ਉਹ ਸ਼ਹਿਰ, ਜਿੱਥੇ ਹਰ ਤੀਜਾ ਸ਼ਖ਼ਸ ਹੈ ਬਲਾਤਕਾਰੀ

ਡੀਪਸਲੂਟ ਦੱਖਣੀ ਅਫਰੀਕਾ ਵਿੱਚ ਜੋਹਾਨਸਬਰਗ ਦੇ ਸਭ ਤੋਂ ਖ਼ਤਰਨਾਕ ਇਲਾਕਿਆਂ ਵਿੱਚੋਂ ਇੱਕ ਹੈ। ਇੱਥੇ ਔਰਤਾਂ ਦਾ ਬਲਾਤਕਾਰ ਹੋਣਾ ਆਮ ਗੱਲ ਹੈ।
ਦੱਖਣੀ ਅਫਰੀਕਾ ਦੇ ਸ਼ਹਿਰ ਡੀਪਸਲੂਟ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਕਈ ਔਰਤਾਂ ਦਾ ਬਲਾਤਕਾਰ ਕੀਤਾ ਹੈ। ਕੈਮਰੇ ਦੇ ਸਾਹਮਣੇ ਇਹ ਕਹਿੰਦੇ ਹੋਏ ਉਨ੍ਹਾਂ ਦੇ ਚਿਹਰੇ 'ਤੇ ਕੋਈ ਪਛਤਾਵਾ ਨਹੀਂ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਨਹੀਂ ਜਾਣਦੇ ਸੀ ਕਿ ਉਹ ਕੁਝ ਗ਼ਲਤ ਕਰ ਰਹੇ ਹਨ। ਉਨ੍ਹਾਂ ਨੇ ਕਦੇ ਖ਼ੁਦ ਨੂੰ ਉਨ੍ਹਾਂ ਬਲਾਤਾਕਾਰ ਪੀੜਤਾਂ ਦੀ ਥਾਂ ਰੱਖ ਕੇ ਉਨ੍ਹਾਂ ਦੀ ਤਕਲੀਫ਼ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਇਹ ਵੀ ਪੜ੍ਹੋ:
ਉਹ ਕੈਮਰੇ 'ਤੇ ਆਪਣਾ ਚਿਹਰਾ ਦਿਖਾਉਣ ਲਈ ਤਿਆਰ ਸਨ ਪਰ ਆਪਣੇ ਨਾਮ ਲੁਕਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਬੜੇ ਆਰਾਮ ਨਾਲ ਆਪਣੇ ਜੁਰਮਾਂ ਦੀਆਂ ਕਹਾਣੀਆਂ ਸਾਡੇ ਸਾਹਮਣੇ ਰੱਖੀਆਂ।
ਉਨ੍ਹਾਂ ਦੱਸਿਆ, "ਜਿਵੇਂ ਹੀ ਉਹ ਦਰਵਾਜ਼ਾ ਖੋਲ੍ਹਦੀਆਂ ਸਨ, ਅਸੀਂ ਉਨ੍ਹਾਂ ਦੇ ਘਰ ਵੜ ਜਾਂਦੇ ਹਾਂ ਅਤੇ ਆਪਣਾ ਚਾਕੂ ਕੱਢ ਲੈਂਦੇ ਸੀ। ਉਹ ਚੀਕਦੀਆਂ ਸਨ। ਅਸੀਂ ਉਨ੍ਹਾਂ ਨੂੰ ਚੁੱਪ ਕਰਨ ਲਈ ਕਹਿੰਦੇ। ਉਨ੍ਹਾਂ ਦੇ ਬਿਸਤਰੇ 'ਤੇ ਜਾ ਕੇ ਉਨ੍ਹਾਂ ਦਾ ਰੇਪ ਕਰਦੇ ਸੀ।"

ਤਸਵੀਰ ਸਰੋਤ, Getty Images
ਦੋਵਾਂ ਵਿੱਚੋਂ ਇੱਕ ਨੌਜਵਾਨ ਦੂਜੇ ਵੱਲ ਮੁੜਿਆ ਅਤੇ ਬੋਲਿਆ, "ਇੱਥੋਂ ਤੱਕ ਕਿ ਮੈਂ ਇੱਕ ਵਾਰ ਇਸਦੇ ਸਾਹਮਣੇ ਹੀ ਇਸਦੀ ਗਰਲਫਰੈਂਡ ਦਾ ਰੇਪ ਕਰ ਦਿੱਤਾ ਸੀ।"
ਇਹ ਬਿਆਨ ਹੈਰਾਨ ਕਰ ਦੇਣ ਵਾਲੇ ਹਨ, ਪਰ ਡੀਪਸਲੂਟ ਵਿੱਚ ਇਹ ਸਭ ਬੇਹੱਦ ਆਮ ਹੈ।
ਹਰ ਤੀਜਾ ਸ਼ਖ਼ਸ ਰੇਪਿਸਟ
ਇਸ ਸ਼ਹਿਰ ਦੇ ਹਰ ਤਿੰਨ ਵਿੱਚੋਂ ਇੱਕ ਪੁਰਸ਼ ਨੇ ਇਹ ਮੰਨਿਆ ਕਿ ਉਨ੍ਹਾਂ ਨੇ ਘੱਟੋ-ਘੱਟ ਇੱਕ ਵਾਰ ਬਲਾਤਕਾਰ ਕੀਤਾ ਹੈ। ਇਹ ਗਿਣਤੀ ਇੱਥੋਂ ਦੀ ਆਬਾਦੀ ਦੀ 38 ਫ਼ੀਸਦ ਹੈ।
ਇਹ ਗੱਲ 2016 ਵਿੱਚ ਕੀਤੇ ਗਏ ਸਰਵੇ ਵਿੱਚ ਸਾਹਮਣੇ ਆਈ ਸੀ। ਇਸ ਸਰਵੇ ਲਈ ਯੂਨੀਵਰਸਟੀ ਆਫ਼ ਵਿਟਵੌਟਰਸਰੰਡ ਨੇ 2600 ਤੋਂ ਵੱਧ ਆਦਮੀਆਂ ਨਾਲ ਗੱਲਬਾਤ ਕੀਤੀ ਸੀ। ਕੁਝ ਲੋਕਾਂ ਨੇ ਇੱਕ ਹੀ ਔਰਤ ਦਾ ਦੋ ਵਾਰ ਰੇਪ ਕੀਤਾ ਸੀ।
ਇਹ ਵੀ ਪੜ੍ਹੋ:
ਮਾਰੀਆ ਦਾ ਉਨ੍ਹਾਂ ਦੇ ਹੀ ਘਰ ਵਿੱਚ ਰੇਪ ਕੀਤਾ ਗਿਆ ਸੀ। ਜਿਸ ਵੇਲੇ ਉਨ੍ਹਾਂ ਦਾ ਰੇਪ ਹੋਇਆ, ਉਨ੍ਹਾਂ ਦੀ ਕੁੜੀ ਨਾਲ ਦੇ ਕਮਰੇ ਵਿੱਚ ਸੌਂ ਰਹੀ ਸੀ।
"ਮੈਂ ਆਪਣੀ ਕੁੜੀ ਦੇ ਨਾ ਉੱਠਣ ਦੀ ਪ੍ਰਾਰਥਨਾ ਕਰ ਰਹੀ ਸੀ। ਮੈਨੂੰ ਡਰ ਸੀ ਕਿ ਕਿਤੇ ਉਹ ਲੋਕ ਉਸ ਨੂੰ ਨੁਕਸਾਨ ਨਾ ਪਹੁੰਚਾਉਣ।"

ਤਸਵੀਰ ਸਰੋਤ, Getty Images
ਉਨ੍ਹਾਂ ਦੇ ਰੇਪੀਸਟ ਨੇ ਕਿਹਾ ਕਿ ਉਹ ਕਿਸੇ ਨੂੰ ਮਾਰਨਗੇ ਨਹੀਂ, ਪਰ ਉਹ ਜੋ ਕਰਨਾ ਚਾਹੁੰਦੇ ਹਨ ਮਾਰੀਆ ਉਨ੍ਹਾਂ ਨੂੰ ਕਰਨ ਦੇਵੇ।
ਮਾਰੀਆ ਦੱਸਦੀ ਹੈ,''ਮੈਂ ਕਿਹਾ ਤੁਸੀਂ ਮੇਰੇ ਨਾਲ ਜੋ ਕਰਨਾ ਹੈ ਉਹ ਕਰ ਲਵੋ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰਾ ਰੇਪ ਕੀਤਾ। ਉਹ ਦੂਜੀ ਵਾਰ ਮੇਰਾ ਰੇਪ ਕਰ ਰਿਹਾ ਸੀ।"
ਬਹੁਤ ਘੱਟ ਪੀੜਤਾਂ ਆਪਣੇ ਰੇਪੀਸਟ ਦਾ ਵਿਰੋਧ ਕਰ ਸਕਦੀ ਹੈ। ਡੀਪਸਲੂਟ ਵਿੱਚ ਲੋਕਾਂ ਦੇ ਦਿਲਾਂ 'ਚ ਇਹ ਧਾਰਨਾ ਹੈ ਕਿ ਬਲਾਤਕਾਰ ਜੁਰਮ ਨਹੀਂ ਹੈ।
ਰੇਪ ਦੀ ਕੋਈ ਸਜ਼ਾ ਨਹੀਂ
ਬੀਤੇ ਤਿੰਨ ਸਾਲਾਂ ਵਿੱਚ ਡੀਪਸਲੂਟ 'ਚ ਰੇਪ ਦੀਆਂ 500 ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਕਿਸੇ ਵੀ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਨਹੀਂ ਹੋਈ।
ਰੇਪ ਦੇ ਮਾਮਲੇ ਵਿੱਚ ਹੀ ਨਹੀਂ ਸਗੋਂ ਦੂਜੇ ਜੁਰਮਾਂ ਲਈ ਵੀ ਇੱਥੋਂ ਦਾ ਕਾਨੂੰਨ ਅਪਾਹਜ ਨਜ਼ਰ ਆਉਂਦਾ ਹੈ।
ਸਥਾਨਕ ਪੱਤਰਕਾਰ ਗੋਲਡਨ ਐਮਟਿਕਾ ਕਰਾਈਮ ਦੀ ਰਿਪੋਰਟਿੰਗ ਕਰਦੇ ਹਨ। ਉਹ ਕਹਿੰਦੇ ਹਨ, "ਰਾਤ ਦੇ ਸਮੇਂ ਡੀਪਸਲੂਟ ਦੀਆਂ ਸੜਕਾਂ 'ਤੇ ਨਿਕਲਣਾ ਬਹੁਤ ਖ਼ਤਰਨਾਕ ਹੈ। ਕੁਝ ਗ਼ਲਤ ਹੋਣ 'ਤੇ ਮਦਦ ਮਿਲਣਾ ਬਹੁਤ ਮੁਸ਼ਕਿਲ ਹੈ।"

"ਰਾਤ ਦੇ 10 ਜਾਂ 11 ਵਜੇ ਵੀ ਕਿਸੇ ਦਾ ਕਤਲ ਹੋ ਸਕਦਾ ਹੈ ਅਤੇ ਪੁਲਿਸ ਅਗਲੇ ਦਿਨ ਤੱਕ ਉਸ ਸ਼ਖ਼ਸ ਦੀ ਲਾਸ਼ ਨਹੀਂ ਚੁੱਕਦੀ।"
ਲੋਕਾਂ ਨੇ ਕਾਨੂੰਨ ਹੱਥ ਵਿੱਚ ਲਿਆ
ਐਮਟਿਕਾ ਕਹਿੰਦੇ ਹਨ ਕਿ ਡੀਪਸਲੂਟ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਅਜਿਹੇ ਵਿੱਚ ਕਈ ਵਾਰ ਵੱਡੇ ਤੋਂ ਵੱਡੇ ਜੁਰਮ ਹੋ ਜਾਂਦੇ ਹਨ।
ਕਰਾਈਮ ਪ੍ਰਤੀ ਪ੍ਰਸ਼ਾਸਨ ਦਾ ਇਹ ਢਿੱਲਾ ਰਵੱਈਆ ਇੱਥੋਂ ਦੇ ਆਮ ਲੋਕਾਂ ਲਈ ਵੱਡਾ ਖ਼ਤਰਾ ਹੈ।
ਪ੍ਰਸ਼ਾਸਨ ਦੇ ਕਾਰਵਾਈ ਨਾ ਕਰਨ ਕਾਰਨ ਇੱਥੋਂ ਦੇ ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਹਨ। ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਲੋਕ ਕਈ ਵਾਰ ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਹਨ।
ਐਮਟਿਕਾ ਮੁਤਾਬਕ ਅਜਿਹੀਆਂ ਘਟਨਾਵਾਂ ਇੱਥੇ ਹਰ ਹਫ਼ਤੇ ਹੁੰਦੀਆਂ ਹਨ। ਉਨ੍ਹਾਂ ਨੇ ਅੱਖੀ ਦੇਖੀ ਇੱਕ ਘਟਨਾ ਬਾਰੇ ਦੱਸਿਆ,''ਭੀੜ ਨੇ ਤਿੰਨ ਲੋਕਾਂ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।"

ਐਮਟਿਕਾ ਕਹਿੰਦੇ ਹਨ ਕਿ ਕਿਸੇ ਇਨਸਾਨ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਦੇਖਣਾ ਬਹੁਤ ਭਿਆਨਕ ਹੁੰਦਾ ਹੈ, ਪਰ ਉਹ ਉਸ ਸ਼ਖ਼ਸ ਦੀ ਮਦਦ ਲਈ ਕੁਝ ਨਹੀਂ ਕਰ ਸਕੇ। ਕਿਉਂਕਿ ਜੇਕਰ ਉਹ ਅਜਿਹਾ ਕਰਦੇ ਤਾਂ ਉਨ੍ਹਾਂ ਨੂੰ ਵੀ ਭੀੜ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ।
ਇੱਥੋਂ ਤੱਕ ਕਿ ਪੁਲਿਸ ਵੀ ਇਨ੍ਹਾਂ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦੀ, ਭਾਵੇਂ ਹੀ ਉਨ੍ਹਾਂ ਦੇ ਸਾਹਮਣੇ ਇਹ ਸਭ ਹੋ ਰਿਹਾ ਹੋਵੇ।
ਇੱਥੇ ਕਈ ਲੋਕ ਲੀਚਿੰਗ ਨੂੰ ਸਹੀ ਠਹਿਰਾਉਂਦੇ ਹਨ, ਖਾਸ ਕਰਕੇ ਜੇਕਰ ਮੁਲਜ਼ਮ ਰੇਪਿਸਟ ਹੋਵੇ।
ਇਹ ਵੀ ਪੜ੍ਹੋ:
ਡੀਪਸਲੂਟ ਦੇ ਇੱਕ ਨਿਵਾਸੀ ਕਹਿੰਦੇ ਹਨ, "ਉਨ੍ਹਾਂ ਦਾ ਮਰ ਜਾਣਾ ਹੀ ਚੰਗਾ ਹੈ, ਉਹ ਸਾਡੇ ਘਰ ਵੜ ਜਾਂਦੇ ਹਨ ਅਤੇ ਸਾਡੇ ਪਤੀਆਂ ਸਾਹਮਣੇ ਸਾਡਾ ਰੇਪ ਕਰਦੇ ਹਨ। ਉਹ ਸਾਡੇ ਪਤੀ ਨੂੰ ਕਹਿੰਦੇ ਹਨ ਕਿ ਦੇਖੋ, ਮੈਂ ਕਿਵੇਂ ਤੇਰੀ ਪਤਨੀ ਦਾ ਰੇਪ ਕਰ ਰਿਹਾ ਹਾਂ।"
ਡੀਪਸਲੂਟ ਨੂੰ ''ਡੀਪ ਡਿਚ'' ਯਾਨਿ ਡੂੰਘੀ ਖੱਡ ਕਿਹਾ ਜਾਂਦਾ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਲਗਦਾ ਹੈ ਕਿ ਉਹ ਇਸੀ ਡੂੰਘੀ ਖੱਡ ਵਿੱਚ ਫਸ ਗਏ ਹਨ।
ਇਹ ਸ਼ਹਿਰ ਗ਼ਰੀਬੀ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਪਰ ਔਰਤਾਂ ਖ਼ਿਲਾਫ਼ ਜੁਰਮ ਅਤੇ ਰੇਪ ਕਲਚਰ ਨੇ ਇੱਥੋਂ ਦੀ ਆਰਥਿਕ ਸਥਿਤੀ ਨੂੰ ਹੋਰ ਮਾੜਾ ਕਰ ਦਿੱਤਾ ਹੈ।












