ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਨੇ ਡਿਪੋਰਟ ਕਰਕੇ ਭਾਰਤ ਭੇਜਿਆ, ਅਨਮੋਲ ਕਿਹੜੇ ਮਾਮਲਿਆਂ ਵਿੱਚ ਮੁਲਜ਼ਮ ਹੈ

ਐੱਨਆਈਏ ਦੀ ਕਸਟੱਡੀ ਵਿੱਚ ਅਨਮੋਲ ਬਿਸ਼ਨੋਈ

ਤਸਵੀਰ ਸਰੋਤ, NIA

ਤਸਵੀਰ ਕੈਪਸ਼ਨ, ਐੱਨਆਈਏ ਦੀ ਕਸਟੱਡੀ ਵਿੱਚ ਅਨਮੋਲ ਬਿਸ਼ਨੋਈ

ਅਮਰੀਕਾ ਤੋਂ ਭਾਰਤ ਡਿਪੋਰਟ ਕਰਨ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਮੰਗਲਵਾਰ ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਅਤੇ ਨਜ਼ਦੀਕੀ ਸਹਿਯੋਗੀ ਅਨਮੋਲ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਐੱਨਆਈਏ ਦੀ ਪ੍ਰੈੱਸ ਰਿਲੀਜ਼ ਮੁਤਾਬਕ, 2022 ਤੋਂ ਫਰਾਰ, ਅਮਰੀਕਾ ਵਿੱਚ ਰਹਿੰਦਾ ਅਨਮੋਲ ਬਿਸ਼ਨੋਈ ਆਪਣੇ ਜੇਲ੍ਹ ਵਿੱਚ ਬੰਦ ਭਰਾ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲੇ ਅੱਤਵਾਦੀ-ਸਿੰਡੀਕੇਟ ਵਿੱਚ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਗਿਆ 19ਵਾਂ ਦੋਸ਼ੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਮਾਰਚ 2023 ਵਿੱਚ ਐੱਨਆਈਏ ਨੇ ਅਨਮੋਲ 'ਤੇ ਚਾਰਜਸ਼ੀਟ ਦਾਇਰ ਕੀਤੀ ਸੀ

ਲਾਰੈਂਸ ਬਿਸ਼ਨੋਈ ਦੇ ਭਰਾ ਤੇ ਕਈ ਅਪਰਾਧਿਕ ਮਾਮਲਿਆਂ ਵਿੱਚ ਮੁਲਜ਼ਮ ਅਨਮੋਲ ਬਿਸ਼ਨੋਈ ਅਮਰੀਕਾ ਵੱਲੋਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਹੈ।

ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਵੱਲੋਂ ਵੀ ਅਨਮੋਲ ਬਿਸ਼ਨੋਈ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਹੋਏ ਹਨ।

ਜ਼ਿਕਰਯੋਗ ਹੈ ਕਿ ਨਵੰਬਰ 2024 ਵਿੱਚ ਮੁੰਬਈ ਸਥਿਤ ਫ਼ਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਉੱਪਰ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੂੰ ਨਾਮਜ਼ਦ ਕੀਤਾ ਗਿਆ ਸੀ।

13 ਅਕਤੂਬਰ, 2024 ਨੂੰ ਮੁੰਬਈ ਵਿੱਚ ਐੱਨਸੀਪੀ ਆਗੂ ਬਾਬਾ ਸਦੀਕੀ ਦੇ ਕਤਲ ਤੋਂ ਬਾਅਦ ਵੀ ਅਨਮੋਲ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਸੀ।

ਅਨਮੋਲ ਬਿਸ਼ਨੋਈ ਦੇ ਨਾਂ ਦੀ ਸਭ ਤੋਂ ਪਹਿਲਾਂ ਉਸ ਵੇਲੇ ਚਰਚਾ ਹੋਈ ਸੀ, ਜਦੋਂ 29 ਮਈ 2022 ਨੂੰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।

ਯੂਐੱਸ ਇਮੀਗਰੇਸ਼ਨ ਐਂਡ ਕਸਟਮਜ਼ ਇਨਫਰੋਸਮੈਂਟ ਦੀ ਵੈਬਸਾਈਟ ਮੁਤਾਬਕ ਉੱਤੇ 2024 ਵਿੱਚ ਹੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਦੀ ਪੋਟਾਵੈਟੋਮੀ ਜੇਲ੍ਹ ਵਿੱਚ ਭੇਜਿਆ ਗਿਆ ਸੀ।

ਐੱਨਆਈਏ ਨੇ ਤਾਜ਼ਾ ਪ੍ਰੈੱਸ ਰਿਲੀਜ਼ ਵਿੱਚ ਕੀ ਕਿਹਾ

ਪ੍ਰੈੱਸ ਰਿਲੀਜ਼ ਮੁਤਾਬਕ, ਉਸ ਨੇ 2020-2023 ਦੀ ਮਿਆਦ ਦੌਰਾਨ ਦੇਸ਼ ਵਿੱਚ ਵੱਖ-ਵੱਖ ਅੱਤਵਾਦੀ ਕਾਰਵਾਈਆਂ ਵਿੱਚ ਨਾਮਜ਼ਦ ਵਿਅਕਤੀਗਤ ਅੱਤਵਾਦੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਸਰਗਰਮੀ ਨਾਲ ਸਹਾਇਤਾ ਕੀਤੀ ਸੀ।

ਐੱਨਆਈਏ ਨੇ ਅੱਗੇ ਲਿਖਿਆ ਹੈ ਕਿ ਬਿਸ਼ਨੋਈ ਗੈਂਗ ਦੇ ਵੱਖ-ਵੱਖ ਸਾਥੀਆਂ ਨਾਲ ਮਿਲ ਕੇ ਕੰਮ ਕਰਦੇ ਹੋਏ, ਅਨਮੋਲ ਨੇ ਅੱਤਵਾਦੀ ਸਿੰਡੀਕੇਟ ਚਲਾਉਣਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਲਈ ਅਮਰੀਕਾ ਤੋਂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣਾ ਜਾਰੀ ਰੱਖਿਆ, ਜ਼ਮੀਨੀ ਪੱਧਰ 'ਤੇ ਆਪਣੇ ਕਾਰਕੁਨਾਂ ਦੀ ਵਰਤੋਂ ਕੀਤੀ।

ਐੱਨਆਈਏ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਨਮੋਲ ਬਿਸ਼ਨੋਈ ਨੇ ਗੈਂਗ ਦੇ ਸ਼ੂਟਰਾਂ ਅਤੇ ਜ਼ਮੀਨੀ ਕਾਰਕੁਨਾਂ ਨੂੰ ਪਨਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਸੀ। ਉਹ ਹੋਰ ਗੈਂਗਸਟਰਾਂ ਦੀ ਮਦਦ ਨਾਲ ਭਾਰਤ ਵਿੱਚ ਵਿਦੇਸ਼ੀ ਧਰਤੀ ਤੋਂ ਜਬਰੀ ਵਸੂਲੀ ਵਿੱਚ ਵੀ ਰੁੱਝਿਆ ਹੋਇਆ ਸੀ।

ਐੱਨਆਈਏ ਅੱਤਵਾਦੀਆਂ, ਗੈਂਗਸਟਰਾਂ ਅਤੇ ਹਥਿਆਰਾਂ ਦੇ ਤਸਕਰਾਂ, ਉਨ੍ਹਾਂ ਦੇ ਬੁਨਿਆਦੀ ਢਾਂਚੇ ਅਤੇ ਫੰਡਿੰਗ ਚੈਨਲਾਂ ਸਮੇਤ, ਵਿਚਕਾਰ ਗੱਠਜੋੜ ਨੂੰ ਤਬਾਹ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ, ਆਰਸੀ 39/2022/ਐੱਨਆਈਏ/ਡੀਐੱਲਆਈ (ਲਾਰੈਂਸ ਬਿਸ਼ਨੋਈ ਦੀ ਅਗਵਾਈ ਵਿੱਚ ਅੱਤਵਾਦੀ-ਗੈਂਗਸਟਰ ਸਾਜ਼ਿਸ਼ ਕੇਸ) ਮਾਮਲੇ ਦੀ ਜਾਂਚ ਜਾਰੀ ਕਰ ਰਹੀ ਹੈ।

ਵੀਡੀਓ ਕੈਪਸ਼ਨ, ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਨੇ ਡਿਪੋਰਟ ਕਰਕੇ ਭਾਰਤ ਭੇਜਿਆ

ਕੌਣ ਹੈ ਅਨਮੋਲ ਬਿਸ਼ਨੋਈ

ਅਨਮੋਲ ਬਿਸ਼ਨੋਈ

ਤਸਵੀਰ ਸਰੋਤ, NIA

ਨਵੰਬਰ 2024 ਵਿੱਚ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਅਨਮੋਲ ਬਿਸ਼ਨੋਈ ਬਾਰੇ ਉਨ੍ਹਾਂ ਦੇ ਪਿੰਡ ਅਤੇ ਜਾਣਨ ਵਾਲਿਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਇਕੱਠੀ ਕੀਤੀ ਸੀ। ਉਹ ਅਸੀਂ ਤੁਹਾਡੇ ਨਾਲ ਦੁਬਾਰਾ ਸਾਂਝੀ ਕਰ ਰਹੇ ਹਾਂ।

ਅਨਮੋਲ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਅਪਰਾਧ ਜਗਤ ਨਾਲ ਜੁੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ।

ਉਹ ਦੱਖਣੀ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਦੁਤਾਰ ਵਾਲੀ ਦਾ ਜੰਮਪਲ ਹੈ।

ਅਪਰਾਧ ਜਗਤ ਨਾਲ ਜੁੜਨ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਸਨ।

ਪਿੰਡ ਵਾਸੀਆਂ ਮੁਤਾਬਕ ਬਿਸ਼ਨੋਈ ਪਰਿਵਾਰ ਕੋਲ 110 ਏਕੜ ਆਪਣੀ ਜੱਦੀ ਜ਼ਮੀਨ ਹੈ ਅਤੇ ਉਨ੍ਹਾਂ ਦੇ ਪੁਰਖੇ ਹਾਲੇ ਵੀ ਖੇਤੀਬਾੜੀ ਕਰਦੇ ਹਨ।

ਬਿਸ਼ਨੋਈ ਪਰਿਵਾਰ ਦੇ ਮੈਂਬਰ ਰਮੇਸ਼ ਬਿਸ਼ਨੋਈ ਨੇ ਕੁਝ ਸਮਾਂ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ ਕਿ ਅਨਮੋਲ ਬਿਸ਼ਨੋਈ ਨੇ ਆਪਣੀ ਮੁੱਢਲੀ ਸਿੱਖਿਆ ਰਾਜਸਥਾਨ ਦੇ ਮਾਊਂਟ ਆਬੂ ਤੋਂ ਕੀਤੀ ਸੀ।

ਪਿੰਡ ਵਾਸੀਆਂ ਮੁਤਾਬਕ, ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਨਮੋਲ ਬਿਸ਼ਨੋਈ ਬਾਕਸਿੰਗ ਅਤੇ ਵਾਲੀਬਾਲ ਦਾ ਚੰਗਾ ਖਿਡਾਰੀ ਸੀ।

ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਉਚੇਰੀ ਪੜ੍ਹਾਈ ਲਈ ਚੰਡੀਗੜ੍ਹ ਵਿੱਚ ਗਿਆ ਸੀ ਅਤੇ ਇਸ ਮਗਰੋਂ ਉਹ ਗੈਂਗਸਟਰਾਂ ਦੇ ਕਾਫਲੇ ਵਿੱਚ ਕਿਵੇਂ ਦਾਖਲ ਹੋ ਗਿਆ, ਇਸ ਬਾਰੇ ਕੋਈ ਇਲਮ ਨਹੀਂ।

ਪਿੰਡ ਦੁਤਾਰ ਵਾਲੀ ਦੇ ਵਸਨੀਕ ਜੀਤੂ ਥਾਪਨ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਵੀ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨਾਲ ਵਾਲੀਬਾਲ ਖੇਡਦੇ ਰਹੇ ਹਨ।

ਉਨ੍ਹਾਂ ਦੱਸਿਆ, "ਪਿੰਡ ਵਿੱਚ ਰਹਿਣ ਸਮੇਂ ਇਹ ਦੋਵੇਂ ਭਰਾ ਹਮੇਸ਼ਾਂ ਹੀ ਹਿਰਨ ਨੂੰ ਮਾਰਨ ਤੋਂ ਰੋਕਣ ਅਤੇ ਦਰੱਖਤਾਂ ਦੀ ਕਟਾਈ ਰੋਕਣ ਲਈ ਤੱਤਪਰ ਰਹਿੰਦੇ ਸਨ।"

"ਪਿੰਡ ਦੇ ਵਿੱਚ ਰਹਿਣ ਸਮੇਂ ਅਪਰਾਧ ਦੀ ਦੁਨੀਆਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਉਹ ਖੇਡਾਂ ਵੱਲ ਕਾਫ਼ੀ ਆਕਰਸ਼ਿਤ ਰਹਿੰਦੇ ਸਨ।"

ਅਨਮੋਲ ਬਿਸ਼ਨੋਈ ਖ਼ਿਲਾਫ਼ ਕਿਹੜੇ ਮਾਮਲੇ ਦਰਜ ਹਨ

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਨਮੋਲ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ

ਕੈਲੀਫੋਰਨੀਆ ਵਿੱਚ ਅਨਮੋਲ ਬਿਸ਼ਨੋਈ ਦੀ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇੰਟਰਪੋਲ ਰਾਹੀਂ ਅਨਮੋਲ ਬਿਸ਼ਨੋਈ ਦੇ ਖ਼ਿਲਾਫ਼ "ਰੈਡ ਕਾਰਨਰ ਨੋਟਿਸ" ਜਾਰੀ ਕੀਤਾ ਸੀ।

ਪੁਲਿਸ ਰਿਕਾਰਡ ਮੁਤਾਬਕ ਅਨਮੋਲ ਬਿਸ਼ਨੋਈ ਖ਼ਿਲਾਫ਼ ਸਭ ਤੋਂ ਪਹਿਲਾ ਕੇਸ ਫਾਜ਼ਿਲਕਾ ਪੁਲਿਸ ਨੇ ਕਥਿਤ ਤੌਰ 'ਤੇ ਨਜਾਇਜ਼ ਹਥਿਆਰ ਰੱਖਣ ਦੇ ਸਬੰਧ ਵਿੱਚ ਦਰਜ ਕੀਤਾ ਸੀ।

ਇਸ ਤੋਂ ਬਾਅਦ ਸਾਲ 2022 ਵਿੱਚ ਉਹ ਪਹਿਲਾ ਮੌਕਾ ਸੀ, ਜਦੋਂ ਅਨਮੋਲ ਬਿਸ਼ਨੋਈ ਦਾ ਨਾਂ ਇੱਕ ਹਾਈ ਪ੍ਰੋਫ਼ਾਈਲ ਕਤਲ ਕੇਸ ਨਾਲ ਜੁੜਿਆ।

ਇਹ ਕਤਲ ਸੀ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ।

ਇਸੇ ਸਾਲ ਹੀ ਐੱਨਆਈਏ ਨੇ ਅਨਮੋਲ ਬਿਸ਼ਨੋਈ ਦੇ ਖ਼ਿਲਾਫ਼ ਦੋ ਹੋਰ ਮਾਮਲੇ ਦਰਜ ਕੀਤੇ ਸਨ, ਜਿਸ ਵਿੱਚ ਉਸ ਨੂੰ ਚਾਰਜਸ਼ੀਟ ਵੀ ਕੀਤਾ ਗਿਆ ਸੀ।

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਐੱਨਆਈਏ ਨੇ ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਉਪਰ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ।

ਅਨਮੋਲ ਬਿਸ਼ਨੋਈ ਦੀ ਕੈਲੀਫੋਰਨੀਆ ਵਿੱਚ ਗ੍ਰਿਫਤਾਰੀ ਤੋਂ ਬਾਅਦ ਐੱਨਆਈਏ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਸ਼ਾਰਪ ਸ਼ੂਟਰਾਂ ਦੀ 'ਅਗਵਾਈ'

ਅਨਮੋਲ ਬਿਸ਼ਨੋਈ

ਤਸਵੀਰ ਸਰੋਤ, NIA

ਤਸਵੀਰ ਕੈਪਸ਼ਨ, ਅਨਮੋਲ ਬਿਸ਼ਨੋਈ

ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਅਨਮੋਲ ਬਿਸ਼ਨੋਈ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਇਕ ਜਾਂਚ ਰਿਪੋਰਟ ਜਾਰੀ ਕੀਤੀ ਗਈ ਸੀ।

ਫ਼ਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਉੱਪਰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਪੁਲਿਸ ਨੇ ਦੋਵਾਂ ਭਰਾਵਾਂ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਖਿਲਾਫ਼ ਚਾਰਜਸ਼ੀਟ ਤਿਆਰ ਕੀਤਾ ਗਿਆ ਸੀ।

ਪੁਲਿਸ ਦਾ ਕਹਿਣਾ ਸੀ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਨਮੋਲ ਬਿਸ਼ਨੋਈ ਨੇਪਾਲ ਦੇ ਰਸਤੇ ਵਿਦੇਸ਼ ਦੌੜ ਗਿਆ ਸੀ।

ਮੁੰਬਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਐੱਨਸੀਪੀ ਨੇਤਾ ਬਾਬਾ ਸਦੀਕੀ ਦੇ ਕਤਲ ਤੋਂ ਕੁਝ ਸਮਾਂ ਪਹਿਲਾਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਅਨਮੋਲ ਬਿਸ਼ਨੋਈ ਨਾਲ ਗੱਲਬਾਤ ਕੀਤੀ ਸੀ।

ਪੁਲਿਸ ਮੁਤਾਬਕ ਅਪ੍ਰੈਲ 2024 ਵਿੱਚ ਸਲਮਾਨ ਖਾਨ ਦੇ ਘਰ ਉੱਪਰ ਫਾਇਰਿੰਗ ਕਰਨ ਦੇ ਨਿਰਦੇਸ਼ ਵੀ ਕਥਿਤ ਤੌਰ ਉਪਰ ਅਨਮੋਲ ਬਿਸ਼ਨੋਈ ਵੱਲੋਂ ਹੀ ਆਪਣੇ ਸ਼ੂਟਰਾਂ ਨੂੰ ਦਿੱਤੇ ਗਏ ਸਨ।

ਖੁਫ਼ੀਆ ਏਜੰਸੀਆਂ ਨੇ ਇਸ ਗੱਲ ਨੂੰ ਮੰਨਿਆ ਸੀ ਕਿ ਅਨਮੋਲ ਬਿਸ਼ਨੋਈ ਆਪਣੇ ਵੱਡੇ ਭਰਾ ਲਾਰੈਂਸ ਬਿਸ਼ਨੋਈ ਦੇ ਅਪਰਾਧਿਕ ਪ੍ਰਭਾਵ ਕਾਰਨ ਹੀ ਗੈਂਗਸਟਰਾਂ ਵਿੱਚ ਸ਼ਾਮਲ ਹੋਇਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)