ਮਿਲਖਾ ਸਿੰਘ ਨੂੰ ਇੰਝ ਮਿਲਿਆ ਸੀ ‘ਫਲਾਇੰਗ ਸਿੱਖ’ ਦਾ ਖਿਤਾਬ

- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੇ ਖੇਡ ਜਗਤ ਵਿੱਚ ਇਤਿਹਾਸ ਰਚਣ ਵਾਲੇ ਮਿਲਖਾ ਸਿੰਘ ਦਾ 18 ਜੂਨ 2021 ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੀ ਦੂਸਰੀ ਬਰਸੀ ਹੈ।
ਅਣਵੰਡੇ ਭਾਰਤ 'ਚ ਸਾਲ 1932 'ਚ ਜਨਮੇ ਮਿਲਖਾ ਸਿੰਘ ਦੀ ਕਹਾਣੀ ਜੋਸ਼ ਅਤੇ ਦ੍ਰਿੜਤਾ ਨਾਲ ਭਰਪੂਰ ਕਹਾਣੀ ਹੈ।
ਇਹ ਉਹ ਵਿਅਕਤੀ ਸੀ ਜੋ ਕਿ ਵੰਡ ਦੇ ਦੰਗਿਆਂ 'ਚ ਮੁਸ਼ਕਲ ਨਾਲ ਬਚ ਗਿਆ ਸੀ। ਉਸ ਦੇ ਪਰਿਵਾਰ ਦੇ ਕਈ ਮੈਂਬਰ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਗਏ ਸਨ, ਜੋ ਕਿ ਟ੍ਰੇਨ 'ਚ ਬਿਨ੍ਹਾਂ ਟਿਕਟ ਦੇ ਸਫ਼ਰ ਕਰਦਿਆਂ ਫੜਿਆ ਗਿਆ ਸੀ ਅਤੇ ਇਸ ਕਰਕੇ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪਈ ਸੀ ਅਤੇ ਜਿਸ ਨੇ ਦੁੱਧ ਦੇ ਇੱਕ ਗਿਲਾਸ ਲਈ ਫੌਜ ਦੀ ਦੌੜ 'ਚ ਹਿੱਸਾ ਲਿਆ ਸੀ ਅਤੇ ਜੋ ਕਿ ਬਾਅਦ 'ਚ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣ ਕੇ ਉਭਰਿਆ।
1960 'ਚ ਰੋਮ ਓਲੰਪਿਕ 'ਚ ਵਿਸ਼ਵ ਰਿਕਾਰਡ ਤੋੜਨ ਦੇ ਬਾਵਜੂਦ ਮਿਲਖਾ ਸਿੰਘ ਭਾਰਤ ਦੇ ਲਈ ਸੋਨ ਤਗਮਾ ਜਿੱਤ ਨਹੀਂ ਸਕੇ ਸਨ ਅਤੇ ਉਨ੍ਹਾਂ ਨੂੰ ਚੌਥੇ ਸਥਾਨ 'ਤੇ ਹੀ ਸੰਤੋਖ ਰੱਖਣਾ ਪਿਆ ਸੀ।
'ਇਹ ਦੌੜ ਤੈਨੂੰ ਕੁਝ ਬਣਾ ਵੀ ਸਕਦੀ ਹੈ ਅਤੇ ਤੈਨੂੰ ਅਰਸ਼ ਤੋਂ ਫਰਸ਼ 'ਤੇ ਲਿਆ ਵੀ ਸਕਦੀ ਹੈ'
ਮਿਲਖਾ ਸਿੰਘ ਨੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਉਸ ਸਮੇਂ ਬਣਾਈ ਸੀ ਜਦੋਂ ਕਾਰਡਿਫ ਰਾਸ਼ਟਰਮੰਡਲ ਖੇਡਾਂ 'ਚ ਤਤਕਾਲੀ ਵਿਸ਼ਵ ਰਿਕਾਰਡ ਧਾਰਕ ਮੈਲਕਮ ਸਪੈਨਸ ਨੂੰ 440 ਗਜ਼ ਦੀ ਦੌੜ 'ਚ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਸੀ।
ਉਸ ਰਾਤ ਮਿਲਖਾ ਸਿੰਘ ਨੂੰ ਨੀਂਦ ਹੀ ਨਹੀਂ ਆਈ ਸੀ। ਅਗਲੇ ਦਿਨ 440 ਯਾਰਡ ਦੀ ਦੌੜ ਦਾ ਫਾਈਨਲ ਸ਼ਾਮ ਨੂੰ ਚਾਰ ਵਜੇ ਸੀ। ਸਵੇਰ ਦੇ ਸਮੇਂ ਉਨ੍ਹਾਂ ਨੇ ਆਪਣੀਆਂ ਨਾੜਾਂ ਨੂੰ ਅਰਾਮ ਦੇਣ ਲਈ ਟੱਬ 'ਚ ਗਰਮ ਪਾਣੀ ਨਾਲ ਇਸ਼ਨਾਨ ਕੀਤਾ, ਨਾਸ਼ਤਾ ਕੀਤਾ ਅਤੇ ਫਿਰ ਕੰਬਲ ਲੈ ਕੇ ਸੌ ਗਏ। ਦੁਪਹਿਰ ਨੂੰ ਉਨ੍ਹਾਂ ਦੀ ਅੱਖ ਖੁੱਲ੍ਹੀ।

ਉਨ੍ਹਾਂ ਨੇ ਦੁਪਹਿਰ ਦੇ ਖਾਣੇ 'ਚ ਸੂਪ ਦੀ ਇਕ ਕੌਲੀ ਅਤੇ ਡਬਲ ਰੋਟੀ ਦੇ ਦੋ ਟੁੱਕੜੇ ਖਾਦੇ। ਉਨ੍ਹਾਂ ਨੇ ਜਾਣਬੁੱਝ ਕੇ ਹੀ ਘੱਟ ਖਾਣਾ ਖਾਧਾ ਤਾਂ ਜੋ ਉਨ੍ਹਾਂ ਦੀ ਕਾਰਗੁਜ਼ਾਰੀ ਪ੍ਰਭਾਵਤ ਨਾ ਹੋਵੇ। ਮਿਲਖਾ ਸਿੰਘ ਉਸ ਦਿਨ ਨੂੰ ਯਾਦ ਕਰਦਿਆਂ ਕਹਿੰਦੇ ਹਨ, "ਕਰੀਬ ਇੱਕ ਵਜੇ ਮੈਂ ਕੰਘੀ ਕੀਤੀ ਅਤੇ ਆਪਣੇ ਲੰਮੇ ਵਾਲਾਂ ਨੂੰ ਚਿੱਟੇ ਰੁਮਾਲ ਨਾਲ ਢੱਕਿਆ।"
"ਏਅਰ ਇੰਡੀਆ ਦੇ ਆਪਣੇ ਬੈਗ 'ਚ ਮੈਂ ਸਪਾਈਕਡ ਜੁੱਤੇ, ਇੱਕ ਛੋਟਾ ਤੋਲੀਆ, ਇੱਕ ਕੰਘਾ ਅਤੇ ਗਲੂਕੋਜ਼ ਦਾ ਇਕ ਪੈਕੇਟ ਰੱਖਿਆ । ਫਿਰ ਮੈਂ ਟਰੈਕ ਸੂਟ ਪਾ ਕੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਗੁਰੁ ਨਾਨਕ ਦੇਵ ਜੀ, ਗੁਰੁ ਗੋਬਿੰਦ ਸਿੰਘ ਜੀ ਅਤੇ ਭਗਵਾਨ ਸ਼ਿਵ ਨੂੰ ਯਾਦ ਕੀਤਾ।"
ਮਿਲਖਾ ਸਿੰਘ ਨੂੰ ਉਸ ਦਿਨ ਦਾ ਹਰ ਪਲ ਯਾਦ ਸੀ।
"ਮੇਰੀ ਟੀਮ ਦੇ ਮੈਂਬਰ ਬੱਸ 'ਚ ਮੇਰਾ ਇੰਤਜ਼ਾਰ ਕਰ ਰਹੇ ਸਨ। ਜਦੋਂ ਮੈਂ ਆਪਣੀ ਸੀਟ 'ਤੇ ਬੈਠਾ ਤਾਂ ਉਨ੍ਹਾਂ ਨੇ ਮੈਨੂੰ ਮਜ਼ਾਕ 'ਚ ਕਿਹਾ ਕਿ ਮਿਲਖਾ ਸਿੰਘ ਅੱਜ ਆਫ਼ ਕਲਰ ਲੱਗ ਰਿਹਾ ਹੈ। ਇੱਕ ਨੇ ਪੁੱਛਿਆ ਕੀ ਗੱਲ ਹੈ ? ਅੱਜ ਤੁਸੀਂ ਖੁਸ਼ ਕਿਉਂ ਨਹੀਂ ਲੱਗ ਰਹੇ ਹੋ? ਮੈਂ ਉਨ੍ਹਾਂ ਦੇ ਸਵਾਲਾਂ ਦਾ ਕੋਈ ਜਵਾਬ ਨਾ ਦਿੱਤਾ, ਪਰ ਮੇਰਾ ਮਨ ਥੋੜ੍ਹਾ ਜਿਹਾ ਹਲਕਾ ਜ਼ਰੂਰ ਹੋ ਗਿਆ।"
ਮਿਲਖਾ ਸਿੰਘ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਸ ਨੂੰ ਇਸ ਤਰ੍ਹਾਂ ਕੁਝ ਘਬਰਾਇਆ ਵੇਖ ਕੇ ਉਨ੍ਹਾਂ ਦੇ ਕੋਚ ਡਾਕਟਰ ਹਾਵਰਡ ਉਨ੍ਹਾਂ ਦੇ ਨਾਲ ਦੀ ਸੀਟ 'ਤੇ ਆ ਕੇ ਬੈਠ ਗਏ ਅਤੇ ਕਹਿਣ ਲੱਗੇ “ਅੱਜ ਦੀ ਦੌੜ ਜਾਂ ਤਾਂ ਤੈਨੂੰ ਬਣਾ ਦੇਵੇਗੀ ਜਾਂ ਫਿਰ ਬਰਬਾਦ ਕਰ ਦੇਵੇਗੀ।”
“ਜੇਕਰ ਤੂੰ ਮੇਰੇ ਵੱਲੋਂ ਦਿੱਤੇ ਸੁਝਾਅ, ਟਿਪਸ ਦਾ ਪਾਲਣ ਕਰੇਗਾ ਤਾਂ ਤੂੰ ਮਾਲਕਮ ਸਪੈਂਸ ਨੂੰ ਹਰਾਉਣ 'ਚ ਕਾਮਯਾਬ ਰਹੇਗਾ। ਤੇਰੇ 'ਚ ਅਜਿਹਾ ਕਰਨ ਦੀ ਯੋਗਤਾ ਹੈ।"
ਭਾਰਤ ਦੇ ਮਿਲਖਾ ਸਿੰਘ ਛੇਵੀਂ ਕਤਾਰ 'ਚ ਸਨ

ਮਿਲਖਾ ਸਿੰਘ ਦਾ ਕਹਿਣਾ ਸੀ ਕਿ ਇਸ ਨਾਲ ਉਨ੍ਹਾਂ ਨੂੰ ਕੁਝ ਹਿੰਮਤ ਮਿਲੀ ਸੀ।
ਸਟੇਡੀਅਮ ਪਹੁੰਚ ਕੇ ਉਹ ਸਿੱਧੇ ਆਪਣੇ ਡ੍ਰੈਸਿੰਗ ਰੂਮ 'ਚ ਗਏ ਅਤੇ ਫਿਰ ਲੇਟ ਗਏ। ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਹਲਕਾ ਬੁਖਾਰ ਚੜ੍ਹ ਗਿਆ ਹੋਵੇ। ਫਿਰ ਉਨ੍ਹਾਂ ਨੇ ਮਿਲਖਾ ਸਿੰਘ ਦੀ ਪਿੱਠ ਅਤੇ ਪੈਰਾਂ ਦੀ ਮਾਲਸ਼ ਕੀਤੀ ਅਤੇ ਕਿਹਾ " ਮੇਰੇ ਬੱਚੇ ਤਿਆਰ ਹੋਣਾ ਸ਼ੁਰੂ ਕਰੋ ਦਿਓ। ਇੱਕ ਘੰਟੇ 'ਚ ਤੁਹਾਡੀ ਦੌੜ ਸ਼ੁਰੂ ਹੋਣ ਵਾਲੀ ਹੈ।"
ਹਾਵਰਡ ਪਿਛਲੇ ਕਈ ਦਿਨਾਂ ਤੋਂ ਮਿਲਖਾ ਸਿੰਘ ਦੇ ਹਰੇਕ ਵਿਰੋਧੀ ਦੀਆਂ ਤਕਨੀਕਾਂ ਭਾਂਪ ਰਹੇ ਸਨ।
ਪਹਿਲੀ ਹੀਟ ਤੋਂ ਬਾਅਦ ਰਾਤ ਦੇ ਖਾਣੇ ਤੋਂ ਬਾਅਦ ਹਾਵਰਡ ਮਿਲਖਾ ਸਿੰਘ ਦੇ ਕਮਰੇ 'ਚ ਗਏ ਅਤੇ ਉਨ੍ਹਾਂ ਦੇ ਮੰਜੇ 'ਤੇ ਬੈਟ ਕੇ ਆਪਣੀ ਟੁੱਟੀ ਫੁੱਟੀ ਹਿੰਦੀ 'ਚ ਬੋਲੇ, " ਮਿਲਖਾ ਮੈਂ ਸਪੈਨਸ ਨੂੰ 400 ਮੀਟਰ ਦੌੜਦਿਆਂ ਵੇਖਿਆ ਹੈ। ਉਹ ਪਹਿਲਾਂ 300 ਮੀਟਰ ਹੌਲੀ ਦੌੜਦਾ ਹੈ ਅਤੇ ਅਖੀਰਲੇ 100 ਮੀਟਰ 'ਚ ਸਾਰਿਆਂ ਨੂੰ ਫੜ੍ਹਦਾ ਹੈ। ਤੁਹਾਨੂੰ 400 ਮੀਟਰ ਨਹੀਂ ਬਲਕਿ 350 ਮੀਟਰ ਹੀ ਦੌੜ ਲਗਾਉਣੀ ਹੈ। ਸਮਝਣਾ ਕਿ ਇੰਨ੍ਹੀ ਹੀ ਲੰਮੀ ਦੌੜ ਹੈ।"
ਮਿਲਖਾ ਸਿੰਘ ਦੱਸਦੇ ਸਨ, " 440 ਯਾਰਡ ਦੀ ਦੌੜ ਦੇ ਫਾਈਨਲ ਦੀ ਪਹਿਲੀ ਕਾਲ ਸ਼ਾਮ 3:50 'ਤੇ ਆਈ। ਅਸੀਂ ਛੇ ਜਣੇ ਸ਼ੁਰੂਆਤੀ ਲਾਈਨ 'ਤੇ ਖੜ੍ਹੇ ਹੋ ਗਏ। ਮੈਂ ਆਪਣੇ ਤੋਲੀਏ ਨਾਲ ਆਪਣੇ ਪੈਰਾਂ ਦਾ ਪਸੀਨਾ ਪੂੰਝਿਆ। ਮੈਂ ਅਜੇ ਆਪਣੇ ਸਪਾਈਕ ਦੇ ਤਸ਼ਮੇ ਬੰਨ੍ਹ ਹੀ ਰਿਹਾ ਸੀ ਕਿ ਦੂਜੀ ਕਾਲ ਆਈ।”
“ਮੈਂ ਆਪਣਾ ਟਰੈਕ ਸੂਟ ਲਾਹਿਆ। ਮੇਰੀ ਵੈਸਟ 'ਤੇ ਭਾਰਤ ਲਿਖਿਆ ਹੋਇਆ ਸੀ ਅਤੇ ਉਸ ਦੇ ਹੇਠਾਂ ਅਸ਼ੋਕ ਚੱਕਰ ਬਣਿਆ ਹੋਇਆ ਸੀ। ਫਿਰ ਮੈਂ ਲੰਮੇ ਸਾਹ ਲਏ ਅਤੇ ਆਪਣੇ ਸਾਥੀ ਦੌੜਾਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇੰਗਲੈਂਡ ਦੇ ਸਾਲਸਬਰੀ ਪਹਿਲੀ ਕਤਾਰ 'ਚ ਸਨ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਸਪੈਂਸ ਅਤੇ ਆਸਟਰੇਲੀਆ ਦੇ ਕੇਰ, ਫਿਰ ਜਮੈਕਾ ਦੇ ਗਾਸਪਰ ਅਤੇ ਕੈਨੇਡਾ ਦੇ ਟੋਬੈਕੋ ਅਤੇ ਛੇਵੀਂ ਕਤਾਰ 'ਚ ਸੀ ਭਾਰਤ ਦੇ ਮਿਲਖਾ ਸਿੰਘ।

ਸਿਰਫ ਅੱਧੇ ਫੁੱਟ ਦਾ ਫ਼ਰਕ
ਜਿਵੇਂ ਹੀ ਸਟਾਰਟਰ ਨੇ ਕਿਹਾ- ਆਨ ਯੂਅਰ ਮਾਰਕ, ਮਿਲਖਾ ਸਿੰਘ ਨੇ ਸ਼ੁਰੂਆਤੀ ਲਾਈਨ ਦੇ ਪਿੱਛੇ ਆਪਣਾ ਖੱਬਾ ਪੈਰ ਕੀਤਾ ਅਤੇ ਸੱਜੇ ਗੋਡੇ ਨੂੰ ਖੱਬੇ ਪੈਰ ਦੇ ਸਮਾਨਾਂਤਰ ਕੀਤਾ ਅਤੇ ਦੋਵੇਂ ਹੱਥ ਜ਼ਮੀਨ 'ਤੇ ਰੱਖੇ।
ਜਿਵੇਂ ਹੀ ਦੌੜ ਦੀ ਸ਼ੁਰੂਆਤ ਲਈ ਗੋਲੀ ਚੱਲੀ, ਮਿਲਖਾ ਸਿੰਘ ਇੰਝ ਤੇਜ਼ੀ ਨਾਲ ਭੱਜੇ ਜਿਵੇਂ ਕਿ ਭੂੰਡਾਂ ਦਾ ਝੁੰਡ ਉਨ੍ਹਾਂ ਦੇ ਪਿੱਛੇ ਪੈ ਗਿਆ ਹੋਵੇ। ਉਨ੍ਹਾਂ ਨੂੰ ਹਾਵਰਡ ਵੱਲੋਂ ਦਿੱਤੀ ਗਈ ਸਲਾਹ ਯਾਦ ਸੀ। ਪਹਿਲੇ 300 ਮੀਟਰ 'ਚ ਉਨ੍ਹਾਂ ਨੇ ਆਪਣੀ ਪੂਰੀ ਜਿੰਦ ਜਾਣ ਲਗਾ ਦਿੱਤੀ ਸੀ।
ਮਿਲਖਾ ਸਿੰਘ ਸਭ ਤੋਂ ਅੱਗੇ ਸਨ ਅਤੇ ਜਦੋਂ ਸਪੈਂਸ ਦਾ ਧਿਆਨ ਉਨ੍ਹਾਂ 'ਤੇ ਪਿਆ ਤਾਂ ਉਸ ਨੇ ਮਿਲਖਾ ਸਿੰਘ ਤੋਂ ਅੱਗੇ ਨਿਕਲਣ ਦਾ ਯਤਨ ਕੀਤਾ। ਪਰ ਉਸ ਦਿਨ ਕਿਸਮਤ ਮਿਲਖਾ ਸਿੰਘ ਦੇ ਨਾਲ ਸੀ।
ਮਿਲਖਾ ਸਿੰਘ ਉਸ ਦਿਨ ਨੂੰ ਯਾਦ ਕਰਦਿਆਂ ਕਹਿੰਦੇ ਹਨ, " ਜਦੋਂ ਦੌੜ ਖ਼ਤਮ ਹੋਣ 'ਚ 50 ਗਜ਼ ਬਾਕੀ ਰਹਿ ਗਏ ਸਨ, ਉਸ ਸਮੇਂ ਮੇਰਾ ਧਿਆਨ ਚਿੱਟੀ ਟੇਪ ਵੱਲ ਗਿਆ ਸੀ। ਸਪੈਨਸ ਤੋਂ ਪਹਿਲਾਂ ਉੱਥੇ ਪਹੁੰਚਣ ਲਈ ਮੈਂ ਆਪਣੀ ਪੂਰੀ ਵਾਹ ਲਗਾ ਦਿੱਤੀ ਸੀ।”
“ਜਦੋਂ ਮੈਂ ਟੇਪ ਨੂੰ ਛੂਹਿਆ ਸੀ ਉਸ ਸਮੇਂ ਸਪੈਂਸ ਮੇਰੇ ਤੋਂ ਮਹਿਜ਼ ਅੱਧਾ ਫੁੱਟ ਹੀ ਪਿੱਛੇ ਸੀ। ਅੰਗਰੇਜ਼ ਜ਼ੋਰ-ਜ਼ੋਰ ਨਾਲ ਚੀਕ ਰਹੇ ਸਨ- ਕਮ ਆਨ ਸਿੰਘ, ਕਮ ਆਨ ਸਿੰਘ। ਦੌੜ ਖ਼ਤਮ ਹੁੰਦਿਆਂ ਹੀ ਮੈਂ ਮੈਦਾਨ 'ਚ ਹੀ ਬੇਹੋਸ਼ ਹੋ ਕੇ ਡਿੱਗ ਗਿਆ ਸੀ।"
ਮਿਲਖਾ ਸਿੰਘ ਨੂੰ ਸਟ੍ਰੈਚਰ 'ਤੇ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਆਕਸੀਜਨ ਦਿੱਤੀ ਗਈ।
ਜਦੋਂ ਉਨ੍ਹਾਂ ਨੂੰ ਹੋਸ਼ ਆਇਆ, ਉਸ ਸਮੇਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਕਿੰਨ੍ਹਾਂ ਵੱਡਾ ਕਾਰਨਾਮਾ ਕੀਤਾ ਹੈ। ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਮੋਢਿਆਂ 'ਤੇ ਚੁੱਕ ਲਿਆ। ਉਨ੍ਹਾਂ ਨੇ ਤਿਰੰਗੇ ਨੂੰ ਆਪਣੇ ਸਰੀਰ 'ਤੇ ਲਪੇਟਿਆ ਅਤੇ ਪੂਰੇ ਸਟੇਡੀਅਮ ਦਾ ਚੱਕਰ ਲਗਾਇਆ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਿਆ ਸੀ।
ਜਦੋਂ ਵਿਜੇਲਕਸ਼ਮੀ ਪੰਡਿਤ ਨੇ ਭੱਜ ਕੇ ਮਿਲਖਾ ਸਿੰਘ ਨੂੰ ਜੱਫ਼ੀ ਪਾਈ

ਤਸਵੀਰ ਸਰੋਤ, Getty Images
ਜਦੋਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੇ ਮਿਲਖਾ ਸਿੰਘ ਦੇ ਗਲੇ 'ਚ ਸੋਨੇ ਦਾ ਤਗਮਾ ਪਾਇਆ ਅਤੇ ਉਨ੍ਹਾਂ ਨੇ ਭਾਰਤੀ ਝੰਡੇ ਨੂੰ ਉੱਪਰ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ।
ਉਨ੍ਹਾਂ ਨੇ ਵੇਖਿਆ ਕਿ ਵੀਆਈਪੀ ਇਨਕਲੋਜ਼ਰ 'ਚੋਂ ਇੱਕ ਛੋਟੇ ਵਾਲਾਂ ਵਾਲੀ ਮਹਿਲਾ, ਜਿਸ ਨੇ ਸਾੜੀ ਪਹਿਣੀ ਹੋਈ ਸੀ, ਉਨ੍ਹਾਂ ਵੱਲ ਦੌੜਦੀ ਆ ਰਹੀ ਹੈ। ਭਾਰਤੀ ਟੀਮ ਦੇ ਮੁਖੀ ਅਸ਼ਵਨੀ ਕੁਮਾਰ ਨੇ ਉਸ ਨਾਲ ਜਾਣ-ਪਛਾਣ ਕਰਵਾਈ। ਉਹ ਬ੍ਰਿਟੇਨ 'ਚ ਭਾਰਤ ਦੀ ਹਾਈ ਕਮਿਸ਼ਨਰ ਵਿਜੇਲਕਸ਼ਮੀ ਪੰਡਿਤ ਸੀ।
ਮਿਲਖਾ ਸਿੰਘ ਯਾਦ ਕਰਦਿਆਂ ਕਹਿੰਦੇ ਸਨ, "ਉਨ੍ਹਾਂ ਨੇ ਮੈਨੂੰ ਗਲੇ ਲਗਾਇਆ ਅਤੇ ਵਧਾਈ ਦਿੱਤੀ ਅਤੇ ਨਾਲ ਹੀ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੁਨੇਹਾ ਭੇਜਿਆ ਹੈ ਕਿ ਇੰਨ੍ਹੀ ਵੱਡੀ ਪ੍ਰਾਪਤੀ ਹਾਸਲ ਕਰਨ 'ਤੇ ਉਹ ਇਨਾਮ ਵੱਜੋਂ ਕੀ ਲੈਣਾ ਚਾਹੁਣਗੇ?”
“ਮੇਰੀ ਸਮਝ 'ਚ ਕੁਝ ਨਹੀਂ ਆਇਆ ਕਿ ਕੀ ਮੰਗਾਂ। ਮੇਰੇ ਮੂੰਹੋਂ ਨਿਕਲਿਆ ਕਿ ਇਸ ਜਿੱਤ ਦੀ ਖੁਸ਼ੀ 'ਚ ਭਾਰਤ ਭਰ 'ਚ ਛੁੱਟੀ ਕਰ ਦਿੱਤੀ ਜਾਵੇ। ਜਿਸ ਦਿਨ ਮੈਂ ਭਾਰਤ ਪਹੁੰਚਿਆ ਸੀ, ਉਸ ਦਿਨ ਪੰਡਿਤ ਨਹਿਰੂ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਦੇਸ਼ ਭਰ 'ਚ ਛੁੱਟੀ ਦਾ ਐਲਾਨ ਕੀਤਾ।"
'ਉੱਡਣ ਸਿੱਖ' ਬਣਨ ਦੀ ਕਹਾਣੀ
1960 'ਚ ਮਿਲਖਾ ਸਿੰਘ ਨੂੰ ਪਾਕਿਸਤਾਨ ਤੋਂ ਸੱਦਾ ਆਇਆ ਸੀ ਕਿ ਉਹ ਭਾਰਤ-ਪਾਕਿਸਤਾਨ ਐਥਲੈਟਿਕਸ ਮੁਕਾਬਲੇ 'ਚ ਹਿੱਸਾ ਲੈਣ। ਟੋਕਿਓ ਏਸ਼ੀਅਨ ਖੇਡਾਂ 'ਚ ਉਨ੍ਹਾਂ ਨੇ ਉੱਥੋਂ ਦੇ ਸਰਬੋਤਮ ਦੌੜਾਕ ਅਬਦੁੱਲ ਖ਼ਾਲਿਕ ਨੂੰ ਫੋਟੋ ਫਿਨਿਸ਼ 'ਚ 200 ਮੀਟਰ ਦੀ ਦੌੜ 'ਚ ਮਾਤ ਦਿੱਤੀ ਸੀ।
ਹੁਣ ਪਾਕਿਸਤਾਨੀ ਚਾਹੁੰਦੇ ਸਨ ਕਿ ਦੋਵਾਂ ਦਾ ਮੁਕਾਬਲਾ ਪਾਕਿਸਤਾਨ ਦੀ ਸਰਜ਼ਮੀਨ 'ਤੇ ਆਯੋਜਿਤ ਹੋਵੇ।
ਮਿਲਖਾ ਸਿੰਘ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਵੰਡ ਦੇ ਸਮੇਂ ਦੀਆਂ ਬਹੁਤ ਸਾਰੀਆਂ ਕੌੜੀਆਂ ਯਾਦਾਂ ਉਨ੍ਹਾਂ ਦੇ ਦਿਲੋ-ਦਿਮਾਗ 'ਚ ਘੁੰਮ ਰਹੀਆਂ ਸਨ। ਉਨ੍ਹਾਂ ਦੀਆਂ ਅੱਖਾਂ ਅੱਗੇ ਉਹ ਘਟਨਾ ਵਾਰ-ਵਾਰ ਆ ਜਾਂਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਤਸਵੀਰ ਸਰੋਤ, AFP
ਪਰ ਨਹਿਰੂ ਦੇ ਕਹਿਣ 'ਤੇ ਮਿਲਖਾ ਸਿੰਘ ਪਾਕਿਸਤਾਨ ਗਏ। ਲਾਹੌਰ ਦੇ ਸਟੇਡੀਅਮ 'ਚ ਜਿਵੇਂ ਹੀ ਸਟਾਰਟਰ ਨੇ ਪਿਸਤੌਲ ਦਾਗੀ, ਮਿਲਖਾ ਸਿੰਘ ਨੇ ਦੌੜਨਾ ਸ਼ੂਰੂ ਕਰ ਦਿੱਤਾ। ਦਰਸ਼ਕ ਉਤਸੁਕਤਾ 'ਚ ਚੀਕਣ ਲੱਗੇ- ਪਾਕਿਸਤਾਨ ਜ਼ਿੰਦਾਬਾਦ…ਅਬਦੁੱਲ ਖ਼ਾਲਿਕ ਜ਼ਿੰਦਾਬਾਦ…।”
“ਖ਼ਾਲਿਕ ਮਿਲਖਾ ਤੋਂ ਅੱਗੇ ਸਨ, ਪਰ 100 ਮੀਟਰ ਮੁਕੰਮਲ ਹੋਣ ਤੋਂ ਪਹਿਲਾਂ ਹੀ ਮਿਲਖਾ ਨੇ ਉਸ ਨੂੰ ਫੜ੍ਹ ਲਿਆ ਸੀ। ਇਸ ਤੋਂ ਬਾਅਦ ਖ਼ਾਲਿਕ ਪਛੜਦੇ ਗਏ। ਮਿਲਖਾ ਨੇ ਜਦੋਂ ਟੇਪ ਨੂੰ ਛੂਹਿਆ ਤਾਂ ਉਹ ਖ਼ਾਲਿਕ ਤੋਂ 10 ਗਜ਼ ਅੱਗੇ ਸਨ।
ਉਨ੍ਹਾਂ ਨੇ ਇਹ ਦੌੜ 20..7 ਸੈਕਿੰਡ 'ਚ ਮੁਕੰਮਲ ਕੀਤੀ ਸੀ। ਇਹ ਉਸ ਸਮੇਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਸੀ। ਜਦੋਂ ਦੌੜ ਖ਼ਤਮ ਹੋਈ ਤਾਂ ਖ਼ਾਲਿਕ ਮੈਦਾਨ 'ਚ ਹੀ ਲੇਟ ਕੇ ਰੋਣ ਲੱਗ ਪਏ ਸਨ।
ਮਿਲਖਾ ਸਿੰਘ ਉਨ੍ਹਾਂ ਦੇ ਕੋਲ ਗਏ ਅਤੇ ਖ਼ਾਲਿਕ ਦੀ ਪਿੱਠ ਥੱਪੜਦਿਆਂ ਬੋਲੇ, " ਹਾਰ-ਜਿੱਤ ਤਾਂ ਖੇਡ ਦਾ ਹੀ ਹਿੱਸਾ ਹਨ। ਇਸ ਨੂੰ ਦਿਲ ਨਾਲ ਨਹੀਂ ਲਗਾਉਣਾ ਚਾਹੀਦਾ ਹੈ।"
ਦੌੜ ਤੋਂ ਬਾਅਦ ਮਿਲਖਾ ਸਿੰਘ ਨੇ ਵਿਕਟਰੀ ਲੈਪ ਲਗਾਇਆ। ਮਿਲਖਾ ਸਿੰਘ ਨੂੰ ਤਗਮਾ ਦਿੰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਫ਼ੀਲਡ ਮਾਰਸ਼ਲ ਅਯੂਬ ਖ਼ਾਨ ਨੇ ਕਿਹਾ, " ਮਿਲਖਾ ਅੱਜ ਤੋਸੀਂ ਦੌੜੇ ਨਹੀਂ, ਉੱਡੇ ਹੋ। ਮੈਂ ਤੁਹਾਨੂੰ ਫਲਾਇੰਗ ਸਿੱਖ ਦਾ ਖ਼ਿਤਾਬ ਦਿੰਦਾ ਹਾਂ।"
ਇਹ ਵੀ ਪੜ੍ਹੋ


















