'ਰਾਮ' ਨੂੰ ਮਿੱਥ ਦੱਸਣ ਤੇ ਵਾਜਪਾਈ ਦੀ ਹਮਾਇਤ ਕਰਨ ਵਾਲੇ ਸਨ ਐੱਮ ਕਰੁਣਾਨਿਧੀ

- ਲੇਖਕ, ਥੰਗਵੇਲ ਅਪਾਚੀ
- ਰੋਲ, ਸੰਪਾਦਕ, ਬੀਬੀਸੀ ਤਮਿਲ
ਸਾਲ 2005 ਵਿੱਚ ਮਾਈਕ੍ਰੋਸਾਫਟ ਦੇ ਮੁਖੀ ਬਿਲ ਗੇਟਸ ਡੀਐਮਕੇ ਸੁਪਰੀਮੋ ਕਰੁਣਾਨਿਧੀ ਨੂੰ ਉਨ੍ਹਾਂ ਦੇ ਚੇਨਈ ਵਾਲੇ ਘਰ ਵਿਚ ਆ ਕੇ ਮਿਲੇ।
ਜਦੋਂ ਪੱਤਰਕਾਰਾਂ ਨੇ ਕਰੁਣਾਨਿਧੀ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਕਿ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਨਾਲ ਮਿਲ ਕੇ ਕਿਵੇਂ ਲੱਗਿਆ ਤਾਂ ਉਨ੍ਹਾਂ ਨੇ ਆਪ ਮੁਹਾਰੇ ਹੀ ਕਿਹਾ,
"ਉਹ ਮੈਥੋਂ ਕੁਝ ਪੈਸੇ ਉਧਾਰੇ ਮੰਗਣ ਆਏ ਸਨ। ਇਹ ਕਰੁਣਾਨਿਧੀ ਦੇ ਜਨਤਕ ਜੀਵਨ ਵਿੱਚ ਸਵੈ-ਭਰੋਸੇ ਦੀ ਇੱਕ ਮਿਸਾਲ ਸੀ।
ਇਹ ਵੀ ਪੜ੍ਹੋ꞉
ਬਰਤਾਨਵੀ ਰਾਜ ਦੌਰਾਨ ਪੈਦਾ ਹੋਇਆ ਇਹ ਸਿਆਸਤਦਾਨ ਤਮਿਲ ਨਾਡੂ ਦਾ ਪੰਜ ਵਾਰ ਮੁੱਖ ਮੰਤਰੀ ਬਣਿਆ ਅਤੇ 13 ਵਾਰ ਲੜੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਇੱਕ ਵੀ ਨਹੀਂ ਹਾਰਿਆ। ਉਹ ਦੇਸ ਦੇ ਕੁਝ ਕੁ ਸਿਆਸਤਦਾਨਾਂ ਵਿੱਚੋਂ ਸੀ, ਜਿਨ੍ਹਾਂ ਨੇ ਸੱਤ ਦਹਾਕਿਆਂ ਤੋਂ ਵੀ ਵੱਧ ਦਾ ਸਰਗਰਮ ਜਨਤਕ ਜੀਵਨ ਜੀਵਿਆ।
ਸਿਆਸੀ ਜੀਵਨ ਵਿੱਚ ਉਹ ਦੋ ਹਥਿਆਰ ਲੈ ਕੇ ਦਾਖਲ ਹੋਏ, ਆਪਣੀ ਭਾਸ਼ਣ ਕਲਾ ਅਤੇ ਲੇਖਣੀ, ਨਾ ਕਿ ਦੌਲਤ ਅਤੇ ਸਿੱਖਿਆ ਦੇ ਜ਼ੋਰ 'ਤੇ।
ਕਰੁਣਾਨਿਧੀ ਤੋਂ ਪਹਿਲੇ ਆਗੂਆਂ ਅੰਨਾਦੁਰਈ, ਮਾਥਿਆਜ਼ਗਮ ਵਰਗੇ ਆਗੂਆਂ ਕੋਲ ਐਮਏ ਦੀਆਂ ਡਿਗਰੀਆਂ ਸਨ। ਇਸ ਦੇ ਮੁਕਾਬਲੇ ਕਰੁਣਾਨਿਧੀ ਨੇ ਆਪਣੀ ਸਕੂਲੀ ਪੜ੍ਹਾਈ ਵੀ ਪੂਰੀ ਨਹੀਂ ਸੀ ਕੀਤੀ ਪਰ ਉਨ੍ਹਾਂ ਦੀ ਲੇਖਣੀ ਉਨ੍ਹਾਂ ਨੂੰ ਨਵੇਂ ਸਿਖਰਾਂ ਉੱਪਰ ਲੈ ਕੇ ਗਈ।

17 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਹਿੰਦੀ ਭਾਸ਼ਾ ਖਿਲਾਫ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਅਤੇ 'ਤਮਿਲ ਨਾਡੂ ਵਿਦਿਆਰਥੀ ਐਸੋਸੀਏਸ਼ਨ' ਲਹਿਰ ਦਾ ਮੁੱਢ ਬੰਨ੍ਹਿਆ।
ਕਰੁਣਾਨਿਧੀ ਦੀ ਸਿਆਸੀ ਸਰਪ੍ਰਸਤ ਆਗੂ ਸੀ.ਐਨ ਅੰਨਾਦੁਰਈ ਨਾਲ 1940 ਦੇ ਦਹਾਕੇ ਵਿੱਚ ਮੁਲਾਕਾਤ ਹੋਈ। ਸਾਲ 1949 ਵਿੱਚ ਅੰਨਾਦੁਰਈ ਨੇ ਪੇਰੀਯਾਰ ਤੋਂ ਵੱਖ ਹੋ ਕੇ ਇੱਕ ਨਵੀਂ ਸਿਆਸੀ ਪਾਰਟੀ ਬਣਾਈ। ਕਰੁਣਾਨਿਧੀ ਨੇ ਅੰਨਾਦੁਰਈ ਦੇ ਨਜ਼ਦੀਕੀ ਸਹਿਯੋਗੀ ਦੀ ਥਾਂ ਹਾਸਲ ਕਰ ਲਈ। ਉਹ ਜਲਦੀ ਹੀ ਪਾਰਟੀ ਦਾ ਧੁਰਾ ਬਣ ਗਏ।
ਹਾਲਾਂਕਿ ਡੀਐਮਕੇ ਨੇ ਦੇਸ ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲਿਆ ਪਰ ਕਰੁਣਾਨਿਧੀ ਦਾ ਉਸ ਸਮੇਂ ਵੀ ਚੋਖਾ ਪ੍ਰਭਾਵ ਸੀ। ਜਦੋਂ ਡੀਐਮਕੇ ਨੇ, 1967 ਦੀਆਂ ਚੋਣਾਂ ਤੋਂ ਬਾਅਦ ਸੂਬੇ ਵਿੱਚ ਸਰਕਾਰ ਬਣਾਈ ਉਸ ਸਮੇਂ ਤੱਕ ਕਰੁਣਾਨਿਧੀ ਨੂੰ ਇੱਕ ਦਹਾਕੇ ਦਾ ਵਿਧਾਨ ਸਭਾ ਮੈਂਬਰ ਦਾ ਤਜ਼ਰਬਾ ਹੋ ਚੁੱਕਿਆ ਸੀ। ਸਾਲ 1969 ਵਿੱਚ ਅੰਨਾਦੁਰਈ ਦੀ ਅਚਾਨਕ ਮੌਤ ਹੋ ਗਈ। ਉਸ ਸਮੇਂ ਕਰੁਣਾਨਿਧੀ ਕੋਲ ਮੁੱਖ ਮੰਤਰੀ ਬਣਨ ਦਾ ਫਾਰਮੂਲਾ ਤਿਆਰ ਸੀ, ਜੋ ਕਿ ਪੂੰਜੀਵਾਦ ਅਤੇ ਸਮਾਜਵਾਦ ਦਾ ਜੋੜ ਸੀ।
ਉਹ ਸੂਬੇ ਦੀ ਤਰੱਕੀ ਚਾਹੁੰਦੇ ਸਨ ਪਰ ਇਸ ਲਈ ਉਹ ਇੱਕ ਆਮ ਇਨਸਾਨ ਦੀ ਭਲਾਈ ਨੂੰ ਛਿੱਕੇ 'ਤੇ ਟੰਗਣ ਦੇ ਬਿਲਕੁਲ ਵੀ ਹਾਮੀ ਨਹੀਂ ਸਨ।
ਉਨ੍ਹਾਂ ਨੇ ਜਨਤਕ ਵੰਡ ਪ੍ਰਣਾਲੀ ਦੀ ਪਹੁੰਚ ਸਮੁੱਚੇ ਸੂਬੇ ਦੇ ਹਰੇਕ ਕੋਨੇ ਤੱਕ ਕੀਤੀ ਅਤੇ ਭੁੱਖ ਕਰਕੇ ਹੋਣ ਵਾਲੀਆਂ ਮੌਤਾਂ ਉੱਪਰ ਨਕੇਲ ਕਸੀ। ਸੀਨੀਅਰ ਪੱਤਰਕਾਰ ਏ. ਐਸ ਪਨੀਰ ਸੇਲਵਨ ਮੁਤਾਬਕ ਸਮਾਜਿਕ ਨਿਆਂ ਹੀ ਉਨ੍ਹਾਂ ਦੇ ਸਾਰੇ ਕਾਰਜਾਂ ਦਾ ਆਧਾਰ ਸੀ।
ਕਰੁਣਾਨਿਧੀ ਦਾ ਕੌਮੀ ਸਿਆਸਤ ਵਿੱਚ ਵੀ ਉੱਘਾ ਯੋਗਦਾਨ ਸੀ ਪਰ ਉਨ੍ਹਾਂ ਕੇਂਦਰ ਵਿੱਚ ਆਪਣੇ ਲਈ ਕਿਸੇ ਅਹੁਦੇ ਦੀ ਇੱਛਾ ਨਹੀਂ ਕੀਤੀ।
ਜਦੋਂ ਸਾਲ 1969 ਵਿੱਚ ਕਾਂਗਰਸ, ਪੁਰਾਣੀ ਅਤੇ ਇੰਦਰਾ ਗਾਂਧੀ ਦੀ ਕਾਂਗਰਸ ਦੇ ਦੋ ਧੜਿਆਂ ਵਿੱਚ ਵੰਡੀ ਗਈ ਤਾਂ ਉਨ੍ਹਾਂ ਨੇ ਆਪਣੇ 25 ਸੰਸਦ ਮੈਂਬਰਾਂ ਸਮੇਤ ਇੰਦਰਾ ਗਾਂਧੀ ਦਾ ਸਾਥ ਦੇ ਕੇ ਉਨ੍ਹਾਂ ਦੀ ਸਰਕਾਰ ਡਿੱਗਣੋਂ ਬਚਾਈ।
ਉਨ੍ਹਾਂ ਨੇ ਕੇਂਦਰ ਵਿੱਚ ਸਥਿਰਤਾ ਦੀ ਵਕਾਲਤ ਭਾਵੇਂ ਕੀਤੀ ਪਰ ਉਹ ਤਾਕਤ ਦੇ ਕੇਂਦਰੀਕਰਨ ਦੇ ਹਮਾਇਤੀ ਨਹੀਂ ਸਨ।

ਤਸਵੀਰ ਸਰੋਤ, Getty Images
ਜਦੋਂ ਵੀ. ਪੀ. ਸਿੰਘ ਨੇ ਰਾਜੀਵ ਗਾਂਧੀ ਤੋਂ ਵੱਖ ਹੋ ਕੇ ਨੈਸ਼ਨਲ ਫਰੰਟ ਬਣਾਇਆ ਤਾਂ ਕਰੁਣਾਨਿਧੀ ਨੇ ਵੀ. ਪੀ. ਸਿੰਘ ਦਾ ਸਾਥ ਦਿੱਤਾ। ਤਾਕਤ ਦੇ ਆਸਰੇ ਉਨ੍ਹਾਂ ਰਾਖਵੇਂਕਰਨ ਬਾਰੇ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਈ, ਸ਼੍ਰੀਲੰਕਾ ਤੋਂ ਭਾਰਤ ਦੀਆਂ ਸ਼ਾਂਤੀ ਫੌਜਾਂ ਵਾਪਸ ਬੁਲਾਈਆਂ ਅਤੇ ਕਾਵੇਰੀ ਜਲ ਟ੍ਰਿਬਿਊਨਲ ਕਾਇਮ ਕਰਵਾਇਆ ਜੋ ਕਿ ਉਨ੍ਹਾਂ ਦੇ ਸੂਬੇ ਤਮਿਲ ਨਾਡੂ ਲਈ ਅਹਿਮ ਸੀ।
ਵੀ. ਪੀ. ਸਿੰਘ ਦੇ ਅਸਤੀਫੇ ਮਗਰੋਂ ਉਨ੍ਹਾਂ ਨੇ ਦੇਵੇਗੌੜਾ ਅਤੇ ਇੰਦਰ ਕੁਮਾਰ ਗੁਜਰਾਲ ਦੇ ਪ੍ਰਧਾਨ ਮੰਤਰੀ ਬਣਨ ਵਿੱਚ ਅਹਿਮ ਭੂਮਿਕਾ ਨਿਭਾਈ।
ਕਰੁਣਾਨਿਧੀ ਨੂੰ ਫਿਰਕੂ ਤਾਕਤਾਂ ਖਿਲਾਫ਼ ਲੜਨ ਵਾਲੇ ਆਗੂ ਵਜੋਂ ਦੇਖਿਆ ਜਾਂਦਾ ਸੀ ਪਰ 1999 ਵਿੱਚ ਉਨ੍ਹਾਂ ਨੇ ਭਾਜਪਾ ਨਾਲ ਸਾਂਝ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹਾਂ ਉਨ੍ਹਾਂ ਨੇ ਭਾਜਪਾ ਨੂੰ ਸਰਕਾਰ ਵਿੱਚ ਰਹਿੰਦਿਆਂ ਰਾਮ ਮੰਦਰ ਦਾ ਮਸਲਾ ਨਹੀਂ ਚੁੱਕਣ ਦਿੱਤਾ। ਇਸ ਪ੍ਰਕਾਰ ਉਨ੍ਹਾਂ ਨੇ ਇੱਕ ਕੌਮੀ ਪਾਰਟੀ ਦੀਆਂ ਇੱਕ ਖੇਤਰੀ ਪਾਰਟੀ ਸਾਹਮਣੇ ਗੋਡਣੀਆਂ ਲਵਾਈ ਰੱਖੀਆਂ।
ਇਹ ਵੀ ਪੜ੍ਹੋ꞉
ਐਨਡੀਏ ਦੀ ਤਾਲਮੇਲ ਕਮੇਟੀ ਵਿੱਚ ਉਨ੍ਹਾਂ ਨੇ ਵਾਜਪਾਈ ਨਾਲ ਹੱਥ ਮਿਲਾਉਣ ਦੀ ਵਜ੍ਹਾ ਸਪੱਸ਼ਟ ਕੀਤੀ। ਉਨ੍ਹਾਂ ਕਿਹਾ, "ਵਾਜਪਾਈ ਨਾਲ ਮੇਰੀ ਮਿੱਤਰਤਾ ਉਸ ਸਮੇਂ ਦੀ ਹੈ ਜਦੋਂ ਮੈਂ ਤੇ ਵਾਜਪਾਈ ਨੇ 1975 ਦੀ ਐਮਰਜੈਂਸੀ ਦੌਰਾਨ ਲੋਕਤੰਤਰ ਦੀ ਬਹਾਲੀ ਲਈ ਇਕੱਠੇ ਸੰਘਰਸ਼ ਕੀਤਾ ਸੀ।" ਉਨ੍ਹਾਂ ਅੱਗੇ ਕਿਹਾ ਕਿ "ਉਨ੍ਹਾਂ ਲਈ ਭਾਜਪਾ ਦੀ ਅਹਿਮੀਅਤ ਨਹੀਂ ਬਲਕਿ ਅਗਵਾਈ ਕਰਨ ਵਾਲੇ ਆਗੂ ਦੀ ਅਹਿਮੀਅਤ ਹੈ।"
ਕਰੁਣਾਨਿਧੀ ਨੂੰ ਭਾਜਪਾ ਅਤੇ ਸੱਜੇ ਪੱਖੀ ਸੰਗਠਨਾਂ ਦੀ ਭਗਵਾਨ ਰਾਮ ਬਾਰੇ ਟਿੱਪਣੀ ਕਰਕੇ ਆਲੋਚਨਾ ਝੱਲਣੀ ਪਈ। ਕਰੁਣਾਨਿਧੀ ਨੇ ਕਿਹਾ ਸੀ ਕੀ ਭਗਵਾਨ ਰਾਮ ਕਦੇ ਨਹੀਂ ਹੋਏ ਅਤੇ ਮਹਿਜ਼ ਇੱਕ ਮਿੱਥ ਹਨ।
ਅਡਵਾਨੀ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਵਰਗੇ ਸੰਵਿਧਾਨਕ ਅਹੁਦੇ ਉੱਪਰ ਬੈਠ ਕੇ ਭਗਵਾਨ ਰਾਮ ਬਾਰੇ ਅਜਿਹਾ ਕੁਝ ਨਹੀਂ ਕਹਿਣਾ ਚਾਹੀਦਾ। ਕਰੁਣਾਨਿਧੀ ਨੇ ਜਵਾਬ ਵਿੱਚ ਕਿਹਾ, ਰਾਮ ਦੇ ਰਾਖੇ ਇਤਿਹਾਸ ਨੂੰ ਨਹਿਰੂ ਜਿੰਨਾ ਨਹੀਂ ਜਾਣਦੇ ਜਿਨ੍ਹਾਂ ਨੇ ਰਮਾਇਣ ਨੂੰ ਦ੍ਰਾਵਿੜ ਲੋਕਾਂ ਉੱਪਰ ਆਰੀਅਨ ਦਬਦਬਾ ਕਾਇਮ ਕਰਨ ਲਈ ਬਣਾਈ ਕਹਾਣੀ ਕਿਹਾ ਸੀ।

ਸਾਲ 2003 ਵਿੱਚ ਡੀਐਮਕੇ ਨੇ ਐਨਡੀਏ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ। ਕਰੁਣਾਨਿਧੀ ਅਡਵਾਨੀ ਨੂੰ ਤਮਿਲਾਂ ਲਈ ਵਾਜਪਾਈ ਜਿੰਨਾ ਹਮਦਰਦ ਨਹੀਂ ਸਨ ਸਮਝਦੇ।
ਦ੍ਰਾਵਿੜ ਆਗੂ ਨੇ ਪੜ੍ਹਾਈ ਦੀ ਕਮੀ ਦੇ ਬਾਵਜੂਦ ਕਦੇ ਆਪਣੇ ਬਾਰੇ ਘਟੀਆ ਮਹਿਸੂਸ ਨਹੀਂ ਕੀਤਾ। ਉਨ੍ਹਾਂ ਦੀ ਹਿੰਦੀ ਅਤੇ ਅੰਗਰੇਜ਼ੀ ਵਧੀਆ ਨਹੀਂ ਸੀ ਪਰ ਉਨ੍ਹਾਂ ਕੌਮੀ ਆਗੂਆਂ ਨਾਲ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਅਤੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਕਿ ਉਨ੍ਹਾਂ ਦੇ ਬਚੇ ਰਹਿਣ ਲਈ ਕਰੁਣਾਨਿਧੀ ਕਿੰਨੇ ਜਰੂਰੀ ਸਨ।
ਭਾਜਪਾ ਨਾਲੋਂ ਤੋੜ ਵਿਛੋੜਾ ਕਰਕੇ ਉਹ ਤੁਰੰਤ ਕਾਂਗਰਸ ਦੇ ਨਜ਼ਦੀਕ ਹੋ ਗਏ ਅਤੇ ਉਸੇ ਦੀ ਅਗਵਾਈ ਵਾਲੇ ਸਾਂਝੇ ਪ੍ਰਗਤੀਸ਼ੀਲ ਗੱਠਜੋੜ ਦੀ ਸਰਕਾਰ ਬਣਾਉਣ ਵਿੱਚ ਭੂਮਿਕਾ ਨਿਭਾਈ। ਜਿਸ ਦੇ ਡਾ਼ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ।
ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਕਈ ਮੌਕਿਆਂ ਉੱਪਰ ਮੰਨਿਆ ਕਿ ਉਨ੍ਹਾਂ ਕਈ ਵਾਰ ਕੌਮੀ ਮਸਲਿਆਂ ਬਾਰੇ ਕਰੁਣਾਨਿਧੀ ਦੀ ਸਲਾਹ ਲਈ ਸੀ। ਡਾ਼ ਸਾਹਿਬ ਨੇ ਇੱਕ ਵਾਰ ਕਿਹਾ, "ਮੈਂ ਉਨ੍ਹਾਂ ਦੀ ਸਲਾਹ ਲੈਣ ਗਿਆ। ਉਹ ਅੱਧੀ ਤੋਂ ਵੱਧ ਸਦੀ ਦੌਰਾਨ ਜਨਤਕ ਜੀਵਨ ਵਿੱਚ ਰਹੇ ਹਨ। ਸਾਡੀ ਖ਼ੁਸ਼ਕਿਸਮਤੀ ਹੈ ਕਿ ਅਸੀਂ ਉਨ੍ਹਾਂ ਦੇ ਤਜਰਬੇ ਅਤੇ ਵਿਵੇਕ ਤੋਂ ਆਪਣੇ ਕੌਮੀ ਮਸਲਿਆਂ ਵਿੱਚ ਲਾਹਾ ਲੈ ਸਕਦੇ ਹਾਂ।"

ਤਸਵੀਰ ਸਰੋਤ, इमेज कॉपीरइटFACEBOOK / PG / KALAIGNAR89
ਸੂਬਿਆਂ ਦੀ ਖ਼ੁਦਮੁਖ਼ਤਿਆਰੀ
ਉਹ ਸੂਬਿਆਂ ਨੂੰ ਵਧੇਰੇ ਹੱਕ ਦੇਣ ਦੇ ਪੱਖੀ ਸਨ। ਸਾਲ 1969 ਡੀਐਮਕੇ ਸਰਕਾਰ ਦੌਰਾਨ ਬਣਾਈ ਗਈ ਡਾ਼ ਰਾਦਾਮਨਾਰ ਕਮੇਟੀ ਇਸੇ ਦੀ ਮਿਸਾਲ ਹੈ।
ਕਮੇਟੀ ਨੇ ਆਰਟੀਕਲ 356 ਦੀ ਵਰਤੋਂ ਬੰਦ ਕਰਨ ਅਤੇ ਅੰਤਰ-ਰਾਜੀ ਕਾਊਂਸਲ ਕਾਇਮ ਕਰਨ ਦੀ ਸਿਫਾਰਿਸ਼ ਕੀਤੀ। ਹਾਲਾਂਕਿ ਕੇਂਦਰ ਨੇ ਅਜਿਹੀਆਂ ਸਿਫਾਰਿਸ਼ਾਂ ਕਦੇ ਸਵੀਕਾਰ ਨਹੀਂ ਕੀਤੀਆਂ ਪਰ ਕਰੁਣਾਨਿਧੀ ਨੇ ਵੀ ਕਦੇ ਹਥਿਆਰ ਨਹੀਂ ਸੁੱਟੇ।
ਭਾਵੇਂ ਕਰੁਣਾਨਿਧੀ ਦੀ ਸਮਾਜਿਕ ਯੋਗਦਾਨ ਲਈ ਸ਼ਲਾਘਾ ਵੀ ਹੁੰਦੀ ਰਹੀ ਹੈ ਪਰ ਵੰਸ਼ਵਾਦੀ ਸਿਆਸਤ ਕਰਨ ਕਰਕੇ ਉਨ੍ਹਾਂ ਦੀ ਆਲੋਚਨਾ ਵੀ ਉਨੀ ਹੀ ਹੁੰਦੀ ਰਹੀ ਹੈ।

ਤਸਵੀਰ ਸਰੋਤ, Getty Images
ਡੀਐਮਕੇ ਨੇ ਕਰੁਣਾਨਿਧੀ ਦੇ ਬੇਟੇ ਐਮ.ਕੇ. ਸਟਾਲਿਨ ਦੀ ਹਮਾਇਤ ਕੀਤੀ। ਹਾਂ, ਇਸ ਮਗਰੋਂ ਉਹ ਪਾਰਟੀ ਵਿੱਚ ਕਰੁਣਾਨਿਧੀ ਦੇ ਦੂਸਰੇ ਮੁੰਡਿਆਂ ਅਲਾਗਿਰੀ ਅਤੇ ਬੇਟੀ ਕਨੀਮੋਜ਼ੀ ਅਤੇ ਕਰੁਣਾਨਿਧੀ ਦੇ ਭਤੀਜੇ ਮੁਰਾਸੋਲੀ ਮਾਰਨ ਦੇ ਬੇਟੇ ਦਇਆਨਿਧੀ ਮਾਰਨ ਦੇ ਦਾਖਲੇ ਅਤੇ ਫੇਰ ਯੂਪੀਏ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨ ਬਾਰੇ ਕੋਈ ਦਲੀਲ ਨਹੀਂ ਦੇ ਸਕੇ।
'ਵਿਗਿਆਨਕ ਭ੍ਰਿਸ਼ਟਾਚਾਰ'
ਕਰੁਣਾਨਿਧੀ ਉੱਪਰ ਚੁਸਤ ਅਤੇ ਸੰਗਠਿਤ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਦੇ ਰਹੇ ਹਨ, ਜਿਨ੍ਹਾਂ ਦਾ ਡੀਐਮਕੇ ਨੇ ਹਮੇਸ਼ਾ ਖੰਡਨ ਕੀਤਾ।
ਜੈਲਲਿਤਾ ਸਰਕਾਰ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਸਾਲ 2001 ਵਿੱਚ ਅੱਧੀ ਰਾਤ ਨੂੰ ਗ੍ਰਿਫਤਾਰ ਕਰ ਲਿਆ। ਇਸ ਗ੍ਰਿਫ਼ਤਾਰੀ ਨੂੰ ਜੈਲਲਿਤਾ ਦੀ ਇੱਕ ਬੇਬੁਨਿਆਦ ਸਿਆਸੀ ਕਾਰਵਾਈ ਵਜੋਂ ਦੇਖਿਆ ਗਿਆ।

ਤਸਵੀਰ ਸਰੋਤ, INDRANIL MUKHERJEE/GettyImages
ਇਸ ਤੋਂ ਵੀ ਵਧੇਰੇ ਨੁਕਸਾਨ ਪਾਰਟੀ ਨੂੰ ਏ ਰਾਜਾ ਅਤੇ ਉਨ੍ਹਾਂ ਦੀ ਬੇਟੀ ਕਨੀਮੋਜ਼ੀ ਦਾ ਨਾਮ ਸਾਲ 2007 ਦੇ 2ਜੀ ਘਪਲੇ ਵਿੱਚ ਆਉਣ ਕਰਕੇ ਹੋਇਆ। ਹਾਲਾਂਕਿ ਉਨ੍ਹਾਂ ਦੋਹਾਂ ਨੂੰ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਬਰੀ ਕਰ ਦਿੱਤਾ। ਇਸ ਕੇਸ ਦਾ ਪਾਰਟੀ ਨੂੰ 2014 ਦੀਆਂ ਆਮ ਚੋਣਾਂ ਵਿੱਚ ਵੀ ਨੁਕਸਾਨ ਝੱਲਣਾ ਪਿਆ।
ਸ਼੍ਰੀਲੰਕਾ ਤੇ ਤਮਿਲਾਂ ਦਾ ਮੁੱਦਾ
ਕਰੁਣਾਨਿਧੀ ਨੂੰ ਤਮਿਲਾਂ ਦੇ ਵਿਸ਼ਵੀ ਆਗੂ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਉੱਪਰ ਸ਼੍ਰੀਲੰਕਾ ਦੇ ਤਮਿਲਾਂ ਨਾਲ ਧੋਖਾ ਕਰਨ ਦੇ ਇਲਜ਼ਾਮ ਵੀ ਲਗਦੇ ਰਹੇ ਹਨ। ਸ਼੍ਰੀਲੰਕਾ ਦੀ ਘਰੇਲੂ ਜੰਗ ਦੇ ਫ਼ੈਸਲਾਕੁਨ ਪੜਾਅ ਉੱਤੇ ਕਰੁਣਾਨਿਧੀ ਤੋਂ ਵੱਖ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਬੇਕਸੂਰ ਤਮਿਲਾਂ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ।
ਡੀਐਮਕੇ ਦੇ ਬੁਲਾਰੇ ਕੇ. ਐਸ. ਰਾਧਾ ਕ੍ਰਿਸ਼ਨਨ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਕਰੁਣਾਨਿਧੀ ਨੇ ਕਾਂਗਾਰਸੀ ਆਗੂਆਂ ਤੋਂ ਠੱਗੇ ਮਹਿਸੂਸ ਕੀਤਾ ਕਿਉਂਕਿ ਉਨ੍ਹਾਂ ਨੇ ਘਰੇਲੂ ਲੜਾਈ ਰੁਕਵਾਉਣ ਦਾ ਵਾਅਦਾ ਕੀਤਾ ਪਰ ਜ਼ਮੀਨੀ ਤੌਰ 'ਤੇ ਕੁਝ ਨਹੀਂ ਕੀਤੀ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਸੋਸ਼ਲ ਮੀਡੀਆ ਉੱਪਰ ਲੋਕਾਂ ਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕ ਹਾਲੇ ਵੀ ਉਨ੍ਹਾਂ ਵਿਚ ਭਰੋਸਾ ਕਰਦੇ ਹਨ।
ਇਹ ਵੀ ਪੜ੍ਹੋ꞉













