ਭਾਰਤ-ਪਾਕਿਸਤਾਨ ਜੰਗਬੰਦੀ: ਇੰਦਰਾ ਗਾਂਧੀ 'ਤੇ ਕਿਉਂ ਛਿੜੀ ਚਰਚਾ?

ਤਸਵੀਰ ਸਰੋਤ, INCINDIA/X
10 ਮਈ ਦੀ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਗਿਆ।
ਦੋਵਾਂ ਦੇਸ਼ਾਂ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਟਕਰਾਅ ਚੱਲ ਰਿਹਾ ਸੀ। ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੇ ਇੱਕ-ਦੂਜੇ ਦੇ ਹਮਲਿਆਂ ਨੂੰ ਨਾਕਾਮ ਕਰਨ ਦੀਆਂ ਗੱਲਾਂ ਕਹੀਆਂ ਸਨ।
ਇਸ ਦੌਰਾਨ, ਸਰਹੱਦ ਦੇ ਦੋਵਾਂ ਪਾਸਿਆਂ 'ਤੇ ਹੋਏ ਨੁਕਸਾਨ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਏ।
ਪਹਿਲਗਾਮ ਹਮਲੇ ਤੋਂ ਬਾਅਦ, ਪਾਕਿਸਤਾਨ ਵਿੱਚ ਭਾਰਤੀ ਫੌਜ ਦੇ 'ਆਪ੍ਰੇਸ਼ਨ ਸਿੰਦੂਰ' ਅਤੇ ਫਿਰ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਾਬਾਰੀ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਵਧਦਾ ਹੀ ਗਿਆ।
ਫਿਰ 10 ਮਈ ਨੂੰ, ਸ਼ਾਮ 5 ਵਜੇ ਦੇ ਕਰੀਬ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਅਮਰੀਕਾ ਦੀ ਵਿਚੋਲਗੀ ਨਾਲ ਹੋਈ ਇੱਕ ਲੰਬੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਪੂਰਨ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਹਨ।"

ਤਸਵੀਰ ਸਰੋਤ, Govt. of India
ਟਰੰਪ ਦੇ ਇਹ ਲਿਖਣ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਵੀ ਇਸਦਾ ਐਲਾਨ ਕੀਤਾ।
ਹਾਲਾਂਕਿ ਬਾਅਦ ਵਿੱਚ ਭਾਰਤ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ 7 ਮਈ ਦੀ ਸਵੇਰ ਨੂੰ, ਭਾਰਤੀ ਫੌਜ ਨੇ ਕਿਹਾ ਸੀ ਕਿ 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ, ਉਸਨੇ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਸ਼ਾਸਨ ਵਾਲੇ ਕਸ਼ਮੀਰ ਵਿੱਚ ਕਈ ਥਾਵਾਂ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਡੂੰਘਾ ਹੋਣਾ ਸ਼ੁਰੂ ਹੋ ਗਿਆ।
ਅਜਿਹੀ ਸਥਿਤੀ ਵਿੱਚ, ਜਦੋਂ ਚਾਰ ਦਿਨਾਂ ਦੇ ਅੰਦਰ ਜੰਗਬੰਦੀ ਹੋਈ ਤਾਂ ਸੋਸ਼ਲ ਮੀਡੀਆ 'ਤੇ ਵੀ ਇਸਦੀ ਚਰਚਾ ਹੋ ਰਹੀ ਹੈ।
ਕਾਂਗਰਸ, ਕਾਂਗਰਸ ਸਮਰਥਕ ਅਤੇ ਕੁਝ ਸੋਸ਼ਲ ਮੀਡੀਆ ਉਪਭੋਗਤਾ ਇਸ ਮੌਕੇ 'ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜ਼ਿਕਰ ਕਰ ਰਹੇ ਹਨ।
ਕਾਂਗਰਸ ਨੇ ਇੰਦਰਾ ਗਾਂਧੀ ਬਾਰੇ ਕੀ ਕਿਹਾ?

ਤਸਵੀਰ ਸਰੋਤ, NIXON LIBRARY
ਕਾਂਗਰਸ ਦੇ ਅਧਿਕਾਰਤ ਐਕਸ ਹੈਂਡਲ ਤੋਂ ਇੰਦਰਾ ਗਾਂਧੀ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਇੱਕ ਫੋਟੋ ਸਾਂਝਾ ਕੀਤੀ ਗਈ ਹੈ।
ਇਸ ਫੋਟੋ ਦੇ ਨਾਲ ਕਾਂਗਰਸ ਨੇ ਲਿਖਿਆ ਹੈ, "ਇੰਦਰਾ ਗਾਂਧੀ ਨੇ ਨਿਕਸਨ ਨੂੰ ਕਿਹਾ ਸੀ - ਸਾਡੀ ਰੀੜ੍ਹ ਦੀ ਹੱਡੀ ਸਿੱਧੀ ਹੈ। ਸਾਡੇ ਕੋਲ ਹਰ ਇੱਛਾ ਸ਼ਕਤੀ ਅਤੇ ਸਰੋਤ ਹਨ ਕਿ ਅਸੀਂ ਜ਼ੁਲਮ ਦਾ ਸਾਹਮਣਾ ਕਰ ਸਕਦੇ ਹਾਂ। ਉਹ ਸਮਾਂ ਲੰਘ ਗਿਆ ਜਦੋਂ ਕੋਈ ਦੇਸ਼ ਤਿੰਨ-ਚਾਰ ਹਜ਼ਾਰ ਮੀਲ ਦੂਰ ਬੈਠ ਕੇ ਇਹ ਆਦੇਸ਼ ਦੇਵੇ ਕਿ ਭਾਰਤੀਆਂ ਨੂੰ ਉਸਦੀ ਮਰਜ਼ੀ ਮੁਤਾਬਕ ਚੱਲਣਾ ਚਾਹੀਦਾ ਹੈ।
ਕਾਂਗਰਸ ਨੇ ਟਵੀਟ ਵਿੱਚ ਲਿਖਿਆ, "ਇਹ ਹਿੰਮਤ ਸੀ। ਇਹੀ ਸੀ ਭਾਰਤ ਲਈ ਡੱਟ ਕੇ ਖੜ੍ਹਾ ਹੋਣਾ ਅਤੇ ਦੇਸ਼ ਦੀ ਸ਼ਾਨ ਨਾਲ ਕੋਈ ਸਮਝੌਤਾ ਨਾ ਕਰਨਾ।''
ਕਾਂਗਰਸ ਸਮੇਤ ਕੁਝ ਸੋਸ਼ਲ ਮੀਡੀਆ ਉਪਭੋਗਤਾ, ਯੂਪੀਐਸਸੀ ਕੋਚਿੰਗ ਨਾਲ ਜੁੜੇ ਅਧਿਆਪਕ ਵਿਕਾਸ ਦਿਵਿਆਕਿਰਤੀ ਦਾ ਇੱਕ ਪੁਰਾਣਾ ਵੀਡੀਓ ਵੀ ਸਾਂਝਾ ਕਰ ਰਹੇ ਹਨ।
ਇਸ ਵੀਡੀਓ ਵਿੱਚ ਵਿਕਾਸ ਦਿਵਿਆਕਿਰਤੀ ਕਹਿੰਦੇ ਹਨ, "ਇੱਕ ਮਹਿਲਾ ਪ੍ਰਧਾਨ ਮੰਤਰੀ ਬਣੀ ਅਤੇ ਉਨ੍ਹਾਂ ਨੇ ਪਾਕਿਸਤਾਨ ਦੇ ਦੋ ਹਿੱਸੇ ਕਰ ਦਿੱਤੇ। ਬਾਕੀ ਲੋਕ ਕਹਿੰਦੇ ਰਹਿੰਦੇ ਹਨ ਕਿ ਸਰਜੀਕਲ ਸਟ੍ਰਾਈਕ ਕਰ ਦੇਵਾਂਗਾ, ਉਨ੍ਹਾਂ ਨੇ ਕਿਹਾ ਨਹੀਂ, ਦੋ ਕਰ ਦਿੱਤੇ।''

ਹੁਣ ਤੱਕ ਦਾ ਮੁੱਖ ਘਟਨਾਕ੍ਰਮ
- 6-7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਅਤੇ ਪਾਕ ਸਾਸ਼ਿਤ ਕਸ਼ਮੀਰ ਵਿੱਚ 'ਆਪਰੇਸ਼ਨ ਸਿੰਦੂਰ' ਤਹਿਤ ਫੌਜੀ ਕਾਰਵਾਈ ਕੀਤੀ
- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਕਿਹਾ ਕਿ ਅੱਤਵਾਦੀ ਟਿਕਾਣਿਆਂ ਨੂੰ ਖ਼ਤਮ ਕਰਨ ਇਹ ਕਾਰਵਾਈ ਕੀਤੀ
- ਪਾਕਿਸਤਾਨ ਨੇ ਕਿਹਾ ਕਿ ਉਸ ਦੀਆਂ ਫੌਜਾਂ ਨੇ ਭਾਰਤੀ ਫੌਜੀ ਕਾਰਵਾਈ ਦਾ ਜਵਾਬ ਦਿੱਤਾ ਹੈ।
- ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹਮਲੇ ਵਿੱਚ 36 ਲੋਕਾਂ ਦੀ ਮੌਤ ਹੋਈ ਹੈ ਜਦਕਿ 57 ਲੋਕ ਜ਼ਖਮੀ ਹੋਏ ਹਨ। ਇਸ ਉੱਪਰ ਭਾਰਤ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
- ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ਅਤੇ 43 ਲੋਕ ਜ਼ਖ਼ਮੀ ਹਨ।
- ਦੋਵਾਂ ਵਲੋਂ ਇੱਕ ਦੂਜੇ ਉੱਤੇ ਕਾਰਵਾਈਆਂ ਕਰਨ ਦੇ ਇਲਜਾਮ ਲਾਏ ਗਏ ਅਤੇ ਨੁਕਸਾਨ ਪਹੁੰਚਾਉਣ ਦਾਅਵੇ ਕੀਤੇ ਗਏ
- 10 ਮਈ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮੀ 5 ਵਜੇ ਤੋਂ ਦੋਵਾਂ ਮੁਲਕਾਂ ਨੇ ਜੰਗਬੰਦੀ ਦਾ ਐਲਾਨ ਕੀਤਾ, ਭਾਵੇਂ ਉਸ ਤੋਂ ਕੁਝ ਘੰਟੇ ਬਾਅਦ ਤੱਕ ਜੰਮੂ-ਕਸ਼ਮੀਰ ਵਿੱਚ ਫਾਇਰਿੰਗ ਅਤੇ ਡਰੋਨ ਦਿਖਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ
- ਇਸ ਵੇਲੇ ਮਾਹੌਲ ਸ਼ਾਂਤ ਹੈ ਅਤੇ ਦੋਵਾਂ ਮੁਲਕਾਂ ਦੇ ਫੌਜੀ ਅਫ਼ਸਰਾਂ ਵਿਚਾਲੇ 12 ਮਈ ਨੂੰ ਬੈਠਕ ਹੋਵੇਗੀ।

ਹਾਲਾਂਕਿ, ਕੁਝ ਲੋਕ ਇਹ ਵੀ ਮੰਨਦੇ ਹਨ ਕਿ 1971 ਅਤੇ 2025 ਦੀ ਤੁਲਨਾ ਕਰਨਾ ਸਹੀ ਨਹੀਂ ਹੈ।
ਜਦੋਂ 1971 ਵਿੱਚ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਬੰਗਲਾਦੇਸ਼ ਬਣਿਆ ਸੀ, ਤਾਂ ਸੋਵੀਅਤ ਸੰਘ ਸੀ ਪਰ ਇਹ 1991 ਵਿੱਚ ਇਹ ਟੁੱਟ ਗਿਆ ਅਤੇ ਫਿਰ ਰੂਸ ਬਣਿਆ।
ਰੂਸ ਕੋਲ ਉਹ ਸ਼ਕਤੀ ਨਹੀਂ ਬਚੀ ਜੋ ਸੋਵੀਅਤ ਸੰਘ ਕੋਲ ਇਸਨੂੰ ਭਾਰਤ ਲਈ ਵੀ ਇੱਕ ਧੱਕੇ ਵਜੋਂ ਦੇਖਿਆ ਗਿਆ।
ਇੱਕ ਪਾਸੇ ਸੋਵੀਅਤ ਸੰਘ ਨੇ ਭਾਰਤ ਦਾ ਸਮਰਥਨ ਕੀਤਾ ਸੀ, ਤਾਂ ਦੂਜੇ ਪਾਸੇ ਪਾਕਿਸਤਾਨ ਉਸ ਸਮੇਂ ਪ੍ਰਮਾਣੂ ਸ਼ਕਤੀ ਵਾਲਾ ਦੇਸ਼ਾਂ ਨਹੀਂ ਸੀ।
ਹੰਸਰਾਜ ਮੀਣਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਅਮਰੀਕਾ ਦੀਆਂ ਧਮਕੀਆਂ ਸਨ। ਜ਼ਮੀਨੀ ਹਾਲਾਤ ਮੁਸ਼ਕਲ ਸਨ। ਪਰ ਇੰਦਰਾ ਗਾਂਧੀ ਨਹੀਂ ਡਰੇ। 1971 ਵਿੱਚ, ਉਨ੍ਹਾਂ ਨੇ ਨਾ ਸਿਰਫ਼ ਭਾਰਤ ਦੀ ਗਰਿਮਾ ਬਚਾਈ, ਸਗੋਂ ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇੱਕ ਨਵਾਂ ਦੇਸ਼ ਬਣਵਾ ਕੇ ਇਤਿਹਾਸ ਵੀ ਰਚ ਦਿੱਤਾ। ਉਹ ਸਿਰਫ਼ ਇੱਕ ਪ੍ਰਧਾਨ ਮੰਤਰੀ ਨਹੀਂ ਸੀ, ਇੱਕ ਜਜ਼ਬਾ ਸਨ, ਇੱਕ ਇਰਾਦਾ ਸਨ।"
ਦੂਜੇ ਪਾਸੇ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਲਿਖਿਆ, "ਜਬ ਤਕ ਤੋੜਾ ਨਹੀਂ, ਤਬ ਤਕ ਛੋੜਾ ਨਹੀਂ।''
ਪੱਤਰਕਾਰ ਰੋਹਿਣੀ ਸਿੰਘ ਨੇ ਲਿਖਿਆ, "ਚੋਣ ਲੜਨ ਅਤੇ ਜੰਗ ਲੜਨ ਵਿੱਚ ਫ਼ਰਕ ਹੁੰਦਾ ਹੈ। ਉਂਝ ਹੀ ਕੋਈ ਇੰਦਰਾ ਗਾਂਧੀ ਨਹੀਂ ਬਣ ਜਾਂਦਾ।"

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ 'ਤੇ ਇੱਕ ਪੱਤਰ ਸਾਂਝਾ ਕਰਦਿਆਂ ਲਿਖਿਆ, "12 ਦਸੰਬਰ 1971 ਨੂੰ ਇੰਦਰਾ ਗਾਂਧੀ ਨੇ ਇਹ ਪੱਤਰ ਅਮਰੀਕੀ ਰਾਸ਼ਟਰਪਤੀ ਨਿਕਸਨ ਨੂੰ ਲਿਖਿਆ ਸੀ। ਚਾਰ ਦਿਨਾਂ ਬਾਅਦ, ਪਾਕਿਸਤਾਨ ਨੇ ਆਤਮ ਸਮਰਪਣ ਕਰ ਦਿੱਤਾ।"
ਇਸ 'ਤੇ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਲਿਖਿਆ, "1971 ਦੀ ਜੰਗ ਪਾਕਿਸਤਾਨੀ ਫੌਜ ਦੇ ਆਤਮ ਸਮਰਪਣ ਨਾਲ ਖਤਮ ਹੋਈ ਸੀ। ਹਾਲਾਂਕਿ, ਇਸ ਤੋਂ ਬਾਅਦ ਹੋਇਆ ਸ਼ਿਮਲਾ ਸਮਝੌਤਾ ਰੂਸ ਅਤੇ ਅਮਰੀਕਾ ਦੋਵਾਂ ਦੇ ਦਬਾਅ ਹੇਠ ਤਿਆਰ ਕੀਤਾ ਗਿਆ ਸੀ।''
''ਭਾਰਤ ਨੇ 99 ਹਜ਼ਾਰ ਜੰਗੀ ਕੈਦੀਆਂ ਨੂੰ ਬਿਨਾਂ ਕਿਸੇ ਰਣਨੀਤਕ ਲਾਭ ਦੇ ਰਿਹਾਅ ਕਰ ਦਿੱਤਾ। ਨਾ ਤਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਖਾਲੀ ਕਰਾਉਣ ਲਈ ਕੋਈ ਸ਼ਰਤ ਲਗਾਈ ਗਈ ਸੀ, ਨਾ ਹੀ ਸਰਹੱਦ ਨੂੰ ਰਸਮੀ ਤੌਰ 'ਤੇ ਤੈਅ ਕੀਤਾ ਗਿਆ। ਨਾ ਹੀ ਜੰਗ ਜਾਂ ਭਾਰਤ 'ਤੇ ਥੋਪੇ ਗਏ ਸ਼ਰਨਾਰਥੀ ਸੰਕਟ ਲਈ ਕੋਈ ਮੁਆਵਜ਼ਾ ਮੰਗਿਆ ਗਿਆ। ਉਸ ਸਮੇਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ। ਸਹੂਲਤ ਮੁਤਾਬਕ ਗੱਲਾਂ ਦੱਸਣਾ ਬੰਦ ਕਰੋ।"
1971, ਨਿਕਸਨ ਅਤੇ ਇੰਦਰਾ ਗਾਂਧੀ: ਪੂਰਾ ਮਾਮਲਾ

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਅਤੇ ਇੰਦਰਾ ਗਾਂਧੀ ਵਿਚਕਾਰ ਦੂਰੀ ਕਿਸੇ ਤੋਂ ਲੁਕੀ ਨਹੀਂ ਸੀ।
ਜਦੋਂ 1967 ਵਿੱਚ ਨਿਕਸਨ ਦਿੱਲੀ ਵਿੱਚ ਇੰਦਰਾ ਗਾਂਧੀ ਨੂੰ ਮਿਲੇ, ਤਾਂ ਉਹ (ਇੰਦਰਾ) ਵੀਹ ਮਿੰਟਾਂ ਵਿੱਚ ਹੀ ਇੰਨੇ ਬੋਰ ਹੋ ਗਏ ਕਿ ਉਨ੍ਹਾਂ ਨੇ ਨਿਕਸਨ ਦੇ ਨਾਲ ਆਏ ਭਾਰਤੀ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੂੰ ਹਿੰਦੀ ਵਿੱਚ ਪੁੱਛਿਆ, "ਮੈਨੂੰ ਉਨ੍ਹਾਂ ਨੂੰ ਕਿੰਨਾ ਚਿਰ ਬਰਦਾਸ਼ਤ ਕਰਨਾ ਪਵੇਗਾ?" ਅਜਿਹੀ ਜਾਣਕਾਰੀ ਇੰਦਰਾ ਗਾਂਧੀ 'ਤੇ ਲਿਖੀਆਂ ਕਿਤਾਬਾਂ ਵਿੱਚ ਮਿਲਦੀ ਹੈ।
ਦੋਵਾਂ ਵਿਚਕਾਰ ਸਬੰਧਾਂ ਵਿੱਚ ਜੰਮੀ ਬਰਫ਼ 1971 ਵਿੱਚ ਵੀ ਵਾਂਗ ਹੀ ਜਾਰੀ ਰਹੀ।
ਨਵੰਬਰ 1971 ਵਿੱਚ, ਇੰਦਰਾ ਗਾਂਧੀ ਪੂਰਬੀ ਪਾਕਿਸਤਾਨ ਵਿੱਚ ਹੋ ਰਹੇ ਅੱਤਿਆਚਾਰਾਂ ਵੱਲ ਦੁਨੀਆ ਦਾ ਧਿਆਨ ਖਿੱਚਣ ਲਈ ਅਮਰੀਕਾ ਗਈ ਸੀ। ਨਿਕਸਨ ਨੇ ਇੰਦਰਾ ਗਾਂਧੀ ਨੂੰ ਮੀਟਿੰਗ ਤੋਂ 45 ਮਿੰਟ ਪਹਿਲਾਂ ਉਡੀਕ ਕਰਵਾਈ।
ਵ੍ਹਾਈਟ ਹਾਊਸ ਵਿਖੇ ਆਪਣੇ ਸਵਾਗਤੀ ਭਾਸ਼ਣ ਵਿੱਚ, ਨਿਕਸਨ ਨੇ ਬਿਹਾਰ ਦੇ ਹੜ੍ਹ ਪੀੜਤਾਂ ਪ੍ਰਤੀ ਆਪਣੀ ਹਮਦਰਦੀ ਤਾਂ ਦਿਖਾਈ ਪਰ ਪੂਰਬੀ ਪਾਕਿਸਤਾਨ ਦਾ ਜ਼ਿਕਰ ਤੱਕ ਨਹੀਂ ਕੀਤਾ।

ਤਸਵੀਰ ਸਰੋਤ, Getty Images
ਬੀਬੀਸੀ ਦੇ ਰੇਹਾਨ ਫਜ਼ਲ ਨੇ ਕੁਝ ਸਾਲ ਪਹਿਲਾਂ ਭਾਰਤੀ ਵਿਦੇਸ਼ ਸੇਵਾ ਦੇ ਇੱਕ ਸੀਨੀਅਰ ਅਧਿਕਾਰੀ ਰਹੇ ਮਹਾਰਾਜ ਕ੍ਰਿਸ਼ਣ ਰਸਗੋਤਰਾ ਨਾਲ ਗੱਲ ਕੀਤੀ ਸੀ।
ਰਸਗੋਤਰਾ ਨੇ ਉਸ ਵੇਲੇ ਬੀਬੀਸੀ ਨੂੰ ਦੱਸਿਆ ਸੀ, "ਮੈਂ ਉਸ ਸਮੇਂ ਉੱਥੇ ਹੀ ਸੀ। ਨਿਕਸਨ ਦਾ ਉਦੇਸ਼ ਸੀ ਕਿ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਗ੍ਹਾ ਦਿਖਾਈ ਜਾਵੇ। ਉਹ ਇੰਦਰਾ ਗਾਂਧੀ ਦਾ ਅਪਮਾਨ ਕਰਨਾ ਚਾਹੁੰਦੇ ਸਨ। ਗੱਲਬਾਤ ਸ਼ੁਰੂ ਤੋਂ ਹੀ ਕੋਈ ਚੰਗੀ ਨਹੀਂ ਚੱਲ ਰਹੀ ਸੀ।"
ਰਸਗੋਤਰਾ ਨੇ ਕਿਹਾ ਸੀ, "ਉਸ ਸਮੇਂ ਭਾਰਤ ਆਏ ਇੱਕ ਕਰੋੜ ਬੰਗਾਲੀ ਸ਼ਰਨਾਰਥੀ ਸਾਡੇ 'ਤੇ ਬੋਝ ਬਣ ਗਏ ਸਨ।''
ਅਤੇ ਕੈਂਪਾਂ ਵਿੱਚ ਭੁੱਖ ਨਾਲ ਮਰ ਰਹੇ ਸਨ। ਨਿਕਸਨ ਨੇ ਉਨ੍ਹਾਂ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ। ਉਨ੍ਹਾਂ ਨੂੰ ਸ਼ਾਇਦ ਕੁਝ ਸ਼ੱਕ ਸੀ ਕਿ ਅਸੀਂ ਯੁੱਧ ਦਾ ਐਲਾਨ ਕਰਨ ਆਏ ਹਾਂ। ਉਨ੍ਹਾਂ ਨੇ ਜਾਣਬੁੱਝ ਕੇ ਇੰਦਰਾ ਗਾਂਧੀ ਨਾਲ ਬਦਸਲੂਕੀ ਕੀਤੀ।"
ਇੰਦਰਾ ਗਾਂਧੀ ਬਾਰੇ ਰਸਗੋਤਰਾ ਨੇ ਕਿਹਾ, "ਉਨ੍ਹਾਂ ਨੇ ਇਸਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਹ ਇੱਕ ਬਹੁਤ ਹੀ ਸਨਮਾਨਯੋਗ ਮਹਿਲਾ ਸਨ। ਉਨ੍ਹਾਂ ਨੇ ਨਿਕਸਨ ਨੂੰ ਜੋ ਕਹਿਣਾ ਸੀ, ਉਹ ਕਹਿ ਦਿੱਤਾ। ਉਸਦਾ ਸਾਰ ਇਹ ਸੀ ਕਿ ਪੂਰਬੀ ਪਾਕਿਸਤਾਨ ਵਿੱਚ ਜੋ ਕਤਲੇਆਮ ਚੱਲ ਰਿਹਾ ਹੈ, ਉਸਨੂੰ ਤੁਸੀਂ ਬੰਦ ਕਰਵਾਓ ਅਤੇ ਜੋ ਸ਼ਰਣਾਰਥੀ ਸਾਡੇ ਦੇਸ਼ ਵਿੱਚ ਆਏ ਹਨ, ਉਹ ਵਾਪਸ ਪਾਕਿਸਤਾਨ ਜਾਣਗੇ। ਸਾਡੇ ਦੇਸ਼ ਵਿੱਚ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੈ।"
ਅਮਰੀਕੀ ਬੇੜਾ ਅਤੇ 1971 ਦੀ ਜੰਗ

ਤਸਵੀਰ ਸਰੋਤ, NANDA FAMILY
1971 ਦੀ ਜੰਗ ਦੌਰਾਨ, ਅਮਰੀਕਾ ਨੇ ਆਪਣਾ ਜਲ ਸੈਨਾ ਬੇੜਾ ਬੰਗਾਲ ਦੀ ਖਾੜੀ ਵੱਲ ਭੇਜਿਆ ਸੀ।
ਇੰਦਰਾ ਗਾਂਧੀ ਨੇ ਬਾਅਦ ਵਿੱਚ ਇਤਾਲਵੀ ਪੱਤਰਕਾਰ ਓਰੀਆਨਾ ਫਾਲਾਚੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਜੇਕਰ ਅਮਰੀਕੀਆਂ ਨੇ ਇੱਕ ਵੀ ਗੋਲੀ ਚਲਾਈ ਹੁੰਦੀ ਜਾਂ ਬੰਗਾਲ ਦੀ ਖਾੜੀ ਵਿੱਚ ਬੈਠਣ ਤੋਂ ਇਲਾਵਾ ਕੁਝ ਹੋਰ ਕੀਤਾ ਹੁੰਦਾ, ਤਾਂ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਸਕਦਾ ਸੀ। ਪਰ ਸੱਚ ਦੱਸਾਂ ਤਾਂ ਇਹ ਡਰ ਮੇਰੇ ਮਨ ਵਿੱਚ ਇੱਕ ਵਾਰ ਵੀ ਨਹੀਂ ਆਇਆ।''
ਐਡਮਿਰਲ ਐਸਐਮ ਨੰਦਾ ਨੇ ਆਪਣੀ ਆਤਮਕਥਾ 'ਦਿ ਮੈਨ ਹੂ ਬਾਂਬਡ ਕਰਾਚੀ' ਵਿੱਚ ਲਿਖਿਆ ਹੈ, "ਦਸੰਬਰ ਦੇ ਪਹਿਲੇ ਹਫ਼ਤੇ ਹੀ, ਸੋਵੀਅਤ ਸੰਘ ਦਾ ਇੱਕ ਵਿਨਾਸ਼ਕਾਰੀ ਅਤੇ ਇੱਕ ਮਾਈਨਸਵੀਪਰ ਮਲੱਕਾ ਦੀ ਖਾੜੀ ਤੋਂ ਇਸ ਖੇਤਰ ਵਿੱਚ ਪਹੁੰਚ ਚੁੱਕਿਆ ਸੀ।''
''ਸੋਵੀਅਤ ਬੇੜਾ ਉਦੋਂ ਤੱਕ ਅਮਰੀਕੀ ਬੇੜੇ ਦੇ ਪਿੱਛੇ ਲੱਗਿਆ ਰਿਹਾ ਸੀ, ਜਦੋਂ ਤੱਕ ਉਹ ਜਨਵਰੀ 1972 ਦੇ ਪਹਿਲੇ ਹਫ਼ਤੇ ਵਿੱਚ ਉੱਥੋਂ ਵਾਪਸ ਨਹੀਂ ਚਲਿਆ ਗਿਆ ਸੀ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












