ਹਰਿਆਣਾ ਸਣੇ ਉੱਤਰੀ ਸੂਬਿਆਂ ਤੋਂ ਸੋਨਾ ਲੁੱਟਣ ਵਾਲਾ ਲੁਟੇਰਾ ਗਿਰੋਹ 'ਬਾਵਰੀਆ', ਜਿਸ ਨੇ ਸਾਲਾਂ ਤੱਕ ਇੱਕ ਸੂਬੇ ਨੂੰ ਹਿਲਾਈ ਰੱਖਿਆ

- ਲੇਖਕ, ਵਿਜਯਾਨੰਦ ਅਰੁਮੁਗਮ
- ਰੋਲ, ਬੀਬੀਸੀ ਤਮਿਲ
ਮਿਤੀ: 9 ਜਨਵਰੀ, 2005
ਸਮਾਂ: 2.30 ਵਜੇ
ਸਥਾਨ: ਪਿੰਡ ਥੈਕੁਲਮ, ਤਿਰੂਵੱਲੂਰ ਜ਼ਿਲ੍ਹਾ, ਤਾਮਿਲਨਾਡੂ
ਲੁਟੇਰਿਆਂ ਦਾ ਇੱਕ ਗਿਰੋਹ ਏਆਈਏਡੀਐਮਕੇ ਦੇ ਵਿਧਾਇਕ ਅਤੇ ਗੁੰਮੀਦੀਪੂੰਦੀ ਹਲਕੇ ਦੇ ਸਾਬਕਾ ਮੰਤਰੀ ਸੁਦਰਸ਼ਨਮ ਦੇ ਘਰ ਵਿੱਚ ਦਾਖਲ ਹੋਇਆ।
ਸੁਦਰਸ਼ਨਮ, ਜੋ ਪਹਿਲੀ ਮੰਜ਼ਿਲ 'ਤੇ ਸੌਂ ਰਿਹਾ ਸੀ, ਉਹ ਅਚਾਨਕ ਆਈ ਆਵਾਜ਼ ਸੁਣ ਕੇ ਹੇਠਾਂ ਆ ਗਿਆ। ਪੁਲਿਸ ਮੁਤਾਬਕ ਉਸਨੂੰ ਲੁਟੇਰਿਆਂ ਦੇ ਗਿਰੋਹ ਨੇ ਗੋਲੀ ਮਾਰ ਦਿੱਤੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਲੁਟੇਰਿਆਂ ਦਾ ਗਿਰੋਹ ਸੁਦਰਸ਼ਨਮ ਦੇ ਘਰੋਂ ਲਗਭਗ 60 ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਦੌਰਾਨ ਹੀ 'ਬਾਵਰੀਆ' ਨਾਮ ਸਾਹਮਣੇ ਆਇਆ।
ਪਹਿਲਾਂ ਵੀ ਪੁਲਿਸ ਨੇ ਕਿਹਾ ਸੀ ਕਿ 'ਬਾਵਰੀਆ' ਗਿਰੋਹ 24 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਵਿੱਚ 1996 ਵਿੱਚ ਵੇਲੋਰ ਵਿੱਚ ਡਾਕਟਰ ਮੋਹਨ ਕੁਮਾਰ ਦੇ ਕਤਲ ਅਤੇ 2002 ਵਿੱਚ ਸਲੇਮ ਕਾਂਗਰਸ ਆਗੂ ਥਲਾਮੁਥੂ ਨਟਰਾਜਨ ਦਾ ਕਤਲ ਸ਼ਾਮਲ ਸੀ।
ਸੇਵਾਮੁਕਤ ਡੀਜੀਪੀ ਐੱਸ.ਆਰ. ਜੰਗੀਦ ਮੁਤਾਬਕ, "ਤਤਕਾਲੀ ਏਆਈਏਡੀਐਮਕੇ ਸਰਕਾਰ ਨੇ ਗੁੰਮੀਦੀਪੂੰਡੀ ਵਿੱਚ ਇੱਕ ਸੱਤਾਧਾਰੀ ਪਾਰਟੀ ਦੇ ਵਿਧਾਇਕ ਦੇ ਕਤਲ ਤੋਂ ਬਾਅਦ ਹੀ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਸ਼ੁਰੂ ਕੀਤਾ।"
'ਬਾਵਰੀਆ' ਗਿਰੋਹ ਨੂੰ ਫੜਨ ਵਾਲੀ ਟੀਮ ਦੀ ਅਗਵਾਈ ਜੰਗੀਤ (ਜੋ ਉਸ ਸਮੇਂ ਉੱਤਰੀ ਜ਼ੋਨ ਦੇ ਆਈਜੀ ਸਨ) ਕਰ ਰਹੇ ਸਨ।
ਚੇੱਨਈ ਦੇ ਵਧੀਕ ਸੈਸ਼ਨ ਕੋਰਟ ਨੇ ਸੁਦਰਸ਼ਨਮ ਕਤਲ ਕੇਸ ਵਿੱਚ 21 ਨਵੰਬਰ ਨੂੰ ਆਪਣਾ ਫੈਸਲਾ ਸੁਣਾਇਆ ਹੈ। ਜੱਜ ਨੇ ਇਸ ਮਾਮਲੇ ਵਿੱਚ ਜਗਦੀਸ਼, ਰਾਕੇਸ਼ ਅਤੇ ਅਸ਼ੋਕ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜੱਜ ਨੇ ਇਹ ਵੀ ਕਿਹਾ ਹੈ ਕਿ ਸਜ਼ਾ ਦੇ ਵੇਰਵੇ 24 ਨਵੰਬਰ ਨੂੰ ਐਲਾਨੇ ਜਾਣਗੇ।
ਇਸ ਪੂਰੇ ਮਾਮਲੇ ਵਿੱਚ ਕੀ ਹੋਇਆ? ਬੀਬੀਸੀ ਨੇ ਵਿਸਥਾਰ ਵਿੱਚ ਜਾਣਨ ਲਈ ਸੇਵਾਮੁਕਤ ਡੀਜੀਪੀ ਐੱਸਆਰ ਜੰਗੀਦ ਨਾਲ ਗੱਲਬਾਤ ਕੀਤੀ।

ਸਾਲ 2009 ਵਿੱਚ ਤਿਰੂਵੱਲੂਰ ਵਿੱਚ ਏਆਈਏਡੀਐਮਕੇ ਦੇ ਵਿਧਾਇਕ ਸੁਦਰਸ਼ਨਮ ਦੇ ਕਤਲ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ।
ਇਹ ਮੰਨਿਆ ਜਾ ਰਿਹਾ ਸੀ ਕਿ 'ਕੁਝ ਉੱਤਰੀ ਰਾਜਾਂ ਦੇ ਲੋਕ ਇਸ ਅਪਰਾਧ ਵਿੱਚ ਸ਼ਾਮਲ ਹੋ ਸਕਦੇ ਹਨ', ਇਸ ਲਈ ਉਸ ਸਮੇਂ ਦੇ ਉੱਤਰੀ ਜ਼ੋਨ ਆਈਜੀ ਜੰਗੀਦ ਦੀ ਅਗਵਾਈ ਅਧੀਨ ਚਾਰ ਡਿਪਟੀ ਸੁਪਰੀਡੈਂਟ ਆਫ਼ ਪੁਲਿਸ, ਪੁਲਿਸ ਇੰਸਪੈਕਟਰਾਂ ਅਤੇ ਫਿੰਗਰਪ੍ਰਿੰਟ ਮਾਹਿਰਾਂ ਵਾਲੀਆਂ ਪੰਜ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ।
ਐੱਸਆਰ ਜੰਗੀਦ ਕਹਿੰਦੇ ਹਨ, "ਤਤਕਾਲੀ ਮੁੱਖ ਮੰਤਰੀ ਜੈਲਲਿਤਾ ਅਤੇ ਉਸ ਸਮੇਂ ਦੇ ਡੀਜੀਪੀ (ਅਲੈਗਜ਼ੈਂਡਰ) ਨੇ ਮੈਨੂੰ ਲੁਟੇਰਿਆਂ ਦੇ ਗਿਰੋਹ ਨੂੰ ਫੜਨ ਲਈ ਇੱਕ ਵਿਸ਼ੇਸ਼ ਟੀਮ ਦੀ ਅਗਵਾਈ ਕਰਨ ਲਈ ਕਿਹਾ।"
ਡਾਕਟਰ ਮੋਹਨ ਕੁਮਾਰ ਮਾਮਲੇ ਵਿੱਚ ਕੀ ਹੋਇਆ?
ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ 32 ਲੋਕਾਂ ਵਿਰੁੱਧ ਕਤਲਾਂ ਅਤੇ ਡਕੈਤੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਅਧੀਨ ਮਾਮਲੇ ਦਰਜ ਕੀਤੇ ਗਏ ਸਨ।
ਹਰਿਆਣਾ ਤੋਂ ਗਰੁੱਪ ਲੀਡਰ ਓਮ ਪ੍ਰਕਾਸ਼ (ਓਮਾ) ਅਤੇ ਉਸਦੇ ਭਰਾ ਜਗਦੀਸ਼ ਸਮੇਤ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਾਲ 1995 ਵਿੱਚ, ਬਾਵਰੀਆ ਲੁਟੇਰੇ ਵੈਲੋਰ ਦੇ ਵਾਲਾਜਾਪੇਟ ਵਿੱਚ ਡਾਕਟਰ ਮੋਹਨ ਕੁਮਾਰ ਦੇ ਘਰ ਵਿੱਚ ਦਾਖਲ ਹੋਏ। ਮੋਹਨ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਜਦਕਿ ਉਸਦੀ ਪਤਨੀ ਅਤੇ ਦੋ ਬੱਚਿਆਂ 'ਤੇ ਹਮਲਾ ਕੀਤਾ ਗਿਆ।
ਰਾਣੀਪੇਟ ਵਿੱਚ ਇੱਕ ਵਿਸ਼ੇਸ਼ ਫਾਸਟ-ਟਰੈਕ ਅਦਾਲਤ ਸਥਾਪਤ ਕੀਤੀ ਗਈ ਸੀ। ਅਪ੍ਰੈਲ 2006 ਵਿੱਚ ਇਸ ਅਦਾਲਤ ਨੇ ਓਮ ਪ੍ਰਕਾਸ਼ ਬਾਵਰੀਆ ਅਤੇ ਲਕਸ਼ਮਣਨ ਨੂੰ ਮੌਤ ਦੀ ਸਜ਼ਾ ਅਤੇ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਮਦਰਾਸ ਹਾਈ ਕੋਰਟ ਨੇ ਬਾਅਦ ਵਿੱਚ ਮੌਤ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਕਰ ਦਿੱਤਾ ਪਰ ਉਦੋਂ ਤੱਕ ਓਮ ਪ੍ਰਕਾਸ਼ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ।
ਬਾਕੀ ਦੋਸ਼ੀ ਜਿਵੇਂ ਜਗਦੀਸ਼, ਅਸ਼ੋਕ, ਰਾਕੇਸ਼ ਅਤੇ ਇੱਕ ਹੋਰ ਉੱਤੇ ਹੁਣ ਸੁਦਰਸ਼ਨਮ ਕਤਲ ਕੇਸ ਵਿੱਚ ਮੁਕੱਦਮਾ ਚੱਲ ਰਿਹਾ ਹੈ।
20 ਸਾਲਾਂ ਬਾਅਦ ਵੀ ਬਾਵਰੀਆ ਮਾਮਲਾ ਤਾਮਿਲਨਾਡੂ ਪੁਲਿਸ ਦੇ ਇਤਿਹਾਸ ਵਿੱਚ ਮਹੱਤਵਪੂਰਨ ਬਣਿਆ ਹੋਇਆ ਹੈ।
ਬੀਬੀਸੀ ਤਮਿਲ ਨੇ ਐੱਸਆਰ ਜੰਗੀਦ ਨਾਲ ਗੱਲ ਕਰਕੇ ਇਹ ਸਮਝਿਆ ਕਿ ਅਜਿਹਾ ਕਿਉਂ ਹੈ? ਪੁਲਿਸ ਨੇ ਸ਼ੱਕੀਆਂ ਨੂੰ ਕਿਵੇਂ ਲੱਭਿਆ? ਕੀ ਚੋਰੀ ਹੋਏ ਗਹਿਣੇ ਬਰਾਮਦ ਹੋਏ ਸਨ?
ਪੁਲਿਸ ਨੇ ਬਾਵਰੀਆ ਦੀ ਸ਼ਮੂਲੀਅਤ ਦੀ ਪੁਸ਼ਟੀ ਕਿਵੇਂ ਕੀਤੀ, ਇਸ ਬਾਰੇ ਜੰਗੀਦ ਕਹਿੰਦੇ ਹਨ, "ਵਿਧਾਇਕ ਦੇ ਕਤਲ ਵਾਲੀ ਥਾਂ ਤੋਂ ਮਿਲੇ ਸੁਰਾਗਾਂ ਦੇ ਆਧਾਰ 'ਤੇ ਅਸੀਂ ਕਈ ਉੱਤਰੀ ਸੂਬਿਆਂ ਦੀ ਯਾਤਰਾ ਕੀਤੀ। ਉਦੋਂ ਸਾਨੂੰ ਪਤਾ ਲੱਗਾ ਕਿ ਇਹ ਸਮੂਹ ਨਾ ਸਿਰਫ਼ ਇਸ ਘਟਨਾ ਨਾਲ ਜੁੜਿਆ ਹੋਇਆ ਸੀ, ਸਗੋਂ ਕਈ ਹੋਰਾਂ ਨਾਲ ਵੀ ਜੁੜਿਆ ਹੋਇਆ ਸੀ।"
ਉਹ ਕਹਿੰਦੇ ਹਨ ਕਿ 1995-2005 ਦੇ ਵਿਚਕਾਰ, ਬਾਵਰੀਆ ਗੈਂਗ ਤਾਮਿਲਨਾਡੂ ਵਿੱਚ 24 ਮਾਮਲਿਆਂ ਨਾਲ ਜੁੜਿਆ ਹੋਇਆ ਸੀ। ਕਰਨਾਟਕ ਵਿੱਚ ਤਿੰਨ ਅਤੇ ਆਂਧਰਾ ਪ੍ਰਦੇਸ਼ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸਨ।

ਮੁਲਜ਼ਮਾਂ ਦੀ ਪੁਸ਼ਟੀ ਕਿਵੇਂ ਕੀਤੀ?
ਜੰਗੀਦ ਕਹਿੰਦੇ ਹਨ, "ਉਂਗਲੀਆਂ ਦੇ ਨਿਸ਼ਾਨਾਂ ਨੇ ਮੁੱਖ ਭੂਮਿਕਾ ਨਿਭਾਈ। ਇਹ ਸਮੂਹ ਵੱਡਾ ਸੀ ਅਤੇ ਲੋਕਾਂ ਦੀ ਪਛਾਣ ਕਰਨਾ ਆਸਾਨ ਨਹੀਂ ਸੀ। 1997 ਵਿੱਚ ਆਗਰਾ ਜੇਲ੍ਹ ਵਿੱਚ ਮਿਲੇ ਇੱਕ ਫਿੰਗਰਪ੍ਰਿੰਟ ਤਾਮਿਲਨਾਡੂ ਵਿੱਚ ਮਿਲੇ ਇੱਕ ਫਿੰਗਰਪ੍ਰਿੰਟ ਨਾਲ ਮੇਲ ਖਾਂਦਾ ਸੀ।"
ਉੱਤਰੀ ਭਾਰਤ ਪੁਲਿਸ ਨੇ ਡਕੈਤੀਆਂ ਵਿੱਚ ਸਰਗਰਮ ਗਿਰੋਹਾਂ ਦੀ ਪਛਾਣ ਕੀਤੀ, ਇਹ ਵੇਰਵਾ ਬਾਵਰੀਆ ਨਾਲ ਮੇਲ ਖਾਂਦਾ ਸੀ।
"ਅਸੀਂ ਪਹਿਲਾਂ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹਨਾਂ ਵਿੱਚ ਅਸ਼ੋਕ, ਲਕਸ਼ਮਣਨ ਅਤੇ ਹੋਰ ਸਨ। ਮੇਰਠ ਵਿੱਚ ਇੱਕ ਤਲਾਸ਼ੀ ਦੌਰਾਨ ਦੋ ਗੈਂਗ ਮੈਂਬਰ ਇੱਕ ਮੁਕਾਬਲੇ ਵਿੱਚ ਮਾਰੇ ਗਏ।"

ਮੁਕਾਬਲਾ ਕਿਉਂ ਹੋਇਆ?
ਜੰਗੀਦ ਮੁਤਾਬਕ, "ਮਾਰਚ 2006 ਵਿੱਚ ਮੇਰਠ (ਯੂਪੀ) ਵਿੱਚ ਅਸੀਂ ਮੁੱਖ ਸ਼ੱਕੀ ਸੂਰਾ ਬਾਵਰੀਆ ਅਤੇ ਵਿਜੇ ਬਾਵਰੀਆ ਨੂੰ ਗ੍ਰਿਫ਼ਤਾਰ ਕਰਨ ਗਏ ਸੀ। ਰਾਤ ਦਾ ਸਮਾਂ ਸੀ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਦੋ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮੇਰਠ ਵਿੱਚ ਨਿਆਂਇਕ ਜਾਂਚ ਵੀ ਹੋਈ।"
ਤਾਮਿਲਨਾਡੂ ਵਿੱਚ ਉਹ ਕਿਵੇਂ ਕੰਮ ਕਰਦੇ ਸਨ?
ਜੰਗੀਦ ਮੁਤਾਬਕ, "ਉਹ ਉੱਤਰੀ ਸੂਬਿਆਂ ਤੋਂ ਟਰੱਕਾਂ ਵਿੱਚ ਆਉਂਦੇ ਸਨ। ਉਨ੍ਹਾਂ ਨੇ ਹਾਈਵੇਅ ਦੇ ਨਾਲ ਲੱਗਦੇ ਇਕੱਲਿਆਂ ਘਰਾਂ ਨੂੰ ਨਿਸ਼ਾਨਾ ਬਣਾਇਆ, ਇਹ ਜਾਣਦੇ ਹੋਏ ਕਿ ਪੁਲਿਸ ਦੀ ਪ੍ਰਤੀਕਿਰਿਆ ਹੌਲੀ ਹੋਵੇਗੀ। ਕਤਲ ਅਤੇ ਡਕੈਤੀ ਕਰਨ ਤੋਂ ਬਾਅਦ ਉਹ ਜਲਦੀ ਘਰ ਵਾਪਸ ਭੱਜ ਜਾਂਦੇ ਸਨ।"

ਮੁੱਖ ਸਬੂਤ, ਜਿਨ੍ਹਾਂ ਨੇ ਪੁਲਿਸ ਦੀ ਮਦਦ ਕੀਤੀ
ਜੰਗੀਦ ਦੱਸਦੇ ਹਨ, "ਕਤਲ ਅਤੇ ਡਕੈਤੀ ਵਾਲੀ ਥਾਂ 'ਤੇ ਦੋ ਜੁੱਤੀਆਂ ਮਿਲੀਆਂ। ਦੱਖਣੀ ਭਾਰਤ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਜੁੱਤੇ ਨਹੀਂ ਪਹਿਨਦਾ। ਪੀੜਤਾਂ ਨੇ ਕਿਹਾ ਕਿ ਉਹ ਹਿੰਦੀ ਬੋਲਦੇ ਹਨ।"
ਘਟਨਾ ਵਾਲੀ ਥਾਂ 'ਤੇ ਇੱਕ ਬੰਦੂਕ ਮਿਲੀ। ਤਾਮਿਲਨਾਡੂ ਵਿੱਚ ਕੋਈ ਵੀ ਇਸ ਦੀ ਵਰਤੋਂ ਨਹੀਂ ਕਰਦਾ। ਖਾਸ ਤੌਰ 'ਤੇ ਉਨ੍ਹਾਂ ਦੇ ਉਂਗਲਾਂ ਦੇ ਨਿਸ਼ਾਨ ਤਾਮਿਲਨਾਡੂ ਵਿੱਚ ਅਪਰਾਧੀਆਂ ਦੇ ਉਂਗਲਾਂ ਦੇ ਨਿਸ਼ਾਨਾਂ ਨਾਲ ਮੇਲ ਨਹੀਂ ਖਾਂਦੇ ਸਨ।"
ਇਸ ਬਾਵਰੀਆ ਗੈਂਗ ਅਤੇ ਡਕੈਤੀ ਦੇ ਆਧਾਰ 'ਤੇ, 'ਥੀਰਨ ਅਧਿਕਰਮ ਓਂਡਰੂ' ਨਾਮ ਦੀ ਇੱਕ ਪ੍ਰਸਿੱਧ ਤਾਮਿਲ ਫਿਲਮ ਰਿਲੀਜ਼ ਹੋਈ ਸੀ।

ਤਸਵੀਰ ਸਰੋਤ, Dream warrior pictures
ਬਾਵਰੀਆ ਕੌਣ ਸਨ?
"ਬਾਵਰੀਆ ਇੱਕ ਜਾਤੀ ਸਮੂਹ ਹੈ। ਉਹ ਰਾਜਸਥਾਨ ਵਿੱਚ ਰਾਜਪੂਤ ਫੌਜ ਦਾ ਹਿੱਸਾ ਸਨ ਜੋ ਬਹਾਦਰੀ ਲਈ ਜਾਣੀ ਜਾਂਦੀ ਸੀ।"
"1526 ਵਿੱਚ ਰਾਜਪੂਤ-ਮੁਗਲ ਟਾਕਰਿਆਂ ਦੌਰਾਨ ਕੁਝ ਅਰਾਵਲੀ ਪਹਾੜਾਂ ਵੱਲ ਭੱਜ ਗਏ। ਉਨ੍ਹਾਂ ਨੇ ਬਚਾਅ ਲਈ ਡਕੈਤੀ ਦਾ ਸਹਾਰਾ ਲਿਆ। ਕੁਝ ਲਈ ਇਹ ਇੱਕ ਪੇਸ਼ਾ ਬਣ ਗਿਆ।"
ਤਾਮਿਲਨਾਡੂ ਨੂੰ ਨਿਸ਼ਾਨਾ ਕਿਉਂ ਬਣਾਇਆ?
"ਪੁੱਛਗਿੱਛ ਦੌਰਾਨ ਉਨ੍ਹਾਂ ਨੇ ਕਿਹਾ 'ਤਾਮਿਲਨਾਡੂ ਦੇ ਹਰ ਘਰ ਵਿੱਚ ਸੋਨਾ ਹੈ।' ਉਨ੍ਹਾਂ ਨੇ ਹਾਈਵੇਅ ਦੇ ਨਾਲ ਲੱਗਦੇ ਅਮੀਰ ਘਰਾਂ ਨੂੰ ਨਿਸ਼ਾਨਾ ਬਣਾਇਆ।"
ਕਈ ਮੁਲਜ਼ਮ ਹਾਲੇ ਵੀ ਕਿਉਂ ਫਰਾਰ ਹਨ?
"ਇਹ ਇੱਕ ਲੰਬੀ ਸੂਚੀ ਸੀ। ਅਸੀਂ 15 ਨੂੰ ਗ੍ਰਿਫ਼ਤਾਰ ਕੀਤਾ। ਲਗਭਗ 20 ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਕਈਆਂ ਨੇ ਚੋਰੀ ਦਾ ਸਾਮਾਨ ਵੇਚ ਕੇ ਸਮੂਹ ਦੀ ਮਦਦ ਕੀਤੀ।"
ਚੋਰੀ ਹੋਏ ਗਹਿਣਿਆਂ ਦਾ ਕੀ ਹੋਇਆ?
"ਇਸ ਨੂੰ ਬਰਾਮਦ ਕਰਨਾ ਬਹੁਤ ਮੁਸ਼ਕਲ ਸੀ। ਉਨ੍ਹਾਂ ਨੇ ਗਹਿਣੇ ਵੇਚੇ ਅਤੇ ਲਾਰੀਆਂ ਖਰੀਦੀਆਂ, ਜਿਨ੍ਹਾਂ ਨੂੰ ਉਹ ਵਾਰ-ਵਾਰ ਅਪਰਾਧਾਂ ਲਈ ਵਰਤਦੇ ਸਨ। ਉਨ੍ਹਾਂ ਕੋਲ ਬੰਦੂਕਾਂ ਅਤੇ ਕੁਹਾੜੀਆਂ ਨੂੰ ਲੁਕਾਉਣ ਲਈ ਗੁਪਤ ਥਾਵਾਂ ਸਨ। ਅਸੀਂ ਗ੍ਰਿਫ਼ਤਾਰੀਆਂ ਤੋਂ ਬਾਅਦ ਲਾਰੀਆਂ ਨੂੰ ਜ਼ਬਤ ਕਰ ਲਿਆ।"
ਤਾਮਿਲਨਾਡੂ ਪੁਲਿਸ ਨੂੰ ਕੀ ਚੁਣੌਤੀਆਂ ਸਨ?

ਫਿਲਮ 'ਥੀਰਨ ਅਧਿਕਰਮ ਓਂਡਰੂ' ਤਾਮਿਲਨਾਡੂ ਵਿੱਚ ਅਪਰਾਧ ਵਿੱਚ ਸ਼ਾਮਲ ਲੋਕਾਂ ਨੂੰ ਫੜਨ ਅਤੇ ਉੱਤਰੀ ਸੂਬਿਆਂ ਦੀ ਯਾਤਰਾ ਕਰਨ ਦੀਆਂ ਮੁਸ਼ਕਲਾਂ ਨੂੰ ਦਰਸਾਉਂਦੀ ਹੈ।
ਤੁਹਾਨੂੰ ਆਪਣੇ ਕੰਮ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?
ਜੰਗੀਦ ਦੱਸਦੇ ਹਨ, "ਭਾਸ਼ਾ ਮੁੱਖ ਸਮੱਸਿਆ ਸੀ। ਉੱਥੋਂ ਦੇ ਲੋਕ ਸਿਰਫ਼ ਹਿੰਦੀ ਜਾਣਦੇ ਸਨ। ਉਨ੍ਹਾਂ ਨਾਲ ਗੱਲਬਾਤ ਕਰਨਾ ਮੁਸ਼ਕਲ ਸੀ। ਸਾਡੀ ਟੀਮ ਦੇ ਕੁਝ ਮੈਂਬਰ ਉਰਦੂ ਜਾਣਦੇ ਸਨ। ਉਨ੍ਹਾਂ ਨੇ ਇਸਦੀ ਵਰਤੋਂ ਹਿੰਦੀ ਵਿੱਚ ਗੱਲਬਾਤ ਕਰਨ ਲਈ ਕੀਤੀ। ਮੈਂ ਖੁਦ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਵਿੱਚ ਰੁੱਝਿਆ ਹੋਇਆ ਸੀ।"
"ਫਿਰ ਦੱਖਣੀ ਭਾਰਤ ਦੇ ਉਲਟ ਤੁਹਾਨੂੰ ਸਾਂਬਰ ਜਾਂ ਇਡਲੀ ਨਹੀਂ ਮਿਲੇਗੀ। ਤੁਹਾਨੂੰ ਸਿਰਫ਼ ਤੰਦੂਰੀ ਰੋਟੀ ਹੀ ਮਿਲੇਗੀ। ਮੌਸਮ ਵੀ ਸਖਤ ਸੀ। ਜਨਵਰੀ ਵਿੱਚ ਜਦੋਂ ਕਤਲ ਹੋਇਆ ਸੀ, ਉੱਥੇ ਬਹੁਤ ਠੰਢ ਸੀ। ਇਸ ਕਾਰਨ ਵਿਸ਼ੇਸ਼ ਟੀਮ ਦੀ ਸਿਹਤ ਵਿਗੜ ਗਈ।"
ਉੱਤਰੀ ਸੂਬਿਆਂ ਦਾ ਸਹਿਯੋਗ
ਜੰਗੀਦ ਮੁਤਾਬਕ, "ਉਨ੍ਹਾਂ ਨੇ ਚੰਗਾ ਸਹਿਯੋਗ ਕੀਤਾ। ਉੱਥੇ ਸੀਨੀਅਰ ਅਧਿਕਾਰੀਆਂ ਵੱਲੋਂ ਤਾਇਨਾਤ ਮਹਿਲਾ ਪੁਲਿਸ ਦੀ ਮਦਦ ਨਾਲ ਹਰਿਆਣਾ ਵਿੱਚ ਦੋ ਮਹਿਲਾ ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਯੂਪੀ ਪੁਲਿਸ ਨੇ ਗ੍ਰਿਫ਼ਤਾਰੀ ਵਾਰੰਟਾਂ ਵਿੱਚ ਮਦਦ ਕੀਤੀ।"
ਮਾਮਲੇ ਦੇ ਅਧੂਰੇ ਪੱਖ
"ਕੁਝ ਮੁਲਜ਼ਮ ਅਜੇ ਵੀ ਗ੍ਰਿਫ਼ਤਾਰ ਨਹੀਂ ਹੋਏ। ਭਾਵੇਂ ਉਨ੍ਹਾਂ ਦੀ ਭੂਮਿਕਾ ਛੋਟੀ ਸੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ। ਕੁਝ ਨੂੰ ਜ਼ਮਾਨਤ ਮਿਲ ਗਈ ਅਤੇ ਉਹ ਫਰਾਰ ਹੋ ਗਏ।"
ਕੀ ਏਆਈਏਡੀਐਮਕੇ ਸਰਕਾਰ ਨੇ ਵਿਸ਼ੇਸ਼ ਟੀਮ ਦੀ ਸ਼ਲਾਘਾ ਕੀਤੀ?
ਜੰਗੀਦ ਕਹਿੰਦੇ ਹਨ, "ਅਸੀਂ ਸਿਰਫ਼ ਆਪਣਾ ਫਰਜ਼ ਨਿਭਾਇਆ। ਸਨਮਾਨਯੋਗ ਕੁਝ ਵੀ ਨਹੀਂ।"
ਬਾਵਰੀਆ ਗੈਂਗ ਵੱਲੋਂ ਹਾਈਵੇਅ 'ਤੇ ਸੋਨੇ ਦੀ ਡਕੈਤੀ ਨਾਲ ਜੋੜਨ ਵਾਲੀਆਂ ਤਾਜ਼ਾ ਖ਼ਬਰਾਂ
"ਇੱਕ ਖ਼ਬਰ ਵਿੱਚ ਚੇਨਈ-ਤ੍ਰਿਚੀ ਹਾਈਵੇਅ 'ਤੇ ਹਾਲ ਹੀ ਵਿੱਚ ਹੋਈ 10 ਕਿਲੋ ਸੋਨੇ ਦੀ ਡਕੈਤੀ ਵਿੱਚ ਬਾਵਰੀਆ ਦੀ ਸ਼ਮੂਲੀਅਤ ਦੀ ਗੱਲ ਕਹੀ ਗਈ ਹੈ।"
"ਮੈਂ ਵੀ ਇਹ ਪੜ੍ਹਿਆ ਹੈ ਪਰ ਇਹ ਅਸੰਭਵ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਹੁਣ ਸਰਕਾਰੀ ਨੌਕਰੀਆਂ ਕਰਦੇ ਹਨ, ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਅਪਰਾਧਿਕ ਗਤੀਵਿਧੀਆਂ ਛੱਡ ਚੁੱਕੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












