19 ਸਾਲ ਤੋਂ ਵ੍ਹੀਲ ਚੇਅਰ 'ਤੇ ਬੈਠੀ ਦੀਪਾ ਮਲਿਕ ਕਿਵੇਂ ਬਣੀ ਵਿਸ਼ਵ ਚੈਂਪੀਅਨ? #DifferentlyAbled ਪਰਾਂ ਬਿਨ ਪਰਵਾਜ਼ (5)

ਤਸਵੀਰ ਸਰੋਤ, deepa malik/fb/bbc
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
'ਮਨ ਕੇ ਹਾਰੇ ਹਾਰ, ਮਨ ਕੇ ਜੀਤੇ ਜੀਤ' ਇਹ ਬੋਲ ਹਨ ਉਸ ਹਿਮੰਤੀ ਔਰਤ ਦੇ, ਜਿਸ ਨੇ ਆਪਣੀ ਬਿਮਾਰੀ ਨੂੰ ਕਦੇ ਆਪਣੀ ਕਾਮਯਾਬੀ ਦੀ ਰਾਹ ਵਿੱਚ ਰੋੜਾ ਨਹੀਂ ਬਣਨ ਦਿੱਤਾ।
19 ਸਾਲ ਵ੍ਹੀਲ ਚੇਅਰ 'ਤੇ ਬੈਠਣ ਦੇ ਬਾਵਜੂਦ ਵੀ ਦੀਪਾ ਮਲਿਕ ਨੇ ਜ਼ਿੰਦਗੀ ਜਿਉਣ ਦਾ ਜਜ਼ਬਾ ਤੇ ਹੌਸਲਾ ਕਾਇਮ ਰੱਖਿਆ।
ਪੈਰਾ-ਉਲਪਿੰਕ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਭਾਰਤ ਦੀ ਪਹਿਲੀ ਮਹਿਲਾ ਹੈ।
ਦੀਪਾ ਮਲਿਕ ਸਪਾਈਨਲ ਕੋਰਡ ਵਿੱਚ ਟਿਊਮਰ ਨਾਲ ਪੀੜਤ ਹੈ ਜਿਸ ਕਾਰਨ ਉਨ੍ਹਾਂ ਦਾ ਛਾਤੀ ਤੋਂ ਹੇਠਲਾ ਹਿੱਸਾ ਲਕਵਾਗ੍ਰਸਤ ਹੈ।
ਦੀਪਾ ਦੱਸਦੇ ਹਨ, ''ਵਿਆਹ ਤੋਂ 10 ਸਾਲ ਬਾਅਦ 1999 ਵਿੱਚ ਮੈਨੂੰ ਰੀੜ ਦੀ ਹੱਡੀ ਦਾ ਟਿਊਮਰ ਹੋ ਗਿਆ ,ਜਿਸ ਕਾਰਨ ਮੇਰੀਆਂ ਤਿੰਨ ਸਰਜਰੀਆਂ ਹੋਈਆਂ ਅਤੇ ਮੋਢਿਆਂ 'ਤੇ 183 ਟਾਂਕੇ ਲੱਗੇ। ਮੇਰੇ ਸਰੀਰ ਦਾ ਤਾਪਮਾਨ ਮੇਰੇ ਕੰਟਰੋਲ ਵਿੱਚ ਨਹੀਂ। ਮੇਰਾ ਛਾਤੀ ਤੋਂ ਹੇਠਲਾ ਹਿੱਸਾ ਕੰਮ ਨਹੀਂ ਕਰਦਾ।''

ਤਸਵੀਰ ਸਰੋਤ, deepa malik/fb/bbc
ਐਨੇ ਵੱਡੇ ਹਾਦਸੇ 'ਚੋਂ ਲੰਘਣ ਦੇ ਬਾਵਜੂਦ ਉਨ੍ਹਾਂ ਨੇ ਅਜਿਹੀ ਉਪਲਬਧੀ ਹਾਸਲ ਕੀਤੀ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਦੇਸ ਨੂੰ ਮਾਣ ਮਹਿਸੂਸ ਹੋਇਆ।
'ਲੋਕਾਂ ਦੇ ਮੇਹਣਿਆਂ ਨੇ ਹਿੰਮਤੀ ਬਣਾਇਆ'
ਦੀਪਾ ਦੱਸਦੇ ਹਨ, ''ਹਾਦਸੇ ਤੋਂ ਬਾਅਦ ਪੂਰਾ ਇੱਕ ਸਾਲ ਮੈਂ ਬਿਸਤਰੇ 'ਤੇ ਰਹੀ। ਉਸ ਇੱਕ ਸਾਲ ਨੇ ਮੈਨੂੰ ਤੋੜ ਕੇ ਰੱਖ ਦਿੱਤਾ। ਮੈਂ ਪਰਿਵਾਰ 'ਤੇ ਨਿਰਭਰ ਹੋ ਗਈ ਸੀ। ਲੋਕ ਮੇਹਣੇ ਮਾਰਦੇ ਸੀ ਕਿ ਇਹ ਸਿਰਫ਼ ਪਰਿਵਾਰ ਤੇ ਪਤੀ ਦੇ ਸਹਾਰੇ ਹੈ। ਇਸ ਨੇ ਜ਼ਿੰਦਗੀ 'ਚ ਕੁਝ ਨਹੀਂ ਕਰਨਾ।''
''ਲੋਕਾਂ ਦੀਆਂ ਇਨ੍ਹਾਂ ਗੱਲਾਂ ਨੇ ਮੈਨੂੰ ਹੋਰ ਵੀ ਹਿੰਮਤੀ ਬਣਾਇਆ ਅਤੇ ਮੈਂ ਉਸ ਬਿਸਤਰੇ ਤੋਂ ਉੱਠ ਕੇ ਬਾਹਰ ਜਾ ਕੇ ਕੁਝ ਕਰਨ ਦਾ ਟੀਚਾ ਰੱਖਿਆ।''

ਤਸਵੀਰ ਸਰੋਤ, deepa malik/fb/bbc
''ਹਾਦਸੇ ਤੋਂ ਬਾਅਦ ਜਦੋਂ ਇੱਕ ਸਾਲ ਤੱਕ ਮੈਂ ਬਿਸਤਰੇ 'ਤੇ ਸੀ ਤਾਂ ਦੁਨੀਆਂ ਦੀਆਂ ਨਜ਼ਰਾਂ 'ਚ ਸਾਰਾ ਪਰਿਵਾਰ ਹੀਰੋ ਬਣ ਗਿਆ। ਲੋਕ ਪਰਿਵਾਰ ਦੀ ਮਿਸਾਲ ਦਿੰਦੇ ਸੀ ਕਿ ਇਹ ਇੱਕ ਅਪਾਹਿਜ ਨੂੰ ਸੰਭਾਲ ਰਹੇ ਹਨ ਪਰ ਮੈਂ ਕਿਤੇ ਗੁਆਚ ਗਈ ਸੀ। ਮੇਰਾ ਵਜੂਦ ਖ਼ਤਮ ਹੋਣ ਲੱਗ ਗਿਆ ਸੀ। ਉਦੋਂ ਮੈਂ ਸੋਚਿਆ ਕਿ ਜੇਕਰ ਮੈਂ ਅੱਜ ਨਾ ਉੱਠੀ ਤਾਂ ਸ਼ਾਇਦ ਕਦੇ ਨਹੀਂ ਉੱਠ ਸਕਾਂਗੀ।''

ਤਸਵੀਰ ਸਰੋਤ, deepa malik/fb/bbc
''ਮੈਂ ਜਦੋਂ ਵੀ ਆਪਣੀਆਂ ਕੁੜੀਆਂ ਨੂੰ ਦੇਖਦੀ ਸੀ ਤਾਂ ਮੈਨੂੰ ਕੁਝ ਕਰਨ ਦੀ ਪ੍ਰੇਰਨਾ ਮਿਲਦੀ ਸੀ। ਮੈਂ ਸੋਚਿਆ ਜੇਕਰ ਮੈਂ ਸਾਰੀ ਉਮਰ ਦੂਜਿਆਂ 'ਤੇ ਹੀ ਨਿਰਭਰ ਰਹੀ ਤਾਂ ਮੈਂ ਆਪਣੀਆਂ ਕੁੜੀਆਂ ਅੱਗੇ ਕੀ ਉਦਹਾਰਣ ਰੱਖਾਂਗੀ।''
ਜਦੋਂ ਦੀਪਾ ਮਲਿਕ ਇਸ ਹਾਦਸੇ ਦਾ ਸ਼ਿਕਾਰ ਹੋਈ ਤਾਂ ਉਨ੍ਹਾਂ ਦੀ ਵੱਡੀ ਕੁੜੀ 7 ਸਾਲ ਤੇ ਛੋਟੀ ਕੁੜੀ ਤਿੰਨ ਸਾਲ ਦੀ ਸੀ।
ਬਾਈਕਿੰਗ ਤੇ ਸਵੀਮਿੰਗ ਵਿੱਚ ਕਈ ਰਿਕਾਰਡ
ਹਾਦਸੇ ਤੋਂ ਪਹਿਲਾਂ ਦੀਪਾ ਮਲਿਕ ਖਿਡਾਰਨ ਤਾਂ ਨਹੀਂ ਪਰ ਉਹ ਬਾਈਕਰ ਤੇ ਸਵਿਮਰ ਸੀ।

ਤਸਵੀਰ ਸਰੋਤ, deepa malik/fb/bbc
13 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਬਾਈਕ ਚਲਾਉਣੀ ਸ਼ੁਰੂ ਕਰ ਦਿੱਤੀ ਸੀ। ਬਾਈਕਿੰਗ ਦੇ ਵਿੱਚ ਉਨ੍ਹਾਂ ਨੇ ਕਈ ਰਿਕਾਰਡ ਬਣਾਏ ਅਤੇ ਕਈ ਇਨਾਮ ਜਿੱਤੇ।
ਬਾਈਕਿੰਗ ਲਈ ਉਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਵੀ ਦਰਜ ਹੈ।
ਦੀਪਾ ਦੱਸਦੇ ਹਨ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਆਪਣੇ ਪਤੀ ਅੱਗੇ ਸ਼ਰਤ ਰੱਖੀ ਸੀ ਕਿ ਉਹ ਕਦੇ ਵੀ ਬਾਈਕ ਚਲਾਉਣਾ ਨਹੀਂ ਛੱਡਣਗੇ।

ਤਸਵੀਰ ਸਰੋਤ, deepa malik/fb/bbc
ਸਵੀਮਿੰਗ ਵਿੱਚ ਵੀ ਉਨ੍ਹਾਂ ਨੇ ਕਈ ਰਿਕਾਰਡ ਬਣਾਏ ਹਨ। 2008 ਵਿੱਚ ਦੀਪਾ ਨੇ ਯਮੁਨਾ ਨਦੀ ਪਾਰ ਕਰਕੇ ਸਵੀਮਿੰਗ ਵਿੱਚ ਵਰਲਡ ਰਿਕਾਰਡ ਬਣਾਇਆ ਸੀ।
ਬਾਈਕਿੰਗ ਅਤੇ ਸਵੀਮਿੰਗ ਤੋਂ ਇਲਾਵਾ ਉਨ੍ਹਾਂ ਨੇ ਕਾਰ ਰੈਲੀਆਂ ਵੀ ਕੀਤੀਆਂ ਹਨ। 2009 ਵਿੱਚ ਉਨ੍ਹਾਂ ਨੇ 'ਰੇਡ ਦਿ ਹਿਮਾਲਿਆ' ਵਿੱਚ ਹਿੱਸਾ ਲਿਆ ਅਤੇ ਰਿਕਾਰਡ ਵੀ ਬਣਾਇਆ।

ਆਪਣੀ ਡਿਸਏਬਿਲਟੀ ਤੋਂ ਉਭਰਣ ਲਈ ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਇੱਕ ਰੈਸਟੋਂਰੈਂਟ ਸ਼ੁਰੂ ਕੀਤਾ। ਇਸਦੇ ਲਈ ਉਨ੍ਹਾਂ ਨੂੰ 'ਦੀਸ ਪਲੇਸ' ਅਵਾਰਡ ਵੀ ਮਿਲਿਆ। ਮਹਾਰਾਸ਼ਟਰ ਵਿੱਚ ਉਹ ਆਪਣੇ ਸਹੁਰੇ ਪਰਿਵਾਰ ਨਾਲ ਰਹਿੰਦੇ ਸੀ।
'ਆਪਣਾ ਰਸਤਾ ਖ਼ੁਦ ਚੁਣਿਆ'
ਹਾਲਾਂਕਿ ਉਨ੍ਹਾਂ ਦਾ ਵਿਆਹ ਹਰਿਆਣਾ ਦੇ ਸੋਨੀਪਤ ਵਿੱਚ ਹੋਇਆ ਸੀ। ਪਰ ਉਨ੍ਹਾਂ ਦੇ ਪਤੀ ਆਰਮੀ ਵਿੱਚ ਸੀ ਤੇ ਡਿਊਟੀ ਕਰਕੇ ਉਹ ਮਹਾਰਾਸ਼ਟਰ ਰਹਿੰਦੇ ਸੀ।
ਕੁਝ ਸਾਲ ਬਾਅਦ ਦੀਪਾ ਮਲਿਕ ਆਪਣੀ ਕੁੜੀਆਂ ਨੂੰ ਨਾਲ ਲੈ ਕੇ ਦਿੱਲੀ ਆ ਗਈ। ਜਿੱਥੇ ਉਨ੍ਹਾਂ ਦਾ ਅਸਲ ਸੰਘਰਸ਼ ਸ਼ੁਰੂ ਹੋਇਆ।

ਤਸਵੀਰ ਸਰੋਤ, deepa malik/fb/bbc
ਨਾ ਉਨ੍ਹਾਂ ਕੋਲ ਰਹਿਣ ਲਈ ਮਕਾਨ ਸੀ ਤੇ ਨਾ ਹੀ ਅੱਗੇ ਵਧਣ ਦਾ ਕੋਈ ਰਾਹ।
ਦੀਪਾ ਕਹਿੰਦੇ ਹਨ,''ਮੈਂ ਆਪਣਾ ਰਸਤਾ ਖ਼ੁਦ ਬਣਾਇਆ। ਚੰਗੀ ਖਿਡਾਰਨ ਬਣਨ ਲਈ ਬਹੁਤ ਮਿਹਨਤ ਕੀਤੀ, ਕੋਚ ਲੱਭੇ ਅਤੇ ਕਈ ਘੰਟੇ ਟਰੇਨਿੰਗ ਕੀਤੀ। ਖੇਡ ਪਾਲਿਸੀ , ਆਰਥਿਕ ਸਥਿਤੀ, ਸਮਾਜ ਦੀ ਸੋਚ ਅਤੇ ਖ਼ੁਦ ਦੀ ਡਿਸਏਬਲਿਟੀ ਨਾਲ ਵੀ ਲੜਾਈ ਲੜੀ।''
ਦੀਪਾ ਮਲਿਕ ਨੇ ਜੈਵਲਿਨ ਵਿੱਚ ਏਸ਼ੀਅਨ ਰਿਕਾਰਡ ਬਣਾਉਣ ਤੋਂ ਬਾਅਦ ਸ਼ਾਟ-ਪੁਟ ਵਿੱਚ ਰਿਓ ਦੀ ਲੜਾਈ ਲੜੀ।
ਦੀਪਾ ਮੁਤਾਬਕ ਉਨ੍ਹਾਂ ਨੇ 2011 ਤੋਂ 2014 ਤੱਕ ਜੈਵਲਿਨ ਖੇਡਿਆ। 2014 ਵਿੱਚ ਉਨ੍ਹਾਂ ਨੇ ਜੈਵਲਿਨ ਵਿੱਚ ਪਹਿਲਾਂ ਏਸ਼ੀਅਨ ਰੈਂਕ ਬਣਾ ਕੇ ਸਿਲਵਰ ਮੈਡਲ ਜਿੱਤਿਆ।

ਉਹ ਦੱਸਦੇ ਹਨ,''2015 ਵਿੱਚ ਮੈਂ ਸ਼ਾਟ-ਪੁਟ ਖੇਡਣਾ ਸ਼ੁਰੂ ਕੀਤਾ ਜੋ ਮੈਨੂੰ ਕਾਫ਼ੀ ਅੱਗੇ ਤੱਕ ਲੈ ਕੇ ਗਿਆ। ਰਿਓ ਵਿੱਚ ਖੇਡਣ ਲਈ ਮੇਰਾ ਨਾਮ ਵੀ ਸ਼ਾਟ-ਪੁਟ ਵਿੱਚ ਹੀ ਆਇਆ।''
''ਰਿਓ ਵਿੱਚ ਖੇਡਣਾ ਮੇਰੀ ਇੱਕ ਵੱਡੀ ਲੜਾਈ ਸੀ। ਇੱਕ ਡਿਸਏਬਲ ਤੇ ਦੂਜਾ ਮਹਿਲਾ ਹੋਣ ਕਰਕੇ ਮੈਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੈਂ ਰਿਓ ਵਿੱਚ ਨਾ ਖੇਡ ਸਕਾਂ ਇਸ ਲਈ ਦੂਜੇ ਖਿਡਾਰੀ ਵੱਲੋਂ ਮੇਰੇ 'ਤੇ ਕੇਸ ਵੀ ਕੀਤਾ ਗਿਆ ਕਿ ਮੈਂ ਝੂਠ ਦੇ ਬਲਬੂਤੇ 'ਤੇ ਰਿਓ ਤੱਕ ਪਹੁੰਚ ਕੀਤੀ ਹੈ। ਖੇਡ ਤੋਂ ਕਰੀਬ 25 ਦਿਨ ਪਹਿਲਾਂ ਤੱਕ ਮੈਂ ਕੇਸ ਲੜਿਆ ਅਤੇ ਰਿਓ ਦੇ ਮੈਦਾਨ ਤੱਕ ਪਹੁੰਚਣ ਦਾ ਆਪਣਾ ਸੁਫ਼ਨਾ ਪੂਰਾ ਕੀਤਾ।''

ਤਸਵੀਰ ਸਰੋਤ, deepa malik/fb/bbc
''ਮੈਂ ਰਿਓ ਦੀ ਲੜਾਈ ਲੜੀ ਅਤੇ ਭਾਰਤ ਲਈ ਪਹਿਲਾ ਸਿਲਵਰ ਮੈਡਲ ਜਿੱਤਿਆ। ਜਿਸ ਨੇ ਮੇਰੀ ਜ਼ਿੰਦਗੀ 'ਚ ਸਕਾਰਾਤਮ ਬਦਲਾਅ ਲਿਆਂਦਾ।''
ਪਦਮ ਸ਼੍ਰੀ ਤੇ ਅਰਜੁਨ ਐਵਾਰਡੀ
ਦੀਪਾ ਮਲਿਕ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ 5 ਪਰੈਜ਼ੀਡੈਂਟਲ ਐਵਾਰਡ ਮਿਲੇ ਹਨ।
ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਅਰਜੁਨ ਅਵਾਰਡ ਅਤੇ ਪਦਮ ਸ਼੍ਰੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਤਸਵੀਰ ਸਰੋਤ, deepa malik/fb/bbc
ਦੀਪਾ ਕਹਿੰਦੇ ਹਨ,''ਮੇਰੇ ਲਈ ਇਹ ਬਹੁਤ ਵੱਡਾ ਮਾਣ ਹੈ ਕਿ ਮੈਂ ਆਪਣੀ ਬਿਮਾਰੀ ਵਿੱਚੋਂ ਲੰਘ ਕੇ ਇਹ ਮੁਕਾਮ ਹਾਸਲ ਕੀਤਾ ਹੈ। ਮੈਂ ਆਪਣੀ ਡਿਸਏਬਿਲਟੀ ਨੂੰ ਨਿਰਾਸ਼ਾ ਨਹੀਂ ਬਲਕਿ ਆਪਣੀ ਹਿੰਮਤ ਬਣਾਇਆ। ਜੇਕਰ ਮੈਂ ਟੁੱਟ ਜਾਂਦੀ ਤਾਂ ਸ਼ਾਇਦ ਕਦੇ ਖੜੀ ਨਹੀਂ ਹੁੰਦੀ।''
ਦੀਪਾ ਕਹਿੰਦੇ ਹਨ ਕਿ ਮੈਨੂੰ ਜਦੋਂ ਵੀ ਕੋਈ ਪੁੱਛਦਾ ਹੈ ਕਿ ਤੁਹਾਨੂੰ ਕੀ ਬਿਮਾਰੀ ਹੈ ਤਾਂ ਮੈਂ ਕਹਿੰਦੀ ਹਾਂ ਮੈਨੂੰ ਸਿਰਫ਼ ਖੁਸ਼ ਰਹਿਣ ਦੀ ਬਿਮਾਰੀ ਹੈ।

ਅਰਜੁਨ ਅਵਾਰਡੀ ਦੀਪਾ ਮਲਿਕ ਦੇ ਘਰ ਜੇਕਰ ਅੱਜ ਕੋਈ ਨਜ਼ਰ ਮਾਰੇ ਤਾਂ ਉਸ ਨੂੰ ਹਰ ਕੋਨੇ ਵਿੱਚ ਮੈਡਲ ਤੇ ਅਵਾਰਡ ਹੀ ਦਿਖਾਈ ਦੇਣਗੇ। ਉਨ੍ਹਾਂ ਦੇ ਘਰ ਵਿੱਚ ਕੋਈ ਅਜਿਹੀ ਕੰਧ ਨਹੀਂ ਜਿੱਥੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਦੀਆਂ ਤਸਵੀਰਾਂ ਨਾ ਲੱਗੀਆਂ ਹੋਣ।
ਨੌਜਵਾਨ ਅਤੇ ਕਿਸੇ ਹਾਦਸੇ ਕਾਰਨ ਨਿਰਾਸ਼ ਹੋਏ ਖਿਡਾਰੀਆਂ ਨੂੰ ਉਹ ਮੁੜ ਖੜੇ ਹੋਣ ਅਤੇ ਜ਼ਿੰਦਗੀ 'ਚ ਕੁਝ ਕਰ ਦਿਖਾਉਣ ਦੀ ਪ੍ਰੇਰਨਾ ਦਿੰਦੇ ਹਨ।













