ਔਡਰੇ ਹੇਪਬਰਨ: ਆਸਕਰ ਜੇਤੂ ਅਦਾਕਾਰਾ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਜਾਸੂਸ ਬਣ ਗਈ, ਜਾਣੋ ਕੀ ਸੀ ਮਕਸਦ

ਤਸਵੀਰ ਸਰੋਤ, Getty Images
- ਲੇਖਕ, ਕ੍ਰਿਸਟੋਫਰ ਲੂ
- ਰੋਲ, ਬੀਬੀਸੀ ਪੱਤਰਕਾਰ
ਇੱਕ ਆਸਕਰ ਜੇਤੂ ਅਭਿਨੇਤਰੀ ਜੋ ਨੀਦਰਲੈਂਡ ਵਿੱਚ ਵੱਡੇ ਹੋਏ ਸੀ। ਇੱਕ ਸਮੇਂ ਇਸ ਜਗ੍ਹਾ 'ਤੇ ਨਾਜ਼ੀਆਂ ਦਾ ਕਬਜ਼ਾ ਸੀ। ਉਹ ਕਿਸ਼ੋਰ ਬਾਲਗ ਸਨ, ਪਰ ਉਨ੍ਹਾਂ ਨੇ ਬਹਾਦਰੀ ਨਾਲ ਡੱਚ ਵਿਰੋਧ ਲਈ ਸੰਦੇਸ਼ ਦਿੱਤਾ ਸੀ।
ਬੀਬੀਸੀ ਰੇਡੀਓ ਫੌਰ ਪੋਡਕਾਸਟ ਹਿਸਟ੍ਰਿਜ਼ ਯਗੈਸਟ ਹੀਰੋਜ਼ 'ਤੇ ਨਿਕੋਲਾ ਕਫਲਨ ਇਤਿਹਾਸ ਵਿੱਚ ਨੌਜਵਾਨਾਂ ਦੀਆਂ ਅਸਾਧਾਰਣ ਕਹਾਣੀਆਂ ਬਾਰੇ ਗੱਲ ਕਰਦੇ ਹਨ। ਜਿਨ੍ਹਾਂ ਨੇ ਆਪਣੀ ਹਿੰਮਤ ਨਾਲ ਦੁਨੀਆ ਨੂੰ ਬਦਲ ਦਿੱਤਾ।
ਇਸ ਦਾ ਹਾਲੀਆ ਐਪੀਸੋਡ ਔਡਰੇ ਹੇਪਬਰਨ 'ਤੇ ਕੇਂਦਰਿਤ ਸੀ। ਉਹ 1950 ਅਤੇ 60 ਦੇ ਦਹਾਕੇ ਵਿੱਚ ਫਿਲਮ ਅਤੇ ਫੈਸ਼ਨ ਦੀ ਦੁਨੀਆ ਵਿੱਚ ਆਈਕਨ ਬਣ ਗਏ ਸੀ। ਉਨ੍ਹਾਂ ਨੂੰ ਪੰਜ ਵਾਰ ਆਸਕਰ ਲਈ ਨਾਮਜ਼ਦ ਕੀਤਾ ਗਿਆ ਸੀ।
ਸਾਲ 1953 ਵਿੱਚ, ਔਡਰੇ ਹੇਪਬਰਨ ਨੇ ਰੋਮਨ ਹਾਲੀਡੇ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਅਭਿਨੇਤਰੀ ਦਾ ਆਸਕਰ ਅਵਾਰਡ ਵੀ ਜਿੱਤਿਆ ਸੀ।
ਪਰ ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਬਿਲਕੁਲ ਹੀ ਵੱਖਰੀ ਭੂਮਿਕਾ ਨਿਭਾਈ ਸੀ।
ਉਨ੍ਹਾਂ ਨੇ ਨਾਜ਼ੀ ਕਬਜ਼ੇ ਦੌਰਾਨ ਡੱਚ ਵਿਰੋਧ ਲਈ ਫੰਡ ਇਕੱਠਾ ਕਰਨ ਲਈ ਗੁਪਤ ਰੂਪ ਵਿੱਚ ਬੈਲੇ ਡਾਂਸ ਪੇਸ਼ ਕੀਤਾ ਸੀ।

ਹੇਪਬਰਨ ਦਾ ਪਰਿਵਾਰ
ਹੇਪਬਰਨ ਦਾ ਜਨਮ ਸਾਲ 1929 ਵਿੱਚ ਬਰਸੇਲੱਸ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਂ ਏਲਾ ਵੈਨ ਹੇਮਸਟ੍ਰਾ ਡੱਚ ਸਨ ਅਤੇ ਉਨ੍ਹਾਂ ਦੇ ਪਿਤਾ ਜੋਸੇਫ਼ ਹੇਪਬਰਨ ਰਸਟਨ ਬ੍ਰਿਟਿਸ਼-ਆਸਟ੍ਰੀਅਨ ਵਪਾਰੀ ਸਨ।
ਉਨ੍ਹਾਂ ਦੇ ਮਾਤਾ-ਪਿਤਾ ਦਾ ਝੁਕਾਅ ਬ੍ਰਿਟਿਸ਼ ਯੂਨੀਅਨ ਆਫ ਫਾਸਿਸਟ ਦੇ ਨੇਤਾ ਓਸਵਾਲਡ ਮੋਸਲੇ ਵੱਲ ਸੀ। ਵੈਨ ਹੈਮਸਟ੍ਰ੍ਰਾ ਨੇ ਬੀਯੂਐਫ ਦੀ ਮੈਗਜ਼ੀਨ ਲਈ ਇੱਕ ਲੇਖ ਲਿਖਿਆ ਸੀ।
ਇਸ ਵਿਚ ਉਨ੍ਹਾਂ ਨੇ ਨਾਜ਼ੀ ਜਰਮਨੀ ਦੀ ਸਾਖ ਬਾਰੇ ਦੱਸਿਆ ਸੀ। ਹੇਪਬਰਨ -ਰਸਟਨ ਛੇ ਸਾਲ ਦੇ ਸੀ, ਜਦੋਂ ਉਨ੍ਹਾਂ ਨੇ ਆਪਣਾ ਪਰਿਵਾਰ ਛੱਡ ਦਿੱਤਾ ਸੀ।
ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ 'ਤੇ ਵਿਦੇਸ਼ੀ ਫਾਸੀਵਾਦੀਆਂ ਦਾ ਸਹਿਯੋਗੀ ਹੋਣ ਦਾ ਇਲਜ਼ਾਮ ਲੱਗਿਆ ਸੀ। ਉਹ ਇਸ ਤੋਂ ਬਾਅਦ ਜੰਗ ਦੌਰਾਨ ਪੂਰਾ ਸਮਾਂ ਜੇਲ੍ਹ ਵਿੱਚ ਹੀ ਰਹੇ ਸਨ।
ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਲੂਕਾ ਡੌਟੀ ਨੇ ਰੌਬਰਟ ਮੈਟਜ਼ੇਨ ਨੂੰ ਦੱਸਿਆ, "ਉਹ ਇੱਕ ਛੋਟੀ ਕੁੜੀ ਹੋਣ ਦੇ ਬਾਵਜੂਦ ਵੀ ਉਹ ਬਹੁਤ ਸਪੱਸ਼ਟ ਬੋਲ ਰਹੀ ਸੀ। ਉਨ੍ਹਾਂ ਨੂੰ ਹੱਸਣਾ, ਖੇਡਣਾ ਅਤੇ ਅਦਾਕਾਰੀ ਕਰਨਾ ਪਸੰਦ ਸੀ। ਮੇਰੇ ਦਾਦੀ ਉਨ੍ਹਾਂ ਨੂੰ 'ਮੰਕੀ ਪਜ਼ਲ' ਕਹਿ ਕੇ ਬੁਲਾਉਂਦੇ ਸਨ।"
ਰੌਬਰਟ ਮੈਟਜ਼ੇਨ ਡੱਚ ਗਰਲ ਦੇ ਲੇਖਕ ਹਨ। ਉਨ੍ਹਾਂ ਨੇ ਹਿਸਟਰੀਜ਼ ਯੰਗੈਸਟ ਹੀਰੋਜ਼ ਲਈ ਕੀਤੇ ਗਏ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਔਡਰੇ ਹੇਪਬਰਨ ਦੀ ਜ਼ਿੰਦਗੀ ਕਿਹੋ ਜਿਹੀ ਰਹੀ ਸੀ।
ਮੈਟਜ਼ੇਨ ਨੇ ਕਿਹਾ, "ਔਡਰੇ ਦੀ ਮਾਂ ਨੇ ਤਹਿ ਕੀਤਾ ਸੀ ਕਿ ਔਡਰੇ ਲਈ ਇੰਗਲੈਂਡ ਜਾਂ ਖਾਸ ਤੌਰ 'ਤੇ ਕੈਂਟ ਸੁਰੱਖਿਅਤ ਜਗ੍ਹਾ ਨਹੀਂ ਸੀ ਕਿਉਂਕਿ ਇਹ ਖ਼ਤਰਾ ਸੀ ਕਿ ਜਰਮਨੀ ਅਚਾਨਕ ਫਰਾਂਸ ਵੱਲ ਵਧੇਗਾ ਅਤੇ ਫਿਰ ਇੰਗਲੈਂਡ 'ਤੇ ਹਮਲਾ ਕਰ ਦੇਵੇਗਾ।"

ਤਸਵੀਰ ਸਰੋਤ, Getty Images
ਜਦੋਂ ਔਡਰੇ ਨੀਦਰਲੈਂਡ ਪਹੁੰਚੇ
ਵੈਨ ਹੇਮਸਟ੍ਰਾ ਨੇ ਆਪਣੀ ਧੀ ਨੂੰ ਬ੍ਰਿਟਿਸ਼ ਬੋਰਡਿੰਗ ਸਕੂਲ ਤੋਂ ਕੱਢਿਆ ਅਤੇ ਇਸ ਤੋਂ ਬਾਅਦ ਉਹ ਨੀਦਰਲੈਂਡ ਵਿੱਚ ਆਪਣੇ ਜੱਦੀ ਘਰ ਵਿੱਚ ਰਹਿਣ ਲਈ ਚਲੇ ਗਏ ਸਨ।
ਉੱਥੇ ਔਡਰੇ ਨੇ ਡਾਂਸ ਸਕੂਲ ਵਿੱਚ ਦਾਖਲਾ ਲੈ ਲਿਆ ਸੀ। ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਐਡਰੀਅਨਜੇ ਵੈਨ ਹੇਮਸਟ੍ਰਾ ਰੱਖ ਲਿਆ ਸੀ, ਤਾਂ ਕਿ ਇਹ ਡੱਚ ਨਾਮ ਵਾਂਗ ਲੱਗੇੇ।
ਹਾਲਾਂਕਿ, ਜਦੋਂ ਉਨ੍ਹਾਂ ਨੇ ਅਦਾਕਾਰੀ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਆਪਣਾ ਸਰਨੇਮ ਹੇਪਬਰਨ ਕਰ ਲਿਆ ਸੀ।
ਉਨ੍ਹਾਂ ਦੀ ਮਾਂ ਅਜੇ ਵੀ ਹਿਟਲਰ ਦੀ ਪ੍ਰਸ਼ੰਸਾ ਕਰਦੇ ਸੀ ਅਤੇ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਹਿਟਲਰ ਕਦੇ ਵੀ ਉਨ੍ਹਾਂ ਦੇ ਦੇਸ਼ 'ਤੇ ਹਮਲਾ ਨਹੀਂ ਕਰਨਗੇ।
ਡੌਟੀ ਨੀਦਰਲੈਂਡਜ਼ ਵਿੱਚ ਆਪਣੀ ਮਾਂ ਦੇ ਤਜ਼ਰਬੇ ਬਾਰੇ ਕਹਿੰਦੇ ਹਨ, "ਹਾਲੈਂਡ ਜਾਣਾ ਘਰ ਜਾਣ ਵਰਗਾ ਨਹੀਂ ਸੀ। ਉਹ ਡੱਚ ਨਹੀਂ ਬੋਲ ਸਕਦੇ ਸੀ। ਉਨ੍ਹਾਂ ਨੂੰ ਡੱਚ ਸਕੂਲ ਵਿੱਚ ਨਵੇਂ ਬੱਚਿਆਂ ਵਿੱਚ ਜਾਣਾ ਪੈਂਦਾ ਸੀ। ਉਨ੍ਹਾਂ ਨੂੰ ਇੱਕ ਵੀ ਸ਼ਬਦ ਸਮਝ ਨਹੀਂ ਆਉਂਦਾ ਸੀ। ਉਨ੍ਹਾਂ ਦਾ ਬੱਚਿਆਂ ਵੱਲੋਂ ਮਜ਼ਾਕ ਉਡਾਇਆ ਜਾਂਦਾ ਸੀ।"
ਹਿਟਲਰ ਨੇ ਮਈ 1940 ਵਿੱਚ ਨੀਦਰਲੈਂਡਜ਼ ਉੱਤੇ ਹਮਲਾ ਕੀਤਾ ਅਤੇ ਕਬਜ਼ਾ ਕਰ ਲਿਆ।
ਇਸ ਬਾਰੇ ਮੈਟਜ਼ੇਨ ਕਹਿੰਦੇ ਹਨ, "ਪੂਰਬੀ ਮੋਰਚਾ ਇੱਕ ਭੱਠੀ ਦੇ ਵਰਗਾ ਸੀ, ਜਿੱਥੇ ਇੰਨੇ ਸਾਧਨਾਂ ਨੂੰ ਤੇਜ਼ੀ ਨਾਲ ਜੁਟਾਇਆ ਨਹੀਂ ਜਾ ਸਕਦਾ ਸੀ। ਜਰਮਨ ਲੋਕਾਂ ਨੂੰ ਸੈਨਿਕਾਂ ਲਈ ਭੋਜਨ ਅਤੇ ਕੱਪੜਿਆਂ ਦੀ ਜ਼ਰੂਰਤ ਸੀ ਅਤੇ ਉਨ੍ਹਾਂ ਨੇ ਇਹ ਸਭ ਕੁਝ ਡੱਚ ਅਤੇ ਹੋਰ ਦੇਸ਼ਾਂ ਤੋਂ ਲਿਆ ਸੀ। "
ਹੇਪਬਰਨ ਟੁੱਟ ਚੁੱਕੇ ਸੀ
ਹੇਪਬਰਨ ਦੇ ਚਾਚਾ, ਕਾਉਂਟ ਓਟੋ ਵੈਨ ਲਿਮਬਰਗ ਸਿਟਰਮ ਨੇ ਨਾਜ਼ੀਆਂ ਦੇ ਵਿਰੁੱਧ ਸਿਧਾਂਤਕ ਰੁਖ ਅਪਣਾਇਆ ਸੀ। 1942 ਵਿੱਚ ਵਿਰੋਧੀ ਸਮੂਹ ਨੇ ਰੋਟਰਡੈਮ ਦੇ ਨੇੜੇ ਇੱਕ ਜਰਮਨ ਰੇਲਗੱਡੀ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਹਾਲਾਂਕਿ, ਇਸ ਵਿੱਚ ਵੈਨ ਲਿਮਬਰਗ ਸਿਟਰਮ ਸ਼ਾਮਲ ਨਹੀਂ ਸੀ। ਪਰ ਜਾਣੇ-ਪਛਾਣੇ ਨਾਜ਼ੀ ਵਿਰੋਧੀ ਹੋਣ ਦੇ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਨਾਜ਼ੀ ਏਜੰਟਾਂ ਨੇ ਲਿਮਬਰਗ ਸਮੇਤ ਚਾਰ ਲੋਕਾਂ ਨੂੰ ਜੰਗਲ ਵਿਚ ਲੈ ਜਾ ਕੇ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਸਾਰਿਆਂ ਨੂੰ ਅਣ-ਪਛਾਤੀਆਂ ਕਬਰਾਂ ਵਿਚ ਦਫ਼ਨਾ ਦਿੱਤਾ ਸੀ।
ਹੇਪਬਰਨ ਆਪਣੇ ਚਾਚੇ ਨੂੰ ਪਿਤਾ ਵਾਂਗ ਪਿਆਰ ਕਰਦੇ ਸੀ। ਉਹ ਆਪਣੇ ਚਾਚਾ ਦੇ ਕਤਲ ਤੋਂ ਬਹੁਤ ਹਤਾਸ਼ ਹੋ ਗਏ ਸੀ। ਮੈਟਜ਼ੇਨ ਨੇ ਕਿਹਾ, "ਇਹ ਇੱਕ ਰਾਸ਼ਟਰੀ ਘਟਨਾ ਬਣ ਗਈ ਸੀ, ਜਿਸ ਨੇ ਡੱਚ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਸੀ।"
ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਨੂੰ ਵਿਸ਼ੇਸ਼ ਅਧਿਕਾਰ ਮਿਲਿਆ ਹੋਇਆ ਸੀ। ਨਾਜ਼ੀਆਂ ਨੇ ਨੀਦਰਲੈਂਡ ਤੋਂ ਭੋਜਨ ਅਤੇ ਹੋਰ ਸਾਧਨਾਂ ਨੂੰ ਦੁਰ ਕਰ ਦਿੱਤਾ ਸੀ ਅਤੇ ਵੈਨ ਹੇਮਸਟ੍ਰਾ ਦੇ ਪਰਿਵਾਰ ਵੀ ਭੁੱਖਾ ਰਹਿ ਗਿਆ ਸੀ।
ਜਦੋਂ ਹੇਪਬਰਨ 15 ਸਾਲ ਦੇ ਹੋਏ, ਤਾਂ ਉਨ੍ਹਾਂ ਨੂੰ ਕਲਾਕਾਰਾਂ ਦੀ ਯੂਨੀਅਨ, ਨਾਜ਼ੀ ਕਲਚਰਕਾਮਰ ਵਿੱਚ ਸ਼ਾਮਲ ਹੋਣ ਜਾਂ ਫਿਰ ਜਨਤਕ ਤੌਰ 'ਤੇ ਡਾਂਸ ਕਰਨਾ ਬੰਦ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਹੇਪਬਰਨ ਨੇ ਡਾਂਸ ਨੂੰ ਛੱਡਣ ਦਾ ਵਿਕਲਪ ਚੁਣਿਆ ਸੀ।
ਡੌਟੀ ਨੇ ਆਪਣੀ ਮਾਂ ਦੇ ਕਲਾ ਲਈ ਜਨੂੰਨ ਬਾਰੇ ਕਿਹਾ, "ਡਾਂਸ ਰਾਹੀਂ ਉਹ ਸੁਪਨੇ ਦੇਖ ਸਕਦੇ ਸੀ। ਉਹ ਉੱਡ ਸਕਦੇ ਸੀ। ਉਹ ਭੁੱਲ ਸਕਦੇ ਸੀ। ਇਹ ਤਰੀਕਾ ਸੀ ਜਿਸ ਨਾਲ ਉਹ ਅਸਲੀਅਤ ਤੋਂ ਬਚ ਸਕਦੇ ਸੀ।"
ਹੇਪਬਰਨ ਇੱਕ ਸੇਫ਼ ਹਾਊਸ ਵਿੱਚ ਮੋਮਬੱਤੀ ਦੀ ਰੌਸ਼ਨੀ ਵਿੱਚ ਡਾਂਸ ਕਰਦੇ ਸੀ, ਇਸ ਕਰਕੇ ਉਨ੍ਹਾਂ ਨੂੰ ਕੋਈ ਲੱਭ ਨਹੀਂ ਸਕਦਾ ਸੀ। ਜਦੋਂ ਉਹ ਪੇਸ਼ਕਾਰੀ ਕਰਦੇ ਸਨ ਤਾਂ ਪਿਆਨੋ ਹੌਲੀ ਆਵਾਜ਼ ਵਿੱਚ ਵਜਾਇਆ ਜਾਂਦਾ ਸੀ।
ਪਰ ਉਥੇ ਤਾੜੀਆਂ ਨਹੀਂ ਵਜਾਈਆਂਂ ਜਾਂਦੀਆਂ ਸਨ ਸਗੋਂ ਸ਼ੋਅ ਖਤਮ ਹੋਣ ਤੋਂ ਬਾਅਦ ਵਿਰੋਧ ਲਹਿਰ ਲਈ ਪੈਸੇ ਇਕੱਠੇ ਕੀਤੇ ਜਾਂਦੇ ਸਨ।
ਇੱਕ ਪੇਸ਼ੇਵਰ ਡਾਂਸਰ ਤੋਂ ਜਾਸੂਸ ਤੱਕ

ਤਸਵੀਰ ਸਰੋਤ, Getty Images
1944 ਦੀ ਬਸੰਤ ਰੁੱਤ ਦੇ ਦੌਰਾਨ ਹੇਪਬਰਨ ਨੇ ਸਵੈਇੱਛਤ ਤੌਰ 'ਤੇ ਡਾਕਟਰ ਹੈਂਡਰਿਕ ਵਿਜਸਰ ਟੀ ਹੂਫਟ ਦੇ ਸਹਾਇਕ ਵਜੋਂ ਕੰਮ ਕੀਤਾ ਸੀ। ਉਹ ਵਿਰੋਧੀ ਸਮੂਹ ਦੇ ਮੈਂਬਰ ਸਨ।
ਹਾਲਾਂਕਿ ਹੇਪਬਰਨ ਦੀ ਮਾਂ ਨੂੰ ਵਿਆਪਕ ਤੌਰ 'ਤੇ ਨਾਜ਼ੀਆਂ ਨਾਲ ਮਿਲਦੇ-ਜੁਲਦੇ ਦੇਖਿਆ ਗਿਆ ਸੀ।
ਵਿਜਸਰ ਟੀ ਹੂਫਟ ਨੂੰ ਮਦਦ ਦੀ ਬਹੁਤ ਲੋੜ ਸੀ, ਕਿਉਂਕਿ ਉਹ ਉਨ੍ਹਾਂ ਹਜ਼ਾਰਾਂ ਲੋਕਾਂ ਦਾ ਸਮਰਥਨ ਕਰਨਾ ਚਾਹੁੰਦੇ ਸਨ ਜੋ ਨਾਜ਼ੀਆਂ ਤੋਂ ਬਚ ਰਹੇ ਸਨ। ਉਨ੍ਹਾਂ ਨੇ ਹੇਪਬਰਨ 'ਤੇ ਭਰੋਸਾ ਕੀਤਾ ਕਿ ਉਹ ਉਨ੍ਹਾਂ ਦਾ ਸਾਥ ਦੇ ਸਕੇ।
17 ਸਤੰਬਰ, 1944 ਦੇ ਦਿਨ ਹੇਪਬਰਨ ਚਰਚ ਵਿੱਚ ਸੀ। ਇੰਜਣ ਦੀ ਆਵਾਜ਼ ਕਾਰਨ ਚਰਚ ਵਿੱਚ ਚੱਲ ਰਹੀ ਪ੍ਰਾਰਥਨਾ ਨੂੰ ਰੋਕ ਦਿੱਤਾ ਗਿਆ। ਦਰਅਸਲ ਸੰਯੁਕਤ ਬਲਾਂ ਨੇ ਰਾਈਨ ਨਦੀ 'ਤੇ ਬਣੇ ਨੌਂ ਪੁਲਾਂ 'ਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ ਸੀ।
ਇਸ ਨੂੰ ਅੰਜ਼ਾਮ ਦੇਣ ਲਈ ਆਪ੍ਰੇਸ਼ਨ ਮਾਰਕੀਟ ਗਾਰਡਨ ਸ਼ੁਰੂ ਕੀਤਾ ਗਿਆ ਸੀ। ਜਦੋਂ ਹੇਪਬਰਨ ਚਰਚ ਤੋਂ ਭੱਜ ਕੇ ਬਾਹਰ ਨਿਕਲੇ, ਤਾਂ ਉਨ੍ਹਾਂ ਨੇ ਸੰਯੁਕਤ ਬਲਾਂ ਦੇ ਹਜ਼ਾਰਾਂ ਸਿਪਾਹੀਆਂ ਨੂੰ ਪੈਰਾਸ਼ੂਟ ਦੁਆਰਾ ਉਤਰਦੇ ਦੇਖਿਆ।
ਇਸ ਖੇਤਰ ਵਿੱਚ ਭਾਰੀ ਹਥਿਆਰਾਂ ਨਾਲ ਲੈਸ ਨਾਜ਼ੀਆਂ ਦੇ ਦੋ ਸਮੂਹ ਇਕੱਠੇ ਹੋ ਗਏ ਸਨ। ਵੈਨ ਹੇਮਸਟ੍ਰਾ ਦੇ ਘਰ ਦੇ ਸਾਹਮਣੇ ਦੋ ਨਾਜ਼ੀ ਟੈਂਕ ਆ ਗਏ ਸਨ।
ਜੰਗ ਨੌਂ ਦਿਨਾਂ ਤੱਕ ਚੱਲਦੀ ਰਹੀ ਅਤੇ ਉਦੋਂ ਤੱਕ ਹੇਪਬਰਨ ਅਤੇ ਉਨ੍ਹਾਂ ਦਾ ਪਰਿਵਾਰ ਇੱਕ ਬੇਸਮੈਂਟ ਵਿੱਚ ਲੁਕਿਆ ਰਿਹਾ। ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਨਾਜ਼ੀ ਜਿੱਤ ਚੁੱਕੇ ਹਨ।
ਉਹਨਾਂ ਨੂੰ ਇਮਾਰਤ ਵਿੱਚੋਂ ਡੱਚ ਵਿਰੋਧੀ ਲਹਿਰ ਦੇ ਮੈਂਬਰਾਂ ਦੀਆਂ ਚੀਕਾਂ ਸੁਣਦੀਆਂ, ਜਿਨ੍ਹਾਂ ਨੂੰ ਨਾਜ਼ੀਆਂ ਦੁਆਰਾ ਤਸੀਹੇ ਦਿੱਤੇ ਜਾ ਰਹੇ ਸਨ।
ਜਦੋਂ ਸੰਯੁਕਤ ਏਅਰ ਫੋਰਸ ਨੇ ਜਰਮਨੀ ਲਈ ਉਡਾਣ ਭਰੀ, ਤਾਂ ਉਨ੍ਹਾਂ ਨੂੰ ਨੀਦਰਲੈਂਡਜ਼ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।
ਇਸ ਦੌਰਾਨ ਵਿਜ਼ਸਰ ਟੀ ਹੂਫਟ ਨੇ ਹੇਪਬਰਨ ਨੂੰ ਬ੍ਰਿਟਿਸ਼ ਪੈਰਾਟਰੂਪਰਾਂ ਨੂੰ ਮਿਲਣ ਲਈ ਜੰਗਲ ਵਿੱਚ ਭੇਜ ਦਿੱਤਾ ਸੀ। ਉਨ੍ਹਾਂ ਨੇ ਹੇਪਬਰਨ ਨੂੰ ਇੱਕ ਗੁਪਤ ਸੰਦੇਸ਼ ਅਤੇ ਕੋਡ ਵਰਡ ਵੀ ਦਿੱਤਾ ਸੀ, ਜੋ ਉਨ੍ਹਾਂ ਦੀਆਂ ਜੁਰਾਬਾਂ ਵਿੱਚ ਲੁਕਿਆ ਹੋਇਆ ਸੀ।
ਉਨ੍ਹਾਂ ਨੇ ਮੁਲਾਕਾਤ ਕੀਤੀ ਪਰ ਜਦੋਂ ਉਹ ਜੰਗਲ ਤੋਂ ਨਿਕਲ ਰਹੇ ਸੀ ਤਾਂ ਉਨ੍ਹਾਂ ਨੇ ਦੇਖਿਆ ਕਿ ਡੱਚ ਪੁਲਿਸ ਵੀ ਉਨ੍ਹਾਂ ਦੇ ਵੱਲ ਆ ਰਹੀ ਸੀ।
ਉਹ ਜੰਗਲੀ ਫੁੱਲਾਂ ਨੂੰ ਚੁਣਨ ਲਈ ਬੈਠ ਗਏ ਅਤੇ ਫਿਰ ਆਪਣੇ ਆਪ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰ ਦਿੱਤਾ। ਹਾਲਾਂਕਿ, ਉਹ ਹੇਪਬਰਨ ਵੱਲ ਆਕਰਸ਼ਤ ਹੋ ਗਏ ਸਨ, ਇਸ ਲਈ ਕਿਸੇ ਨੇ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਸੀ।
ਇਸ ਤੋਂ ਬਾਅਦ, ਉਹ ਅਕਸਰ ਡੱਚ ਵਿਰੋਧੀ ਸਮੂਹਾਂ ਦੇ ਮੈਂਬਰਾਂ ਲਈ ਸੁਨੇਹੇ ਲੈ ਕੇ ਆਉਂਦੀ ਰਹੀ ਸੀ।
ਜਦੋਂ ਬੱਚੇ ਹੀਰੋ ਬਣ ਗਏ

ਤਸਵੀਰ ਸਰੋਤ, Getty Images
ਡੌਟੀ ਨੇ ਕਿਹਾ, "ਉਹ ਪੂਰੀ ਤਰ੍ਹਾਂ ਮੰਨਦੀ ਸੀ ਕਿ ਚੰਗਾਈ ਅਤੇ ਬੁਰਾਈ ਵਿਚਕਾਰ ਬਹੁਤ ਵੱਡਾ ਸੰਘਰਸ਼ ਹੁੰਦਾ ਹੈ, ਪਰ ਤੁਹਾਨੂੰ ਕੋਈ ਇੱਕ ਪੱਖ ਚੁਣਨਾ ਹੁੰਦਾ ਹੈ।"
ਮੈਟਜ਼ੇਨ ਨੇ ਕਿਹਾ, "ਜਰਮਨ ਬੱਚਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ। ਉਹ ਬੱਚਿਆ ਨੂੰ ਆਮ ਕਰਕੇ ਰਸਤੇ ਤੋਂ ਹੱਟਣ ਲਈ ਕਹਿੰਦੇ ਸਨ। ਇਸ ਕਾਰਨ ਉਨ੍ਹਾਂ ਨੂੰ ਲੱਗਿਆ ਕਿ ਕੋਈ ਵੀ ਬੱਚਿਆਂ 'ਤੇ ਸ਼ੱਕ ਨਹੀਂ ਕਰੇਗਾ ਅਤੇ ਬੱਚੇ ਸੁਨੇਹੇ ਭੇਜਣ ਲਈ ਵਿਕਲਪ ਹੋ ਸਕਦੇ ਹਨ। ਇਹ ਮਹੱਤਵਪੂਰਨ ਕੰਮ ਬੱਚਿਆ ਤੋਂ ਕਰਾਉਣਾ ਸ਼ੁਰੂ ਕਰ ਦਿੱਤਾ ਸੀ।"
"ਇਹ ਕੰਮ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣ ਲੱਗਾ ਸੀ। ਇਹ ਰੋਮਾਂਚਕ ਸੀ, ਪਰ ਖਤਰਨਾਕ ਵੀ ਸੀ, ਅਤੇ ਉਹ ਵਿਰੋਧ ਦੇ ਹੀਰੋ ਬਣ ਗਏ ਸਨ."
ਫਰਵਰੀ 1945 ਤੱਕ ਰਿਪੋਰਟ ਆਈ ਸੀ ਕਿ ਹਰ ਹਫ਼ਤੇ 500 ਡੱਚ ਲੋਕ ਭੁੱਖਮਰੀ ਨਾਲ ਮਰ ਰਹੇ ਸਨ।
ਹੋਰਾਂ ਵਾਂਗ ਹੇਪਬਰਨ ਅਤੇ ਉਨ੍ਹਾਂ ਦਾ ਪਰਿਵਾਰ ਵੀ ਭੋਜਨ ਦੀ ਕਮੀ ਨਾਲ ਜੂਝ ਰਿਹਾ ਸੀ। ਉਹ ਬਿਮਾਰ ਹੋ ਗਏ ਸੀ। ਉਹ ਅਨੀਮੀਆ, ਪੀਲੀਆ ਅਤੇ ਐਡੀਮਾ ਵਰਗੀਆਂ ਬਿਮਾਰੀਆਂ ਤੋਂ ਪੀੜਤ ਸਨ।
ਇੱਕ ਵਾਰ ਫਿਰ ਹੇਪਬਰਨ ਦੇ ਘਰ ਦੇ ਸਾਹਮਣੇ ਜੰਗ ਸ਼ੁਰੂ ਹੋ ਗਈ ਸੀ। ਇਸ ਦੌਰਾਨ ਹੇਪਬਰਨ ਅਤੇ ਉਨ੍ਹਾਂ ਦਾ ਪਰਿਵਾਰ ਤਿੰਨ ਹਫ਼ਤਿਆਂ ਤੱਕ ਬੇਸਮੈਂਟ ਵਿੱਚ ਲੁਕਿਆ ਰਿਹਾ।
ਇਹ ਆਖਰਕਾਰ 16 ਅਪ੍ਰੈਲ 1945 ਨੂੰ ਖਤਮ ਹੋਇਆ।
ਫਿਰ ਉਨ੍ਹਾਂ ਨੂੰ ਤੰਬਾਕੂ ਦੀ ਗੰਧ ਆਈ, ਜੋ ਯੁੱਧ ਦੌਰਾਨ ਨੀਦਰਲੈਂਡ ਵਿਚ ਲੱਭਣਾ ਅਸੰਭਵ ਸੀ। ਜਦੋਂ ਉਹ ਬੇਸਮੈਂਟ ਦੀਆਂ ਪੌੜੀਆਂ ਦੇ ਸਿਖਰ 'ਤੇ ਪਹੁੰਚੀ, ਤਾਂ ਉਨ੍ਹਾਂ ਨੇ ਕੈਨੇਡੀਅਨ ਸੈਨਿਕਾਂ ਨੂੰ ਆਪਣੇ ਦਰਵਾਜ਼ੇ ਦੇ ਸਾਹਮਣੇ ਖੜੇ ਸਿਗਰਟ ਪੀਂਦੇ ਦੇਖਿਆ। ਉਨ੍ਹਾਂ ਨੇ ਹੇਪਬਰਨ ਵੱਲ ਮਸ਼ੀਨ ਗੰਨਾਂ ਕਰ ਦਿੱਤੀਆਂ ਸਨ।
ਫਿਰ ਹੇਪਬਰਨ ਨੇ ਤੁਰੰਤ ਉਨ੍ਹਾਂ ਨਾਲ ਅੰਗਰੇਜ਼ੀ ਵਿਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿੱਚੋਂ ਇੱਕ ਨੇ ਉੱਚੀ ਆਵਾਜ਼ ਵਿੱਚ ਕਿਹਾ, "ਅਸੀਂ ਸਿਰਫ਼ ਕਸਬੇ ਨੂੰ ਆਜ਼ਾਦ ਨਹੀਂ ਕਰਵਾਇਆ, ਸਗੋਂ ਇੱਕ ਅੰਗਰੇਜ਼ ਕੁੜੀ ਨੂੰ ਵੀ ਆਜ਼ਾਦ ਕਰਵਾਇਆ ਹੈ।"
ਮਾਂ ਨੂੰ ਮਾਫ਼ ਨਹੀਂ ਕੀਤਾ
ਹੇਪਬਰਨ ਨੇ ਆਪਣੇ ਬੇਟੇ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਫਾਸੀਵਾਦੀਆਂ ਨਾਲ ਹਮਦਰਦੀ ਲਈ ਆਪਣੀ ਮਾਂ ਨੂੰ ਕਦੇ ਮੁਆਫ ਨਹੀਂ ਕੀਤਾ। ਜਦੋਂ ਯੁੱਧ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਲੰਡਨ ਵਿਚ ਬੈਲੇ ਰੌਂਬਰਟ ਦੇ ਲਈ ਸਕਾਲਰਸ਼ਿਪ ਮਿਲ ਗਈ ਸੀ।
ਉਹ ਬਹੁਤ ਪ੍ਰਤਿਭਾਸ਼ਾਲੀ ਮਹਿਲਾ ਸਨ ਪਰ ਪੂਰਾ ਭੋਜਨ ਨਾ ਮਿਲਣ ਕਾਰਨ ਸਰੀਰ ਕਾਫੀ ਕਮਜ਼ੋਰ ਹੋ ਗਿਆ ਸੀ। ਹੁਣ ਉਨ੍ਹਾਂ ਵਿਚ ਬੈਲੇ ਡਾਂਸਰ ਬਣਨ ਦੀ ਤਾਕਤ ਨਹੀਂ ਸੀ।
ਇਸ ਕਰਕੇ ਉਨ੍ਹਾਂ ਨੇ ਅਦਾਕਾਰੀ ਸ਼ੁਰੂ ਕੀਤੀ। ਵੈਸਟ ਐਂਡ ਥੀਏਟਰ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਅਤੇ ਦ ਲੈਵੇਂਡਰ ਹਿੱਲ ਮੋਬ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ।
ਸਾਲ 1953 ਵਿੱਚ, ਉਨ੍ਹਾਂ ਨੇ ਰੋਮਨ ਹਾਲੀਡੇ ਫਿਲਮ ਵਿੱਚ ਪਹਿਲੀ ਵਾਰ ਮੁੱਖ ਭੂਮਿਕਾ ਨਿਭਾਈ। ਇਸ ਫਿਲਮ ਨੂੰ ਨਾ ਸਿਰਫ ਆਲੋਚਕਾਂ ਦੁਆਰਾ ਪ੍ਰਸ਼ੰਸਾ ਮਿਲੀ ਬਲਕਿ ਇਹ ਫਿਲਮ ਵਪਾਰਕ ਤੌਰ 'ਤੇ ਵੀ ਸਫਲ ਰਹੀ।
ਇਸ ਫਿਲਮ ਲਈ ਹੇਪਬਰਨ ਨੂੰ ਆਸਕਰ ਅਵਾਰਡ ਮਿਲਿਆ ਸੀ। ਉਨ੍ਹਾਂ ਨੇ ਐਮੀ, ਗ੍ਰੈਮੀ ਅਤੇ ਟੋਨੀ ਅਵਾਰਡ ਵੀ ਜਿੱਤੇ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਚੈਰੀਟੇਬਲ ਕੰਮ ਖਾਸ ਕਰਕੇ ਯੂਨੀਸੇਫ ਦੇ ਗੁਡਵਿਲ ਅਬੈਸਡਰ ਵਜੋਂ ਕੰਮ ਕਰਨਾ ਜਾਰੀ ਰੱਖਿਆ।
ਸਾਲ 1993 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਮੈਟਜ਼ੇਨ ਨੇ ਕਿਹਾ, "ਔਡਰੇ ਨੇ ਯੁੱਧ ਦੌਰਾਨ ਬਹੁਤ ਕੁਝ ਦੇਖਿਆ ਅਤੇ ਸਹਿਣ ਕੀਤਾ ਸੀ। ਉਨ੍ਹਾਂ ਕੋਲ ਲੰਬਾ ਤਜ਼ਰਬਾ ਸੀ। ਜਿਸ ਦਾ ਇਸਤੇਮਾਲ ਉਹ ਕਈ ਭੂਮਿਕਾਵਾਂ ਵਿੱਚ ਕਰ ਸਕਦੇ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












