ਕੇਰਲ ਹੜ੍ਹ : ''ਮੈਂ ਆਪਣੇ ਮਾਪਿਆਂ ਦੀਆਂ ਅੰਤਿਮ ਰਸਮਾਂ ਵੀ ਨਾ ਕਰ ਸਕੀ''

ਕੇਰਲ
ਤਸਵੀਰ ਕੈਪਸ਼ਨ, 46 ਸ਼ਾਲੀ ਫਿਲਹਾਲ ਰਾਹਤ ਕੈਂਪ ਵਿੱਚ ਰਹਿ ਰਹੀ ਹੈ
    • ਲੇਖਕ, ਪ੍ਰਮਿਲਾ ਕ੍ਰਿਸ਼ਨਨ
    • ਰੋਲ, ਬੀਬੀਸੀ ਪੱਤਰਕਾਰ

"ਢਿੱਗਾਂ ਡਿੱਗਣ ਕਰਕੇ ਮੈਂ ਆਪਣੇ ਮਾਂ ਬਾਪ ਗੁਆ ਲਏ। ਮੈਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਵੀ ਨਾ ਕਰ ਸਕੀ।" ਇਹ ਸ਼ਬਦ 46 ਸਾਲਾ ਸ਼ਾਲੀ ਦੇ ਹਨ, ਜਿਸਨੇ ਆਪਣੇ ਮਾਪੇ ਕੇਰਲ ਦੇ ਹੜ੍ਹ ਵਿੱਚ ਗੁਆ ਦਿੱਤੇ।

ਅਸੀਂ ਸ਼ਾਲੀ ਨੂੰ ਇਡੁਕੀ ਹੜ੍ਹ ਰਾਹਤ ਕੈਂਪ ਵਿੱਚ ਮਿਲੇ ਸੀ, ਜਿੱਥੇ 500 ਤੋਂ ਵਧੇਰੇ ਲੋਕਾਂ ਨੇ ਸ਼ਰਨ ਲਈ ਹੋਈ ਹੈ।

ਸ਼ਾਲੀ ਦੇ ਮਾਂ ਬਾਪ ਇਲੀਕੁਟੀ (60) ਅਤੇ ਅਗਸਟੀ (65) ਦੀ ਗਿਆਰਾਂ ਹੋਰ ਲੋਕਾਂ ਨਾਲ ਕੁੰਜੁਕੁੜੀ ਇਲਾਕੇ ਵਿੱਚ ਢਿੱਗਾਂ ਡਿੱਗਣ ਵਿੱਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ:

ਕੇਰਲ ਦੇ ਮੁੱਖ ਮੰਤਰੀ ਪਿਨਾਰੀ ਵਿਜਿਅਨ ਨੇ ਇਸ ਨੂੰ ਸੂਬੇ ਵਿੱਚ 1924 ਤੋਂ ਬਆਦ ਵਾਪਰੀ ਸਭ ਤੋਂ ਮਾੜੀ ਕੁਦਰਤੀ ਤਬਾਹੀ ਕਿਹਾ ਹੈ।

ਸ਼ਾਲੀ ਨੇ ਦੱਸਿਆ, "ਹਰ ਸਾਲ ਮੀਂਹ ਪੈਂਦਾ ਹੈ ਅਤੇ ਢਿੱਗਾਂ ਡਿਗਦੀਆਂ ਹਨ ਪਰ ਇਸ ਵਾਰ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇਨ੍ਹਾਂ ਵਿੱਚ ਮੈਂ ਮੇਰੇ ਮਾਂ ਬਾਪ ਗੁਆ ਲਏ ਹਨ। ਉਹ ਉਸ ਸਮੇਂ ਸੌਂ ਰਹੇ ਸਨ।"

ਰਖਾ ਦੀ ਬੋਲੀ

ਕੇਰਲ ਦਾ ਇਡੁਕੀ ਜ਼ਿਲ੍ਹਾ ਚਾਰੇ ਪਾਸਿਆਂ ਤੋਂ ਖ਼ੂਬਸੂਰਤ ਪਹਾੜਾਂ ਨਾਲ਼ ਘਿਰਿਆ ਹੋਇਆ ਹੈ। ਸ਼ਾਲੀ ਇਸ ਜ਼ਿਲ੍ਹੇ ਦੀ ਵਸਨੀਕ ਹੈ।

ਹਰ ਸਾਲ ਮਾਨਸੂਨ ਵਿੱਚ ਪੈਣ ਵਾਲੇ ਭਾਰੀ ਮੀਂਹ ਕਰਕੇ ਸ਼ਾਲੀ ਮੀਂਹ ਨੂੰ ਬਚਪਨ ਤੋਂ ਹੀ ਜਾਣਦੀ ਸੀ। ਉਸਨੇ ਕਿਹਾ, ''ਮੀਂਹ ਦੌਰਾਨ ਪਿੰਡ ਵਿੱਚ ਹਨੇਰਾ ਛਾਅ ਜਾਂਦਾ ਹੈ ਅਤੇ ਮੀਂਹ ਦੀ ਝੜੀ ਲੱਗ ਜਾਂਦੀ ਹੈ। ਇਸ ਦੇ ਬਾਵਜੂਦ ਕਦੇ ਸਾਡੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਨਹੀਂ ਹੋਈ।''

''ਉਸ ਤੋਂ ਮਗਰੋਂ ਕੁਝ ਦਿਨ ਮਾਨਸੂਨ ਦਾ ਭਾਰੀ ਮੀਂਹ ਪੈਂਦਾ। ਅਸੀਂ ਘਰੇ ਰਹਿੰਦੇ ਸਾਂ। ਹੋਰ ਪਾਸੇ ਢਿੱਗਾਂ ਡਿਗਦੀਆਂ ਰਹਿੰਦੀਆ ਸਨ ਪਰ ਅਸੀਂ ਕਦੇ ਇਨ੍ਹਾਂ ਦੀ ਮਾਰ ਵਿੱਚ ਨਹੀਂ ਆਏ। ਮਾਨਸੂਨ ਦੇ ਅਖ਼ੀਰ ਉੱਤੇ ਵੀ ਝੜੀ ਲੱਗਦੀ। ਮੈਂ ਸਮਝਿਆ ਇਸ ਵਾਰ ਵੀ ਅਜਿਹਾ ਹੀ ਹੋਵੇਗਾ।"

ਮੀਂਹ
ਤਸਵੀਰ ਕੈਪਸ਼ਨ, ਕੇਰਲ ਵਿੱਚ ਭਾਰੀ ਮੀਂਹ ਕਾਰਨ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ

ਫਿਲਹਾਲ ਸ਼ਾਲੀ ਇਡੁਕੀ ਦੇ ਰਾਹਤ ਕੈਂਪ ਵਿੱਚ ਰਹਿ ਰਹੀ ਹੈ ਪਰ ਉਹ ਇੱਕ ਵਾਰ ਆਪਣੇ ਮਾਪਿਆਂ ਦੀ ਥਾਂ 'ਤੇ ਜਾਣਾ ਚਾਹੁੰਦੀ ਹੈ।

ਸ਼ਾਲੀ ਲਗਾਤਾਰ ਪੈ ਰਹੇ ਮੀਂਹ, ਢਿੱਗਾਂ ਅਤੇ ਰਾਹ ਦੇ ਖ਼ਤਰਿਆਂ ਕਰਕੇ ਮਜਬੂਰ ਹੈ। ਇਨ੍ਹਾਂ ਰੁਕਾਵਟਾਂ ਕਰਕੇ ਉਹ ਹੋਰ ਵੀ ਨਿਰਾਸ਼ ਹੈ।

ਮੀਂਹ ਜੋ ਆਪਣੇ ਨਾਲ ਅੱਥਰੂ ਵੀ ਲਿਆਈ

ਸ਼ਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਦਸੇ ਤੋਂ ਇੱਕ ਦਿਨ ਪਹਿਲਾਂ ਆਪਣੇ ਮਾਂ ਬਾਪ ਨਾਲ ਗੱਲ ਕੀਤੀ ਸੀ।

ਉਸਨੇ ਦੱਸਿਆ, "ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਫਿਕਰ ਨਾ ਕਰਾਂ ਪਰ ਹੁਣ ਉਨ੍ਹਾਂ ਦੇ ਘਰ ਦਾ ਕੋਈ ਨਿਸ਼ਾਨ ਵੀ ਨਹੀਂ ਹੈ। ਮੇਰੇ ਗੁਆਂਢੀਆਂ ਨੇ ਮੈਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਦਿੱਤੀ।''

''ਕੰਧ ਨੇ ਉਨ੍ਹਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਬਾਅਦ ਵਿੱਚ ਹੜ੍ਹ ਦਾ ਪਾਣੀ ਉਨ੍ਹਾਂ ਨੂੰ ਵਹਾ ਕੇ ਲੈ ਗਿਆ। ਇਹ ਸਾਡੇ ਪਰਿਵਾਰ ਲਈ ਵੱਡੀ ਦੁਰਘਟਨਾ ਸੀ।"

ਇਹ ਵੀ ਪੜ੍ਹੋ:

ਸ਼ਾਲੀ ਦੇ ਪਤੀ ਦਿਲ ਦੇ ਮਰੀਜ਼ ਹਨ। ਸ਼ਾਲੀ ਨੂੰ ਆਪਣੇ ਮਾਪਿਆਂ ਦਾ ਬਹੁਤ ਸਹਾਰਾ ਸੀ। ਸ਼ਾਲੀ ਦੇ ਬੇਟੇ ਬਿਬਨ ਅਤੇ ਧੀ ਸਨੇਹਾ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ।

"ਮੈਂ ਆਪਣੇ ਮਾਪਿਆਂ ਦੀ ਮਦਦ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਸਮਝਦੀ ਸੀ ਕਿ ਮੇਰੇ ਬੱਚੇ ਮੇਰਾ ਖਿਆਲ ਰੱਖ ਸਕਦੇ ਹਨ। ਮੈਨੂੰ ਮਲਾਲ ਹੈ ਕਿ ਮੈਂ ਕਦੇ ਆਪਣੇ ਮਾਪਿਆਂ ਦਾ ਸਹਾਰਾ ਨਹੀਂ ਬਣ ਸਕੀ।"

''ਅਸੀਂ ਸਾਰੀ ਉਮਰ ਮੀਂਹ ਦੇਖਿਆ ਹੈ ਪਰ ਹੁਣ ਇਸ ਨੇ ਸਾਨੂੰ ਦਾਗ ਦੇ ਦਿੱਤਾ ਹੈ।''

ਮੀਂਹ

ਇਡੁਕੀ ਦੇ ਇੱਕ ਕਿਸਾਨ, ਵਿਕਰਮਨ (65) ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹੀ ਕੁਦਰਤੀ ਤਬਾਹੀ ਪਹਿਲਾਂ ਕਦੇ ਨਹੀਂ ਦੇਖੀ। ਉਨ੍ਹਾਂ ਕਿਹਾ, "ਸਾਡੇ ਵਿੱਚੋਂ ਕਈਆਂ ਦੇ ਘਰ ਅਤੇ ਘਰ ਦਾ ਸਾਮਾਨ ਰੁੜ ਗਿਆ ਹੈ। ਸ਼ਾਲੀ ਦੀ ਹਾਲਤ ਸਭ ਤੋਂ ਵਧੇਰੇ ਤਰਸਯੋਗ ਹੈ।''

''ਅਸੀਂ ਉਸਨੂੰ ਹੌਂਸਲਾ ਦਿੰਦੇ ਹਾਂ। ਸਾਲ 1974 ਦੌਰਾਨ ਇਡੁਕੀ ਵਿੱਚ ਬਹੁਤ ਢਿੱਗਾਂ ਡਿੱਗੀਆਂ ਪਰ ਉਨ੍ਹਾਂ ਵਿੱਚ ਇਸ ਵਾਰ ਜਿੰਨੀਆਂ ਜਾਨਾਂ ਨਹੀਂ ਗਈਆਂ ਸਨ।"

ਇਹ ਵੀ ਪੜ੍ਹੋ:

ਰਾਹਤ ਕੈਂਪ ਵਿੱਚ ਠਹਿਰੇ ਹੋਏ ਲੋਕ ਇੱਕ-ਦੂਸਰੇ ਨੂੰ ਹੌਂਸਲਾ ਦੇਣ ਲਈ ਇੱਕਠੇ ਹੀ ਖਾਣਾ ਖਾਂਦੇ ਹਨ।

ਕਦੇ ਕਦੇ ਰੋਂਦੇ ਲੋਕਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ। ਕੁਝ ਲੋਕ ਚੁਪਚਾਪ ਸੌਂ ਜਾਂਦੇ ਹਨ। ਇਸ ਕੈਂਪ ਵਿੱਚ 70 ਬੱਚੇ ਵੀ ਹਨ ਜੋ ਕਦੇ ਕਦੇ ਪੈ ਰਹੇ ਮੀਂਹ ਵਿੱਚ ਖੇਡਣ ਲਗਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)