ਦੇਹ ਵਪਾਰ ਲਈ ਬੱਚੀਆਂ ਨੂੰ ਹਾਰਮੋਨ ਦੇ ਟੀਕੇ ਲਾ ਕੇ ਜਵਾਨ ਕਰਨ ਵਾਲੇ ਰੈਕੇਟ ਦਾ ਪਰਦਫਾਸ਼

ਦੇਹ ਵਪਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਤੀਕਾਤਮਕ ਤਸਵੀਰ

ਤੇਲੰਗਾਨਾ ਦੇ ਯਦਾਗਿਰੀ ਗੁੱਟਾ ਕਸਬੇ ਵਿੱਚ ਪੁਲਿਸ ਨੇ ਇੱਕ ਸੈਕਸ ਰੈਕੇਟ ਦਾ ਪਰਦਾਫ਼ਾਸ਼ ਕੀਤਾ ਅਤੇ 11 ਨਾਬਾਲਿਗ ਬੱਚਿਆਂ ਨੂੰ ਵੇਸਵਾ ਘਰ ਵਿੱਚੋਂ ਕੱਢਿਆ। ਅਜਿਹਾ ਕਿਹਾ ਜਾ ਰਿਹਾ ਹੈ ਕਿ ਛੋਟੀ ਬੱਚੀਆਂ ਨੂੰ ਹਾਰਮੋਨ ਇੰਜੈਕਸ਼ਨ ਦਿੱਤੇ ਜਾਂਦੇ ਸਨ ਤਾਂ ਕਿ ਉਹ ਜਲਦੀ ਵੱਡੀ ਹੋ ਜਾਣ ਅਤੇ ਫਿਰ ਉਨ੍ਹਾਂ ਦੀ ਦੇਹ ਵਪਾਰ ਲਈ ਵਰਤੋਂ ਕੀਤੀ ਜਾ ਸਕੇ।

ਬੀਬੀਸੀ ਪੱਤਰਕਾਰ ਬਾਲਾ ਸਤੀਸ਼ ਯਦਾਗਿਰੀ ਗੁੱਟਾ ਪਹੁੰਚੇ ਅਤੇ ਪੂਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕੀਤੀ। ਐਫਆਈਆਰ ਮੁਤਾਬਕ ਇੱਕ ਸਥਾਨਕ ਨਿਵਾਸੀ ਨੇ ਇੱਕ ਔਰਤ ਵੱਲੋਂ ਇੱਕ ਬੱਚੀ ਨੂੰ ਬੁਰੀ ਤਰ੍ਹਾਂ ਕੁੱਟਦੇ ਹੋਏ ਦੇਖਣ ਤੋਂ ਬਾਅਦ ਪੁਲਿਸ ਵਿੱਚ ਸ਼ਿਕਾਇਤ ਕੀਤੀ ਸੀ।

ਉਸ ਨੂੰ ਮਹਿਲਾ ਅਤੇ ਬੱਚੀ ਦੇ ਰਿਸ਼ਤੇ ਨੂੰ ਲੈ ਕੇ ਸ਼ੱਕ ਹੋਇਆ ਸੀ। ਜਦੋਂ ਪੁਲਿਸ ਨੇ ਮਹਿਲਾ ਨੂੰ ਹਿਰਾਸਤ ਵਿੱਚ ਲਿਆ ਤਾਂ ਮਹਿਲਾ ਨੇ ਦੱਸਿਆ ਕਿ ਹੋਰ ਵੀ ਬੱਚੇ ਦੂਜੇ ਲੋਕਾਂ ਦੇ ਚੂੰਗਲ ਵਿੱਚ ਫਸੇ ਹੋਏ ਹਨ।

ਇਹ ਵੀ ਪੜ੍ਹੋ:

ਮਹਿਲਾ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕੀਤੇ ਅਤੇ 11 ਕੁੜੀਆਂ ਨੂੰ ਵੇਸਵਾ ਘਰ ਵਿੱਚੋਂ ਕੱਢਿਆ। ਚਾਰ ਹੋਰ ਬੱਚੀਆਂ ਨੂੰ ਤੇਲੰਗਾਨਾ ਦੇ ਭੁਵਨਗਰੀ ਤੋਂ ਬਚਾਇਆ ਗਿਆ।

ਇਨ੍ਹਾਂ 15 ਕੁੜੀਆਂ ਵਿੱਚੋਂ ਸਿਰਫ਼ ਇੱਕ ਕੁੜੀ 14 ਸਾਲ ਦੀ ਹੈ ਅਤੇ ਬਾਕੀ ਸਾਰੀ ਕੁੜੀਆਂ ਦੀ ਉਮਰ 10 ਸਾਲ ਤੋਂ ਘੱਟ ਹੈ।

ਗਿਰਫ਼ਤਾਰ ਕੀਤੇ ਗਏ ਲੋਕ
ਤਸਵੀਰ ਕੈਪਸ਼ਨ, ਪੁਲਿਸ ਨੇ ਇਸ ਮਾਮਲੇ ਵਿੱਚ 15 ਲੋਕਾਂ ਨੂੰ ਗਿਰਫ਼ਤਾਰ ਕੀਤਾ ਜਿਨ੍ਹਾਂ ਵਿੱਚ 13 ਔਰਤਾਂ ਹਨ

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗਿਰਫ਼ਤਾਰ 15 ਲੋਕਾਂ ਵਿੱਚੋਂ 13 ਔਰਤਾਂ ਹਨ। ਦੋ ਔਰਤਾਂ ਅਤੇ ਇੱਕ ਆਦਮੀ ਅਜੇ ਫਰਾਰ ਹੈ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਬਚਾਏ ਗਏ ਬੱਚਿਆਂ ਨੂੰ ਹੈਦਰਾਬਾਦ ਦੇ ਇੱਕ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ 'ਤੇ 366 A, 371(1)(v), 376, 372, 373 ਅਤੇ 120(b) ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਟੀਕੇ ਲਗਾਉਣ ਵਾਲੇ ਡਾਕਟਰ ਨੂੰ ਵੀ ਲਿਆ ਹਿਰਾਸਤ'ਚ

ਐਫ਼ਆਈਆਰ ਮੁਤਾਬਕ ਮੁਲਜ਼ਮਾਂ ਨੇ ਇਹ ਮੰਨਿਆ ਹੈ ਕਿ ਕੁੜੀਆਂ ਨੂੰ ਹਾਰਮੋਨ ਦੇ ਇੰਜੈਕਸ਼ਨ ਦਿੱਤੇ ਜਾਂਦੇ ਸਨ।

ਤੇਲੰਗਾਨਾ ਪੁਲਿਸ
ਤਸਵੀਰ ਕੈਪਸ਼ਨ, ਪੁਲਿਸ ਨੇ ਦੱਸਿਆ ਹੈ ਕਿ ਕੁੜੀਆਂ ਨੂੰ ਲਗਾਏ ਜਾਂਦੇ ਟੀਕਿਆਂ ਦੀ ਕੀਮਤ 25 ਹਜ਼ਾਰ ਰੁਪਏ ਹੈ

ਪੁਲਿਸ ਨੇ ਨਰਸਿਮਹਨ ਨਾਮ ਦੇ ਡਾਕਟਰ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਕਿ ਜਿਹੜਾ ਇਨ੍ਹਾਂ ਕੁੜੀਆਂ ਨੂੰ ਟੀਕੇ ਲਾਉਂਦਾ ਸੀ। ਪੁਲਿਸ ਨੇ ਉਸਦੇ ਕਲੀਨਿਕ ਤੋਂ ਔਕਸੀਟੋਸੀਨ ਟੀਕੇ ਵੀ ਬਰਾਮਦ ਕੀਤੇ ਹਨ।

ਇਹ ਟੀਕੇ ਗਰਭਵਤੀ ਔਰਤਾਂ ਨੂੰ ਡਿਲੀਵਰੀ ਸਮੇਂ ਲਗਾਏ ਜਾਂਦੇ ਹਨ। ਪੁਲਿਸ ਨੇ ਦੱਸਿਆ ਹੈ ਕਿ ਇਨ੍ਹਾਂ ਟੀਕਿਆਂ ਦੀ ਕੀਮਤ 25 ਹਜ਼ਾਰ ਰੁਪਏ ਹੈ।

ਯਦਾਗਿਰੀ ਗੁੱਟਾ ਦੇ ਏਸੀਪੀ ਸ਼੍ਰੀਨਿਵਾਸਚਰਯੁਲੁ ਨੇ ਬੀਬੀਸੀ ਨੂੰ ਦੱਸਿਆ, "ਇਹ ਬੱਚੀਆਂ ਤੇਲਗੂ ਭਾਸ਼ਾ ਬੋਲ ਰਹੀਆਂ ਹਨ, ਅਸੀਂ ਅਜੇ ਇਹ ਪੁਸ਼ਟੀ ਨਹੀਂ ਕਰ ਸਕੇ ਕਿ ਇਨ੍ਹਾਂ ਕੁੜੀਆਂ ਨੂੰ ਅਗਵਾ ਕੀਤਾ ਗਿਆ ਸੀ ਜਾਂ ਇਨ੍ਹਾਂ ਨੂੰ ਖਰੀਦ ਕੇ ਲਿਆਂਦਾ ਗਿਆ ਸੀ।"

"ਜਿਸ ਸਮੇਂ ਇਨ੍ਹਾਂ ਬੱਚੀਆਂ ਨੂੰ ਲਿਆਂਦਾ ਗਿਆ ਉਹ 6-7 ਸਾਲ ਦੀਆਂ ਸਨ ਤੇ ਹੁਣ ਇਨ੍ਹਾਂ ਦੇ ਰਿਸ਼ਤੇਦਾਰਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਨ੍ਹਾਂ ਬੱਚੀਆਂ ਨੂੰ ਗ਼ਰੀਬ ਪਰਿਵਾਰਾਂ ਤੋਂ 1-2 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੋ ਸਕਦਾ ਹੈ। ਇੱਥੇ ਕੁਝ ਯਤੀਮ ਬੱਚੀਆਂ ਨੂੰ ਵੀ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਬਾਅਦ ਵਿੱਚ ਵੇਸਵਾ ਘਰ ਭੇਜਿਆ ਜਾਣਾ ਸੀ।"

ਪੁਲਿਸ ਮੁਤਾਬਕ ਇਸ ਖੇਤਰ ਵਿੱਚ ਪਹਿਲਾਂ ਵੀ ਕਈ ਛਾਪੇ ਮਾਰੇ ਜਾ ਚੁੱਕੇ ਹਨ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ।

ਏਸੀਪੀ ਨੇ ਕਿਹਾ, "ਅਸੀਂ ਇਸ ਪੇਸ਼ੇ ਵਿੱਚ ਸ਼ਾਮਲ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਦੇਣਾ ਚਾਹੁੰਦੇ ਹਾਂ ਪਰ ਇਹ ਲੋਕ ਧੰਦਾ ਛੱਡ ਕੇ ਕੰਮ ਨਹੀਂ ਕਰਨਾ ਚਾਹੁੰਦੇ। ਅਸੀਂ ਇਨ੍ਹਾਂ ਦੇ ਘਰ ਤੱਕ ਜ਼ਬਤ ਕੀਤੇ ਹਨ।"

ਕਿਵੇਂ ਰੋਕਿਆ ਜਾ ਸਕਦਾ ਹੈ ਦੇਹ ਵਪਾਰ?

ਪੁਲਿਸ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਇਸ ਵਪਾਰ 'ਤੇ ਨਜ਼ਰ ਰੱਖੀ ਜਾ ਸਕਦਾ ਹੈ ਅਤੇ ਇਸ ਨੂੰ ਰੋਕਿਆ ਜਾ ਸਕਦਾ ਹੈ।

ਟੀਕੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਰਮੋਨ ਦੇ ਟੀਕਿਆਂ ਨਾਲ ਜਵਾਨ ਕੀਤੀਆਂ ਜਾ ਰਹੀਆਂ ਸੀ ਬੱਚੀਆਂ

ਰਾਚਾਕੋਂਡਾ ਦੇ ਪੁਲਿਸ ਕਮਿਸ਼ਨਰ ਮਹੇਸ਼ ਭਾਗਵਤ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਸ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਐਸ਼ ਦੀ ਜ਼ਿੰਦਗੀ ਜਿਉਣ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਇਸ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ।

ਮਹੇਸ਼ ਭਾਗਵਤ ਮੁਤਾਬਕ ਸਰਕਾਰ ਦੇ ਕਈ ਵਿਭਾਗਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਵਿਚਾਲੇ ਇਕਜੁੱਟਤਾ ਨਾਲ ਪੀੜਤਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ।

ਸੂਬਾ ਸਰਕਾਰਾਂ ਸੈਕਸ ਵਪਾਰ ਦੀਆਂ ਪੀੜਤ ਬੱਚੀਆਂ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਵੀ ਚਲਾਉਂਦੀਆਂ ਹਨ।

ਮਹੇਸ਼ ਭਾਗਵਤ ਕਹਿੰਦੇ ਹਨ ਕਿ ਕਈ ਪੀੜਤਾਂ ਨੂੰ ਨੌਕਰੀ ਦਿੱਤੀ ਗਈ ਹੈ। ਕੰਮ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਕਰਜ਼ਾ ਦਿਵਾਇਆ ਗਿਆ।

ਇਹ ਵੀ ਪੜ੍ਹੋ:

ਉਹ ਦਾਅਵਾ ਕਰਦੇ ਹਨ ਕਿ ਪੁਲਿਸ ਨੇ ਦੋ ਸਾਲ ਤੱਕ ਇਸ ਧੰਦੇ ਨੂੰ ਬਹੁਤ ਹੱਦ ਤੱਕ ਰੋਕ ਦਿੱਤਾ ਸੀ ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਿਆ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਵੇਸਵਾ ਘਰ ਵਿੱਚੋਂ ਬੱਚੀਆਂ ਨੂੰ ਇਸ ਤਰ੍ਹਾਂ ਛੁਡਾਇਆ ਗਿਆ ਹੈ।

ਉਹ ਕਹਿੰਦੇ ਹਨ, "ਅਜਿਹੇ ਕਈ ਭਾਈਚਾਰੇ ਹਨ ਜਿਹੜੇ ਇਸ ਧੰਦੇ ਵਿੱਚ ਲੰਬੇ ਸਮੇਂ ਤੋਂ ਜੁੜੇ ਰਹੇ ਹਨ। ਪੁਲਿਸ ਉਨ੍ਹਾਂ ਨੂੰ ਗਿਰਫ਼ਤਾਰ ਕਰਕੇ ਜੇਲ੍ਹ ਭੇਜਦੀ ਹੈ ਅਤੇ ਉਹ ਜ਼ਮਾਨਤ 'ਤੇ ਰਿਹਾ ਹੋ ਕੇ ਇਹੀ ਕੰਮ ਮੁੜ ਕਰਨਾ ਸ਼ੁਰੂ ਕਰ ਦਿੰਦੇ ਹਨ।"

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਦਾਗਿਰੀ ਗੁੱਟਾ ਤੋਂ ਬਚਾਈਆਂ ਗਈਆਂ ਕੁੜੀਆਂ ਦੀ ਪਛਾਣ ਲਈ ਪੁਲਿਸ ਹੁਣ ਅਗਵਾ ਕੀਤੇ ਗਏ ਬੱਚਿਆਂ ਦੇ ਡਾਟਾਬੇਸ ਦੀ ਮਦਦ ਲੈ ਰਹੀ ਹੈ

ਉਹ ਕਹਿੰਦੇ ਹਨ ਕਿ ਇੰਟਰਨੈੱਟ ਅਤੇ ਤਕਨੀਕ ਦਾ ਅਸਰ ਇਸ ਧੰਦੇ 'ਤੇ ਵੀ ਹੋਇਆ ਹੈ ਅਤੇ ਹੁਣ ਰਵਾਇਤੀ ਵੇਸਵਾ ਘਰ ਘੱਟ ਰਹੇ ਹਨ ਅਤੇ ਮੰਗ 'ਤੇ ਕੁੜੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿੰਨੀਆਂ ਕੁੜੀਆਂ ਨੂੰ ਅਗਵਾ ਕਰਕੇ ਇਸ ਧੰਦੇ ਵਿੱਚ ਧਕੇਲਿਆ ਗਿਆ ਇਸਦਾ ਸਹੀ ਡਾਟਾ ਨਹੀਂ ਹੈ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਮੁਤਾਬਕ ਭਾਰਤ ਵਿੱਚ ਸਾਲ 2016 'ਚ ਮਨੁੱਖੀ ਤਸਕਰੀ ਦੇ ਕੁੱਲ 8132 ਮਾਮਲੇ ਦਰਜ ਕੀਤੇ ਗਏ ਸੀ। ਮਨੁੱਖੀ ਤਸਕਰੀ ਦੀ 23000 ਪੀੜਤਾਂ ਵਿੱਚੋਂ ਅੱਧੀਆਂ ਦੀ ਉਮਰ 18 ਸਾਲ ਤੋਂ ਘੱਟ ਹੈ।

ਇਹ ਵੀ ਪੜ੍ਹੋ:

ਐਨਸੀਆਰਬੀ ਦੇ ਡਾਟਾ ਮੁਤਾਬਕ 2014 ਤੋਂ 2018 ਵਿਚਾਲੇ ਤੇਲੰਗਾਨਾ ਵਿੱਚ ਮਨੁੱਖੀ ਤਸਕਰੀ ਦੇ ਕੁੱਲ 1397 ਮਾਮਲੇ ਦਰਜ ਕੀਤੇ ਗਏ ਸਨ।

ਇਨ੍ਹਾਂ ਵਿੱਚ ਕੁੱਲ 1413 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ 2184 ਪੀੜਤਾਂ ਨੂੰ ਰਿਹਾ ਕਰਵਾਇਆ ਗਿਆ।

ਇਨ੍ਹਾਂ ਵਿੱਚੋਂ 231 ਨਾਬਾਲਿਗ ਹੈ ਜਿਨ੍ਹਾਂ ਵਿੱਚ 10 ਮੁੰਡੇ ਅਤੇ ਬਾਕੀ ਕੁੜੀਆਂ ਹਨ।

ਯਦਾਗਿਰੀ ਗੁੱਟਾ ਤੋਂ ਬਚਾਈਆਂ ਗਈਆਂ ਕੁੜੀਆਂ ਦੀ ਪਛਾਣ ਲਈ ਪੁਲਿਸ ਹੁਣ ਅਗਵਾ ਕੀਤੇ ਗਏ ਬੱਚਿਆਂ ਦੇ ਡਾਟਾਬੇਸ ਦੀ ਮਦਦ ਲੈ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)