ਪੰਜਾਬ ਦੇ ਦਰਿਆਵਾਂ 'ਚ ਜਹਾਜ਼ ਚਲਾਉਣ ਲਈ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਆਇਆ ਸੀ ਅੰਗਰੇਜ਼ 'ਜਾਸੂਸ'

ਤਸਵੀਰ ਸਰੋਤ, Getty Images
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸਾਲ 1831 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਲਈ ਕਿੰਗ ਵਿਲੀਅਮ ਚੌਥੇ ਵੱਲੋਂ ਤੋਹਫ਼ੇ ਵਜੋਂ ਪੰਜ ਘੋੜੇ ਭੇਜੇ ਗਏ।
ਲਾਹੌਰ ਤੱਕ ਇਹ ਤੋਹਫ਼ੇ ਸੜਕੀ ਰਾਹ ਦੀ ਥਾਂ ਬੇੜੀਆਂ ਰਾਹੀਂ ਭੇਜੇ ਗਏ।
ਇਸ ਦਾ ਮਕਸਦ ਇਹ ਪਤਾ ਲਾਉਣਾ ਸੀ ਕਿ ਕੀ ਸਿੰਧ ਅਤੇ ਪੰਜਾਬ ਦੇ ਹੋਰ ਦਰਿਆਵਾਂ ਨੂੰ ਜਹਾਜ਼ਾਂ ਦੀ ਆਵਾਜਾਈ ਲਈ ਵਰਤਿਆ ਜਾ ਸਕਦਾ ਹੈ ਜਾਂ ਨਹੀਂ।
ਇਸ ਜਾਸੂਸੀ ਮਿਸ਼ਨ ਦੀ ਅਗਵਾਈ ਕੈਪਟਨ ਐਲਗਜ਼ੈਂਡਰ ਬਰਨਜ਼ ਕਰ ਰਹੇ ਸਨ।
ਅੰਗਰੇਜ਼ਾਂ ਦੇ ਇਸ ਜਾਸੂਸੀ ਮਿਸ਼ਨ ਬਾਰੇ ਪੀਟਰ ਹੌਪਕਿਰਕ ਦੀ ਮਸ਼ਹੂਰ ਕਿਤਾਬ 'ਦ ਗ੍ਰੇਟ ਗੇਮ, ਸੀਕ੍ਰੇਟ ਸਰਵਿਸ ਇੰਨ ਹਾਈ ਏਸ਼ੀਆ' ਵਿੱਚ ਜ਼ਿਕਰ ਮਿਲਦਾ ਹੈ।
ਪੀਟਰ ਲਿਖਦੇ ਹਨ, "ਕੱਛ ਤੋਂ ਸਿੰਧ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਹ ਘੋੜੇ ਲੈ ਕੇ ਪੰਜ ਮਹੀਨਿਆਂ ਬਾਅਦ ਲਾਹੌਰ ਪਹੁੰਚੇ।"
"ਉੱਥੇ ਪਹੁੰਚ ਕੇ ਉਨ੍ਹਾਂ ਨੇ ਇਹ ਸਾਬਤ ਕੀਤਾ ਕਿ ਸਿੰਧ ਦੇ ਕੰਢੇ ਤੋਂ 700 ਮੀਲ ਦੂਰ ਲਾਹੌਰ ਤੱਕ ਦਰਿਆ ਰਾਹੀਂ ਪਹੁੰਚਿਆ ਜਾ ਸਕਦਾ ਹੈ।"
ਅੰਗਰੇਜ਼ ਅਫ਼ਸਰਾਂ ਦੀ ਯੋਜਨਾ ਸੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਪ੍ਰਵਾਨਗੀ ਦੇ ਦੇਵੇ ਤਾਂ ਲਾਹੌਰ ਤੋਂ ਬ੍ਰਿਟਿਸ਼ ਵਸਤਾਂ ਸੜਕ ਦੇ ਰਸਤੇ ਅਫ਼ਗਾਨਿਸਤਾਨ ਅਤੇ ਤੁਰਕਿਸਤਾਨ ਭੇਜੀਆਂ ਜਾ ਸਕਦੀਆਂ ਹਨ।
ਦੋ ਮਹੀਨੇ ਠਹਿਰਣ ਮਗਰੋਂ ਬਰਨਜ਼ ਬ੍ਰਿਟਿਸ਼ ਰਾਜ ਦੀ ਗਰਮੀਆਂ ਦੀ ਰਾਜਧਾਨੀ ਸ਼ਿਮਲਾ ਵਿੱਚ ਪਹੁੰਚੇ ਅਤੇ ਇਸ ਬਾਰੇ ਰਿਪੋਰਟ ਕੀਤੀ ਕਿ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਲਾਹੌਰ ਤੱਕ ਫਲੈਟ-ਤਲ ਵਾਲੇ ਜੰਗੀ ਬੇੜੇ ਜਾਂ ਸਮਾਨ ਵਾਲੇ ਬੇੜੇ ਪਹੁੰਚ ਸਕਦੇ ਹਨ।

ਤਸਵੀਰ ਸਰੋਤ, Panjab Digital Library
ਇਸ ਮਗਰੋਂ ਇਨ੍ਹਾਂ ਦਰਿਆਵਾਂ ਉੱਤੇ ਸਟੀਮਰ (ਭਾਫ਼ ਵਾਲੇ ਜਹਾਜ਼) ਜਾਂ ਬੇੜੇ ਚਲਾਏ ਜਾਣ ਦੀ ਤਿਆਰੀ ਦਾ ਫ਼ੈਸਲਾ ਹੋਇਆ। ਹਾਲਾਂਕਿ ਪੰਜਾਬ ਵਿੱਚ ਦਰਿਆਵਾਂ ਉੱਤੇ ਸਮਾਨ ਢੋਣ ਅਤੇ ਸਫ਼ਰ ਲਈ ਸਥਾਨਕ ਬੇੜੀਆਂ ਚੱਲਦੀਆਂ ਸਨ।
ਪੰਜਾਬ ਦੇ ਸਤਲੁਜ, ਰਾਵੀ, ਚਨਾਬ ਅਤੇ ਜਿਹਲਮ ਦਰਿਆ ਰਲਕੇ ਪੰਜਨਦ ਦਰਿਆ ਬਣਦੇ ਹਨ ਅਤੇ ਮਿਠਾਂਕੋਟ ਵਿੱਚ ਪੰਜਨਦ ਸਿੰਧ ਦਰਿਆ ਵਿੱਚ ਸ਼ਾਮਲ ਹੁੰਦਾ ਹੈ ਤੇ ਸਿੰਧ ਅੱਗੇ ਜਾ ਕੇ ਅਰਬ ਸਾਗਰ ਵਿੱਚ ਡਿੱਗਦਾ ਹੈ।
ਬਿਆਸ ਦਰਿਆ ਪੂਰਬੀ ਪੰਜਾਬ ਦੇ ਹਰੀਕੇ ਵਿੱਚ ਸਤਲੁਜ ਵਿੱਚ ਰਲਦਾ ਹੈ।
ਪੰਜਾਬ ਦੇ ਦਰਿਆਵਾਂ ਨੂੰ ਜਹਾਜ਼ੀ ਆਵਾਜਾਈ ਲਈ ਵਰਤਣ ਅਤੇ ਇਨ੍ਹਾਂ ਉੱਤੇ ਸਟੀਮਰ (ਭਾਫ਼ ਵਾਲੇ ਜਹਾਜ਼) ਚਲਾਉਣ ਦੀ ਅੰਗਰੇਜ਼ਾਂ ਦੀ ਯੋਜਨਾ ਕੀ ਸੀ, ਇਹ ਸਿਰੇ ਕਿਉਂ ਨਹੀਂ ਚੜ੍ਹ ਸਕੀ?
ਦਰਿਆਵਾਂ ਬਾਰੇ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਵਿਚਾਲੇ ਸੰਧੀਆਂ
1832 ਵਿੱਚ ਹੋਈ ਸੰਧੀ ਵਿੱਚ ਸਿੰਧ ਅਤੇ ਸਤਲੁਜ ਨੂੰ ਬ੍ਰਿਟਿਸ਼ ਰਾਜ ਅਤੇ ਸਿੱਖ ਰਾਜ ਵਿਚਕਾਰ ਵਪਾਰ ਨੂੰ ਵਧਾਉਣ ਲਈ ਖੋਲ੍ਹਿਆ ਗਿਆ।
ਸੰਧੀ ਮੁਤਾਬਕ, ਮਿਠਾਂਕੋਟ ਅਤੇ ਹਰੀਕੇ ਵਿੱਚ ਟੈਕਸ ਵਸੂਲਣ ਲਈ ਚੌਂਕੀਆਂ ਬਣਾਈਆਂ ਗਈਆਂ।
ਵਪਾਰੀਆਂ ਨੂੰ ਦਰਿਆ ਲੰਘਣ ਲਈ ਪਾਸਪੋਰਟ ਲੈਣਾ ਪੈਂਦਾ ਸੀ, ਜੋ ਕਿ ਸ਼ਰਤਾਂ ਮੁਤਾਬਕ ਬ੍ਰਿਟਿਸ਼ ਜਾਂ ਲਾਹੌਰ ਦਰਬਾਰ ਵੱਲੋਂ ਜਾਰੀ ਕੀਤਾ ਜਾਂਦਾ ਸੀ।
ਸਾਲ 1834 ਅਤੇ 1839 ਵਿੱਚ ਇਸ ਸੰਧੀ ਵਿੱਚ ਬਦਲਾਅ ਹੋਏ।
ਪੰਜਾਬ ਦੇ ਸਾਰੇ ਦਰਿਆਵਾਂ ਉੱਤੇ ਸਟੀਮਰ ਚਲਾਉਣ ਦੀ ਚਾਹ

ਤਸਵੀਰ ਸਰੋਤ, Getty Images
ਪੰਜਾਬ ਉੱਤੇ ਕਬਜ਼ੇ ਤੋਂ ਬਾਅਦ ਅੰਗਰੇਜ਼ੀ ਰਾਜ ਦੀ ਨੀਤੀ ਦਾ ਇੱਕ ਟੀਚਾ ਦਰਿਆਵਾਂ ਰਾਹੀਂ ਵਪਾਰ ਨੂੰ ਵਧਾਉਣਾ ਵੀ ਸੀ।
ਸਾਲ 1930 ਵਿੱਚ ਪੰਜਾਬ ਸਰਕਾਰ ਵੱਲੋਂ ਦਰਿਆਵਾਂ ਰਾਹੀਂ ਵਪਾਰ ਲਈ ਬ੍ਰਿਟਿਸ਼ ਸਰਕਾਰ ਵੱਲੋਂ ਕੀਤੀ ਗਈ ਚਾਰਾਜ਼ੋਈ ਬਾਰੇ ਇੱਕ ਕਿਤਾਬਚੇ ਛਾਪਿਆ ਗਿਆ।
ਇਸ ਦਾ ਨਾਮ ਹੈ – 'ਕਾਮਰਸ ਬਾਏ ਰਿਵਰ ਇੰਨ ਪੰਜਾਬ ਓਰ ਅ ਸਰਵੇ ਆਫ਼ ਦ ਐਕਟੀਵਿਟੀਜ਼ ਆਫ ਦ ਮਰੀਨ ਡਿਪਾਰਟਮੈਂਟ ਆਫ ਦ ਪੰਜਾਬ ਗਵਰਨਮੈਂਟ।'
ਇਸ ਮੁਤਾਬਕ, "ਸਿੰਧ ਨਦੀ ਦਾ ਰੂਟ ਨਾ ਸਿਰਫ਼ ਕੇਂਦਰੀ ਏਸ਼ੀਆ ਬਲਕਿ ਉੱਤਰੀ ਯੂਰਪ ਅਤੇ ਪੂਰੇ ਪੱਛਮ ਨਾਲ ਇੱਕ ਵਪਾਰਕ ਹਾਈਵੇਅ ਵਜੋ 7ਵੀਂ ਸਦੀ ਜਿੰਨਾ ਪੁਰਾਣਾ ਹੈ।"
ਅੰਗਰੇਜ਼ ਆਪਣੇ ਵਪਾਰਕ ਅਤੇ ਫੌਜੀ ਹਿੱਤਾਂ ਕਰਕੇ ਦਰਿਆਵਾਂ ਨੂੰ ਆਵਾਜਾਈ ਦਾ ਕਾਰਗਰ ਜ਼ਰੀਆ ਬਣਾਉਣਾ ਚਾਹੁੰਦੇ ਸਨ।
ਪੰਜਾਬ ਦੇ ਹੋਰਾਂ ਦਰਿਆਵਾਂ ਦੇ ਵਾਂਗ ਹੀ ਸਿੰਧ ਵੀ ਉੱਤਰ ਤੋਂ ਦੱਖਣੀ ਸ਼ਹਿਰਾਂ ਵਿਚਾਲੇ ਇੱਕ ਹਾਈਵੇਅ ਵਾਂਗ ਕੰਮ ਕਰਦਾ ਹੈ।
ਇਸੇ ਕਿਤਾਬਚੇ ਦੇ ਮੁਤਾਬਕ, "ਪੰਜਾਬ ਦੇ ਅੰਦਰੂਨੀ ਸ਼ਹਿਰਾਂ ਅਤੇ ਸਮੁੰਦਰ ਵਿਚਾਲੇ ਇੱਕ ਲਿੰਕ ਬਣ ਗਿਆ ਸੀ, ਪੰਜਾਬ ਵਿੱਚ ਸਥਾਨਕ ਬੇੜੀਆਂ ਚਲਦੀਆਂ ਸਨ ਜਦਕਿ ਸਿੰਧ ਵਿੱਚ ਸਟੀਮਰ ਚੱਲਦੇ ਸਨ, ਕਿਉਂਕਿ ਪੰਜਾਬ ਦੇ ਦਰਿਆਵਾਂ ਉੱਤੇ ਸਟੀਮਰ ਨਹੀਂ ਚੱਲ ਸਕਦੇ ਸਨ।"
ਕਿਤਾਬਚੇ ਦੇ ਮੁਤਾਬਕ, "ਬੰਬੇ ਸਰਕਾਰ ਦੇ ਫਲੋਟਿਲਾ (ਬੇੜੇ) ਸਿੰਧ ਦਰਿਆ ਦੇ ਥੱਲੜੇ ਹਿੱਸੇ ਤੱਕ ਸਨ ਪਰ ਇਸਦੇ ਸਟੀਮਰ ਮੁਲਤਾਨ ਤੱਕ ਚਲੇ ਜਾਂਦੇ।"
ਮੀਂਹ ਵਾਲੇ ਮੌਸਮ ਵਿੱਚ ਇਹ ਸਟੀਮਰ ਸਿੰਧ ਨਦੀ ਦੇ ਕਾਲਾਬਾਗ਼, ਜੇਹਲਮ ਦਰਿਆ ਨਾਲ ਲੱਗਦੇ ਜੇਹਲਮ ਸ਼ਹਿਰ, ਰਾਵੀ ਰਾਹੀਂ ਲਾਹੌਰ ਅਤੇ ਸਤਲੁਜ ਰਾਹੀਂ ਫ਼ਿਰੋਜ਼ਪੁਰ ਤੱਕ ਜਾਂਦੇ ਸਨ, ਪਰ ਅਜਿਹਾ ਕਦੇ-ਕਦੇ ਹੁੰਦਾ ਸੀ, ਇਸ ਲਈ ਇਹ ਵਪਾਰ ਲਈ ਠੀਕ ਨਹੀਂ ਸੀ।
ਇਸ ਲਈ ਫਲੋਟਿਲਾ ਸਟੀਮਰ ਮੁਲਤਾਨ ਤੱਕ ਹੀ ਜਾਂਦੇ ਸਨ, ਇਸ ਤੋਂ ਅੱਗੇ ਸਥਾਨਕ ਬੇੜੀਆਂ ਰਾਹੀਂ ਮਾਲ ਢੋਇਆ ਜਾਂਦਾ ਸੀ।
ਕਿਤਾਬ ਦੇ ਮੁਤਾਬਕ ਬ੍ਰਿਟਿਸ਼ ਅਫ਼ਸਰਾਂ ਦਾ ਇਹ ਖਿਆਲ ਸੀ ਕਿ ਜੇਕਰ ਇਸ ਦਾ ਪੂਰਾ ਲਾਭ ਲੈਣਾ ਹੈ ਤਾਂ ਸਟੀਮ ਨੈਵੀਗੇਸ਼ਨ(ਜਹਾਜ਼ਾਂ ਦੀ ਆਵਾਜਾਈ) ਸਾਰੇ ਦਰਿਆਵਾਂ ਉੱਤੇ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਜੇਕਰ ਇਹ ਸੰਭਵ ਹੋਵੇ।

ਤਸਵੀਰ ਸਰੋਤ, Getty Images
ਸਟੀਮਰ ਚਲਾਉਣ ਵਿੱਚ ਕੀ-ਕੀ ਚੁਣੌਤੀਆਂ ਆਈਆਂ?
ਇਹ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਦਰਿਆਵਾਂ ਨੂੰ ਵਰਤਣਾਂ ਚਾਹੁੰਦੀ ਸੀ ਪਰ ਸਫ਼ਲਤਾ ਇਸ ਗੱਲ ਉੱਤੇ ਨਿਰਭਰ ਕਰਦੀ ਸੀ ਕਿ ਕੀ ਦਰਿਆਵਾਂ ਦੇ ਵਹਾਅ (ਚੈਨਲ) ਨੂੰ ਇਕਸਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ?
ਇਹ ਇੱਕ ਮੁਸ਼ਕਲ ਕੰਮ ਸੀ, ਕਿਤਾਬ ਵਿੱਚ ਅੱਗੇ ਦਰਜ ਹੈ ਕਿ ਪੰਜਾਬ ਦੇ ਦਰਿਆ ਆਪਣੇ ਗ਼ੈਰ-ਭਰੋਸੇਯੋਗ ਅਤੇ ਚੰਚਲ ਸੁਭਾਅ ਲਈ ਜਾਣੇ ਜਾਂਦੇ ਹਨ।
ਅੰਗਰੇਜ਼ ਅਫ਼ਸਰਾਂ ਦੇ ਸਾਹਮਣੇ ਆਇਆ ਕਿ ਪੰਜਾਬ ਦੇ ਦਰਿਆਵਾਂ ਦੇ ਵਹਾਅ ਵਿੱਚ ਕਈ ਰੋਕਾਂ ਹਨ, ਕਿਤੇ ਰੇਤ, ਪੱਥਰਾਂ ਅਤੇ ਮਿੱਟੀ ਦੇ ਢੇਰ ਹਨ। ਪਿਛਲੇ ਸਮੇਂ ਵਿੱਚ ਇਨ੍ਹਾਂ ਨੇ ਆਪਣਾ ਰਾਹ ਕਈ ਵਾਰ ਬਦਲਿਆ ਹੈ, ਇਸ ਲਈ ਇਨ੍ਹਾਂ ਦੇ ਵਹਾਅ ਨੂੰ ਸੁਧਾਰਨਾ ਜ਼ਰੂਰੀ ਹੈ।
ਇਸ ਤੋਂ ਇਲਾਵਾ ਦਰਿਆਵਾਂ ਦੀ ਡੁੰਘਾਈ ਇਕਸਾਰ ਨਹੀਂ ਸੀ।
ਕਿਉਂ ਠੱਪ ਕਰਨੀ ਪਈ ਯੋਜਨਾ?

ਤਸਵੀਰ ਸਰੋਤ, Getty Images
ਚੁਣੌਤੀਆਂ ਨਾਲ ਨਜਿੱਠਣ ਲਈ ਅੰਗਰੇਜ਼ਾਂ ਵੱਲੋਂ ਪੰਜਾਬ ਦੇ ਦਰਿਆਵਾਂ ਦਾ ਸਰਵੇ ਸ਼ੁਰੂ ਕੀਤਾ ਗਿਆ।
ਸਾਲ 1862 ਵਿੱਚ ਪੰਜਾਬ ਦੇ ਦਰਿਆਵਾਂ ਉੱਤੇ ਆਵਾਜਾਈ ਲਈ ਇੱਕ ਸਪੈਸ਼ਲ ਡਿਪਾਰਟਮੈਂਟ ਬਣਾਇਆ ਗਿਆ ਇਸ ਦਾ ਕੁਲ ਖਰਚਾ 4 ਲੱਖ ਤੋਂ ਵੱਧ ਸੀ।
ਫਿਰ ਇਹ ਫ਼ੈਸਲਾ ਲਿਆ ਗਿਆ ਕਿ ਸਟੀਮਰ ਸਿਰਫ਼ ਸਿੰਧ ਉੱਤੇ ਚਲਾਏ ਜਾਣਗੇ, ਪਰ ਪੰਜਾਬ ਸਰਕਾਰ ਜੋਹਲਮ, ਚਨਾਬ ਅਤੇ ਸਤਲੁਜ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਅਤੇ ਇਹ ਚਾਹੁੰਦੀ ਸੀ ਕਿ ਕੋਈ ਨਿੱਜੀ ਕੰਪਨੀ ਇਹ ਕੰਮ ਕਰੇ।
ਸਰਕਾਰ ਵੱਲੋਂ 'ਇੰਡਸ ਫਲੋਟਿਲਾ' ਕੰਪਨੀ ਬਣਾਏ ਜਾਣ ਤੋਂ ਇਲਾਵਾ 'ਓਰੀਐਂਟਲ ਇੰਨਲੈਂਡ ਟਰਾਂਜ਼ਿਟ' ਨਾਮ ਦੀ ਕੰਪਨੀ ਸਣੇ ਹੋਰ ਵੀ ਕੰਪਨੀਆਂ ਬਣੀਆਂ।
ਹੋਰ ਸਟੀਮਰਾਂ ਤੋਂ ਇਲਾਵਾ, ਨੇਪੀਅਰ, ਬਿਆਸ, ਰਾਵੀ ਨਾਮ ਦੇ ਅਜਿਹੇ ਬੇੜੇ ਲਿਆਂਦੇ ਗਏ ਜੋ ਖ਼ਾਸ ਕਰਕੇ ਪੰਜਾਬ ਦੇ ਦਰਿਆਵਾਂ ਉੱਤੇ ਚੱਲ ਸਕਣ।
ਬ੍ਰਿਟਿਸ਼ ਸਰਕਾਰ ਦਾ ਇਹ ਤਜੁਰਬਾ ਸਫ਼ਲ ਨਹੀਂ ਹੋ ਸਕਿਆ, ਇਸ ਦਾ ਕਾਰਨ ਦਰਿਆਵਾਂ ਉੱਤੇ ਜਹਾਜ਼ੀ ਆਵਾਜਾਈ ਵਿੱਚ ਆਈਆਂ ਦਿੱਕਤਾਂ, ਵਾਧੂ ਖਰਚਾ ਅਤੇ ਮੁਨਾਫ਼ਾ ਨਾ ਹੋਣਾ ਸੀ।
ਇਨ੍ਹਾਂ ਸਾਰੇ ਯਤਨਾਂ ਵਿੱਚ ਬ੍ਰਿਟਿਸ਼ ਸਰਕਾਰ ਨੂੰ 14 ਲੱਖ ਰੁਪਏ ਦਾ ਘਾਟਾ ਪਿਆ ਅਤੇ ਮਈ 1871 ਵਿੱਚ ਇਹ ਯੋਜਨਾ ਠੱਪ ਕਰ ਦਿੱਤੀ ਗਈ ਸੀ।
ਰੇਲਵੇ ਦਾ ਵਿਕਾਸ ਅਤੇ ਨਹਿਰੀਕਰਨ
ਪੰਜਾਬ ਦੇ ਭੁਗੋਲ ਨਾਲ ਜੁੜੇ ਵਿਸ਼ੇ ਉੱਤੇ ਪੀਐੱਚਡੀ ਕਰ ਚੁੱਕੇ ਡਾ. ਮਨਿੰਦਰਜੀਤ ਸਿੰਘ ਫਿਲਹਾਲ ਪੰਜਾਬ ਯੂਨੀਵਰਸਿਟੀ ਵਿੱਚ ਡਿਫੈਂਸ ਸਟੱਡੀਜ਼ ਪੜ੍ਹਾਉਂਦੇ ਹਨ।
ਉਹ ਦੱਸਦੇ ਹਨ ਕਿ ਬ੍ਰਿਟਿਸ਼ ਇੱਕ ਨੇਵਲ ਪਾਵਰ ਸਨ, ਉਹ ਸਮੁੰਦਰਾਂ ਦੇ ਰਾਜੇ ਸਨ।
"ਬ੍ਰਿਟਿਸ਼ ਸਰਕਾਰ ਦੇ ਲਈ ਟਰੇਡ ਸਭ ਤੋਂ ਮਹੱਤਵਪੂਰਨ ਸੀ, ਇਹੀ ਸ਼ਾਇਦ ਕਾਰਨ ਸੀ ਕਿ ਉਨ੍ਹਾਂ ਨੇ ਇਸ ਪਾਸੇ ਵੱਲ੍ਹ ਚਾਰਾਜੋਈ ਕੀਤੀ, ਪਰ ਉਸ ਸਮੇਂ ਦੌਰਾਨ ਰੇਲ ਆਵਾਜਾਈ ਦਾ ਵਿਸਤਾਰ ਹੋਇਆ ਜਿਸ ਕਰਕੇ ਦਰਿਆਵਾਂ ਦੀ ਵਰਤੋਂ ਇੰਨੀ ਫਾਇਦੇਮੰਦ ਅਤੇ ਕਾਰਗਰ ਨਹੀਂ ਰਹੀ।"
"ਇੱਕ ਕਾਰਨ ਇਹ ਵੀ ਸੀ ਕਿ ਪੰਜਾਬ ਦੇ ਦਰਿਆ ਉੱਨੇ ਜ਼ਿਆਦਾ ਵੱਡੇ ਜਾਂ ਡੂੰਘੇ ਨਹੀਂ ਸਨ ਕਿ ਇਨ੍ਹਾਂ ਉੱਤੇ ਉਸ ਤਰੀਕੇ ਜਹਾਜ਼ ਚੱਲ ਸਕਦੇ।"
ਮਨਿੰਦਰਜੀਤ ਦੱਸਦੇ ਹਨ ਕਿ ਬ੍ਰਿਟਿਸ਼ ਸਰਕਾਰ ਵੱਲੋਂ ਪੰਜਾਬ ਦੇ ਦਰਿਆਵਾਂ ਵਿੱਚੋਂ ਨਹਿਰਾਂ ਕੱਢਣ ਉੱਤੇ ਵੀ ਜ਼ੋਰ ਦਿੱਤਾ ਗਿਆ ਜਿਸ ਕਰਕੇ ਦਰਿਆਵਾਂ ਵਿੱਚ ਪਾਣੀ ਘੱਟ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












