ਕਿਮ ਜੌਂਗ ਉਨ ਦੀ ਧੀ ਦੀ 'ਡ੍ਰੈਸਿੰਗ ਸੈਂਸ' ਦੀ ਚਰਚਾ ਕਿਉਂ ਹੋ ਰਹੀ ਹੈ, ਕੀ ਉਨ੍ਹਾਂ ਨੂੰ ਉਤਰਾਧਿਕਾਰੀ ਬਣਾਉਣ ਦੀ ਤਿਆਰੀ ਹੋ ਰਹੀ ਹੈ

ਕਿਮ ਜੋਂਗ ਉਨ ਅਤੇ ਉਨ੍ਹਾਂ ਦੀਆਂ ਧੀਆਂ

ਤਸਵੀਰ ਸਰੋਤ, Reuters / EPA / BBC

    • ਲੇਖਕ, ਸੇਂਗਮੀ ਹੇਨ
    • ਰੋਲ, ਬੀਬੀਸੀ ਨਿਊਜ਼ ਕੋਰੀਅਨ
    • ...ਤੋਂ, ਸਿਓਲ
  • ਪੜ੍ਹਨ ਦਾ ਸਮਾਂ: 8 ਮਿੰਟ

ਕਿਮ ਜੌਂਗ ਉਨ ਦੀ ਧੀ ਨੂੰ ਅਕਸਰ ਉਨ੍ਹਾਂ ਲਗਜ਼ਰੀ ਪੱਛਮੀ ਬਰਾਂਡਾਂ ਦੇ ਪਹਿਰਾਵਿਆਂ ਵਿੱਚ ਦੇਖਿਆ ਜਾ ਰਿਹਾ ਹੈ ਜੋ ਉੱਤਰੀ ਕੋਰੀਆ ਵਿੱਚ 'ਤਰੱਕੀ ਖ਼ਿਲਾਫ਼' ਅਤੇ 'ਸਮਾਜਵਾਦ ਵਿਰੋਧੀ' ਮੰਨਦਿਆਂ ਬੈਨ ਕੀਤਾ ਗਿਆ ਹੈ।

ਪਰ ਕਿਮ ਜੂ ਏ ਦੀ ਫੈਸ਼ਨ ਚੋਣ ਜਿਵੇਂ ਕਿ ਚਮੜੇ, ਇੱਕ 'ਰੂਸਟਰ ' ਹੇਅਰਸਟਾਈਲ ਅਤੇ ਪਾਰਦਰਸ਼ੀ ਬਲਾਊਜ਼ ਉਸ ਦੀ ਅੱਲ੍ਹੜਪੁਣੇ ਦੀ ਬਗ਼ਾਵਤ ਦੀ ਬਜਾਏ ਇਹ ਸੰਕੇਤ ਕਰਦੇ ਹਨ ਕਿ ਉਸ ਨੂੰ ਸਰਬਉੱਚ ਨੇਤਾ ਦੇ ਉੱਤਰਾਧਿਕਾਰੀ ਵਜੋਂ ਤਿਆਰ ਕੀਤਾ ਜਾ ਰਿਹਾ ਹੈ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 19 ਨਵੰਬਰ 2022 ਨੂੰ ਕਿਮ ਜੂ ਏ ਦੀ ਪਹਿਲੀ ਸਰਕਾਰੀ ਦਿਖ ਦੀ ਇੱਕ ਤਸਵੀਰ ਜਾਰੀ ਕੀਤੀ ਗਈ, ਜਿਸ ਵਿੱਚ ਕਿਮ ਜੌਂਗ ਉਨ ਅਤੇ ਇੱਕ ਅੰਤਰ-ਮਹਾਦੀਪੀ ਬੈਲਿਸਟਿਕ ਮਿਸਾਈਲ ਵੀ ਨਜ਼ਰ ਆ ਰਹੀ ਸੀ

ਦੱਸਿਆ ਜਾ ਰਿਹਾ ਹੈ ਕਿ 2013 ਵਿੱਚ ਜਨਮੀ ਜੂ ਏ ਨੇ ਨਵੰਬਰ 2022 ਵਿੱਚ ਨੌਂ ਸਾਲ ਦੀ ਉਮਰ ਵਿੱਚ ਆਪਣਾ ਡੈਬਿਊ ਕੀਤਾ ਸੀ ਜਦੋਂ ਉਹ ਇੱਕ ਵਿਸ਼ਾਲ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਦੇ ਸਾਹਮਣੇ ਆਪਣੇ ਪਿਤਾ ਨਾਲ ਘੁੰਮ ਰਹੀ ਸੀ।

ਪਰ ਪਿੱਛੇ ਨੂੰ ਬੰਨ੍ਹੇ ਹੋਏ ਵਾਲਾਂ, ਕਾਲੀ ਪੈਂਟ ਅਤੇ ਚਿੱਟੀ ਪੈਡਿਡ ਜੈਕਿਟ ਨਾਲ ਉਸ ਦਾ ਪਹਿਰਾਵਾ ਪ੍ਰਭਾਵਸ਼ਾਲੀ ਲੱਗ ਰਿਹਾ ਸੀ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 14 ਅਪ੍ਰੈਲ 2023 ਨੂੰ ਉੱਤਰੀ ਕੋਰੀਆ ਦੇ ਸਰਕਾਰੀ ਟੈਲੀਵਿਜ਼ਨ ਨੇ ਕਿਮ ਜੌਂਗ ਉਨ ਅਤੇ ਕਿਮ ਜੂ ਏ ਦੀ ਹਵਾਸੋਂਗ-18 ਅੰਤਰ-ਮਹਾਦੀਪੀ ਬੈਲਿਸਟਿਕ ਮਿਸਾਈਲ ਨਾਲ ਵੀਡੀਓ ਜਾਰੀ ਕੀਤੀ

ਉਦੋਂ ਤੋਂ ਲੈ ਕੇ ਉਸ ਦਾ ਹੇਅਰ ਸਟਾਈਲ ਹੋਰ ਸ਼ਾਨਦਾਰ ਹੋ ਗਿਆ ਹੈ ਅਤੇ ਉਸ ਦਾ ਪਹਿਰਾਵਾ ਵਧੇਰੇ ਸਲੀਕੇਦਾਰ ਅਤੇ ਨਫ਼ਾਸਤ ਵਾਲਾ ਹੋ ਗਿਆ ਹੈ।

ਸਾਲ 2020 ਵਿੱਚ ਉੱਤਰ ਕੋਰੀਆ ਨੇ ਪੱਛੜੀ ਵਿਚਾਰਧਾਰਾ ਅਤੇ ਸੱਭਿਆਚਾਰ ਰੱਦ ਕਰਨ ਦਾ ਐਕਟ ਲਾਗੂ ਕੀਤਾ ਹੈ ਜਿਸ ਨਾਲ ਬਾਹਰੀ ਸੱਭਿਆਚਾਰ 'ਤੇ ਰੋਕ ਲਗਾ ਦਿੱਤੀ ਗਈ ਸੀ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, News1

ਤਸਵੀਰ ਕੈਪਸ਼ਨ, ਮਈ 2024 ਵਿੱਚ, ਕਿਮ ਜੂ ਏ ਨੇ ਪਿਓਂਗਯਾਂਗ ਦੇ ਵੈਂਗਾਰਡ ਸਟ੍ਰੀਟ ਵਿਕਾਸ ਦੇ ਸਮਾਪਤੀ ਸਮਾਗਮ ਵਿੱਚ ਇੱਕ ਪਾਰਦਰਸ਼ੀ ਟੋਪ ਪਹਿਨਿਆ ਸੀ, ਜਿਸ ਨਾਲ ਉਸ ਦੇ ਬਾਂਹਾਂ ਨਜ਼ਰ ਆ ਰਹੀਆਂ ਸਨ

ਪਰ 2023 ਵਿੱਚ, ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਜੂ ਏ ਇਕ ਵਾਰ ਫਿਰ ਇੱਕ ਅੰਤਰ- ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੇ ਸਾਹਮਣੇ ਆਪਣੇ ਪਿਤਾ ਨਾਲ ਟਹਿਲ ਰਹੀ ਸੀ ਅਤੇ ਉਸ ਨੇ ਕਾਲੇ ਰੰਗ ਦੀ ਪੈਡਿਡ ਜੈਕਿਟ ਪਹਿਨੀ ਹੋਈ ਸੀ।

ਬਾਅਦ ਵਿੱਚ ਪਛਾਣ ਹੋਈ ਕਿ ਉਹ ਜੈਕਟ 1900 ਡਾਲਰ ਵਿੱਚ ਫ੍ਰੈਂਚ ਫੈਸ਼ਨ ਹਾਊਸ 'ਕ੍ਰਿਸਚਿਅਨ ਡਿਓਰ' ਤੋਂ ਖਰੀਦੀ ਗਈ ਸੀ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 1 ਜਨਵਰੀ 2026 ਨੂੰ ਰੀ ਸੋਲ ਜੂ, ਕਿਮ ਜੂ ਏ ਅਤੇ ਕਿਮ ਜੌਂਗ ਉਨ ਨੇ ਕੂਮਸੁਸਾਨ ਪੈਲੇਸ ਆਫ਼ ਦਿ ਸਨ ਵਿੱਚ ਸ਼ਰਧਾਂਜਲੀ ਸਮਾਗਮ ਵਿੱਚ ਹਿਸਾ ਲਿਆ, ਜੋ ਪਿਓਂਗਯਾਂਗ ਦਾ ਯਾਦਗਾਰ ਹੈ ਜਿੱਥੇ ਕਿਮ ਇਲ ਸੁੰਗ ਅਤੇ ਕਿਮ ਜੌਂਗ ਇਲ ਦੇ ਸੰਭਾਲੇ ਹੋਏ ਅਵਸ਼ੇਸ਼ ਰੱਖੇ ਗਏ ਹਨ

ਅਗਲੇ ਸਾਲ ਇੱਕ ਹੋਰ ਵੀਡੀਓ ਆਈ ਜਦੋਂ ਕਿਮ ਜੂ ਏ ਨੇ ਰਾਜਧਾਨੀ ਪਿਓਗਯਾਂਗ ਵਿੱਚ ਉੱਚੀਆਂ ਇਮਾਰਤਾਂ ਵਾਲੇ ਵੈਨਗਾਰਡ ਸਟ੍ਰੀਟ ਰਿਹਾਇਸ਼ੀ ਇਲਾਕੇ ਦੇ ਮੁਕੰਮਲ ਹੋਣ ਦੇ ਸਮਾਗਮ ਵਿੱਚ ਪਾਰਦਰਸ਼ੀ ਬਲਾਊਜ਼ ਪਹਿਨਿਆ।

ਉੱਤਰ ਕੋਰੀਆ ਦੀ ਲੀਡਰਸ਼ਿਪ ਦੇ ਇੱਕ ਨਜ਼ਦੀਕੀ ਸੂਤਰ ਨੇ ਰੇਡੀਓ ਫ੍ਰੀ ਏਸ਼ੀਆ ਨੂੰ ਦੱਸਿਆ ਕਿ ਇਸ ਵੀਡੀਓ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਉਸ ਦਾ ਹੇਅਰ ਸਟਾਈਲ ਅਤੇ ਪਹਿਰਾਵਾ ਸਮਾਜਵਾਦ ਵਿਰੋਧੀ ਹੈ ਅਤੇ ਗ਼ੈਰ-ਸਮਾਜਵਾਦੀ ਵਰਤਾਰਾ ਹੈ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਿਮ ਜੂ ਏ ਨੇ ਕੋਰੀਆ ਦੇ ਵਰਕਰਜ਼ ਪਾਰਟੀ ਦੀ ਸਥਾਪਨਾ ਦੀ 79ਵੀਂ ਵਰ੍ਹੇਗੰਢ ਮੌਕੇ ਨਵੇਂ ਸਾਲ ਦੇ ਦਿਨ ਆਪਣੀ ਮਾਂ ਵੱਲੋਂ ਪਹਿਨੇ ਗਏ ਜੈਕਟ ਨਾਲ ਬਹੁਤ ਮਿਲਦੀ-ਜੁਲਦੀ ਜੈਕਟ ਪਹਿਨੀ ਸੀ

ਇਹ ਸਮਾਜਵਾਦੀ ਪ੍ਰਣਾਲੀ ਦੇ ਅਕਸ ਨੂੰ ਢਾਹ ਲਾਉਂਦੇ ਹਨ ਅਤੇ ਸ਼ਾਸਨ ਨੂੰ ਖ਼ਤਮ ਕਰ ਦਿੰਦਾ ਹੈ। ਇਨ੍ਹਾਂ ਨੂੰ ਮਿਟਾਇਆ ਜਾਣਾ ਚਾਹੀਦਾ ਹੈ।

ਪਰ ਹੁਣ, ਕਿਹਾ ਜਾ ਰਿਹਾ ਹੈ ਕਿ ਕੁਝ ਲੋਕ ਜੂ ਏ ਦੇ ਸਲੀਕੇਦਾਰ ਸਟਾਈਲ ਦੀ ਨਕਲ ਕਰਨਾ ਚਾਹੁੰਦੇ ਹਨ। ਕੋਰੀਆ ਇੰਸਟੀਚਿਊਟ ਫਾਰ ਨੈਸ਼ਨਲ ਯੂਨੀਫਿਕੇਸ਼ਨ ਦੇ ਉੱਤਰੀ ਕੋਰੀਆ ਖੋਜ ਵਿਭਾਗ ਦੇ ਮੁਖੀ ਜੋਂਗ ਯੂਨਲੀ ਨੇ ਬੀਬੀਸੀ ਨਿਊਜ਼ ਕੋਰੀਅਨ ਨੂੰ ਦੱਸਿਆ, "ਸਮਾਂ ਬਦਲ ਗਿਆ ਹੈ ਅਤੇ ਪੀੜ੍ਹੀ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ।"

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਫਰਵਰੀ 2023 ਵਿੱਚ ਕੋਰੀਅਨ ਪੀਪਲਜ਼ ਆਰਮੀ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਰੱਖੇ ਗਏ ਖਾਣੇ ਦੇ ਸਮਾਗਮ ਵਿੱਚ ਕਿਮ ਜੂ ਏ ਅਤੇ ਕਿਮ ਜੌਂਗ ਉਨ ਨੇ ਮਿਲਦੇ-ਜੁਲਦੇ ਕੱਪੜੇ ਪਹਿਨੇ ਸਨ

ਉਨ੍ਹਾਂ ਮੁਤਾਬਕ, 2010 ਤੋਂ ਬਾਅਦ ਵਿਦੇਸ਼ੀ ਕਰੰਸੀ ਕਮਾਉਣ ਲਈ ਬਾਹਰ ਜਾਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ, "ਕੋਵਿਡ 19 ਦੌਰਾਨ ਤਕਰੀਬਨ 2000 ਉੱਤਰੀ ਕੋਰੀਅਨ ਕਾਮੇ ਚੀਨ ਵਿੱਚ ਰਹੇ ਸਨ ਅਤੇ ਜਦੋਂ ਉਹ ਵਾਪਸ ਪਿਓਂਗਯਾਂਗ ਆਏ ਤਾਂ ਆਪਣੇ ਨਾਲ ਉੱਥੋਂ ਦਾ ਸੱਭਿਆਚਾਰ ਵੀ ਲੈ ਕੇ ਆਏ।"

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਕਿਮ ਜੂ ਏ ਨੇ ਕਈ ਮੌਕਿਆਂ 'ਤੇ ਲੈਦਰ ਜੈਕਟਾਂ ਵੀ ਪਹਿਨੀਆਂ ਹਨ

ਪੁਰਾਣੇ ਸਮਿਆਂ ਵਿੱਚ ਲਗਜ਼ਰੀ ਸਮਾਨ ਸਿਰਫ਼ ਜਪਾਨ ਦੇ ਮਾਰਕਿਆਂ ਤੱਕ ਹੀ ਸੀਮਤ ਸੀ ਜੋ ਕਿ ਜ਼ੋਨੀਚੀ ਕੋਰੀਅਨਜ਼ ਵੱਲੋਂ ਲਿਆਂਦਾ ਜਾਂਦਾ ਸੀ।

ਇਹ ਉਹ ਲੋਕ ਸਨ ਜਿਨ੍ਹਾਂ ਦੇ ਮਾਪੇ 1910-1945 ਦੇ ਜਪਾਨੀ ਸ਼ਾਸਨ ਦੌਰਾਨ, ਕਈ ਵਾਰ ਧੱਕੇ ਨਾਲ ਮਜ਼ਦੂਰੀ ਕਰਨ ਜਪਾਨ ਚਲੇ ਗਏ ਸਨ ਅਤੇ ਫਿਰ 1960-70 ਦੇ ਦਹਾਕੇ ਵਿੱਚ ਉਨ੍ਹਾਂ ਨੂੰ ਅਕਸਰ ਝੂਠੇ ਵਾਅਦਿਆਂ ਨਾਲ ਅਖੌਤੀ 'ਦੇਸ਼ ਵਾਪਸੀ ਦੇ ਜਹਾਜ਼ਾਂ' ਰਾਹੀਂ ਉੱਤਰੀ ਕੋਰੀਆ ਪਰਤਣ ਲਈ ਮਨਾ ਲਿਆ ਗਿਆ ਸੀ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਦਸੰਬਰ 2025 ਵਿੱਚ, ਕਿਮ ਜੂ ਏ ਨੇ ਰਿਆਂਗਗਾਂਗ ਪ੍ਰਾਂਤ ਦੇ ਮਿਲਯੋਂਗ ਹੋਟਲ ਵਿੱਚ ਆਪਣੇ ਪਿਤਾ ਦੇ ਨਾਲ ਜਾਣ ਸਮੇਂ ਫਰ ਵਾਲੇ ਕੱਪੜੇ ਪਹਿਨੇ ਸਨ

ਪਰ ਹੁਣ ਇਹ ਜਾਪਦਾ ਹੈ ਕਿ ਉੱਤਰੀ ਕੋਰੀਆ ਦੇ ਬਹੁਤ ਸਾਰੇ ਨਿਵਾਸੀ ਕਈ ਵਿਦੇਸ਼ੀ ਮਾਰਕਿਆਂ ਬਾਰੇ ਜਾਣਦੇ ਹਨ ਕਿਉਂਕਿ (ਉੱਤਰ ਕੋਰੀਆ ਵਿੱਚ ਤਸਕਰੀ ਕੀਤੇ ਜਾਣ ਦੇ ਬਾਵਜੂਦ) ਬੈਗ਼ ਅਤੇ ਕੱਪੜੇ ਬਹੁਤ ਮਹਿੰਗੇ ਹਨ।

ਇਸ ਲਈ ਅਜਿਹਾ ਲੱਗਦਾ ਹੈ ਕਿ ਉਹ ਪਰਫਿਊਮ ਦੇ ਇਸਤੇਮਾਲ ਨਾਲ ਇਨ੍ਹਾਂ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੰਦੇ ਹਨ।

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਈ 2015 ਵਿੱਚ ਫਾਰਮ ਨੰਬਰ 1116 ਦੇ ਦੌਰੇ ਦੌਰਾਨ ਕਿਮ ਜੌਂਗ ਉਨ (ਸੱਜੇ) ਨੇ ਆਪਣੇ ਦਾਦਾ ਵਾਲੀ ਬਹੁਤ ਮਿਲਦੀ-ਜੁਲਦੀ ਫੈਡੋਰਾ ਟੋਪੀ ਪਹਿਨੀ ਸੀ

ਪਰ ਜੂ ਏ ਆਪਣੇ ਪਰਿਵਾਰ ਵਿੱਚ ਪਹਿਲੀ ਫੈਸ਼ਨ ਆਈਕਨ ਨਹੀਂ ਹੈ। ਸੇਜੋਂਗ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਚੇਓਂਗ ਸੋਂਗ-ਚਾਂਗ ਨੇ ਬੀਬੀਸੀ ਨਿਊਜ਼ ਕੋਰੀਅਨ ਨੂੰ ਦੱਸਿਆ, "ਲੱਗਦਾ ਹੈ ਕਿ ਜੂ ਏ ਨੂੰ ਉਸ ਦੀ ਮਾਂ ਰੀ ਸੋਲ ਜੂ ਦੇ ਸਟਾਈਲ ਵਾਲੇ ਹੀ ਕੱਪੜੇ ਪਹਿਨਾਏ ਜਾ ਰਹੇ ਹਨ, ਤਾਂ ਜੋ ਉਸ ਦੀ ਉਮਰ ਨੂੰ ਲੁਕੋਇਆ ਜਾ ਸਕੇ।"

"ਇੱਕ ਨੌਜਵਾਨ ਔਰਤ ਦਾ ਸਲੀਕੇਦਾਰ ਪੱਛਮੀ ਸ਼ੈਲੀ ਦੇ ਪਹਿਰਾਵੇ ਨਾਲ ਫੈਸ਼ਨ ਦੀ ਅਗਵਾਈ ਕਰਨਾ? ਉੱਤਰੀ ਕੋਰੀਆ ਵਿੱਚ ਅਜਿਹਾ ਹੋਣਾ ਲਗਭਗ ਅਸੰਭਵ ਹੈ।"

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2017 ਦੇ ਇੱਕ ਮਿਸਾਈਲ ਟੈਸਟ ਦੌਰਾਨ ਕਿਮ ਜੌਂਗ ਉਨ (ਸੱਜੇ) ਨੇ ਉਹੋ ਜਿਹਾ ਲਿਬਾਸ ਪਹਿਨਿਆ ਸੀ ਜੋ ਉਸ ਦੇ ਦਾਦਾ ਨੇ 1967 ਵਿੱਚ ਹੁਈਚੋਨ ਮਸ਼ੀਨ ਟੂਲ ਫੈਕਟਰੀ ਵਿੱਚ ਪਹਿਨਿਆ ਸੀ

ਉਨ੍ਹਾਂ ਕਿਹਾ, "ਪੱਛਮੀ ਸਟਾਈਲ ਦੇ ਕੱਪੜੇ ਪਹਿਨ ਕੇ ਜੂ ਏ ਅਤੇ ਰੀ ਸੋਲ ਇੱਕ ਵੱਖਰੇਪਣ ਦੀ ਰਣਨੀਤੀ ਜ਼ਾਹਿਰ ਕਰ ਰਹੀਆਂ ਹਨ ਕਿ ਉਨ੍ਹਾਂ ਦਾ ਸਮਾਜਿਕ ਰੁਤਬਾ ਆਮ ਨਿਵਾਸੀਆਂ ਨਾਲੋਂ ਬਿਲਕੁਲ ਵੱਖਰਾ ਹੈ।"

"ਜੂ ਏ ਅਤੇ ਰੀ ਸੋਲ ਬਿਨ੍ਹਾਂ ਕਿਸੇ ਚਿੰਤਾ ਦੇ ਅਜਿਹਾ ਕੁਝ ਇਸ ਲਈ ਕਰ ਸਕਦੀਆਂ ਹਨ ਕਿਉਂਕਿ ਉਹ ਜਾਣਦੀਆਂ ਹਨ ਕਿ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹਨ।"

ਪਰ ਜੂ ਏ ਦਾ 'ਫੈਸ਼ਨ ਸੈਂਸ' ਸਿਰਫ਼ ਉਸ ਦੀ ਮਾਂ ਵਾਲੇ ਪਾਸਿਓਂ ਨਹੀਂ ਆਇਆ ਹੈ।

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2019 ਵਿੱਚ ਰੂਸ ਦੇ ਦੌਰੇ ਦੌਰਾਨ ਵਲਾਦਿਵੋਸਤੋਕ ਰੇਲਵੇ ਸਟੇਸ਼ਨ 'ਤੇ ਕਿਮ ਜੌਂਗ ਉਨ (ਸੱਜੇ) ਨੇ ਉਹੋ ਜਿਹਾ ਲਿਬਾਸ ਪਹਿਨਿਆ ਸੀ ਜੋ ਉਸ ਦੇ ਦਾਦਾ ਨੇ 1950 ਦੇ ਦਹਾਕੇ ਵਿੱਚ ਚੀਨੀ ਫੌਜਾਂ ਦੇ ਉੱਤਰੀ ਕੋਰੀਆ ਤੋਂ ਵਾਪਸ ਜਾਣ ਦੇ ਸਮੇਂ ਪਹਿਨਿਆ ਸੀ

ਯੂਨੀਵਰਸਿਟੀ ਆਫ ਨੌਰਥ ਕੋਰੀਅਨ ਸਟੱਡੀਜ਼ ਦੇ ਪ੍ਰੋਫੈਸਰ ਲੀ ਵੂ-ਯੰਗ ਕਹਿੰਦੇ ਹਨ, "ਹਾਲਾਂਕਿ ਉੱਤਰੀ ਕੋਰੀਆ ਵਿੱਚ ਜੀਨਸ ਨੂੰ ਪੱਛਮੀ ਫੈਸ਼ਨ ਮੰਨਦਿਆਂ ਪਾਬੰਦੀ ਲਗਾਈ ਹੈ ਪਰ ਕਿਮ ਜੌਂਗ ਖੁਦ ਜੀਨਸ ਪਹਿਨੇ ਨਜ਼ਰ ਆ ਚੁੱਕੇ ਹਨ।"

"ਉਹ ਭਾਵੇਂ ਬਾਹਰੀ ਸੱਭਿਆਚਾਰ 'ਤੇ ਕਿੰਨੀ ਵੀ ਪਾਬੰਦੀ ਲਗਾ ਦੇਣ ਜਾਂ ਕਾਨੂੰਨ ਬਣਾ ਦੇਣ, ਉੱਤਰੀ ਕੋਰੀਆ ਇੱਕ ਅਜਿਹੀ ਥਾਂ ਹੈ ਜਿੱਥੇ ਜਿਹਾ ਕੁਝ ਵੀ ਨਹੀਂ ਜੋ ਸਰਬਉੱਚ ਨੇਤਾ ਨਾ ਕਰ ਸਕਦਾ ਹੋਵੇ।"

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2026 ਵਿੱਚ ਭਾਸ਼ਣ ਦਿੰਦੇ ਸਮੇਂ ਕਿਮ ਜੌਂਗ ਉਨ (ਸੱਜੇ) ਨੇ ਫਰ ਦੀ ਟੋਪੀ ਪਹਿਨੀ ਸੀ ਜੋ ਉਸ ਦੇ ਦਾਦਾ ਵੱਲੋਂ ਫਰਵਰੀ 1948 ਵਿੱਚ ਪਿਓਂਗਯਾਂਗ ਦੇ ਸੈਨਿਕ ਪਰੇਡ ਦੌਰਾਨ ਪਹਿਨੀ ਟੋਪੀ ਨਾਲ ਬਹੁਤ ਮਿਲਦੀ-ਜੁਲਦੀ ਸੀ

ਚੇਓਂਗ ਮੁਤਾਬਕ ਜੂ ਏ ਨੇ ਵੀ ਕਈ ਮੌਕਿਆਂ 'ਤੇ ਚਮੜੇ ਦੀਆਂ ਜੈਕਟਾਂ ਪਹਿਨੀਆਂ ਹਨ ਜੋ ਕਿ ਇਸ ਗੱਲ ਦਾ ਸੰਕੇਤ ਹਨ ਕਿ 'ਵਰਕਰਜ਼ ਪਾਰਟੀ ਆਫ ਕੋਰੀਆ' ਦਾ ਪ੍ਰਚਾਰ ਅਤੇ ਅੰਦੋਲਨ ਵਿਭਾਗ ਆਪਣਾ ਕੰਮ ਕਰ ਰਿਹਾ ਹੈ ਭਾਵ ਕਿ ਉਸ ਨੂੰ ਆਮ ਨਾਗਰਿਕਾਂ ਤੋਂ ਵੱਖ ਦਿਖਾ ਰਿਹਾ ਹੈ।

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 12 ਜੂਨ 2018 ਨੂੰ ਸਿੰਗਾਪੁਰ ਵਿੱਚ ਉੱਤਰੀ ਕੋਰੀਆ-ਅਮਰੀਕਾ ਸਮਿੱਟ ਲਈ ਪਹੁੰਚਦੇ ਸਮੇਂ ਕਿਮ ਜੌਂਗ ਉਨ (ਸੱਜੇ) ਨੇ ਉਹੋ ਜਿਹਾ ਲਿਬਾਸ, ਐਨਕ ਅਤੇ ਹੇਅਰਸਟਾਈਲ ਰੱਖੀ ਸੀ ਜੋ ਉਸ ਦੇ ਦਾਦਾ ਨੇ 1 ਅਪ੍ਰੈਲ 1980 ਨੂੰ ਅਪਣਾਈ ਸੀ

ਉਨ੍ਹਾਂ ਕਿਹਾ, "ਉੱਚ ਗੁਣਵੱਤਾ ਵਾਲੇ ਚਮੜੇ ਤੋਂ ਬਣੇ ਕੱਪੜੇ ਪਹਿਨਣ ਦਾ ਮਤਲਬ ਆਪਣਾ ਵਿਸ਼ੇਸ਼ ਰੁਤਬਾ ਦਿਖਾਉਣਾ ਹੈ। ਉੱਤਰੀ ਕੋਰੀਆ ਦੇ ਆਮ ਲੋਕਾਂ ਵਿੱਚ ਚਮੜੇ ਦੇ ਕੱਪੜੇ ਪਹਿਨਣਾ ਆਮ ਨਹੀਂ ਹੈ।"

"ਲਗਜ਼ਰੀ ਬਰਾਂਡ, ਚਮੜੇ ਦੀਆਂ ਜੈਕਟਾਂ ਅਤੇ ਫ਼ਰ ਵਾਲੇ ਕੋਟ ਕੀਮਤੀ ਕੱਪੜੇ ਹਨ ਜੋ ਉੱਤਰ ਕੋਰੀਆ ਦੇ ਆਮ ਲੋਕ ਨਹੀਂ ਪਹਿਨ ਸਕਦੇ।"

ਕਿਮ ਜੋਂਗ ਉਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, 8 ਮਾਰਚ 2026 ਨੂੰ ਪਿਓਂਗਯਾਂਗ ਦੇ ਰਯੁਗਯੋਂਗ ਚੁੰਗ ਜੂ-ਯੁੰਗ ਜਿਮਨੇਜ਼ਿਯਮ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਮਾਰੋਹ ਦੌਰਾਨ ਕਿਮ ਜੂ ਏ ਅਤੇ ਕਿਮ ਜੌਂਗ ਉਨ ਨੇ ਪ੍ਰਦਰਸ਼ਨ ਵੇਖਦੇ ਹੋਏ ਇਕ-ਦੂਜੇ ਦਾ ਹੱਥ ਫੜਿਆ ਹੋਇਆ ਸੀ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)