'29 ਸਾਲ ਤੱਕ ਮੈਂ ਕੁੜੀ ਸੀ, ਫਿਰ ਕਿਹਾ ਮੁੰਡਾ ਬਣ ਜਾ'

ਤਸਵੀਰ ਸਰੋਤ, Lalit Salve
- ਲੇਖਕ, ਜਾਹਨਵੀ ਮੂਲੇ
- ਰੋਲ, ਬੀਬੀਸੀ ਪੱਤਰਕਾਰ
''ਮੈਂ ਤੈਅ ਨਹੀਂ ਕਰ ਪਾ ਰਿਹਾ ਸੀ ਕਿ ਜਿਉਣਾ ਹੈ ਜਾਂ ਮਰਨਾ। ਬਹੁਤ ਮਾੜਾ ਸਮਾਂ ਸੀ, ਮੇਰਾ ਦਮ ਘੁੱਟਦਾ ਸੀ। ਕੜੇ ਸੰਘਰਸ਼ ਤੋਂ ਬਾਅਦ ਮੈਂ ਇਸ 'ਚੋਂ ਨਿਕਲਿਆ ਅਤੇ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਜਿੱਤ ਗਿਆ ਹਾਂ।''
ਸੈਕਸ ਚੇਂਜ ਕਰਾਉਣ ਦੇ ਫੈਸਲੇ ਨੂੰ ਲੈ ਕੇ ਲਲਿਤ ਸਾਲਵੇ ਨੂੰ ਬਹੁਤ ਕੁਝ ਸਹਿਣਾ ਪਿਆ ਅਤੇ ਉਹ ਇੱਥੇ ਉਸੇ ਸੰਘਰਸ਼ ਦੀ ਕਹਾਣੀ ਦੱਸ ਰਹੇ ਹਨ।
ਮਹਾਰਾਸ਼ਟਰ ਪੁਲਿਸ ਦੇ 29 ਸਾਲਾ ਹੌਲਦਾਰ 25 ਮਈ ਨੂੰ ਲਲਿਤਾ ਤੋਂ ਲਲਿਤ ਬਣ ਗਏ।
''ਮੈਂ ਬੇਹੱਦ ਤਣਾਅ 'ਚੋਂ ਗੁਜ਼ਰਿਆ ਹਾਂ ਪਰ ਆਪਰੇਸ਼ਨ ਤੋਂ ਬਾਅਦ ਕਈ ਸਾਲਾਂ ਬਾਅਦ ਮੈਨੂੰ ਖੁੱਲ੍ਹ ਕੇ ਸਾਹ ਆਇਆ।''
ਆਪਰੇਸ਼ਨ ਤੋਂ ਬਾਅਦ ਵੀ ਲਲਿਤ ਦੀ ਮਹਾਰਾਸ਼ਟਰ ਪੁਲਿਸ ਨਾਲ ਨੌਕਰੀ ਜਾਰੀ ਹੈ। ਲਲਿਤ ਦੇ ਪਿੰਡ ਰਾਜੇਗਾਓਂ ਵਿੱਚ ਹਰ ਕੋਈ ਉਸਦਾ ਸੁਆਗਤ ਕਰ ਰਿਹਾ ਹੈ।

ਤਸਵੀਰ ਸਰੋਤ, Lalit Salve
ਉਸਨੇ ਕਿਹਾ, ''ਮੈਂ ਇਹ ਸਭ ਵੇਖ ਕੇ ਬਹੁਤ ਖੁਸ਼ ਹਾਂ। ਇਨ੍ਹਾਂ ਦਾ ਪਿਆਰ ਵੇਖ ਕੇ ਮੇਰੇ ਹੰਝੂ ਨਹੀਂ ਰੁਕ ਰਹੇ।''
ਲਲਿਤ ਦੇ ਪਿੰਡ ਵਾਸੀਆਂ ਦੀ ਇਹ ਖੁੱਲ੍ਹੀ ਸੋਚ ਆਮ ਨਹੀਂ ਹੈ, ਲਲਿਤ ਨੂੰ ਇੱਥੇ ਤੱਕ ਪਹੁੰਚਣ ਲਈ ਕਾਫੀ ਮਿਹਨਤ ਕਰਨੀ ਪਈ ਹੈ।
ਲਲਿਤਾ ਤੋਂ ਲਲਿਤ ਬਣਨ ਦਾ ਸਫ਼ਰ
ਲਲਿਤ ਨੂੰ ਬਚਪਨ ਤੋਂ ਹੀ ਲੱਗਦਾ ਸੀ ਕਿ ਉਸਦੇ ਸਰੀਰ ਨਾਲ ਕੁਝ ਗੜਬੜ ਹੈ।
ਉਸਦੇ ਮਾਪੇ ਖੇਤਾਂ ਵਿੱਚ ਮਜ਼ਦੂਰੀ ਕਰਦੇ ਸਨ ਅਤੇ ਬੇਹੱਦ ਗਰੀਬ ਸਨ। ਲਲਿਤ ਨੂੰ ਆਪਣੇ ਰਿਸ਼ਤੇਦਾਰ ਕੋਲ ਪੜ੍ਹਾਈ ਪੂਰੀ ਕਰਨ ਲਈ ਭੇਜ ਦਿੱਤਾ ਗਿਆ ਸੀ।
20 ਸਾਲ ਦੀ ਉਮਰ ਵਿੱਚ ਲਲਿਤਾ ਨੇ ਮਹਾਰਾਸ਼ਟਰ ਪੁਲਿਸ ਵਿਭਾਗ ਵਿੱਚ ਹੌਲਦਾਰ ਦੀ ਨੌਕਰੀ ਕਰਨੀ ਸ਼ੁਰੂ ਕੀਤੀ ਪਰ ਤਿੰਨ ਚਾਰ ਸਾਲਾਂ ਵਿੱਚ ਚੀਜ਼ਾਂ ਬਦਲ ਗਈਆਂ।

ਤਸਵੀਰ ਸਰੋਤ, Lalit Salve
ਲਲਿਤ ਨੂੰ ਆਪਣੇ ਨਿੱਜੀ ਅੰਗਾਂ 'ਤੇ ਕੁਝ ਟਿਊਮਰ ਵਰਗਾ ਮਹਿਸੂਸ ਹੋਇਆ ਅਤੇ ਉਹ ਡਾਕਟਰ ਕੋਲ ਗਈ ਜਿੱਥੇ ਉਸਨੂੰ ਦੱਸਿਆ ਗਿਆ ਕਿ ਉਹ ਮਰਦ ਹੈ ਨਾ ਕਿ ਔਰਤ। ਹੌਰਮੋਨ ਟੈਸਟ ਵੀ ਇਹੀ ਦੱਸਦੇ ਸਨ।
ਬੀਬੀਸੀ ਨੂੰ ਪਹਿਲਾਂ ਦਿੱਤੇ ਇੱਕ ਇੰਟਰਵਿਊ ਵਿੱਚ ਲਲਿਤ ਨੇ ਦੱਸਿਆ ਸੀ ਕਿ ਉਸਨੂੰ ਕਿੰਨਾ ਦਰਦ ਸਹਿਣਾ ਪੈਂਦਾ ਹੈ।
ਉਸਨੇ ਕਿਹਾ ਸੀ, ''ਮੈਂ ਆਪਣੀ ਸਾਰੀ ਉਮਰ ਕੁੜੀ ਦੀ ਤਰ੍ਹਾ ਜਿਊਂਦੀ ਆਈ ਹਾਂ। ਸਾਰੇ ਮੈਨੂੰ ਔਰਤ ਦੇ ਤੌਰ 'ਤੇ ਜਾਣਦੇ ਹਨ ਅਤੇ ਹੁਣ ਇੱਕ ਦਮ ਮੈਨੂੰ ਆਦਮੀ ਬਣਨਾ ਹੈ।''
ਉਸਨੂੰ ਸੈਕਸ ਚੇਂਜ ਆਪਰੇਸ਼ਨ ਦੀ ਸੁਲਾਹ ਦਿੱਤੀ ਗਈ ਸੀ। ਲਲਿਤ ਨੂੰ ਆਪਰੇਸ਼ਨ 'ਤੇ ਹੋਣ ਵਾਲੇ ਖਰਚੇ ਦਾ ਡਰ ਸੀ ਪਰ ਉਸਦੇ ਪਰਿਵਾਰ ਨੇ ਉਸਦਾ ਸਾਥ ਦਿੱਤਾ।
ਮੁਸ਼ਕਲਾਂ ਨੂੰ ਪਾਰ ਕਰਨਾ
2016 ਵਿੱਚ ਲਲਿਤ ਦੇ ਮੁੰਬਈ ਦੇ ਜੇ ਜੇ ਹਸਪਤਾਲ ਵਿੱਚ ਕੁਝ ਟੈਸਟ ਹੋਏ ਸਨ। ਉਸਨੇ ਦੱਸਿਆ ਕਿ ਉਸਨੂੰ ਇੱਕ ਮਹੀਨੇ ਦੀ ਛੁੱਟੀ ਨਹੀਂ ਮਿਲ ਰਹੀ ਸੀ। ਉਦੋਂ ਸਿਸਟਮ ਨਾਲ ਉਸਦੀ ਜੰਗ ਦੀ ਸ਼ੁਰੂਆਤ ਹੋਈ।
ਦਰਅਸਲ ਪੁਲਿਸ ਵਿਭਾਗ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਕਿਉਂਕਿ ਪਹਿਲੀ ਵਾਰ ਉਨ੍ਹਾਂ ਅੱਗੇ ਅਜਿਹੇ ਹਾਲਾਤ ਆਏ ਸਨ।

ਤਸਵੀਰ ਸਰੋਤ, Lalita Salve
ਉਹ ਨਹੀਂ ਜਾਣਦੇ ਸੀ ਕਿ ਜੇ ਆਪਰੇਸ਼ਨ ਹੋ ਜਾਂਦਾ ਹੈ ਤਾਂ ਉਹ ਕੀ ਕਰਨਗੇ।
ਉਸਨੂੰ ਮਹਿਲਾ ਹੌਲਦਾਰ ਦੀ ਨੌਕਰੀ 'ਤੇ ਰੱਖਿਆ ਸੀ ਅਤੇ ਇਸ ਤੋਂ ਬਾਅਦ ਉਸਨੂੰ ਕਿਹੜੀ ਨੌਕਰੀ ਦੇਣਗੇ, ਇਹ ਸਾਫ ਨਹੀਂ ਸੀ।
ਲਲਿਤ ਨੌਕਰੀ ਨਹੀਂ ਛੱਡਣਾ ਚਾਹੁੰਦਾ ਸੀ ਪਰ ਉਸਨੂੰ ਛੁੱਟੀ ਦੀ ਲੋੜ ਸੀ ਇਸ ਲਈ ਉਸਨੇ ਕੋਰਟ ਜਾਣ ਦਾ ਫੈਸਲਾ ਕੀਤਾ।
ਬੰਬੇ ਹਾਈ ਕੋਰਟ ਨੇ ਮਾਮਲਾ ਮਹਾਰਾਸ਼ਟਰ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨੂੰ ਦਿੱਤਾ ਕਿਉਂਕਿ ਲਲਿਤ ਸੂਬਾ ਸਰਕਾਰ ਦੇ ਵਿਭਾਗ ਵਿੱਚ ਕੰਮ ਕਰ ਰਹੀ ਸੀ।
ਮੀਡੀਆ ਨੇ ਵੀ ਉਸਦੀ ਕਹਾਣੀ ਚੁੱਕੀ ਜਿਸ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵਿਸ ਨੇ ਉਸ ਦੀ ਮਦਦ ਕੀਤੀ। ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਪੁਲਿਸ ਨੂੰ ਕਿਹਾ ਕਿ ਉਸਨੂੰ ਮਰਦ ਹੌਲਦਾਰ ਦੀ ਨੌਕਰੀ ਦਿੱਤੀ ਜਾਵੇ।
ਲਲਿਤ ਨੂੰ ਡਿਪਾਰਟਮੈਂਟ ਤੋਂ ਇਜਾਜ਼ਤ ਮਿਲ ਗਈ ਅਤੇ ਛੁੱਟੀ ਵੀ। 25 ਮਈ ਨੂੰ ਉਨ੍ਹਾਂ ਨੇ ਆਪਰੇਸ਼ਨ ਕਰਵਾਇਆ ਅਤੇ ਉਹ ਮਰਦ ਲਲਿਤ ਵਿੱਚ ਤਬਦੀਲ ਹੋ ਗਈ।
ਰਾਹ ਅਜੇ ਵੀ ਲੰਮਾ ਹੈ
ਲਲਿਤ ਦਾ ਆਪਰੇਸ਼ਨ ਕਰਨ ਵਾਲੀ ਟੀਮ ਦੇ ਮੁਖੀ ਡਾਕਟਰ ਰਜਤ ਕਪੂਰ ਨੇ ਇਲਾਜ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਜੈਂਡਰ ਨੂੰ ਮੁੜ ਤੋਂ ਜਾਂਚਣਾ ਨਹੀਂ ਬਲਕਿ ਸੈਕਸ ਅੰਗਾਂ ਦੀ ਰਿਕੰਸਟ੍ਰਕਸ਼ਨ ਸਰਜਰੀ ਹੈ। ਉਨ੍ਹਾਂ ਕਿਹਾ ਕਿ ਲਲਿਤਾ ਨੂੰ ਲਿੰਗ ਨਾਲ ਪ੍ਰੇਸ਼ਾਨੀ ਯਾਨੀ ਕਿ ਜੈਨਡਰ ਡਾਇਸਫੋਰੀਆ ਨਹੀਂ ਸੀ।
ਜੈਨਡਰ ਡਾਇਸਫੋਰੀਆ ਦੇ ਮਾਮਲੇ ਵਿੱਚ ਮਰਦ ਔਰਤ ਵਿੱਚ ਤਬਦੀਲ ਹੋਣਾ ਚਾਹੁੰਦਾ ਹੈ ਜਾਂ ਔਰਤ ਮਰਦ ਵਿੱਚ ਪਰ ਲਲਿਤ ਦਾ ਕੇਸ ਵੱਖਰਾ ਸੀ।

ਤਸਵੀਰ ਸਰੋਤ, Lalit Salve
ਉਸਦੇ ਕੇਸ ਵਿੱਚ ਬਾਹਰਲੇ ਅੰਗਾਂ ਦਾ ਪੂਰੇ ਤਰੀਕੇ ਨਾਲ ਵਿਕਸਤ ਨਹੀਂ ਸਨ। ਉਹ ਔਰਤ ਦੇ ਅੰਗਾਂ ਵਾਂਗ ਲੱਗਦੇ ਸਨ ਇਸ ਲਈ ਉਸਨੂੰ ਕੁੜੀਆਂ ਵਾਂਗ ਪਾਲਿਆ ਗਿਆ।
ਡਾਕਟਰ ਕਪੂਰ ਨੇ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਲਲਿਤ ਦੇ ਹੋਰ ਵੀ ਆਪਰੇਸ਼ਨ ਹੋਣਗੇ।
ਦੂਜੇ ਆਪਰੇਸ਼ਨ ਵਿੱਚ ਬਾਹਰਲੇ ਅੰਗਾਂ ਦਾ ਰਿਕੰਨਸਟ੍ਰਕਸ਼ਨ ਪੂਰਾ ਹੋ ਜਾਵੇਗਾ। ਉਸ ਤੋਂ ਬਾਅਦ ਇੱਕ ਹੋਰ ਸਰਜਰੀ ਹੋਵੇਗੀ ਜਿਸ ਨਾਲ ਉਹ ਮਰਦ ਵਾਂਗ ਦਾੜੀ ਅਤੇ ਮੁੱਛ ਉਗਾ ਸਕੇਗਾ।
ਡਾਕਟਰ ਕਪੂਰ ਲਲਿਤ ਦੀ ਹਿੰਮਤ ਦੀ ਦਾਤ ਦਿੰਦੇ ਹਨ। ਉਨ੍ਹਾਂ ਕਿਹਾ, ''ਉਹ ਬਹੁਤ ਹਿੰਮਤੀ ਅਤੇ ਦਿਮਾਗੀ ਤੌਰ 'ਤੇ ਬਹੁਤ ਮਜਬੂਤ ਹੈ।''
ਇੱਕ ਨਵੀਂ ਸ਼ੁਰੂਆਤ
ਸਰਜਰੀ ਤੋਂ ਬਾਅਦ ਲਲਿਤ ਨਵੇਂ ਕਾਨਫੀਡੈਂਸ ਅਤੇ ਜੋਸ਼ ਨਾਲ ਮੁੜ ਤੋਂ ਪੁਲਿਸ ਵਿੱਚ ਭਰਤੀ ਹੋਣ ਲਈ ਤਿਆਰ ਹੈ। ਉਸਨੇ ਸਭ ਦਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।
ਲਲਿਤ ਨੇ ਕਿਹਾ, ''ਕਈ ਲੋਕਾਂ ਨੇ ਮੈਨੂੰ ਮਿਹਣੇ ਮਾਰੇ ਪਰ ਮੇਰਾ ਸਾਥ ਦੇਣ ਵਾਲੇ ਲੋਕ ਵੱਧ ਸਨ। ਉਨ੍ਹਾਂ ਮੇਰੀਆਂ ਭਾਵਨਾਵਾਂ ਅਤੇ ਦਰਦ ਸਮਝਿਆ ਅਤੇ ਮੇਰੇ ਨਾਲ ਖੜੇ ਹੋਏ। ਮੈਂ ਸਭ ਦਾ ਧੰਨਵਾਦੀ ਹਾਂ- ਮੀਡੀਆ, ਸੀਐਮ, ਪੁਲਿਸ ਵਿਭਾਗ, ਪਰਿਵਾਰ, ਸਾਰਿਆਂ ਦਾ।''
ਲਲਿਤ ਨਹੀਂ ਚਾਹੁੰਦਾ ਕਿ ਕਿਸੇ ਹੋਰ ਨੂੰ ਵੀ ਇਸ ਦਰਦ 'ਚੋਂ ਗੁਜ਼ਰਨਾ ਪਵੇ। ''ਜੇ ਹੋਰ ਵੀ ਕੋਈ ਲਲਿਤਾ ਹਨ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕਰੋ, ਉਨ੍ਹਾਂ ਨੂੰ ਸਮਝੋ ਅਤੇ ਉਨ੍ਹਾਂ ਦੀ ਮਦਦ ਕਰੋ।''












