ਹੱਥ ਮਿਲਾਉਣ ਦਾ ਇਤਿਹਾਸ: ਜਦੋਂ ਦੁਸ਼ਮਣ ਦੇ ਹਥਿਆਰਾਂ ਦਾ ਪਤਾ ਲਗਾਉਣ ਲਈ ਹੱਥ ਮਿਲਾਏ ਜਾਂਦੇ ਸਨ

ਤਸਵੀਰ ਸਰੋਤ, Getty Images
ਭਾਰਤ ਤੇ ਪਾਕਿਸਤਾਨ ਦੀਆਂ ਅੰਡਰ-21 ਹਾਕੀ ਟੀਮਾਂ ਵਿਚਾਲੇ ਮਲੇਸ਼ੀਆ ਵਿਖੇ ਸੁਲਤਾਨ ਆਫ ਜੋਹੋਰ ਕੱਪ ਵਿੱਚ ਮੁਕਾਬਲਾ ਡਰਾਅ ਰਿਹਾ, ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਇੱਕ ਦੂਜੇ ਨਾਲ ਹੱਥ ਮਿਲਾਏ।
ਮੈਚ ਸ਼ੁਰੂ ਹੋਣ ਉੱਤੇ ਖਿਡਾਰੀਆਂ ਨੇ ਇੱਕ ਦੂਜੇ ਨੂੰ ਹਾਈ-ਫਾਈਵ ਦਿੱਤੇ ਅਤੇ ਖ਼ਤਮ ਹੋਣ ਮਗਰੋਂ ਹੱਥ ਵੀ ਮਿਲਾਏ।
ਤਮਨ ਦਇਆ ਹਾਕੀ ਸਟੇਡੀਅਮ ਵਿੱਚ ਹੋਏ ਇਸ ਰੋਮਾਂਚਕ ਮੈਚ ਵਿੱਚ ਦੋਵਾਂ ਟੀਮਾਂ ਨੇ 3-3 ਗੋਲਾਂ ਨਾਲ ਬਰਾਬਰ ਰਹੀਆਂ।
ਭਾਰਤੀ ਮੀਡੀਆ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਕੀ ਦੋਵਾਂ ਟੀਮਾਂ ਦੇ ਖਿਡਾਰੀ ਇੱਕ ਦੂਜੇ ਨਾਲ ਮੈਚ ਤੋਂ ਪਹਿਲਾਂ ਅਤੇ ਮੈਚ ਤੋਂ ਬਾਅਦ ਹੱਥ ਮਿਲਾਉਣਗੇ ਜਾਂ ਨਹੀਂ।
ਦੁਬਈ ਵਿੱਚ ਭਾਰਤ-ਪਾਕਿਸਤਾਨ ਦੇ ਏਸ਼ੀਆ ਕੱਪ ਦੇ ਮੈਚਾਂ ਦੌਰਾਨ ਭਾਰਤੀ ਟੀਮ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ।
ਭਾਰਤ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਜਿਹਾ ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਇੱਕਜੁਟਤਾ ਦਿਖਾਉਣ ਲਈ ਕੀਤਾ ਸੀ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਨੂੰ ਖੇਡ ਭਾਵਨਾ ਦੇ ਖ਼ਿਲਾਫ਼ ਦੱਸਦੇ ਹੋਏ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਦੋਵਾਂ ਟੀਮਾਂ ਦੀ ਤਿੰਨ ਵਾਰੀ ਟੱਕਰ ਹੋਈ ਅਤੇ ਤਿੰਨੋਂ ਵਾਰ ਖਿਡਾਰੀਆਂ ਨੇ ਹੱਥ ਨਹੀਂ ਮਿਲਾਏ।
ਇਹ ਸਿਲਸਿਲਾ ਮਹਿਲਾ ਵਿਸ਼ਵ ਕੱਪ ਵਿੱਚ ਵੀ ਜਾਰੀ ਰਿਹਾ ਜਿੱਥੇ ਭਾਰਤ-ਪਾਕਿਸਤਾਨ ਦੀਆਂ ਖਿਡਾਰਨਾਂ ਨੇ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਏ।
ਇਸ ਰਿਪੋਰਟ ਵਿੱਚ ਜਾਣਾਂਗੇ ਕਿ ਹੱਥ ਮਿਲਾਉਣ ਦੀ ਸ਼ੁਰੂਆਤ ਕਿਵੇਂ ਹੋਈ, ਕੀ ਖੇਡਾਂ ਵਿੱਚ ਹੱਥ ਮਿਲਾਉਣਾ ਇੱਕ ਨਿਯਮ ਹੈ?

ਤਸਵੀਰ ਸਰੋਤ, Getty Images
ਖੇਡਾਂ ਵਿੱਚ ਹੱਥ ਮਿਲਾਉਣ ਦਾ ਕੀ ਮਤਲਬ ਹੈ?
ਖੇਡ ਪੱਤਰਕਾਰ ਸੌਰਭ ਦੁੱਗਲ ਨੇ ਬੀਬੀਸੀ ਪੱਤਰਕਾਰ ਰਾਜਵੀਰ ਕੌਰ ਗਿੱਲ ਨਾਲ ਗੱਲ ਕਰਦਿਆਂ ਦੱਸਿਆ ਕਿ ਹਾਲਾਂਕਿ ਹੱਥ ਮਿਲਾਉਣਾ ਕੋਈ ਪੁਖ਼ਤਾ ਨਿਯਮ ਨਹੀਂ ਹੈ ਪਰ ਇਹ ਮੈਦਾਨ ਵਿੱਚ ਇੱਕ ਅਹਿਮ ਰਵਾਇਤ ਜਾਂ ਰਿਵਾਜ਼ ਬਣ ਗਿਆ ਹੈ।
ਉਨ੍ਹਾਂ ਦੱਸਿਆ, "ਹੱਥ ਮਿਲਾਉਣਾ ਖੇਡ ਦੀ ਭਾਵਨਾ ਅਤੇ ਆਪਣੇ ਵਿਰੋਧੀ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ, ਜੰਗਾਂ ਵਿੱਚ ਵੀ ਜਦੋਂ ਇੱਕ ਫੌਜੀ ਦੀ ਮੌਤ ਹੋ ਜਾਂਦੀ ਹੈ ਤਾਂ ਵਿਰੋਧੀ ਫੌਜੀ ਵੀ ਉਸ ਦਾ ਸਨਮਾਨ ਕਰਦੇ ਹਨ।"
ਉਹ ਕਹਿੰਦੇ ਹਨ ਕਿ ਹਾਰ-ਜਿੱਤ ਤੋਂ ਬਾਅਦ ਚੰਗਾ ਵਿਵਹਾਰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ, ਉਹ ਇਸ ਸੰਦਰਭ ਵਿੱਚ ਵਿਨੇਸ਼ ਫੋਗਾਟ ਦੇ ਇੱਕ ਮੁਕਾਬਲੇ ਦੀ ਮਿਸਾਲ ਦਿੰਦੇ ਹਨ।
ਉਨ੍ਹਾਂ ਦੱਸਿਆ, "ਰੀਓ ਓਲੰਪਿਕਸ ਵਿੱਚ ਕੁਸ਼ਤੀ ਮੁਕਾਬਲੇ ਦਾ ਦੌਰਾਨ ਵਿਨੇਸ਼ ਫੋਗਾਟ ਦਾ ਲਿਗਾਮੈਂਟ ਟੁੱਟ ਗਿਆ ਸੀ, ਜਦੋਂ ਵਿਨੇਸ਼ ਜ਼ਖ਼ਮੀ ਹੋਏ ਤਾਂ ਉਸ ਵੇਲੇ ਉਨ੍ਹਾਂ ਦੀ ਵਿਰੋਧੀ ਚੀਨੀ ਖਿਡਾਰਣ ਸੁਨ ਯਨਾਨ ਵੀ ਰੋ ਪਏ ਸਨ।"

ਤਸਵੀਰ ਸਰੋਤ, Getty Images
ਸੌਰਭ ਕਹਿੰਦੇ ਹਨ ਕਿ ਮੈਦਾਨ ਉੱਤੇ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦਿੱਤਾ ਜਾ ਸਕਦਾ ਹੈ ਪਰ ਨਫ਼ਰਤ ਦਾ ਪ੍ਰਗਟਾਵਾ ਨਹੀਂ ਕੀਤਾ ਜਾ ਸਕਦਾ ਹੈ।
"ਇੱਕ ਮਹਾਨ ਖਿਡਾਰੀ ਆਪਣੇ ਪ੍ਰਦਰਸ਼ਨ ਦੇ ਨਾਲ-ਨਾਲ ਵਿਵਹਾਰ ਕਰਕੇ ਵੀ ਮਹਾਨ ਬਣਦਾ ਹੈ। ਖੇਡ ਭਾਵਨਾ ਇਹ ਹੀ ਹੈ ਕਿ ਤੁਸੀਂ ਮੈਦਾਨ ਵਿੱਚ ਖੇਡੋ ਪਰ ਖਿਡਾਰੀ ਹੋਣ ਨਾਲ ਇੱਕ ਦੂਜੇ ਦਾ ਸਨਮਾਨ ਕਰੋ।"
ਉਹ ਕਹਿੰਦੇ ਹਨ ਕਿ ਇਹ ਖਿਡਾਰੀਆਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਹੱਥ ਮਿਲਾਉਂਦੇ ਹਨ ਜਾਂ ਨਹੀਂ ਪਰ ਹਾਂ ਇਹ ਦੋਵਾਂ ਟੀਮਾਂ ਦੇ ਨਜ਼ਰੀਏ ਨੂੰ ਜ਼ਰੂਰ ਦਰਸਾਉਂਦਾ ਹੈ।
ਉਹ ਦੱਸਦੇ ਹਨ ਅਰਬ ਮੁਲਕਾਂ ਦੇ ਇਜ਼ਰਾਈਲ ਨਾਲ ਹੁੰਦੇ ਮੁਕਾਬਲਿਆਂ ਵਿੱਚ ਵੀ ਕਈ ਵਾਰ ਖਿਡਾਰੀ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੰਦੇ ਹਨ।

ਹੱਥ ਮਿਲਾਉਣ ਦੀ ਕਿਵੇਂ ਹੋਈ ਸ਼ੁਰੂਆਤ

ਤਸਵੀਰ ਸਰੋਤ, Getty Images
ਬੀਬੀਸੀ ਦੀ 2024 ਵਿੱਚ ਛਪੀ ਇੱਕ ਵੀਡੀਓ ਰਿਪੋਰਟ ਮੁਤਾਬਕ ਹੱਥ ਮਿਲਾਉਣਾ ਭਰੋਸੇ ਦਾ ਇੱਕ ਚਿੰਨ੍ਹ ਹੈ ਪਰ ਇਸ ਦੀਆਂ ਜੜ੍ਹਾਂ ਦੋਵਾਂ ਧਿਰਾਂ ਵਿੱਚ ਇੱਕ ਦੂਜੇ ਪ੍ਰਤੀ ਸ਼ੱਕ ਦੀ ਭਾਵਨਾ ਹੋਣ ਵਿੱਚ ਵੀ ਲੁਕੀਆਂ ਹੋਈਆਂ ਹਨ।
ਇਹ ਸਮਝਿਆ ਜਾਂਦਾ ਹੈ ਕਿ ਆਪਣਾ ਖਾਲੀ ਸੱਜਾ ਹੱਥ ਅੱਗੇ ਵਧਾਉਣਾ ਅਜਨਬੀਆਂ ਲਈ ਇਹ ਸਾਬਤ ਕਰਨ ਦਾ ਤਰੀਕਾ ਸੀ ਕਿ ਉਨ੍ਹਾਂ ਕੋਲ ਹਥਿਆਰ ਨਹੀਂ ਹੈ।
ਇਹ ਕਿਹਾ ਜਾਂਦਾ ਹੈ ਕਿ ਰੋਮਨ ਇੱਕ ਦੂਜੇ ਦੀਆਂ ਬਾਹਵਾਂ ਫੜਦੇ ਸਨ ਤਾਂ ਜੋ ਇਹ ਪਤਾ ਲਗਾ ਸਕਣ ਕਿ ਕਿਤੇ ਕੱਪੜਿਆਂ ਵਿੱਚ ਚਾਕੂ ਤਾਂ ਨਹੀਂ ਲੁਕਿਆ ਹੋਇਆ।
ਪੁਰਾਤਤਵ ਖੰਡਰ ਇਹ ਦਰਸਾਉਂਦੇ ਹਨ ਕਿ 500 ਸਾਲ ਈਸਾ ਪੂਰਬ ਦੇ ਸਮੇਂ ਵਿੱਚ ਵੀ ਹੱਥ ਮਿਲਾਇਆ ਜਾਂਦਾ ਸੀ।
ਹੱਥ ਮਿਲਾਉਣ ਅਤੇ ਇਸ ਮਗਰੋਂ ਹਿਲਾਉਣ ਦੀ ਕਿਰਿਆ ਦੀ ਸ਼ੁਰੂਆਤ ਮੱਧ ਕਾਲੀ ਯੂਰਪ ਵਿੱਚ ਹਥਿਆਰਬੰਦ ਸਿਪਾਹੀਆਂ (ਨਾਈਟਸ) ਤੋਂ ਹੋਈ ਮੰਨੀ ਜਾਂਦੀ ਹੈ।
ਉਹ ਇਸ ਕਰਕੇ ਹੱਥ ਹਿਲਾਉਂਦੇ ਸਨ ਤਾਂ ਜੋ ਕਿਸੇ ਲੁਕੇ ਹੋਏ ਹਥਿਆਰ ਨੂੰ ਹਿਲਾਇਆ ਜਾ ਸਕੇ।
1800 ਵਿਆਂ ਤੱਕ ਹੱਥ ਮਿਲਾਉਣ ਦੀਆਂ ਤਕਨੀਕਾਂ ਬਾਰੇ ਕਿਤਾਬਚਿਆਂ ਵਿੱਚ ਛਾਪਿਆ ਜਾਣ ਲੱਗਾ।

ਤਸਵੀਰ ਸਰੋਤ, Getty Images
ਹੱਥ ਮਿਲਾਉਣ ਦੀਆਂ ਤਸਵੀਰਾਂ ਪ੍ਰਚਲਿਤ ਹੋਣ ਲੱਗੀਆਂ ਤੇ ਹੱਥ ਮਿਲਾਉਣਾ ਅਤੇ ਤਸਵੀਰਾਂ ਖਿਚਵਾਉਣਾ ਇੱਕ ਜ਼ਰੂਰੀ ਨਿਯਮ ਬਣ ਗਿਆ।
ਖੋਜ ਇਹ ਦਰਸਾਉਂਦੀ ਹੈ ਕਿ ਹੱਥ ਮਿਲਾਉਣ ਵੇਲੇ ਅਸੀਂ ਇੱਕ ਦੂਜੇ ਨੂੰ ਰਸਾਇਣਕ ਸਿਗਨਲ ਪਾਸ ਕਰਦੇ ਹਾਂ ਅਤੇ ਲੋਕ ਅਕਸਰ ਕਿਸੇ ਨਾਲ ਹੱਥ ਮਿਲਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਸੁੰਘਦੇ ਹਨ।
ਇਹ ਸਮਾਜਿਕ ਤੌਰ ਉੱਤੇ ਪ੍ਰਵਾਨ ਮਹਿਕ ਦੁਆਰਾ ਅਦਾਨ-ਪ੍ਰਦਾਨ ਕਰਨ ਦਾ ਤਰੀਕਾ ਹੈ। ਹਾਲਾਂਕਿ, ਕਦੇ-ਕਦੇ ਇਸ ਨਾਲ ਕੀਟਾਣੂ ਵੀ ਫੈਲ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪਹਿਲਾਂ ਹੀ ਇਸ ਬਾਰੇ ਬੋਲ ਚੁੱਕੇ ਹਨ ਕਿ ਉਨ੍ਹਾਂ ਨੂੰ ਹੱਥ ਮਿਲਾਉਣ ਤੋਂ ਕਿੰਨੀ ਨਫ਼ਰਤ ਹੈ।
ਹਾਲਾਂਕਿ ਹੱਥ ਮਿਲਾਉਣਾ ਪੂਰੀ ਦੁਨੀਆਂ ਵਿੱਚ ਪ੍ਰਚਲਿਤ ਹੈ, ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਦੂਜੇ ਦੀਆਂ ਬੰਦ ਮੁੱਠੀਆਂ ਨੂੰ ਛੂਹਣਾ ਇਸ ਦਾ ਹੋਰ ਸਾਫ਼-ਸੁਥਰਾ ਬਦਲ ਹੋ ਸਕਦਾ ਹੈ।
ਇਸ ਸਭ ਇਤਿਹਾਸ ਤੋਂ ਬਾਅਦ ਵੀ ਅਸੀਂ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਾਂ।
ਖੇਡ ਦੇ ਮੈਦਾਨ ਉੱਤੇ ਹੱਥ ਮਿਲਾਉਣਾ ਕਦੋਂ-ਕਦੋਂ ਬਣਦਾ ਰਿਹਾ ਹੈ ਮਸਲਾ

ਤਸਵੀਰ ਸਰੋਤ, Getty Images
ਖੇਡ ਪੱਤਰਕਾਰ ਸੌਰਭ ਦੁੱਗਲ ਦੱਸਦੇ ਹਨ ਕਿ ਕਈ ਵਾਰ ਅਰਬ ਮੁਲਕਾਂ ਦੇ ਖਿਡਾਰੀ ਗਾਜ਼ਾ ਦੇ ਕਰਕੇ ਇਜ਼ਰਾਈਲੀ ਖਿਡਾਰੀਆਂ ਦੇ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੰਦੇ ਹਨ।
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦੇ ਚਲਦਿਆਂ ਯੂਕਰੇਨ ਦੇ ਖਿਡਾਰੀਆਂ ਦੇ ਇਹ ਨੀਤੀ ਰਹੀ ਹੈ ਕਿ ਉਹ ਰੂਸੀ ਜਾਂ ਬੈਲਾਰੂਸੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਉਂਦੇ।

ਤਸਵੀਰ ਸਰੋਤ, Getty Images
2016 ਵਿੱਚ ਹੋਈ ਰੀਓ ਓਲੰਪਿਕਸ ਵਿੱਚ ਮਿਸਰ ਦੇ ਜੂਡੋ ਖਿਡਾਰੀ ਇਸਲਾਮ ਆਲ ਸ਼ੈਲਬੀ ਨੇ ਇਜ਼ਰਾਈਲੀ ਖਿਡਾਰੀ ਓਰ ਸੋਸਨ ਕੋਲੋਂ ਹਾਰਨ ਤੋਂ ਬਾਅਦ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਇਸ ਕਰਕੇ ਛੇਤੀ ਘਰ ਵਾਪਸ ਭੇਜ ਦਿੱਤਾ ਗਿਆ ਸੀ ਹਾਲਾਂਕਿ ਮਿਸਰ ਦੀ ਜੂਡੋ ਫੈਡਰੇਸ਼ਨ ਨੇ ਕਿਹਾ ਸੀ ਕਿ ਉਹ ਆਪਣੇ ਸਮੇਂ ਮੁਤਾਬਕ ਹੀ ਵਾਪਸ ਗਏ ਸਨ।
ਅਗਸਤ 2023 ਵਿੱਚ ਇੱਕ ਈਰਾਨੀ ਵੇਟਲਿਫਟਰ ਨੂੰ ਈਰਾਨ ਦੀ ਵੇਟਲਿਫਟਿੰਗ ਫੈਡਰੇਸ਼ਨ ਵੱਲੋਂ ਪੂਰੀ ਜ਼ਿੰਦਗੀ ਲਈ ਇਸ ਕਰਕੇ ਬੈਨ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਵਰਲਡ ਮਾਸਟਰਜ਼ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਇੱਕ ਇਜ਼ਰਾਈਲੀ ਨਾਲ ਗੱਲ ਕੀਤੀ ਸੀ ਅਤੇ ਹੱਥ ਮਿਲਾਇਆ ਸੀ।
ਵੇਟਲਿਫਟਰ ਮੁਸਤਫਾ ਰਜਾਈ ਨੇ ਉਸ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ ਸੀ ਜਦਕਿ ਇਜ਼ਰਾਇਲੀ ਖਿਡਾਰੀ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












