ਉਹ ਪਿੰਡ ਜਿੱਥੇ ਪਹਿਲੀ ਵਾਰ ਲਹਿਰਾਇਆ ਗਿਆ ਤਿਰੰਗਾ

ਤਸਵੀਰ ਸਰੋਤ, SAT singh/BBC
- ਲੇਖਕ, ਸੱਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਐਤਕੀਂ 15 ਅਗਸਤ ਨੂੰ ਦਾਦਰ ਸਿੰਘ ਬੂਰਾ ਨੇ 74 ਸਾਲ ਦੀ ਉਮਰ 'ਚ ਆਪਣੇ ਪਿੰਡ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਤਿਰੰਗਾ ਲਹਿਰਾਉਂਦਾ ਵੇਖਿਆ।
ਹਰਿਆਣੇ ਦੇ ਭਿਵਾਨੀ ਜ਼ਿਲ੍ਹੇ ਦਾ ਇਹ ਪਿੰਡ ਹੈ ਰੋਹਨਾਤ, ਜਿਸਨੂੰ 'ਬਾਗੀਆਂ ਦੇ ਪਿੰਡ' ਵਜੋਂ ਵੀ ਜਾਣਿਆ ਜਾਂਦਾ ਹੈ।
ਬੂਰਾ ਦੇ ਪੁਰਖਿਆਂ ਅਤੇ ਪਿੰਡ ਦੇ ਹੋਰ ਲੋਕਾਂ ਨੇ 1857 ਦੇ ਗ਼ਦਰ 'ਚ ਵੱਡੇ ਪੱਧਰ 'ਤੇ ਹਿੱਸਾ ਪਾਇਆ ਸੀ ਜਿਸ ਤੋਂ ਬਾਅਦ ਅੰਗ੍ਰੇਜ਼ ਹਕੂਮਤ ਨੇ ਉਨ੍ਹਾਂ ਨੂੰ ਆਪਣੀ ਜ਼ਮੀਨ ਗੁਆਂਢੀ ਪਿੰਡ ਨੂੰ ਸਸਤੇ ਭਾਅ ਵੇਚਣ ਲਈ ਮਜਬੂਰ ਕਰ ਦਿੱਤਾ ਸੀ।
ਉਨ੍ਹਾਂ ਦੀ ਜ਼ਮੀਨ ਦਾ ਮਾਲਕਾਨਾ ਹੱਕ ਅੱਜ ਤਕ ਵਾਪਸ ਨਹੀਂ ਮਿਲਿਆ। ਇਸ ਕਰਕੇ ਉਨ੍ਹਾਂ ਨੇ ਇਸ ਬੁੱਧਵਾਰ ਤੋਂ ਪਹਿਲਾਂ ਕਦੇ ਭਾਰਤੀ ਝੰਡਾ ਨਹੀਂ ਸੀ ਲਹਿਰਾਇਆ।
ਇਹ ਵੀ ਪੜ੍ਹੋ:
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹੁਣ ਇਹ ਵਿਸ਼ਵਾਸ ਦੁਆਇਆ ਹੈ ਕਿ ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।
ਸਰਪੰਚ ਰਿੰਕੂ ਦੇਵੀ ਨੇ ਦੱਸਿਆ, "ਪਹਿਲਾਂ ਪੰਜਾਬ ਤੇ 1966 ਤੋਂ ਬਾਅਦ ਬਣੇ ਹਰਿਆਣਾ ਦੀਆਂ ਸਰਕਾਰਾਂ ਕੋਲ ਅਸੀਂ ਆਪਣੇ ਮੁੱਦੇ ਚੁੱਕਦੇ ਰਹੇ ਹਾਂ ਪਰ ਕੁਝ ਬਣਿਆ ਨਹੀਂ।

ਤਸਵੀਰ ਸਰੋਤ, SATT sINGH/BBC
ਮੁੱਖ ਮੰਤਰੀ ਖੱਟਰ ਨੇ ਬੀਤੀ 23 ਮਾਰਚ ਨੂੰ ਸ਼ਹੀਦੀ ਦਿਹਾੜੇ ਮੌਕੇ ਪਿੰਡ ਆ ਕੇ ਸਾਡੀ ਗੱਲ ਤਸੱਲੀ ਨਾਲ ਸੁਣੀ ਅਤੇ ਨਿਤਾਰਾ ਕਰਨ ਦਾ ਭਰੋਸਾ ਦਿੱਤਾ ਸੀ।"
ਇਸ ਤੋਂ ਬਾਅਦ ਹੀ ਪਿੰਡ ਨੇ ਤਿਰੰਗਾ ਲਹਿਰਾਉਣ ਦਾ ਫ਼ੈਸਲਾ ਕੀਤਾ ਸੀ।
ਰਿੰਕੂ ਦੇਵੀ ਦੇ ਪਤੀ ਰਵਿੰਦਰ ਸਿੰਘ ਬੂਰਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪਿੰਡ ਦੇ ਨਾਂ ਦਾ ਇੱਕ ਟਰੱਸਟ ਬਣਾ ਕੇ ਪਿੰਡ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਤਾਂ ਕੀਤਾ ਹੀ ਸੀ, ਸਗੋਂ ਇਹ ਵੀ ਕਿਹਾ ਸੀ ਕਿ ਸਰਕਾਰ ਇੱਕ ਅਜਿਹੀ ਫਿਲਮ 'ਤੇ ਪੈਸੇ ਲਾਵੇਗੀ ਜਿਹੜੀ ਉਨ੍ਹਾਂ ਦੇ ਪੁਰਖਿਆਂ ਦੀ ਸ਼ਹੀਦੀ ਨੂੰ ਯਾਦ ਕਰੇਗੀ। ਉਨ੍ਹਾਂ ਕਿਹਾ, "ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਵਿਕਾਸ ਦੇ ਵਾਅਦੇ ਪੂਰੇ ਕੀਤੇ ਜਾਣਗੇ।"
ਕੀ ਹੈ ਪਿੰਡ ਦਾ ਇਤਿਹਾਸ?
ਪਿੰਡ ਵਾਸੀਆਂ ਨੇ ਦੱਸਿਆ ਕਿ ਬ੍ਰਿਟਿਸ਼ ਫੌਜੀਆਂ ਨੇ 1857 ਗ਼ਦਰ ਦੇ ਖਿਲਾਫ ਕੀਤੀ ਕਾਰਵਾਈ 'ਚ ਪਿੰਡ ਉੱਤੇ ਤੋਪਾਂ ਦਾਗੀਆਂ ਅਤੇ ਕਈ ਲੋਕਾਂ ਨੂੰ ਤਾਂ "ਭਾਰਤ ਦੀ ਆਜ਼ਾਦੀ ਦੇ ਪਹਿਲੇ ਸੰਘਰਸ਼" ਵਿਚ ਸ਼ਾਮਲ ਹੋਣ ਦੀ ਸਜ਼ਾ ਵਜੋਂ ਰੋਡ ਰੋਲਰ ਹੇਠਾਂ ਕੁਚਲ ਦਿੱਤਾ। ਤਸੀਹਿਆਂ ਤੋਂ ਡਰਦੇ ਕੁਝ ਲੋਕਾਂ ਨੇ ਪਿੰਡ ਦੇ ਖੂਹ ਵਿਚ ਛਾਲ ਮਾਰ ਦਿੱਤੀ। ਜਿਹੜੇ ਫੜੇ ਗਏ ਉਨ੍ਹਾਂ ਨੂੰ ਹਕੂਮਤ ਨੇ ਪਿੰਡ ਦੇ ਬੋਹੜ ਤੋਂ ਲਮਕਾ ਕੇ ਫਾਂਸੀ ਦੇ ਦਿੱਤੀ।

ਤਸਵੀਰ ਸਰੋਤ, Satt singh/bbC
ਸਜ਼ਾ ਵਜੋਂ ਹਕੂਮਤ ਨੇ ਪਿੰਡ ਦੀ ਖੇਤੀਬਾੜੀ ਦੀ 20,656 ਬਿੱਘਾ ਜ਼ਮੀਨ ਜ਼ਬਤ ਕਰ ਲਈ ਅਤੇ ਨਾਲ ਲਗਦੇ ਇੱਕ ਪਿੰਡ ਨੂੰ ਸਿਰਫ਼ 8,100 ਰੁਪਏ 'ਚ ਵੇਚ ਦਿੱਤੀ। ਆਜ਼ਾਦੀ ਦੇ 71 ਸਾਲਾਂ ਬਾਅਦ ਵੀ ਇਹ ਵਾਪਸ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ꞉
ਪਿੰਡ ਵਾਸੀ ਦਾਦਰ ਸਿੰਘ ਨੇ ਕਿਹਾ ਕਿ 1947 'ਚ ਮਿਲੀ ਆਜ਼ਾਦੀ ਤੋਂ ਬਾਅਦ ਉਮੀਦ ਸੀ ਕਿ ਜ਼ਮੀਨ ਵਾਪਸ ਮਿਲ ਜਾਵੇਗੀ ਜਾਂ ਉਸਦੇ ਇਵਜ਼ 'ਚ ਕੁਝ ਹੋਰ ਮਿਲੇਗਾ।
ਉਮੀਦ ਅਤੇ ਖੁਸ਼ੀ ਦਾ ਦਿਨ
ਪਿੰਡ ਦੇ ਇੱਕ ਹੋਰ ਵਾਸੀ ਅਮੀ ਸਿੰਘ ਬੂਰਾ ਨੇ ਦੱਸਿਆ ਕਿ ਇੱਕ ਵਾਰ ਇਹ ਐਲਾਨਿਆ ਗਿਆ ਸੀ ਕਿ ਵਾਰਸਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੀ ਖੋਹੀ ਗਈ ਜ਼ਮੀਨ ਦੇ ਬਰਾਬਰ ਪਲਾਟ ਅਤੇ 64.32 ਲੱਖ ਰੁਪਏ ਦਿੱਤੇ ਜਾਣਗੇ, ਪਰ ਇਸਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ।
ਬੁੱਧਵਾਰ ਨੂੰ ਬਜ਼ੁਰਗਾਂ ਅਤੇ ਨੌਜਵਾਨਾਂ ਦੋਵਾਂ ਨੇ ਝੰਡੇ ਨੂੰ ਤਿਰੰਗੇ ਵਰਗੇ ਕੱਪੜੇ ਪਾ ਕੇ ਅਤੇ ਸਮਾਗਮ ਰੱਖ ਕੇ ਬਹੁਤ ਉਤਸ਼ਾਹ ਨਾਲ ਮਨਾਇਆ।

ਤਸਵੀਰ ਸਰੋਤ, Satt singh/bbc
ਪਿੰਡ ਦੀ ਬੇਟੀ ਅਨਾਮਿਕਾ ਰਾਣੀ, ਜੋ ਕਿ ਚਨੇਈ ਵਿਚ ਇਨਕਮ ਟੈਕਸ ਅਸਿਸਟੈਂਟ ਵਜੋਂ ਕੰਮ ਕਰਦੇ ਹਨ, ਨੂੰ ਪੰਚਾਇਤ ਵੱਲੋਂ ਰੱਖੇ ਗਏ ਸਮਾਗਮ 'ਚ ਝੰਡਾ ਲਹਿਰਾਉਣ ਦਾ ਸਨਮਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਜੱਦੀ ਪਿੰਡ ਦੇ ਇਸ ਵੱਡੇ ਮੌਕੇ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ ਹਨ।
ਨੌਜਵਾਨਾਂ ਵਿਚੋਂ ਇੰਜਨੀਅਰਿੰਗ ਦੀ ਪੜ੍ਹਾਈ ਕਰ ਚੁੱਕੇ ਨਵਨੀਤ ਬੂਰਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਤਿਰੰਗਾ ਲਹਿਰਾਉਣ ਦਾ ਸਮਾਗਮ ਟੈਲੀਵਿਜ਼ਨ ਉੱਪਰ ਜਾਂ ਅਖ਼ਬਾਰਾਂ 'ਚ ਹੀ ਵੇਖਿਆ ਸੀ। ਉਨ੍ਹਾਂ ਕਿਹਾ, "ਸਾਨੂੰ ਮਾਣ ਹੈ ਕਿ ਸੂਬਾ ਸਰਕਾਰ ਨੇ ਸਾਡੇ ਪੁਰਖਿਆਂ ਉੱਤੇ ਅੰਗ੍ਰੇਜ਼ ਹਕੂਮਤ ਵੱਲੋਂ ਲੱਗੀ 'ਬਾਗੀ' ਹੋਣ ਦੀ ਮੋਹਰ ਨੂੰ ਹਟਾ ਕੇ ਉਨ੍ਹਾਂ ਨੂੰ ਸ਼ਹੀਦ ਮੰਨਿਆ ਹੈ।"
ਬਦਲਿਆ ਕੀ?
ਭਿਵਾਨੀ ਦੇ ਡਿਪਟੀ ਕਮਿਸ਼ਨਰ ਅੰਸ਼ਜ ਸਿੰਘ ਨੇ ਦੱਸਿਆ ਕਿ ਜਦੋਂ ਮੁੱਖ ਮੰਤਰੀ 23 ਮਾਰਚ ਨੂੰ ਪਿੰਡ ਆਏ ਸਨ ਤਾਂ ਉਨ੍ਹਾਂ ਨੇ ਰੋਹਨਾਤ ਫ੍ਰੀਡਮ ਫਾਈਟਰ ਟ੍ਰਸਟ ਬਣਾ ਕੇ ਕਈ ਭਲਾਈ ਸਕੀਮਾਂ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਟ੍ਰਸਟ ਹੁਣ ਰਜਿਸਟਰਡ ਹੋ ਚੁੱਕਾ ਹੈ ਅਤੇ ਕਾਰਜ ਵੀ ਛੇਤੀ ਸ਼ੁਰੂ ਕਰ ਦਿੱਤੇ ਜਾਣਗੇ।

ਤਸਵੀਰ ਸਰੋਤ, Satt Singh/bbc
"ਇਹ ਸ਼ਲਾਘਾਯੋਗ ਕਦਮ ਹੈ ਕਿ ਪਿੰਡ ਦੇ ਵਸਨੀਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਵਿਸ਼ਵਾਸ ਪ੍ਰਗਟ ਕਰਦਿਆਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਤਿਰੰਗਾ ਲਹਿਰਾਇਆ ਹੈ।"
ਬਵਾਨੀ ਖੇੜਾ ਇਲਾਕੇ ਦੇ ਵਿਧਾਇਕ ਬਿਸ਼ੰਭਰ ਵਾਲਮੀਕੀ ਨੇ ਇਹ ਮੁੱਦਾ ਪ੍ਰਦੇਸ਼ 'ਚ ਆਪਣੀ ਪਾਰਟੀ ਭਾਜਪਾ ਦੀ ਸਰਕਾਰ ਨਾਲ ਚੁੱਕਿਆ ਸੀ। "ਮੈਂ ਨਜ਼ਰ ਰੱਖ ਰਿਹਾਂ ਹਾਂ ਕਿ ਜੋ ਵੀ ਵਾਅਦੇ ਪਿੰਡ ਵਾਲਿਆਂ ਨਾਲ ਕੀਤੇ ਗਏ ਹਨ ਉਹ ਪੂਰੇ ਕੀਤੇ ਜਾਣ।"
ਇਹ ਵੀ ਪੜ੍ਹੋ:












