'ਕਾਰਗਿਲ 'ਚ ਪਤੀ ਨੂੰ ਗੁਆਇਆ, ਹੁਣ ਫੌਜੀ ਪੁੱਤ ਮੋਰਚੇ ’ਤੇ ਹੈ ਤਾਂ ਪੁਰਾਣੇ ਜ਼ਖ਼ਮ ਇੰਝ ਹਰੇ ਹੋ ਗਏ': ਜੰਗ ਦਾ ਦਰਦ

ਅਮਰਜੀਤ ਕੌਰ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਸੁਰਜੀਤ ਸਿੰਘ ਦੀ ਪਤਨੀ ਅਮਰਜੀਤ ਕੌਰ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਪਿੰਡ ਦੇ ਗੁਰਦੁਆਰੇ ਤੋਂ ਜਦੋਂ ਅਨਾਊਂਸਮੈਂਟ ਹੋਈ ਕਿ ਭਾਰਤ-ਪਾਕਿਸਤਾਨ ਵਿਚਾਲੇ ਹਾਲਾਤ ਵਿਗੜ ਗਏ ਹਨ ਤੇ ਸਾਰੇ ਪਿੰਡ ਵਾਲੇ ਘਰਾਂ ਵਿੱਚ ਰਹਿਣ ਤਾਂ ਮੇਰਾ ਮਨ ਬੇਚੈਨ ਹੋ ਗਿਆ।"

ਅਨਾਊਂਸਮੈਂਟ ਸੁਣਦਿਆਂ ਹੀ ਰੋਪੜ ਦੇ ਪਿੰਡ ਮਵਾ ਵਿੱਚ ਰਹਿੰਦੇ ਅਮਰਜੀਤ ਕੌਰ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੀ ਆਪਣੀ ਹੱਡਬੀਤੀ ਕਿਸੇ ਫ਼ਿਲਮ ਵਾਂਗ ਆ ਗਈ।

ਅਮਰਜੀਤ ਅੱਗੇ ਕਹਿੰਦੇ ਹਨ, "ਮੈਂ ਭੱਜ ਕੇ ਘਰ ਤੋਂ ਬਾਹਰ ਗਈ ਤੇ ਅਮਨ ਦੇ ਡੈਡੀ ਦੀ ਯਾਦ ਵਿੱਚ ਬਣੇ ਸ਼ਹੀਦੀ ਗੇਟ ਦੇ ਸਾਹਮਣੇ ਬੈਠ ਕੇ ਰੋਣ ਲੱਗੀ।"

"ਮਨ ਵਿੱਚ ਬੁਰੇ ਖਿਆਲ ਆ ਰਹੇ ਸਨ, ਪਰ ਮੈਂ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਦੇਸ਼ ਦੀ ਰਾਖੀ ਕਰਦਾ ਮੇਰਾ ਪੁੱਤ ਸਹੀ ਸਲਾਮਤ ਰਹੇ।"

ਅਮਰਜੀਤ ਕੌਰ ਦੇ ਪਤੀ ਨਾਇਬ ਸੂਬੇਦਾਰ ਸੁਰਜੀਤ ਸਿੰਘ ਸਾਲ 2000 ਵਿੱਚ ਜੰਮੂ-ਕਸ਼ਮੀਰ ਦੇ ਕਾਰਗਿਲ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਆਪਣੀ ਜਾਨ ਗੁਆ ਬੈਠੇ ਸਨ।

ਪਿੰਡ ਵਿੱਚ ਸੁਰਜੀਤ ਸਿੰਘ ਦੇ ਨਾਮ ਦਾ ਇੱਕ ਯਾਦਗਾਰੀ ਗੇਟ ਬਣਿਆ ਹੋਇਆ ਹੈ ਅਤੇ ਸਰਕਾਰੀ ਸਕੂਲ ਦਾ ਨਾਮ ਵੀ ‘ਨਾਇਬ ਸੂਬੇਦਾਰ ਸ਼ਹੀਦ ਸੁਰਜੀਤ ਸਿੰਘ’ ਰੱਖਿਆ ਗਿਆ ਹੈ।

ਅਮਰਜੀਤ ਕੌਰ ਦਾ ਘਰ ਬਿਲਕੁਲ ਇਸ ਯਾਦਗਾਰੀ ਗੇਟ ਅਤੇ ਸਕੂਲ ਦੇ ਸਾਹਮਣੇ ਹੈ।

22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਜਦੋਂ ਭਾਰਤ-ਪਾਕਿਸਤਾਨ ਸਰਹੱਦ ਉੱਤੇ ਮੁੜ ਤਣਾਅ ਪੈਦਾ ਹੋਇਆ ਹੈ ਤਾਂ ਅਮਰਜੀਤ ਕੌਰ ਦੇ ਜ਼ਖਮ ਮੁੜ ਹਰੇ ਹੋ ਗਏ ਹਨ।

ਅਮਰਜੀਤ ਨੂੰ ਮੁੜ ਯਾਦ ਆਇਆ ਜੰਗ ਦਾ ਮੰਜ਼ਰ

ਨਾਇਬ ਸੂਬੇਦਾਰ ਸੁਰਜੀਤ ਸਿੰਘ

ਤਸਵੀਰ ਸਰੋਤ, Bimal Sain/BBC

ਤਸਵੀਰ ਕੈਪਸ਼ਨ, ਨਾਇਬ ਸੂਬੇਦਾਰ ਸੁਰਜੀਤ ਸਿੰਘ ਦੀ ਤਸਵੀਰ

ਅਮਰਜੀਤ ਕਹਿੰਦੇ ਹਨ, "ਮਨ ਬੇਚੈਨ ਹੈ, ਘਰ ਵਿੱਚ ਚਿੱਤ ਨਹੀਂ ਲੱਗਦਾ, ਦਿਲ ਕਾਹਲਾ ਪੈ ਰਿਹਾ, 25 ਸਾਲ ਪਹਿਲਾਂ ਪਤੀ ਸ਼ਹੀਦ ਹੋਇਆ ਸੀ ਤੇ ਹੁਣ ਪੁੱਤ ਭਾਰਤ-ਪਾਕਿਸਤਾਨ ਸਰਹੱਦ ਉੱਤੇ ਦੇਸ਼ ਦੀ ਰਾਖੀ ਕਰ ਰਿਹਾ ਹੈ। ਹੁਣ ਮਨ ਨੂੰ ਉਸਦੀ ਚਿੰਤਾ ਲੱਗੀ ਹੋਈ ਹੈ।"

ਅਮਰਜੀਤ ਕੌਰ ਦੇ ਛੇ ਬੱਚੇ ਹਨ ਅਤੇ ਸਭ ਤੋਂ ਛੋਟਾ ਪੁੱਤਰ ਅਮਨਪ੍ਰੀਤ ਸਿੰਘ ਫ਼ੌਜ ਵਿੱਚ ਹੈ। ਇਸ ਸਮੇਂ ਉਹ ਸਰਹੱਦ ਉੱਤੇ ਤਾਇਨਾਤ ਹੈ।

ਉਹ ਦੱਸਦੇ ਹਨ, "ਪੁੱਤਰ ਦੀ ਤਾਇਨਾਤੀ ਕਿੱਥੇ ਹੈ ਇਸਦੇ ਬਾਰੇ ਉਹ ਕੁਝ ਸਾਂਝਾ ਨਹੀਂ ਕਰਦਾ ਬਸ ਇਹ ਦੱਸਦਾ ਕਿ ਮੰਮੀ ਠੀਕ ਹਾਂ, ਤੁਸੀਂ ਫਿਕਰ ਨਾ ਕਰੋ।”

ਪੁੱਤ ਨੂੰ ਫ਼ੌਜ ਵਿੱਚ ਭਰਤੀ ਕਰਵਾਉਣਾ

ਨਾਇਬ ਸੂਬੇਦਾਰ ਸੁਰਜੀਤ ਸਿੰਘ ਦਾ ਸਮਾਨ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਨਾਇਬ ਸੂਬੇਦਾਰ ਸੁਰਜੀਤ ਸਿੰਘ ਦਾ ਸਮਾਨ ਅੱਜ ਵੀ ਪਰਿਵਾਰ ਨਾ ਸਾਂਭ ਕੇ ਰੱਖਿਆ ਹੋਇਆ ਹੈ

ਜਦੋਂ ਅਸੀਂ ਅਮਰਜੀਤ ਕੌਰ ਨੂੰ ਪੁੱਛਿਆ ਕਿ ਪਤੀ ਨੂੰ ਗੁਆਉਣ ਤੋਂ ਬਾਅਦ ਪੁੱਤਰ ਨੂੰ ਫੌਜ ਵਿੱਚ ਭੇਜਣ ਦਾ ਹੌਂਸਲਾ ਕਿਵੇਂ ਹੋਇਆ ਤਾਂ ਉਨ੍ਹਾਂ ਕਿਹਾ, "ਪਤੀ ਦੇ ਤੁਰ ਜਾਣ ਦਾ ਦੁੱਖ ਤਾਂ ਕਦੇ ਵੀ ਨਹੀਂ ਭੁੱਲਣਾ ਪਰ ਫ਼ੌਜ ਵਿੱਚ ਸਾਡੇ ਨੌਜਵਾਨਾਂ ਦਾ ਜਾਣਾ ਵੀ ਜ਼ਰੂਰੀ ਹੈ।"

“ਜੋ ਹੋਣਾ ਹੈ ਉਹ ਕਿਤੇ ਵੀ ਹੋ ਜਾਣਾ ਹੈ। ਕੌਣ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਪੁੱਤ ਸੁਰੱਖਿਅਤ ਰਹਿਣ ਪਰ ਕਿਸੇ ਨਾ ਕਿਸੇ ਨੂੰ ਤਾਂ ਸਰਹੱਦ ਉੱਤੇ ਰਾਖੀ ਕਰਨੀ ਪੈਣੀ ਹੈ।

ਬੀਬੀਸੀ

ਹੁਣ ਤੱਕ ਦਾ ਮੁੱਖ ਘਟਨਾਕ੍ਰਮ

  • 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ 6-7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ।
  • ਭਾਰਤ ਨੇ ਇਨ੍ਹਾਂ ਹਮਲਿਆਂ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਹੈ।
  • ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹਮਲੇ ਵਿੱਚ 36 ਲੋਕਾਂ ਦੀ ਮੌਤ ਹੋਈ ਹੈ ਜਦਕਿ 57 ਲੋਕ ਜ਼ਖਮੀ ਹੋਏ ਹਨ। ਇਸ ਉੱਪਰ ਭਾਰਤ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
  • ਭਾਰਤ ਵੱਲੋਂ ਹਾਲੇ ਤੱਕ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਬੀਬੀਸੀ ਸੁਤੰਤਰ ਤੌਰ 'ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
  • ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ਅਤੇ 43 ਲੋਕ ਜ਼ਖ਼ਮੀ ਹਨ।
  • ਭਾਰਤੀ ਫੌਜ ਨੇ 10 ਮਈ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਪੱਛਮੀ ਫਰੰਟ ਉੱਤੇ ਹਮਲੇ ਕੀਤੇ ਜਾ ਰਹੇ ਹਨ।
  • ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਨੇ 9-10 ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੇ 3 ਫੌਜੀ ਟਿਕਾਣਿਆਂ ਉੱਤੇ ਹਮਲੇ ਕੀਤੇ ਜਿਸ ਦਾ ਜਵਾਬ ਦਿੱਤਾ ਜਾ ਰਿਹਾ ਹੈ।
  • ਕੇਂਦਰ ਸਰਕਾਰ ਨੇ ਆਲ ਪਾਰਟੀ ਮੀਟਿੰਗ ਬੁਲਾਈ। ਵਿਰੋਧੀ ਪਾਰਟੀਆਂ ਨੇ ਸਰਕਾਰ ਨਾਲ ਖੜ੍ਹਨ ਦੀ ਗੱਲ ਆਖੀ।
  • ਯੂਕੇ ਦੀ ਸੰਸਦ ਵਿੱਚ ਭਾਰਤ-ਪਾਕਿਸਤਾਨ ਟਕਰਾਅ 'ਤੇ ਹੋਈ ਚਰਚਾ।
ਬੀਬੀਸੀ

ਉਹ ਆਪਣੇ ਪਤੀ ਅਤੇ ਪੁੱਤਰ ਉੱਤੇ ਮਾਣ ਮਹਿਸੂਸ ਕਰਦੇ ਕਹਿੰਦੇ ਹਨ, "ਮਰਨਾ ਤਾਂ ਸਭ ਨੇ ਹੈ ਪਰ ਮੈਨੂੰ ਮਾਣ ਹੈ ਕਿ ਮੇਰੇ ਪਤੀ ਫ਼ੌਜ ਵਿੱਚ ਸ਼ਹੀਦ ਹੋਏ ਹਨ ਤੇ ਹੁਣ ਮੇਰਾ ਪੁੱਤ ਦੇਸ਼ ਦੀ ਰਾਖੀ ਕਰ ਰਿਹਾ ਹੈ।"

"ਅੱਜ ਵੀ ਸਰਹੱਦ ਉੱਤੇ ਹਾਲਾਤ ਮਾੜੇ ਹਨ ਪਰ ਮੈਂ ਆਪਣੇ ਪੁੱਤ ਨੂੰ ਕਿਹਾ ਕਿ ਅੱਗੇ ਹੋ ਕੇ ਲੜੋ।"

"ਦੇਸ਼ ਨੂੰ ਫ਼ੌਜ ਦੀ ਲੋੜ ਹੈ ਜੋ ਪਹਿਲਗਾਮ ਵਿੱਚ ਹੋਇਆ ਉਸਦਾ ਇਨਸਾਫ਼ ਤਾਂ ਮਿਲਣਾ ਹੀ ਚਾਹੀਦਾ ਤੇ ਇਹ ਇਨਸਾਫ਼ ਸਾਡੀ ਫ਼ੌਜ ਹੀ ਦਵਾ ਸਕਦੀ ਹੈ।"

ਜਦੋਂ ਧੀ ਵੱਲੋਂ ਇੱਕ ਔਖਾ ਸਵਾਲ ਪੁੱਛਿਆ ਗਿਆ

ਅਮਰਜੀਤ ਕੌਰ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਪਤੀ ਦੇ ਨਾਮ ਉੱਤੇ ਬਣੇ ਗੇਟ ਦੇ ਸਾਹਮਣੇ ਖੜੇ ਅਮਰਜੀਤ ਕੌਰ

ਆਪਣੇ ਪੁੱਤਰ ਬਾਰੇ ਗੱਲ ਕਰਦਿਆਂ ਅਮਰਜੀਤ ਕੌਰ ਹੌਂਸਲੇ ਵਿੱਚ ਹਨ, ਉਹ ਪਿੰਡ ਵਿੱਚ ਬੈਠ ਕੇ ਫ਼ੌਨ ਉੱਤੇ ਪੁੱਤਰ ਦਾ ਹਾਲ ਪੁੱਛ ਲੈਂਦੇ ਹਨ ਤੇ ਮੁੜ ਕੰਮਾਂ-ਕਾਰਾਂ ਵਿੱਚ ਲੱਗ ਜਾਂਦੇ ਹਨ ਪਰ ਜਦੋਂ ਪਤੀ ਦੀ ਗੱਲ ਤੁਰਦੀ ਹੈ ਤਾਂ ਆਪਣੇ ਹੰਝੂ ਨਹੀਂ ਰੋਕ ਪਾਉਂਦੇ।

ਉਨ੍ਹਾਂ ਨੇ ਆਪਣੇ ਪਤੀ, ਸੁਰਜੀਤ ਸਿੰਘ ਦੀ ਵਰਦੀ ਨੂੰ ਅੱਜ ਵੀ ਸੰਭਾਲ ਕੇ ਰੱਖੀ ਹੈ। ਅਟੈਚੀ ਵਿੱਚ ਸੰਭਾਲ ਕੇ ਰੱਖੀਆਂ ਸੁਰਜੀਤ ਸਿੰਘ ਦੀਆਂ ਫ਼ੋਟੋਆਂ ਨੂੰ ਨਮ ਅੱਖਾਂ ਨਾਲ ਦੇਖਕੇ ਉਹ ਬੋਲਦੇ ਹਨ।

"ਜਦੋਂ ਮੇਰੀ ਧੀ ਛੋਟੀ ਸੀ ਉਹ ਮੈਨੂੰ ਪੁੱਛਦੀ ਸੀ ਕਿ ਮੰਮੀ ਉਹ ਜੋ ਲੱਕੜ ਦੇ ਡੱਬੇ ਵਿੱਚ ਆਏ ਸੀ, ਉਹ ਕੌਣ ਸੀ।"

"ਮੈਂ ਕਿਹਾ ਪੁੱਤ ਤੇਰੇ ਡੈਡੀ ਸਨ।"

ਅਮਰਜੀਤ ਕੌਰ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਅਮਰਜੀਤ ਅੱਜ ਵੀ ਆਪਣੇ ਪਤੀ ਦੀ ਯਾਦ ਵਿੱਚ ਗ਼ਮਗੀਨ ਹੋ ਜਾਂਦੇ ਹਨ

ਬੀਬੀਸੀ ਨਾਲ ਗੱਲ ਕਰਦੇ ਅਮਰਜੀਤ ਕੌਰ ਮੁੜ ਭਾਵੁਕ ਹੋ ਗਏ।

ਅਮਰਜੀਤ ਕੌਰ ਉਸ ਔਖੇ ਵੇਲੇ ਨੂੰ ਯਾਦ ਕਰਦਿਆਂ ਦੱਸਦੇ ਹਨ, "24 ਜੂਨ ਸੰਨ 2000 ਦੀ ਸਵੇਰ ਸੀ। ਮੈਂ ਰੋਟੀ ਖਾਣ ਲੱਗੀ ਸੀ। ਕਿਸੇ ਬੱਚੇ ਨੇ ਆ ਕੇ ਦੱਸਿਆ ਕਿ ਅੰਕਲ ਦੇ ਗੋਲੀ ਲੱਗ ਗਈ।"

"ਮੇਰੇ ਹੱਥੋਂ ਰੋਟੀ ਡਿੱਗ ਗਈ ਤੇ ਮੈਂ ਭੱਜ ਕੇ ਗਲੀ ਵਿੱਚ ਗਈ, ਮੈਨੂੰ ਲੱਗਿਆ ਸ਼ਾਇਦ ਸੁਰਜੀਤ ਸਿੰਘ ਬਾਹਰ ਆ ਗਏ ਸਨ ਪਰ ਗਲੀ ਵਿੱਚ ਕੋਈ ਨਹੀਂ ਸੀ।"

ਉਹ ਦੱਸਦੇ ਹਨ, "ਇਸਤੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਹੀ। ਮੇਰੇ ਬੱਚਿਆਂ ਨੂੰ ਕਿਸਨੇ ਸਾਂਭਿਆ ਮੈਨੂੰ ਕੁਝ ਨਹੀਂ ਪਤਾ।"

"ਫ਼ੌਜ ਦੀ ਟੁਕੜੀ ਮੇਰੇ ਪਤੀ ਦੀ ਮ੍ਰਿਤਕ ਦੇਹ ਨੂੰ ਤਾਬੂਤ ਵਿੱਚ ਲੈ ਕੇ ਪਹੁੰਚੀ, ਦੁਨੀਆਂ ਦੀ ਭੀੜ ਸਾਡੇ ਘਰੇ ਆ ਗਈ ਸੀ ਪਰ ਮੈਂ ਉਨ੍ਹਾਂ ਨੂੰ ਆਖਰੀ ਵਾਰੀ ਦੇਖ ਵੀ ਨਾ ਸਕੀ।"

ਅਮਰਜੀਤ ਕੌਰ

ਚੁੰਨੀ ਦੇ ਲੜ ਨਾਲ ਆਪਣੀਆਂ ਅੱਖਾਂ ਪੂੰਝਦਿਆਂ ਉਨ੍ਹਾਂ ਨੇ ਕਿਹਾ, "ਸਭ ਕੁਝ ਖ਼ਤਮ ਹੋ ਗਿਆ ਸੀ।"

"ਸਾਲ 1986 ਵਿੱਚ ਸਾਡਾ ਵਿਆਹ ਹੋਇਆ ਪਰ ਅਸੀਂ ਸਿਰਫ਼ ਦੋ ਸਾਲ ਹੀ ਇਕੱਠੇ ਰਹੇ। ਸੇਵਾ ਮੁਕਤੀ ਤੋਂ ਤਿੰਨ ਸਾਲ ਪਹਿਲਾਂ ਉਹ ਸ਼ਹੀਦ ਹੋ ਗਏ।"

ਉਹ ਕਹਿੰਦੇ ਹਨ, "ਮੈਂ ਇਕੱਲੀ ਨੇ ਸਾਰੀ ਕਬੀਲਦਾਰੀ ਸੰਭਾਲੀ। ਬੱਚੇ ਵੱਡੇ ਹੋਏ ਤਾਂ ਸਭ ਤੋਂ ਛੋਟਾ ਪੁੱਤਰ ਨੂੰ ਮੈਂ ਬਾਹਰਵੀਂ ਤੋਂ ਬਾਅਦ ਫ਼ੌਜ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ।"

"ਮੈਂ ਚਾਹੁੰਦੀ ਸੀ ਉਹ ਫ਼ੌਜ ਵਿੱਚ ਜਾਵੇ, ਕਿਉਂਕਿ ਮੈਨੂੰ ਮਾਣ ਹੈ ਕਿ ਮੈਂ ਇੱਕ ਫ਼ੌਜੀ ਦੀ ਘਰਵਾਲੀ ਅਤੇ ਇੱਕ ਫ਼ੌਜੀ ਦੀ ਮਾਂ ਹਾਂ।"

ਭਾਰਤ-ਪਾਕਿਸਤਾਨ ਵਿਚਾਲੇ ਬਣੇ ਤਾਜ਼ਾ ਹਾਲਾਤ ਬਾਰੇ ਗੱਲ ਕਰਦਿਆਂ ਅਮਰਜੀਤ ਕੌਰ ਕਹਿੰਦੇ ਹਨ, "ਇਹ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ, ਦੋਵੇਂ ਪਾਸੇ ਹੀ ਫ਼ੌਜੀ ਮਰਦੇ ਹਨ।"

"ਅਸੀਂ ਤਾਂ ਚਾਹੁੰਦੇ ਹਾਂ ਦੋਵੇਂ ਮੁਲਕਾਂ ਵਿੱਚ ਸ਼ਾਂਤੀ ਹੋਵੇ। ਨਾ ਪੁੱਤ ਉਨ੍ਹਾਂ ਦੇ ਮਰਨ ਨਾ ਸਾਡੇ। ਪਰ ਅੱਤਵਾਦ ਦਾ ਖ਼ਾਤਮਾ ਵੀ ਜ਼ਰੂਰੀ ਹੈ। ਪਹਿਲਗਾਮ ਵਿੱਚ ਮਾਰੇ ਗਏ ਆਮ ਨਾਗਰਿਕਾਂ ਨੂੰ ਇਨਸਾਫ਼ ਮਿਲਣਾ ਵੀ ਜ਼ਰੂਰੀ ਹੈ।"

"ਇਸ ਲਈ ਮੈਂ ਆਪਣੇ ਪੁੱਤ ਨੂੰ ਕਦੇ ਵੀ ਨਹੀਂ ਕਹੂੰਗੀ ਕਿ ਉਹ ਵਾਪਸ ਆਵੇ ਮੈਂ ਤਾਂ ਚਾਹੁੰਦੀ ਹਾਂ ਕਿ ਉਹ ਹਿੰਮਤ ਨਾਲ ਲੜੇ ਅਤੇ ਸਾਡੀ ਫ਼ੌਜ ਜਿੱਤ ਪ੍ਰਾਪਤ ਕਰੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)