10 ਦਿਨਾਂ ਤੱਕ ਖੰਡ ਬਿਲਕੁਲ ਨਾ ਲੈਣ ʼਤੇ ਸਰੀਰ ʼਤੇ ਕੀ ਅਸਰ ਪੈਂਦਾ ਹੈ

ਖੰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਣ ਬਹੁਤ ਸਾਰੇ ਲੋਕ ਸਮਝਣ ਲੱਗ ਪਏ ਹਨ ਕਿ ਜ਼ਿਆਦਾ ਖੰਡ ਸਰੀਰ ਲਈ ਨੁਕਸਾਨਦੇਹ ਹੈ
    • ਲੇਖਕ, ਸਿਰਾਜ
    • ਰੋਲ, ਬੀਬੀਸੀ ਪੱਤਰਕਾਰ

ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਭਾਰਤ ਵਿੱਚ 56 ਫੀਸਦ ਸ਼ਹਿਰੀ ਪਰਿਵਾਰ ਮਹੀਨੇ ਵਿੱਚ ਤਿੰਨ ਜਾਂ ਵੱਧ ਵਾਰ ਕੇਕ, ਬਿਸਕੁਟ, ਚਾਕਲੇਟ ਅਤੇ ਆਈਸ ਕਰੀਮ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਇਨ੍ਹਾਂ ਵਿੱਚੋਂ 18 ਫੀਸਦ ਰੋਜ਼ਾਨਾ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹਨ।

ਇਹ ਧਿਆਨ ਦੇਣ ਯੋਗ ਹੈ ਕਿ ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲੇ 55 ਫੀਸਦ ਲੋਕਾਂ ਨੇ ਕਿਹਾ ਕਿ ਉਹ ਖੰਡ ਵਾਲੀਆਂ ਚੀਜ਼ਾਂ ਪੂਰੀ ਤਰ੍ਹਾਂ ਖਾਣੀਆਂ ਬੰਦ ਨਹੀਂ ਕਰ ਸਕਦੇ ਪਰ ਉਹ ਅਜਿਹੀਆਂ ਚੀਜ਼ਾਂ ਜ਼ਰੂਰ ਖਾਣਾ ਚਾਹੁੰਦੇ ਹਨ ਜਿਨ੍ਹਾਂ ਵਿੱਚ ਸ਼ੂਗਰ ਯਾਨਿ ਖੰਡ ਦੀ ਮਾਤਰਾ ਘੱਟ ਹੋਵੇ।

ਅੱਜਕੱਲ੍ਹ ਅਸੀਂ ਹਰ ਚੀਜ਼ ਵਿੱਚ ਖੰਡ ਦੀ ਮਾਤਰਾ ਨੂੰ ਜਾਣਨ ਵਿੱਚ ਦਿਲਚਸਪੀ ਰੱਖਦੇ ਹਾਂ। ਬਹੁਤ ਸਾਰੇ ਲੋਕ ਇਹ ਸਮਝਣ ਲੱਗੇ ਹਨ ਕਿ "ਜ਼ਿਆਦਾ ਸ਼ੂਗਰ" ਸਰੀਰ ਲਈ ਨੁਕਸਾਨਦੇਹ ਹੈ।

ਜੇਕਰ ਤੁਸੀਂ ਖੰਡ ਘਟਾਉਣਾ ਚਾਹੁੰਦੇ ਹੋ, ਤਾਂ ਕੁਝ ਦਿਨਾਂ ਲਈ ਸਾਰੀਆਂ ਮਿਠਾਈਆਂ ਤੋਂ ਪਰਹੇਜ਼ ਕਰਨਾ ਮਹੱਤਵਪੂਰਨ ਹੈ, ਭਾਵੇਂ ਇਹ ਚਿੱਟੀ ਹੋਵੇ ਜਾਂ ਬ੍ਰਾਊਨ ਖੰਡ।

ਬਹੁਤ ਸਾਰੇ ਲੋਕ ਔਨਲਾਈਨ ਪੋਸਟ ਕਰ ਰਹੇ ਹਨ ਕਿ ਉਨ੍ਹਾਂ ਨੇ 10 ਦਿਨਾਂ ਲਈ ਖੰਡ ਤੋਂ ਪਰਹੇਜ਼ ਕਰਨ ਤੋਂ ਬਾਅਦ "ਆਪਣੇ ਚਿਹਰੇ 'ਤੇ ਚਮਕ" ਅਤੇ "ਭਾਰ ਘਟਣ" ਦਾ ਅਨੁਭਵ ਕੀਤਾ ਹੈ।

ਇਸ ਲੇਖ ਵਿੱਚ ਅਸੀਂ 'ਖੰਡ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ' ਨਾਲ ਸਬੰਧਤ ਛੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ।

1. ਸਾਨੂੰ ਖੰਡ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ?

ਐਡਡ ਸ਼ੂਗਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਆਦਾ ਐਡਡ ਸ਼ੂਗਰ ਨੁਕਸਾਨਦੇਹ ਹੁੰਦੀ ਹੈ

ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ, ਸਾਨੂੰ ਦੋ ਕਿਸਮਾਂ ਦੀ ਸ਼ੂਗਰ ਨੂੰ ਸਮਝਣ ਦੀ ਲੋੜ ਹੈ।

ਪਹਿਲਾਂ, ਐਡਿਡ ਸ਼ੂਗਰ, ਭਾਵ ਹੈ ਕਿਸੇ ਵੀ ਕਿਸਮ ਦੀ ਸ਼ੂਗਰ ਜਾਂ ਸਵੀਟਨਰ ਜਿਸ ਨੂੰ ਖਾਣ ਜਾਂ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਇਆ ਜਾਂਦਾ ਹੈ।

ਵ੍ਹਾਈਟ ਸ਼ੂਗਰ, ਬ੍ਰਾਊਨ ਸ਼ੂਗਰ, ਸ਼ਹਿਦ, ਗੁੜ, ਬਿਸਕੁਟ, ਕੇਕ ਅਤੇ ਸਾਫਟ ਡਰਿੰਕਸ ਸਾਰੇ ਇਸ ਸ਼੍ਰੇਣੀ ਵਿੱਚ ਆਉਂਦੇ ਹਨ।

ਇੱਥੋਂ ਤੱਕ ਕਿ ਕੁਦਰਤੀ ਤੌਰ 'ਤੇ ਮਿਲਣ ਵਾਲਾ ਸ਼ਹਿਦ ਵੀ ਇਸ ਐਡਿਡ ਸ਼ੁਗਰ ਸ਼੍ਰੇਣੀ ਵਿੱਚ ਆਉਂਦਾ ਹੈ।

ਕਈ ਅਧਿਐਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਐਡਿਡ ਸ਼ੂਗਰ ਦਾ ਜ਼ਿਆਦਾ ਸੇਵਨ ਖ਼ਤਰਨਾਕ ਹੁੰਦਾ ਹੈ।

ਦੂਜੀ ਸ਼੍ਰੇਣੀ, ਉਸ ਸ਼ੂਗਰ ਦੀ ਹੈ, ਜੋ ਦੁੱਧ, ਫਲਾਂ ਅਤੇ ਸਬਜ਼ੀਆਂ ਵਿੱਚ ਕੁਦਰਤੀ ਤੌਰ 'ਤੇ ਪਾਈ ਜਾਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਦੀ ਇਹ ਸ਼੍ਰੇਣੀ ਸਿਹਤ ਲਈ ਚੰਗੀ ਹੁੰਦੀ ਹੈ।

2023 ਵਿੱਚ ʼਲੈਂਸੇਟʼ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਭਾਰਤ ਵਿੱਚ 10.1 ਕਰੋੜ ਲੋਕਾਂ ਨੂੰ ਸ਼ੂਗਰ ਹੈ।

ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਸ਼ੂਗਰ ਦੇ ਮਾਮਲੇ ਗੋਆ (26.4%), ਪੁਡੂਚੇਰੀ (26.3%) ਅਤੇ ਕੇਰਲ (25.5%) ਵਿੱਚ ਹਨ।

ਚੇਨੱਈ-ਅਧਾਰਤ ਡਾਕਟਰ ਅਤੇ ਸ਼ੂਗਰ ਮਾਹਰ ਸਿੰਥੀਆ ਦਿਨੇਸ਼ ਕਹਿੰਦੀ ਹੈ, "ਸਿਰਫ਼ ਡਾਇਬਟੀਜ਼ ਹੀ ਨਹੀਂ, ਬਲਕਿ ਬਹੁਤ ਜ਼ਿਆਦਾ ਐਡਿਡ ਸ਼ੂਗਰ ਖਾਣਾ ਸਾਡੇ ਸਰੀਰ ਲਈ ਕਈ ਮਾਅਨਿਆਂ ਵਿੱਚ ਖ਼ਤਰਨਾਕ ਹੈ।"

ਉਹ ਚੇਤਾਵਨੀ ਦਿੰਦੀ ਹੈ ਕਿ ਇਹ ਟਾਈਪ-2 ਸ਼ੂਗਰ ਅਤੇ ਇਨਸੁਲਿਨ ਪ੍ਰਤੀਰੋਧ, ਮੋਟਾਪਾ (ਖ਼ਾਸ ਕਰਕੇ ਲੱਕ ਚੌੜਾਈ ਵਧਣਾ), ਨਾਨ-ਅਲਕੋਹਲਿਕ ਫੈਟੀ ਜਿਗਰ ਦੀ ਬਿਮਾਰੀ, ਦਿਲ ਦੀ ਬਿਮਾਰੀ ਅਤੇ ਦੰਦਾਂ ਦੇ ਸੜਨ ਦੇ ਜੋਖ਼ਮ ਨੂੰ ਵਧਾਉਂਦਾ ਹੈ।

ਸ਼ੂਗਰ

2. ਕੀ ਸਾਡੇ ਸਰੀਰ ਨੂੰ ਸੱਚਮੁੱਚ ਸ਼ੂਗਰ ਦੀ ਲੋੜ ਹੈ?

ਯੂਐੱਸ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ, ਸਾਡੇ ਸਰੀਰ ਨੂੰ ਗਲੂਕੋਜ਼ ਦੀ ਲੋੜ ਹੈ।

ਗਲੂਕੋਜ਼ ਇੱਕ ਕਿਸਮ ਦਾ ਸ਼ੂਗਰ ਹੈ ਜੋ ਦਿਮਾਗ਼ ਦੇ ਕੰਮ ਲਈ ਜ਼ਰੂਰੀ ਹੁੰਦਾ ਹੈ। ਇਹ ਪੂਰੇ ਸਰੀਰ ਲਈ ਊਰਜਾ ਦਾ ਇੱਕ ਮਹੱਤਵਪੂਰਨ ਸਰੋਤ ਹੈ।

ਪਰ ਤੁਹਾਨੂੰ ਆਪਣੀ ਖੁਰਾਕ ਵਿੱਚ ਵੱਖਰੇ ਤੌਰ 'ਤੇ ਗਲੂਕੋਜ਼ ਸ਼ਾਮਲ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡਾ ਸਰੀਰ ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਫੈਟ ਜਿਵੇਂ ਫੂਡ ਮੌਲੀਕਿਊਲਸ ਨੂੰ ਤੋੜ ਕੇ ਜ਼ਰੂਰੀ ਗਲੂਕੋਜ਼ ਹਾਸਲ ਕਰ ਲੈਂਦਾ ਹੈ।

3. ਕੀ ਸਾਨੂੰ ਫ਼ਲਾਂ ਵਿਚਲੀ ਸ਼ੂਗਰ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ?

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਲਾਂ ਅਤੇ ਸਬਜ਼ੀਆਂ ਵਿੱਚ ਕੁਦਰਤੀ ਤੌਰ 'ਤੇ ਮੌਜੂਦ ਸ਼ੂਗਰ ਹੁੰਦੀ ਹੈ

ਹਾਰਵਰਡ ਮੈਡੀਕਲ ਸਕੂਲ ਦੇ ਇੱਕ ਲੇਖ ਵਿੱਚ ਕਿਹਾ ਗਿਆ ਹੈ, "ਸ਼ੂਗਰ ਕੁਦਰਤੀ ਤੌਰ 'ਤੇ ਉਨ੍ਹਾਂ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਵਿੱਚ ਹੁੰਦੀ ਹੈ, ਜਿਨ੍ਹਾਂ ਵਿੱਚ ਕਾਰਬੋਹਾਈਡ੍ਰੇਟ ਹੁੰਦੇ ਹਨ, ਜਿਵੇਂ ਕਿ ਫ਼ਲ ਅਤੇ ਸਬਜ਼ੀਆਂ, ਅਨਾਜ ਅਤੇ ਡੇਅਰੀ ਉਤਪਾਦ। ਜਿਹੜੀਆਂ ਚੀਜ਼ਾਂ ਵਿੱਚ ਕੁਦਰਤੀ ਤੌਰ 'ਤੇ ਸ਼ੂਗਰ ਮਿਲਦੀ ਹੈ ਉਨ੍ਹਾਂ ਦਾ ਸੇਵਨ ਕਰਨਾ ਖ਼ਤਰਨਾਕ ਨਹੀਂ ਹੈ।"

ਇਸ ਤੋਂ ਇਲਾਵਾ, "ਪੌਦਿਆਂ ਦੇ ਭੋਜਨਾਂ ਵਿੱਚ ਫਾਈਬਰ, ਜ਼ਰੂਰੀ ਖਣਿਜ ਅਤੇ ਐਂਟੀਆਕਸੀਡੈਂਟ ਵੀ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਡੇਅਰੀ ਉਤਪਾਦਾਂ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਹੁੰਦਾ ਹੈ।"

ਲੇਖ ਵਿੱਚ ਕਿਹਾ ਗਿਆ ਹੈ, "ਮਨੁੱਖੀ ਸਰੀਰ ਇਹਨਾਂ ਭੋਜਨਾਂ ਨੂੰ ਹੌਲੀ-ਹੌਲੀ ਹਜ਼ਮ ਕਰਦਾ ਹੈ, ਇਸ ਲਈ ਇਹਨਾਂ ਵਿੱਚ ਮੌਜੂਦ ਸ਼ੂਗਰ ਸਾਡੇ ਸੈੱਲਾਂ ਨੂੰ ਬਿਨਾਂ ਕਿਸੇ ਉਤਰਾਅ-ਚੜ੍ਹਾਅ ਦੇ ਨਿਰੰਤਰ ਊਰਜਾ ਦਿੰਦੀ ਹੈ। ਜ਼ਿਆਦਾ ਫ਼ਲ, ਸਬਜ਼ੀਆਂ ਅਤੇ ਸਾਬਤ ਅਨਾਜ ਖਾਣ ਨਾਲ ਸ਼ੂਗਰ ਅਤੇ ਦਿਲ ਦੀ ਬਿਮਾਰੀ ਦਾ ਖ਼ਤਰਾ ਵੀ ਘੱਟ ਜਾਂਦਾ ਹੈ।"

ਉਦਾਹਰਣ ਵਜੋਂ, ਜਦੋਂ ਤੁਸੀਂ ਸੰਤਰਾ ਖਾਂਦੇ ਹੋ, ਤਾਂ ਤੁਹਾਨੂੰ ਬਹੁਤ ਸਾਰੇ ਪੌਸ਼ਟਿਕ ਤੱਤ ਅਤੇ ਫਾਈਬਰ ਦੇ ਨਾਲ ਕੁਦਰਤੀ ਸ਼ੂਗਰ ਮਿਲਦੀ ਹੈ।

ਸ਼ੂਗਰ
ਇਹ ਵੀ ਪੜ੍ਹੋ-

4. ਖੰਡ ਤੋਂ ਪਰਹੇਜ਼ ਸ਼ੁਰੂ ਕਰਨ ʼਤੇ ਕੀ ਹੁੰਦਾ ਹੈ ?

ਡਾ. ਸਿੰਥੀਆ ਕਹਿੰਦੀ ਹੈ, "ਐਡਿਡ ਸ਼ੂਗਰ ਨੂੰ ਘਟਾਉਣ ਦੇ ਬਹੁਤ ਸਾਰੇ ਫਾਇਦੇ ਹਨ। ਉਦਾਹਰਣ ਵਜੋਂ, ਕੈਲੋਰੀ ਦੀ ਮਾਤਰਾ ਘੱਟ ਹੋਣ ਕਾਰਨ ਦੰਦਾਂ ਦੀ ਸਿਹਤ ਵਿੱਚ ਸੁਧਾਰ ਅਤੇ ਭਾਰ ਘਟਾਉਣਾ। ਹਾਲਾਂਕਿ, ਕੁਝ ਲੋਕਾਂ ਨੂੰ ਖੰਡ ਨੂੰ ਘਟਾਉਣ 'ਤੇ ਸਿਰ ਦਰਦ, ਥਕਾਵਟ, ਜਾਂ ਮੂਡ ਸਵਿੰਗ ਵਰਗੇ ਲੱਛਣਾਂ ਦਾ ਅਨੁਭਵ ਹੋ ਸਕਦਾ ਹੈ।"

ਚੇਨੱਈ-ਅਧਾਰਤ ਨਿਊਟ੍ਰੀਸ਼ੀਨਿਸਟ ਤਾਰਿਨੀ ਕ੍ਰਿਸ਼ਨਨ ਕਹਿੰਦੀ ਹੈ, "ਕੁਝ ਲੋਕਾਂ ਨੂੰ ਇਸ ਤਰ੍ਹਾਂ ਦਾ ਅਨੁਭਵ ਇਸ ਲਈ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਆਪਣੀ ਖੁਰਾਕ ਵਿੱਚ ਬਹੁਤ ਜ਼ਿਆਦਾ ਖੰਡ ਸ਼ਾਮਲ ਕੀਤੀ ਹੋਈ ਸੀ।"

"ਉਦਾਹਰਣ ਵਜੋਂ, ਮੈਂ ਉਨ੍ਹਾਂ ਲੋਕਾਂ ਨੂੰ ਦੇਖਿਆ ਹੈ ਜੋ ਇੱਕ ਕੱਪ ਕੌਫੀ ਵਿੱਚ 4 ਤੋਂ 6 ਚਮਚੇ ਵ੍ਹਾਈਟ ਸ਼ੂਗਰ ਪਾਉਂਦੇ ਹਨ। ਉਨ੍ਹਾਂ ਨੂੰ ਅਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਨਹੀਂ ਤਾਂ, ਐਡਿਡ ਸ਼ੂਗਰ ਤੋਂ ਪਰਹੇਜ਼ ਕਰਨ ਤੋਂ ਜ਼ਿਆਦਾਤਰ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਹੁਦੀ ਹੈ।"

5. ਖੰਡ ਤੋਂ ਬਚਣ ਦੇ ਫਾਇਦੇ ਦੇਖਣ ਵਿੱਚ ਕਿੰਨਾ ਸਮਾਂ ਲੱਗਦਾ ਹੈ?

ਸ਼ੂਗਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਆਦਾ ਫ਼ਲ, ਸਬਜ਼ੀਆਂ ਅਤੇ ਸਾਬਤ ਅਨਾਜ ਖਾਣ ਨਾਲ ਸ਼ੂਗਰ ਅਤੇ ਦਿਲ ਦੀ ਬਿਮਾਰੀ ਦਾ ਖ਼ਤਰਾ ਵੀ ਘੱਟ ਜਾਂਦਾ ਹੈ

ਸੰਯੁਕਤ ਰਾਜ ਅਮਰੀਕਾ ਵਿੱਚ ਮੋਟਾਪੇ ਬੱਚਿਆਂ ਵਿੱਚ 2015 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ 10 ਦਿਨਾਂ ਲਈ ਸ਼ੂਗਰ ਨੂੰ ਪੂਰੀ ਤਰ੍ਹਾਂ ਛੱਡਣ ਨਾਲ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦੇ ਪੱਧਰਾਂ ਵਿੱਚ ਬਦਲਾਅ ਆਇਆ, ਹਾਲਾਂਕਿ ਸਰੀਰ ਦੇ ਭਾਰ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਆਇਆ।

ਡਾ. ਸਿੰਥੀਆ ਕਹਿੰਦੀ ਹੈ, "ਐਡਿਡ ਸ਼ੂਗਰ ਦੇ ਪਰਹੇਜ਼ ਨਾਲ ਸਾਡੀ ਪਾਚਨ ਪ੍ਰਣਾਲੀ ਪੰਜ ਤੋਂ ਛੇ ਦਿਨਾਂ ਦੇ ਅੰਦਰ-ਅੰਦਰ ਸੁਧਰ ਜਾਂਦੀ ਹੈ। ਸੱਤ ਤੋਂ ਅੱਠ ਦਿਨਾਂ ਦੇ ਅੰਦਰ ਸਕਾਰਾਤਮਕ ਮੂਡ ਬਦਲਾਅ ਸ਼ੁਰੂ ਹੋ ਜਾਂਦੇ ਹਨ। ਨੌਂ ਤੋਂ ਦਸ ਦਿਨਾਂ ਦੇ ਅੰਦਰ ਚਮੜੀ ਚਮਕਣ ਲੱਗ ਪੈਂਦੀ ਹੈ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ੂਗਰ ਦੇ ਮਰੀਜ਼ ਤਿੰਨ ਤੋਂ ਪੰਜ ਦਿਨਾਂ ਦੇ ਅੰਦਰ ਆਪਣੇ ਬਲੱਡ ਸ਼ੂਗਰ ਦੇ ਪੱਧਰ ਵਿੱਚ ਸਕਾਰਾਤਮਕ ਬਦਲਾਅ ਦੇਖ ਸਕਦੇ ਹਨ।

ਸਿੰਥੀਆ ਕਹਿੰਦੀ ਹੈ, "ਸਰੀਰ ਦੇ ਭਾਰ ਵਿੱਚ ਬਦਲਾਅ ਦੇਖਣ ਲਈ ਤੁਹਾਨੂੰ ਘੱਟੋ-ਘੱਟ ਇੱਕ ਮਹੀਨੇ ਤੱਕ ਐਡਿਡ ਸ਼ੂਗਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਇੱਕ ਸਿਹਤਮੰਦ ਖੁਰਾਕ ਖਾਣੀ ਚਾਹੀਦੀ ਹੈ। ਪਰ ਪਹਿਲਾਂ ਹੀ ਇੱਕ ਡਾਇਟੀਸ਼ੀਅਨ ਨਾਲ ਸਲਾਹ ਕਰਨਾ ਸਭ ਤੋਂ ਵਧੀਆ ਹੈ।"

6. ਰੋਜ਼ਾਨਾ ਕਿੰਨੀ ਸ਼ੂਗਰ ਦਾ ਸੇਵਨ ਕਰਨਾ ਸੁਰੱਖਿਅਤ ਹੈ?

ਸ਼ੂਗਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੂਗਰ ਦੇ ਮਰੀਜ਼ਾਂ ਲਈ ਐਡਡ ਸ਼ੂਗਰ ਤੋਂਪੂਰੀ ਤਰ੍ਹਾਂ ਪਹੇਜ਼ ਕਰਨਾ ਹੀ ਬਿਹਤਰ ਹੋਵੇਗਾ

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਐਡਿਡ ਸ਼ੂਗਰ ਤੁਹਾਡੀਆਂ ਰੋਜ਼ਾਨਾ ਕੈਲੋਰੀਆਂ ਦੇ 10 ਫੀਸਦ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਨੂੰ ਰੋਜ਼ਾਨਾ ਕੈਲੋਰੀਆਂ ਦੇ 5 ਫੀਸਦ ਤੱਕ ਘਟਾਉਣਾ ਵਧੇਰੇ ਲਾਭਦਾਇਕ ਹੋ ਸਕਦਾ ਹੈ।

ਯੂਕੇ ਨੈਸ਼ਨਲ ਹੈਲਥ ਸਰਵਿਸ ਸਿਫ਼ਾਰਸ਼ ਕਰਦੀ ਹੈ:

  • ਬਾਲਗਾਂ ਨੂੰ ਪ੍ਰਤੀ ਦਿਨ 30 ਗ੍ਰਾਮ ਤੋਂ ਵੱਧ ਐਡਿਡ ਸ਼ੁਗਰ ਨਹੀਂ ਖਾਣੀ ਚਾਹੀਦੀ।
  • 7 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਤੀ ਦਿਨ 24 ਗ੍ਰਾਮ ਤੋਂ ਵੱਧ ਐਡਿਡ ਸ਼ੁਗਰ ਨਹੀਂ ਖਾਣੀ ਚਾਹੀਦੀ।
  • 4 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਤੀ ਦਿਨ 19 ਗ੍ਰਾਮ ਤੋਂ ਵੱਧ ਐਡਿਡ ਸ਼ੁਗਰ ਨਹੀਂ ਖਾਣੀ ਚਾਹੀਦੀ।
  • 2 ਤੋਂ 3 ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਤੀ ਦਿਨ 14 ਗ੍ਰਾਮ ਤੋਂ ਵੱਧ ਐਡਿਡ ਸ਼ੁਗਰ ਨਹੀਂ ਖਾਣੀ ਚਾਹੀਦੀ।

ਸਿੰਥੀਆ ਦਿਨੇਸ਼ ਕਹਿੰਦੀ ਹੈ, "25 ਗ੍ਰਾਮ ਐਡਿਡ ਸ਼ੁਗਰ ਇੱਕ ਸਿਹਤਮੰਦ ਮਾਤਰਾ ਹੈ, 6 ਚਮਚ ਖੰਡ ਦੇ ਬਰਾਬਰ। ਇਸ ਤੋਂ ਇਲਾਵਾ, ਤੁਹਾਨੂੰ ਵਾਧੂ ਖੰਡ ਵਾਲੇ ਬਿਸਕੁਟ, ਕੇਕ ਜਾਂ ਸਾਫਟ ਡਰਿੰਕਸ ਤੋਂ ਬਚਣਾ ਚਾਹੀਦਾ ਹੈ।"

ਸਿੰਥੀਆ ਕਹਿੰਦੀ ਹੈ ਕਿ ਸ਼ੂਗਰ ਰੋਗੀਆਂ ਲਈ ਇਹ ਸਭ ਤੋਂ ਵਧੀਆ ਹੈ ਕਿ ਉਹ ਸ਼ੂਗਰ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ। "ਉਹ ਸੇਬ, ਅਮਰੂਦ, ਦੁੱਧ ਅਤੇ ਗਾਜਰ ਸੀਮਤ ਮਾਤਰਾ ਵਿੱਚ ਖਾ ਸਕਦੇ ਹਨ ਅਤੇ ਘੱਟ ਗਲਾਈਸੈਮਿਕ ਇੰਡੈਕਸ ਵਾਲੇ ਭੋਜਨਾਂ ਨੂੰ ਤਰਜੀਹ ਦੇ ਸਕਦੇ ਹਨ।"

ਪੋਸ਼ਣ ਵਿਗਿਆਨੀ ਤਾਰਿਨੀ ਕ੍ਰਿਸ਼ਨਨ ਕਹਿੰਦੀ ਹੈ, "ਐਡਿਡ ਸ਼ੂਗਰ ਨੂੰ ਘਟਾਉਣਾ ਜਾਂ ਇਸ ਤੋਂ ਬਚਣਾ ਸਿਰਫ਼ 10 ਜਾਂ 30 ਦਿਨਾਂ ਲਈ ਨਹੀਂ ਹੋਣਾ ਚਾਹੀਦਾ, ਸਗੋਂ ਜੀਵਨ ਭਰ ਇਸ ਦੀ ਪਾਲਣ ਕਰਨਾ ਚਾਹੀਦੀ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)