ਬੁਆਏਫਰੈਂਡ ਜਾਂ ਪਤੀ ਹੋ ਤਾਂ ਸਮਝੋ ਕੀ ਹੁੰਦਾ ਹੈ ਪੀਐੱਮਐੱਸ

ਤਸਵੀਰ ਸਰੋਤ, Getty Images
- ਲੇਖਕ, ਨਵੀਨ ਨੇਗੀ
- ਰੋਲ, ਬੀਬੀਸੀ ਪੱਤਰਕਾਰ
''ਸਾਡੇ ਵਿਆਹ ਨੂੰ ਦੋ ਜਾਂ ਤਿੰਨ ਮਹੀਨੇ ਹੀ ਹੋਏ ਸਨ, ਅਸੀਂ ਹਰ ਦੂਜੇ ਤੀਜੇ ਵੀਕਐਂਡ 'ਤੇ ਫਿਲਮ ਵੇਖਣ ਜਾਂਦੇ ਸੀ। ਇੱਕ ਦਿਨ ਮੈਂ ਮੋਨਾ ਨੂੰ ਕਿਹਾ ਕਿ ਆਫਿਸ ਵਿੱਚ ਬਹੁਤ ਜ਼ਿਆਦਾ ਕੰਮ ਹੈ, ਇਸ ਲਈ ਫਿਲਮ ਲਈ ਨਹੀਂ ਜਾ ਸਕਦੇ। ਇਹ ਸੁਣਦੇ ਹੀ ਉਹ ਅਚਾਨਕ ਨਾਰਾਜ਼ ਹੋਣ ਲੱਗੀ ਤੇ ਬਹੁਤ ਜ਼ਿਆਦਾ ਗੁੱਸਾ ਹੋਈ, ਮੈਂ ਹੈਰਾਨ ਰਹਿ ਗਿਆ ਕਿ ਇੰਨੀ ਜਿਹੀ ਗੱਲ 'ਤੇ ਉਹ ਇੰਨਾ ਗੁੱਸਾ ਕਿਉਂ ਹੋ ਰਹੀ ਸੀ?''
ਸੰਤੋਸ਼ ਤੇ ਨਾਲ ਬੈਠੀ ਉਨ੍ਹਾਂ ਦੀ ਪਤਨੀ ਮੋਨਾ ਉਹ ਦਿਨ ਯਾਦ ਕਰਦੇ ਹੋਏ ਹੁਣ ਭਾਵੇਂ ਹੱਸ ਰਹੇ ਹੋਣ ਪਰ ਉਸ ਵੇਲੇ ਇਹ ਸੌਖਾ ਨਹੀਂ ਸੀ।
ਦਰਅਸਲ ਮੋਨਾ ਉਸ ਵੇਲੇ ਪ੍ਰੀ-ਮੈਨਸਟਰੂਅਲ ਸਿੰਡਰੋਮ(ਪੀਐੱਮਐੱਸ) ਤੋਂ ਗੁਜ਼ਰ ਰਹੀ ਸੀ।
ਇਹ ਵੀ ਪੜ੍ਹੋ:
ਰਾਜਸਥਾਨ ਦਾ ਮਾਮਲਾ
ਇਹ ਮਸਲਾ ਕਾਫੀ ਗੰਭੀਰ ਹੈ। ਕੁਝ ਦਿਨ ਪਹਿਲਾਂ ਰਾਜਸਥਾਨ ਦੇ ਅਜਮੇਰ ਵਿੱਚ ਇੱਕ ਮਹਿਲਾ ਨੇ ਪੀਐੱਮਐੱਸ ਦੌਰਾਨ ਆਪਣੇ ਤਿੰਨ ਬੱਚਿਆਂ ਨੂੰ ਖੂੰਹ ਵਿੱਚ ਸੁੱਟ ਦਿੱਤਾ, ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ।
ਰਾਜਸਥਾਨ ਹਾਈਕੋਰਟ ਵਿੱਚ ਕੇਸ ਚੱਲਿਆ ਤਾਂ ਔਰਤ ਨੇ ਦੱਸਿਆ ਕਿ ਪੀਐੱਮਐੱਸ ਕਾਰਨ ਉਸ ਨੂੰ ਧਿਆਨ ਨਹੀਂ ਰਿਹਾ ਕਿ ਉਹ ਕੀ ਕਰਨ ਜਾ ਰਹੀ ਹੈ।
ਕੋਰਟ ਨੇ ਮਹਿਲਾ ਨੂੰ ਬਰੀ ਕਰ ਦਿੱਤਾ।

ਤਸਵੀਰ ਸਰੋਤ, LAURÈNE BOGLIO
ਪੀਐੱਮਐੱਸ ਕੀ ਹੁੰਦਾ ਹੈ?
ਪੀਐੱਮਐੱਸ ਔਰਤਾਂ ਦੇ ਪੀਰੀਅਡਜ਼ ਸ਼ੁਰੂ ਹੋਣ ਤੋਂ ਪੰਜ ਜਾਂ ਸੱਤ ਦਿਨ ਪਹਿਲਾਂ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਔਰਤਾਂ ਦਾ ਮੂਡ ਬਦਲਣ ਲੱਗਦਾ ਹੈ।
ਉਨ੍ਹਾਂ ਨੂੰ ਕੋਈ ਖਾਸ ਚੀਜ਼ ਖਾਣ ਦੀ ਇੱਛਾ ਹੁੰਦੀ ਹੈ ਜਾਂ ਫੇਰ ਉਹ ਚਿੜਚਿੜਾਪਣ ਮਹਿਸੂਸ ਕਰਦੀਆਂ ਹਨ। ਇੰਨਾ ਹੀ ਨਹੀਂ ਕਦੇ ਕਦੇ ਤਾਂ ਔਰਤਾਂ ਆਤਮਦਾਹ ਕਰਨ ਬਾਰੇ ਵੀ ਸੋਚਦੀਆਂ ਹਨ।
ਦਿੱਲੀ ਦੀ ਔਰਤਾਂ ਦੇ ਰੋਗਾਂ ਦੀ ਮਾਹਰ ਡਾਕਟਰ ਅਦਿਤੀ ਆਚਾਰਿਆ ਨੇ ਦੱਸਿਆ, ''ਔਰਤਾਂ ਦੇ ਸਰੀਰ ਵਿੱਚ ਹਾਰਮੋਨਲ ਬਦਲਾਵਾਂ ਕਰਕੇ ਪੀਐੱਮਐੱਸ ਹੁੰਦਾ ਹੈ। ਇਸ ਦੌਰਾਨ ਕੁੜੀਆਂ ਨੂੰ ਆਪਣੇ ਸਰੀਰ ਵਿੱਚ ਦਰਦ ਮਹਿਸੂਸ ਹੁੰਦਾ ਹੈ, ਖਾਸ ਕਰ ਕੇ ਢਿੱਡ ਤੇ ਛਾਤੀ ਨੇੜੇ।''
ਇਹ ਵੀ ਪੜ੍ਹੋ:
''ਇਸ ਤੋਂ ਇਲਾਵਾ ਕੁੜੀਆਂ ਦੇ ਮੂਡ ਵਿੱਚ ਅਚਾਨਕ ਬਦਲਾਅ ਹੋਣ ਲੱਗਦੇ ਹਨ। ਉਹ ਕਦੇ ਗੁੱਸਾ ਤਾਂ ਕਦੇ ਅਚਾਨਕ ਖੁਸ਼ ਹੋਣ ਲੱਗਦੀਆਂ ਹਨ। ਨਿੱਕੀਆਂ ਨਿੱਕੀਆਂ ਗੱਲਾਂ 'ਤੇ ਰੋਣਾ ਆਉਂਦਾ ਹੈ।''
ਪਬਲਿਕ ਲਾਈਬ੍ਰੇਰੀ ਆਫ ਸਾਈਂਸ ਜਰਨਲ PLosONE ਵਿੱਚ ਪੀਐੱਮਐੱਸ 'ਤੇ ਇੱਕ ਰਿਸਰਚ ਛਪੀ ਸੀ। ਇਸ ਦੇ ਮੁਤਾਬਕ 90 ਫੀਸਦ ਔਰਤਾਂ ਇਸ ਵਿੱਚੋਂ ਗੁਜ਼ਰਦੀਆਂ ਹਨ।
ਇਨ੍ਹਾਂ 'ਚੋਂ 40 ਫੀਸਦ ਔਰਤਾਂ ਨੂੰ ਤਣਾਅ ਮਹਿਸੂਸ ਹੁੰਦਾ ਹੈ ਤੇ ਦੋ ਤੋਂ ਪੰਜ ਫੀਸਦ ਬਹੁਤ ਜ਼ਿਆਦਾ ਤਣਾਅ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਨਾਲ ਆਮ ਜ਼ਿੰਦਗੀ 'ਤੇ ਅਸਰ ਪੈਂਦਾ ਹੈ।
ਮਰਦਾਂ ਨੂੰ ਘੱਟ ਜਾਣਕਾਰੀ
ਇਸ ਦੌਰਾਨ ਔਰਤਾਂ ਨੂੰ ਸਭ ਤੋਂ ਵੱਧ ਮਨ ਦੀ ਸ਼ਾਂਤੀ ਚਾਹੀਦੀ ਹੁੰਦੀ ਹੈ। ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਸਾਥੀ ਪ੍ਰੇਸ਼ਾਨੀ ਨੂੰ ਸਮਝਣ ਤੇ ਔਖੇ ਹਾਲਾਤ ਵਿੱਚ ਉਨ੍ਹਾਂ ਦਾ ਸਾਥ ਦੇਣ।
ਬੀਕਾਮ ਫਾਈਨਲ ਵਿੱਚ ਪੜ੍ਹਦੇ ਆਯੂਸ਼ ਨੇ ਵੀ ਇਸ ਬਾਰੇ ਦੱਸਿਆ ਜਦ ਉਹ ਆਪਣੀ ਗਰਲਫਰੈਂਡ ਦੇ ਬਦਲਦੇ ਹੋਏ ਮੂਡ ਤੋਂ ਪ੍ਰੇਸ਼ਾਨ ਸਨ।
ਉਨ੍ਹਾਂ ਕਿਹਾ, ''ਸਾਡੇ ਰਿਸ਼ਤੇ ਨੂੰ ਦੋ ਸਾਲ ਹੋ ਗਏ ਹਨ, ਪਰ ਮੈਨੂੰ ਕੁੜੀਆਂ ਦੀ ਇਸ ਤਕਲੀਫ ਬਾਰੇ ਪਤਾ ਨਹੀਂ ਸੀ। ਇੱਕ ਦਿਨ ਬਿਨਾਂ ਕਿਸੇ ਵਜ੍ਹਾ ਦੇ ਮੇਰੀ ਗਰਲਫਰੈਂਡ ਗੁੱਸੇ ਹੋਣ ਲੱਗੀ ਤੇ ਨਿੱਕੀ ਜਿਹੀ ਗੱਲ 'ਤੇ ਰੋਣ ਲੱਗੀ। ਉਸ ਵੇਲੇ ਮੈਂ ਵੀ ਉਸ ਨਾਲ ਨਾਰਾਜ਼ ਹੋ ਕੇ ਚਲਿਆ ਗਿਆ।''
ਆਯੂਸ਼ ਨੇ ਦੱਸਿਆ ਕਿ ਬਾਅਦ ਵਿੱਚ ਉਨ੍ਹਾਂ ਗੂਗਲ 'ਤੇ ਇਸ ਬਾਰੇ ਪੜ੍ਹਿਆ। ਹੁਣ ਜਦੋਂ ਵੀ ਉਨ੍ਹਾਂ ਦੀ ਗਰਲਫਰੈਂਡ ਦਾ ਮੂਡ ਬਦਲਣ ਲੱਗਦਾ ਹੈ ਤਾਂ ਉਹ ਪਹਿਲਾਂ ਹੀ ਪੁੱਛ ਲੈਂਦੇ ਹਨ ਕਿ ਕਿਤੇ ਪੀਰੀਅਡਜ਼ ਤਾਂ ਨਹੀਂ ਸ਼ੁਰੂ ਹੋਣ ਵਾਲੇ।

ਤਸਵੀਰ ਸਰੋਤ, MONALISA/FACEBOOK
ਪਾਰਟਨਰ ਦਾ ਰੋਲ
ਮੋਨਾ ਨੇ ਦੱਸਿਆ ਕਿ ਵਿਆਹ ਦੇ ਇੱਕ ਸਾਲ ਬਾਅਦ ਹੁਣ ਉਨ੍ਹਾਂ ਦੇ ਪਤੀ ਵਿੱਚ ਇਸ ਚੀਜ਼ ਨੂੰ ਲੈ ਕੇ ਕਾਫੀ ਫਰਕ ਆਇਆ ਹੈ।
ਉਨ੍ਹਾਂ ਕਿਹਾ, ''ਮੇਰੇ ਪਤੀ ਦੀਆਂ ਭੈਣਾਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੀਰੀਅਡਜ਼ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਉਹ ਨਹੀਂ ਜਾਣ ਪਾਉਂਦੇ ਸੀ ਕਿ ਮੇਰਾ ਮੂਡ ਕਿਉਂ ਬਦਲ ਰਿਹਾ ਹੈ।''
''ਉਹ ਨਾਰਾਜ਼ ਹੋ ਜਾਂਦੇ ਸੀ ਪਰ ਹੁਣ ਕਾਫੀਆਂ ਗੱਲਾਂ ਸਮਝਣ ਲੱਗੇ ਹਨ। ਉਨ੍ਹਾਂ ਦਾ ਸਾਥ ਹੋਣ ਕਰਕੇ ਮੇਰੇ ਲਈ ਵੀ ਪੀਐੱਮਐੱਸ ਦੇ ਔਖੇ ਸਮੇਂ 'ਚੋਂ ਲੰਘਣਾ ਸੌਖਾ ਹੋ ਜਾਂਦਾ ਹੈ।''
ਇਹ ਵੀ ਪੜ੍ਹੋ:
ਮੋਨਾ ਦੇ ਪਤੀ ਸੰਤੋਸ਼ ਨੇ ਕਿਹਾ, ''ਸ਼ੁਰੂਆਤ ਵਿੱਚ ਲੱਗਦਾ ਸੀ ਕਿ ਪਤਨੀ ਦੇ ਪੀਰੀਅਡਜ਼ ਦੌਰਾਨ ਪਤੀਆਂ ਨੂੰ ਸੁਰੱਖਿਆ ਕਵਚ ਪਾ ਲੈਣਾ ਚਾਹੀਦਾ ਹੈ ਪਰ ਹੁਣ ਲੱਗਦਾ ਹੈ ਕਿ ਔਖੇ ਸਮੇਂ ਵਿੱਚ ਸਾਨੂੰ ਉਨ੍ਹਾਂ ਦਾ ਸੁਰੱਖਿਆ ਕਵਚ ਬਣ ਜਾਣਾ ਚਾਹੀਦਾ ਹੈ।''
ਕਾਲਜ ਜਾਣ ਵਾਲੇ ਆਯੂਸ਼ ਦੱਸਦੇ ਹਨ ਕਿ ਜਦੋਂ ਤੋਂ ਉਨ੍ਹਾਂ ਪੀਰੀਅਡਜ਼ ਤੇ ਪੀਐੱਮਐੱਸ ਵਰਗੀਆਂ ਗੱਲਾਂ ਨੂੰ ਸਮਝਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਖੁਬਸੂਰਤ ਹੋ ਗਿਆ ਹੈ।
ਥੈਰੇਪੀ ਦੀ ਮਦਦ
PlosOne ਦੀ ਰਿਪੋਰਟ ਮੁਤਾਬਕ ਹੈਟਰੋ ਸੈਕਸੂਅਲ ਜੋੜੇ ਦੇ ਮੁਕਾਬਲੇ ਲੈਸਬੀਅਨ ਜੋੜੇ ਵਿਚਾਲੇ ਇਹ ਪ੍ਰੇਸ਼ਾਨੀ ਘੱਟ ਆਉਂਦੀ ਹੈ। ਕਿਉਂਕਿ ਦੋਵੇਂ ਕੁੜੀਆਂ ਹੁੰਦੀਆਂ ਹਨ ਇਸ ਲਈ ਇੱਕ ਦੂਜੇ ਦੀ ਤਕਲੀਫ ਨੂੰ ਸਮਝ ਸਕਦੀਆਂ ਹਨ।
ਡਾਕਟਰ ਅਦਿਤੀ ਨੇ ਕਿਹਾ ਕਿ ਜੇ ਮਰਦ ਪਾਰਟਨਰ ਵੀ ਆਪਣੀ ਗਰਲਫਰੈਂਡ ਦਾਂ ਪਤਨੀ ਨੂੰ ਸਮਝਣ ਲੱਗੇ ਤਾਂ ਤਕਲੀਫ ਘੱਟ ਹੋ ਜਾਂਦੀ ਹੈ।
ਪਰ ਜੇ ਤਣਾਅ ਬਹੁਤ ਜ਼ਿਆਦਾ ਹੈ ਤਾਂ ਡਾਕਟਰ ਦੀ ਮਦਦ ਜ਼ਰੂਰ ਲੈ ਲੈਣੀ ਚਾਹੀਦੀ ਹੈ।












