ਹਸਪਤਾਲ ਵਿੱਚ ਇਲਾਜ ਦੇ ਨਾਲ ਮਾਰ ਅਤੇ ਗਾਲਾਂ ਵੀ ਖਾਂਦੀਆਂ ਹਨ ਗਰਭਵਤੀ ਔਰਤਾਂ

ਤਸਵੀਰ ਸਰੋਤ, AFP
- ਲੇਖਕ, ਕਮਲੇਸ਼
- ਰੋਲ, ਬੀਬੀਸੀ ਪੱਤਰਕਾਰ
28 ਸਾਲਾ ਸੁਮਨ ਦੀ ਅਜੇ ਪਿਛਲੇ ਮਹੀਨੇ ਹੀ ਡਿਲਿਵਰੀ ਹੋਈ ਹੈ ਪਰ, ਜਦੋਂ ਉਸ ਨੂੰ ਦੂਜੇ ਬੱਚੇ ਦਾ ਸਵਾਲ ਪੁੱਛਿਆ ਗਿਆ ਤਾਂ ਉਹ ਕੰਬਣ ਲੱਗ ਪਈ।
ਦੂਜੇ ਬੱਚੇ ਦੇ ਨਾਂ ਤੋਂ ਨਹੀਂ ਸਗੋਂ ਡਿਲਿਵਰੀ ਦੌਰਾਨ ਹੋਣ ਵਾਲੇ ਵਰਤਾਰੇ ਤੋਂ। ਸੁਮਨ ਦੀ ਦਿੱਲੀ ਦੇ ਸੰਜੇ ਗਾਂਧੀ ਹਸਪਤਾਲ ਵਿੱਚ ਡਿਲਿਵਰੀ ਹੋਈ ਸੀ।
ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਉਹ ਕਹਿੰਦੀ ਹੈ, ''ਮੇਰਾ ਪਹਿਲਾ ਬੱਚਾ ਸੀ। ਮੈਨੂੰ ਨਹੀਂ ਪਤਾ ਸੀ ਕਿ ਡਿਲਿਵਰੀ ਦੌਰਾਨ ਕੀ-ਕੀ ਹੋਣ ਵਾਲਾ ਹੈ। ਮੈਂ ਪਹਿਲਾਂ ਤੋਂ ਹੀ ਘਬਰਾਈ ਹੋਈ ਸੀ। ਮੇਰੇ ਨਾਲ ਵੱਡੇ ਜਿਹੇ ਕਮਰੇ ਵਿੱਚ ਹੋਰ ਵੀ ਔਰਤਾਂ ਜਣੇਪੇ ਲਈ ਆਈਆਂ ਹੋਈਆਂ ਸਨ। ਉਹ ਦਰਦ ਨਾਲ ਚੀਕ ਰਹੀਆਂ ਸਨ ਪਰ ਇਨ੍ਹਾਂ ਔਰਤਾਂ ਦੇ ਪ੍ਰਤੀ ਹਮਦਰਦੀ ਦਿਖਾਉਣ ਦੀ ਥਾਂ ਉਨ੍ਹਾਂ ਨੂੰ ਝਿੜਕਿਆ ਜਾ ਰਿਹਾ ਸੀ ਜਿਸ ਨੇ ਮੈਨੂੰ ਹੋਰ ਬੇਚੈਨ ਕਰ ਦਿੱਤਾ।''
ਇਹ ਵੀ ਪੜ੍ਹੋ:
ਸੁਮਨ ਦੱਸਦੀ ਹੈ,''ਵਾਰਡ ਵਿੱਚ ਪੱਖੇ ਤਾਂ ਲੱਗੇ ਹੋਏ ਸਨ, ਪਰ ਚੱਲ ਨਹੀਂ ਰਹੇ ਸਨ। ਇਸ ਗਰਮੀ ਵਿੱਚ ਸਾਡੇ ਤਿੰਨ ਔਰਤਾਂ ਲਈ ਇੱਕ ਹੀ ਬਿਸਤਰਾ ਸੀ। ਅਸੀਂ ਤਿੰਨੇ ਹੀ ਜਣੇਪੇ ਦੇ ਦਰਦ ਨਾਲ ਜੂਝ ਰਹੀਆਂ ਸਨ ਅਤੇ ਲੰਮੇ ਪੈਣਾ ਚਾਹੁੰਦੀਆਂ ਸੀ ਪਰ ਉਹ ਸੰਭਵ ਨਹੀਂ ਸੀ। ਸਿਰਫ਼ ਉਦੋਂ ਹੀ ਆਰਾਮ ਮਿਲਦਾ ਸੀ ਜਦੋਂ ਸਾਡੇ ਵਿੱਚੋਂ ਇੱਕ ਬਾਥਰੂਮ ਜਾਂ ਚਲਣ-ਫਿਰਨ ਲਈ ਉੱਠਦੀ ਸੀ।''
''ਉੱਥੇ ਹੀ ਮੇਰੇ ਨਾਲ ਦੇ ਬਿਸਤਰੇ 'ਤੇ ਇੱਕ ਔਰਤ ਨੂੰ ਤੇਜ਼ ਦਰਦ ਉਠੀ, ਉਹ ਦਰਦ ਨਾਲ ਚੀਕ ਰਹੀ ਸੀ। ਪਸੀਨੇ ਨਾਲ ਭਰੀ ਉਸ ਮਹਿਲਾ ਦਾ ਮੂੰਹ ਸੁੱਕ ਰਿਹਾ ਸੀ, ਪਰ ਉਸਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਸੀ। ਪਰ ਜਦੋਂ ਉਹ ਜ਼ੋਰ ਨਾਲ ਚੀਕਣ ਲੱਗੀ, ਤਾਂ ਨਰਸ ਆਈ। ਨਰਸ ਨੇ ਜਾਂਚ ਕੀਤੀ ਤੇ ਕਿਹਾ ਕਿ ਅਜੇ ਬੱਚਾ ਬਾਹਰ ਨਹੀਂ ਆਇਆ ਹੈ। ਦਰਦ ਨਾਲ ਚੀਕ ਰਹੀ ਇਸ ਮਹਿਲਾ ਨੂੰ ਜਾਂਚ ਦੌਰਾਨ ਨਾ ਸਿਰਫ਼ ਨਰਸ ਨੇ ਝਿੜਕਿਆ ਸਗੋਂ ਉਸ ਨੂੰ ਕਈ ਵਾਰ ਮਾਰਿਆ ਵੀ।''
''ਨਰਸ ਦਾ ਜਿੱਥੇ ਹੱਥ ਪੈਂਦਾ, ਉਹ ਉਸ ਨੂੰ ਮਾਰ ਦਿੰਦੀ। ਉਹ ਵਾਲ ਤੱਕ ਖਿੱਚ ਦਿੰਦੀਆਂ ਹਨ। ਗੱਲਾਂ ਤਾਂ ਅਜਿਹੀਆਂ ਕਹਿੰਦੀਆਂ ਹਨ ਕਿ ਸੁਣ ਕੇ ਬੱਚਾ ਪੈਦਾ ਕਰਨ 'ਤੇ ਵੀ ਸ਼ਰਮ ਆ ਜਾਵੇ। ਪਹਿਲਾਂ ਤਾਂ ਮਜ਼ਾ ਲੈ ਲੈਂਦੀਆਂ ਹੋ ਫੇਰ ਚੀਕਾਂ ਮਾਰਦੀਆਂ ਹੋ।''
"ਬੱਚਾ ਪੈਦਾ ਕਰ ਰਹੀਆਂ ਹੋ, ਤਾਂ ਦਰਦ ਤਾਂ ਹੋਵੇਗਾ ਹੀ। ਪਹਿਲਾਂ ਨਹੀਂ ਪਤਾ ਸੀ। ਤੁਸੀਂ ਹੀ ਦੱਸੋ ਇਹ ਕੋਈ ਕਹਿਣ ਵਾਲੀ ਗੱਲ ਹੈ। ਅਸੀਂ ਕੋਈ ਜਾਨਵਰ ਹਾਂ ਜੋ ਅਜਿਹਾ ਕਰਦੇ ਹਾਂ ਪਰ ਉਸ ਵੇਲੇ ਦੇਖ ਕੇ ਤਾਂ ਅਸੀਂ ਸਾਰੇ ਦਹਿਸ਼ਤ ਵਿੱਚ ਆ ਗਏ ਅਤੇ ਮੇਰਾ ਦਰਦ ਤਾਂ ਜਿਵੇਂ ਗਾਇਬ ਹੀ ਹੋ ਗਿਆ।''

ਤਸਵੀਰ ਸਰੋਤ, AFP
ਸਰਕਾਰੀ ਹਸਪਤਾਲ ਵਿੱਚ ਡਿਲਿਵਰੀ ਦੌਰਾਨ ਔਰਤਾਂ ਨਾਲ ਅਜਿਹਾ ਅਸੰਵੇਦਨਸ਼ੀਲ ਵਿਹਾਰ ਹੋਣਾ ਆਮ ਗੱਲ ਹੈ। ਕਈ ਹੋਰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੀਆਂ ਔਰਤਾਂ ਵੀ ਇਸ ਤਰ੍ਹਾਂ ਦੇ ਤਜ਼ਰਬੇ ਦੱਸਦੀਆਂ ਹਨ।
ਇਸ ਗੱਲ ਨੂੰ ਕੇਂਦਰ ਸਰਕਾਰ ਨੇ ਵੀ ਮੰਨਿਆ ਹੈ ਕਿ ਹਸਪਤਾਲਾਂ ਵਿੱਚ ਹੋਣ ਵਾਲੇ ਮਾੜੇ ਵਤੀਰੇ 'ਤੇ ਸਰਕਾਰ ਨੇ ਸਾਲ 2017 ਵਿੱਚ 'ਟੀਚੇ ਦਿਸ਼ਾ ਨਿਰਦੇਸ਼' ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਸੂਬਾ ਸਰਕਾਰਾਂ ਜ਼ਰੀਏ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉੱਥੇ ਹੀ, ਚੰਡੀਗੜ੍ਹ ਦੇ 'ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ' ਜਾਂ ਪੀਜੀਆਈਐਮਈਆਰ ਨੇ 'ਰਿਸਪੈਕਟਫੁਲ' ਜਾਂ ਡਿਲਿਵਰੀ ਦੌਰਾਨ ਸਨਮਾਨਜਨਕ ਵਿਹਾਰ ਅਤੇ ਦੇਖਭਾਲ ਨੂੰ ਲੈ ਕੇ ਰਿਸਰਚ ਕੀਤੀ ਹੈ।
ਕੀ ਕਹਿੰਦੀ ਹੈ ਰਿਸਰਚ
ਇਸ ਰਿਸਰਚ ਵਿੱਚ ਵੀ ਦੇਖਿਆ ਗਿਆ ਕਿ ਹਸਪਤਾਲ ਦਾ ਸਟਾਫ਼ ਔਰਤਾਂ ਦੇ ਨਾਲ ਸਖ਼ਤੀ ਨਾਲ ਪੇਸ਼ ਆਉਂਦਾ ਹੈ, ਉਨ੍ਹਾਂ ਨੂੰ ਝਿੜਕਦਾ ਹੈ ਅਤੇ ਗੱਲ ਨਾ ਮੰਨਣ 'ਤੇ ਧਮਕਾਉਂਦਾ ਹੈ।
ਪੀਜੀਆਈਐਮਈਆਰ ਵਿੱਚ ਕਮਿਊਨਿਟੀ ਮੈਡੀਸਿਨ ਦੀ ਪ੍ਰੋਫ਼ੈਸਰ ਅਤੇ ਇਸ ਖੋਜ ਦੀ ਪ੍ਰਿੰਸੀਪਲ ਇਨਵੈਸਟੀਗੇਟਰ ਡਾਕਟਰ ਮਨਮੀਤ ਕੌਰ ਕਹਿੰਦੀ ਹੈ, ''ਦਰਅਸਲ ਇਹ ਧਾਰਨਾ ਬਣ ਗਈ ਹੈ ਕਿ ਡਿਲਵਰੀ ਦੌਰਾਨ ਝਿੜਕਨਾ ਜ਼ਰੂਰੀ ਹੈ। ਨਰਸਾਂ ਇਹ ਕਹਿੰਦੀਆਂ ਹਨ ਕਿ ਇਸ ਨਾਲ ਔਰਤਾਂ ਨੂੰ ਡਿਲਿਵਰੀ ਵਿੱਚ ਮਦਦ ਮਿਲਦੀ ਹੈ।''

ਇਸ ਖੋਜ ਦੀ ਰਿਸਰਚ ਕੋਰਡੀਨੇਟਰ ਇਨਾਇਤ ਸਿੰਘ ਕੱਕੜ ਕਹਿੰਦੀ ਹੈ, ''ਹਸਪਤਾਲਾਂ ਵਿੱਚ ਇੱਕ ਨਰਸ ਦੇ ਜ਼ਿੰਮੇ ਕਈ ਮਰੀਜ਼ ਹੁੰਦੇ ਹਨ। ਅਜਿਹੇ ਵਿੱਚ ਉਨ੍ਹਾਂ ਦਾ ਖਿਝਣਾ ਵੀ ਸੁਭਾਵਿਕ ਹੈ। ਉਹ ਸਾਰਿਆਂ 'ਤੇ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੀਆਂ। ਸਾਨੂੰ ਵੀ ਕਈ ਨਰਸਾਂ ਨੇ ਇਸ ਬਾਰੇ ਦੱਸਿਆ ਹੈ। ਫਿਰ ਵੀ ਪਿਆਰ ਅਤੇ ਸਨਮਾਨ ਨਾਲ ਗੱਲ ਕਰਨਾ ਨਾਮੁਮਕਿਨ ਨਹੀਂ ਹੈ ਅਤੇ ਕਈ ਨਰਸਾਂ ਚੰਗਾ ਵਿਹਾਰ ਕਰਦੀਆਂ ਵੀ ਹਨ।''
ਸਹੀ ਟ੍ਰੇਨਿੰਗ ਦੀ ਲੋੜ
ਉੱਥੇ ਹੀ, ਜਦੋਂ ਸੰਜੇ ਗਾਂਧੀ ਹਸਪਤਾਲ ਨਾਲ ਇਸ ਬਾਰੇ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਆਪਣੇ ਹਸਪਤਾਲ ਵਿੱਚ ਦੁਰਵਿਹਾਰ ਨਾਲ ਜੁੜੀਆਂ ਕਈ ਸ਼ਿਕਾਇਤਾਂ ਮਿਲਣ ਤੋਂ ਤਾਂ ਇਨਕਾਰ ਕੀਤਾ, ਪਰ ਇਸ ਨੂੰ ਮੰਨਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਅਜਿਹਾ ਹੁੰਦਾ ਹੈ।
ਸੰਜੇ ਗਾਂਧੀ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾਕਟਰ ਐਮਐਮ ਮਨਮੋਹਨ ਨੇ ਕਿਹਾ, ''ਗੱਲ ਝਿੜਕਣ ਦੀ ਹੈ ਤਾਂ ਅਸੀਂ ਨਰਸਿੰਗ ਸਟਾਫ਼ ਦੀ ਸਮੇਂ-ਸਮੇਂ 'ਤੇ ਕਾਊਂਸਲਿੰਗ ਕਰਦੇ ਰਹਿੰਦੇ ਹਾਂ ਤਾਂ ਜੋ ਮਰੀਜ਼ਾਂ ਨਾਲ ਪਿਆਰ ਨਾਲ ਗੱਲ ਕੀਤੀ ਜਾਵੇ। ਇਹ ਵਿਅਕਤੀਗਤ ਮਸਲਾ ਵੀ ਹੈ। ਸਾਡੇ ਇੱਥੇ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਕਿ ਕਿਸੇ ਨੇ ਮਰੀਜ਼ ਨੂੰ ਮਾਰਿਆ ਜਾਂ ਉਸ 'ਤੇ ਤਸ਼ਦੱਦ ਢਾਹਿਆ ਹੋਵੇ।''
ਇਹ ਵੀ ਪੜ੍ਹੋ:
ਪਰ, ਸਰਕਾਰੀ ਹਸਪਤਾਲਾਂ ਵਿੱਚ ਅਜਿਹੇ ਵਿਹਾਰ ਨੂੰ ਮੰਨਦੇ ਹੋਏ ਉਨ੍ਹਾਂ ਨੇ ਕਿਹਾ, ''ਇਸਦਾ ਇੱਕ ਕਾਰਨ ਇਹ ਹੈ ਕਿ ਕਈ ਨਰਸਾਂ ਨੂੰ ਸਾਫ਼ਟ ਸਕਿੱਲ ਦੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਉਹ ਮੈਡੀਕਲ ਦੀ ਪੜ੍ਹਾਈ ਵਿੱਚ ਟ੍ਰੇਨਿੰਗ ਦਾ ਹਿੱਸਾ ਹੋਣਾ ਚਾਹੀਦਾ ਹੈ। ਪਰ ਹਮੇਸ਼ਾ ਤੋਂ ਅਜਿਹੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਰਹੀ ਹੈ।''
ਇਸਦੇ ਨਾਲ ਹੀ ਡਾਕਟਰ ਮਨਮੋਹਨ ਸਟਾਫ਼ ਦੀ ਕਮੀ ਨੂੰ ਵੀ ਇਸਦਾ ਕਾਰਨ ਮੰਨਦੇ ਹਨ। ਉਨ੍ਹਾਂ ਨੇ ਦੱਸਿਆ ਕਿ ਹਰੇਕ ਹਸਪਤਾਲ ਵਿੱਚ ਘੱਟੋ-ਘੱਟ 15 ਤੋਂ 20 ਫ਼ੀਸਦ ਸੀਟਾਂ ਖਾਲੀ ਹੋਣਗੀਆਂ ਭਾਵੇਂ ਉਹ ਨਰਸ ਹੋਣ ਜਾਂ ਡਾਕਟਰ।

ਤਸਵੀਰ ਸਰੋਤ, Getty Images
ਅਜਿਹੇ ਵਿੱਚ ਹਸਪਤਾਲਾਂ ਵਿੱਚ ਮਰੀਜ਼ ਵੱਧ ਹਨ ਪਰ ਨਰਸ ਅਤੇ ਡਾਕਟਰ ਘੱਟ ਹਨ। ਇੱਥੋਂ ਤੱਕ ਕਿ ਮੁਹੱਲਿਆਂ ਵਿੱਚ ਖੁੱਲ੍ਹੇ ਪੌਲੀਕਲੀਨਿਕ ਵਿੱਚ ਵੀ ਹਸਪਤਾਲ ਦਾ ਹੀ ਸਟਾਫ਼ ਜਾਂਦਾ ਹੈ। ਉੱਥੇ ਵੱਖਰੀ ਨਿਯੁਕਤੀ ਨਹੀਂ ਕੀਤੀ ਗਈ। ਮਰੀਜ਼ ਅਤੇ ਨਰਸ/ਡਾਕਟਰ ਦੇ ਅਨੁਪਾਤ ਨੂੰ ਘਟਾਉਣ ਦੀ ਲੋੜ ਹੈ।
ਡਾਟਟਰ ਮਨਮੋਹਨ ਦੱਸਦੇ ਹਨ ਕਿ ਜਿਵੇਂ ਹਸਪਤਾਲ ਦੇ ਵਾਰਡ ਵਿੱਚ ਦੋ ਹੀ ਨਰਸਾਂ ਹੁੰਦੀਆਂ ਹਨ ਅਤੇ ਉਨ੍ਹਾਂ 'ਤੇ ਕਰੀਬ 50-60 ਮਰੀਜ਼ਾਂ ਦਾ ਭਾਰ ਹੁੰਦਾ ਹੈ। ਹੁਣ ਜੇਕਰ ਐਨੇ ਲੋਕ ਇੱਕ ਜਾਂ ਦੋ ਨਰਸਾਂ ਨੂੰ ਵਾਰ-ਵਾਰ ਬੁਲਾਉਣਗੇ ਤਾਂ ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਹੋਵੇਗੀ।
ਉਨ੍ਹਾਂ ਨੇ ਰਿਕਾਰਡ ਵੀ ਬਣਾਉਣਾ ਹੁੰਦਾ ਹੈ, ਦਵਾਈਆਂ ਦੇਣੀਆਂ ਹੁੰਦੀਆਂ ਹਨ, ਟੀਕਾ ਲਗਾਉਣਾ ਹੁੰਦਾ ਹੈ ਅਤੇ ਮਰੀਜ਼ ਬੁਲਾਏ ਤਾਂ ਉਸਦੇ ਕੋਲ ਵੀ ਜਾਣਾ ਹੁੰਦਾ ਹੈ। ਉਨ੍ਹਾਂ ਲਈ ਕਈ ਵਾਰ ਛੁੱਟੀ ਲੈਣਾ ਮੁਸ਼ਕਿਲ ਹੁੰਦਾ ਹੈ।
ਕਾਊਂਸਲਿੰਗ ਦੀ ਲੋੜ
ਦਿੱਲੀ ਦੇ ਬਾਬੂ ਜਗਜੀਵਨ ਰਾਮ ਹਸਪਤਾਲ ਦੀ ਮੈਡੀਕਲ ਸੁਪਰੀਟੈਂਡੇਂਟ ਡਾਕਟਰ ਪ੍ਰਤਿਭਾ ਵੀ ਹਸਪਤਾਲਾਂ ਵਿੱਚ ਨਰਸਾਂ ਅਤੇ ਡਾਕਟਰ ਦੀ ਕਮੀ ਦੀ ਗੱਲ ਸਵੀਕਾਰ ਕਰਦੀ ਹੈ।
ਡਾਕਟਰ ਪ੍ਰਤਿਭਾ ਕਹਿੰਦੀ ਹੈ, ''ਅੱਜ ਵੀ ਡਾਕਟਰ ਦੇ ਕਈ ਅਹੁਦੇ ਖਾਲੀ ਪਏ ਹਨ। ਸਰਕਾਰ ਦੇ ਕੋਲ ਡਾਕਟਰ ਨਹੀਂ ਹਨ। ਸਿਰਫ਼ ਦਿੱਲੀ ਹੀ ਨਹੀਂ ਦੂਜੇ ਸੂਬਿਆਂ ਵਿੱਚ ਵੀ ਹਸਪਤਾਲਾਂ 'ਚ ਸੁਧਾਰ ਦੀ ਲੋੜ ਹੈ ਤਾਂ ਜੋ ਦਿੱਲੀ 'ਤੇ ਦੂਜੇ ਸੂਬਿਆਂ ਦੇ ਮਰੀਜ਼ਾਂ ਦਾ ਬੋਝ ਕੁਝ ਘੱਟ ਸਕੇ।"

ਤਸਵੀਰ ਸਰੋਤ, Wales News Service
ਉਹ ਦੱਸਦੀ ਹੈ ਕਿ ਦੂਜੀ ਲੋੜ ਮਰੀਜ਼ਾਂ ਪ੍ਰਤੀ ਹਮਦਰਦੀ ਜਤਾਉਣ ਦੀ ਹੈ। ਨਰਸਾਂ ਗਰਭਵਤੀ ਔਰਤਾਂ ਦੇ ਸਭ ਤੋਂ ਵੱਧ ਸੰਪਰਕ ਵਿੱਚ ਰਹਿੰਦੀਆਂ ਹਨ। ਅਜਿਹੇ ਵਿੱਚ ਉਨ੍ਹਾਂ ਨਾਲ ਟ੍ਰੇਨਿੰਗ ਦੇਣੀ ਜ਼ਰੂਰੀ ਹੈ।
ਉੱਧਰ ਇਨਾਅਤ ਸਿੰਘ ਕਹਿੰਦੀ ਹੈ, ''ਮਰੀਜ਼ ਨਾਲ ਹਮਦਰਦੀ ਅਤੇ ਇੰਟਰ ਪਰਸਨਲ ਕਮਿਊਨੀਕੇਸ਼ਨ, ਮੈਡੀਕਲ ਐਜੁਕੇਸ਼ਨ ਦਾ ਹਿੱਸਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਕੋਰਸਜ਼ ਸਮੇਂ-ਸਮੇਂ 'ਤੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਇਹ ਉਨ੍ਹਾਂ ਦੀ ਆਦਤ ਬਣ ਜਾਵੇ।"
ਇਹ ਵੀ ਪੜ੍ਹੋ:
ਸਰਕਾਰ ਨੇ ਹਸਪਤਾਲਾਂ ਵਿੱਚ ਹੋਣ ਵਾਲੇ ਦੁਰਵਿਹਾਰ 'ਤੇ ਜਿਹੜੇ 'ਟੀਚਾ ਦਿਸ਼ਾ-ਨਿਰਦੇਸ਼' ਜਾਰੀ ਕੀਤੇ ਹਨ, ਉਸ ਵਿੱਚ ਮੰਨਿਆ ਗਿਆ ਹੈ ਕਿ ਡਿਲਿਵਰੀ ਸਮੇਂ ਦੇਖਭਾਲ ਸਨਮਾਨਜਨਕ ਤਰੀਕੇ ਹੋਣੀ ਚਾਹੀਦੀ ਹੈ ਜਿਸਦੀ ਅਜੇ ਘਾਟ ਹੈ।

ਤਸਵੀਰ ਸਰੋਤ, Kamlesh Matheni
ਇਸ ਵਿੱਚ ਦਿੱਤੇ ਗਏ ਕੁਝ ਦਿਸ਼ਾ-ਨਿਰਦੇਸ਼ ਕਹਿੰਦੇ ਹਨ:
- ਜਣੇਪਾ ਦਰਦ ਦੌਰਾਨ ਔਰਤਾਂ ਨੂੰ ਨਿੱਜਤਾ ਲਈ ਇੱਕ ਵੱਖਰਾ ਲੇਬਰ ਰੂਮ ਜਾਂ ਨਿੱਜੀ ਕਿਊਬ ਦਿੱਤਾ ਜਾਵੇ
- ਦਰਦ ਦੌਰਾਨ ਰਿਸ਼ਤੇਦਾਰ ਨਾਲ ਰਹਿਣ
- ਡਿਲਿਵਰੀ ਦੌਰਾਨ ਔਰਤ ਨੂੰ ਉਸਦੀ ਸਹੂਲਤ ਮੁਤਾਬਕ ਪੁਜ਼ੀਸ਼ਨ ਵਿੱਚ ਰਹਿਣ ਦਿਓ
- ਟੇਬਲ ਦੀ ਥਾਂ ਲੇਬਰ ਬੈੱਡ ਦੀ ਵਰਤੋਂ ਕਰੋ
- ਗਰਭਵਤੀ ਮਹਿਲਾ ਦੇ ਨਾਲ ਸਰੀਰਕ ਦੁਰਵਿਹਾਰ ਨਾ ਕਰੋ
- ਦਵਾਈਆਂ ਜਾਂਚ ਜਾਂ ਬੱਚਾ ਪੈਦਾ ਹੋਣ ਦੀ ਖੁਸ਼ੀ ਵਿੱਚ ਪੈਸੇ ਨਾ ਲਵੋ












