90 ਸਾਲ ਦੇ ਨੌਜਵਾਨ 'ਫਲਾਇੰਗ ਸਿੱਖ' ਮਿਲਖਾ ਸਿੰਘ

ਤਸਵੀਰ ਸਰੋਤ, Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੰਜਾਬੀ ਦੇ ਲਈ ਸ਼ੂਟ ਐਂਡ ਐਡਿਟ : ਗੁਲਸ਼ਨ ਕੁਮਾਰ
'ਫਲਾਇੰਗ ਸਿੱਖ' ਮਿਲਖਾ ਸਿੰਘ 90 ਸਾਲਾਂ ਦੇ ਹੋ ਗਏ ਹਨ। ਉਹ ਮੈਡਮ ਤੁਸਾਦ ਮਿਊਜੀਅਮ 'ਚ ਆਪਣੇ ਬੁੱਤ ਲਗਾਏ ਜਾਣ ਕਾਰਨ ਮੁੜ ਚਰਚਾ ਵਿੱਚ ਹਨ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਚੰਡੀਗੜ ਵਿਖੇ ਆਪਣੇ ਘਰ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਆਪਣੀ ਸਿਹਤ ਦੇ ਭੇਦ ਸਾਂਝੇ ਕੀਤੇ ਅਤੇ ਖੇਡ ਜਗਤ ਬਾਰੇ ਬੇਬਾਕ ਟਿੱਪਣੀਆਂ ਕੀਤੀਆਂ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ;-
ਮੈਡਮ ਤੁਸਾਦ ਮਿਊਜ਼ੀਅਮ 'ਚ ਆਪਣੇ ਬੁੱਤ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਇਹ ਸਤਰਾਂ ਸਭ 'ਤੇ ਢੁੱਕਦੀਆਂ ਹਨ.. 'ਹਾਥੋਂ ਕੀ ਲਕੀਰੋਂ ਸੇ ਜ਼ਿੰਦਗੀ ਨਹੀਂ ਬਨਤੀ, ਆਜ਼ਮ ਹਮਾਰਾ ਭੀ ਹਿੱਸਾ ਹੈ ਜ਼ਿੰਦਗੀ ਬਨਾਨੇ ਮੇਂ।'
ਮਿਲਖਾ ਸਿੰਘ ਨੂੰ 100 ਮੀਟਰ ਤੇ 200 ਮੀਟਰ ਦਾ ਪਤਾ ਨਹੀਂ ਸੀ, ਪਰ ਜਦੋਂ ਮੈਨੂੰ ਪਤਾ ਲੱਗ ਗਿਆ ਤਾਂ ਉਦੋਂ ਤੱਕ ਦਮ ਨਹੀਂ ਲਿਆ ਜਦੋਂ ਤੱਕ ਮੈਂ ਰਿਕਾਰਡ ਨਹੀਂ ਤੋੜ ਦਿੱਤੇ।

ਆਪਣਾ ਨਾਂ ਬਣਾਉਣ ਲਈ ਮੈਂ ਲਗਾਤਾਰ 15 ਸਾਲ ਜੀਅ ਤੋੜ ਮਿਹਨਤ ਕੀਤੀ ਹੈ। ਇਸੇ ਨਾਲ ਮਿਲਖਾ ਸਿੰਘ ਬਣਿਆ ਹੈ ਤੇ ਇਸੇ ਲਈ ਉਸ ਦਾ ਬੁੱਤ ਲਗਾਇਆ ਗਿਆ ਹੈ।
ਤੁਸੀਂ ਵਿਸ਼ਵ ਸਿਹਤ ਸੰਗਠਨ ਦੇ ਸਰੀਰਕ ਗਤੀਵਿਧੀਆਂ ਦੇ ਬਰਾਂਡ ਅੰਬੈਸਡਰ ਵੀ ਹੋ
ਇਹ ਮੇਰੇ ਲਈ ਮਾਣ ਦੀ ਗੱਲ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਤੰਦਰੁਸਤ ਹੋਵੇ। ਇਸੇ ਲਈ ਮੈਂ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਦੋ ਚੀਜ਼ਾਂ ਕਰਨ ਲਈ ਕਹਿੰਦਾ ਹਾਂ।
ਆਪਣੀ ਜੀਭ ਉੱਤੇ ਕੰਟਰੋਲ ਰੱਖ਼ੋ ਤੇ ਆਪਣੀ ਚਰਬੀ ਨੂੰ ਖਾਓ ਅਤੇ 10 ਮਿੰਟ ਦਾ ਸਰੀਰਕ ਅਭਿਆਸ ਹਰ ਇੱਕ ਲਈ ਜ਼ਰੂਰੀ ਹੈ। ਮੈਂ ਅਜੇ ਵੀ ਹਰ ਰੋਜ਼ ਭੱਜਣ ਜਾਂਦਾ ਹਾਂ ।
ਆਪਣਾ ਦਰਦ ਦੂਰ ਕਿਵੇਂ ਭਜਾਉਂਦੇ ਹਨ ਮਿਲਖਾ ਸਿੰਘ?
ਮੈਂ 90 ਸਾਲਾਂ ਦਾ ਹੋਣ ਵਾਲਾਂ ਹਾਂ ਪਰ ਅੱਜ ਤੱਕ ਮੈਂ ਡਾਕਟਰ ਕੋਲ ਨਹੀਂ ਗਿਆ। ਜਦੋਂ ਵੀ ਮੇਰੀ ਕਮਰ ਜਾਂ ਸਿਰ 'ਚ ਦਰਦ ਹੁੰਦਾ ਹੈ ਤਾਂ ਮੈਂ ਆਪਣਾ ਟਰੈਕ ਸੂਟ ਪਾ ਕੇ ਦੌੜਨ ਚਲਾ ਜਾਂਦਾ ਹਾਂ।

ਬਸ 15 ਮਿੰਟ 'ਚ ਤੇਜ਼ ਤੁਰਨ ਜਾਂ ਜੋਗਿੰਗ ਕਰਨ ਤੋਂ ਬਾਅਦ ਦਰਕ ਠੀਕ ਹੋ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਜਦੋਂ ਤੁਹਾਡਾ ਖ਼ੂਨ ਦੌਰਾ ਕਰਨ ਲੱਗਦਾ ਹੈ ਤਾਂ ਕੀਟਾਣੂ ਖ਼ਤਮ ਹੋ ਜਾਂਦੇ ਹਨ, ਬਾਹਰ ਨਿਕਲ ਜਾਂਦੇ ਹਨ।
ਕੀ ਖਾਣ ਪੀਣ 'ਚ ਵੀ ਕੋਈ ਖਾਸ ਪਰਹੇਜ਼ ਕਰਦੇ ਹੋ?
ਬਿਲਕੁੱਲ ! ਆਪਣੀ ਜ਼ੁਬਾਨ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਕੋਈ ਐਸੀ ਵੈਸੀ ਚੀਜ਼ ਨਾ ਖਾਓ ਜਿਸ ਦੇ ਨਾਲ ਤੁਹਾਡੇ ਅੰਦਰ ਚਰਬੀ ਇਕੱਠੀ ਹੋਵੇ।
ਚਰਬੀ ਨਾਲ ਇਨਸਾਨ ਨੂੰ ਬਿਮਾਰੀ ਲਗਦੀ ਹੈ। ਮੈਂ ਆਮ ਤੌਰ 'ਤੇ ਖਾਲੀ ਪੇਟ ਸੌਂਦਾ ਹਾਂ, ਬਸ ਮਾੜਾ ਮੋਟਾ- ਹਲਕਾ ਫ਼ੁਲਕਾ ਹੀ ਖਾਂਦਾ ਹਾਂ।
ਪੰਜਾਬ ਦੇ ਲੋਕਾਂ ਦੀ ਸਿਹਤ ਬਾਰੇ ਕੀ ਕਹਿਣਾ ਚਾਹੋਗੇ?
ਖੇਡਾਂ 'ਚ ਪੰਜਾਬ ਦਾ ਕਦੇ ਵੱਡਾ ਨਾਂ ਸੀ, 99 ਫ਼ੀਸਦ ਅਥਲੀਟ ਪੰਜਾਬ ਤੋਂ ਹੁੰਦੇ ਸਨ। ਹੁਣ ਲੋਕਾਂ ਨੂੰ ਬੁਰੀਆਂ ਆਦਤਾਂ ਪੈ ਗਈਆਂ ਹਨ ।
ਨੌਜਵਾਨ ਤੇ ਮਾਪੇ ਦੋਵੇਂ ਨਸ਼ਿਆਂ 'ਚ ਗਲਤਾਨ ਹੋ ਗਏ ਹਨ। ਮੈਂ ਤਾਂ ਲੋਕਾਂ ਨੂੰ ਨਸ਼ੇ ਛੱਡ ਕੇ ਚੰਗੀ ਖ਼ੁਰਾਕ ਖਾਣ ਲਈ ਕਹਿੰਦਾ ਹਾਂ।
ਇੰਨੀ ਵੱਡੀ ਉਮਰ 'ਚ ਅਜੇ ਵੀ ਪੂਰੇ ਤੰਦਰੁਸਤ ਹੋ, ਰਾਜ਼ ਕੀ ਹੈ?
ਇੱਕ ਜ਼ਮਾਨਾ ਸੀ ਜਦੋਂ ਸਿਹਤ ਸੇਵਾਵਾਂ ਕੁਝ ਖ਼ਾਸ ਚੰਗੀਆਂ ਨਹੀਂ ਸਨ। ਲੋਕ ਛੇਤੀ ਹੀ ਮਰ ਜਾਂਦੇ ਸਨ ,ਉਦੋਂ ਉਮਰ ਘੱਟ ਹੁੰਦੀ ਸੀ।

ਹੁਣ ਤਾਂ ਲੋਕ ਜ਼ਿਆਦਾ ਲੰਬੀ ਉਮਰ ਜਿਉਂਦੇ ਹਨ, ਹਾਂ ਤੰਦਰੁਸਤੀ ਵਾਲੀ ਗੱਲ ਠੀਕ ਹੈ। ਮੇਰੇ ਵੱਲ ਦੇਖੋ ਮੈਂ 90 ਨੂੰ ਢੁਕ ਗਿਆ ਹਾਂ ਪਰ ਮੈਂ ਚੁਣੌਤੀ ਦਿੰਦਾ ਹਾਂ ਤੁਸੀਂ ਮੇਰੇ ਨਾਲ ਨਹੀਂ ਭੱਜ ਸਕਦੇ ਹੋ।
ਦੇਸ਼ 'ਚ ਖੇਡ ਕਲਚਰ ਪੈਦਾ ਕਿਉਂ ਨਹੀਂ ਹੋ ਸਕਿਆ?
ਮੈਂ ਮੋਦੀ ਤੇ ਅਮਿਤ ਸ਼ਾਹ ਨੂੰ ਕਿਹਾ ਸੀ ਕਿ ਤੁਹਾਡਾ ਖੇਡ ਮੰਤਰੀ ਖਿਡਾਰੀ ਹੋਣਾ ਚਾਹੀਦਾ ਹੈ।
ਉਨ੍ਹਾਂ ਦੋ ਸਾਲ ਬਾਅਦ ਰਾਜਿਆ ਵਰਧਨ ਰਾਠੌਰ ਨੂੰ ਖੇਡ ਮੰਤਰੀ ਬਣਾਇਆ। ਉਸ ਨੂੰ ਘੱਟੋ ਘੱਟ ਇਹ ਤਾਂ ਪਤਾ ਹੈ ਕਿ ਖਿਡਾਰੀ ਕਿਵੇਂ ਅਤੇ ਕਿੱਥੋਂ ਚੁਣਨੇ ਹਨ।
ਸੋ ਇਹ ਉਨ੍ਹਾਂ ਦਾ ਚੰਗਾ ਕਦਮ ਹੈ। ਓਲੰਪਿਕ ਵਰਗੇ ਖੇਡ ਮਹਾਂਕੁੰਭਾਂ ਲਈ ਅਗਾਊਂ ਯੋਜਨਾਬੰਦੀ ਦੀ ਲੋੜ ਹੈ।
ਇਸ ਮਾਮਲੇ ਵਿੱਚ ਚੀਨ ਤੋਂ ਸੇਧ ਲਈ ਜਾ ਸਕਦੀ ਹੈ। ਕੁਝ ਖੇਡਾਂ ਵਿੱਚ ਅਸੀਂ ਚੰਗਾ ਕੀਤਾ ਹੈ ਪਰ ਮੁੱਖ ਖੇਡਾਂ 'ਚ ਅਸੀਂ ਕਿਧਰੇ ਨਹੀਂ ਹਾਂ ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)













