ਸਰਦਾਰ ਸੋਹੀ ਨੇ ਜਿਸ ਐਂਗਜ਼ਾਇਟੀ ਦਾ ਜ਼ਿਕਰ ਕੀਤਾ ਉਹ ਕਿਉਂ ਹੁੰਦੀ ਹੈ, ਲੱਛਣ ਕੀ ਹਨ ਤੇ ਇਸ ਨਾਲ ਨਜੀਠਿਆ ਕਿਵੇਂ ਜਾ ਸਕਦਾ ਹੈ

ਤਸਵੀਰ ਸਰੋਤ, FB/Sardar Sohi
- ਲੇਖਕ, ਚਰਨਜੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
"ਮੈਂ ਤੁਹਾਡੇ ਤੋਂ ਮੁਆਫੀ ਮੰਗਦਾ ਹਾਂ, ਮੈਂ ਭੱਲਾ ਸਾਹਿਬ ਦੇ ਅੰਤਿਮ ਸੰਸਕਾਰ ਉੱਤੇ ਆ ਨਹੀਂ ਸਕਿਆ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਪਹੁੰਚਿਆ ਕਿਉਂ ਨਹੀਂ। ਜਦੋਂ ਅਸੀਂ ਸੀਰੀਅਲ ਕਰਦੇ ਸੀ 'ਸਰਹੱਦ' ਉਦੋਂ ਮੈਨੂੰ ਪਤਾ ਲੱਗਿਆ ਸੀ ਕਿ ਮੈਨੂੰ ਐਂਗਜ਼ਾਇਟੀ ਹੈ। ਇਸ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਮੇਰੀ ਭੈਣ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਸੀ।"
ਇਹ ਕਹਿੰਦੇ ਹੋਏ ਪੰਜਾਬ ਦੇ ਮਸ਼ਹੂਰ ਅਦਾਕਾਰ ਸਰਦਾਰ ਸੋਹੀ ਫੁੱਟ-ਫੁੱਟ ਕੇ ਰੋਣ ਲੱਗਦੇ ਹਨ।
ਜਸਵਿੰਦਰ ਭੱਲਾ ਦੇ ਅੰਤਿਮ ਸੰਸਕਾਰ ਉੱਤੇ ਨਾ ਪਹੁੰਚ ਸਕਣ ਕਰਕੇ ਬੇਬਸੀ ਜ਼ਾਹਰ ਕਰਦਿਆਂ ਰੋਂਦੇ-ਰੋਂਦੇ ਉਹ ਅਗਾਂਹ ਦੱਸਦੇ ਹਨ, "ਮੈਨੂੰ ਡਾਕਟਰਾਂ ਨੇ ਮਨ੍ਹਾ ਕੀਤਾ ਹੋਇਆ ਕਿ ਅਫ਼ਸੋਸਨਾਕ ਵਾਲੇ ਹਾਲਾਤਾਂ ਉੱਤੇ ਨਾ ਜਾਇਆ ਕਰ, ਮੈਂ ਐਂਗਜ਼ਾਇਟੀ ਦਾ ਮਰੀਜ਼ ਹਾਂ ਇਸ ਲਈ ਮੈਂ ਸੰਸਕਾਰਾਂ ਉੱਤੇ ਨਹੀਂ ਜਾਂਦਾ, ਕਿਉਂਕਿ ਮੇਰੀ ਹਾਲਤ ਖ਼ਰਾਬ ਹੋ ਜਾਂਦੀ ਹੈ।"
ਸਰਦਾਰ ਸੋਹੀ ਨੇ ਇੱਕ ਵੀਡੀਓ ਆਪਣੇ ਫੇਸਬੁੱਕ ਅਕਾਊਂਟ ਉੱਤੇ ਸਾਂਝੀ ਕਰਕੇ ਇਹ ਸਭ ਗੱਲਾਂ ਕਹੀਆਂ। ਉਨ੍ਹਾਂ ਨੇ ਆਪਣੀ ਇਸ ਸਥਿਤੀ ਕਰਕੇ ਨਿੱਜੀ ਅਤੇ ਪੇਸ਼ਵਰ ਜ਼ਿੰਦਗੀ ਵਿੱਚ ਆਉਂਦੀਆਂ ਦਿੱਕਤਾਂ ਦਾ ਜ਼ਿਕਰ ਕੀਤਾ।
ਵੀਡੀਓ ਵਿੱਚ ਸਰਦਾਰ ਸੋਹੀ ਇਹ ਕਹਿੰਦੇ ਨਜ਼ਰ ਆਏ ਕਿ ਉਹ ਐਂਗਜ਼ਾਇਟੀ ਦੇ ਮਰੀਜ਼ ਹਨ, ਜਾਣਦੇ ਹਾਂ ਕਿ ਐਂਗਜ਼ਾਇਟੀ ਭਾਵ ਬੇਚੈਨੀ ਕੀ ਹੁੰਦੀ ਹੈ, ਇਹ ਕਿਵੇਂ ਮਨੁੱਖ ਦੀ ਮਾਨਸਿਕ ਅਤੇ ਸਰੀਰਕ ਸਿਹਤ ਉੱਤੇ ਅਸਰ ਪਾਉਂਦੀ ਹੈ, ਇਸ ਦੇ ਕੀ ਕਾਰਨ ਹਨ ਅਤੇ ਲੱਛਣ ਕੀ ਹੁੰਦੇ ਹਨ, ਇਸ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ।

ਬੇਚੈਨੀ ਭਾਵ ਐਂਗਜ਼ਾਇਟੀ ਕੀ ਹੈ?
ਇਸ ਨੂੰ ਖ਼ਤਰੇ ਵਿੱਚ ਉਪਜੇ, ਤਣਾਅ ਅਤੇ ਬੇਚੈਨੀ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਅਤੇ ਇਹ ਖੁਦ ਦੇ ਵਿਚਾਰਾਂ ਜਾਂ ਆਲੇ-ਦੁਆਲੇ ਦੀਆਂ ਘਟਨਾਵਾਂ ਤੋਂ ਪੈਦਾ ਹੁੰਦੀ ਹੈ। ਵੈਸੇ ਆਮ ਤੌਰ ਉੱਤੇ ਬਹੁਤ ਸਾਰੇ ਲੋਕ ਤਣਾਅ ਅਤੇ ਚਿੰਤਾ ਮਹਿਸੂਸ ਕਰਦੇ ਹਨ ਪਰ ਜ਼ਰੂਰੀ ਨਹੀਂ ਹੈ ਕਿ ਇਹ ਬੇਚੈਨੀ ਹੀ ਹੋਵੇ।
ਬ੍ਰਿਟੇਨ ਦੀ ਐੱਨਐੱਚਐੱਸ ਦੀ ਵੈੱਬਸਾਈਟ ਮੁਤਾਬਕ ਬੇਚੈਨੀ ਉਹ ਸਿਹਤ ਸਥਿਤੀ ਹੈ ਜਦੋਂ ਤੁਸੀਂ ਅਕਸਰ ਕਈ ਚੀਜ਼ਾਂ ਲਈ ਚਿੰਤਤ ਮਹਿਸੂਸ ਕਰਦੇ ਹੋ ਅਤੇ ਅਜਿਹਾ ਹੋਣ ਨਾਲ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ।
ਤਣਾਅ ਅਤੇ ਐਂਗਜ਼ਾਇਟੀ ਵਿਚਾਲੇ ਕੀ ਫਰਕ ਹੁੰਦਾ ਹੈ?
ਆਮ ਤੌਰ ਉੱਤੇ ਤਣਾਅ, ਮੌਜੂਦਾ ਚੁਣੌਤੀਆਂ ਜਾਂ ਪਰਿਵਾਰਕ ਸਮੱਸਿਆਵਾਂ ਦੇ ਕਰਕੇ ਪੈਦਾ ਹੁੰਦਾ ਹੈ ਅਤੇ ਜਦੋਂ ਸਮੱਸਿਆਵਾਂ ਮੁੱਕ ਜਾਂਦੀਆਂ ਹਨ ਤਾਂ ਤਣਾਅ ਘੱਟ ਵੀ ਜਾਂਦਾ ਹੈ ਅਤੇ ਖ਼ਤਮ ਵੀ ਜਾਂਦਾ ਹੈ।
ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਮਨੋਰੋਗ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਡਾ. ਨਿਖਿਲ ਗੌਤਮ ਕਹਿੰਦੇ ਹਨ, "ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਾਅਦ ਤਣਾਅ ਹੋਣਾ ਆਮ ਗੱਲ ਹੈ, ਉਦੋਂ ਹੋਈ ਘਬਰਾਹਟ ਖ਼ਤਮ ਵੀ ਹੋ ਜਾਂਦੀ ਹੈ ਅਤੇ ਬਿਮਾਰੀ ਨਹੀਂ ਬਣਦੀ ਹੈ।"
"ਪਰ ਜਦੋਂ ਤਣਾਅ ਬਹੁਤ ਵੱਧ ਜਾਂਦਾ ਹੈ ਤੇ ਲਗਾਤਾਰ ਰਹਿੰਦਾ ਹੈ ਅਤੇ ਕਈ ਵਾਰ ਸਰੀਰਕ ਤੌਰ ਉੱਤੇ ਉਸ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ (ਜਿਵੇਂ ਕਿ ਪਸੀਨਾ ਆਉਣਾ, ਘਬਰਾਹਟ ਹੋਣਾ, ਧੜਕਣ ਵੱਧ ਜਾਣਾ, ਸਿਰਦਰਦ ਹੋਣ, ਉਲਟੀ ਆਉਣਾ), ਇਨ੍ਹਾਂ ਨੂੰ ਐਂਗਜ਼ਾਇਟੀ ਦੇ ਲੱਛਣ ਮੰਨਿਆ ਜਾਂਦਾ ਹੈ।"
"ਜਦੋਂ ਐਂਗਜ਼ਾਇਟੀ ਦੇ ਲੱਛਣ ਸਿਖ਼ਰ ਉੱਤੇ ਪਹੁੰਚ ਜਾਂਦੇ ਹਨ ਤਾਂ ਫਿਰ ਮਰੀਜ਼ ਨੂੰ ਪੈਨਿਕ ਅਟੈਕ ਵੀ ਆਉਣ ਲੱਗਦੇ ਹਨ, ਇੱਥੋਂ ਤੱਕ ਜ਼ਿਆਦਾ ਦੇਰ ਤੱਕ ਐਂਗਜ਼ਾਇਟੀ ਰਹਿਣ ਕਰਕੇ ਮਰੀਜ਼ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਸਕਦਾ ਹੈ।"

ਐਂਗਜ਼ਾਇਟੀ ਦੇ ਲੱਛਣ ਕੀ ਹੁੰਦੇ ਹਨ
- ਸਿਰਦਰਦ, ਛਾਤੀ ਵਿੱਚ ਦਰਦ
- ਨੀਂਦ ਆਉਣ ਵਿੱਚ ਤਕਲੀਫ਼
- ਭੁੱਖ ਨਾ ਲੱਗਣਾ, ਕਾਂਬਾ ਛਿੜਣਾ
- ਚਿੜਚੜਾਪਣ ਮਹਿਸੂਸ ਹੋਣਾ
- ਇਕਾਗਰ ਹੋਣ ਵਿੱਚ ਤਕਲੀਫ਼ ਹੋਣਾ
- ਘਬਰਾਹਟ ਮਹਿਸੂਸ ਕਰਨਾ
- ਅਸਾਨੀ ਨਾਲ ਥੱਕ ਜਾਣਾ
- ਪੇਟ ਨਾਲ ਸਬੰਧਿਤ ਤਕਲੀਫਾਂ
- ਦਿਲ ਦੀ ਧੜਕਣ ਆਮ ਵਾਂਗ ਨਾ ਹੋਣਾ
- ਚੱਕਰ ਆਉਣੇ
- ਉਦਾਸੀ ਮਹਿਸੂਸ ਕਰਨਾ
ਇਸ ਤੋਂ ਇਲਾਵਾ ਕੁਝ ਹੋਰ ਲੱਛਣ ਵੀ ਹੋ ਸਕਦੇ ਹਨ। ਵੱਖ-ਵੱਖ ਮਨੁੱਖਾਂ ਵਿੱਚ ਲੱਛਣ ਵੱਖੋ-ਵੱਖ ਹੋ ਸਕਦੇ ਹਨ,ਪਰ ਜਦੋਂ ਕੋਈ ਅਕਸਰ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਾ ਕਰ ਪਾ ਰਿਹਾ ਹੋਵੇ ਅਤੇ ਅਜਿਹਾ ਲੰਘੇ 6 ਮਹੀਨਿਆਂ ਵਿੱਚ ਕਈ ਵਾਰ ਮਹਿਸੂਸ ਹੋਇਆ ਹੋਵੇ ਤਾਂ ਇਹ ਐਂਗਜ਼ਾਇਟੀ ਦੀ ਸਥਿਤੀ ਹੋ ਸਕਦੀ ਹੈ।
ਇਸ ਲਈ ਮਾਹਰ ਸਲਾਹ ਦਿੰਦੇ ਹਨ ਕਿ ਜੇਕਰ ਤੁਸੀਂ ਸਹਿਜ ਮਹਿਸੂਸ ਨਾ ਕਰੋ ਤਾਂ ਡਾਕਟਰ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਬੇਚੈਨੀ ਦੇ ਕਾਰਨ ਕੀ ਹੁੰਦੇ ਹਨ
ਕਿਸੇ ਸਦਮੇ ਜਾਂ ਫਿਰ ਤਣਾਅਪੂਰਨ ਅਤੀਤ ਦਾ ਹੋਣਾ, ਜਿਵੇਂ ਕਿ ਘਰੇਲੂ ਹਿੰਸਾ, ਕਦੇ ਕਿਸੇ ਨੇ ਪਰੇਸ਼ਾਨ ਕੀਤਾ ਹੋਵੇ, ਲੰਬੇ ਵੇਲੇ ਤੋਂ ਕਿਸੇ ਬਿਮਾਰੀ ਨਾਲ ਜੂਝਣਾ ਬੇਚੈਨੀ ਦੇ ਕਾਰਨ ਹੋ ਸਕਦੇ ਹਨ।
ਡਾ. ਨਿਖਿਲ ਗੌਤਮ ਕਹਿੰਦੇ ਹਨ, "ਐਂਗਜ਼ਾਇਟੀ ਦੇ ਕਈ ਫੈਕਟਰ ਹੋ ਸਕਦੇ ਹਨ, ਉਨ੍ਹਾਂ ਮੁਤਾਬਕ ਐਂਗਜ਼ਾਇਟੀ ਦਾ ਮੁੱਖ ਕਾਰਨ ਤਣਾਅ ਹੀ ਹੈ। ਇਸ ਤੋਂ ਇਲਾਵਾ ਜੈਨੇਟਿਕ ਕਾਰਨ ਵੀ ਐਂਗਜ਼ਾਇਟੀ ਦੀ ਵਜ੍ਹਾ ਬਣਦੇ ਹਨ।"
ਉਹ ਕਹਿੰਦੇ ਹਨ ਕਿ ਕਈ ਮਨੁੱਖਾਂ ਦੀ ਬਣਤਰ ਹੀ ਅਜਿਹੀ ਹੈ ਕਿ ਉਹ ਬਹੁਤ ਛੇਤੀ ਤਣਾਅ ਮਹਿਸੂਸ ਕਰਦੇ ਹਨ ਅਤੇ ਕਈਆਂ ਨੂੰ ਜਨਰਲ ਐਂਗਜ਼ਾਇਟੀ ਡਿਸਆਰਡਰ ਅਤੇ ਪੈਨਿਕ ਡਿਸਆਰਡਰ ਹੁੰਦਾ ਹੈ।
"ਕਈ ਲੋਕਾਂ ਨੂੰ ਕਿਸੇ ਗੰਭੀਰ ਬਿਮਾਰੀ ਕਰਕੇ ਵੀ ਐਂਗਜ਼ਾਇਟੀ ਦੇ ਲੱਛਣ ਮਹਿਸੂਸ ਹੋਣ ਲੱਗਦੇ ਹਨ, ਉਦਾਹਰਣ ਦੇ ਤੌਰ ਉੱਤੇ ਦਿਲ ਦੀ ਕੋਈ ਬਿਮਾਰੀ ਹੋਣਾ।"

ਸਰਦਾਰ ਸੋਹੀ ਵੀਡੀਓ ਵਿੱਚ ਇੱਕ ਹਾਦਸੇ ਦਾ ਜ਼ਿਕਰ ਕਰਦੇ ਹਨ, ਜਿਸ ਵਿੱਚ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਲੱਛਣ ਮਹਿਸੂਸ ਹੋਣੇ ਸ਼ੁਰੂ ਹੋਏ ਸਨ।
ਇਸ ਬਾਰੇ ਗੱਲ ਕਰਦੇ ਡਾ. ਨਿਖਿਲ ਗੌਤਮ ਕਹਿੰਦੇ ਹਨ, "ਮਨੋਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਅਡਜਸਟਮੈਂਟ ਡਿਸਆਰਡਰ ਕਿਹਾ ਜਾਂਦਾ ਹੈ। ਇਹ ਡਿਸਆਰਡਰ ਉਦੋਂ ਹੁੰਦਾ ਹੈ ਜਦੋਂ ਜ਼ਿੰਦਗੀ ਬਦਲ ਦੇਣ ਵਾਲੀ ਕੋਈ ਘਟਨਾ ਹੋ ਜਾਂਦੀ ਹੈ।"
"ਜਿਵੇਂ ਕਿ ਪਰਿਵਾਰ ਵਿੱਚੋਂ ਜਾਂ ਕਿਸੇ ਬੇਹੱਦ ਕਰੀਬੀ ਦੀ ਮੌਤ ਹੋ ਜਾਣਾ, ਜਿਸ ਤੋਂ ਬਾਅਦ ਜ਼ਿੰਦਗੀ ਵਿੱਚ ਹੋਏ ਬਦਲਾਵਾਂ ਨੂੰ ਅਪਨਾਉਣਾ ਔਖਾ ਹੋ ਜਾਂਦਾ ਹੈ, ਇਸੇ ਕਰਕੇ ਇਨਸਾਨ ਐਂਗਜ਼ਾਇਟੀ ਮਹਿਸੂਸ ਕਰਨ ਲੱਗਦਾ ਹੈ।"
ਉਦਾਹਰਣ ਦਿੰਦਿਆਂ ਉਹ ਕਹਿੰਦੇ ਹਨ, "ਮੰਨ ਲਵੋ ਕਿਸੇ ਦੇ ਪਤੀ ਜਾਂ ਪਤਨੀ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਆਪਣੇ ਸਾਥੀ ਤੋਂ ਬਿਨ੍ਹਾਂ ਜ਼ਿੰਦਗੀ ਦੀ ਕਲਪਨਾ ਕਰਦੇ ਵੇਲੇ ਆਉਣ ਵਾਲੇ ਵਿਚਾਰ ਕਈ ਵਾਰ ਐਂਗਜ਼ਾਇਟੀ ਪੈਦਾ ਕਰ ਦਿੰਦੇ ਹਨ।"
ਉਹ ਦੱਸਦੇ ਹਨ ਕਿ ਡਾਕਟਰ ਬਹੁਤ ਜ਼ਿਆਦਾ ਸੰਵੇਦਨਸ਼ੀਲ ਅਤੇ ਗੰਭੀਰ ਮਰੀਜ਼ ਨੂੰ ਕਈ ਵਾਰ ਇਹਤਿਆਤਨ ਅਜਿਹੀਆਂ ਸਥਿਤੀਆਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ ਜਿੱਥੇ ਜਾਣ ਨਾਲ ਬੇਚੈਨੀ ਪੈਦਾ ਹੋਣ ਦੀ ਸੰਭਾਵਨਾ ਹੋਵੇ।
ਸਾਡੀ ਸਿਹਤ ਉੱਤੇ ਬੇਚੈਨੀ ਦਾ ਕੀ ਅਸਰ ਹੁੰਦਾ ਹੈ?

ਤਸਵੀਰ ਸਰੋਤ, Getty Images
ਬੀਬੀਸੀ ਦੀ ਮੁੰਡੋ ਸਰਵਿਸ ਉੱਤੇ ਅਪ੍ਰੈਲ 2025 ਨੂੰ ਛਪੀ ਬੀਬੀਸੀ ਦੀ ਪੱਤਰਕਾਰ ਬੋਈ ਥੂ ਦੀ ਰਿਪੋਰਟ ਵਿੱਚ ਮਨੋਵਿਗਿਆਨਕ ਫੁਔਂਗ ਲੀ ਨੇ ਦੱਸਿਆ, "ਐਂਗਜ਼ਾਇਟੀ ਇੰਨੀ ਤੇਜ਼ ਹੋ ਸਕਦੀ ਹੈ ਕਿ ਇਸ ਵਿੱਚੋਂ ਲੰਘਣ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਰੀਰਕ ਦਰਦ ਵਰਗਾ ਹੁੰਦਾ ਹੈ ਅਤੇ ਇਹ ਮਾਨਸਿਕ ਸਿਹਤ ਉੱਤੇ ਇਸਦੇ ਅਸਰ ਅਤੇ ਇਸ ਤੋਂ ਨਿਜਾਤ ਪਾਉਣ ਦੀ ਬੇਚੈਨੀ ਨੂੰ ਦਰਸਉਂਦਾ ਹੈ।"
ਉਹ ਦੱਸਦੇ ਹਨ ਕਿ ਇੱਕ ਪੱਧਰ ਤੱਕ ਐਂਗਜ਼ਾਇਟੀ ਫਾਇਦੇਮੰਦ ਵੀ ਹੋ ਸਕਦੀ ਹੈ ਕਿਉਂਕਿ ਇਹ ਸੰਭਾਵਿਤ ਖ਼ਤਰੇ ਦੇ ਪ੍ਰਤੀ ਤੁਹਾਨੂੰ ਚੌਕੰਨਾ ਕਰਦੀ ਹੈ ਪਰ ਜਦੋਂ ਭਵਿੱਖ ਦੀਆਂ ਘਟਨਾਵਾਂ ਨੂੰ ਲੈ ਕੇ ਡਰ ਬਹੁਤ ਜ਼ਿਆਦਾ ਵੱਧ ਹੈ ਅਤੇ ਆਮ ਜੀਵਨ ਪ੍ਰਭਾਵਿਤ ਹੋਣ ਲੱਗਦਾ ਹੈ ਤਾਂ ਇਹ ਮੁਸ਼ਕਿਲ ਪੈਦਾ ਕਰਦੀ ਹੈ।
ਲੰਬੇ ਵੇਲੇ ਤੱਕ ਐਂਗਜ਼ਾਇਟੀ ਨਾਲ ਜੂਝਣ ਕਰਕੇ ਸਾਡੀ ਸਿਹਤ ਅਤੇ ਜ਼ਿੰਦਗੀ ਦੀ ਗੁਣਵਤਾ ਉੱਤੇ ਵੀ ਅਸਰ ਪੈਂਦਾ ਹੈ।
ਲੁਧਿਆਣਾ ਦੇ ਸੀਨੀਅਰ ਮਨੋਰੋਗ ਮਾਹਰ ਡਾ. ਪ੍ਰਿਯੰਕਾ ਕਾਲਰਾ ਦੱਸਦੇ ਹਨ, "ਐਂਗਜ਼ਾਇਟੀ ਸਰੀਰ ਦੇ ਹਰ ਅੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਐਂਗਜ਼ਾਇਟੀ ਦਾ ਸੰਬੰਧ ਕਾਰਡੀਵਸਕੂਲਰ ਸਮੱਸਿਆਵਾਂ ਨਾਲ ਹੈ, ਜਿਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ, ਦਿਲ ਦਾ ਦੌਰਾ ਅਤੇ ਹਾਈ ਬਲੱਡ ਪ੍ਰੈਸ਼ਰ ਸ਼ਾਮਿਲ ਹੈ।"
ਡਾ. ਨਿਖਿਲ ਗੌਤਮ ਦੱਸਦੇ ਹਨ ਕਿ ਗੰਭੀਰ ਐਂਗਜ਼ਾਇਟੀ ਨਾਲ ਪਾਚਨ ਪ੍ਰੀਕਿਰਿਆ ਵਿੱਚ ਵੀ ਦਿੱਕਤ ਆ ਸਕਦੀ ਹੈ ਜਿਵੇਂ ਕਿ ਇਰੀਟੇਬਲ ਬਾਊਲ ਸਿੰਡੌਮ, ਅਲਸਰ, ਡਾਇਰੀਆ,ਕਬਜ਼, ਸਿਰਦਰਦ, ਉਲਟੀ ਅਤੇ ਇੱਥੋਂ ਤੱਕ ਕੇ ਐਸੀਡਿਟੀ ਦੀ ਸਮੱਸਿਆ ਨਾਲ ਵੀ ਜੂਝਣਾ ਪੈਂਦਾ ਹੈ। ਐਸੀਡਿਟੀ ਦੀ ਸਮੱਸਿਆ ਜ਼ਿਆਦਾ ਦੇਰ ਤੱਕ ਰਹਿਣ ਨਾਲ ਪਾਚਨ ਪ੍ਰੀਕਿਰਿਆ ਵਿਗੜ ਜਾਂਦੀ ਹੈ।
ਕਿਹੜੀ ਉਮਰ ਦੇ ਲੋਕ ਬੇਚੈਨੀ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ

ਤਸਵੀਰ ਸਰੋਤ, Getty Images
ਵੈਸੇ ਤਾਂ ਕਿਸੇ ਵੀ ਉਮਰ ਦੇ ਲੋਕ ਬੇਚੈਨੀ ਦਾ ਸ਼ਿਕਾਰ ਹੋ ਸਕਦੇ ਹਨ ਪਰ ਡਾ. ਨਿਖਿਲ ਗੌਤਮ ਮੁਤਾਬਕ 15-45 ਸਾਲ ਦੀ ਉਮਰ ਵਰਗ ਦੇ ਲੋਕ ਵੱਧ ਅਸਰ ਅੰਦਾਜ਼ ਹੁੰਦੇ ਹਨ।
ਉਹ ਅਗਾਂਹ ਕਹਿੰਦੇ ਹਨ, "ਅੰਕੜੇ ਇਹ ਦਰਸਾਉਂਦੇ ਹਨ ਕਿ ਔਰਤਾਂ ਆਦਮੀਆਂ ਨਾਲੋਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ ਪਰ ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਆਦਮੀ ਵੀ ਬੇਚੈਨੀ ਦਾ ਸ਼ਿਕਾਰ ਹੁੰਦੇ ਹਨ ਪਰ ਬਹੁਤੇ ਕੇਸ ਰਿਪੋਰਟ ਨਹੀਂ ਹੁੰਦੇ।"
ਬੇਚੈਨੀ ਦਾ ਇਲਾਜ ਕੀ ਹੈ
ਮਾਹਰਾਂ ਮੁਤਾਬਕ, ਐਂਗਜ਼ਾਇਟੀ ਖ਼ਤਮ ਕਰਨ ਵਿੱਚ ਮਰੀਜ਼ ਦੇ ਆਲੇ-ਦੁਆਲੇ ਦੇ ਮਾਹੌਲ ਉੱਤੇ ਵੀ ਕਾਫੀ ਕੁਝ ਨਿਰਭਰ ਕਰਦਾ ਹੈ।
ਇਲਾਜ ਬਾਰੇ ਦੱਸਦੇ ਹੋਏ ਡਾ. ਗੌਤਮ ਕਹਿੰਦੇ ਹਨ, "ਮਰੀਜ਼ ਨੂੰ ਸਾਹ ਨਾਲ ਸੰਬੰਧੀ ਤਕਨੀਕਾਂ ਸਿਖਾਈਆਂ ਜਾਂਦੀਆਂ ਹਨ ਤਾਂ ਜੋ ਮਰੀਜ਼ ਸਹਿਜ ਹੋਣਾ ਸਿੱਖ ਸਕੇ।"
"ਥੈਰੀਪੀ ਅਤੇ ਕਾਊਂਸਲਿੰਗ ਦੇ ਦੌਰ ਵਿੱਚ ਮਰੀਜ਼ ਨੂੰ ਦੱਸਿਆ ਜਾਂਦਾ ਹੈ ਕਿ ਕਿਹੜੀਆਂ ਚੀਜ਼ਾਂ ਨੂੰ ਨਜ਼ਰਅੰਦਾਜ ਕਰਨਾ ਹੈ, ਕਿਹੜੀਆਂ ਆਦਤਾਂ ਦਾ ਧਿਆਨ ਰੱਖਣਾ ਹੈ।"
"ਹਾਲਾਂਕਿ ਰੁਟੀਨ ਵਿੱਚ ਮੈਡੀਕੇਸ਼ਨ ਦੀ ਲੋੜ ਨਹੀਂ ਹੁੰਦੀ, ਬਿਨਾਂ ਦਵਾਈਆਂ ਦੇ ਵੀ ਐਂਗਜ਼ਾਇਟੀ ਠੀਕ ਕੀਤੀ ਜਾ ਸਕਦੀ ਹੈ ਪਰ ਕਈ ਕੇਸਾਂ ਵਿੱਚ ਜਦੋਂ ਡਾਕਟਰ ਨੂੰ ਲੱਗਦਾ ਹੈ ਕਿ ਮਰੀਜ਼ ਨੂੰ ਦਵਾਈ ਦੀ ਲੋੜ ਹੈ ਤਾਂ ਦਵਾਈ ਵੀ ਦਿੱਤੀ ਜਾਂਦੀ ਹੈ।"
ਬੇਚੈਨੀ ਹੋਣ ਉੱਤੇ ਕੀ ਕਰਨ ਅਤੇ ਕੀ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ

ਤਸਵੀਰ ਸਰੋਤ, Getty Images
ਕੀ ਕਰਨਾ ਚਾਹੀਦਾ ਹੈ?
- ਸਿਹਤ ਵੈਬਸਾਈਟ ਐੱਨਐੱਚਐੱਸ ਉੱਤੇ ਦਿੱਤੀ ਜਾਣਕਾਰੀ ਮੁਤਾਬਕ, ਆਪਣੀ ਸਥਿਤੀ ਬਾਰੇ ਦੋਸਤ, ਪਰਿਵਾਰਕ ਮੈਂਬਰ ਜਾਂ ਫਿਰ ਸਿਹਤ ਮਾਹਰ ਨਾਲ ਗੱਲਬਾਤ ਕਰੋ
- ਮਾਹਰਾਂ ਦੀ ਸਲਾਹ ਨਾਲ ਸਾਹ ਸਬੰਧਿਤ ਕਸਰਤਾਂ ਕਰਕੇ ਖੁਦ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ
- ਚੰਗੀ ਨੀਂਦ ਲਵੋ ਤਾਂ ਜੋ ਮੁਸ਼ਕਲ ਸਥਿਤੀ ਅਤੇ ਤਜਰਬੇ ਨਾਲ ਨਜਿੱਠਣ ਲਈ ਲੋੜੀਂਦੀ ਤਾਕਤ ਹੋਵੇ
- ਯੋਗ, ਸੈਰ, ਦੌੜ ਵਰਗੀਆਂ ਕਸਰਤਾਂ ਤਣਾਅ ਅਤੇ ਬੇਚੈਨੀ ਤੋਂ ਬਚਣ ਵਿੱਚ ਮਦਦ ਕਰਦੀਆਂ ਹਨ
- ਚੰਗੀ ਖੁਰਾਕ ਖਾਓ ਤਾਂ ਜੋ ਸਰੀਰ ਵਿੱਚ ਊਰਜਾ ਦਾ ਪੱਧਰ ਸਥਿਰ ਰਹੇ
ਕੀ ਨਹੀਂ ਕਰਨਾ ਚਾਹੀਦਾ?
- ਉਨ੍ਹਾਂ ਚੀਜ਼ਾਂ ਉੱਤੇ ਧਿਆਨ ਕੇਂਦਰਿਤ ਨਾ ਕਰੋ ਜਿਨ੍ਹਾਂ ਨੂੰ ਬਦਲਣਾ ਤੁਹਾਡੇ ਵੱਸ ਵਿੱਚ ਨਹੀਂ ਹੈ
- ਹੋਰਾਂ ਦੀ ਮਦਦ ਕਰਕੇ ਆਪਣੇ ਸਮੇਂ ਅਤੇ ਤਾਕਤ ਦੀ ਸਹੀ ਵਰਤੋਂ ਕਰੋ
- ਉਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ ਨਾ ਕਰੋ ਜੋ ਚਿੰਤਾ ਵਧਾਉਂਦੀਆਂ ਹਨ, ਸਗੋਂ ਹੌਲੀ-ਹੌਲੀ ਫਿਕਰ ਘਟਾਉਣ ਦੀ ਕੋਸ਼ਿਸ਼ ਕਰੋ
- ਮਾਹਰ ਸ਼ਰਾਬ, ਸਿਗਰੇਟ, ਜੂਆ ਅਤੇ ਨਸ਼ਿਆਂ ਤੋਂ ਪਰਹੇਜ ਕਰਨ ਦੀ ਸਲਾਹ ਦਿੰਦੇ ਹਨ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












