ਸਾਧੂਆਂ ਨੂੰ 'ਨਪੁੰਸਕ' ਬਣਾਉਣ ਦੇ ਮਾਮਲੇ 'ਚ ਰਾਮ ਰਹੀਮ ਨੂੰ ਝਟਕਾ : ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਡੇਰਾ ਸੱਚਾ ਸੌਦਾ ਵਿੱਚ 400 ਸਾਧੂਆਂ ਨੂੰ 'ਨਪੁੰਸਕ' ਬਣਾਉਣ ਦੇ ਮਾਮਲੇ ਵਿੱਚ ਪੰਚਕੂਲਾ ਦੀ ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ 'ਤੇ ਇਲਜ਼ਾਮ ਤੈਅ ਕਰ ਦਿੱਤੇ ਹਨ।
ਇਸ ਤੋਂ ਇਲਾਵਾ ਮਹਿੰਦਰ ਇੰਸਾ ਅਤੇ ਡਾਕਟਰ ਪੀਆਰ ਨੈਨ ਖ਼ਿਲਾਫ਼ ਵੀ ਇਲਜ਼ਾਮ ਤੈਅ ਕੀਤੇ ਗਏ ਹਨ। ਇਨ੍ਹਾਂ 'ਤੇ ਧਾਰਾ 326, 417, 506 ਅਤੇ 120ਬੀ ਤਹਿਤ ਇਲਜ਼ਾਮ ਤੈਅ ਕੀਤੇ ਗਏ ਹਨ।
ਪੇਸ਼ੀ ਦੌਰਾਨ ਮੌਜੂਦ ਇੱਕ ਸਾਧੂ ਕੋਰਟ ਵਿੱਚ ਉੱਚੀ-ਉੱਚੀ ਰੋਣ ਲੱਗਾ। ਸ਼ੁੱਕਰਵਾਰ ਨੂੰ ਹੋਈ ਇਸ ਸੁਣਵਾਈ ਵਿੱਚ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ ਸਨ। ਜਦਕਿ ਮਹਿੰਦਰ ਇੰਸਾ ਅਤੇ ਡਾਕਟਰ ਪੀਆਰ ਨੈਨ ਵਿਅਕਤੀਗਤ ਤੌਰ 'ਤੇ ਪੇਸ਼ ਹੋਏ ਸਨ। ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ।
ਇਹ ਵੀ ਪੜ੍ਹੋ:
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਾਂਗਰਸ ਨੇ ਇਹ ਸਾਫ਼ ਕੀਤਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ 'ਤੇ ਫ਼ੈਸਲਾ ਲਿਆ ਜਾਵੇਗਾ।

ਤਸਵੀਰ ਸਰੋਤ, Getty Images
ਨਰਿੰਦਰ ਮੋਦੀ ਖ਼ਿਲਾਫ਼ ਵਿਰੋਧੀ ਧਿਰ ਦਾ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ, ਇਸ ਨੂੰ ਲੈ ਕੇ ਲਗਾਤਾਰ ਬੈਠਕਾਂ ਜਾਰੀ ਹਨ।
ਇਸ ਤੋਂ ਪਹਿਲਾਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਅਜੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਦਾ ਨਾਮ ਤੈਅ ਕੀਤੇ ਜਾਣ 'ਤੇ ਖੇਤਰੀ ਪਾਰਟੀਆਂ ਦੀ ਏਕਤਾ ਪ੍ਰਭਾਵਿਤ ਹੋਵੇਗੀ।
ਸੂਤਰਾਂ ਮੁਤਾਬਕ ਲੋਕਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਕੂਟਨੀਤਕ ਗਠਜੋੜ ਬਣਾਉਣ 'ਤੇ ਵਿਚਾਰ ਕਰ ਰਹੀ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਰਗਾੜੀ ਕਾਂਡ ਦੀ 'ਗੁਪਤ ਰਿਪੋਰਟ' ਵਿੱਚ ਕਈ ਭੇਤ ਬੰਦ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ 'ਗੁਪਤ ਰਿਪੋਰਟ' ਡੀਜੀਪੀ ਨੂੰ ਸੌਂਪ ਦਿੱਤੀ ਸੀ।

ਤਸਵੀਰ ਸਰੋਤ, Getty Images
ਬਰਗਾੜੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਰਿਪੋਰਟ ਜਨਤਕ ਕੀਤੀ ਜਾਵੇ। ਜਦੋਂ ਹੁਣ ਸਰਕਾਰ 'ਬਰਗਾੜੀ ਰਿਪੋਰਟ' ਨੂੰ ਜਨਤਕ ਕਰਨ ਤੋਂ ਪਿੱਛੇ ਹਟ ਰਹੀ ਹੈ, ਤਾਂ ਪੰਥਕ ਧਿਰਾਂ ਦੇ ਸ਼ੱਕ ਹੋਰ ਵੱਧ ਗਏ ਹਨ।
ਪੰਜਾਬੀ ਟ੍ਰਿਬਿਊਨ ਨੂੰ ਜੋ ਇਸ 'ਗੁਪਤ ਰਿਪੋਰਟ' ਦੇ ਤੱਥ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ ਹੈ। ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਨੇ ਬਰਗਾੜੀ ਕਾਂਡ ਵਿੱਚ ਮੁੱਖ ਭੂਮਿਕਾ ਨਿਭਾਈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪਾਕਿਸਤਾਨ ਵਿੱਚ ਸਿੱਖ ਟਰੈਫ਼ਿਕ ਪੁਲਿਸ ਵਾਰਡਨ ਨੂੰ ਬਰਖ਼ਾਸਤ ਕੀਤਾ ਗਿਆ ਹੈ।
ਪਾਕਿਸਤਾਨ ਮੀਡੀਆ ਰਿਪੋਰਟਾਂ ਮੁਤਾਬਕ ਗੁਲਾਬ ਸਿੰਘ ਨੂੰ 116 ਦਿਨ ਲਗਾਤਾਰ ਡਿਊਟੀ ਤੋਂ ਗਾਇਬ ਰਹਿਣ ਕਾਰਨ ਬਰਖ਼ਾਸਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ 'ਤੇ ਆਪਣੇ ਸੀਨੀਅਰਜ਼ ਨਾਲ ਇਤਰਾਜ਼ਯੋਗ ਰਵੱਈਏ ਦੇ ਵੀ ਇਲਜ਼ਾਮ ਸਨ।
ਗੁਲਾਬ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਮੇਰੇ ਕੋਲ ਨਿਰਦੋਸ਼ ਹੋਣ ਦੇ ਸਾਰੇ ਸਬੂਤ ਹਨ।
ਇਹ ਵੀ ਪੜ੍ਹੋ:












