ਗੁਜ਼ਰੇ ਵਕਤ ਦੇ ਪਛਤਾਵੇ ਤੇ ਭਵਿੱਖ ਦੀਆਂ ਫ਼ਿਕਰਾਂ ਤੋਂ ਦੂਰ ਹੋ ਕੇ ਅੱਜ ਦੀ ਖੁਸ਼ੀ ਮਨਾਉਣ ਦੇ ਇਹ ਤਰੀਕੇ ਜਾਣੋ

ਧਿਆਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਿਆਨ ਦੇ ਅਭਿਆਸ ਦੀਆਂ ਜੜ੍ਹਾਂ ਬੁੱਧ ਮਤ ਵਿੱਚ ਹਨ
    • ਲੇਖਕ, ਮਾਜਦੀ ਗੌਸਸ
    • ਰੋਲ, ਬੀਬੀਸੀ ਨਿਊਜ਼ ਅਰਬੀ

ਇੱਕ ਦਿਨ ਜਦੋਂ ਮੈਂ ਇੰਸਟਾਗ੍ਰਾਮ ਦੇਖਦੇ ਹੋਏ ਇੱਕ ਵੀਡੀਓ ਨੇ ਮੇਰਾ ਧਿਆਨ ਖਿੱਚਿਆ।

ਸਕ੍ਰੀਨ 'ਤੇ ਲਿਖਿਆ ਸੀ, "ਅੱਜ ਤੋਂ ਦਸ ਸਾਲ ਬਾਅਦ, ਤੁਹਾਡਾ ਇੱਕ ਰੂਪ, ਤੁਹਾਡੇ ਤੋਂ ਭੀਖ ਮੰਗੇਗਾ ਕਿ ਇਹ ਪਲ ਮੈਂ ਕੁਝ ਹੋਰ ਦੇਰ ਜਿਉਂ ਲਿਆ ਹੁੰਦਾ।"

ਇਸ ਤੋਂ ਮੈਨੂੰ ਯਾਦ ਆਇਆ ਕਿ ਸਾਡੇ ਵਿੱਚੋਂ ਕਈ ਜਣੇ ਮੌਜੂਦਾ ਪਲ ਵਿੱਚ ਜਿਉਣ ਨਾਲ ਸੰਘਰਸ਼ ਕਰਦੇ ਹਨ।

ਇਸ ਨੂੰ ਚੇਤਨਤਾ ਦਾ ਅਭਿਆਸ ਕਹਿੰਦੇ ਹਨ। ਇਸ ਵਿੱਚ ਲੋਕਾਂ ਨੂੰ ਕਿਸੇ ਖਾਸ ਪਲ ਦੌਰਾਨ ਆਪਣੇ ਵਿਚਾਰਾਂ, ਭਾਵਨਾਵਾਂ ਅਤੇ ਆਲੇ-ਦੁਆਲੇ ਨੂੰ ਵਾਚਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਸਾਡੀਆਂ ਜ਼ਿੰਦਗੀਆਂ ਦੇ ਰੁਝੇਵੇਂ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਅਜਿਹੇ ਵਿੱਚ ਚੇਤਨਤਾ ਨੂੰ ਕੋਈ ਅਮੀਰੀ ਵਾਲੀ ਵਸਤੂ ਨਹੀਂ ਸਗੋਂ ਸਾਡੀ ਮਾਨਸਿਕ ਸਿਹਤ ਦੀ ਬੁਨਿਆਦੀ ਲੋੜ ਸਮਝੀ ਜਾਣੀ ਚਾਹੀਦੀ ਹੈ।

'ਮੈਂ ਨਹੀਂ ਜਾਣਦੀ ਸੀ ਕਿ ਮੈਂ ਜ਼ਿੰਦਗੀ ਦੇ ਬਿਹਤਰੀਨ ਸਾਲ ਜਿਉਂ ਰਹੀ ਸੀ'

ਜ਼ਿਏਨਾ ਜੌਰਡਨ ਦੀ ਰਾਜਧਾਨੀ ਅਮਾਨ ਵਿੱਚ ਇੱਕ 37 ਸਾਲਾ ਫਿਟਨੈੱਸ ਟਰੇਨਰ ਹਨ। ਉਹ ਦੱਸਦੇ ਹਨ, "ਮੈਂ ਕਈ ਸਾਲ ਬਿਹਤਰ ਬਣਨ ਦੀ ਕੋਸ਼ਿਸ਼ ਕਰਦਿਆਂ ਗਾਲ ਦਿੱਤੇ ਅਤੇ ਮੈਂ ਭੁੱਲ ਹੀ ਗਈ ਕਿ ਅਸਲ ਵਿੱਚ ਮੈਂ ਬਿਲਕੁਲ ਠੀਕ ਸੀ।"

ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਉਮਰ ਦੇ ਦੂਜੇ ਦਹਾਕੇ ਵਿੱਚ ਉਹ ਆਪਣੀ ਦਿੱਖ ਅਤੇ ਭਾਰ ਉੱਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਅਤੇ ਹਮੇਸ਼ਾ ਹੀ ਅਧੂਰਾ ਮਹਿਸੂਸ ਕਰਦੇ ਸਨ।

ਲੇਕਿਨ ਹੁਣ ਪੁਰਾਣੀਆਂ ਤਸਵੀਰਾਂ ਦੇਖ ਕੇ ਮਹਿਸੂਸ ਕਰਦੇ ਹਨ ਕਿ ਉਹ ਖ਼ੁਦ ਪ੍ਰਤੀ ਬਹੁਤ ਜ਼ਿਆਦਾ ਕਠੋਰ ਸਨ।

ਰੇਇਡ ਕਦੇ ਇੱਕ ਕੰਪਿਊਟਰ ਇੰਜੀਨੀਅਰ ਸਨ। ਉਹ ਦੱਸਦੇ ਹਨ ਕਿ ਨੌਕਰੀ ਛੱਡਣ ਉਨ੍ਹਾਂ ਲਈ ਚੀਜ਼ਾਂ ਨੂੰ ਪ੍ਰਸੰਗ ਵਿੱਚ ਰੱਖਿਆ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਕੰਮ ਦੇ ਬੋਝ ਬਾਰੇ ਹਮੇਸ਼ਾ ਸ਼ਿਕਾਇਤ ਰਹਿੰਦੀ ਸੀ ਤੇ ਨੌਕਰੀ ਬਦਲਣੀ ਚਾਹੁੰਦਾ ਸੀ। ਹੁਣ ਜਦੋਂ ਮੈਂ ਆਪਣੀ ਨੌਕਰੀ ਨਹੀਂ ਹੈ ਤਾਂ, ਮੈਂ ਉਨ੍ਹਾਂ ਦਿਨਾਂ ਦੀ ਹਰ ਚੀਜ਼ – ਇੱਥੋਂ ਤੱਕ ਕਿ ਸਵੇਰੇ ਦੇ ਟਰੈਫ਼ਿਕ ਜਾਮ ਨੂੰ ਵੀ ਯਾਦ ਕਰਦਾ ਹਾਂ।"

ਕੰਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੁਝੇਵੇਂ ਭਰੇ ਰੋਜ਼ਾਨਾ ਕਾਰਾਜਂ ਦੌਰਾਨ ਸਾਡੇ ਲਈ ਰੁਕਣਾ ਅਤੇ ਉਸ ਪਲ ਵਿੱਚ ਮੌਜੂਦ ਹੋਣਾ ਮੁਸ਼ਕਲ ਬਣਾ ਸਕਦੇ ਹਨ

ਇੱਕ ਹਰ ਮਹੀਨੇ ਆਉਣ ਵਾਲੀ ਤਨਖ਼ਾਹ ਉਨ੍ਹਾਂ ਨੂੰ ਮਾਨਸਿਕ ਅਤੇ ਆਰਥਿਕ ਸਥਿਰਤਾ ਦਿੰਦੀ ਸੀ ਅਤੇ ਉਹ ਆਪਣੇ ਪਰਿਵਾਰ ਨੂੰ ਇੱਕ ਬਿਹਤਰ ਜ਼ਿੰਦਗੀ ਦੇ ਰਹੇ ਸਨ।

ਉਦੋਂ ਮੈਂ ਨਹੀਂ ਸਮਝਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਸਾਲ ਜਿਉਂ ਰਿਹਾ ਸੀ।

ਅਹਿਮਦ ਦੋ ਬੱਚਿਆਂ ਦੇ ਪਿਤਾ ਅਤੇ ਆਪਣੀ ਉਮਰ ਦੇ ਚੌਥੇ ਦਹਾਕੇ ਵਿੱਚ ਹਨ। ਉਹ ਕਦੇ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਜਲਦੀ ਵੱਡੇ ਹੋ ਜਾਣ ਤਾਂ ਜੋ ਉਨ੍ਹਾਂ ਨੂੰ ਆਪਣੇ ਲਈ ਵੀ ਕੁਝ ਸਮਾਂ ਮਿਲ ਸਕੇ।

ਲੇਕਿਨ ਜਦੋਂ ਉਹ ਅੱਲ੍ਹੜ ਹੋ ਗਏ ਤਾਂ ਉਨ੍ਹਾਂ ਦਾ ਨਜ਼ਰੀਆ ਬਿਲਕੁਲ ਹੀ ਬਦਲ ਗਿਆ।

ਉਹ ਕਹਿੰਦੇ ਹਨ, "ਮੈਂ ਉਨ੍ਹਾਂ ਦੀਆਂ ਚੀਕਾਂ, ਅਤੇ ਵਾਰ-ਵਾਰ ਸਵਾਲ ਪੁੱਛਣ ਤੋਂ ਅਤੇ ਉਨ੍ਹਾਂ ਵੱਲੋਂ ਘਰ ਵਿੱਚ ਮਚਾਈ ਹਫੜਾ-ਦਫੜੀ ਤੋਂ ਖਿੱਝਿਆ ਰਹਿੰਦਾ ਸੀ।"

"ਹੁਣ ਮੈਨੂੰ ਉਨ੍ਹਾਂ ਦੇ ਮੁੱਢਲੇ ਦਿਨ, ਉਨ੍ਹਾਂ ਦੀਆਂ ਅਵਾਜ਼ਾਂ ਦੀ ਅਤੇ ਅਟਕਲ-ਪੱਚੂ ਗੱਲਾਂ ਯਾਦ ਆਉਂਦੀਆਂ ਹਨ। ਮੈਨੂੰ ਬਹੁਤ ਦੇਰੀ ਨਾਲ ਅਹਿਸਾਸ ਹੋਇਆ, ਕਿ ਇਹ ਹਫੜਾ-ਦਫੜੀ ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਚੀਜ਼ ਸੀ।"

ਅਸੀਂ 'ਹੁਣ' ਦੀ ਅਣਦੇਖੀ ਕਿਉਂ ਕਰਦੇ ਹਾਂ?

ਲੋਕਾਂ ਦੀ ਭੀੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਗਿਆਨੀਆਂ ਦੇ ਅਨੁਸਾਰ, ਮਨੁੱਖ ਭੂਤਕਾਲ ਅਤੇ ਭਵਿੱਖ ਦੀਆਂ ਘਟਨਾਵਾਂ ਬਾਰੇ ਸੋਚਦੇ ਰਹਿੰਦੇ ਹਨ

ਜ਼ਿਏਨਾ, ਰੇਇਡ ਅਤੇ ਅਹਿਮਦ ਦੀਆਂ ਕਹਾਣੀਆਂ ਦੱਸਦੀਆਂ ਹਨ ਕਿ ਬਹੁਤੇ ਲੋਕ ਸਿਰਫ਼ ਵੇਲਾ ਬੀਤ ਜਾਣ ਤੋਂ ਬਾਅਦ ਹੀ ਉਸਦੀ ਕਦਰ ਮਹਿਸੂਸ ਕਰਦੇ ਹਨ।

ਜੌਰਡਨ ਦੇ ਇਰਬਿਦ ਮੈਡੀਕਲ ਕਾਊਂਸਲਿੰਗ ਸੈਂਟਰ ਵਿੱਚ ਮਨੋਵਿਗਿਆਨੀ ਡਾ਼ ਨਵਾਫ਼ ਅਲ-ਰਿਫਾਇ ਦੱਸਦੇ ਹਨ, "ਮਨੋਵਿਗਿਆਨ ਅਤੇ ਦਿਮਾਗ਼ ਵਿਗਿਆਨ ਦੇ ਨਜ਼ਰੀਏ ਤੋਂ, ਮਨੁੱਖ ਕੁਦਰਤੀ ਹੀ ਮਾਨਸਿਕ-ਯਾਤਰਾ ਕਰਦੇ ਰਹਿੰਦੇ ਹਨ। ਉਹ ਜਾਗਦੇ ਹੋਏ ਆਪਣਾ ਵਧੇਰੇ ਸਮਾਂ ਅਤੀਤ ਦੀਆਂ ਘਟਨਾਵਾਂ ਅਤੇ ਭਵਿੱਖ ਦੀਆਂ ਉਮੀਦਾਂ ਵਿੱਚ ਝੂਲਦੇ ਹੋਏ ਬਿਤਾਉਂਦੇ ਹਨ।"

ਇਹ ਪ੍ਰਕਿਰਿਆ ਦਿਮਾਗ਼ ਦੇ ਉਸ ਹਿੱਸੇ ਨਾਲ ਜੁੜੀ ਹੋਈ ਹੈ, ਜੋ ਸੋਚ-ਵਿਚਾਰ ਅਤੇ ਵਿਉਂਤਬੰਦੀ ਲਈ ਜ਼ਿੰਮੇਵਾਰ ਹੈ।

ਕੁਝ ਲੋਕਾਂ ਲਈ ਹਾਲਾਂਕਿ, ਇਹ ਪ੍ਰਕਿਰਿਆ ਮਾਨਸਿਕ ਖਿੰਡਾਅ ਦਾ ਨਿਰੰਤਰ ਸਰੋਤ ਬਣ ਜਾਂਦੀ ਹੈ।

ਅਲ-ਰਿਫਾਇ ਮੁਤਾਬਕ ਜਿਹੜੇ ਲੋਕਾਂ ਨੂੰ ਹੁਣ ਵਿੱਚ ਟਿਕੇ ਰਹਿਣ ਵਿੱਚ ਮੁਸ਼ੱਕਤ ਕਰਨੀ ਪੈਂਦੀ ਹੈ, ਅਜਿਹਾ ਨਹੀਂ ਹੈ ਕਿ ਉਹ ਬੇਧਿਆਨੇ ਹਨ। ਸਗੋਂ ਉਹ "ਬੌਧਿਕ 'ਤੇ ਅਤਿਅੰਤ ਰੁੱਝੇ ਹੋਏ" ਹੁੰਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਬਹੁਤ ਜ਼ਿਆਦਾ ਸੋਚ-ਵਿਚਾਰ ਉਨ੍ਹਾਂ ਨੂੰ ਕਿਸੇ ਹੱਲ ਵੱਲ ਲੈ ਕੇ ਜਾਵੇਗੀ।

"ਬੌਧਿਕ 'ਤੇ ਅਤਿਅੰਤ ਰੁੱਝੇ ਹੋਏ" ਹੋਣ ਦਾ ਮਤਲਬ ਹੈ ਕਿ ਕੋਈ ਵਿਅਕਤੀ ਬਹੁਤ ਜ਼ਿਆਦਾ ਸੋਚ-ਵਿਚਾਰ ਜਾਂ ਕਿਸੇ ਖ਼ਾਸ ਕੰਮ ਵਿੱਚ ਇੰਨਾ ਲੀਨ ਹੈ, ਕਿ ਉਸ ਦਾ ਧਿਆਨ ਦੂਜੀਆਂ ਗੱਲਾਂ ਵੱਲ ਬਿਲਕੁਲ ਨਾ ਹੋਵੇ।

ਜਦਕਿ ਅਸਲ ਵਿੱਚ ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਨੂੰ ਸੰਤੁਸ਼ਟੀ ਅਤੇ ਸਿਰਜਣਸ਼ੀਲਤਾ ਦੇ ਅਨੁਭਵ ਤੋਂ ਦੂਰ ਕਰਦਾ ਹੈ।

ਇਹ ਵੀ ਪੜ੍ਹੋ-

ਚੇਤਨਤਾ ਕਿੱਥੋਂ ਆਉਂਦੀ ਹੈ?

ਚੇਤਨਤਾ ਦੇ ਅਭਿਆਸ ਦੀਆਂ ਜੜ੍ਹਾਂ ਬੋਧੀ ਪਰੰਪਰਾ ਦੀਆਂ ਧਿਆਨ-ਸਾਧਨਾਵਾਂ ਦੀਆਂ ਤਕਨੀਕਾਂ ਵਿੱਚ ਹਨ। ਜੋ ਕਿ ਬੋਧੀਸਤਵ ਤੱਕ ਪਹੁੰਚਣ ਦੇ ਮਾਰਗ ਦੇ ਬੁਨਿਆਦੀ ਹਿੱਸੇ ਹਨ।

ਸਾਲ 1060 ਦੇ ਦਹਾਕੇ ਦੌਰਾਨ ਸਾਇੰਸਦਾਨਾਂ ਨੇ ਇਨ੍ਹਾਂ ਤਕਨੀਕਾਂ ਦੇ ਪੀੜਾ ਅਤੇ ਖ਼ਰਾਬ ਮਾਨਸਿਕ ਸਿਹਤ ਨੂੰ ਠੀਕ ਕਰਨ ਵਿੱਚ ਡਾਕਟਰੀ ਫਾਇਦਿਆਂ ਦੀ ਜਾਂਚ ਕਰਨੀ ਸ਼ੁਰੂ ਕੀਤੀ।

ਅਮਰੀਕੀ ਪ੍ਰੋਫੈਸਰ ਜੌਨ ਕਬਟ-ਜ਼ਿੰਨ ਇਸ ਖੇਤਰ ਦੇ ਮੋਢੀਆਂ ਵਿੱਚੋਂ ਸਨ। ਉਨ੍ਹਾਂ ਨੇ ਸਾਲ 1979 ਵਿੱਚ ਮੈਸਾਚਿਊਸਿਟਸ ਯੂਨੀਵਰਸਿਟੀ ਵਿੱਚ ਚੇਤਨਤਾ-ਅਧਾਰਿਤ ਤਣਾ ਘਟਾਉਣ (ਐੱਮਬੀਐੱਸਆਰ) ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਅੱਠ ਹਫ਼ਤਿਆਂ ਦੇ ਇਲਾਜ ਪ੍ਰੋਗਰਾਮ ਵਿੱਚ, ਉਨ੍ਹਾਂ ਨੇ ਗੰਭੀਰ ਦਰਦ ਦੇ ਮਰੀਜ਼ਾਂ ਨੂੰ ਬੁਨਿਆਦੀ ਚੇਤਨਾ ਦਾ ਅਭਿਆਸ ਕਰਨ ਲਈ ਕਿਹਾ।

ਉਨ੍ਹਾਂ ਨੇ ਦੇਖਿਆ ਕਿ ਮੌਜੂਦਾ ਪਲ ਪ੍ਰਤੀ ਬਿਨਾਂ ਕੋਈ ਫ਼ੈਸਲਾ ਲਏ ਜਾਂ ਬਹੁਤ ਜ਼ਿਆਦਾ ਸੋਚੇ ਬਿਨਾਂ ਸੁਚੇਤ ਹੋ ਕੇ ਰਹਿਣ ਨਾਲ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਦਬਾਅ ਨੂੰ ਨਜਿੱਠਣ ਵਿੱਚ ਮਦਦ ਮਿਲੀ। ਇਸ ਨਾਲ ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਉੱਤੇ ਬੜਾ ਹਾਂ-ਮੁਖੀ ਪ੍ਰਭਾਵ ਪਿਆ।

ਉਨ੍ਹਾਂ ਨੇ ਆਪਣੀਆਂ ਖੋਜਾਂ ਮੈਡੀਕਲ ਰਸਾਲਿਆਂ ਅਤੇ ਕਈ ਕਿਤਾਬਾਂ ਵਿੱਚ ਪ੍ਰਕਾਸ਼ਿਤ ਕਰਵਾਈਆਂ, ਅਤੇ ਇਸ ਅਭਿਆਸ ਨੂੰ ਵਡੇਰੇ ਮੈਡੀਕਲ ਸਮੁਦਾਇ ਵਿੱਚ ਪ੍ਰਸਿੱਧ ਕੀਤਾ।

ਚੇਤਨਤਾ ਨੂੰ ਹੁਣ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸਸ (ਐੱਨਐੱਚਐੱਸ) ਵਿੱਚ ਵੀ ਇਲਾਜ ਦੀ ਇੱਕ ਤਕਨੀਕ ਵਜੋਂ ਵਰਤਿਆ ਜਾਂਦਾ ਹੈ।

ਤੁਲਨਾ ਦੀ ਅਦਿੱਖ ਦੌੜ

ਸੋਸ਼ਲ ਮੀਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਸੋਸ਼ਲ ਮੀਡੀਆ ਸਾਨੂੰ ਸਾਡੀ ਜ਼ਿੰਦਗੀ ਵਿੱਚ ਅਸਲ ਅਤੇ ਸੱਚਾਈ ਤੋਂ ਭਟਕਾ ਸਕਦਾ ਹੈ

ਜਦੋਂ ਸੋਸ਼ਲ ਮੀਡੀਆ ਦਾ ਦਖ਼ਲ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਨਾਲ ਤੁਲਨਾ ਕਰਨ ਲਈ ਕੋਈ ਬਹੁਤੀ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਇਸ ਲਈ ਮੋਬਾਈਲ ਸਕ੍ਰੀਨ ਉੱਤੇ ਸਿਰਫ ਇੱਕ ਉਂਗਲ ਘਸਾਉਣ ਦੀ ਲੋੜ ਹੈ।

ਸਫਾ ਅਲ-ਰਹਮਾਹੀ ਇੱਕ ਖੋਜੀ ਪੱਤਰਕਾਰ ਅਤੇ ਮੀਡੀਆ ਖੇਤਰ ਦੇ ਸਿੱਖਿਅਕ ਹਨ। ਉਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਵਰਤਣ ਵਾਲੇ ਇੱਕ ਅਜਿਹੀ ਅਲਗੋਰਿਦਮ ਵਿੱਚ ਫਸ ਕੇ ਰਹਿ ਸਕਦੇ ਹਨ ਜੋ, ਉਨ੍ਹਾਂ ਨੂੰ ਸੱਚਾਈ ਦਾ ਸਿਰਫ਼ ਵਿਗੜਿਆ ਰੂਪ ਹੀ ਪਰੋਸਦੀ ਹੈ। ਜਿਸ ਵਿੱਚ ਗੈਰ-ਯਥਾਰਥਵਾਦੀ ਸਰੀਰਾਂ ਤੋਂ ਲੈ ਕੇ ਖ਼ਰਚੀਲੀਆਂ ਛੁੱਟੀਆਂ ਤੱਕ ਸ਼ਾਮਿਲ ਹਨ।

"ਇਹ ਸਭ ਹੌਲੀ-ਹੌਲੀ ਸਾਡੀ ਚੇਤਨਾ ਵਿੱਚ ਨਵਾਂ ਪ੍ਰੋਗਰਾਮ ਸਥਾਪਿਤ ਕਰਦੇ ਹਨ। ਸਾਨੂੰ ਲੱਗਣ ਲਗਦਾ ਹੈ ਕਿ ਹਰ ਕੋਈ ਬਿਲਕੁਲ ਸਹੀ ਜ਼ਿੰਦਗੀ ਜਿਉਂ ਰਿਹਾ ਹੈ ਅਤੇ ਸਿਰਫ ਅਸੀਂ ਹੀ ਹਾਂ ਜੋ ਆਮ, ਪਿਛੜੀ ਹੋਈ ਅਤੇ ਗਲਤ ਜ਼ਿੰਦਗੀ ਜਿਉਂ ਰਹੇ ਹਾਂ।"

ਇਸ ਨਾਲ ਦਿਮਾਗ਼ ਦੇ ਉਹ ਖੇਤਰ ਸਰਗਰਮ ਹੋ ਗਏ ਜੋ ਸਮਾਜਿਕ ਪੀੜ ਅਤੇ ਅਯੋਗਤਾ ਦੀਆਂ ਭਾਵਨਾਵਾਂ ਨਾਲ ਜੁੜੇ ਹਨ।

ਇਹ ਦਿਮਾਗ ਨਾਲ ਲੜਨ ਬਾਰੇ ਨਹੀਂ ਹੈ ਸਗੋਂ, ਉਸ ਨੂੰ ਮਾਰਗਦਰਸ਼ਨ ਲੈਣ ਲਈ ਸਿਖਲਾਈ ਦੇਣ ਬਾਰੇ ਹੈ।

ਮਨੋਵਿਗਿਆਨੀ ਅਲ-ਰਿਫਾਇ ਮੁਤਾਬਕ, ਇਸ ਨਾਲ ਅਸੀਂ ਆਪਣੇ ਤੋਂ ਉਪਰਲੇ ਤਬਕੇ ਨਾਲ ਸਮਾਜਿਕ ਤੁਲਨਾ ਕਰਨ ਲੱਗਦੇ ਹਾਂ ਜਿੱਥੇ ਲੋਕ ਆਪਣੀ ਜ਼ਿੰਦਗੀ ਨੂੰ ਦੂਜਿਆਂ ਦੀਆਂ ਜ਼ਿੰਦਗੀਆਂ ਦੇ ਚੋਣਵੇਂ ਅਤੇ ਚੁਣੇ ਹੋਏ ਪਲਾਂ ਨਾਲ ਤੁਲਨਾ ਕਰਦੇ ਹਨ।

ਉਹ ਕਹਿੰਦੇ ਹਨ, "(ਇਲਾਜ) ਦੌਰਾਨ ਅਸੀਂ ਲੋਕਾਂ ਨੂੰ ਆਪਣੇ ਫੋਨ ਦੀਆਂ ਨੋਟੀਫਿਕੇਸ਼ਨਾਂ ਵਾਰ-ਵਾਰ ਦੇਖਣ ਤੋਂ ਰੁਕਣ ਅਤੇ ਤੁਲਨਾ ਦੀ ਇੱਛਾ ਨੂੰ ਦਰਸ਼ਕ ਬਣ ਕੇ ਦੇਖਣ ਦੀ ਨਾ ਕਿ ਉਸਦਾ ਦਮਨ ਕਰਨ ਦੀ ਸਿਖਲਾਈ ਦਿੰਦੇ ਹਾਂ।"

"ਇਹ ਸਾਡੇ ਦਿਮਾਗ਼ ਦੇ ਸਮਾਜਿਕ ਦਰਦ ਅਤੇ ਅਢੁੱਕਵੇਂਪਣ ਦੀ ਭਾਵਨਾ ਨਾਲ ਜੁੜੇ ਹਿੱਸਿਆਂ ਨੂੰ ਸਰਗਰਮ ਕਰਦਾ ਹੈ। ਆਪਣੇ ਡਿਜੀਟਲ ਈਕੋਸਿਸਟਮ ਦੀ ਸਮੀਖਿਆ ਕਰੋ: ਤੁਸੀਂ ਕਿਸ ਨੂੰ ਫਾਲੋ ਕਰ ਰਹੇ ਹੋ? ਕੌਣ ਤੁਹਾਨੂੰ ਮਸ਼ਹੂਰੀਆਂ ਦਿਖਾ ਰਿਹਾ ਹੈ?"

ਅਸੀਂ ਕੀ ਕਰ ਸਕਦੇ ਹਾਂ?

ਮਾਨਸਿਕ ਸਿਹਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ ਆਪ ਨਾਲ ਗੱਲ ਕਰਨ ਲਈ ਥੋੜ੍ਹਾ ਜਿਹਾ ਸਮਾਂ ਕੱਢਣ ਨਾਲ ਸਾਡੀ ਮਾਨਸਿਕ ਤੰਦਰੁਸਤੀ ਵਧ ਸਕਦੀ ਹੈ

ਅਲ-ਰਿਫਾਇ ਦੱਸਦੇ ਹਨ ਅਜਿਹੇ ਬਹੁਤ ਸਾਰੇ ਸਧਾਰਨ ਅਭਿਆਸ ਹਨ, ਜੋ ਲੋਕਾਂ ਨੂੰ ਮੌਜੂਦਾ ਪਲ (ਹੁਣ) ਵਿੱਚ ਜੁੜੇ ਰਹਿਣ ਵਿੱਚ ਮਦਦ ਕਰ ਸਕਦੇ ਹਨ।

ਉਹ ਕਹਿੰਦੇ ਹਨ, "ਸਭ ਤੋਂ ਛੋਟੇ ਅਤੇ ਕੀਤੇ ਜਾ ਸਕਣ ਵਾਲੇ ਕੰਮ ਤੋਂ ਸ਼ੁਰੂ ਕਰੋ।"

ਉਹ ਮਰੀਜ਼ਾਂ ਨੂੰ ਪੰਜ ਮਿੰਟਾਂ ਲਈ ਕਿਸੇ ਇੱਕ ਚੀਜ਼ ਉੱਤੇ ਟਿਕੇ ਰਹਿਣ ਦੀ ਕੋਸ਼ਿਸ਼ ਕਰਨ ਨੂੰ ਕਹਿੰਦੇ ਹਨ, ਜਿਵੇਂ ਕਿ ਕਾਫ਼ੀ ਦਾ ਕੱਪ ਪੀਣਾ।

"ਆਪਣੇ ਹੱਥਾਂ ਵਿੱਚ ਇਸਦੇ ਤਾਪ ਅਤੇ ਮਹਿਕ ਨੂੰ ਮਹਿਸੂਸ ਕਰੋ। ਤੁਰੋ ਅਤੇ ਸੋਚੋ ਨਾ ਸਗੋਂ ਆਪਣੇ ਪੈਰਾਂ ਦੀ ਚਾਲ ਨੂੰ ਦੇਖੋ। ਇਸ ਨੂੰ ਅਸੀਂ ਕਹਿੰਦੇ ਹਾਂ, ਇਕਹਿਰਾ ਕੰਮ ਕਰਨਾ।"

ਇੱਕ ਹੋਰ ਅਭਿਆਸ ਨੂੰ 'ਪੰਜ ਇੰਦਰੀਆਂ ਦੀ ਖੇਡ' ਕਿਹਾ ਜਾਂਦਾ ਹੈ:

  • ਕਿਸੇ ਪੰਜ ਚੀਜ਼ਾਂ ਬਾਰੇ ਦੱਸੋ ਜੋ ਤੁਸੀਂ ਹੁਣ ਦੇਖ ਰਹੇ ਹੋ।
  • ਉਨ੍ਹਾਂ ਚਾਰ ਅਵਾਜ਼ਾਂ ਵੱਲ ਧਿਆਨ ਦਿਓ ਜੋ ਤੁਸੀਂ ਹੁਣ ਸੁਣ ਸਕਦੇ ਹੋ।
  • ਜਿਹੜੀਆਂ ਤਿੰਨ ਚੀਜ਼ਾਂ ਨੂੰ ਛੋਹ ਸਕਦੇ ਹੋ, ਉਨ੍ਹਾਂ ਵੱਲ ਧਿਆਨ ਦਿਓ।
  • ਦੋ ਮਹਿਕਾਂ ਮਹਿਸੂਸ ਕਰੋ, ਜੋ ਤੁਸੀਂ ਹੁਣ ਸੁੰਘ ਸਕਦੇ ਹੋ।
  • ਤੁਹਾਡੇ ਮੂੰਹ ਵਿੱਚ ਜੋ ਹੈ, ਉਸਦਾ ਸੁਆਦ ਮਹਿਸੂਸ ਕਰੋ।

ਅਲ-ਰਿਫਾਇ ਦੱਸਦੇ ਹਨ,"ਇਸ ਵਿੱਚ ਜੁਗਤ ਆਪਣਾ ਧਿਆਨ ਚਿੰਤਾ ਵਾਲੇ ਦਿਮਾਗ ਤੋਂ ਸੰਵੇਦਨਾ ਵਾਲੇ ਦਿਮਾਗ ਵੱਲ ਮੋੜਨ ਦੀ ਹੈ, ਜਿੱਥੇ ਕਿ ਸੱਚੀ ਮੌਜੂਦਗੀ ਵਾਸ ਕਰਦੀ ਹੈ।"

"ਯਾਦ ਰੱਖੋ ਕਿ ਤੁਹਾਡਾ ਦਿਮਾਗ ਹਮੇਸ਼ਾ ਕੰਮ ਕਰਦੇ ਰਹਿਣ ਲਈ ਨਹੀਂ ਬਣਿਆ, ਸਗੋਂ ਕੰਮ ਕਰਨ ਅਤੇ ਅਰਾਮ ਕਰਨ ਲਈ ਬਣਿਆ ਹੈ। ਹਮੇਸ਼ਾ ਯਾਦ ਰੱਖੋ ਕਿ ਤੁਸੀਂ ਇੱਕ ਮਨੁੱਖ ਹੋ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)