ਜੇਮਸ ਬੌਂਡ ਦਾ ਕਿਰਦਾਰ ਇਸ ਜਾਸੂਸ ਦੀ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਸੀ ਜਿਸ ਦੇ ਕਾਰਨਾਮਿਆਂ ਨੇ ਕਈਆਂ ਨੂੰ ਹੈਰਾਨ ਕੀਤਾ ਸੀ

ਤਸਵੀਰ ਸਰੋਤ, Hulton Archive/Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਸਹਿਯੋਗੀ
ਪੰਜ ਨਵੰਬਰ ਸਾਲ 1925 ਦੀ ਸ਼ਾਮ ਨੂੰ ਮਾਸਕੋ ਦੀ ਖ਼ਤਰਨਾਕ ਲੁਬਯੰਕਾ ਜੇਲ੍ਹ ਵਿੱਚੋਂ ਕੈਦੀ ਨੰਬਰ 73 ਨੂੰ ਉਨ੍ਹਾਂ ਦੀ ਕੋਠੜੀ ਵਿੱਚੋਂ ਕੱਢ ਕੇ ਨੇੜੇ ਦੇ ਸੋਕੋਲਨਿਕੀ ਜੰਗਲਾਂ ਵਿੱਚ ਲਿਆਂਦਾ ਗਿਆ।
ਉਨ੍ਹਾਂ ਦੇ ਨਾਲ ਕਾਰ ਵਿੱਚ ਸੋਵੀਅਤ ਫੌਜੀ ਖ਼ੁਫ਼ੀਆ ਸੰਗਠਨ (ਓਜੀਪੀਯੂ) ਦੇ ਤਿੰਨ ਲੋਕ ਬੈਠੇ ਹੋਏ ਸਨ। ਕਾਰ ਬਗਾਰੋਸਕ ਰੋਡ ਦੇ ਨਾਲ ਇੱਕ ਤਾਲਾਬ ਦੇ ਅੱਗੇ ਰੁਕੀ। ਕਾਰ ਵਿੱਚ ਸਵਾਰ ਕੈਦੀ ਨੂੰ ਉਤਾਰ ਕੇ ਜੰਗਲ ਵਿੱਚ ਟਹਿਲਣ ਲਈ ਕਿਹਾ ਗਿਆ।
ਇਸ ਵਿੱਚ ਕੁਝ ਵੀ ਅਸਾਧਾਰਨ ਨਹੀਂ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਉਸ ਕੈਦੀ ਨੂੰ ਕੁਝ ਦਿਨਾਂ ਦੇ ਵਕਫ਼ੇ ਨਾਲ ਇਸੇ ਤਰ੍ਹਾਂ ਸੈਰ 'ਤੇ ਲੈ ਕੇ ਜਾਂਦੇ ਰਹੇ ਸਨ।
ਵਿੰਸ ਹਾਕਿੰਸ ਨੇ ਵਾਰਫੇਅਰ ਹਿਸਟਰੀ ਨੈੱਟਵਰਕ ਦੇ ਅਗਸਤ 2004 ਦੇ ਅੰਕ ਵਿੱਚ 'ਦਿ ਮਿਸਟੀਰੀਅਸ ਸਿਡਨੀ ਰਾਇਲੀ' ਸਿਰਲੇਖ ਹੇਠ ਛਪੇ ਆਪਣੇ ਲੇਖ ਵਿੱਚ ਲਿਖਿਆ, "ਕੈਦੀ ਨੇ ਕਾਰ ਤੋਂ ਉਤਰ ਕੇ 30 ਤੋਂ 40 ਕਦਮ ਹੀ ਚੁੱਕੇ ਹੋਣਗੇ ਕਿ ਓਜੀਪੀਯੂ ਦੇ ਜਾਸੂਸ ਇਬਰਾਹਮ ਅਬੀਸਾਲੋਵ ਨੇ ਆਪਣੀ ਪਿਸਤੌਲ ਕੱਢੀ ਅਤੇ ਕੈਦੀ ਦੀ ਪਿੱਠ ਵਿੱਚ ਗੋਲੀ ਮਾਰ ਦਿੱਤੀ।"
"ਕੈਦੀ ਨੂੰ ਇਸ ਤਰ੍ਹਾਂ ਮਾਰੇ ਜਾਣ ਦਾ ਕੋਈ ਅੰਦਾਜ਼ਾ ਨਹੀਂ ਸੀ। ਜੇਕਰ ਹੁੰਦਾ ਵੀ ਤਾਂ ਉਸ ਦੇ ਬਚਣ ਦੀ ਸੰਭਾਵਨਾ ਵੀ ਨਹੀਂ ਸੀ ਕਿਉਂਕਿ ਉਸ ਨੂੰ ਮਾਰਨ ਦਾ ਹੁਕਮ ਖ਼ੁਦ ਸਟਾਲਿਨ ਨੇ ਦਿੱਤਾ ਸੀ।"
"ਨਤੀਜਾ ਇਹ ਨਿਕਲਿਆ ਕਿ ਸਿਡਨੀ ਰਾਇਲੀ, ਜਿਸ ਨੂੰ ਬ੍ਰਿਟਿਸ਼ ਖ਼ੁਫ਼ੀਆ ਹਲਕਿਆਂ ਵਿੱਚ ਸਭ ਤੋਂ ਵੱਡਾ ਜਾਸੂਸ ਮੰਨਿਆ ਜਾਂਦਾ ਸੀ ਉਸ ਦਾ ਜੀਵਨ ਉੱਥੇ ਹੀ ਖ਼ਤਮ ਹੋ ਗਿਆ।"
ਯੂਕਰੇਨ ਦੇ ਯਹੂਦੀ ਪਰਿਵਾਰ 'ਚ ਜਨਮ
ਸਿਡਨੀ ਰਾਇਲੀ ਦੀਆਂ ਕਾਮਯਾਬੀਆਂ ਨੂੰ ਬ੍ਰਿਟਿਸ਼ ਖ਼ੁਫ਼ੀਆ ਇਤਿਹਾਸ ਦੇ ਸਭ ਤੋਂ ਵੱਡੇ ਕਾਰਨਾਮਿਆਂ ਵਿੱਚ ਗਿਣਿਆ ਜਾਂਦਾ ਹੈ। ਇਨ੍ਹਾਂ ਬਾਰੇ ਸਭ ਤੋਂ ਪਹਿਲਾਂ ਸੰਨ 1931 ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਸਵੈ-ਜੀਵਨੀ 'ਐਡਵੈਂਚਰਜ਼ ਆਫ਼ ਬ੍ਰਿਟਿਸ਼ ਮਾਸਟਰ ਸਪਾਈ' ਤੋਂ ਦੁਨੀਆ ਨੂੰ ਪਤਾ ਲੱਗਾ ਸੀ।
ਇਸ ਸਵੈ-ਜੀਵਨੀ ਦੇ ਕੁਝ ਅੰਸ਼ ਲੰਡਨ ਈਵਨਿੰਗ ਸਟੈਂਡਰਡ ਵਿੱਚ ਵੀ ਪ੍ਰਕਾਸ਼ਿਤ ਹੋਏ ਸਨ। ਸਟੀਫ਼ਨ ਗ੍ਰੇਅ ਆਪਣੀ ਕਿਤਾਬ 'ਦਿ ਨਿਊ ਸਪਾਈ ਮਾਸਟਰਜ਼' ਵਿੱਚ ਲਿਖਦੇ ਹਨ, "ਰਾਇਲੀ ਵਿੱਚ ਇੱਕ ਚੰਗੇ ਜਾਸੂਸ ਦੇ ਸਾਰੇ ਗੁਣ ਮੌਜੂਦ ਸਨ। ਉਹ ਕਈ ਭਾਸ਼ਾਵਾਂ ਬੋਲਦੇ ਸਨ। ਲੋਕਾਂ ਨੂੰ ਆਸਾਨੀ ਨਾਲ ਬੇਵਕੂਫ਼ ਬਣਾ ਸਕਦੇ ਸਨ ਅਤੇ ਉਨ੍ਹਾਂ ਵਿੱਚ ਹਰ ਜਗ੍ਹਾ ਦਾਖ਼ਲ ਹੋਣ ਦੀ ਗਜ਼ਬ ਦੀ ਸਮਰੱਥਾ ਸੀ।"
"ਦੋਸਤ ਬਣਾਉਣਾ ਅਤੇ ਉਨ੍ਹਾਂ ਦੇ ਰਾਜ਼ ਹਾਸਲ ਕਰਨਾ ਰਾਇਲੀ ਦੇ ਖੱਬੇ ਹੱਥ ਦਾ ਕੰਮ ਸੀ। ਉਹ ਬ੍ਰਿਟੇਨ ਦੇ ਸਭ ਤੋਂ ਵਧੀਆ ਜਾਸੂਸਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਸੋਵੀਅਤ ਸੰਘ ਵਿੱਚ ਜਾਸੂਸੀ ਕਰਨ ਲਈ ਭੇਜਿਆ ਗਿਆ ਸੀ।"
ਸਿਡਨੀ ਰਾਇਲੀ ਦਾ ਜਨਮ ਸੰਨ 1873 ਵਿੱਚ ਓਡੇਸਾ, ਯੂਕਰੇਨ ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਸੰਨ 1890 ਦੇ ਦਹਾਕੇ ਵਿੱਚ ਉਹ ਲੰਡਨ ਚਲੇ ਗਏ ਸਨ, ਜਿੱਥੇ ਉਨ੍ਹਾਂ ਨੇ ਨਾ ਸਿਰਫ਼ ਇੱਕ ਆਇਰਿਸ਼ ਔਰਤ ਨਾਲ ਵਿਆਹ ਕੀਤਾ ਸਗੋਂ ਉਨ੍ਹਾਂ ਦਾ ਵਿਆਹ ਤੋਂ ਪਹਿਲਾਂ ਦਾ ਨਾਮ ਵੀ ਆਪਣੇ ਨਾਮ ਨਾਲ ਜੋੜ ਲਿਆ।
ਉਨ੍ਹਾਂ ਨੇ ਖ਼ੁਦ ਨੂੰ ਆਇਰਿਸ਼ ਕਹਿਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਉਹ ਕਦੇ ਕਾਰੋਬਾਰੀ ਬਣੇ ਤਾਂ ਕਦੇ ਫ੍ਰੀਲਾਂਸ ਜਾਸੂਸ ਬਣੇ।

ਤਸਵੀਰ ਸਰੋਤ, Biteback Publishing
ਜਪਾਨ ਅਤੇ ਬ੍ਰਿਟੇਨ ਲਈ ਜਾਸੂਸੀ
ਉਨ੍ਹਾਂ ਦਾ ਕੰਮ ਅਜਿਹੀਆਂ ਸੂਚਨਾਵਾਂ ਇਕੱਠੀਆਂ ਕਰਨਾ ਸੀ ਜਿਸ ਨੂੰ ਉਹ ਕਿਸੇ ਨੂੰ ਵੇਚ ਸਕਣ।
ਉਨ੍ਹਾਂ ਨੇ ਬ੍ਰਿਟਿਸ਼ ਖ਼ੁਫ਼ੀਆ ਤੰਤਰ ਨੂੰ ਕਾਕੇਸ਼ਸ ਵਿੱਚ ਤੇਲ ਮਿਲਣ ਦੀਆਂ ਸੰਭਾਵਨਾਵਾਂ ਦੀ ਸਹੀ ਜਾਣਕਾਰੀ ਦਿੱਤੀ। ਜਪਾਨ-ਰੂਸ ਯੁੱਧ ਦੌਰਾਨ ਉਨ੍ਹਾਂ ਨੇ ਰੂਸ ਦੀਆਂ ਰੱਖਿਆ ਯੋਜਨਾਵਾਂ ਚੋਰੀ ਕਰਕੇ ਜਪਾਨੀਆਂ ਨੂੰ ਵੇਚ ਦਿੱਤੀਆਂ।
ਐਂਡਰਿਊ ਕੁੱਕ ਆਪਣੀ ਕਿਤਾਬ 'ਐਸ ਆਫ਼ ਸਪਾਈਜ਼, ਦਿ ਟਰੂ ਸਟੋਰੀ ਆਫ਼ ਸਿਡਨੀ ਰਾਇਲੀ' ਵਿੱਚ ਲਿਖਦੇ ਹਨ, "ਯੁੱਧ ਦਾ ਸਾਮਾਨ ਖਰੀਦਣ ਅਤੇ ਵੇਚਣ ਵਿੱਚ ਰਾਇਲੀ ਦੀ ਵੱਡੀ ਭੂਮਿਕਾ ਸੀ। ਉਨ੍ਹਾਂ ਨੇ ਜਿੱਥੇ ਜਪਾਨ ਵਿੱਚ ਵੱਡੀ ਮਾਤਰਾ ਵਿੱਚ ਬਾਰੂਦ ਖਰੀਦਿਆ, ਉੱਥੇ ਹੀ ਨਿਊਯਾਰਕ ਵਿੱਚ ਰੂਸੀਆਂ ਲਈ ਹਥਿਆਰ ਵੀ ਖਰੀਦੇ।"
1917 ਦੀ ਰੂਸੀ ਕ੍ਰਾਂਤੀ ਤੋਂ ਪਹਿਲਾਂ ਉਨ੍ਹਾਂ ਨੂੰ ਆਖ਼ਰੀ ਵਾਰ 1915 ਦੀਆਂ ਗਰਮੀਆਂ ਵਿੱਚ ਰੂਸ ਵਿੱਚ ਦੇਖਿਆ ਗਿਆ। ਸੰਨ 1914 ਵਿੱਚ ਰਾਇਲੀ ਨੇ ਸੇਂਟ ਪੀਟਰਸਬਰਗ ਵਿੱਚ ਜਰਮਨੀ ਦੀ ਇੱਕ ਜਹਾਜ਼ ਬਣਾਉਣ ਵਾਲੀ ਕੰਪਨੀ ਦੇ ਮਾਲਕ ਤੋਂ ਜਰਮਨੀ ਦੇ ਜਲ ਸੈਨਾ ਵਿਸਥਾਰ ਦਾ ਪੂਰਾ ਬਲੂ ਪ੍ਰਿੰਟ ਚੋਰੀ ਕਰ ਲਿਆ ਅਤੇ ਇਸ ਦੀ ਸੂਚਨਾ ਬ੍ਰਿਟਿਸ਼ ਖ਼ੁਫ਼ੀਆ ਵਿਭਾਗ ਨੂੰ ਵੇਚ ਦਿੱਤੀ।
ਰੂਸ ਵਿੱਚ ਅਕਤੂਬਰ ਕ੍ਰਾਂਤੀ ਤੋਂ ਬਾਅਦ ਰਾਇਲੀ ਨੇ ਬ੍ਰਿਟਿਸ਼ ਸੈਨਾ ਵਿੱਚ ਭਰਤੀ ਹੋਣ ਦੀ ਇੱਛਾ ਜ਼ਾਹਿਰ ਕੀਤੀ। ਉਸ ਸਮੇਂ ਉਹ ਨਿਊਯਾਰਕ ਵਿੱਚ ਯੁੱਧ ਨਾਲ ਜੁੜੇ ਠੇਕਿਆਂ 'ਤੇ ਕੰਮ ਕਰ ਰਹੇ ਸਨ।
ਉਨ੍ਹਾਂ ਦੇ ਜੀਵਨੀਕਾਰ (ਬਾਇਓਗ੍ਰਾਫ਼ਰ) ਐਂਡਰਿਊ ਕੁੱਕ ਅਨੁਸਾਰ, "ਰਾਇਲੀ ਕਿਸੇ ਬਹਾਨੇ ਦੁਬਾਰਾ ਰੂਸ ਵਿੱਚ ਦਾਖ਼ਲ ਹੋਣ ਦੀ ਯੋਜਨਾ ਬਣਾ ਰਹੇ ਸਨ ਜਿੱਥੇ ਉਹ ਸੇਂਟ ਪੀਟਰਸਬਰਗ ਵਿੱਚ ਕਾਫੀ ਕੀਮਤੀ ਸਾਮਾਨ ਅਤੇ ਮਹੱਤਵਪੂਰਨ ਪੇਂਟਿੰਗਾਂ ਛੱਡ ਆਏ ਸਨ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਵਾਪਸ ਬ੍ਰਿਟੇਨ ਪਹੁੰਚਾ ਦਿੱਤਾ ਜਾਵੇ।"

ਰਾਇਲੀ ਨੂੰ ਜਾਸੂਸੀ ਕਰਨ ਲਈ ਰੂਸ ਭੇਜਿਆ
18 ਮਾਰਚ 1918 ਨੂੰ ਰੂਸ ਭੇਜੇ ਜਾਣ ਤੋਂ ਪਹਿਲਾਂ, ਬ੍ਰਿਟੇਨ ਦੀ ਸੀਕ੍ਰੇਟ ਇੰਟੈਲੀਜੈਂਸ ਸਰਵਿਸ (ਐੱਸਆਈਐੱਸ) ਦੇ ਮੁਖੀ ਸਰ ਮੈਨਸਫੀਲਡ ਕਮਿੰਗ ਨੇ ਉਨ੍ਹਾਂ ਦੇ ਪਿਛੋਕੜ ਦੀ ਜਾਂਚ ਕਰਵਾਈ ਸੀ। ਖ਼ੁਫ਼ੀਆ ਏਜੰਸੀ ਐੱਮਆਈ 5 ਅਨੁਸਾਰ ਰਾਇਲੀ ਇੱਕ ਜਮਾਂਦਰੂ ਚਾਲਬਾਜ਼ ਸ਼ਖਸ ਸੀ।
ਨਿਊਯਾਰਕ ਦੇ ਐੱਸਆਈਐੱਸ ਸਟੇਸ਼ਨ ਨੇ ਤਾਰ (ਟੈਲੀਗ੍ਰਾਮ) ਭੇਜ ਕੇ ਉਨ੍ਹਾਂ ਬਾਰੇ ਦੱਸਿਆ ਸੀ ਕਿ ਉਹ ਭਰੋਸਾ ਕਰਨ ਯੋਗ ਸ਼ਖਸ ਨਹੀਂ ਹੈ ਅਤੇ ਰੂਸ ਵਿੱਚ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਜਾਣ ਵਾਲੀ ਹੈ ਉਹ ਉਨ੍ਹਾਂ ਦੇ ਲਾਇਕ ਨਹੀਂ ਹੈ।
ਕੁੱਕ ਲਿਖਦੇ ਹਨ, "ਇੱਕ ਐੱਸਆਈਐੱਸ ਅਫਸਰ ਨੌਰਮਨ ਥਵੈਟਸ ਨੇ ਇੱਕ ਬੈਂਕਰ ਨੂੰ ਦੱਸਿਆ ਸੀ ਕਿ ਰਾਇਲੀ ਇੱਕ ਚਲਾਕ ਕਾਰੋਬਾਰੀ ਹੈ। ਉਹ ਨਾ ਤਾਂ ਦੇਸ਼ ਭਗਤ ਅਤੇ ਨਾ ਹੀ ਸਿਧਾਂਤਵਾਦੀ ਹੈ, ਇਸ ਲਈ ਉਨ੍ਹਾਂ ਨੂੰ ਕਿਸੇ ਅਜਿਹੀ ਜਗ੍ਹਾ ਲਈ ਨਹੀਂ ਚੁਣਨਾ ਚਾਹੀਦਾ ਜਿੱਥੇ ਵਫ਼ਾਦਾਰੀ ਦੀ ਲੋੜ ਹੁੰਦੀ ਹੈ।"
"ਪਰ ਕਮਿੰਗ ਨੇ ਇਨ੍ਹਾਂ ਸਾਰੇ ਸੁਝਾਵਾਂ ਨੂੰ ਦਰਕਿਨਾਰ ਕਰਦੇ ਹੋਏ ਉਨ੍ਹਾਂ ਨੂੰ ਜਾਸੂਸੀ ਮਿਸ਼ਨ ਲਈ ਰੂਸ ਭੇਜਣ ਦਾ ਫ਼ੈਸਲਾ ਕਰ ਲਿਆ।"

ਤਸਵੀਰ ਸਰੋਤ, Tempus
ਔਰਤਾਂ ਨਾਲ ਦੋਸਤੀ
ਸਿਡਨੀ ਰਾਇਲੀ ਨੂੰ ਕਿਸੇ ਨੇ ਕਦੇ ਆਕਰਸ਼ਕ ਸ਼ਖ਼ਸੀਅਤ ਵਾਲਾ ਸ਼ਖਸ ਨਹੀਂ ਕਿਹਾ। ਕਮਿੰਗ ਨੇ ਜਦੋਂ ਰੂਸ ਵਿੱਚ ਤੈਨਾਤ ਆਪਣੇ ਜਾਸੂਸਾਂ ਨੂੰ ਰਾਇਲੀ ਦਾ ਵੇਰਵਾ ਭੇਜਿਆ ਤਾਂ ਉਨ੍ਹਾਂ ਨੇ ਲਿਖਿਆ, "ਉਨ੍ਹਾਂ ਦਾ ਕੱਦ ਪੰਜ ਫੁੱਟ ਦਸ ਇੰਚ ਹੈ। ਉਨ੍ਹਾਂ ਦੀਆਂ ਅੱਖਾਂ ਭੂਰੀਆਂ ਹਨ ਅਤੇ ਥੋੜ੍ਹੀਆਂ ਬਾਹਰ ਵੱਲ ਨਿਕਲੀਆਂ ਹੋਈਆਂ ਹਨ। ਉਨ੍ਹਾਂ ਦੇ ਚਿਹਰੇ ਦਾ ਰੰਗ ਸਾਂਵਲਾ ਹੈ ਜਿਸ ਉੱਤੇ ਕਈ ਲਕੀਰਾਂ ਦਿਖਾਈ ਦਿੰਦੀਆਂ ਹਨ।"
ਪਰ ਕੁਝ ਅਜਿਹਾ ਸੀ ਕਿ ਔਰਤਾਂ ਹਮੇਸ਼ਾ ਰਾਇਲੀ ਵੱਲ ਖਿੱਚੀਆਂ ਚਲੀਆਂ ਆਉਂਦੀਆਂ ਸਨ। ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਵਿੱਚ ਉਹ ਔਰਤਾਂ ਦਾ ਖੁੱਲ੍ਹ ਕੇ ਇਸਤੇਮਾਲ ਕਰਦੇ ਸਨ।
ਰੌਬਰਟ ਸਰਵਿਸ ਆਪਣੀ ਕਿਤਾਬ 'ਸਪਾਈਜ਼ ਐਂਡ ਕਮਿਸਾਰਸ' ਵਿੱਚ ਲਿਖਦੇ ਹਨ, "ਰਾਇਲੀ ਦੀਆਂ ਕਈ ਪ੍ਰੇਮਿਕਾਵਾਂ ਵਿੱਚ ਇੱਕ ਨੌਜਵਾਨ ਰੂਸੀ ਅਦਾਕਾਰਾ ਯੇਲਿਜ਼ਾਵੇਤਾ ਓਟੇਨ ਹੋਇਆ ਕਰਦੀ ਸੀ। ਉਨ੍ਹਾਂ ਨੇ ਕ੍ਰੇਮਲਿਨ ਤੋਂ ਕੁਝ ਸੌ ਗਜ਼ ਦੀ ਦੂਰੀ 'ਤੇ ਸ਼ੇਰੇਮੇਤੀਵ ਲੇਨ ਵਿੱਚ ਇੱਕ ਅਪਾਰਟਮੈਂਟ ਕਿਰਾਏ 'ਤੇ ਲਿਆ ਸੀ।"
"ਉਨ੍ਹਾਂ ਨਾਲ ਉਸ ਅਪਾਰਟਮੈਂਟ ਵਿੱਚ ਰਹਿਣ ਵਾਲੀ ਦਾਗਮਾਰਾ ਕਾਰੋਜ਼ੂਸ ਨਾਲ ਵੀ ਉਨ੍ਹਾਂ ਦੇ ਗੂੜ੍ਹੇ ਸੰਬੰਧ ਸਨ। ਦਾਗਮਾਰਾ ਜਰਮਨ ਨਾਗਰਿਕ ਸੀ ਜਿਸਦੀ 1915 ਵਿੱਚ ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਜਾਸੂਸ ਹੋਣ ਦੇ ਸ਼ੱਕ ਵਿੱਚ ਜਾਂਚ ਕੀਤੀ ਸੀ।"
ਰੌਬਰਡ ਨੇ ਆਪਣੀ ਕਿਤਾਬ ਵਿੱਚ ਇੱਕ ਲੰਬੀ ਸੂਚੀ ਦਿੱਤੀ ਹੈ, "ਇਸ ਤੋਂ ਇਲਾਵਾ ਓਲਗਾ ਸਟਾਰਜ਼ੇਵਸਕਾਯਾ ਵੀ ਉਨ੍ਹਾਂ ਦੇ ਪ੍ਰੇਮ ਵਿੱਚ ਪਾਗ਼ਲ ਸੀ ਅਤੇ ਮੰਨਦੀ ਸੀ ਕਿ ਜਲਦੀ ਹੀ ਉਨ੍ਹਾਂ ਦੋਵਾਂ ਦਾ ਵਿਆਹ ਹੋ ਜਾਵੇਗਾ। ਉਹ ਕਾਂਗਰਸ ਆਫ਼ ਸੋਵੀਅਤ ਦੇ ਦਫ਼ਤਰ ਵਿੱਚ ਟਾਈਪਿਸਟ ਸੀ।
ਰਾਇਲੀ ਦੀ ਉਸ ਵਿੱਚ ਦਿਲਚਸਪੀ ਦਾ ਮੁੱਖ ਕਾਰਨ ਮਹੱਤਵਪੂਰਨ ਦਸਤਾਵੇਜ਼ਾਂ ਤੱਕ ਉਨ੍ਹਾਂ ਦੀ ਪਹੁੰਚ ਸੀ। ਇੱਕ ਹੋਰ ਔਰਤ ਮਾਰੀਆ ਫ੍ਰੀਦੇ ਨਾਲ ਵੀ ਉਨ੍ਹਾਂ ਦੇ ਸੰਬੰਧ ਸਨ। ਉਨ੍ਹਾਂ ਦਾ ਭਰਾ ਐਲੇਗਜ਼ੈਂਡਰ ਸੈਨਾ ਵਿੱਚ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਸੀ ਅਤੇ ਸੈਨਿਕ ਮਾਮਲਿਆਂ ਦੇ ਦਫ਼ਤਰ ਵਿੱਚ ਤੈਨਾਤ ਸੀ।"
ਸਟੀਫ਼ਨ ਗ੍ਰੇ ਲਿਖਦੇ ਹਨ, "ਉਹ ਗੁਪਤ ਜ਼ਿੰਦਗੀ ਜਿਉਣ ਅਤੇ ਤਰ੍ਹਾਂ-ਤਰ੍ਹਾਂ ਦੇ ਭੇਸ ਬਦਲਣ ਵਿੱਚ ਮਾਹਰ ਸਨ। ਉਹ ਬਹੁਭਾਸ਼ਾਈ ਸਨ ਅਤੇ ਫ਼ਰਰਾਟੇਦਾਰ ਰੂਸੀ ਬੋਲਦੇ ਸਨ। ਪੈਟਰੋਗ੍ਰਾਡ ਵਿੱਚ ਉਨ੍ਹਾਂ ਨੂੰ ਤੁਰਕ ਵਪਾਰੀ ਕੌਨਸਟੈਂਟਿਨ ਮਸੀਨੋ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਮਾਸਕੋ ਵਿੱਚ ਉਹ ਇੱਕ ਯੂਨਾਨੀ ਵਪਾਰੀ ਕੌਨਸਟੈਂਟਾਈਨ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰ ਰਹੇ ਸਨ।"
"ਦੂਜੀਆਂ ਥਾਵਾਂ 'ਤੇ ਉਨ੍ਹਾਂ ਨੇ ਆਪਣੇ ਆਪ ਨੂੰ ਰੂਸੀ ਖ਼ੁਫ਼ੀਆ ਏਜੰਸੀ ਦੇ ਅਪਰਾਧ ਜਾਂਚ ਵਿਭਾਗ ਦੇ ਮੈਂਬਰ ਸਿਗਮੰਡ ਰੇਲਿੰਸਕੀ ਵਜੋਂ ਪੇਸ਼ ਕੀਤਾ ਸੀ ਪਰ ਇੱਕ ਭਰੋਸੇਮੰਦ ਨਿਗਰਾਨ ਲਈ ਜਿਸ ਨਿਰਲੇਪਤਾ ਦੀ ਲੋੜ ਹੁੰਦੀ ਹੈ, ਉਸ ਦੀ ਉਨ੍ਹਾਂ ਵਿੱਚ ਕਮੀ ਸੀ।"

ਤਸਵੀਰ ਸਰੋਤ, Public Affairs
ਲੈਨਿਨ ਤੱਕ ਪਹੁੰਚ
ਅਪ੍ਰੈਲ 1918 ਵਿੱਚ ਮਾਸਕੋ ਪਹੁੰਚਣ ਤੋਂ ਬਾਅਦ, ਰਾਇਲੀ ਨੇ ਉੱਥੇ ਤੈਨਾਤ੍ ਬ੍ਰਿਟਿਸ਼ ਜਾਸੂਸਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਉਹ ਸਿੱਧੇ ਕ੍ਰੇਮਲਿਨ ਗਏ, ਜਿੱਥੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਸੋਵੀਅਤ ਉਪਲਬਧੀਆਂ ਬਾਰੇ ਇੱਕ ਕਿਤਾਬ 'ਤੇ ਖੋਜ ਕਰ ਰਹੇ ਹਨ।
ਨਤੀਜਾ ਇਹ ਹੋਇਆ ਕਿ ਉਹ ਲੈਨਿਨ ਦੇ ਚੀਫ਼ ਆਫ਼ ਸਟਾਫ਼ ਵਲਾਦੀਮੀਰ ਬਰੂਵਿਚ ਨਾਲ ਮੁਲਾਕਾਤ ਕਰਨ ਵਿੱਚ ਕਾਮਯਾਬ ਹੋ ਗਏ।
ਰੌਬਰਟ ਸਰਵਿਸ ਆਪਣੀ ਕਿਤਾਬ 'ਸਪਾਈਜ਼ ਐਂਡ ਕਮਿਸਾਰਸ' ਵਿੱਚ ਲਿਖਦੇ ਹਨ, "ਸਿਡਨੀ ਅਤੇ ਬਰੂਵਿਚ ਦੀ ਮੁਲਾਕਾਤ ਇੰਨੀ ਕਾਮਯਾਬ ਰਹੀ ਕਿ ਸਿਡਨੀ ਨੂੰ ਨਾ ਸਿਰਫ਼ ਇੱਕ ਸਰਕਾਰੀ ਗੱਡੀ ਦਿੱਤੀ ਗਈ, ਸਗੋਂ ਉਨ੍ਹਾਂ ਨੂੰ ਪੌਲੀਟੈਕਨੀਕਲ ਮਿਊਜ਼ੀਅਮ ਵਿੱਚ ਮਈ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਦਾ ਸੱਦਾ ਵੀ ਮਿਲ ਗਿਆ, ਜਿੱਥੇ ਟਰੌਟਸਕੀ ਭਾਸ਼ਣ ਦੇਣ ਵਾਲੇ ਸਨ।"
"ਜਦੋਂ ਸਿਡਨੀ ਅਤੇ ਉਨ੍ਹਾਂ ਦਾ ਇੱਕ ਦੋਸਤ ਹਾਲ ਵਿੱਚ ਪਹੁੰਚੇ ਤਾਂ ਹਾਲ ਪਹਿਲਾਂ ਹੀ ਭਰ ਚੁੱਕਾ ਸੀ। ਉਨ੍ਹਾਂ ਨੂੰ ਬੈਠਣ ਲਈ ਜੋ ਸੀਟ ਦਿੱਤੀ ਗਈ ਸੀ ਉਸਦੇ ਅਤੇ ਟਰੌਟਸਕੀ ਦੇ ਵਿਚਕਾਰ ਸਿਰਫ਼ ਇੱਕ ਪਿਆਨੋ ਜਿੰਨੀ ਦੂਰੀ ਸੀ। ਸਿਡਨੀ ਨੇ ਆਪਣੇ ਦੋਸਤ ਨੂੰ ਕੰਨ ਵਿੱਚ ਕਿਹਾ, 'ਇਹੀ ਮੌਕਾ ਹੈ ਕਿ ਟਰੌਟਸਕੀ ਨੂੰ ਮਾਰ ਕੇ ਬੋਲਸ਼ੇਵਿਜ਼ਮ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਵੇ'।"
ਪਰ ਉਨ੍ਹਾਂ ਨੇ ਆਪਣੇ ਉੱਪਰ ਸੰਜਮ ਰੱਖਿਆ। ਜਦੋਂ ਉਹ ਰੂਸ ਆਏ ਸਨ ਤਾਂ ਬੋਲਸ਼ੇਵਿਜ਼ਮ ਬਾਰੇ ਉਨ੍ਹਾਂ ਦੀ ਚੰਗੀ ਰਾਇ ਸੀ ਪਰ ਕੁਝ ਦਿਨ ਮਾਸਕੋ ਵਿੱਚ ਬਿਤਾਉਣ ਤੋਂ ਬਾਅਦ ਉਨ੍ਹਾਂ ਦਾ ਮਨ ਬਦਲ ਗਿਆ ਸੀ ਅਤੇ ਸੋਵੀਅਤ ਸਰਕਾਰ ਦੇ ਖ਼ਿਲਾਫ਼ ਉਨ੍ਹਾਂ ਦੇ ਮਨ ਵਿੱਚ ਕਾਫ਼ੀ ਕੁੜੱਤਣ ਆ ਗਈ ਸੀ।
ਮਾਸਕੋ ਵਿੱਚ ਤੈਨਾਤ ਬ੍ਰਿਟਿਸ਼ ਜਾਸੂਸਾਂ ਰੌਬਰਟ ਲਾਕਹਾਰਟ ਅਤੇ ਜਾਰਜ ਹਿੱਲ ਨੇ ਆਪਣੀਆਂ ਸਵੈ-ਜੀਵਨੀਆਂ ਵਿੱਚ ਜ਼ਿਕਰ ਕੀਤਾ ਹੈ ਕਿ ਸਿਡਨੀ ਰਾਇਲੀ ਨੇ ਸੋਵੀਅਤ ਸਰਕਾਰ ਦੇ ਖ਼ਿਲਾਫ਼ ਵਿਦਰੋਹ ਕਰਵਾਉਣ ਦੀ ਯੋਜਨਾ ਬਣਾਈ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਰਾਇਲੀ ਦੀ ਯੋਜਨਾ ਸੀ ਕਿ ਕ੍ਰੇਮਲਿਨ ਦੀ ਸੁਰੱਖਿਆ ਵਿੱਚ ਤੈਨਾਤ ਲਾਤਵੀਆਈ ਗਾਰਡ ਬੰਦੂਕ ਦੀ ਨੋਕ 'ਤੇ ਲੈਨਿਨ ਸਮੇਤ ਚੋਟੀ ਦੇ ਸੋਵੀਅਤ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ।
ਉਨ੍ਹਾਂ ਨੇ ਜਾਣ-ਬੁੱਝ ਕੇ ਉਨ੍ਹਾਂ ਦੀ ਹੱਤਿਆ ਕਰਨ ਦੀ ਯੋਜਨਾ ਨਹੀਂ ਬਣਾਈ ਸੀ ਕਿਉਂਕਿ ਰਾਇਲੀ ਦਾ ਮੰਨਣਾ ਸੀ ਕਿ ਜੇਕਰ ਵਿਦੇਸ਼ੀ ਤਾਕਤਾਂ ਦੇ ਹੱਥੋਂ ਲੈਨਿਨ ਮਾਰੇ ਗਏ ਤਾਂ ਸੋਵੀਅਤ ਲੋਕਾਂ ਦੀ ਪ੍ਰਤੀਕਿਰਿਆ ਮੁਸੀਬਤ ਬਣ ਜਾਵੇਗੀ।
ਜਾਰਜ ਐਲੇਗਜ਼ੈਂਡਰ ਹਿੱਲ ਆਪਣੀ ਕਿਤਾਬ 'ਗੋ ਸਪਾਈ ਦਿ ਲੈਂਡ' ਵਿੱਚ ਲਿਖਦੇ ਹਨ, "ਰਾਇਲੀ ਦੀ ਮੂਲ ਯੋਜਨਾ ਸੀ ਕਿ ਉਹ ਲੈਨਿਨ ਸਮੇਤ ਸਾਰੇ ਕਮਿਊਨਿਸਟ ਨੇਤਾਵਾਂ ਦੀ ਮਾਸਕੋ ਦੀਆਂ ਸੜਕਾਂ 'ਤੇ ਪਰੇਡ ਕਰਵਾਉਣਾ ਚਾਹੁੰਦੇ ਸਨ ਤਾਂ ਜੋ ਉਨ੍ਹਾਂ ਦੀ ਬੇਇੱਜ਼ਤੀ ਕਰਾਈ ਜਾ ਸਕੇ ਅਤੇ ਰੂਸੀਆਂ ਨੂੰ ਦਿਖਾਇਆ ਜਾ ਸਕੇ ਕਿ ਉਹ ਕਿੰਨੇ ਕਮਜ਼ੋਰ ਹਨ।"
"ਇਹ ਇੱਕ ਮੁਸ਼ਕਲ ਕੰਮ ਸੀ। ਸਿਡਨੀ ਦੇ ਸਾਥੀ ਹਿੱਲ ਨੇ ਇਸਨੂੰ ਇਹ ਕਹਿ ਕੇ ਵੀਟੋ ਕਰ ਦਿੱਤਾ ਕਿ ਅਜਿਹਾ ਕਰਨਾ ਵਿਵਹਾਰਿਕ ਨਹੀਂ ਹੋਵੇਗਾ।"
ਅਪ੍ਰੇਸ਼ਨ ਹੋਇਆ ਨਾਕਾਮ
17 ਅਗਸਤ ਨੂੰ ਰਾਇਲੀ ਅਤੇ ਇੱਕ ਹੋਰ ਬ੍ਰਿਟਿਸ਼ ਏਜੰਟ ਜ਼ੌਰਜ ਹਿੱਲ ਨੇ ਲਾਤਵੀਆਈ ਰੈਜੀਮੈਂਟਲ ਲੀਡਰ ਨਾਲ ਮੁਲਾਕਾਤ ਕੀਤੀ। ਯੋਜਨਾ ਬਣੀ ਕਿ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਕੌਂਸਲ ਆਫ਼ ਪੀਪਲਜ਼ ਕਮਿਸਾਰਸ ਅਤੇ ਸੋਵੀਅਤ ਲੀਡਰਸ਼ਿਪ ਦੀ ਮੀਟਿੰਗ ਦੌਰਾਨ ਬਗ਼ਾਵਤ ਨੂੰ ਅੰਜਾਮ ਦਿੱਤਾ ਜਾਵੇਗਾ।
ਪਰ ਐਨ ਮੌਕੇ 'ਤੇ ਅਚਾਨਕ ਹੋਈਆਂ ਘਟਨਾਵਾਂ ਨੇ ਇਸ ਆਪ੍ਰੇਸ਼ਨ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ। 30 ਅਗਸਤ ਨੂੰ ਇੱਕ ਸੈਨਿਕ ਕੈਡੇਟ ਨੇ ਸੋਵੀਅਤ ਖ਼ੁਫ਼ੀਆ ਏਜੰਸੀ ਚੇਖਾ ਦੇ ਪੈਟਰੋਗ੍ਰਾਡ ਪ੍ਰਮੁੱਖ ਮੋਸੇਲ ਯੂਰਿਤਸਕੀ ਦੀ ਹੱਤਿਆ ਕਰ ਦਿੱਤੀ। ਉਸੇ ਦਿਨ ਫ਼ਾਨਿਆ ਕਾਪਲਾਨ ਨੇ ਲੈਨਿਨ 'ਤੇ ਉਸ ਸਮੇਂ ਗੋਲੀ ਚਲਾਈ ਜਦੋਂ ਉਹ ਮਾਸਕੋ ਦੀ ਇੱਕ ਫੈਕਟਰੀ ਤੋਂ ਬਾਹਰ ਨਿਕਲ ਰਹੇ ਸਨ।
ਇਸ ਗੋਲੀਬਾਰੀ ਵਿੱਚ ਲੈਨਿਨ ਜ਼ਖਮੀ ਹੋ ਗਏ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸੋਵੀਅਤ ਖ਼ੁਫ਼ੀਆ ਏਜੰਸੀ ਚੇਖਾ ਨੇ ਹਜ਼ਾਰਾਂ ਰਾਜਨੀਤਿਕ ਵਿਰੋਧੀਆਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਸ ਅਭਿਆਨ ਵਿੱਚ ਬਗ਼ਾਵਤ ਦੀ ਯੋਜਨਾ ਬਣਾਉਣ ਵਾਲੇ ਰਾਇਲੀ ਦੇ ਸਾਥੀ ਵੀ ਗ੍ਰਿਫ਼ਤਾਰ ਕਰ ਲਏ ਗਏ। ਉਨ੍ਹਾਂ ਨੇ ਪੈਟਰੋਗ੍ਰਾਡ ਵਿੱਚ ਬ੍ਰਿਟਿਸ਼ ਦੂਤਾਵਾਸ 'ਤੇ ਹਮਲਾ ਕਰਕੇ ਸਿਡਨੀ ਰਾਇਲੀ ਦੇ ਸਾਥੀ ਕਰੋਮੀ ਨੂੰ ਮਾਰ ਦਿੱਤਾ। ਇਸ ਤੋਂ ਇਲਾਵਾ ਰਾਇਲੀ ਦੇ ਦੂਜੇ ਸਾਥੀ ਰੌਬਰਟ ਲਾਕਹਾਰਟ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।
ਬਾਅਦ ਵਿੱਚ ਉਨ੍ਹਾਂ ਨੂੰ ਲੰਡਨ ਵਿੱਚ ਗ੍ਰਿਫਤਾਰ ਇੱਕ ਸੋਵੀਅਤ ਰਾਜਦੂਤ ਮੈਕਸਿਮ ਲਿਤਵੀਨੋਵ ਦੇ ਬਦਲੇ ਰਿਹਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਰਾਇਲੀ ਦੀ ਮੈਸੇਂਜਰ ਯੇਲਿਜ਼ਾਵੇਤਾ ਔਟੇਨ, ਮਾਰੀਆ ਫ੍ਰੀਦੇ ਅਤੇ ਇੱਕ ਦੂਜੀ ਪ੍ਰੇਮਿਕਾ ਓਲਗਾ ਸਟਾਰਜ਼ੇਵਸਕਾਯਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।

ਤਸਵੀਰ ਸਰੋਤ, Biteback Publishing
ਰਾਇਲੀ ਦੀ ਗ੍ਰਿਫ਼ਤਾਰੀ
ਰਾਇਲੀ ਦੇ ਟਿਕਾਣੇ 'ਤੇ ਵੀ ਰੂਸੀ ਖ਼ੁਫ਼ੀਆ ਪੁਲਿਸ ਨੇ ਛਾਪਾ ਮਾਰਿਆ ਪਰ ਰਾਇਲੀ ਬ੍ਰਿਟਿਸ਼ ਜਾਸੂਸਾਂ ਦੀ ਮਦਦ ਨਾਲ ਰੂਸ ਤੋਂ ਬਾਹਰ ਨਿਕਲਣ ਵਿੱਚ ਸਫ਼ਲ ਹੋ ਗਏ। ਉਹ ਫਿਨਲੈਂਡ ਅਤੇ ਸਟੌਕਹੌਮ ਹੁੰਦੇ ਹੋਏ 9 ਨਵੰਬਰ ਨੂੰ ਲੰਡਨ ਪਹੁੰਚੇ।
ਰਾਇਲੀ ਨੇ ਡਿਬਰੀਫਿੰਗ ਤੋਂ ਬਾਅਦ ਅਗਲੇ ਕੁਝ ਸਾਲ ਯੂਰਪ ਦੇ ਕੁਝ ਦੇਸ਼ਾਂ ਵਿੱਚ ਬਿਤਾਏ। ਇਸ ਵਿਚਾਲੇ ਰੂਸ ਦੀ ਇੱਕ ਅਦਾਲਤ ਨੇ ਬੋਲਸ਼ੇਵਿਕ ਸਰਕਾਰ ਦਾ ਤਖ਼ਤਾ ਪਲਟਣ ਦੇ ਯਤਨ ਦੇ ਇਲਜ਼ਾਮ ਵਿੱਚ ਸਿਡਨੀ ਰਾਇਲੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ।
ਸੰਨ 1925 ਵਿੱਚ ਰਾਇਲੀ ਆਪਣੀ ਇੱਕ ਆਖ਼ਰੀ ਮੁਹਿੰਮ ਲਈ ਇੱਕ ਵਾਰ ਰੂਸ ਵਾਪਸ ਗਏ।
ਉਨ੍ਹਾਂ ਦਾ ਉਦੇਸ਼ ਸੋਵੀਅਤ ਸੰਘ ਦੀ ਫੌਜ ਅਤੇ ਉਦਯੋਗਿਕ ਸਮਰਥਾਵਾਂ ਬਾਰੇ ਖ਼ੁਫ਼ੀਆ ਜਾਣਕਾਰੀ ਇਕੱਠਾ ਕਰਨਾ ਸੀ।
ਯੂਗੀਨ ਨੀਲਸਨ ਨੇ 21 ਅਗਸਤ, 2023 ਨੂੰ ਯੇਰੂਸਲਮ ਟਾਈਮਜ਼ ਵਿੱਚ ਛਪੇ ਆਪਣੇ ਲੇਖ 'ਸਿਡਨੀ ਰਾਇਲੀ, ਐਜ਼ ਆਫ ਸਪਾਇਜ਼' ਵਿੱਚ ਲਿਖਿਆ, "ਰਾਇਲੀ ਨੂੰ ਸੋਵੀਅਤ ਸਰਕਾਰ ਡੇਗਣ ਦਾ ਇੱਕ ਤਰ੍ਹਾਂ ਦਾ ਜਨੂਨ ਸੀ।"
"ਉਨ੍ਹਾਂ ਦਾ ਮੰਨਣਾ ਸੀ ਕਿ ਸੋਵੀਅਤ ਸੰਘ ਵਿੱਚ ਕੰਮ ਕਰ ਰਿਹਾ ਗੁਪਤ ਬੋਲਸ਼ੇਵਿਕ ਵਿਰੋਧੀ ਸੰਗਠਨ ਜਿਸ ਦਾ ਨਾਮ 'ਟਰੱਸਟ' ਸੀ, ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਪਰ ਇਹ ਅਸਲ ਵਿੱਚ ਰੂਸੀ ਖ਼ੁਫ਼ੀਆ ਏਜੰਸੀਆਂ ਦਾ ਫੈਲਾਇਆ ਜਾਲ ਸੀ ਤਾਂ ਜੋ ਵਿਦੇਸ਼ੀ ਏਜੰਟਾਂ ਅਤੇ ਬੋਲਸ਼ੇਵਿਕ ਸਰਕਾਰ ਦੇ ਵਿਰੋਧੀਆਂ ਨੂੰ ਝਾਂਸੇ ਦੇ ਕੇ ਰੂਸ ਬੁਲਾਇਆ ਜਾ ਸਕੇ। ਰਾਇਲੀ ਇਸ ਝਾਂਸੇ ਵਿੱਚ ਆ ਗਏ।"
ਉਨ੍ਹਾਂ ਨੂੰ ਫਿਨਲੈਂਡ ਰਾਹੀਂ ਰੂਸ ਦੀ ਸੀਮਾ ਪਾਰ ਕਰ ਕੇ ਥਲ ਮਾਰਗ ਰਾਹੀਂ ਆਉਣ ਦਾ ਸੱਦਾ ਦਿੱਤਾ ਗਿਆ। ਫਿਨਲੈਂਡ ਨਾਲ 'ਟਰੱਸਟ' ਦਾ ਇੱਕ ਏਜੰਟ ਫਿਓਡੋਰ ਉਨ੍ਹਾਂ ਦੇ ਨਾਲ ਰੂਸ ਆਇਆ।
ਫਿਓਡੋਰ ਅਸਲ ਵਿੱਚ ਰੂਸੀ ਖ਼ੁਫ਼ੀਆ ਏਜੰਸੀ ਦਾ ਇੱਕ ਏਜੰਟ ਸੀ। ਉਹ ਉਨ੍ਹਾਂ ਨੂੰ ਇੱਕ ਦੂਰ-ਦਰਾਜ ਦੇ ਇਲਾਕੇ ਵਿੱਚ ਇੱਕ ਕੇਬਿਨ ਵਿੱਚ ਲੈ ਗਿਆ। ਥੋੜ੍ਹੀ ਦੇਰ ਬਾਅਦ ਕੇਬਿਨ ਨੂੰ ਰੂਸੀ ਫੌਜ ਨੇ ਘੇਰ ਲਿਆ।
ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਸੋ ਦੀ ਲੁਬਯੰਕਾ ਜੇਲ੍ਹ ਵਿੱਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਕੋਲੋਂ ਕਈ ਦਿਨਾਂ ਤੱਕ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ।
ਪੰਜ ਨਵੰਬਰ, 1925 ਨੂੰ ਉਨ੍ਹਾਂ ਨੇ ਮਾਸਕੋ ਦੇ ਕੋਲ ਇੱਕ ਜੰਗਲ ਵਿੱਚ ਗੋਲੀ ਮਾਰ ਦਿੱਤੀ ਗਈ। ਬਹੁਤ ਦਿਨਾਂ ਤੱਕ ਰੂਸ ਕਹਿੰਦਾ ਰਿਹਾ ਕਿ ਉਨ੍ਹਾਂ ਨੂੰ ਉਦੋਂ ਗੋਲੀ ਮਾਰੀ ਗਈ ਜਦੋਂ ਉਹ ਜੇਲ੍ਹ 'ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਪਰ ਸੰਨ 2002 ਵਿੱਚ ਸਾਬਕਾ ਸੋਵੀਅਤ ਏਜੰਟ ਬੋਰਿਸ ਗੁਦਜ਼ ਨੇ ਰਾਇਲੀ ਦੀ ਜੀਵਨੀ ਲਿਖਣ ਵਾਲੇ ਐਂਡਰਿਊ ਕੁਕ ਨੂੰ ਇੱਕ ਇੰਟਰਵਿਊ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਉਸ ਟੀਮ ਦੇ ਮੈਂਬਰ ਸਨ, ਜਿਸ ਨੇ ਸਿਡਨੀ ਰਾਇਲੀ ਕੋਲੋਂ ਪੁੱਛਗਿੱਛ ਕੀਤੀ ਸੀ ਅਤੇ ਬਾਅਦ ਵਿੱਚ ਗੋਲੀ ਮਾਰ ਦਿੱਤੀ ਸੀ।
ਸਿਡਨੀ ਰਾਇਲੀ ਅਤੇ ਜੇਮਸ ਬੌਂਡ

ਤਸਵੀਰ ਸਰੋਤ, Bradley Smith/CORBIS/Corbis via Getty Images
ਮੰਨਿਆ ਜਾਂਦਾ ਹੈ ਕਿ ਇਯਾਨ ਫਲੇਮਿੰਗ ਨੂੰ ਖ਼ੁਫ਼ੀਆ ਏਜੰਟ ਜੇਮਸ ਬੌਂਡ ਦਾ ਚਰਿੱਤਰ ਘੜਨ ਦੀ ਪ੍ਰੇਰਣਾ ਸਿਡਨੀ ਰਾਇਲੀ ਦੇ ਜੀਵਨ ਤੋਂ ਮਿਲੀ।
ਫਲੇਮਿੰਗ ਨੂੰ ਰਾਇਲੀ ਦੇ ਕਾਰਨਾਮੇ ਦੀ ਜਾਣਕਾਰੀ ਆਪਣੇ ਦੋਸਤ ਰੌਬਰਟ ਲੌਕਹਾਰਟ ਤੋਂ ਮਿਲੀ ਸੀ, ਜਿਨ੍ਹਾਂ ਨੇ ਰਾਇਲੀ ਨਾਲ ਰੂਸ ਵਿੱਚ ਕੰਮ ਕੀਤਾ ਅਤੇ ਜਿਨ੍ਹਾਂ ਨੇ ਰਾਇਲੀ 'ਤੇ ਮਸ਼ਹੂਰ ਕਿਤਾਬ 'ਰਾਇਲੀ ਐਜ਼ ਆਫ ਸਪਾਈਜ਼' ਲਿਖੀ ਸੀ।
ਫਲੇਮਿੰਗ ਨੇ ਜੇਮਸ ਬੌਂਡ ਦਾ ਚਰਿੱਤਰ ਘੜਨ ਲਈ ਰਾਇਲੀ ਦੀ ਸ਼ਖ਼ਸੀਅਤ ਦੇ ਕੁਝ ਪਹਿਲੂਆਂ ਜਿਵੇਂ ਉਨ੍ਹਾਂ ਦਾ ਰੂਪ ਰੰਗ, ਬਿਹਤਰੀਨ ਕੱਪੜੇ ਪਹਿਨਣ ਦੀ ਉਨ੍ਹਾਂ ਦੀ ਆਦਤ, ਔਰਤਾਂ ਨਾਲ ਘਿਰੇ ਰਹਿਣ ਅਤੇ ਕਾਰਾਂ ਤੇ ਸ਼ਰਾਬ ਦਾ ਸ਼ੌਕ, ਕਈ ਭਾਸ਼ਾਵਾਂ ਤੇ ਹਥਿਆਰਾਂ ਵਿੱਚ ਨਿਪੁੰਨਤਾ ਅਤੇ ਦੁਸ਼ਮਣਾਂ ਪ੍ਰਤੀ ਉਨ੍ਹਾਂ ਦੇ ਭਾਵਨਾਹੀਣ ਰਵੱਈਏ ਦਾ ਸਹਾਰਾ ਲਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












