ਬਲਾਤਕਾਰ ਕੇਸ 'ਚੋਂ ਬਰੀ ਹੋਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੇ ਕੀ ਕਿਹਾ

ਤਸਵੀਰ ਸਰੋਤ, GURPREET CHAWLA/BBC
ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਬਲਾਤਕਾਰ ਮਾਮਲੇ 'ਚੋਂ ਬਰੀ ਹੋ ਗਏ ਹਨ। ਗੁਰਦਾਸਪੁਰ ਸੈਸ਼ਨਜ਼ ਕੋਰਟ ਨੇ ਸੋਮਵਾਰ ਨੂੰ ਸੁਣਾਏ ਇੱਕ ਫੈਸਲੇ ਰਾਹੀਂ ਲੰਗਾਹ ਨੂੰ ਵੱਡੀ ਰਾਹਤ ਦਿੱਤੀ।
ਮਾਮਲੇ ਵਿੱਚ ਸ਼ਿਕਾਇਤਕਰਤਾ ਔਰਤ ਆਪਣੇ ਬਿਆਨਾਂ ਤੋਂ ਮੁੱਕਰ ਚੁੱਕੀ ਸੀ।
ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਸਾਹਮਣੇ ਆਏ ਇਸ ਕੇਸ ਕਾਰਨ ਲੰਗਾਹ ਨੂੰ ਅਕਾਲ ਤਖ਼ਤ ਵੱਲੋਂ ਪੰਥ 'ਚੋਂ ਛੇਕਿਆ ਜਾ ਚੁੱਕਾ ਹੈ।
ਇਸੇ ਕੇਸ ਕਾਰਨ ਉਨ੍ਹਾਂ ਦੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਛੁੱਟੀ ਵੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ:
ਗੁਰਦਾਸਪੁਰ ਵਿੱਚ ਪੱਤਰਕਾਰ ਗੁਰਪ੍ਰੀਤ ਚਾਵਲਾ ਨੂੰ ਲੰਗਾਹ ਨੇ ਕਿਹਾ, ''ਮੇਰੇ ਸਿਆਸੀ ਵਿਰੋਧੀਆਂ ਵੱਲੋਂ ਮੇਰੇ ਖ਼ਿਲਾਫ਼ ਜੋ ਸਾਜਿਸ਼ ਕੀਤੀ ਗਈ ਸੀ ਉਨ੍ਹਾਂ ਦਾ ਅੱਜ ਅਦਾਲਤ ਨੇ ਜਵਾਬ ਦੇ ਦਿੱਤਾ ਹੈ।''
ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਫੈਸਲੇ ਤੋਂ ਬਾਅਦ ਹੁਣ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ ਅਤੇ ਆਰਪਣੇ ਆਪ ਨੂੰ ਪੰਥ ਵਿੱਚ ਮੁੜ ਸ਼ਾਮਲ ਕਰਨ ਦੀ ਅਪੀਲ ਕਰਨਗੇ।
ਕੀ ਸੀ ਬਲਾਤਕਾਰ ਦਾ ਮਾਮਲਾ
ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਲੰਗਾਹ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ। ਇਸ ਸਬੰਧ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ।
ਸ਼ਿਕਾਇਤ 'ਚ ਉਸ ਨੇ ਕਿਹਾ ਲੰਗਾਹ ਉਸ ਨਾਲ 2009 ਤੋਂ ਲੈ ਕੇ ਹੁਣ ਤੱਕ ਬਲਾਤਕਾਰ ਕਰ ਰਹੇ ਸਨ।
ਪੀੜਤ ਔਰਤ ਨੇ ਲੰਗਾਹ 'ਤੇ ਪੈਸੇ ਹੜੱਪਣ ਦੇ ਵੀ ਇਲਜ਼ਾਮ ਲਾਏ ਸਨ। 2008 'ਚ ਪੀੜਤਾ ਦੇ ਪਤੀ ਦੀ ਮੌਤ ਹੋ ਗਈ ਸੀ।
ਦਰਅਸਲ ਉਸ ਦਾ ਪਤੀ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਸੀ। ਇਲਜ਼ਾਮ ਮੁਤਾਬਕ ਆਪਣੇ ਪਤੀ ਦੀ ਸਰਕਾਰੀ ਨੌਕਰੀ ਲਗਵਾਉਣ ਲਈ ਲੰਗਾਹ ਨਾਲ 2009 'ਚ ਪਰਿਵਾਰ ਸਣੇ ਕਿਸਾਨ ਭਵਨ, ਚੰਡੀਗੜ੍ਹ 'ਚ ਮੁਲਾਕਾਤ ਵੀ ਕੀਤੀ ਸੀ।

ਤਸਵੀਰ ਸਰੋਤ, Gurpreet Chawla
ਭ੍ਰਿਸ਼ਟਾਚਾਰ ਦਾ ਮਾਮਲਾ
2002 ਵਿੱਚ ਲੰਗਾਹ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। 1997 ਤੋਂ 2002 ਦੌਰਾਨ ਅਕਾਲੀ ਸਰਕਾਰ ਸਮੇਂ ਮੰਤਰੀ ਰਹਿੰਦਿਆਂ ਲੰਗਾਹ 'ਤੇ 13 ਕਰੋੜ ਦੀ ਜਾਇਦਾਦ ਇਕੱਠੀ ਕਰਨ ਦੇ ਇਲਜ਼ਾਮ ਲੱਗੇ।
ਕਈ ਸਾਲ ਤੱਕ ਮਾਮਲਾ ਚਲਦਾ ਰਿਹਾ। ਅਖੀਰ 2015 ਵਿੱਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਲੰਗਾਹ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਸਜ਼ਾ ਅਤੇ ਇੱਕ ਕਰੋੜ ਦਾ ਜੁਰਮਾਨਾ ਲਾਇਆ।
ਹਾਲਾਂਕਿ ਸੁਪਰੀਮ ਕੋਰਟ ਨੇ 2017 ਵਿਧਾਨ ਸਭਾ ਚੋਣਾਂ ਤੋਂ ਇੱਕ ਮਹੀਨਾ ਪਹਿਲਾ ਹੇਠਲੀ ਅਦਾਲਤ ਦੇ ਫੈਸਲੇ ਉੱਤੇ ਰੋਕ ਲਗਾ ਕੇ ਲੰਗਾਹ ਲਈ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਰਾਹ ਪੱਧਰਾ ਕਰ ਦਿੱਤਾ।

ਤਸਵੀਰ ਸਰੋਤ, Gurpreet Chawla
ਪਰ ਉਹ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਤੋਂ ਥੋੜੇ ਫ਼ਰਕ ਨਾਲ ਹਾਰ ਗਏ। ਇਹ ਲੰਗਾਹ ਦੀ 2012 ਤੋਂ ਬਾਅਦ ਲਗਾਤਾਰ ਦੂਜੀ ਹਾਰ ਸੀ।
ਹਾਰ ਦੀ ਵਜ੍ਹਾ ਕਰਕੇ ਅਕਾਲੀ ਦਲ ਵਿੱਚ ਲੰਗਾਹ ਦੇ ਰੁਤਬੇ ਨੂੰ ਢਾਹ ਨਹੀਂ ਲੱਗੀ।
ਉਹ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਸਵਰਨ ਸਿੰਘ ਸਲਾਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਏ।
ਇਸ ਸਭ ਦੇ ਬਾਵਜੂਦ ਸੁੱਚਾ ਸਿੰਘ ਲੰਗਾਹ ਦਾ ਸਿੱਕਾ ਅਕਾਲੀ ਦਲ ਵਿੱਚ ਬਰਕਾਰ ਰਿਹਾ। ਹਾਲਾਂਕਿ ਤਸਵੀਰ ਉਦੋਂ ਬਦਲੀ ਜਦੋਂ ਸੁੱਚਾ ਸਿੰਘ ਲੰਗਾਹ ਤੇ ਬਲਾਤਕਾਰ ਦੇ ਇਲਜ਼ਾਮ ਲੱਗੇ।
ਲੰਗਾਹ ਦਾ ਸਿਆਸੀ ਸਫ਼ਰ
ਸੁੱਚਾ ਸਿੰਘ ਲੰਗਾਹ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ 1980 ਵਿੱਚ ਅਕਾਲੀ ਦਲ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਬਣਾਏ ਜਾਣ ਦੇ ਨਾਲ ਹੋਈ।
ਇਹ ਉਹ ਵੇਲਾ ਸੀ ਜਦੋਂ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੋਹੜਾ ਮੱਧ ਪ੍ਰਦੇਸ਼ ਦੀ ਜੇਲ੍ਹ ਵਿੱਚ ਬੰਦ ਸਨ।
ਉਸ ਵੇਲੇ ਉਜਾਗਰ ਸਿੰਘ ਸੇਖਵਾਂ ਅਕਾਲੀ ਦਲ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਸਨ। ਲੰਗਾਹ ਦਾ ਪਾਰਟੀ ਵਿੱਚ ਰੁਤਬਾ ਛੇਤੀ ਹੀ ਵੱਧ ਗਿਆ।

ਤਸਵੀਰ ਸਰੋਤ, Gurpreet Chawla
ਫਿਰ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣਿਆ ਗਿਆ। ਉਨ੍ਹਾਂ 1997 ਵਿੱਚ ਧਾਰੀਵਾਲ ਵਿਧਾਨ ਸਭਾ ਸੀਟ 'ਤੇ ਜਿੱਤ ਦਰਜ ਕੀਤੀ।
ਜਥੇਦਾਰ ਲੰਗਾਹ 1997-2002 ਤੱਕ ਅਕਾਲੀ ਸਰਕਾਰ 'ਚ ਲੋਕ ਭਲਾਈ ਮਹਿਕਮੇ ਦੇ ਮੰਤਰੀ ਵੀ ਰਹੇ।
ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਤੋਂ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਪਹਿਲਾਂ ਹੀ ਲੈ ਲਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਲੰਗਾਹ ਦਾ ਅਸਤੀਫ਼ਾ ਮੰਨਜ਼ੂਰ ਕਰ ਲਿਆ ਹੈ।
ਬਲਾਤਕਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਲੰਗਾਹ ਨੇ ਕਿਹਾ ਸੀ , "ਮੈਂ ਤੁਰੰਤ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ।"












