ਆਸਟ੍ਰੇਲੀਆ: ਬੋਂਡਾਈ ਬੀਚ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 15 ਹੋਈ, ਹਮਲਾਵਰ ਪਿਤਾ-ਪੁੱਤਰ ਬਾਰੇ ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, Getty Images
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਸਿਡਨੀ ਦੇ ਬੋਂਡਾਈ ਬੀਚ 'ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਮ੍ਰਿਤਕਾਂ ਦੀ ਗਿਣਤੀ 15 ਹੋ ਗਈ ਹੈ, ਜਿਨ੍ਹਾਂ ਵਿੱਚ ਇੱਕ 10 ਸਾਲਾ ਬੱਚੀ ਵੀ ਸ਼ਾਮਲ ਹੈ।
ਇਸ ਹਾਦਸੇ ਤੋਂ ਬਾਅਦ 42 ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਉਹ ਪੁਲਿਸ ਕਰਮੀ ਵੀ ਸ਼ਾਮਲ ਹਨ ਜੋ ਮੌਕੇ ਉੱਤੇ ਡਿਊਟੀ ਉੱਤੇ ਸਨ।
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਹਮਲਾਵਰ ਦੀ ਵੀ ਮੌਤ ਹੋ ਗਈ ਹੈ।
ਪੁਲਿਸ ਕਮਿਸ਼ਨਰ ਮਾਲ ਲੈਨਯਨ ਨੇ ਦੱਸਿਆ ਕਿ ਹਮਲਾਵਰ ਪਿਤਾ-ਪੁੱਤਰ ਸਨ। ਪਿਤਾ 50 ਸਾਲ ਦਾ ਸੀ ਅਤੇ ਪੁੱਤਰ 24 ਸਾਲ ਦਾ ਦੱਸਿਆ ਗਿਆ ਹੈ।
ਪੁਲਿਸ ਦੇ ਅਨੁਸਾਰ, 50 ਸਾਲਾ ਹਮਲਾਵਰ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ, ਜਿਸ ਮਗਰੋਂ ਉਸਦੀ ਮੌਤ ਹੋ ਗਈ। ਜਦਕਿ 24 ਸਾਲਾ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਿਸ ਨੇ ਦੱਸਿਆ ਕਿ 50 ਸਾਲਾ ਵਿਅਕਤੀ ਕੋਲ ਹਥਿਆਰਾਂ ਦਾ ਲਾਇਸੈਂਸ ਸੀ। ਉਸ ਦੇ ਨਾਮ 'ਤੇ ਛੇ ਹਥਿਆਰ ਰਜਿਸਟਰਡ ਸਨ, ਅਤੇ ਬੋਂਡਾਈ ਬੀਚ ਤੋਂ ਵੀ ਛੇ ਹਥਿਆਰ ਬਰਾਮਦ ਕੀਤੇ ਗਏ ਸਨ।
ਘਟਨਾ ਸਥਾਨ 'ਤੇ ਦੋ ਵਿਸਫੋਟਕ ਵੀ ਮਿਲੇ ਹਨ, ਜਿਨ੍ਹਾਂ ਨੂੰ ਪੁਲਿਸ ਨੇ ਡਿਫਿਊਜ਼ ਕਰ ਦਿੱਤਾ ਹੈ।
ਪੁਲਿਸ ਮੁਤਾਬਕ, "ਸਿਡਨੀ ਦੇ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਹਮਲੇ ਦੀ ਯੋਜਨਾ ਬਣਾਈ ਗਈ ਸੀ।"
ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮਾਲ ਲੈਨਿਅਨ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6:47 ਵਜੇ ਬੌਂਡੀ ਬੀਚ 'ਤੇ ਘਾਹ ਵਾਲੇ ਖੇਤਰ ਆਰਚਰ ਪਾਰਕ ਵਿੱਚ ਗੋਲੀਬਾਰੀ ਦੀਆਂ ਕਈ ਰਿਪੋਰਟਾਂ ਮਿਲੀਆਂ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਨੂਕਾਹ ਦੇ ਯਹੂਦੀ ਤਿਉਹਾਰ ਦਾ ਜਸ਼ਨ ਮਨਾਉਣ ਲਈ ਇਸ ਰਾਤ 1,000 ਤੋਂ ਵੱਧ ਲੋਕ ਮੌਜੂਦ ਸਨ।

ਤਸਵੀਰ ਸਰੋਤ, Getty Images
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ, 'ਬੇਹੱਦ ਮਾੜਾ ਕਾਰਾ'
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇੱਕ ਨਿਊਜ਼ ਬ੍ਰੀਫਿੰਗ ਦੌਰਾਨ ਬੋਂਡਾਈ ਬੀਚ 'ਤੇ ਹੋਈ ਗੋਲੀਬਾਰੀ ਨੂੰ ਆਸਟ੍ਰੇਲੀਆਈ ਲੋਕਾਂ 'ਤੇ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਦੱਸਿਆ।
ਉਨ੍ਹਾਂ ਨੇ ਕਿਹਾ, "ਇਹ ਦਿਨ "ਖੁਸ਼ੀ ਦਾ ਦਿਨ" ਹੋਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲਾ ਇੱਕ ਬੇਹੱਦ ਮਾੜਾ ਯਹੂਦੀ ਵਿਰੋਧੀ, ਅੱਤਵਾਦ ਦਾ ਕੰਮ ਹੈ।
ਅਲਬਾਨੀਜ਼ ਕਹਿੰਦੇ ਹਨ ਕਿ ਇਸ "ਹਿੰਸਾ ਅਤੇ ਨਫ਼ਰਤ ਦੇ ਘਿਣਾਉਣੇ ਕੰਮ" ਲਈ ਕੋਈ ਥਾਂ ਨਹੀਂ ਹੈ।
ਹਾਲਾਂਕਿ, ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਸਟੇਟ ਨੂੰ ਆਪਣਾ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ।
ਮਿੰਸ ਦਾ ਕਹਿਣਾ ਹੈ, "ਇਹ ਸਿਡਨੀ ਲਈ ਇੱਕ ਭਿਆਨਕ ਰਾਤ ਹੈ ਅਤੇ ਅਸੀਂ ਏਕਤਾ ਦੀ ਮੰਗ ਕਰਦੇ ਹਨ।"

ਇਸ ਤੋਂ ਇਲਾਵਾ ਪ੍ਰੀਮੀਅਰ ਕ੍ਰਿਸ ਮਿੰਸ ਨੇ ਉਸ ਆਦਮੀ ਨੂੰ ਸ਼ਰਧਾਂਜਲੀ ਦਿੱਤੀ, ਜਿਸ ਦਾ ਹਮਲਾਵਰ ਨਾਲ ਲੜਦੇ ਹੋਏ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਉਸ ਦੀ ਬੰਦੂਕ ਖੋਹ ਰਿਹਾ ਸੀ ਅਤੇ ਉਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਰਿਹਾ ਸੀ।
"ਉਹ ਆਦਮੀ ਸੱਚਮੁਚ ਹੀਰੋ ਸੀ ਅਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਉਸ ਦੀ ਬਹਾਦਰੀ ਕਾਰਨ ਅੱਜ ਰਾਤ ਬਹੁਤ ਸਾਰੇ ਲੋਕ ਜ਼ਿੰਦਾ ਹਨ।"
ਅੱਤਵਾਦ ਵਿਰੋਧੀ ਕਾਰਵਾਈ ਦੀ ਜਾਂਚ
ਪੁਲਿਸ ਕਮਿਸ਼ਨਰ ਮਾਲ ਲੈਨਿਅਨ ਦਾ ਕਹਿਣਾ ਹੈ ਕਿ ਅੱਤਵਾਦ ਵਿਰੋਧੀ ਕਾਰਵਾਈ ਦੀ ਅਗਵਾਈ ਵਿੱਚ ਇੱਕ "ਮਹੱਤਵਪੂਰਨ ਜਾਂਚ" ਹੋਵੇਗੀ।
"ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਜਾਂਚ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਪਰ ਅਜੇ ਕੁਝ ਹਮਲਾਵਰਾਂ ਬਾਰੇ ਦੱਸਣ ਲਈ ਜਾਣਕਾਰੀ ਤਿਆਰ ਨਹੀਂ ਹੈ।"
ਉਨ੍ਹਾਂ ਨੇ ਦੱਸਿਆ ਹਮਲੇ ਪਿੱਛੇ ਦੂਜਾ ਅਪਰਾਧੀ "ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ" ਹੈ।

ਤਸਵੀਰ ਸਰੋਤ, Getty Images
'ਯਹੂਦੀਆਂ 'ਤੇ ਬੇਹੱਦ ਜ਼ਾਲਮ ਹਮਲਾ'
ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਵੀ ਘਟਨਾ 'ਤੇ ਪ੍ਰਤੀਕਿਰਿਆ ਦਿੰਦਿਆਂ, ਇਸ ਨੂੰ "ਯਹੂਦੀਆਂ 'ਤੇ ਬੇਹੱਦ ਜ਼ਾਲਮ ਹਮਲਾ" ਦੱਸਿਆ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਸਮਝਦੇ ਹਾਂ ਕਿ ਉਸ ਸਮੇਂ ਬੋਂਡਾਈ ਬੀਚ 'ਤੇ ਯਹੂਦੀ ਜਸ਼ਨ ਹਨੂਕਾਹ ਦੇ ਪਹਿਲੇ ਦਿਨ ਨੂੰ ਮਨਾਉਣ ਲਈ ਇੱਕ ਸਮਾਗਮ ਹੋ ਰਿਹਾ ਸੀ। ਇਹ ਸਪੱਸ਼ਟ ਨਹੀਂ ਹੈ ਕਿ ਹਮਲਾਵਰਾਂ ਦਾ ਮਨੋਰਥ ਕੀ ਸੀ।"
ਹਰਜ਼ੋਗ ਕਹਿੰਦੇ ਹਨ, "ਸਿਡਨੀ ਵਿੱਚ ਸਾਡੇ ਭੈਣ-ਭਰਾਵਾਂ 'ਤੇ ਘਿਨਾਉਣੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ, ਇਹ ਉਨ੍ਹਾਂ ਯਹੂਦੀਆਂ 'ਤੇ ਬੇਹੱਦ ਜ਼ਾਲਮ ਹਮਲਾ ਹੈ ਜੋ ਬੋਂਡਾਈ ਬੀਚ 'ਤੇ ਹਨੂਕਾਹ ਦੀ ਪਹਿਲੀ ਮੋਮਬੱਤੀ ਜਗਾਉਣ ਗਏ ਸਨ।"

ਚਸ਼ਮਦੀਦਾਂ ਨੇ ਕੀ ਕਿਹਾ
ਇੱਕ ਚਸ਼ਮਦੀਦ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਉਹ ਆਪਣੇ ਬੱਚਿਆਂ ਨਾਲ ਬੀਚ 'ਤੇ ਹਨੂਕਾਹ ਸਮਾਗਮ ਵਿੱਚ ਸੀ।
ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ ਮੌਕੇ ਤੋਂ ਭੱਜ ਗਏ।
ਬ੍ਰੋਂਟੇ ਤੋਂ ਬੀਬੀਸੀ ਲਈ ਰਿਪੋਰਟਿੰਗ ਕਰ ਰਹੇ ਟੈਬੀ ਵਿਲਸਨ ਨੇ ਕਿਹਾ, "ਮੈਂ ਅੱਜ ਦੁਪਹਿਰ ਬ੍ਰੋਂਟੇ ਬੀਚ 'ਤੇ ਸੀ, ਜਿਵੇਂ ਕਿ ਮੈਂ ਆਮ ਤੌਰ 'ਤੇ ਕੰਮ ਤੋਂ ਬਾਅਦ ਕਰਦੀ ਹਾਂ, ਉਦੋਂ ਮੈਨੂੰ ਅਚਾਨਕ ਜ਼ੋਰਦਾਰ ਧਮਾਕਿਆਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਮੇਰੇ ਅੰਦਾਜ਼ੇ ਨਾਲ ਕਰੀਬ 20 ਧਮਾਕੇ ਸਨ।"
ਉਨ੍ਹਾਂ ਨੇ ਕਿਹਾ, "ਸ਼ੁਰੂਆਤ ਵਿੱਚ ਕਿਸੇ ਨੂੰ ਖ਼ਾਸ ਚਿੰਤਾ ਨਹੀਂ ਹੋਈ। ਲੱਗਿਆ ਕਿ ਸ਼ਾਇਦ ਪਟਾਕੇ ਚਲਾਏ ਜਾ ਰਹੇ ਹਨ। ਪਰ ਜਦੋਂ ਅਸੀਂ ਆਪਣੇ ਉੱਤਰ ਵਿੱਚ ਪੈਂਦੇ ਦੋ ਬੀਚਾਂ, ਤਾਮਾਰਾਮਾ ਅਤੇ ਬੋਂਡਾਈ ਦੇ ਉੱਤੇ ਹੈਲੀਕਾਪਟਰਾਂ ਨੂੰ ਚੱਕਰ ਲਗਾਉਂਦੇ ਦੇਖਿਆ, ਤਾਂ ਸਾਨੂੰ ਲੱਗਾ ਕਿ ਕੁਝ ਗੜਬੜ ਹੈ। ਇਸ ਤੋਂ ਬਾਅਦ ਲਗਾਤਾਰ ਸ਼ੂਟਿੰਗ ਦੀਆਂ ਖ਼ਬਰਾਂ ਆਉਣ ਲੱਗੀਆਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












