ਰੋਮਾਂਟਿਕ ਰਿਲੇਸ਼ਨਸ਼ਿਪ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ 10 ਗੱਲਾਂ

ਤਸਵੀਰ ਸਰੋਤ, THINKSTOCK
- ਲੇਖਕ, ਸ਼ਮਾਨ ਫ੍ਰੀਮੈਨ-ਪੌਵੇਲ
- ਰੋਲ, ਬੀਬੀਸੀ ਨਿਊਜ਼
ਅੱਜ-ਕੱਲ੍ਹ ਦੇ ਨੌਜਵਾਨ ਜਿੰਨੀ ਜਲਦੀ ਕਿਸੇ ਰਿਸ਼ਤੇ ਵਿੱਚ ਬੱਝਣਾ ਪਸੰਦ ਕਰਦੇ ਹਨ ਓਨੀ ਹੀ ਛੇਤੀ ਰਿਸ਼ਤਿਆਂ ਵਿੱਚ ਥੋੜ੍ਹੀ ਜਿਹੀ ਕੁੜੱਤਣ ਆਉਣ ਨਾਲ ਦੂਰੀ ਵੀ ਬਣਾ ਲੈਂਦੇ ਹਨ।
ਅਜੋਕੇ ਸਮੇਂ ਵਿੱਚ ਆਪਣੇ ਦਿਲ ਦਾ ਇਜ਼ਹਾਰ ਕਰਨ ਲਈ ਸਿਰਫ਼ ਇੱਕ ਫ਼ੋਨ ਦੀ ਦੂਰੀ ਹੈ। ਪਰ ਜੇਕਰ ਤੁਸੀਂ ਖ਼ੁਦ ਤੋਂ ਅਤੇ ਆਪਣੇ ਪਾਰਟਨਰ ਤੋਂ ਦਸ ਸਵਾਲ ਪੁੱਛ ਲਵੋਗੇ ਤਾਂ ਇਸ ਨਾਲ ਤੁਹਾਡਾ ਭਵਿੱਖ ਵੀ ਖ਼ਰਾਬ ਨਹੀਂ ਹੋਵੇਗਾ ਅਤੇ ਤੁਹਾਡੇ ਸਮੇਂ ਦੀ ਵੀ ਬਚਤ ਹੋਵੇਗੀ।
ਤਲਾਕ ਮਾਮਲਿਆਂ ਦੀ ਮਾਹਿਰ ਵਕੀਲ ਬੈਰੋਨੇਸ ਫਿਓਨਾ ਸ਼ੇਕਲੇਟਨ ਅਤੇ ਐਕਸੇਟਰ ਯੂਨੀਵਰਸਟੀਆਂ ਦੇ ਸਿੱਖਿਆ ਮਾਹਿਰਾਂ ਦੇ ਇੱਕ ਸਮੂਹ ਨੇ ਦੱਸਿਆ ਕਿ ਰਿਸ਼ਤਿਆਂ ਵਿੱਚ ਬੱਝਣ ਵਾਲੇ ਜੋੜਿਆਂ ਨੂੰ ਪਹਿਲਾਂ ਇੱਕ ਦੂਜੇ ਤੋਂ ਕੁਝ ਸਵਾਲ ਪੁੱਛ ਲੈਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਨੂੰ ਰਿਸ਼ਤੇ ਸੁਧਾਰਨ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ:
ਸਰਵੇਖਣ ਮੁਤਾਬਕ ਸਫ਼ਲ ਜੋੜੇ, ਪਰਿਵਾਰਕ ਵਕੀਲਾਂ ਅਤੇ ਸਮਝੌਤਾ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਜਿਸ ਰਿਸ਼ਤੇ ਵਿੱਚ ਦੋਸਤੀ, ਸਨਮਾਨ ਹੁੰਦਾ ਹੈ ਅਤੇ ਜਿਹੜੇ ਆਪਣੇ ਬਾਰੇ ਸਭ ਕੁਝ ਸ਼ੇਅਰ ਕਰਦੇ ਹਨ ਉਨ੍ਹਾਂ ਦਾ ਰਿਸ਼ਤਾ ਲੰਬੇ ਸਮੇਂ ਤੱਕ ਟਿਕਦਾ ਹੈ।
ਚੰਗੇ ਦੋਸਤ ਹੀ ਚੰਗੇ ਪਾਰਟਨਰ ਹੁੰਦੇ ਹਨ
ਖੋਜਕਾਰਾਂ ਨੇ 43 ਜੋੜਿਆਂ ਦਾ ਇੰਟਰਵਿਊ ਕੀਤਾ ਜਿਨ੍ਹਾਂ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਜਾਂ ਜਿਹੜੇ ਇਸ ਦੌਰਾਨ ਵੱਖ ਹੋ ਚੁੱਕੇ ਹਨ।
ਹੋਰ ਸਮਲਿੰਗੀ ਅਤੇ ਸਾਧਾਰਨ 10 ਜੋੜੇ ਵੀ ਸ਼ਾਮਲ ਸਨ ਜਿਹੜੇ ਘੱਟੋ-ਘੱਟ 15 ਸਾਲ ਤੱਕ ਇਕੱਠੇ ਰਹੇ ਹੋਣ।

ਤਸਵੀਰ ਸਰੋਤ, THINKSTOCK
ਅਧਿਐਨ ਤੋਂ ਬਾਅਦ ਹੇਠਾਂ ਦਿੱਤੇ ਗਏ 10 ਸਵਾਲ ਸਾਹਮਣੇ ਆਏ, ਜਿਨ੍ਹਾਂ ਨੂੰ ਹਰ ਰਿਸ਼ਤੇ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪੁੱਛਣਾ ਚਾਹੀਦਾ ਹੈ।
1.ਕੀ ਅਸੀਂ ਇੱਕ ਸਮਾਨ ਹਾਂ?
ਸਰਵੇ ਮੁਤਾਬਕ ਜ਼ਿਆਦਾਤਰ ਸਫ਼ਲ ਜੋੜੇ ਆਪਣੇ ਰਿਸ਼ਤੇ ਦੀ ਸ਼ੁਰੂਆਤ ਦੋਸਤੀ ਤੋਂ ਕਰਦੇ ਹਨ ਅਤੇ ਹੌਲੀ-ਹੌਲੀ ਦੋਵਾਂ ਵਿਚਾਲੇ ਮਜ਼ਬੂਤ ਸਬੰਧ ਬਣਨ ਲਗਦੇ ਹਨ।
ਇਸ ਲਈ ਖੋਜਕਾਰਾਂ ਦਾ ਮੰਨਣਾ ਹੈ ਕਿ ਰਿਸ਼ਤੇ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਦੋਵਾਂ ਪਾਰਟਨਰਜ਼ ਨੂੰ ਇੱਕ-ਦੂਜੇ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਦੋਸਤੀ 'ਤੇ ਆਧਾਰਿਤ ਰਿਸ਼ਤੇ ਵਰਗਾ ਹੈ।
2.ਕੀ ਸਾਡੀ ਦੋਸਤੀ ਬਹੁਤ ਗਹਿਰੀ ਹੈ?
ਮਾਹਿਰਾਂ ਦਾ ਮੰਨਣਾ ਹੈ ਕਿ ਚੰਗੀ ਦੋਸਤੀ ਹੋਣ 'ਤੇ ਮੁਸ਼ਕਿਲ ਸਮੇਂ ਵਿੱਚ ਵੀ ਆਸਾਨੀ ਨਾਲ ਕੰਮ ਕੀਤਾ ਜਾ ਸਕਦਾ ਹੈ।
ਅਧਿਐਨ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਜੋੜੇ ਬਾਅਦ ਵਿੱਚ ਵੱਖਰੇ ਹੋ ਜਾਂਦੇ ਹਨ ਉਨ੍ਹਾਂ ਵਿਚਾਲੇ ਦੋਸਤੀ ਦਾ ਰਿਸ਼ਤਾ ਘੱਟ ਸੀ।
3.ਕੀ ਅਸੀਂ ਇੱਕੋ ਜਿਹੀਆਂ ਚੀਜ਼ਾਂ ਹੀ ਚਾਹੁੰਦੇ ਹਾਂ?
ਅਧਿਐਨ ਮੁਤਾਬਕ, ਜਿਨ੍ਹਾਂ ਜੋੜਿਆਂ ਦਾ ਰਿਸ਼ਤਾ ਹਮੇਸ਼ਾ ਲਈ ਬਣਿਆ ਰਹਿੰਦਾ ਹੈ ਉਹ ਇੱਕ-ਦੂਜੇ ਤੋਂ ਰਿਸ਼ਤਿਆਂ ਦੀ ਕੀਮਤ, ਰਿਸ਼ਤਿਆਂ ਤੋਂ ਉਮੀਦਾਂ, ਆਪਣੇ ਸੁਪਨੇ, ਆਪਣੀਆਂ ਲੋੜਾਂ ਆਦਿ ਦੀਆਂ ਗੱਲਾਂ ਸਾਂਝਾ ਕਰਦੇ ਹਨ।

4.ਕੀ ਸਾਡੀਆਂ ਲੋੜਾਂ ਉਚਿਤ ਹਨ?
ਅਧਿਐਨ ਵਿੱਚ ਮਾਹਿਰਾਂ ਨੇ ਇਹ ਦੇਖਿਆ ਕਿ ਸਫ਼ਲ ਜੋੜਿਆਂ ਵਿਚਾਲੇ ਵਿਆਹ ਅਤੇ ਉਨ੍ਹਾਂ ਦੇ ਰਿਸ਼ਤਿਆਂ ਨੂੰ ਲੈ ਕੇ ਉਚਿਤ ਲੋੜਾਂ ਹਨ।
ਉਨ੍ਹਾਂ ਨੂੰ ਪਤਾ ਸੀ ਕਿ ਰਿਸ਼ਤੇ ਨੂੰ ਚਲਾਉਣਾ ਸੌਖਾ ਨਹੀਂ ਹੋਵੇਗਾ ਜਿਸਦੇ ਲਈ ਉਹ ਸਖ਼ਤ ਮਿਹਨਤ ਕਰਨ ਲਈ ਵੀ ਤਿਆਰ ਸਨ।
5.ਕੀ ਅਸੀਂ ਪਾਰਟਨਰ ਤੋਂ ਖ਼ੁਦ ਨੂੰ ਬਿਹਤਰ ਸਮਝਦੇ ਹਾਂ?
ਮਾਹਿਰਾਂ ਦਾ ਮੰਨਣਾ ਹੈ ਕਿ ਰਿਸ਼ਤਿਆਂ ਵਿੱਚ ਹਮਦਰਦੀ ਰੱਖਣਾ ਚੰਗੀ ਗੱਲ ਹੈ ਅਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦਇਆ ਭਾਵ ਹੋਣ ਨਾਲ ਸ਼ਾਇਦ ਪਿਆਰ ਹੋਣ ਵਿੱਚ ਸਮਾਂ ਲੱਗੇ ਪਰ ਜਦੋਂ ਇਹ ਹੋਵੇਗਾ ਤਾਂ ਦੋਵੇਂ ਹੀ ਇੱਕ-ਦੂਜੇ ਨੂੰ ਖ਼ੁਦ ਤੋਂ ਚੰਗਾ ਸਮਝਣਗੇ ਅਤੇ ਲੋੜ ਪੈਣ 'ਤੇ ਇੱਕ ਦੂਜੇ ਲਈ ਕੁਝ ਵੀ ਕਰਨ ਲਈ ਤਿਆਰ ਹੋਣਗੇ।
6.ਕੀ ਅਸੀਂ ਦੋਵੇਂ ਆਪਣੇ ਰਿਸ਼ਤੇ ਨੂੰ ਬਣਾਈ ਰੱਖਣ ਲਈ ਕੁਝ ਕਰਦੇ ਹਾਂ?
ਜਿਨ੍ਹਾਂ ਦਾ ਰਿਸ਼ਤਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਨ੍ਹਾਂ ਜੋੜਿਆਂ ਨੇ ਦੱਸਿਆ ਕਿ ਉਹ ਦੋਵੇਂ ਜਿੰਨਾ ਹੋ ਸਕਦਾ ਹੈ ਰੋਜ਼ਾਨਾ ਦੇ ਛੋਟੇ-ਛੋਟੇ ਕੰਮਾਂ ਅਤੇ ਰੀਤੀ-ਰਿਵਾਜ਼ਾਂ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਹਨ।

ਤਸਵੀਰ ਸਰੋਤ, Getty Images
7.ਕੀ ਅਸੀਂ ਕਿਸੇ ਮੁੱਦੇ 'ਤੇ ਚਰਚਾ ਕਰ ਸਕਦੇ ਹਾਂ ਅਤੇ ਆਪਣੇ ਵਿਚਾਲੇ ਹੋਣ ਵਾਲੀ ਸਮੱਸਿਆ ਇੱਕ-ਦੂਜੇ ਨੂੰ ਦੱਸ ਸਕਦੇ ਹਾਂ?
ਇਹ ਬਹੁਤ ਜ਼ਰੂਰੀ ਹੈ ਕਿ ਪੂਰੇ ਦਿਨ ਵਿੱਚ ਤੁਹਾਡੇ ਕੋਲ ਐਨਾ ਸਮਾਂ ਹੋਵੇ ਕਿ ਤੁਸੀਂ ਦਿਨ-ਭਰ ਦੇ ਜ਼ਰੂਰੀ ਮੁੱਦਿਆਂ ਜਾਂ ਕਿਸੇ ਗੰਭੀਰ ਸਮੱਸਿਆ 'ਤੇ ਗੱਲ ਕਰੋ ਤਾਂ ਜੋ ਰਿਸ਼ਤਿਆਂ ਨੂੰ ਹੋਰ ਡੂੰਘਾ ਬਣਾਇਆ ਜਾ ਸਕੇ।
8.ਕੀ ਅਸੀਂ ਮੁਸ਼ਕਿਲ ਸਮੇਂ ਵਿੱਚ ਕੰਮ ਕਰਨ ਲਈ ਪ੍ਰਤੀਬੱਧ ਹਾਂ?
ਸਥਾਈ ਸਬੰਧ ਰੱਖਣ ਲਈ ਜੋੜਿਆਂ ਵਿੱਚ ਐਨੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਉਹ ਸਮੇਂ ਦੇ ਨਾਲ ਹੋਣ ਵਾਲੇ ਬਦਲਾਅ ਮੁਤਾਬਕ ਅਨੁਕੂਲ ਰਹਿਣ।
ਜਦੋਂ ਮੁਸ਼ਕਿਲ ਦੇ ਸਮੇਂ ਦੋਵੇਂ ਇਕੱਠੇ ਰਹਿੰਦੇ ਹਨ ਤਾਂ ਉਹ ਅਕਸਰ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੀ ਗੱਲ ਕਰਦੇ ਹਨ।

ਤਸਵੀਰ ਸਰੋਤ, Getty Images
9.ਕੀ ਅਸੀਂ ਆਪਣੀ ਮੰਗ 'ਤੇ ਕਾਬੂ ਜਾਂ ਘੱਟ ਕਰਨ ਦੀ ਕੋਸ਼ਿਸ਼ ਕਰ ਸਕਾਂਗੇ?
ਖੋਜਕਾਰਾਂ ਨੇ ਮੰਨਿਆ ਕਿ ਜ਼ਿੰਦਗੀ ਵਿੱਚ ਜਦੋਂ ਪਿਆਰ ਨੂੰ ਗੁਆਉਣ ਦਾ ਡਰ, ਲਵ ਅਫੇਅਰ, ਖ਼ਰਾਬ ਆਰਥਿਕ ਸਥਿਤੀ ਆਦਿ ਵਰਗਾ ਦਬਾਅ ਪੈਂਦਾ ਹੈ ਤਾਂ ਕਈ ਇੱਛਾਵਾਂ ਨੂੰ ਖ਼ਤਮ ਕਰਨਾ ਪੈਂਦਾ ਹੈ।
ਪਰ ਆਪਣੀਆਂ ਇੱਛਾਵਾਂ 'ਤੇ ਕਾਬੂ ਪਾਉਣਾ ਹੀ ਰਿਸ਼ਤੇ ਦੀ ਜਿੱਤ ਹੈ ਅਤੇ ਇਹ ਸਭ ਰਿਸ਼ਤਿਆਂ ਲਈ ਜ਼ਰੂਰੀ ਵੀ ਹੈ।
10.ਕੀ ਅਸੀਂ ਲੋਕਾਂ ਸਾਹਮਣੇ ਇੱਕ-ਦੂਜੇ ਦਾ ਸਾਥ ਦਿੰਦੇ ਹਾਂ?
ਸਾਰੇ ਚਾਹੁੰਦੇ ਹਨ ਕਿ ਜਿਸ ਨੂੰ ਅਸੀਂ ਪਸੰਦ ਕਰਦੇ ਹਾਂ ਅਤੇ ਜਿਸਦੇ ਨਾਲ ਅਸੀਂ ਜ਼ਿੰਦਗੀ ਬਤੀਤ ਕਰਨ ਦਾ ਫ਼ੈਸਲਾ ਕਰ ਲਿਆ ਹੈ ਉਸ ਨੂੰ ਸਾਡਾ ਪਰਿਵਾਰ ਅਤੇ ਦੋਸਤ ਵੀ ਪਸੰਦ ਕਰਨ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜੋੜਿਆਂ ਨੂੰ ਪਰਿਵਾਰ ਅਤੇ ਦੋਸਤਾਂ ਦਾ ਸਾਥ ਮਿਲੇ, ਤਾਂ ਉਹ ਉਨ੍ਹਾਂ ਜੋੜਿਆਂ ਦਾ ਰਿਸ਼ਤਾ ਹੋਰ ਮਜ਼ਬੂਤ ਕਰਦਾ ਹੈ।
ਇਨ੍ਹਾਂ ਸਾਰੇ ਸਵਾਲਾਂ ਨੂੰ ਜਾਣਨ ਤੋਂ ਬਾਅਦ ਇਹ ਤੈਅ ਕਰੋ ਕਿ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਉਮੀਦ ਨਜ਼ਰ ਆਉਂਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ:












