ਜਾਸੂਸੀ ਦੇ ਰਹੱਸਮਈ ਤੇ ਗੁਪਤ ਯੰਤਰ ਜਿਸ ਨਾਲ ਸੋਵੀਅਤ ਰੂਸ 7 ਸਾਲ ਤੱਕ ਅਮਰੀਕਾ ਦੀ ਨਿਗਰਾਨੀ ਰੱਖਦਾ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਮੈਟ ਵਿਲਸਨ
1945 ਵਿੱਚ ਇੱਕ ਕਲਾਕ੍ਰਿਤੀ ਵਿੱਚ ਛੁਪਿਆ ਇੱਕ ਸੁਣਨ ਵਾਲਾ ਯੰਤਰ ਸੱਤ ਸਾਲਾਂ ਤੱਕ ਅਮਰੀਕੀ ਸੁਰੱਖਿਆ ਕਰਮਚਾਰੀਆਂ ਵੱਲੋਂ ਫੜ੍ਹਿਆ ਨਹੀਂ ਜਾ ਸਕਿਆ ਅਤੇ ਇਹ ਕਲਾ ਰਾਹੀਂ ਧੋਖਾ ਦੇਣ ਦਾ ਇਕਲੌਤਾ ਉਦਾਹਰਣ ਨਹੀਂ ਹੈ।
ਅੱਸੀ ਸਾਲ ਪਹਿਲਾਂ, ਦੂਜੇ ਵਿਸ਼ਵ ਯੁੱਧ ਦੇ ਆਖ਼ਰੀ ਹਫ਼ਤਿਆਂ ਦੌਰਾਨ ਰੂਸੀ ਸਕਾਊਟਸ ਦੇ ਇੱਕ ਸਮੂਹ ਨੇ ਮਾਸਕੋ ਵਿੱਚ ਅਮਰੀਕੀ ਰਾਜਦੂਤ ਨੂੰ ਉਸ ਦੇ ਸਰਕਾਰੀ ਨਿਵਾਸ, ਸਪਾਸੋ ਹਾਊਸ ਵਿਖੇ ਇੱਕ ਹੱਥ ਨਾਲ ਉੱਕਰੀ ਹੋਈ ਸੰਯੁਕਤ ਰਾਜ ਅਮਰੀਕਾ ਦੀ ਗ੍ਰੇਟ ਸੀਲ (ਕਲਾਕ੍ਰਿਤੀ) ਭੇਟ ਕੀਤੀ।
ਇਹ ਤੋਹਫ਼ਾ ਜੰਗ ਦੌਰਾਨ ਰੂਸ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਸਹਿਯੋਗ ਦਾ ਸੰਕੇਤ ਸੀ ਅਤੇ ਅਮਰੀਕੀ ਰਾਜਦੂਤ ਡਬਲਯੂ ਐਵਰੇਲ ਹੈਰੀਮਨ ਨੇ ਇਸ ਨੂੰ 1952 ਤੱਕ ਆਪਣੇ ਘਰ ਵਿੱਚ ਮਾਣ ਨਾਲ ਲਟਕਾ ਕੇ ਰੱਖਿਆ।
ਪਰ ਰਾਜਦੂਤ ਅਤੇ ਉਸ ਦੀ ਸੁਰੱਖਿਆ ਟੀਮ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਤੋਹਫੋ ਵਿੱਚ ਇੱਕ ਛੁਪਿਆ ਹੋਇਆ ਸੁਣਨ ਵਾਲਾ ਯੰਤਰ ਹੈ, ਜਿਸ ਨੂੰ ਬਾਅਦ ਵਿੱਚ ਅਮਰੀਕੀ ਤਕਨੀਕੀ ਸੁਰੱਖਿਆ ਟੀਮਾਂ ਨੇ "ਦਿ ਥਿੰਗ" ਦਾ ਨਾਮ ਦਿੱਤਾ।
ਇਹ ਕੂਟਨੀਤਕ ਗੱਲਬਾਤਾਂ ਦੀ ਜਾਸੂਸੀ ਕਰਦਾ ਸੀ, ਸੱਤ ਸਾਲਾਂ ਤੱਕ ਕਿਸੇ ਦੇ ਹੱਥੀਂ ਨਹੀਂ ਚੜਿਆ।
ਦੁਸ਼ਮਣ ਵਿੱਚ ਘੁਸਪੈਠ ਕਰਨ ਅਤੇ ਰਣਨੀਤਕ ਫਾਇਦਾ ਹਾਸਲ ਕਰਨ ਲਈ ਇਹ ਇੱਕ ਸਾਧਾਰਣ ਜਿਹੀ ਨਜ਼ਰ ਆਉਣ ਵਾਲੀ ਕਲਾਕ੍ਰਿਤੀ ਦੀ ਵਰਤੋਂ ਕਰ ਕੇ, ਸੋਵੀਅਤ ਯੂਨੀਅਨ ਨੇ ਓਡੀਸੀਅਸ ਦੇ ਟਰੋਜਨ ਹਾਰਸ ਤੋਂ ਬਾਅਦ ਸਭ ਤੋਂ ਹੁਸ਼ਿਆਰੀ ਵਾਲਾ ਕਾਰਨਾਮਾ ਕੀਤਾ ਸੀ।
ਪਰ ਇਹ ਇੱਕ ਸੱਚੀ ਕਹਾਣੀ ਹੈ, ਭਾਵੇਂ ਇਹ ਇੱਕ ਜਾਸੂਸੀ ਕਹਾਣੀ ਵਰਗੀ ਜਾਪੇ।

ਅਮਰੀਕੀ ਟੈਕਨੀਸ਼ੀਅਨਾਂ ਨੂੰ ਅਹਿਸਾਸ ਹੋਇਆ ਕਿ ਇਹ ਹੱਥ ਨਾਲ ਉੱਕਰੀ ਹੋਈ ਗ੍ਰੇਟ ਸੀਲ ਇੱਕ ਅਦਿੱਖ ਕੰਨ ਸੀ, ਜੋ ਪਰਦੇ ਪਿੱਛੇ ਰਾਜਦੂਤਾਂ ਦੀਆਂ ਗੱਲਾਂ ਸੁਣ ਰਿਹਾ ਸੀ।
ਦਿ ਥਿੰਗ ਕਿਵੇਂ ਕੰਮ ਕਰਦੀ ਹੈ? 79 ਸਾਲਾ ਕਾਊਂਟਰ-ਸਰਵੇਲੈਂਸ ਮਾਹਰ ਜੌਨ ਲਿਟਲ ਲੰਬੇ ਸਮੇਂ ਤੋਂ ਇਸ ਡਿਵਾਈਸ ਪ੍ਰਤੀ ਆਕਰਸ਼ਤ ਰਹੇ ਹਨ ਅਤੇ ਉਨ੍ਹਾਂ ਨੇ ਉਸ ਦੀ ਪ੍ਰਤੀਕ੍ਰਿਤੀ (ਰੈਪਲੀਕਾ) ਵੀ ਬਣਾਈ ਹੈ।
ਲਿਟਲ ਦੇ ਸ਼ਾਨਦਾਰ ਕੰਮ 'ਤੇ ਇੱਕ ਦਸਤਾਵੇਜ਼ੀ ਇਸ ਸਾਲ ਜਾਰੀ ਕੀਤੀ ਗਈ ਅਤੇ ਮਈ ਵਿੱਚ ਇਸ ਦੇ ਪਹਿਲੇ ਲਾਈਵ ਪ੍ਰਸਾਰਣ ਤੋਂ ਬਾਅਦ ਇਸਨੂੰ 27 ਸਤੰਬਰ ਨੂੰ ਬਕਿੰਘਮਸ਼ਾਇਰ ਦੇ ਬਲੇਚਲੇ ਪਾਰਕ ਵਿਖੇ ਨੈਸ਼ਨਲ ਕੰਪਿਊਟਿੰਗ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਵੀ ਕੀਤਾ ਗਿਆ।
ਉਹ ਦਿ ਥਿੰਗ ਦੀ ਤਕਨਾਲੋਜੀ ਨੂੰ ਸੰਗੀਤ ਦੇ ਸੰਦਰਭ ਵਿੱਚ ਬਿਆਨ ਕਰਦਾ ਹੈ, ਜਿਵੇਂ ਕਿ ਇਹ ਓਰਗਨ ਪਾਈਪਾਂ ਵਰਗੀਆਂ ਟਿਊਬਾਂ ਅਤੇ "ਡਰੱਮ ਦੀ ਚਮੜੀ ਵਾਂਗ" ਇੱਕ ਝਿੱਲੀ ਤੋਂ ਬਣੀ ਹੋਵੇ ਜੋ ਮਨੁੱਖੀ ਆਵਾਜ਼ ਨੂੰ ਵਾਈਬ੍ਰੇਟ ਕਰੇਗੀ।
ਹਾਲਾਂਕਿ, ਇਸ ਨੂੰ ਹੈਟ ਪਿਨ ਵਰਗੀ ਇੱਕ ਛੋਟੀ ਜਿਹੀ ਵਸਤੂ ਵਿੱਚ ਢਾਲਿਆ ਗਿਆ ਸੀ ਅਤੇ ਇਸਦਾ ਫਾਇਦਾ ਇਹ ਸੀ ਕਿ ਕਾਊਂਟਰ-ਸਰਵੇਲੈਂਸ ਨਿਗਰਾਨੀ ਦੁਆਰਾ ਖੋਜਿਆ ਨਹੀਂ ਜਾ ਸਕਦਾ ਸੀ ਕਿਉਂਕਿ ਇਸ ਵਿੱਚ "ਕੋਈ ਇਲੈਕਟ੍ਰਾਨਿਕ ਹਿੱਸੇ ਨਹੀਂ ਸਨ, ਕੋਈ ਬੈਟਰੀ ਨਹੀਂ ਸੀ ਅਤੇ ਇਹ ਗਰਮ ਵੀ ਨਹੀਂ ਹੁੰਦਾ ਸੀ।"
ਅਜਿਹੇ ਯੰਤਰ ਦੀ ਇੰਜੀਨੀਅਰਿੰਗ ਵੀ ਬਹੁਤ ਸਟੀਕ ਸੀ, "ਸਵਿਸ ਘੜੀ ਅਤੇ ਇੱਕ ਮਾਈਕ੍ਰੋਮੀਟਰ ਦਾ ਮਿਸ਼ਰਣ।" ਇਤਿਹਾਸਕਾਰ ਐੱਚ ਕੀਥ ਮੇਲਟਨ ਨੇ ਦਾਅਵਾ ਕੀਤਾ ਹੈ ਕਿ ਆਪਣੇ ਸਮੇਂ ਵਿੱਚ ਦਿ ਥਿੰਗ ਨੇ "ਆਡੀਓ ਮੌਨੀਟ੍ਰਿੰਗ ਦੇ ਵਿਗਿਆਨ ਨੂੰ ਉਸ ਪੱਧਰ ਤੱਕ ਅੱਗੇ ਵਧਾਇਆ ਜੋ ਪਹਿਲਾਂ ਅਸੰਭਵ ਮੰਨਿਆ ਜਾਂਦਾ ਸੀ।"

ਤਸਵੀਰ ਸਰੋਤ, John Little
ਸਪਾਸੋ ਹਾਊਸ ਵਿਖੇ ਦਿ ਥਿੰਗ ਸਿਰਫ਼ ਉਦੋਂ ਹੀ ਕਿਰਿਆਸ਼ੀਲ ਸੀ ਜਦੋਂ ਇੱਕ ਨੇੜਲੀ ਇਮਾਰਤ ਵਿੱਚ ਸਥਿਤ ਇੱਕ ਰਿਮੋਟ ਟ੍ਰਾਂਸਸੀਵਰ ਚਾਲੂ ਕੀਤਾ ਜਾਂਦਾ ਸੀ।
ਇਸ ਨੇ ਇੱਕ ਉੱਚ-ਫ੍ਰੀਕੁਐਂਸੀ ਸਿਗਨਲ ਨਿਕਲਦਾ ਸੀ ਜੋ ਬੱਗ ਦੇ ਐਂਟੀਨਾ ਤੋਂ ਆਉਣ ਵਾਲੀਆਂ ਸਾਰੀਆਂ ਵਾਈਬ੍ਰੇਸ਼ਨਾਂ ਨੂੰ ਵਾਪਸ ਪ੍ਰਤੀਬਿੰਬਤ ਕਰਦਾ ਸੀ।
1951 ਵਿੱਚ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਮਾਸਕੋ ਵਿੱਚ ਕੰਮ ਕਰਨ ਵਾਲੇ ਇੱਕ ਬ੍ਰਿਟਿਸ਼ ਫੌਜੀ ਰੇਡੀਓ ਆਪਰੇਟਰ ਨੇ ਗ਼ਲਤੀ ਨਾਲ ਦਿ ਥਿੰਗ ਦੁਆਰਾ ਵਰਤੀ ਗਈ ਸਟੀਕ ਤਰੰਗ-ਲੰਬਾਈ (ਵੇਵਲੈਂਥ) ਵਿੱਚ ਟਿਊਨ ਇਨ ਕੀਤਾ ਅਤੇ ਇੱਕ ਦੂਰ ਦੇ ਕਮਰੇ ਤੋਂ ਗੱਲਬਾਤ ਸੁਣੀ।
ਅਗਲੇ ਸਾਲ ਅਮਰੀਕੀ ਟੈਕਨੀਸ਼ੀਅਨਾਂ ਨੇ ਰਾਜਦੂਤ ਦੇ ਨਿਵਾਸ ਦੀ ਤਲਾਸ਼ੀ ਲਈ ਅਤੇ ਘੱਟੋ-ਘੱਟ ਤਿੰਨ ਦਿਨਾਂ ਦੀ ਖੋਜ ਤੋਂ ਬਾਅਦ ਪਤਾ ਲੱਗਾ ਕਿ ਹੱਥ ਨਾਲ ਉੱਕਰੀ ਹੋਈ ਗ੍ਰੇਟ ਸੀਲ ਇੱਕ ਅਦਿੱਖ ਕੰਨ ਸੀ, ਜੋ ਰਾਜਦੂਤਾਂ ਦੀਆਂ ਪਰਦੇ ਪਿੱਛੇ ਦੀਆਂ ਗੱਲਬਾਤਾਂ ਨੂੰ ਸੁਣ ਰਹੀ ਸੀ।
ਕਲਾ ਦੀ ਵਰਤੋਂ ਜਾਸੂਸੀ ਲਈ
"ਦਿ ਥਿੰਗ" ਦੀ ਸਫ਼ਲਤਾ 'ਤੇ ਵਿਚਾਰ ਕਰਦੇ ਹੋਏ, ਇਸ ਨੂੰ ਚਲਾਉਣ ਵਾਲੇ ਰੂਸੀ ਤਕਨੀਸ਼ੀਅਨਾਂ ਵਿੱਚੋਂ ਇੱਕ ਵਾਦਿਮ ਗੋਂਚਾਰੋਵ ਨੇ ਕਿਹਾ, "ਲੰਬੇ ਸਮੇਂ ਤੋਂ ਸਾਡਾ ਦੇਸ਼ ਵਿਸ਼ੇਸ਼ ਅਤੇ ਬਹੁਤ ਮਹੱਤਵਪੂਰਨ ਜਾਣਕਾਰੀ ਹਾਸਲ ਕਰਨ ਦੇ ਸਮਰੱਥ ਰਿਹਾ ਜਿਸ ਨਾਲ ਸਾਨੂੰ ਸ਼ੀਤ ਯੁੱਧ ਵਿੱਚ ਕੁਝ ਫਾਇਦੇ ਦਿੱਤੇ ਸਨ।"
ਅਤੇ ਅੱਜ ਤੱਕ, ਸੋਵੀਅਤ ਖ਼ੁਫ਼ੀਆ ਵਿਭਾਗ ਤੋਂ ਇਲਾਵਾ ਕਿਸੇ ਨੂੰ ਵੀ ਨਹੀਂ ਪਤਾ ਕਿ ਉਸ ਸਮੇਂ ਪੱਛਮ ਦੀ ਜਾਸੂਸੀ ਕਰਨ ਲਈ ਸੋਵੀਅਤ ਯੂਨੀਅਨ ਨੇ ਕਿੰਨੀਆਂ ਹੋਰ "ਥਿੰਗਜ਼" ਦੀ ਵਰਤੋਂ ਕੀਤੀ ਹੋਵੇਗੀ।
ਪਰ ਇੱਕ ਜਾਸੂਸੀ ਸਾਧਨ ਵਜੋਂ ਇਸ ਦੀ ਸਫ਼ਲਤਾ ਅੰਸ਼ਕ ਤੌਰ 'ਤੇ ਇਸ ਦੀ ਤਕਨੀਕੀ ਮੌਲਿਕਤਾ ਦੇ ਕਾਰਨ ਸੀ।
ਇਹ ਪ੍ਰਭਾਵਸ਼ਾਲੀ ਸੀ ਕਿਉਂਕਿ ਇਸ ਨੇ ਸੁੰਦਰ ਵਸਤੂਆਂ ਪ੍ਰਤੀ ਸੱਭਿਆਚਾਰਕ ਰਵੱਈਆ ਅਪਨਾਇਆ ਸੀ। ਅਸੀਂ ਸਥਿਤੀ, ਸੁਆਦ ਜਾਂ ਸੱਭਿਆਚਾਰਕ ਦਿਲਚਸਪੀ ਦੇ ਪੈਸਿਵ ਪ੍ਰਤੀਕਾਂ ਵਜੋਂ ਕਲਾਕ੍ਰਿਤੀਆਂ ਅਤੇ ਸਜਾਵਟੀ ਵਸਤੂਆਂ 'ਤੇ ਭਰੋਸਾ ਕਰਦੇ ਹਾਂ। ਰੂਸੀ ਖ਼ੁਫ਼ੀਆ ਜਾਣਕਾਰੀ ਨੇ ਇਸ ਧਾਰਨਾ ਨੂੰ ਆਪਣੀ ਮੂਰਤੀਮਾਨ, ਮੈਪਲ ਲੱਕੜ ਦੀ ਗ੍ਰੇਟ ਸੀਲ ਨਾਲ ਹਥਿਆਰ ਬਣਾ ਕੀਤਾ।
ਅਤੇ ਇਹ ਕਲਾ ਇਤਿਹਾਸ ਦੁਆਰਾ ਫੌਜੀ ਰਣਨੀਤੀ ਲਈ ਜਾਸੂਸੀ, ਧੋਖੇ ਅਤੇ ਹੇਰਾਫੇਰੀ ਦੀ ਵਰਤੋਂ ਦੀ ਇਕਲੌਤੀ ਉਦਾਹਰਣ ਨਹੀਂ ਹੈ।
ਮੋਨਾ ਲੀਸਾ ਨੂੰ ਪੇਂਟ ਕਰਨ ਤੋਂ ਇਲਾਵਾ, ਲਿਓਨਾਰਡੋ ਦਿ ਵਿੰਚੀ ਨੇ ਟੈਂਕ ਅਤੇ ਘੇਰਾਬੰਦੀ ਵਾਲੇ ਹਥਿਆਰ ਵੀ ਡਿਜ਼ਾਈਨ ਕੀਤੇ ਸਨ ਅਤੇ ਪੀਟਰ ਪਾਲ ਰੂਬੇਨਜ਼ ਨੇ ਤੀਹ ਸਾਲਾਂ ਦੀ ਜੰਗ ਦੌਰਾਨ ਇੱਕ ਜਾਸੂਸ ਵਜੋਂ ਕੰਮ ਕੀਤਾ।
ਵੱਖ-ਵੱਖ ਦੇਸ਼ਾਂ ਦੇ ਕਲਾਕਾਰਾਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਛਲਾਵੇ ਅਤੇ ਧੋਖਾਧੜੀ ਦੇ ਕਾਰਜਾਂ ਨੂੰ ਤਿਆਰ ਕੀਤਾ ਅਤੇ ਬ੍ਰਿਟਿਸ਼ ਕਲਾ ਇਤਿਹਾਸਕਾਰ (ਅਤੇ ਰਾਇਲ ਆਰਟ ਕਲੈਕਸ਼ਨ ਦੇ ਸਰਵੇਖਣਕਰਤਾ) ਐਂਥਨੀ ਬਲੰਟ ਦੂਜੇ ਵਿਸ਼ਵ ਯੁੱਧ ਅਤੇ ਸ਼ੀਤ ਯੁੱਧ ਦੀ ਸ਼ੁਰੂਆਤ ਦੌਰਾਨ ਇੱਕ ਸੋਵੀਅਤ ਜਾਸੂਸ ਸੀ।
"ਦਿ ਥਿੰਗ" ਦੇ ਅਜੀਬ ਮਾਮਲੇ ਵਿੱਚ ਸੰਗੀਤ ਦਾ ਇਤਿਹਾਸ ਵੀ ਢੁਕਵਾਂ ਹੈ। ਇਸ ਦੀ ਸੌਖੀ ਖੋਜ ਹੁਸ਼ਿਆਰ ਖੋਜੀ, ਲੇਵ ਸਰਗੇਈਵਿਚ ਟਰਮਿਨ, ਜਿਸ ਨੂੰ ਆਮ ਤੌਰ 'ਤੇ ਲਿਓਨ ਥੈਰੇਮਿਨ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਰੂਸੀ ਮੂਲ ਦੇ ਆਵਿਸ਼ਕਾਰੀ ਅਤੇ ਇੱਕ ਪ੍ਰਤਿਭਾਸ਼ਾਲੀ ਸੰਗੀਤਕਾਰ ਸੀ।
1950 ਦੇ ਦਹਾਕੇ ਵਿੱਚ ਥੈਰੇਮਿਨ ਦੀ ਡਰਾਉਣੀ ਆਵਾਜ਼ਾ ਅਮਰੀਕੀ ਵਿਗਿਆਨ-ਗਲਪ ਫਿਲਮਾਂ ਦੇ ਸੰਗੀਤ ਦਾ ਸਮਾਨਾਰਥੀ ਬਣ ਗਈ, ਸ਼ਾਇਦ ਸਭ ਤੋਂ ਮਹੱਤਵਪੂਰਨ "ਦਿ ਡੇ ਦਿ ਅਰਥ ਸਟੂਡ ਸਟਿਲ" (1951), ਜਿਸ ਨੂੰ ਅਕਸਰ ਸ਼ੀਤ ਯੁੱਧ ਦੇ ਭੰਬਲਭੂਸੇ ਦੀ ਕਹਾਣੀ ਵਜੋਂ ਦਰਸਾਇਆ ਜਾਂਦਾ ਹੈ।

ਤਸਵੀਰ ਸਰੋਤ, Getty Images
ਇਸ ਦੀ ਖੋਜ ਤੋਂ ਬਾਅਦ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਇਸ ਨੂੰ ਇੱਕ ਬਹੁਤ ਹੀ ਗੁਪਤ ਰੱਖਿਆ। ਪਰ ਮਈ 1960 ਵਿੱਚ ਪਰਮਾਣੂ ਹਥਿਆਰਾਂ ਦੀ ਦੌੜ ਦੇ ਸਿਖ਼ਰ 'ਤੇ ਇੱਕ ਅਮਰੀਕੀ ਯੂ-2 ਜਾਸੂਸੀ ਜਹਾਜ਼ ਨੂੰ ਰੂਸ ਉੱਤੇ ਮਾਰ ਸੁੱਟਿਆ ਸੀ।
ਇਸ ਤੋਂ ਬਾਅਦ ਹੋਏ ਕੂਟਨੀਤਕ ਹੰਗਾਮੇ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇੱਕ ਮੀਟਿੰਗ ਵਿੱਚ ਜਨਤਕ ਤੌਰ 'ਤੇ ਗ੍ਰੇਟ ਸੀਲ ਦਾ ਪਰਦਾਫਾਸ਼ ਕੀਤਾ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਸ਼ੀਤ ਯੁੱਧ ਦੀ ਜਾਸੂਸੀ ਇੱਕ-ਪਾਸੜ ਨਹੀਂ ਸੀ।
ਜੌਨ ਲਿਟਲ ਦਾ ਮੰਨਣਾ ਹੈ ਕਿ ਇੱਕ ਰਾਜਦੂਤ ਦੇ ਨਿਵਾਸ ਵਿੱਚ ਘੁਸਪੈਠ ਇੰਨੀ ਸ਼ਰਮਨਾਕ ਸੁਰੱਖਿਆ ਉਲੰਘਣਾ ਸੀ ਕਿ "'ਦਿ ਥਿੰਗ' ਨੂੰ ਸੱਚਮੁੱਚ ਬੇਨਕਾਬ ਕਰਨ ਲਈ ਇੱਕ ਜਾਸੂਸੀ ਜਹਾਜ਼ ਨੂੰ ਸੁੱਟਣਾ ਪਿਆ।।"
ਪਰ 'ਦਿ ਥਿੰਗ' ਦੀ ਅਸਲ ਤਕਨੀਕੀ ਮਹਾਰਤ ਆਮ ਜਨਤਾ ਦੇ ਸਾਹਮਣੇ ਕਦੇ ਨਹੀਂ ਆਈ।
ਬੰਦ ਦਰਵਾਜ਼ਿਆਂ ਦੇ ਪਿੱਛੇ, ਇਸ ਯੰਤਰ ਦਾ ਬ੍ਰਿਟਿਸ਼ ਕਾਊਂਟਰ ਇੰਟੈਲੀਜੈਂਸ ਏਜੰਸੀਆਂ ਦੁਆਰਾ ਡੂੰਘਾਈ ਨਾਲ ਅਧਿਐਨ ਕੀਤਾ ਗਿਆ, ਜਿਨ੍ਹਾਂ ਨੇ ਇਸ ਨੂੰ ਐੱਸਏਟੀਵਾਈਆਰ (SATYR) ਕੋਡਨੇਮ ਦਿੱਤਾ।
ਇਸ ਦੇ ਵੇਰਵੇ ਇੱਕ ਅਧਿਕਾਰਤ ਰਾਜ ਗੁਪਤ ਰਹੇ ਜਦੋਂ ਤੱਕ ਸਾਬਕਾ ਸੁਰੱਖਿਆ ਅਧਿਕਾਰੀ ਪੀਟਰ ਰਾਈਟ ਨੇ 1987 ਦੀਆਂ ਆਪਣੀਆਂ ਯਾਦਾਂ, "ਸਪਾਈਕੈਚਰ" ਵਿੱਚ ਇਨ੍ਹਾਂ ਦਾ ਖੁਲਾਸਾ ਨਹੀਂ ਕੀਤਾ।
ਇਹ ਵਸਤੂ ਆਪਣੇ ਸਮੇਂ ਦੇ ਹਿਸਾਬ ਨਾਲ ਤਕਨੀਕੀ ਜੌਰ ਉੱਤੇ ਕਿੰਨੀ ਸੂਝ-ਬੂਝ ਅਤੇ ਸ਼ੀਤ ਯੁੱਧ ਜਾਸੂਸੀ ਖੇਡ ਨੂੰ ਕਿਵੇਂ ਆਕਾਰ ਦਿੰਦੀ ਹੈ, ਇਸ ਕਰ ਕੇ ਇਤਿਹਾਸਕਾਰਾਂ ਨੂੰ ਆਕਰਸ਼ਤ ਕਰਦੀ ਰਹੀ ਹੈ।
ਪਰ ਇਹ ਉੱਚ ਸੱਭਿਆਚਾਰ ਦੇ ਇੱਕ ਅਜੀਬ ਅਤੇ ਹਨੇਰੇ ਇਤਿਹਾਸ ਨੂੰ ਵੀ ਪ੍ਰਗਟ ਕਰਦਾ ਹੈ ਜੋ ਓਪੇਰਾ ਹਾਊਸਾਂ ਅਤੇ ਆਰਟ ਗੈਲਰੀਆਂ ਦੀ ਸ਼ਾਨਦਾਰ ਸ਼ਾਨ ਤੋਂ ਪਰੇ ਫੈਲਿਆ ਹੋਇਆ ਸੀ, ਜਿੱਥੇ ਕਲਾਸੀਕਲ ਸੰਗੀਤਕਾਰਾਂ ਨੇ ਜਾਸੂਸੀ ਦੇ ਸੰਦ ਬਣਾਏ ਸਨ ਅਤੇ ਹੱਥ ਨਾਲ ਉੱਕਰੀ ਹੋਈ ਕਲਾਕ੍ਰਿਤੀਆਂ ਫੌਜੀ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੇ ਸਾਧਨ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












