ਏਅਰ ਡਿਫੈਂਸ ਸਿਸਟਮ: ਇਹ ਕੀ ਹੁੰਦਾ ਹੈ ਅਤੇ ਭਾਰਤ ਅਤੇ ਪਾਕਿਸਤਾਨ ਕੋਲ ਕਿਹੜੀ ਹਵਾਈ ਰੱਖਿਆ ਪ੍ਰਣਾਲੀ ਹੈ?

ਅਗਨੀ ਮਿਜ਼ਾਈਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਕੋਲ ਅਗਨੀ ਮਿਜ਼ਾਈਲ ਹੈ, ਜਦੋਂ ਕਿ ਪਾਕਿਸਤਾਨ ਕੋਲ ਸ਼ਾਹੀਨ ਸੀਰੀਜ਼ ਦੀਆਂ ਮਿਜ਼ਾਈਲਾਂ ਹਨ
    • ਲੇਖਕ, ਵਿਸ਼ਨੂੰਕਾਂਤ ਤਿਵਾੜੀ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਨੇ ਦਾਅਵਾ ਕੀਤਾ ਹੈ ਕਿ 8 ਮਈ ਦੀ ਰਾਤ ਨੂੰ ਪਾਕਿਸਤਾਨੀ ਡਰੋਨ ਅਤੇ ਮਿਜ਼ਾਈਲਾਂ ਨੂੰ ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਨਾਕਾਮ ਕਰ ਦਿੱਤਾ ਹੈ। ਖਾਸ ਤੌਰ 'ਤੇ ਭਾਰਤ ਦੇ ਐੱਸ 400 ਡਿਫੈਂਸ ਸਿਸਟਮ ਦੀ ਚਰਚਾ ਹੈ।

ਹਾਲਾਂਕਿ ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਨਾਲ ਹੀ ਭਾਰਤ 'ਚ ਡਰੋਨ ਅਤੇ ਮਿਜ਼ਾੲਲ ਹਮਲੇ ਕਰਨ ਦੀ ਗੱਲ ਨੂੰ ਵੀ ਨਕਾਰਿਆ ਹੈ।

ਕਿਸੇ ਵੀ ਦੇਸ਼ ਦੇ ਲਈ, ਦੁਸ਼ਮਣ ਦੇ ਹਵਾਈ ਖ਼ਤਰਿਆਂ ਜਿਵੇਂ ਕਿ ਲੜਾਕੂ ਜਹਾਜ਼, ਡਰੋਨ, ਮਿਜ਼ਾਇਲ ਅਤੇ ਹੈਲੀਕਾਪਟਰਾਂ ਨੂੰ ਤਬਾਹ ਕਰਨ ਦੀ ਤਕਨੀਕ ਆਧੁਨਿਕ ਜੰਗ ਹੁਨਰ ਲਈ ਬਹੁਤ ਹੀ ਜ਼ਰੂਰੀ ਮੰਨੀ ਜਾਣ ਲੱਗੀ ਹੈ।

ਭਾਰਤ ਅਤੇ ਪਾਕਿਸਤਾਨ ਵਰਗੇ ਮੁਲਕਾਂ ਦੇ ਸੰਦਰਭ 'ਚ, ਜਿੱਥੇ ਅਕਸਰ ਹੀ ਸਰੱਹਦ ਪਾਰ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ, ਇਨ੍ਹਾਂ ਪ੍ਰਣਾਲੀਆਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।

ਹਵਾਈ ਰੱਖਿਆ ਪ੍ਰਣਾਲੀ ਕਿਸੇ ਦੇਸ਼ ਦੀ ਰੱਖਿਆ 'ਚ ਹੀ ਨਹੀਂ, ਸਗੋਂ ਜੰਗ ਵਰਗੀਆਂ ਸਥਿਤੀਆਂ 'ਚ ਇੱਕ ਰਣਨੀਤਕ ਮਾਰਕਾ ਹਾਸਲ ਕਰਨ 'ਚ ਮਦਦਗਾਰ ਸਿੱਧ ਹੁੰਦੀ ਹੈ।

ਹਵਾਈ ਰੱਖਿਆ ਪ੍ਰਣਾਲੀ ਕੀ ਹੁੰਦੀ ਹੈ, ਕਿਵੇਂ ਕੰਮ ਕਰਦੀ ਹੈ, ਭਾਰਤ ਅਤੇ ਪਾਕਿਸਤਾਨ ਦੇ ਕੋਲ ਅਜਿਹੇ ਕਿਹੜੇ ਏਅਰ ਡਿਫੈਂਸ ਸਿਸਟਮ ਹਨ, ਇਸ ਖ਼ਬਰ 'ਚ ਇਨ੍ਹਾਂ ਸਵਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।

ਹਵਾਈ ਰੱਖਿਆ ਪ੍ਰਣਾਲੀ ਕੀ ਹੁੰਦੀ ਹੈ?

ਭਾਰਤੀ ਫ਼ੌਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੱਖਿਆ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਕਾਸ਼ ਅਤੇ ਐਸ-400 ਹਵਾਈ ਰੱਖਿਆ ਪ੍ਰਣਾਲੀਆਂ ਬਹੁਤ ਸਟੀਕ ਹਨ

ਹਵਾਈ ਰੱਖਿਆ ਪ੍ਰਣਾਲੀ ਇੱਕ ਅਜਿਹਾ ਫੌਜੀ ਤੰਤਰ ਹੈ ਜੋ ਕਿ ਦੁਸ਼ਮਣ ਦੇ ਜਹਾਜ਼ਾਂ, ਮਿਜ਼ਾਈਲਾਂ, ਡਰੋਨ ਅਤੇ ਹੋਰ ਹਵਾਈ ਖ਼ਤਰਿਆਂ ਤੋਂ ਕਿਸੇ ਦੇਸ਼ ਦੇ ਹਵਾਈ ਖੇਤਰ ਦੀ ਰੱਖਿਆ ਕਰਦਾ ਹੈ।

ਇਹ ਪ੍ਰਣਾਲੀ ਰਡਾਰ, ਸੈਂਸਰ, ਮਿਜ਼ਾਈਲ ਅਤੇ ਗੰਨ/ਬੰਦੂਕ ਸਿਸਟਮ ਦੀ ਵਰਤੋਂ ਕਰਕੇ ਹਵਾਈ ਖ਼ਤਰਿਆਂ ਦਾ ਪਤਾ ਲਗਾਉਂਦੀ ਹੈ, ਉਨ੍ਹਾਂ ਨੂੰ ਟਰੈਕ ਕਰਦੀ ਹੈ ਅਤੇ ਉਨ੍ਹਾਂ ਨੂੰ ਤਬਾਹ ਕਰਨ ਦੇ ਲਈ ਜਵਾਬੀ ਕਾਰਵਾਈ ਵੀ ਕਰਦੀ ਹੈ।

ਹਵਾਈ ਰੱਖਿਆ ਪ੍ਰਣਾਲੀ ਨੂੰ ਸਥਿਰ (ਸਥਾਈ ਤੌਰ 'ਤੇ ਤਾਇਨਾਤ) ਜਾਂ ਮੋਬਾਈਲ (ਚੱਲਣਯੋਗ) ਰੂਪ 'ਚ ਤਾਇਨਾਤ ਕੀਤਾ ਜਾ ਸਕਦਾ ਹੈ ਅਤੇ ਇਹ ਇੱਕ ਛੋਟੇ ਜਿਹੇ ਡਰੋਨ ਤੋਂ ਲੈ ਕੇ ਬੈਲਿਸਟਿਕ ਮਿਜ਼ਾਈਲ ਵਰਗੇ ਵੱਡੇ ਖ਼ਤਰਿਆਂ ਤੱਕ ਨੂੰ ਰੋਕਣ ਦੀ ਸਮਰੱਥਾ ਰੱਖਦੀ ਹੈ।

ਇਸ ਦਾ ਮੁੱਖ ਉਦੇਸ਼ ਹਵਾਈ ਹਮਲਿਆਂ ਤੋਂ ਨਾਗਰਿਕ ਖੇਤਰਾਂ, ਫੌਜੀ ਠਿਕਾਣਿਆਂ ਅਤੇ ਮਹੱਤਵਪੂਰਨ ਢਾਂਚਿਆਂ ਨੂੰ ਸੁਰੱਖਿਅਤ ਰੱਖਣਾ ਹੁੰਦਾ ਹੈ।

ਹਵਾਈ ਰੱਖਿਆ ਪ੍ਰਣਾਲੀ ਚਾਰ ਮੁੱਖ ਹਿੱਸਿਆਂ 'ਚ ਕੰਮ ਕਰਦੀ ਹੈ। ਰਡਾਰ ਅਤੇ ਸੈਂਸਰ ਦੁਸ਼ਮਣ ਦੇ ਜਹਾਜ਼ਾਂ, ਮਿਜ਼ਾਈਲਾਂ ਅਤੇ ਡਰੋਨ ਦਾ ਪਤਾ ਲਗਾਉਂਦੇ ਹਨ।

ਕਮਾਂਡ ਅਤੇ ਕੰਟਰੋਲ ਸੈਂਟਰ ਡਾਟਾ ਪ੍ਰੋਸੇਸ ਕਰਕੇ ਤਰਜੀਹਾਂ ਨਿਰਧਾਰਤ ਕਰਦਾ ਹੈ।

ਹਥਿਆਰ ਪ੍ਰਣਾਲੀਆਂ ਖ਼ਤਰਿਆਂ ਨੂੰ ਰੋਕਦੀਆਂ ਹਨ, ਜਦਕਿ ਮੋਬਾਈਲ ਯੂਨਿਟਾਂ ਤੇਜ਼ੀ ਨਾਲ ਤੈਨਾਤੀ 'ਚ ਸਮਰੱਥ ਹੁੰਦੀਆਂ ਹਨ, ਜੋ ਕਿ ਇਸ ਨੂੰ ਜੰਗੀ ਮੈਦਾਨ 'ਚ ਬਹੁਤ ਪ੍ਰਭਾਵੀ ਬਣਾਉਂਦੀਆਂ ਹਨ।

ਹਵਾਈ ਰੱਖਿਆ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ?

ਬ੍ਰਹਮੋਸ ਮਿਜ਼ਾਈਲਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਹਮੋਸ ਮਿਜ਼ਾਈਲਾਂ ਨੂੰ ਜ਼ਮੀਨ, ਹਵਾ, ਸਮੁੰਦਰ ਅਤੇ ਉਪ-ਸਮੁੰਦਰੀ ਪਲੇਟਫਾਰਮਾਂ ਤੋਂ ਦਾਗਿਆ ਜਾ ਸਕਦਾ ਹੈ

ਹਵਾਈ ਰੱਖਿਆ ਪ੍ਰਣਾਲੀ ਕਈ ਪੜਾਵਾਂ 'ਚ ਕੰਮ ਕਰਦੀ ਹੈ, ਜਿਸ 'ਚ ਖ਼ਤਰਿਆਂ ਦਾ ਪਤਾ ਲਗਾਉਣਾ, ਖ਼ਤਰਿਆਂ ਨੂੰ ਟਰੈਕ ਕਰਨਾ ਅਤੇ ਅਖੀਰ ਉਸ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਹੀ ਤਬਾਹ ਕਰਨਾ ਸ਼ਾਮਲ ਹੈ।

ਹਰ ਪੜਾਅ 'ਚ ਆਧੁਨਿਕ ਤਕਨੀਕ ਅਤੇ ਸੰਚਾਲਨ ਬਹੁਤ ਮਾਅਨੇ ਰੱਖਦਾ ਹੈ।

ਪਹਿਲੇ ਪੜਾਅ 'ਚ ਰਡਾਰ ਅਤੇ ਹੋਰ ਸੈਂਸਰ ਤਕਨੀਕਾਂ ਦੀ ਵਰਤੋਂ ਕਰਕੇ ਹਵਾਈ ਖ਼ਤਰਿਆਂ ਦਾ ਪਤਾ ਲਗਾਇਆ ਜਾਂਦਾ ਹੈ। ਰਡਾਰ ਇੱਕ ਤਰਜੀਹੀ ਯੰਤਰ ਹੈ, ਜੋ ਇਲੈਕਟ੍ਰੋਮੈਗਨੈਟਿਕ ਤਰੰਗਾਂ ਭੇਜਦਾ ਹੈ ਅਤੇ ਉਨ੍ਹਾਂ ਦੀ ਵਾਪਸੀ ਨਾਲ ਦੁਸ਼ਮਣ ਦੇ ਜਹਾਜ਼ਾਂ ਜਾਂ ਮਿਜ਼ਾਈਲਾਂ ਦੀ ਸਥਿਤੀ ਦਾ ਪਤਾ ਲਗਾਉਂਦਾ ਹੈ।

ਲੰਬੀ ਦੂਰੀ ਦੇ ਰਡਾਰ, ਮੱਧਮ ਦੂਰੀ ਅਤੇ ਘੱਟ ਦੂਰੀ ਦੇ ਰਡਾਰ ਦੇ ਨਾਲ ਹੀ ਇਲੈਕਟ੍ਰੋਨਿਕ ਸੈਂਸਰ ਅਤੇ ਇਨਫਰਾਰੈੱਡ ਸੈਂਸਰ ਵਰਗੇ ਯੰਤਰ ਦੁਸ਼ਮਣ ਦੇ ਜਹਾਜ਼ਾਂ ਤੋਂ ਨਿਕਲਣ ਵਾਲੇ ਸਿਗਨਲਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਸਹੀ ਲੋਕੇਸ਼ਨ ਬਾਰੇ ਦੱਸਦੇ ਹਨ।

ਇਸੇ ਪੜਾਅ 'ਚ ਖ਼ਤਰੇ ਦੀ ਗਤੀ, ਖ਼ਤਰੇ ਦੀ ਕਿਸਮ ਜਿਵੇਂ ਕਿ ਕਿਸ ਕਿਸਮ ਦਾ ਡਰੋਨ ਜਾਂ ਹਵਾਈ ਜਹਾਜ਼ ਜਾਂ ਮਿਜ਼ਾਈਲ ਹਮਲੇ ਲਈ ਵਰਤੀ ਗਈ ਹੈ, ਇਸ ਦਾ ਪਤਾ ਲਗਾਇਆ ਜਾਂਦਾ ਹੈ।

ਭਾਰਤੀ ਡਿਫ਼ੈਂਸ ਸਿਸਟਮ
ਇਹ ਵੀ ਪੜ੍ਹੋ-

ਦੂਜੇ ਪੜਾਅ 'ਚ ਖ਼ਤਰੇ ਦੀ ਟਰੈਕਿੰਗ ਸ਼ਾਮਲ ਹੁੰਦੀ ਹੈ, ਜਿਸ 'ਚ ਹਮਲਾ ਕਰਨ ਵਾਲੇ ਉਪਕਰਣ ਜਿਵੇਂ ਕਿ ਡਰੋਨ, ਮਿਜ਼ਾਈਲ ਜਾਂ ਲੜਾਕੂ ਜਹਾਜ਼ ਦੀ ਗਤੀ, ਰਸਤੇ ਅਤੇ ਹੋਰ ਗਤੀਵਿਧੀਆਂ ਦੀ ਸਹੀ ਜਾਣਕਾਰੀ ਇੱਕਠੀ ਕੀਤੀ ਜਾਂਦੀ ਹੈ।

ਰਡਾਰ, ਲੇਜ਼ਰ ਰੇਂਜ ਫਾਈਂਡਰ ਅਤੇ ਡਾਟਾ ਲਿੰਕ ਨੈੱਟਵਰਕ ਰਾਹੀਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਦੁਸ਼ਮਣ ਦੇ ਜਹਾਜ਼ਾਂ ਜਾਂ ਮਿਜ਼ਾਈਲਾਂ ਦੀ ਗਤੀ, ਉਚਾਈ ਅਤੇ ਦਿਸ਼ਾ ਦੀ ਠੀਕ ਨਿਗਰਾਨੀ ਕੀਤ ਜਾ ਸਕੇ।

ਖ਼ਤਰੇ ਦੀ ਨਿਗਰਾਨੀ ਬਹੁਤ ਹੀ ਅਹਿਮ ਹੁੰਦੀ ਹੈ, ਕਿਉਂਕਿ ਹਮਲੇ ਜਾਂ ਜੰਗ ਦੀ ਸੂਰਤ 'ਚ ਟਰੈਕਿੰਗ ਸਿਸਟਮ ਜਿੱਥੇ ਦੁਸ਼ਮਣ ਵੱਲੋਂ ਦਾਗੀਆਂ ਮਿਜ਼ਾਈਲਾਂ, ਡਰੋਨ ਜਾਂ ਲੜਾਕੂ ਜਹਾਜ਼ਾਂ ਨੂੰ ਟਰੈਕ ਕਰ ਰਿਹਾ ਹੁੰਦਾ ਹੈ, ਉੱਥੇ ਹੀ ਆਪਣੇ ਲੜਾਕੂ ਜਹਾਜ਼ਾਂ ਜਾਂ ਮਿਜ਼ਾਈਲਾਂ ਦੀ ਵੀ ਨਿਗਰਾਨੀ ਕਰ ਰਿਹਾ ਹੁੰਦਾ ਹੈ।

ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਟਰੈਕਿੰਗ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਸੁਚਾਰੂ ਅਤੇ ਭਰੋਸੇਯੋਗ ਹੋਵੇ ਤਾਂ ਜੋ ਆਪਣੇ ਉਪਕਰਣਾਂ , ਮਿਜ਼ਾਈਲਾਂ ਜਾਂ ਫਿਰ ਲੜਾਕੂ ਜਹਾਜ਼ਾਂ ਨੂੰ ਨੁਕਸਾਨ ਨਾ ਪਹੁੰਚੇ।

ਲਗਾਤਾਰ ਟਰੈਕਿੰਗ ਤੋਂ ਬਾਅਦ ਇੱਕ ਸਮੇਂ 'ਤੇ ਖ਼ਤਰੇ ਨੂੰ ਤਬਾਹ ਕਰਨਾ ਲਾਜ਼ਮੀ ਹੁੰਦਾ ਹੈ।

ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ 'ਚ ਕਿੰਨਾ ਕੁ ਦਮ?

 ਐੱਸ-400

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਨੇ ਰੂਸ ਤੋਂ ਐੱਸ-400 ਖਰੀਦਿਆ

ਗੱਲ ਕਰਦੇ ਹਾਂ, ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਐਸ 400 ਦੀ, ਜਿਸ ਨੂੰ ਭਾਰਤੀ ਫੌਜ ਸੁਦਰਸ਼ਨ ਚੱਕਰ ਦੇ ਨਾਲ ਨਾਲ ਸੰਬੋਧਿਤ ਕਰਦੀ ਹੈ।

ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਆਪਣੀਆਂ ਕਈ ਪਰਤਾਂ ਅਤੇ ਪ੍ਰਣਾਲੀਆਂ ਦੀ ਵਿਭੰਨਤਾ ਦੇ ਲਈ ਜਾਣੀ ਜਾਂਦੀ ਹੈ। ਇਸ 'ਚ ਰੂਸੀ, ਇਜ਼ਰਾਈਲੀ ਅਤੇ ਸਵਦੇਸ਼ੀ ਤਕਨੀਕਾਂ ਦਾ ਮਿਸ਼ਰਣ ਮੌਜੂਦ ਹੈ, ਜੋ ਕਿ ਇਸ ਨੂੰ ਆਪਣੇ ਗੁਆਂਢੀ ਮੁਲਕਾਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਬਣਾਉਂਦਾ ਹੈ।

ਸਾਲ 2018 'ਚ ਭਾਰਤ ਨੇ ਰੂਸ ਤੋਂ ਪੰਜ ਐਸ-400 ਮਿਜ਼ਾਈਲ ਸਿਸਟਮ ਖਰੀਦਣ ਦੇ ਸੌਦੇ 'ਤੇ ਸਹਿਮਤੀ ਪ੍ਰਗਟ ਕੀਤੀ ਸੀ। ਇਸ ਦੀ ਤੁਲਨਾ ਅਮਰੀਕਾ ਦੇ ਉੱਤਮ ਪੈਟਰੀਅਟ ਮਿਜ਼ਾਈਲ ਹਵਾਈ ਰੱਖਿਆ ਪ੍ਰਣਾਲੀ ਨਾਲ ਹੁੰਦੀ ਹੈ। ਭਾਰਤ ਅਤੇ ਰੂਸ ਦਰਮਿਆਨ ਇਹ ਸੌਦਾ 5.43 ਅਰਬ ਡਾਲਰ 'ਚ ਹੋਇਆ ਸੀ।

ਐਸ-400 ਮੋਬਾਈਲ ਸਿਸਟਮ ਹੈ, ਮਤਲਬ ਕਿ ਇਸ ਨੂੰ ਸੜਕੀ ਮਾਰਗ ਰਾਹੀਂ ਕਿਤੇ ਵੀ ਪਹੁੰਚਾਇਆ ਜਾ ਸਕਦਾ ਹੈ। ਇਸ ਦੇ ਸਬੰਧ 'ਚ ਕਿਹਾ ਜਾਂਦਾ ਹੈ ਕਿ ਆਰਡਰ ਮਿਲਣ ਤੋਂ ਤੁਰੰਤ ਬਾਅਦ 5-10 ਮਿੰਟਾਂ 'ਚ ਹ ਇਸ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।

ਇੰਡੀਅਨ ਐਕਸਪ੍ਰੈਸ ਦੀ ਇੱਕ ਖ਼ਬਰ ਅਨੁਸਾਰ, ਭਾਰਤ ਦੇ ਕੋਲ ਐਸ-400 ਟ੍ਰਾਇੰਫ ਤੋਂ ਇਲਾਵਾ ਬਰਾਕ-8 ਅਤੇ ਸਵਦੇਸ਼ੀ ਆਕਾਸ਼ ਮਿਜ਼ਾਈਲ ਸਿਸਟਮ ਵੀ ਹਵਾਈ ਰੱਖਿਆ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਘੱਟ ਦੂਰੀ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਸਪਾਈਡਰ ਅਤੇ ਇਗਲਾ ਵਰਗੇ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ।

ਸੇਵਾਮੁਕਤ ਮੇਜਰ ਡਾ. ਮੁਹੰਮਦ ਅਲੀ ਸ਼ਾਹ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਆਪਣੇ ਮੁਲਕ ਦੀ ਸੁਰੱਖਿਆ 'ਚ ਤੈਨਾਤ ਉਪਕਰਣਾਂ ਦੀ ਜਾਣਕਾਰੀ ਸਾਂਝਾ ਨਾ ਕਰਦਿਆਂ ਕਹਾਂਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਹਵਾਈ ਰੱਖਿਆ ਤੰਤਰ 'ਚ ਅੰਤਰ ਸਪੱਸ਼ਟ ਹੈ।"

"ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਸਾਡੀਆਂ ਫੌਜਾਂ ਨੇ ਨੁਕਸਾਨ ਪਹੁੰਚਾਇਆ ਹੈ, ਜਦਕਿ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਕਈ ਥਾਵਾਂ 'ਤੇ ਪਾਕਿਸਤਾਨ ਦੇ ਨਾਪਾਕ ਯਤਨਾਂ ਅਤੇ ਜੰਮੂ 'ਚ ਉੱਡਦੇ ਡਰੋਨ ਨੂੰ ਸਫਲਤਾਪੂਰਵਕ ਰੋਕਿਆ।”

“ਰੂਸ ਤੋਂ ਐਸ-400 ਖਰੀਦਦੇ ਸਮੇਂ ਪਾਬੰਦੀਆਂ ਦਾ ਜ਼ੋਖਮ ਸੀ, ਪਰ ਅੱਜ ਉਹੀ ਪ੍ਰਣਾਲੀ ਅਣਗਿਣਤ ਭਾਰਤੀਆਂ ਦੀਆਂ ਜਾਨਾਂ ਬਚਾਅ ਰਹੀ ਹੈ।"

ਜਿੱਥੇ ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਨੇ 8 ਮਈ ਨੂੰ ਡਰੋਨ ਅਤੇ ਮਿਜ਼ਾੲਲਾਂ ਦੀ ਵਰਤੋਂ ਕਰਕੇ ਭਾਰਤ ਦੇ ਕਈ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਕਿ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ, ਉੱਥੇ ਹੀ ਪਾਕਿਸਤਾਨ ਨੇ ਇਨ੍ਹਾਂ ਹਮਲਿਆਂ 'ਚ ਆਪਣਾ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਭਾਰਤ 'ਤੇ ਵੀ ਇਲਜ਼ਾਮ ਆਇਦ ਕਰਦੇ ਹੋਏ ਕਿਹਾ ਹੈ ਕਿ ਉਸ ਨੇ ਭਾਰਤ ਦੇ 25 ਡਰੋਨ ਨਿਸ਼ਾਨੇ 'ਤੇ ਲਏ ਹਨ।

ਬੀਬੀਸੀ ਸੁਤੰਤਰ ਤੌਰ 'ਤੇ ਇਨ੍ਹਾਂ ਦੋਵੇਂ ਹੀ ਦਾਅਵਿਆਂ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ।

ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ?

ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਕੋਲ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਦੀ ਸਮਰੱਥਾ ਹੈ (ਫਾਈਲ ਫੋਟੋ)

ਸਾਲ 2019 ਤੋਂ ਬਾਅਦ ਭਾਰਤ ਨੇ ਰੂਸੀ ਐਸ-400 ਐਂਟੀ ਏਅਰਕ੍ਰਾਫਟ ਮਿਜ਼ਾਈਲ ਸਿਸਟਮ ਹਾਸਲ ਕਰ ਲਿਆ ਸੀ ਜਦਕਿ ਪਾਕਿਸਤਾਨ ਨੂੰ ਚੀਨ ਤੋਂ ਐਚਕਿਊ-9 ਹਵਾਈ ਰੱਖਿਆ ਪ੍ਰਣਾਲੀ ਹਾਸਲ ਹੋਈ ਸੀ।

ਟਾਈਮਜ਼ ਆਫ਼ ਇੰਡੀਆ ਅਖ਼ਬਾਰ ਦੀ ਇੱਕ ਰਿਪੋਰਟ ਅਨੁਸਾਰ, ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਮੁੱਖ ਤੌਰ 'ਤੇ ਚੀਨ ਅਤੇ ਫਰਾਂਸ ਦੀਆਂ ਤਕਨੀਕਾਂ 'ਤੇ ਅਧਾਰਤ ਹੈ।

ਇਸ ਦਾ ਮੁੱਖ ਹਿੱਸਾ ਐਚਕਿਊ-9 ਮਿਜ਼ਾਈਲ ਹੈ, ਜੋ ਕਿ 120 ਤੋਂ 300 ਕਿਲੋਮੀਟਰ ਦੀ ਦੂਰੀ ਤੱਕ ਖ਼ਤਰਿਆਂ ਨੂੰ ਰੋਕਣ ਦੀ ਸਮਰੱਥਾ ਰੱਖਦੀ ਹੈ।

ਇਸ ਤੋਂ ਇਲਾਵਾ ਫਰਾਂਸ ਤੋਂ ਆਯਾਤ ਕੀਤਾ ਗਿਆ ਸਪਾਡਾ ਏਅਰ ਡਿਫੈਂਸ ਸਿਸਟਮ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਹਵਾਈ ਠਿਕਾਣਿਆਂ ਅਤੇ ਹੋਰ ਮਹੱਤਵਪੂਰਨ ਥਾਵਾਂ ਦੀ ਸੁਰੱਖਿਆ ਦੇ ਲਈ ਕੀਤੀ ਜਾ ਸਕਦੀ ਹੈ।

ਪਾਕਿਸਤਾਨੀ ਹਵਾਈ ਫੌਜ ਦੇ ਸਾਬਕਾ ਵਾਈਸ ਏਅਰ ਮਾਰਸ਼ਲ ਇਕਰਾਮੁੱਲ੍ਹਾ ਭੱਟੀ ਨੇ ਬੀਬੀਸੀ ਉਰਦੂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ 'ਚ ਘੱਟ ਦੂਰ, ਮੱਧਮ ਦੂਰੀ ਅਤੇ ਲੰਮੀ ਦੂਰੀ ਦੀ ਸਤ੍ਹਾ ਤੋਂ ਸਤ੍ਹਾ 'ਤੇ ਹਮਲਾ ਕਰਨ ਵਾਲੀਆਂ ਕਰੂਜ਼ ਅਤੇ ਬੈਲਾਸਟਿਕ ਮਿਜ਼ਾਈਲਾਂ ਨੂੰ ਰੋਕਣ ਦੀ ਸਮਰੱਥਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੇ ਆਪਣੀ ਰੱਖਿਆ ਪ੍ਰਣਾਲੀ 'ਚ ਚੀਨ ਵੱਲੋਂ ਤਿਆਰ ਕੀਤੇ ਐਚਕਿਊ-16 ਐਫਆਈ ਡਿਫੈਂਸ ਸਿਸਟਮ ਨੂੰ ਵੀ ਸ਼ਾਮਲ ਕੀਤਾ ਹੈ। ਜੋ ਕਿ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ ਅਤੇ ਜੰਗੀ ਸਮੁੰਦਰੀ ਜਹਾਜ਼ਾਂ ਨੂੰ ਤਬਾਹ ਕਰਨ ਦੇ ਯੋਗ ਹੈ।

ਹਾਲਾਂਕਿ, ਜਦੋਂ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਰੋਕਣ ਦੀ ਗੱਲ ਆਉਂਦੀ ਹੈ ਤਾਂ ਅਜਿਹੀ ਕੋਈ ਵੀ ਰੱਖਿਆ ਪ੍ਰਣਾਲੀ ਮੌਜੂਦ ਨਹੀਂ ਹੈ।

ਭਾਵੇਂ ਕਿ ਹਵਾਈ ਰੱਖਿਆ ਪ੍ਰਣਾਲੀਆਂ ਬਹੁਤ ਉੱਨਤ ਹੋ ਚੁੱਕੀਆਂ ਹਨ, ਪਰ ਫਿਰ ਵੀ ਇਨ੍ਹਾਂ ਨੂੰ ਕਈ ਚੁਣੌਤੀਆਂ ਦਰਪੇਸ਼ ਆਉਂਦੀਆਂ ਹਨ। ਹਾਈਪਰਸੋਨਿਕ ਮਿਜ਼ਾਈਲਾਂ ਅਤੇ ਸਵਾਰਮ ਡਰੋਨਾਂ ਦੇ ਉੱਭਰਦੇ ਖ਼ਤਰਿਆਂ ਨੇ ਇਨ੍ਹਾਂ ਪ੍ਰਣਾਲੀਆਂ ਨੂੰ ਹੋਰ ਵਿਕਸਤ ਕਰਨ ਦੀ ਜ਼ਰੂਰਤ ਨੂੰ ਵਧਾ ਦਿੱਤਾ ਹੈ।

ਭਵਿੱਖ 'ਚ ਆਰਟੀਫੀਸ਼ੀਅਲ ਇੰਟੈਲਜੈਂਸੀ ਅਤੇ ਲੇਜ਼ਰ ਅਧਾਰਤ ਹਥਿਆਰ ਏਅਰ ਡਿਫੈਂਸ ਨੂੰ ਜ਼ਿਆਦਾ ਕੁਸ਼ਲ ਅਤੇ ਸਸਤਾ ਬਣਾ ਸਕਦੇ ਹਨ। ਏਆਈ ਸਿਸਟਮ ਖ਼ਤਰਿਆਂ ਦੀ ਜਲਦੀ ਪਛਾਣ ਅਤੇ ਜਵਾਬੀ ਕਾਰਵਾਈ 'ਚ ਮਦਦ ਕਰੇਗਾ, ਜਦੋਂ ਕਿ ਲੇਜ਼ਰ ਤਕਨੀਕ ਘਾਤਕ ਹਮਲਿਆਂ 'ਚ ਸਟੀਕਤਾ ਲਿਆਉਣ 'ਚ ਕਾਰਗਰ ਹੋਵੇਗੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)