ਮਾਨਸਾ ਦੇ 2 ਨੌਜਵਾਨਾਂ ਦੀ ਕੈਨੇਡਾ ਵਿੱਚ ਗੋਲੀਆਂ ਲੱਗਣ ਮਗਰੋਂ ਮੌਤ, 'ਪੁੱਤ ਦਾ ਸੁੱਖ ਬਹੁਤ ਹੁੰਦਾ, ਉਹ ਦੁਨੀਆਂ ਤੋਂ ਤੁਰ ਗਿਆ ਤਾਂ ਸਾਰੀਆਂ ਆਸਾਂ ਬੁਝ ਗਈਆਂ'

ਰਣਵੀਰ ਸਿੰਘ ਅਤੇ ਗੁਰਦੀਪ ਸਿੰਘ

ਤਸਵੀਰ ਸਰੋਤ, Family

ਤਸਵੀਰ ਕੈਪਸ਼ਨ, ਦੋਵੇਂ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਨਾਲ ਸਬੰਧਤ ਸਨ

ਕੈਨੇਡਾ ਦੇ ਐਡਮੰਟਨ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਐਡਮੰਟਨ ਪੁਲਿਸ ਸਰਵਿਸ (ਈਪੀਐੱਸ) ਮੁਤਾਬਕ, ਉਹ ਦੱਖਣ-ਪੂਰਬੀ ਐਡਮੰਟਨ ਵਿੱਚ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤਾਂ 'ਚ ਹੋਈਆਂ ਮੌਤਾਂ ਦੀ ਜਾਂਚ ਕਰ ਰਹੀ ਹੈ।

ਪੁਲਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ, ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਜ਼ਖਮੀ ਹਾਲਤ ਵਿੱਚ 2 ਨੌਜਵਾਨ ਮਿਲੇ ਸਨ, ਜਿਨ੍ਹਾਂ ਦੀ ਮੈਡੀਕਲ ਦੇਖਭਾਲ ਦੌਰਾਨ ਮੌਕੇ 'ਤੇ ਹੀ ਮੌਤ ਹੀ ਗਈ।

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੀ ਰਿਪੋਰਟ ਮੁਤਾਬਕ, ਦੋਵੇਂ ਨੌਜਵਾਨ ਪੰਜਾਬ ਦੇ ਮਾਨਸਾ ਜ਼ਿਲ੍ਹਾ ਨਾਲ ਸਬੰਧਤ ਹਨ।

ਦੋਵੇਂ ਨੌਜਵਾਨ ਦੋਸਤ ਸਨ ਅਤੇ ਘਟਨਾ ਦੇ ਸਮੇਂ ਇੱਕ ਪਾਰਟੀ ਵਿੱਚ ਜਾ ਰਹੇ ਸਨ, ਜਦੋਂ ਰਸਤੇ ਵਿੱਚ ਉਨ੍ਹਾਂ 'ਤੇ ਗੋਲ਼ੀਆਂ ਚਲਾਈਆਂ ਗਈਆਂ।

ਦੋਵਾਂ ਦਾ ਪੋਸਟਮਾਰਟਮ ਮੰਗਲਵਾਰ, 16 ਦਸੰਬਰ ਅਤੇ ਬੁੱਧਵਾਰ, 17 ਦਸੰਬਰ ਨੂੰ ਕੀਤਾ ਜਾਵੇਗਾ।

ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਵਾਰਦਾਤ ਹੈ ਅਤੇ ਜਾਂਚ ਜਾਰੀ ਹੈ।

ਅਪਰਾਧ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਕੇ 'ਤੇ ਪਹੁੰਚੀ ਪੁਲਿਸ ਨੂੰ ਦੋ ਜ਼ਖਮੀ ਨੌਜਵਾਨ ਮਿਲੇ, ਜਿਨ੍ਹਾਂ ਨੂੰ ਗੋਲ਼ੀਆਂ ਵੱਜੀਆਂ ਸਨ ਅਤੇ ਫਿਰ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ (ਸੰਕੇਤਕ ਤਸਵੀਰ)

ਪੁਲਿਸ ਨੇ ਹੋਰ ਕੀ ਦੱਸਿਆ

ਪੁਲਿਸ ਦੀ ਪ੍ਰੈੱਸ ਰਿਲੀਜ਼ ਮੁਤਾਬਕ, ਸ਼ੁੱਕਰਵਾਰ, 12 ਦਸੰਬਰ 2025 ਨੂੰ ਤਕਰੀਬਨ ਰਾਤ 1 ਵੱਜ ਕੇ 43 ਮਿੰਟ 'ਤੇ ਪੁਲਿਸ ਨੂੰ 32 ਸਟਰੀਟ ਅਤੇ 26 ਐਵੇਨਿਊ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ।

ਮੌਕੇ 'ਤੇ ਪਹੁੰਚੀ ਪੁਲਿਸ ਨੂੰ ਦੋ ਜ਼ਖਮੀ ਨੌਜਵਾਨ ਮਿਲੇ, ਜਿਨ੍ਹਾਂ ਨੂੰ ਗੋਲ਼ੀਆਂ ਵੱਜੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਉਮਰ 20 ਸਾਲਾਂ ਦੇ ਨੇੜੇ-ਤੇੜੇ ਹੋਣੀ।

ਪੁਲਿਸ ਮੁਤਾਬਕ, ਐਮਰਜੈਂਸੀ ਮੈਡੀਕਲ ਸੇਵਾਵਾਂ (ਈਐੱਮਐੱਸ) ਦੇ ਪਹੁੰਚਣ ਤੱਕ ਈਪੀਐੱਸ ਅਧਿਕਾਰੀਆਂ ਨੇ ਉਨ੍ਹਾਂ ਦੋਵਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਈਐੱਮਐੱਸ ਨੇ ਉਨ੍ਹਾਂ ਦੇ ਇਲਾਜ ਦੀ ਜ਼ਿੰਮੇਵਾਰੀ ਸੰਭਾਲੀ ਪਰ ਦੋਵਾਂ ਨੂੰ ਮੌਕੇ 'ਤੇ ਹੀ ਮ੍ਰਿਤ ਐਲਾਨ ਦਿੱਤਾ ਗਿਆ।

ਫਿਲਹਾਲ, ਈਪੀਐੱਸ ਦੇ ਹੋਮੀਸਾਈਡ ਵਿਭਾਗ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।

ਪੁਲਿਸ ਨੂੰ ਇਸ ਮਾਮਲੇ ਵਿੱਚ ਇੱਕ ਗੂੜ੍ਹੇ ਰੰਗ ਦੀ ਐੱਸਯੂਵੀ ਦੀ ਤਲਾਸ਼ ਹੈ, ਜੋ ਗੋਲੀਬਾਰੀ ਦੇ ਸਮੇਂ ਇਲਾਕੇ ਵਿੱਚ ਹੋ ਸਕਦੀ ਸੀ।

ਜਾਂਚ ਅਧਿਕਾਰੀ ਨੇ ਇਲਾਕੇ ਅਤੇ ਨੇੜੇ-ਤੇੜੇ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀਰਵਾਰ, 11 ਦਸੰਬਰ ਦੁਪਹਿਰ 2 ਵਜੇ ਤੋਂ ਸ਼ੁੱਕਰਵਾਰ, 12 ਦਸੰਬਰ ਸਵੇਰੇ 2:30 ਵਜੇ (ਅੱਧੀ ਰਾਤ ਤੱਕ) ਤੱਕ ਦੀ ਕੋਈ ਡੈਸ਼ ਕੈਮਰਾ ਜਾਂ ਸਿਕਿਓਰਿਟੀ ਕੈਮਰਾ ਫੁਟੇਜ ਹੋਵੇ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

ਗੁਰਦੀਪ ਸਿੰਘ

ਤਸਵੀਰ ਸਰੋਤ, Gurdeep Singh family

ਤਸਵੀਰ ਕੈਪਸ਼ਨ, ਮ੍ਰਿਤਕ ਗੁਰਦੀਪ ਸਿੰਘ ਦੀ ਉਮਰ 27 ਸਾਲ ਦੀ ਸੀ

'ਹੁਣ ਸਭ ਖ਼ਤਮ ਹੋ ਗਿਆ'

27 ਸਾਲਾ ਗੁਰਦੀਪ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਬਰ੍ਹੇ ਦੇ ਰਹਿਣ ਵਾਲੇ ਸਨ।

ਉਨ੍ਹਾਂ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ, ਉਨ੍ਹਾਂ ਨੂੰ ਰਾਤ ਢਾਈ ਕੁ ਵਜੇ ਕਿਸੇ ਰਿਸ਼ਤੇਦਾਰ ਨੇ ਫੋਨ ਕਰਕੇ ਇਸ ਘਟਨਾ ਬਾਰੇ ਦੱਸਿਆ ਸੀ।

ਆਪਣੇ ਪੁੱਤ ਬਾਰੇ ਦੱਸਦੇ ਉਹ ਕਹਿੰਦੇ ਹਨ ਕਿ ਗੁਰਦੀਪ ਬਹੁਤ ਹੀ ਠੰਢੇ ਅਤੇ ਮਜ਼ਾਕੀਆ ਸੁਭਾਅ ਦਾ ਸੀ।

ਉਹ ਆਖਦੇ ਹਨ ਕਿ ਗੁਰਦੀਪ ਸਿੰਘ ਦੇ ਵਿਆਹ ਨੂੰ 5 ਸਾਲ ਹੋ ਗਏ ਹਨ।

ਗੁਰਦੀਪ ਦੇ ਪਿਤਾ ਦਾ ਕਹਿਣਾ ਹੈ, "ਮੈਂ ਤਾਂ ਬਹੁਤ ਔਖਾ ਹਾਂ। ਮੇਰਾ ਘਰ ਵੀ ਨੀਵਾਂ ਹੋ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਸਰਕਾਰ ਮੇਰੀ ਕੁਝ ਮਦਦ ਕਰੇ। ਬੇਟੇ ਦਾ ਸੁੱਖ ਬਹੁਤ ਹੁੰਦਾ, ਹੁਣ ਜਦੋਂ ਉਹ ਦੁਨੀਆਂ ਤੋਂ ਤੁਰ ਗਿਆ ਤਾਂ ਸਾਰੀਆਂ ਆਸਾਂ ਬੁਝ ਗਈਆਂ। ਹੁਣ ਸਭ ਖ਼ਤਮ ਹੋ ਗਿਆ। ਸਾਰੀ ਰਾਤ ਸੋਚਾਂ ਵਿੱਚ ਲੰਘ ਜਾਂਦੀ ਹੈ। ਜਦੋਂ ਉਸ ਦੀ ਫੋਟੋ ਦੇਖਦੇ ਹਾਂ ਤਾਂ ਦਿਲ ਚੀਰਿਆਂ ਜਾਂਦਾ ਹੈ।"

"ਮੇਰੇ ਕੋਲ ਤਿੰਨ ਕਿੱਲੇ ਜ਼ਮੀਨ ਹੈ। ਬੈਂਕ ਕੋਲੋਂ ਕਰਜ਼ਾ ਲਿਆ ਸੀ। ਬਾਣੀਏ ਤੋਂ ਕਰਜ਼ਾ ਲਿਆ, ਉਹ ਮੇਰਾ ਡੁੱਬ ਗਿਆ। ਸਾਡੀ ਤਾਂ ਬਹੁਤ ਬੁਰੀ ਹਾਲਤ ਹੈ। ਮੇਰੇ ਪਤਨੀ ਸ਼ੂਗਰ ਦੀ ਮਰੀਜ਼ ਹੈ ਅਤੇ ਕੁੜੀ ਮੇਰੀ ਛੋਟੀ ਹੈ।"

"ਮੇਰੀ ਆਖ਼ਰੀ ਗੱਲ ਉਸ ਨਾਲ ਪਰਸੋਂ ਹੋਈ ਸੀ, ਕਹਿੰਦਾ ਪਾਪਾ ਜੀ ਤਗੜੇ ਰਹੋ, ਕੁਝ ਨਹੀਂ ਹੁੰਦਾ। ਉਸ ਦਾ ਹੌਸਲਾ ਬੁਲੰਦ ਸੀ। ਮੈਨੂੰ ਵੀ ਹੌਸਲਾ ਦਿੰਦਾ ਰਹਿੰਦਾ ਸੀ।"

ਗੁਰਦੀਪ ਸਿੰਘ
ਤਸਵੀਰ ਕੈਪਸ਼ਨ, ਗੁਰਦੀਪ ਸਿੰਘ ਜਨਮ ਦਿਨ ਦੀ ਪਾਰਟੀ ਉੱਤੇ ਗਏ ਸੀ

ਉੱਧਰ ਦਰਸ਼ਨ ਸਿੰਘ ਦੱਸਦੇ ਹਨ ਕਿ ਗੁਰਦੀਪ ਸਿੰਘ ਉਨ੍ਹਾਂ ਦਾ ਭਤੀਜਾ ਸੀ ਅਤੇ ਉਹ ਢਾਈ ਸਾਲ ਪਹਿਲਾਂ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਿਆ ਸੀ। ਪੜ੍ਹਾਈ ਪੂਰੀ ਹੋ ਗਈ ਸੀ ਤੇ ਹੁਣ ਵਰਕ ਪਰਮਿਟ ਲੈਣਾ ਸੀ ਪਰ ਇਹ ਭਾਣਾ ਵਾਪਰ ਗਿਆ।

ਉਹ ਦੱਸਦੇ ਹਨ, "ਮੇਰਾ ਬੇਟਾ ਅਤੇ ਉਹ ਦੋਵੇਂ ਇਕੱਠੇ ਰਹਿੰਦੇ ਸੀ ਅਤੇ ਇਕੱਠੇ ਹੀ ਕੰਮ 'ਤੇ ਜਾਂਦੇ ਸੀ। ਉਸ ਦਿਨ ਘਰੇ ਕਿਸੇ ਦੇ ਜਨਮ ਦਿਨ ਦੀ ਪਾਰਟੀ ਸੀ ਅਤੇ ਯਾਰ-ਮਿੱਤਰ ਇਕੱਠੇ ਹੋਏ ਸੀ। ਪਾਰਟੀ ਤੋਂ ਬਾਅਦ ਉਹ ਖਾਣਾ ਖਾਣ ਲਈ ਬਾਹਰ ਚੱਲੇ ਸੀ ਅਤੇ ਜਦੋਂ ਗੱਡੀ ਵਿੱਚ ਬੈਠਣ ਲੱਗੇ ਤਾਂ ਪਿੱਛਿਓਂ ਆਈ ਗੱਡੀ 'ਚੋਂ ਕਿਸੇ ਨੇ ਗੋਲੀਆਂ ਚਲਾ ਦਿੱਤੀਆਂ।"

"ਜਦੋਂ ਗੋਲੀਆਂ ਦੀ ਆਵਾਜ਼ ਆਈ ਤਾਂ ਮੇਰੇ ਬੇਟੇ ਨੇ ਬਾਹਰ ਆ ਕੇ ਦੇਖਿਆ। ਉਸ ਮੁਤਾਬਕ ਗੁਰਦੀਪ ਵਿੱਚ ਸਾਹ ਸਨ। ਉਨ੍ਹਾਂ ਨੇ ਕੋਸ਼ਿਸ਼ ਕੀਤੀ ਉਸ ਨੂੰ ਪੰਪ ਕਰਨ ਦੀ, ਸਾਹ ਦੇਣ ਦੀ ਪਰ ਸਾਡਾ ਬੱਚਾ ਬਚ ਨਹੀਂ ਸਕਿਆ।"

ਰਣਵੀਰ ਸਿੰਘ
ਤਸਵੀਰ ਕੈਪਸ਼ਨ, ਰਣਵੀਰ ਸਿੰਘ ਘਰ ਵਿੱਚ ਇਕੱਲਾ ਮੁੰਡਾ ਸੀ

'ਸਾਨੂੰ ਤਾਂ 14-15 ਘੰਟਿਆਂ ਬਾਅਦ ਲੱਗਾ'

ਉੱਧਰ ਮ੍ਰਿਤਕ ਰਣਵੀਰ ਸਿੰਘ ਵੀ ਬੁਢਲਾਡਾ ਦੇ ਪਿੰਡ ਉੱਡਤ ਸੈਦੇ ਵਾਲਾ ਦੇ ਰਹਿਣ ਵਾਲੇ ਸਨ।

ਮ੍ਰਿਤਕ ਰਣਵੀਰ ਸਿੰਘ ਦੇ ਚਾਚਾ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਇਕੱਲਾ ਮੁੰਡਾ ਸੀ। ਉਸ ਦੇ ਪਿੱਛੇ ਸਿਰਫ਼ ਮਾਤਾ-ਪਿਤਾ ਰਹਿ ਗਏ ਸਨ।

ਮਨਦੀਪ ਸਿੰਘ ਦੱਸਦੇ ਹਨ, "ਸਾਨੂੰ ਮੁੰਡਿਆਂ ਨੇ ਦੱਸਿਆ ਕਿ ਡਿਨਰ ਕਰਨ ਜਾ ਰਹੇ ਸੀ ਤਾਂ ਪਿੱਛੋਂ ਗੱਡੀ ਆਈ ਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਡੇ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।"

"ਸਾਨੂੰ ਤਾਂ 14-15 ਘੰਟਿਆਂ ਬਾਅਦ ਲੱਗਾ। ਬੱਚਾ ਸਾਡਾ ਐਡਮੰਟਨ ਪਹਿਲੀ ਵਾਰ ਗਿਆ। ਉਹ ਬਰੈਂਪਟਨ ਰਹਿੰਦਾ ਸੀ। ਸਾਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ। ਸਾਡਾ ਬੱਚਾ ਇਸ ਤਰ੍ਹਾਂ ਸੀ ਹੀ ਨਹੀਂ ਕਿ ਅਸੀਂ ਕਿਸੇ 'ਤੇ ਸ਼ੱਕ ਕਰੀਏ।"

ਰਣਵੀਰ ਸਿੰਘ ਨੂੰ ਕੈਨੇਡਾ ਗਏ ਦੋ ਸਾਲ ਹੋ ਗਏ ਸਨ।

ਰਣਵੀਰ ਸਿੰਘ ਦੇ ਨਾਲ ਕੈਨੇਡਾ ਵਿੱਚ ਰਹੇ ਅਰਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਜਨਮ ਦਿਨ ਦੀ ਪਾਰਟੀ 'ਤੇ ਕਿਸੇ ਦੋਸਤ ਨਾਲ ਗਿਆ ਸੀ।

ਉਨ੍ਹਾਂ ਨੇ ਦੱਸਿਆ, "ਰਣਵੀਰ ਜਨਮ ਦਿਨ ਦੀ ਪਾਰਟੀ ਵਿੱਚ ਕਿਸੇ ਨੂੰ ਨਹੀਂ ਜਾਣਦਾ ਸੀ। ਉਹ ਆਪਣੇ ਦੋਸਤ ਨਾਲ ਗਿਆ ਸੀ। ਉੱਥੇ ਹੀ ਅਣਪਛਾਤੇ ਬੰਦਿਆਂ ਵੱਲੋਂ ਹਮਲਾ ਹੋਇਆ।"

"ਬਹੁਤ ਨੇਕ ਸੁਭਾਅ ਦਾ ਬੰਦਾ ਸੀ। ਕੁਝ ਖਾਂਦਾ-ਪੀਂਦਾ ਨਹੀਂ ਸੀ ਅਤੇ ਸਿਰਫ਼ ਆਪਣੇ ਕੰਮ ਤੇ ਪੜ੍ਹਾਈ ਤੱਕ ਹੀ ਧਿਆਨ ਦਿੰਦਾ ਸੀ।''

ਇਹ ਵੀ ਪੜ੍ਹੋ-

'ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ'

ਵਿਕਰਮਜੀਤ ਸਿੰਘ ਸਾਹਨੀ

ਤਸਵੀਰ ਸਰੋਤ, @vikramsahney/X

ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਇਸ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਹੈ।

ਆਪਣੇ ਐਕਸ ਅਕਾਊਂਟ 'ਤੇ ਉਨ੍ਹਾਂ ਲਿਖਿਆ, ''ਕੈਨੇਡਾ ਦੇ ਐਡਮੰਟਨ ਵਿੱਚ ਦੋ ਪੰਜਾਬੀ ਵਿਦਿਆਰਥੀਆਂ, ਗੁਰਦੀਪ ਸਿੰਘ (27 ਸਾਲ) ਅਤੇ ਰਣਵੀਰ ਸਿੰਘ (18 ਸਾਲ) ਨੂੰ ਗੋਲ਼ੀਆਂ ਮਾਰ ਦਿੱਤੀਆਂ ਗਈਆਂ।''

''ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਇਹ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਸੀ।''

ਉਨ੍ਹਾਂ ਆਪਣੀ ਪੋਸਟ 'ਚ ਕਿਹਾ, ''ਪੀੜਤ ਪੰਜਾਬ ਦੇ ਬੁਢਲਾਡਾ ਦੇ ਨੇੜੇ ਪਿੰਡਾਂ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਸਨ। ਘਟਨਾ ਸਮੇਂ ਉਹ ਕਥਿਤ ਤੌਰ 'ਤੇ ਆਪਣੇ ਇੱਕ ਦੋਸਤ ਕੋਲ ਜਾ ਰਹੇ ਸਨ।''

ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਵਾਰਦਾਤ ਦੇ ਇਰਾਦੇ ਬਾਰੇ ਕੁਝ ਜਨਤਕ ਕੀਤਾ ਗਿਆ ਹੈ।

ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)