ ਰਹੀ ਸੀ।"
ਔਰਤ ਉਸ ਦੇ ਪਰਸ ਦੀ ਲਗਾਤਾਰ ਤਲਾਸ਼ੀ ਲੈ ਰਹੀ ਸੀ। ਉਹ ਐਨਾ ਦੇ ਫੋਨ ਵਿੱਚ ਕਾਲਾਂ ਦੇ ਵੇਰਵੇ ਦੇਖ ਰਹੀ ਸੀ, ਉਸਦੇ ਫੇਸਬੁੱਕ ਦੋਸਤ ਦੇਖ ਰਹੀ ਸੀ ਅਤੇ ਦਸਤਾਵੇਜ਼ਾਂ ਦੀ ਭਾਲ ਕਰ ਰਹੀ ਸੀ। ਐਨਾ ਦਾ ਪਾਸਪੋਰਟ ਵੀ ਪਰਸ ਦੇ ਅੰਦਰ ਹੀ ਸੀ ਕਿਉਂਕਿ ਉਹ ਉਸ ਨੂੰ ਆਪਣੇ ਨਾਲ ਹੀ ਰੱਖਦੀ ਸੀ।

ਤਸਵੀਰ ਸਰੋਤ, Getty Images
ਐਨਾ ਜਾਣਦੀ ਸੀ ਕਿ ਭੱਜਣ ਦੀ ਕੋਸ਼ਿਸ਼ ਕਰਨ ਦੀ ਕੋਈ ਤੁਕ ਨਹੀਂ ਸੀ ਬਣਦੀ ਪਰ ਜਦੋਂ ਹਵਾਈ ਅੱਡੇ ਉੱਪਰ ਉਸਨੂੰ ਕੁਝ ਦੇਰ ਲਈ ਸਿਰਫ਼ ਇੱਕ ਵਿਅਕਤੀ ਨਾਲ ਛੱਡਿਆ ਗਿਆ ਤਾਂ ਉਸ ਨੇ ਇਸ ਬਾਰੇ ਸੋਚਿਆ। ਐਨਾ ਸੋਚ ਰਹੀ ਸੀ ਕਿ ਉਹ ਹਵਾਈ ਅੱਡੇ ਦੇ ਸਟਾਫ ਨੂੰ ਮਦਦ ਲਈ ਕਿਵੇਂ ਬੁਲਾਵੇ।
"ਡਰ ਵਿੱਚ ਚੀਕਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਕੋਲ ਮੇਰੇ ਕਾਗਜ਼ ਸਨ। ਉਹ ਜਾਣਦੇ ਸਨ ਕਿ ਰੋਮਾਨੀਆ ਵਿੱਚ ਮੇਰੀ ਮਾਂ ਕਿੱਥੇ ਰਹਿੰਦੀ ਸੀ। ਉਹ ਮੇਰੇ ਬਾਰੇ ਸਭ ਕੁਝ ਤਾਂ ਜਾਣਦੇ ਸਨ।"
ਜਦੋਂ ਉਹ ਚੈਕ-ਇਨ ਡੈਸਕ ਉੱਤੇ ਪਹੁੰਚੇ ਤਾਂ ਰੋ-ਰੋ ਕੇ ਉਸਦਾ ਚਿਹਰਾ ਲਾਲ ਹੋਇਆ ਪਿਆ ਸੀ ਪਰ ਕਾਊਂਟਰ 'ਤੇ ਬੈਠੀ ਔਰਤ ਨੇ ਉਸ ਵੱਲ ਧਿਆਨ ਹੀ ਨਹੀਂ ਦਿੱਤਾ। ਜਦੋਂ ਉਸ ਦੇ ਪਿੱਛੇ ਖੜ੍ਹੇ ਵਿਅਕਤੀ ਨੇ ਐਨਾ ਦਾ ਪਾਸਪੋਰਟ ਦਿਖਾਇਆ ਤਾਂ ਕਰਮਚਾਰੀ ਨੇ ਬੋਰਡਿੰਗ ਪਾਸ ਦੇ ਦਿੱਤਾ।

ਉਹ ਵਿਅਕਤੀ ਇਸ ਤਰ੍ਹਾਂ ਦਿਖਾ ਰਿਹਾ ਸੀ ਜਿਵੇਂ ਉਹ ਇੱਕ ਦੂਜੇ ਦੇ ਨਾਲ ਹੋਣ। ਜਹਾਜ਼ ਵਿੱਚ ਉਸ ਨੇ ਸਭ ਤੋਂ ਪਿਛਲੀਆਂ ਸੀਟਾ ਲੈ ਕੇ ਐਨਾ ਨੂੰ ਧਮਕਾਇਆ ਕਿ ਜੇ ਉਹ ਰੋਈ, ਹਿੱਲੀ ਜਾਂ ਉਸਨੇ ਰੌਲਾ ਪਾਇਆ ਤਾਂ ਉਹ ਉਸਨੂੰ ਮਾਰ ਦੇਵੇਗਾ।
ਜਹਾਜ਼ ਵਿੱਚ ਐਨਾ ਨੇ ਪਾਇਲਟ ਦੀ ਘੋਸ਼ਣਾ ਸੁਣੀ ਕਿ ਉਹ ਆਇਰਲੈਂਡ ਦੇ ਕਿਸੇ ਹਵਾਈ ਅੱਡੇ ਵੱਲ ਜਾ ਰਹੇ ਸਨ ਜਿਸ ਦਾ ਐਨਾ ਨੇ ਪਹਿਲਾਂ ਕਦੇ ਨਾਮ ਨਹੀਂ ਸੀ ਸੁਣਿਆ। ਚੈਕ-ਇਨ ਕਰਮਚਾਰੀ ਨੇ ਵੀ ਉਸ ਦੇ ਰੋ-ਰੋ ਕੇ ਲਾਲ ਹੋਏ ਚਿਹਰੇ ਵੱਲ ਧਿਆਨ ਨਹੀਂ ਦਿੱਤਾ ਅਤੇ ਸਿਰਫ਼ ਮੁਸਕਰਾ ਕੇ ਦਿਖਾ ਦਿੱਤਾ।
ਐਨਾ ਨੇ ਮਨ ਬਣਾਇਆ ਕਿ ਉਹ ਹਵਾਈ ਅੱਡੇ ਤੇ ਪਹੁੰਚਦਿਆਂ ਹੀ ਭੱਜ ਨਿਕਲੇਗੀ ਪਰ ਉਹ ਇੱਕ ਬੱਸ ਅੱਡੇ ਤੋਂ ਵੱਡਾ ਨਹੀਂ ਸੀ ਅਤੇ ਦੋ ਵਿਅਕਤੀ ਪਹਿਲਾਂ ਹੀ ਉੱਥੇ ਇੰਤਜ਼ਾਰ ਕਰ ਰਹੇ ਸਨ।
ਉਨ੍ਹਾਂ ਵਿੱਚੋਂ ਭਾਰੇ ਵਾਲੇ ਨੇ ਉਸ ਦਾ ਹੱਥ ਫੜ ਕੇ ਕਿਹਾ ਇਹ ਕੁਝ ਠੀਕ ਲਗਦੀ ਹੈ। ਇਸੇ ਸਮੇਂ ਐਨਾ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ꞉
ਉੱਥੋਂ ਐਨਾ ਨੂੰ ਕਾਰ ਵਿੱਚ ਇੱਕ ਗੰਦੇ ਫਲੈਟ ਵਿੱਚ ਲਿਜਾਇਆ ਗਿਆ। ਫਲੈਟ ਦੀਆਂ ਖਿੜਕੀਆਂ ਬੰਦ ਸਨ ਅਤੇ ਇਹ ਸ਼ਰਾਬ, ਸਿਗਰਟ ਦੀ ਬਦਬੂ ਨਾਲ ਭਰਿਆ ਹੋਇਆ ਸੀ।
ਅੰਦਰ ਕਈ ਵਿਅਕਤੀ ਲੈਪਟੌਪ ਵਰਤ ਰਹੇ ਸਨ ਅਤੇ ਮੇਜ਼ ਉੱਪਰ ਦਰਜਣ ਤੋਂ ਵਧੇਰੇ ਮੋਬਾਈਲ ਪਏ ਸਨ ਜੋ ਜਾਂ ਤਾਂ ਬੋਲਦੇ ਰਹਿੰਦੇ ਜਾਂ ਫਿਰ ਵਾਈਬਰੇਟ ਕਰਦੇ ਰਹਿੰਦੇ। ਉੱਥੇ ਕਈ ਨੰਗੀਆਂ ਅਤੇ ਅਧ ਨੰਗੀਆਂ ਕੁੜੀਆਂ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਘੁੰਮ ਰਹੀਆਂ ਸਨ।
ਇੱਕ ਔਰਤ ਜਿਸ ਨੇ ਲਾਲ ਰੰਗ ਦਾ ਗਾਊਨ ਅਤੇ ਚੱਪਲਾਂ ਪਾਈਆਂ ਹੋਈਆਂ ਸਨ ਨੇ ਕੁਝ ਵਿਅਕਤੀਆਂ ਦੀ ਮਦਦ ਨਾਲ ਐਨਾ ਦੇ ਕੱਪੜੇ ਵੀ ਪਾੜ ਕੇ ਉਸਦੇ ਸਰੀਰ ਤੋਂ ਲਾਹ ਦਿੱਤੇ। ਉਸ ਮਗਰੋਂ ਉਸ ਉੱਪਰ ਬੇਪਨਾਹ ਕਹਿਰ ਢਾਹਿਆ ਗਿਆ।

ਤਸਵੀਰ ਸਰੋਤ, Getty Images
ਦੀਵਾਰ ਨਾਲ ਲਾਏ ਲਾਲ ਸਾਟਣ ਦੇ ਕੱਪੜੇ ਸਾਹਮਣੇ ਖੜੀ ਕਰਕੇ ਉਸਦੀਆਂ ਅੰਦਰੂਨੀ ਕੱਪੜਿਆਂ ਵਿੱਚ ਤਸਵੀਰਾਂ ਲਈਆਂ ਗਈਆਂ ਤਾਂ ਕਿ ਇੰਟਰਨੈੱਟ ਉੱਪਰ ਇਸ਼ਤਿਹਾਰ ਦਿੱਤਾ ਜਾ ਸਕੇ। ਉਸ ਨੂੰ ਕਈ ਨਾਮ ਦਿੱਤੇ ਗਏ ਅਤੇ ਕਈ ਸਾਰੀਆਂ ਉਮਰਾਂ ਦੱਸੀਆਂ ਗਈਆਂ ਜੋ ਉਹ ਯਾਦ ਵੀ ਨਾ ਰੱਖ ਸਕੀ।
ਆਉਂਦੇ ਕੁਝ ਮਹੀਨਿਆਂ ਤੱਕ ਉਸ ਨੂੰ ਸੈਂਕੜੇ ਵਿਅਕਤੀਆਂ ਨਾਲ ਸੌਣ ਲਈ ਮਜਬੂਰ ਕੀਤਾ ਗਿਆ। ਉਸ ਨੂੰ ਉਸ ਸਮੇਂ ਹੀ ਸੌਣ ਦੀ ਇਜਾਜ਼ਤ ਸੀ ਜਦੋਂ ਕੋਈ ਗਾਹਕ ਨਾ ਹੋਵੇ ਪਰ ਉਹ ਚੌਵੀ ਘੰਟੇ ਆਉਂਦੇ ਰਹਿੰਦੇ ਸਨ, ਕਦੇ-ਕਦੇ ਤਾਂ ਉਨ੍ਹਾਂ ਦੀ ਗਿਣਤੀ ਦਿਨ ਵਿੱਚ ਵੀਹ ਤੱਕ ਪਹੁੰਚ ਜਾਂਦੀ।
ਉਸ ਨੂੰ ਕਈ-ਕਈ ਦਿਨ ਕੁਝ ਵੀ ਖਾਣ ਨੂੰ ਨਾ ਦਿੱਤਾ ਜਾਂਦਾ ਜਾਂ ਬਰੈਡ ਦਾ ਕੋਈ ਸਲਾਈਸ ਜਾਂ ਕਿਸੇ ਦੀ ਜੂਠ ਖਾਣ ਨੂੰ ਦੇ ਦਿੱਤੀ ਜਾਂਦੀ।
ਇਸ ਸਭ ਕਰਕੇ ਐਨਾ ਦੀ ਸਿਹਤ ਤੇਜ਼ੀ ਨਾਲ ਨਿਘਰਨ ਲੱਗੀ ਅਤੇ ਉਸ ਦੇ ਕੰਮ ਵਿੱਚ ਕਮੀ ਆਉਣ ਲੱਗ ਪਈ।
ਗਾਹਕ ਅੱਧੇ ਘੰਟੇ ਦੇ ਅੱਸੀ ਤੋਂ ਸੌ ਯੂਰੋ ਜਾਂ 160-200 ਯੂਰੋ ਇੱਕ ਘੰਟੇ ਦੇ ਅਦਾ ਕਰਦੇ ਸਨ। ਕਈ ਉਸ ਦਾ ਇੰਨਾ ਬੁਰਾ ਹਾਲ ਕਰ ਜਾਂਦੇ ਕਿ ਉਸਦੇ ਖੂਨ ਵਹਿ ਰਿਹਾ ਹੁੰਦਾ ਅਤੇ ਉਹ ਖੜ੍ਹੀ ਵੀ ਨਾ ਹੋ ਪਾਉਂਦੀ। ਕਈ ਵਾਰ ਦਰਦ ਇੰਨਾ ਜ਼ਿਆਦਾ ਹੋ ਰਿਹਾ ਹੁੰਦਾ ਕਿ ਐਨਾ ਨੂੰ ਲਗਦਾ ਉਹ ਮਰ ਹੀ ਜਾਵੇਗੀ।
ਇਹ ਵੀ ਪੜ੍ਹੋ꞉
ਕੁਝ ਗਾਹਕ ਉਸ ਨੂੰ ਪੁੱਛਦੇ ਕੀ ਉਸ ਨੂੰ ਪਤਾ ਹੈ ਕਿ ਉਹ ਕਿੱਥੇ ਹੈ ਜਾਂ ਉਹ ਕਦੇ ਬਾਹਰ ਕਿਸੇ ਪੱਬ ਵਿੱਚ ਸੰਗੀਤ ਸੁਣਨ ਗਈ ਹੈ ਜਾਂ ਕਿਸੇ ਬਿਊਟੀ ਪਾਰਲਰ ਗਈ ਹੋਵੇ।
ਹਾਲਾਂਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਉਸ ਥਾਂ ਉੱਪਰ ਕੁੜੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਰੱਖਿਆ ਗਿਆ ਸੀ।
ਉਸ ਦੇ ਸਰੀਰ ਉੱਪਰ ਨਿੱਤ ਨਵੇਂ ਨਿਸ਼ਾਨ ਪੈਂਦੇ ਅਤੇ ਪੁਰਾਣੇ ਮਿਟ ਜਾਂਦੇ ਪਰ ਇਸ ਗੱਲ ਨਾਲ ਗਾਹਕਾਂ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ। ਐਨਾ ਉਨ੍ਹਾਂ ਸਾਰਿਆਂ ਨੂੰ ਨਫਰਤ ਕਰਦੀ ਸੀ।
ਉਸ ਦੀ ਕੈਦ ਦਾ ਚੌਥਾ ਮਹੀਨਾ ਚੱਲ ਰਿਹਾ ਸੀ ਜਦੋਂ ਅਚਾਨਕ ਪੁਲਿਸ ਨੇ ਛਾਪਾ ਮਾਰਿਆ ਪਰ ਉਸ ਤੋਂ ਪਹਿਲਾਂ ਹੀ ਮੁਲਜ਼ਮ ਔਰਤਾਂ ਅਤੇ ਮਰਦ ਭੱਜ ਗਏ, ਜਦ ਕਿ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਨਾ ਹੈਰਾਨ ਸੀ ਕਿ ਇਨ੍ਹਾਂ ਲੋਕਾਂ ਨੂੰ ਪੁਲਿਸ ਦੇ ਛਾਪੇ ਦਾ ਪਹਿਲਾਂ ਹੀ ਕਿਵੇਂ ਪਤਾ ਚਲ ਗਿਆ।

ਪੁਲਿਸ ਨੇ ਕਮਰਿਆਂ, ਵਰਤ ਕੇ ਸਿੱਟੇ ਗਏ ਕੰਡੋਮਜ਼ ਦੀਆਂ ਅਤੇ ਕੁੜੀਆਂ ਦੇ ਖਿਲਰੇ ਹੋਏ ਅੰਦਰੂਨੀ ਕੱਪੜਿਆਂ ਦੀਆਂ ਤਸਵੀਰਾਂ ਲਈਆਂ। ਉਨ੍ਹਾਂ ਨੇ ਐਨਾ ਸਮੇਤ ਗ੍ਰਿਫਤਾਰ ਕੀਤੀਆਂ ਤਿੰਨ ਹੋਰ ਕੁੜੀਆਂ ਨੂੰ ਕੱਪੜੇ ਪਾਉਣ ਲਈ ਕਿਹਾ।
ਐਨਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਕੱਪੜੇ ਹੀ ਨਹੀਂ ਸਨ ਅਤੇ ਉਹ ਉਸ ਥਾਂ ਉੱਪਰ ਜ਼ਬਰਦਸਤੀ ਰੱਖੀਆਂ ਗਈਆਂ ਸਨ।
ਐਨਾ ਨੇ ਪੁਲਿਸ ਨੂੰ ਹਾਲਤ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸਦੀ ਗੱਲ ਨਾ ਸੁਣੀ।
ਇਸ ਦੇ ਬਾਵਜੂਦ ਐਨਾ ਗ੍ਰਿਫਤਾਰੀ ਮਗਰੋਂ ਖੁਸ਼ ਸੀ ਕਿਉਂਕਿ ਉਸ ਨੂੰ ਯਕੀਨ ਸੀ ਕਿ ਅਖ਼ੀਰ ਪੁਲਿਸ ਨੂੰ ਸਮਝ ਆ ਜਾਵੇਗੀ ਕਿ ਉਹ ਸਾਰੀਆਂ ਪੀੜਤ ਸਨ ਪਰ ਕਿਸੇ ਨੇ ਕੁਝ ਸੁਣਿਆ ਹੀ ਨਹੀਂ।
ਇਹ ਵੀ ਪੜ੍ਹੋ꞉
ਉਨ੍ਹਾਂ ਨੂੰ ਇੱਕ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਖੇਪ ਜਿਹੀ ਸੁਣਵਾਈ ਹੋਵੇਗੀ ਜਿਸ ਵਿੱਚ ਉਨ੍ਹਾਂ ਉੱਪਰ ਇੱਕ ਚਕਲਾ ਚਲਾਉਣ ਦੇ ਇਲਜ਼ਾਮ ਲਾਏ ਜਾਣਗੇ ਅਤੇ ਕੁਝ ਘੰਟਿਆਂ ਬਾਅਦ ਜੁਰਮਾਨਾ ਕਰਕੇ ਰਿਹਾ ਕਰ ਦਿੱਤਾ ਜਾਵੇਗਾ।
ਇਹ ਕੋਈ ਵੱਡੀ ਗੱਲ ਨਹੀਂ ਹੈ ਅਤੇ ਰੁਟੀਨ ਦਾ ਹੀ ਹਿੱਸਾ ਹੈ। ਵੇਸਵਾਵਾਂ ਅਤੇ ਦਲਾਲਾਂ ਨੂੰ ਕਈ ਵਾਰ ਫੜ ਕੇ ਰਿਹਾ ਕਰ ਦਿੱਤਾ ਜਾਂਦਾ ਹੈ।
ਵਕੀਲ ਦੇ ਜਾਣ ਮਗਰੋਂ ਐਨਾ ਦਾ ਮਨ ਕੀਤਾ ਕਿ ਉਹ ਭੱਜ ਜਾਵੇ ਪਰ ਉਹ ਜਾਣਦੀ ਸੀ ਕਿ ਉਹ ਭੱਜ ਕੇ ਕਿਤੇ ਨਹੀਂ ਜਾ ਸਕਦੀ ਕਿਉਂਕਿ ਉਸ ਕੋਲ ਪੈਸੇ ਹੀ ਨਹੀਂ ਸਨ।
ਉਸ ਨੂੰ ਭੱਜਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਉਸਨੂੰ ਕੈਦ ਵਿੱਚ ਰੱਖਣ ਵਾਲੇ ਅਦਾਲਤ ਦੇ ਬਾਹਰ ਉਸਦਾ ਕਾਰ ਦਾ ਦਰਵਾਜ਼ਾ ਖੋਲ੍ਹੀ ਇੰਤਜ਼ਾਰ ਕਰ ਰਹੇ ਸਨ।
ਰੋਮਾਨੀਆ ਵਿੱਚ ਐਨਾ ਦੀ ਮਾਂ ਨੇ ਮੁਟਿਆਰ ਬਾਰੇ ਖ਼ਬਰ ਪੜ੍ਹੀ ਜੋ ਚਕਲਾ ਚਲਾ ਰਹੀ ਸੀ। ਖ਼ਬਰ ਦੇ ਅੰਦਰ ਉਸ ਦੀ ਧੀ ਦਾ ਵੀ ਨਾਮ ਸੀ।

ਇਸ ਤੋਂ ਪਹਿਲਾਂ ਮਾਂ ਨੇ ਐਨਾ ਦੇ ਫੇਸਬੁੱਕ ਅਕਾਊਂਟ ਉੱਪਰ ਉਨ੍ਹਾਂ ਬੰਦਿਆਂ ਵੱਲੋਂ ਪਾਈਆਂ ਐਨਾ ਦੀਆਂ ਅਧ-ਨੰਗੀਆਂ ਤਸਵੀਰਾਂ ਦੇਖ ਲਈਆਂ ਸਨ। ਉਸ ਉੱਪਰ ਐਨਾ ਵੱਲੋਂ ਆਇਰਲੈਂਡ ਵਿੱਚ ਇੱਕ ਵੇਸਵਾ ਬਣ ਕੇ ਕਮਾਏ ਪੈਸੇ ਦੀਆਂ ਫੜਾਂ ਵੀ ਸਨ। ਇਹ ਸਭ ਉਹੀ ਲੋਕ ਐਨਾ ਦੀ ਫੇਸਬੁੱਕ ਉੱਪਰ ਪਾਉਂਦੇ ਸਨ।
ਇਹ ਸਭ ਐਨਾ ਦੀ ਮਾਂ ਨੇ ਹੀ ਨਹੀਂ ਉਸਦੇ ਗੁਆਂਢੀਆਂ ਨੇ ਵੀ ਦੇਖ ਲਿਆ ਸੀ ਪਰ ਕਿਸੇ ਨੂੰ ਅੰਦਾਜਾ ਨਹੀਂ ਹੋਇਆ ਕਿ ਉਸ ਨੂੰ ਅਗਵਾ ਕਰਕੇ ਇਸ ਪਾਸੇ ਧੱਕ ਦਿੱਤਾ ਗਿਆ ਸੀ।
ਸ਼ੁਰੂ ਵਿੱਚ ਮਾਂ ਨੇ ਐਨਾ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਐਨਾ ਨਾਲ ਕਦੇ ਉਸਦੀ ਗੱਲ ਨਹੀਂ ਹੋਈ।
ਐਨਾ ਨੇ ਦੱਸਿਆ ਕਿ ਮੇਰੀ ਮਾਂ ਨੇ ਰੋਮਾਨੀਆ ਵਿੱਚ ਪੁਲਿਸ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਕਿਹਾ ਕਿ ਐਨਾ ਬਾਲਗ ਹੈ ਅਤੇ ਦੇਸ ਤੋਂ ਬਾਹਰ ਹੈ। ਇਸ ਲਈ ਉਹ ਜੋ ਚਾਹੇ ਕਰ ਸਕਦੀ ਹੈ।
ਅਖ਼ੀਰ ਫੇਸਬੁੱਕ ਨੇ ਇਤਰਾਜਯੋਗ ਤਸਵੀਰਾਂ ਕਰਕੇ ਉਸ ਦਾ ਅਕਾਊਂਟ ਡਿਲੀਟ ਕਰ ਦਿੱਤਾ।
ਪੁਲਿਸ ਦੇ ਛਾਪੇ ਤੋਂ ਬਾਅਦ ਚਾਰੇ ਕੁੜੀਆਂ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਨਹੀਂ ਆਇਆ ਅਤੇ ਉਨ੍ਹਾਂ ਦਾ ਸ਼ੋਸ਼ਣ ਪਹਿਲਾਂ ਵਾਂਗ ਹੀ ਲਗਾਤਾਰ ਜਾਰੀ ਰਿਹਾ।

ਤਸਵੀਰ ਸਰੋਤ, Getty Images
ਐਨਾ ਨੂੰ ਆਪਣੇ ਬਚਾਅ ਦੀ ਕੋਈ ਉਮੀਦ ਨਹੀਂ ਸੀ ਹੋਈ ਜਦੋਂ ਤੱਕ ਕਿ ਉਨ੍ਹਾਂ ਨੂੰ ਕੈਦ ਕਰਨ ਵਾਲਿਆਂ ਨੇ ਇਨ੍ਹਾਂ ਨੂੰ ਮਿਡਲ ਈਸਟ ਦੇ ਦੇਸਾਂ ਵਿੱਚ ਲਿਜਾਣ ਬਾਰੇ ਫੈਸਲਾ ਨਹੀਂ ਲੈ ਲਿਆ।
ਅਖੀਰ ਵਿੱਚ ਹਾਲਾਂਕਿ ਐਨਾ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਸੀ ਕਿ ਉਹ ਕਿੱਥੇ ਸੀ ਪਰ ਉਹ ਭੱਜ ਨਿਕਲੀ। ਉਸ ਨੇ ਚੱਪਲਾਂ ਪਾਈਆਂ ਅਤੇ ਦੱਬੇ ਪੈਰੀਂ ਨਿਕਲ ਗਈ। ਹਾਲਾਂਕਿ ਉਸਨੂੰ ਆਪਣੀਆਂ ਲੱਤਾਂ ਉੱਪਰ ਭੱਜਿਆਂ ਕਾਫ਼ੀ ਸਮਾਂ ਹੋ ਗਿਆ ਸੀ ਪਰ ਹੁਣ ਉਸ ਨੇ ਕਾਹਲੀ ਨਾਲ ਇਸ ਥਾਂ ਤੋਂ ਨਿਕਲਣਾ ਸੀ।
"ਉਸ ਫਲੈਟ ਦੇ ਮਾਨਸਿਕ ਨਕਸ਼ੇ ਬਣਾਉਂਦੀ ਮੈਂ ਉਸ ਫਲੈਟ ਵਿੱਚੋਂ ਨਿਕਲ ਸਕਦੀ ਸੀ। ਜਦੋਂ ਉਹ ਸਾਨੂੰ ਇੱਕ ਠਿਕਾਣੇ ਤੋਂ ਦੂਸਰੇ ਠਿਕਾਣੇ ਵਿੱਚ ਲੈ ਕੇ ਜਾਂਦੇ ਤਾਂ ਮੈਂ ਇਮਾਰਤਾਂ ਸੜਕੀ ਸੰਕੇਤਾਂ ਨੂੰ ਜਿਹੜੀਆਂ ਵੀ ਚੀਜ਼ਾਂ ਰਾਹ ਵਿੱਚ ਆਉਂਦੀਆਂ ਉਨ੍ਹਾਂ ਨੂੰ ਯਾਦ ਰੱਖਦੀ।"
ਉੱਥੇ ਇੱਕ ਨਸ਼ੇ ਵੇਚਣ ਵਾਲਾ ਹੁੰਦਾ ਸੀ, ਜੋ ਕਦੇ ਸੈਕਸ ਨਹੀਂ ਸੀ ਕਰਨਾ ਚਾਹੁੰਦਾ ਬਲਕਿ ਮਹਿਜ਼ ਗੱਲਾਂ ਕਰਨ ਆਉਂਦਾ। ਉਸ ਦਾ ਇੱਕ ਦੋਸਤ ਸੀ ਜੋ ਚਕਲੇ ਬਾਰੇ ਜਾਨਣਾ ਚਾਹੁੰਦਾ ਸੀ।
ਐਨਾ ਨੂੰ ਇੱਕ ਜੂਆ ਖੇਡਣਾ ਪੈਣਾ ਸੀ। ਉਸ ਨੂੰ ਉਸ ਵਿਅਕਤੀ ਉੱਪਰ ਭਰੋਸਾ ਨਹੀਂ ਸੀ ਪਰ ਉਸ ਨੇ ਇੱਕ ਥਾਂ ਦੇਣ ਦਾ ਵਾਅਦਾ ਕੀਤਾ ਜਿੱਥੇ ਐਨਾ ਲੁਕ ਸਕਦੀ ਸੀ।
ਇਹ ਵੀ ਪੜ੍ਹੋ꞉
ਆਪਣੇ ਮਾਨਸਿਕ ਨਕਸ਼ਿਆਂ ਦੇ ਆਸਰੇ ਜਿਵੇਂ-ਕਿਵੇਂ ਐਨਾ ਐਂਡੀ ਦੇ ਦਿੱਤੇ ਪਤੇ ਉੱਪਰ ਪਹੁੰਚ ਗਈ। ਉੱਥੇ ਪਹੁੰਚ ਕੇ ਉਹ ਸਿਰਫ ਇਹ ਉਮੀਦ ਕਰ ਸਕਦੀ ਸੀ ਕਿ ਦਲਾਲ ਉਸ ਨੂੰ ਮੁੜ ਨਾ ਲੱਭ ਲੈਣ।
ਜਦੋਂ ਐਂਡੀ ਵਾਪਸ ਆਇਆ ਤਾਂ ਉਸ ਨੇ ਐਨਾ ਨੂੰ ਉੱਥੇ ਰਹਿਣ ਦਿੱਤਾ। ਉੱਥੇ ਪਹੁੰਚ ਕੇ ਐਨਾ ਨੇ ਪਹਿਲਾਂ ਕੰਮ ਆਪਣੀ ਮਾਂ ਨੂੰ ਫੋਨ ਕਰਨ ਦਾ ਕੀਤਾ।
ਫੋਨ ਐਨਾ ਦੀ ਮਾਂ ਦੇ ਪਾਰਟਨਰ ਨੇ ਚੁੱਕਿਆ। ਜਿਉਂ ਹੀ ਉਸ ਵਿਅਕਤੀ ਨੂੰ ਅਹਿਸਾਸ ਹੋਇਆ ਕਿ ਫੋਨ ਉੱਪਰ ਕੌਣ ਬੋਲ ਰਹੀ ਸੀ, ਉਸ ਨੇ ਬੇਨਤੀ ਕੀਤੀ ਕਿ ਉਹ ਉੱਥੇ ਨਾ ਤਾਂ ਕਦੇ ਫੋਨ ਕਰੇ ਅਤੇ ਨਾ ਹੀ ਆਵੇ।
ਜਵਾਬ ਵਿੱਚ ਐਨਾ ਨੇ ਕਿਹਾ, "ਠੀਕ ਹੈ, ਜੇ ਕੋਈ ਫੋਨ ਕਰਕੇ ਤੁਹਾਨੂੰ ਮਾਰਨ ਦੀ ਧਮਕੀ ਦੇਵੇ ਤਾਂ ਕਹਿ ਦੇਣਾ ਕਿ ਐਨਾ ਤੁਹਾਡੇ ਲਈ ਮਰ ਗਈ।"

ਇਸੇ ਸਮੇਂ ਐਨਾ ਨੇ ਬਾਵਜੂਦ ਇਸ ਦੇ ਕਿ ਉਸ ਕੋਲ ਕੋਈ ਕਾਗਜ਼ ਨਹੀਂ ਸੀ ਅਤੇ ਚਕਲੇ ਉੱਪਰ ਮਾਰੇ ਪੁਲਿਸ ਦੇ ਛਾਪੇ ਦੇ ਆਪਣੇ ਨਿਰਾਸ਼ਾਜਨਕ ਤਜਰਬੇ ਦੇ ਬਾਵਜੂਦ ਪੁਲਿਸ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ। ਖੁਸ਼ਕਿਸਮਤੀ ਨਾਲ ਇਸ ਵਾਰ ਪੁਲਿਸ ਨੇ ਉਸ ਦੀ ਕਹਾਣੀ ਸੁਣ ਲਈ।
ਐਨਾ ਨੂੰ ਪਤਾ ਲੱਗਿਆ ਕਿ ਉਹ ਉੱਤਰੀ ਆਇਰਲੈਂਡ ਵਿੱਚ ਸੀ। ਐਨਾ ਨੂੰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਇੱਕ ਕਾਫੀ ਸ਼ਾਪ ਵਿੱਚ ਮਿਲਣ ਨੂੰ ਕਿਹਾ ਗਿਆ।
ਉਸ ਨੇ ਮੈਨੂੰ ਇੱਕ ਨੈਪਕਿਨ ਉੱਪਰ ਉਨ੍ਹਾਂ ਲੋਕਾਂ ਦੇ ਨਾਮ ਲਿਖਣ ਲਈ ਕਿਹਾ ਜਿੰਨ੍ਹਾਂ ਨੇ ਉਸ ਦਾ ਇਹ ਹਾਲ ਕੀਤਾ ਸੀ।
ਜਦੋਂ ਐਨਾ ਨੇ ਉਹ ਕਾਗਜ਼ ਉਸ ਅਫਸਰ ਵੱਲ ਵਧਾਇਆ ਤਾਂ ਉਹ ਹੈਰਾਨ ਰਹਿ ਗਈ ਕਿਉਂਕਿ ਉਹ ਉਨ੍ਹਾਂ ਲੋਕਾਂ ਦੀ ਸਾਲਾਂ ਤੋਂ ਭਾਲ ਕਰ ਰਿਹਾ ਸੀ।
ਇਸ ਮਗਰੋਂ ਦੋ ਸਾਲ ਇੱਕ ਜਾਂਚ ਚੱਲੀ ਅਤੇ ਐਨਾ ਨੂੰ ਕੈਦੀ ਬਣਾ ਕੇ ਰੱਖਣ ਵਾਲੇ ਗ੍ਰਿਫਤਾਰ ਕਰ ਲਏ ਗਏ। ਐਨਾ ਨੂੰ ਹਾਲੇ ਵੀ ਆਪਣੀ ਅਤੇ ਆਪਣੀ ਮਾਂ ਦੀ ਸੁਰੱਖਿਆ ਦੀ ਫਿਕਰ ਸੀ। ਇਸ ਲਈ ਉਸ ਨੇ ਇਨ੍ਹਾਂ ਲੋਕਾਂ ਖਿਲਾਫ ਅਦਾਲਤ ਵਿੱਚ ਗਵਾਹੀ ਨਾ ਦੇਣ ਦਾ ਫੈਸਲਾ ਕੀਤਾ।

ਉਸ ਦੇ ਨਾਲ ਫਲੈਟ ਵਿੱਚ ਰਹਿਣ ਵਾਲੀ ਦੂਸਰੀ ਕੁੜੀ ਨੇ ਉਨ੍ਹਾਂ ਦੇ ਖਿਲਾਫ ਗਵਾਹੀ ਦਿੱਤੀ ਅਤੇ ਗਿਰੋਹ ਨੂੰ ਮਨੁੱਖੀ ਤਸਕਰੀ, ਉੱਤਰੀ ਆਇਰਲੈਂਡ ਵਿੱਚ ਵੇਸਵਾਗਮਨੀ ਦੇ ਅੱਡੇ ਚਲਾਉਣ ਅਤੇ ਹਵਾਲੇ ਦੇ ਦੋਸ਼ੀ ਪਾਇਆ ਗਿਆ।
ਉਨ੍ਹਾਂ ਵਿੱਚੋਂ ਹਰ ਕਿਸੇ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਛੇ-ਛੇ ਮਹੀਨੇ ਦੀ ਕੈਦ ਹਿਰਾਸਤ ਵਿੱਚ ਕੱਟ ਲਈ ਸੀ। ਇਸ ਲਈ ਫੈਸਲਾ ਸੁਣਾਏ ਜਾਣ ਮਗਰੋਂ ਉਨ੍ਹਾਂ ਨੇ 8-8 ਮਹੀਨੇ ਦੀ ਕੈਦ ਕੱਟੀ।
ਇਸ ਤੋਂ ਪਹਿਲਾਂ ਇਨ੍ਹਾਂ ਹੀ ਇਲਜ਼ਾਮਾਂ ਤਹਿਤ ਮੁਲਜ਼ਮਾਂ ਨੇ ਸਵੀਡਨ ਵਿੱਚ ਵੀ ਜੇਲ੍ਹ ਕੱਟੀ ਸੀ।
ਐਨਾ ਨੇ ਦੱਸਿਆ, "ਮੈਂ ਖੁਸ਼ ਸੀ ਕਿ ਉਹ ਫੜੇ ਗਏ ਸਨ ਪਰ ਮੈਂ ਸਜ਼ਾਵਾਂ ਬਾਰੇ ਸੰਤੁਸ਼ਟ ਨਹੀਂ ਸੀ। ਮੈਨੂੰ ਲਗਦਾ ਹੈ ਇਸ ਜ਼ਿੰਦਗੀ ਵਿੱਚ ਕੁਝ ਵੀ ਨਿਰਪੱਖ ਨਹੀਂ ਹੁੰਦਾ।"
ਬਾਅਦ ਵਿੱਚ ਐਨਾ ਨੇ ਯੂਨੀਅਨਿਸਟ ਪਾਰਟੀ ਦੇ ਇੱਕ ਸਿਆਸਤਦਾਨ ਲਾਰਡ ਮੁਰੋ ਕੋਲ ਆਪਣੀ ਗਵਾਹੀ ਕੁਝ ਹੋਰ ਔਰਤਾਂ ਸਮੇਤ ਦਿੱਤੀ। ਲਾਰਡ ਉੱਤਰੀ ਆਇਰਲੈਂਡ ਦੀ ਅਸੈਂਬਲੀ ਵਿੱਚ ਇਸ ਮਸਲੇ ਬਾਰੇ ਨਵਾਂ ਬਿੱਲ ਰੱਖਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ꞉
ਸਾਲ 2015 ਵਿੱਚ ਉੱਤਰੀ ਆਇਰਲੈਂਡ ਯੂਕੇ ਦੀ ਇੱਕੋ-ਇੱਕ ਅਜਿਹੀ ਥਾਂ ਬਣ ਗਈ ਜਿੱਥੇ ਸੈਕਸ ਖਰੀਦਣਾ ਜੁਰਮ ਹੈ। ਜਦ ਕਿ ਸੈਕਸ ਵੇਚਣਾ ਜੁਰਮ ਨਹੀਂ ਹੈ।
ਐਨਾ ਮੁਤਾਬਕ ਸੈਕਸ ਵੇਚਣ ਨੂੰ ਜੁਰਮ ਦੇ ਵਰਗ ਵਿੱਚੋਂ ਕੱਢੇ ਜਾਣ ਨਾਲ ਉਸ ਵਰਗੀਆਂ ਹੋਰ ਕੁੜੀਆਂ ਵੀ ਮਦਦ ਮੰਗ ਸਕਣਗੀਆਂ ਨਾ ਕਿ ਸਜ਼ਾ ਕੱਟਣਗੀਆਂ ਜਿਵੇਂ ਉਸ ਨਾਲ ਹੋਇਆ।
ਸਾਲ 2017 ਵਿੱਚ ਆਇਰਲੈਂਡ ਗਣਰਾਜ ਵਿੱਚ ਵੀ ਸੈਕਸ ਖਰੀਦਣਾ ਗੈਰ-ਕਾਨੂੰਨੀ ਬਣਾ ਦਿੱਤਾ ਗਿਆ ਜਿੱਥੋਂ ਐਨਾ ਦੀ ਕਹਾਣੀ ਸ਼ੁਰੂ ਹੋਈ ਸੀ।
ਨੌਂ ਮਹੀਨਿਆਂ ਦੀ ਜਿਣਸੀ ਗੁਲਾਮੀ ਨੇ ਐਨਾ ਨੂੰ ਜਿਸਮਾਨੀ ਤੌਰ ਤੇ ਭੰਨ ਦਿੱਤਾ ਹੈ। ਉਸ ਦੇ ਗੁਪਤ ਅੰਗ ਨੁਕਸਾਨੇ ਗਏ ਹਨ ਅਤੇ ਸਿਰ ਦੇ ਇੱਕ ਹਿੱਸੇ ਵਿੱਚੋਂ ਵਾਰ-ਵਾਰ ਖਿੱਚੇ ਜਾਣ ਕਰਕੇ ਉਸਦੇ ਵਾਲ ਵਧਣੋਂ ਹਟ ਗਏ ਹਨ।

ਤਸਵੀਰ ਸਰੋਤ, Getty Images
ਉਸ ਨੂੰ ਪੁਰਾਣੀਆਂ ਯਾਦਾਂ ਬੇਤਾਲ ਵਾਂਗ ਸਤਾਉਂਦੀਆਂ ਹਨ, ਨੀਂਦ ਨਹੀਂ ਆਉਂਦੀ ਅਤੇ ਡਰਾਉਣੇ ਸੁਪਨੇ ਆਉਂਦੇ ਹਨ। ਕਦੇ ਕਦੇ ਹਾਲੇ ਵੀ ਉਸ ਨੂੰ ਵੀਰਜ, ਗਾਹਕਾਂ ਦੇ ਪਸੀਨੇ, ਸ਼ਰਾਬ ਅਤੇ ਸਿਗਰਟ ਦੇ ਧੂੰਏਂ ਦੀ ਬਦਬੂ ਮਹਿਸੂਸ ਹੁੰਦੀ ਹੈ।
ਇਸ ਸਭ ਦੇ ਬਾਵਜੂਦ ਐਨਾ ਰੁਕੀ ਨਹੀਂ ਹੈ। ਉਸ ਨੇ ਆਪਣੇ ਮੁਲਜ਼ਮਾਂ ਨੂੰ ਸਜ਼ਾ ਦਿਵਾਈ, ਕਾਨੂੰਨ ਬਦਲਣ ਵਿੱਚ ਭੂਮਿਕਾ ਨਿਭਾਈ ਅਤੇ ਉਸਦਾ ਆਪਣੀ ਮਾਂ ਨਾਲ ਰਿਸ਼ਤਾ ਵੀ ਠੀਕ ਹੋ ਗਿਆ ਹੈ।
ਐਨਾ ਨੇ ਦੱਸਿਆ ਕਿ ਮੈਨੂੰ ਅਤੇ ਮੇਰੀ ਮਾਂ ਨੂੰ ਸਮਝਾਉਣ ਲਈ ਬਹੁਤ ਲੰਬਾ ਸਫਰ ਕਰਨਾ ਪਿਆ ਕਿ ਮੇਰੇ ਨਾਲ ਕੀ ਵਾਪਰਿਆ। ਉਨ੍ਹਾਂ ਨੇ ਕਾਫੀ ਕੁਝ ਮੈਥੋਂ ਸਿੱਖਿਆ ਹੈ ਅਤੇ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਹੈ ਪਰ ਹੁਣ ਅਸੀਂ ਠੀਕ ਹਾਂ।
ਇਹ ਵੀ ਪੜ੍ਹੋ꞉
ਐਨਾ ਨੇ ਯੂਕੇ ਵਿੱਚ ਇੱਕ ਡਿਗਰੀ ਲਈ ਪੜ੍ਹਾਈ ਸ਼ੁਰੂ ਕੀਤੀ ਜੋ ਕਿ ਉਸ ਨੂੰ ਫੀਸ ਦਾ ਇੰਤਜ਼ਾਮ ਨਾ ਕਰ ਸਕਣ ਕਰਕੇ ਵਿਚਕਾਰ ਹੀ ਛੱਡਣੀ ਪਈ। ਫਿਲਹਾਲ ਉਹ ਹੌਸਪਿਟੈਲਿਟੀ ਸਨਅਤ ਵਿੱਚ ਨੌਕਰੀ ਕਰਦੀ ਹੈ ਜੋ ਕਿ ਵਧੀਆ ਚੱਲ ਰਹੀ ਹੈ।
ਉਸ ਨੇ ਕਿਹਾ, ਕਿਸੇ ਨਾ ਕਿਸੇ ਸਮੇਂ ਮੈਂ ਆਪਣੀ ਪੜ੍ਹਾਈ ਮੁੜ ਸ਼ੁਰੂ ਕਰਨੀ ਚਾਹਾਂਗੀ ਪਰ ਫਿਲਹਾਲ ਤਾਂ ਮੈਂ ਕੰਮ,ਕੰਮ,ਕੰਮ ਕਰਨਾ ਹੈ ਅਤੇ ਕੇਂਦਰਿਤ ਰਹਿਣਾ ਹੈ।
(ਕਹਾਣੀ ਦੇ ਸਾਰੇ ਨਾਮ ਬਦਲੇ ਹੋਏ ਹਨ ਅਤੇ ਤਸਵੀਰਾ ਕੇਟੀ ਹੋਰਵਿਚ ਨੇ ਬਣਾਈਆਂ ਹਨ। ਐਡਬਰੀ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਕਿਤਾਬ ''ਸਲੇਵ"ਹੁਣ ਜਾਰੀ ਹੋ ਚੁੱਕੀ ਹੈ।)
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












