'ਸੀਆਈਏ ਨੇ ਮੇਰੇ 'ਤੇ ਦਿਮਾਗੀ ਪ੍ਰਯੋਗ ਕੀਤੇ, ਅਜੇ ਵੀ ਰਾਤ ਨੂੰ ਚੀਕਾਂ ਮਾਰਦੀ ਹਾਂ', ਕੈਨੇਡਾ 'ਚ ਲੋਕਾਂ 'ਤੇ ਬਿਨਾਂ ਦੱਸੇ ਪ੍ਰਯੋਗ ਕਿਉਂ ਹੋਏ

ਲਾਨਾ ਪੌਂਟਿੰਗ

ਤਸਵੀਰ ਸਰੋਤ, Submitted photo

ਤਸਵੀਰ ਕੈਪਸ਼ਨ, ਲਾਨਾ ਪੌਂਟਿੰਗ ਦੀ ਬਚਪਨ ਦੀ ਤਸਵੀਰ ਜਿਨ੍ਹਾਂ 'ਤੇ ਦਿਮਾਗੀ ਪ੍ਰਯੋਗ ਕੀਤੇ ਗਏ ਸਨ
    • ਲੇਖਕ, ਰੌਬਿਨ ਲੇਵਿਨਸਨ-ਕਿੰਗ ਅਤੇ ਐਲੋਇਸ ਏਲੇਨਾ
    • ਰੋਲ, ਬੀਬੀਸੀ ਨਿਊਜ਼

ਲਾਨਾ ਪੌਂਟਿੰਗ ਨੂੰ ਕੈਨੇਡਾ ਦੇ ਮੌਨਟਰੀਅਲ ਵਿੱਚ ਬਣੇ ਪੁਰਾਣੇ ਮਾਨਸਿਕ ਰੋਗਾਂ ਦੇ ਹਸਪਤਾਲ ਐਲਨ ਮੈਮੋਰੀਅਲ ਇੰਸਟੀਚਿਊਟ ਦੀ ਸਭ ਤੋਂ ਪਹਿਲੀ ਯਾਦ ਤੀਖੀ ਦਵਾਈ ਵਰਗੀ ਗੰਧ ਦੀ ਹੈ।

ਲਾਨਾ ਯਾਦ ਕਰਦੇ ਹੋਏ ਕਹਿੰਦੇ ਹਨ, "ਮੈਨੂੰ ਉਸ ਜਗ੍ਹਾ ਦਾ ਰੂਪ (ਲੁੱਕ) ਪਸੰਦ ਨਹੀਂ ਆਇਆ। ਉਹ ਮੈਨੂੰ ਹਸਪਤਾਲ ਵਰਗਾ ਨਹੀਂ ਲੱਗਿਆ।"

ਇਹ ਹਸਪਤਾਲ ਜੋ ਕਦੇ ਇੱਕ ਸਕਾਟਿਸ਼ ਜਹਾਜ਼ ਕਾਰੋਬਾਰੀ ਦਾ ਘਰ ਸੀ, ਅਪ੍ਰੈਲ 1958 ਵਿੱਚ ਇੱਕ ਮਹੀਨੇ ਲਈ ਉਨ੍ਹਾਂ ਦਾ ਟਿਕਾਣਾ ਬਣ ਗਿਆ। ਉਸ ਸਮੇਂ ਇੱਕ ਜੱਜ ਨੇ 16 ਸਾਲ ਦੀ ਲਾਨਾ ਨੂੰ "ਆਗਿਆ ਨਾ ਮੰਨਣ ਵਾਲੇ ਵਿਵਹਾਰ" ਦੇ ਇਲਾਜ ਲਈ ਉੱਥੇ ਭੇਜਣ ਦਾ ਆਦੇਸ਼ ਦਿੱਤਾ ਸੀ।

ਉੱਥੇ ਲਾਨਾ ਪੌਂਟਿੰਗ ਵੀ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ 'ਤੇ ਸੀਆਈਏ ਦੀ ਦਿਮਾਗ 'ਤੇ ਨਿਯੰਤਰਣ ਯਾਨੀ ਮਾਈਂਡ ਕੰਟਰੋਲ ਨਾਲ ਜੁੜੀ ਗੁਪਤ ਰਿਸਰਚ ਦੇ ਤਹਿਤ ਤਜਰਬੇ ਕੀਤੇ ਗਏ।

ਹੁਣ ਉਹ ਕੈਨੇਡਾ ਵਿੱਚ ਹੋਏ ਇਨ੍ਹਾਂ ਪ੍ਰਯੋਗਾਂ ਦੇ ਪੀੜਤਾਂ ਵੱਲੋਂ ਦਾਇਰ ਇੱਕ ਮੁਕੱਦਮੇ ਵਿੱਚ ਦੋ ਨਾਮਜ਼ਦ ਪਟੀਸ਼ਨਕਰਤਾਵਾਂ ਵਿੱਚੋਂ ਇੱਕ ਹਨ।

ਵੀਰਵਾਰ ਨੂੰ ਇੱਕ ਜੱਜ ਨੇ ਰੌਇਲ ਵਿਕਟੋਰੀਆ ਹਸਪਤਾਲ ਦੀ ਅਪੀਲ ਖਾਰਿਜ ਕਰ ਦਿੱਤੀ ਜਿਸ ਨਾਲ ਮੁਕੱਦਮਾ ਅੱਗੇ ਵਧਾਉਣ ਦਾ ਰਸਤਾ ਸਾਫ਼ ਹੋ ਗਿਆ।

ਹਾਲ ਹੀ ਵਿੱਚ ਹਾਸਲ ਕੀਤੇ ਗਏ ਇੱਕ ਮੈਡੀਕਲ ਰਿਕਾਰਡ ਅਨੁਸਾਰ, ਲਾਨਾ ਅਕਸਰ ਘਰੋਂ ਨਿਕਲ ਜਾਂਦੀ ਸੀ ਅਤੇ ਅਜਿਹੇ ਦੋਸਤਾਂ ਨਾਲ ਰਹਿੰਦੀ ਸੀ ਜਿਨ੍ਹਾਂ ਨੂੰ ਉਸਦੇ ਮਾਤਾ-ਪਿਤਾ ਪਸੰਦ ਨਹੀਂ ਕਰਦੇ ਸਨ।

ਇਹ ਸਭ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਦਾ ਪਰਿਵਾਰ ਓਟਾਵਾ ਤੋਂ ਮੌਨਟਰੀਅਲ ਆਇਆ ਸੀ। ਉਸ ਸਮੇਂ ਉਨ੍ਹਾਂ ਲਈ ਹਾਲਾਤ ਥੋੜ੍ਹੇ ਮੁਸ਼ਕਲ ਸਨ।

ਉਨ੍ਹਾਂ ਨੇ ਕਿਹਾ, "ਮੈਂ ਇੱਕ ਆਮ ਟੀਨੇਜਰ ਸੀ।" ਪਰ ਜੱਜ ਨੇ ਉਨ੍ਹਾਂ ਨੂੰ ਐਲਨ (ਮਨੋਰੋਗ ਹਸਪਤਾਲ) ਭੇਜ ਦਿੱਤਾ।

'ਅਮਰੀਕਾ ਅਤੇ ਕੈਨੇਡਾ ਦੀਆਂ 100 ਤੋਂ ਵੱਧ ਸੰਸਥਾਵਾਂ ਇਸ ਦਾ ਹਿੱਸਾ ਸਨ'

ਮੌਨਟਰੀਅਲ ਦਾ ਐਲਨ ਮੈਮੋਰੀਅਲ ਇੰਸਟੀਚਿਊਟ
ਤਸਵੀਰ ਕੈਪਸ਼ਨ, ਮੌਨਟਰੀਅਲ ਦਾ ਐਲਨ ਮੈਮੋਰੀਅਲ ਇੰਸਟੀਚਿਊਟ ਜਿੱਥੇ ਸੀਆਈਏ ਦੀ ਹਮਾਇਤ ਪ੍ਰਾਪਤ ਦਿਮਾਗੀ ਪ੍ਰਯੋਗ ਕੈਨੇਡਾ ਵਿੱਚ ਕੀਤੇ ਗਏ ਸਨ

ਉੱਥੇ ਪਹੁੰਚ ਕੇ ਉਹ ਅਣਜਾਣੇ ਵਿੱਚ ਸੀਆਈਏ ਦੇ ਉਸ ਗੁਪਤ ਪ੍ਰਯੋਗ ਦਾ ਹਿੱਸਾ ਬਣ ਗਈ ਜਿਸ ਨੂੰ ਐੱਮਕੇ ਅਲਟਰਾ ਕਿਹਾ ਜਾਂਦਾ ਸੀ।

ਇਹ ਸ਼ੀਤ ਯੁੱਧ ਦੇ ਦੌਰ ਦਾ ਇੱਕ ਪ੍ਰੋਜੈਕਟ ਸੀ ਜਿਸ ਵਿੱਚ ਲੋਕਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ 'ਤੇ ਸਾਇਕੈਡਲਿਕ ਵਰਗੀਆਂ ਨਸ਼ੀਲੀਆਂ ਦਵਾਈਆਂ, ਜਿਵੇਂ ਕਿ ਐਲਐੱਸਡੀ, ਇਲੈਕਟ੍ਰੋਸ਼ੌਕ ਇਲਾਜ ਅਤੇ ਬ੍ਰੇਨਵਾਸ਼ ਤਕਨੀਕਾਂ ਦਾ ਅਸਰ ਪਰਖਿਆ ਜਾਂਦਾ ਸੀ।

ਅਮਰੀਕਾ ਅਤੇ ਕੈਨੇਡਾ ਦੀਆਂ 100 ਤੋਂ ਵੱਧ ਸੰਸਥਾਵਾਂ ਜਿਨ੍ਹਾਂ ਵਿੱਚ ਹਸਪਤਾਲ, ਜੇਲ੍ਹਾਂ ਅਤੇ ਸਕੂਲ ਸ਼ਾਮਲ ਸਨ ਉਹ ਵੀ ਇਸ ਪ੍ਰੋਜੈਕਟ ਦਾ ਹਿੱਸਾ ਸਨ।

ਐਲਨ ਵਿੱਚ ਮੈਕਗਿਲ ਯੂਨੀਵਰਸਿਟੀ ਦੇ ਖੋਜਕਰਤਾ ਡਾ. ਇਵੇਨ ਕੈਮਰਨ ਮਰੀਜ਼ਾਂ ਨੂੰ ਨਸ਼ੇ ਦੀਆਂ ਦਵਾਈਆਂ ਦਿੰਦੇ ਸਨ ਅਤੇ ਉਨ੍ਹਾਂ ਨੂੰ ਰਿਕਾਰਡਿੰਗਾਂ ਸੁਣਵਾਉਂਦੇ ਸਨ। ਇਹ ਕਦੇ-ਕਦੇ ਹਜ਼ਾਰਾਂ ਵਾਰ ਸੁਣਾਈ ਜਾਂਦੀ ਸੀ। ਇਸ ਪ੍ਰਕਿਰਿਆ ਨੂੰ ਉਹ "ਐਕਸਪਲੋਰਿੰਗ" ਕਹਿੰਦੇ ਸਨ।

ਡਾ. ਕੈਮਰਨ, ਲਾਨਾ ਪੌਂਟਿੰਗ ਨੂੰ ਇੱਕੋ ਟੇਪ ਰਿਕਾਰਡਿੰਗ ਸੈਂਕੜੇ ਵਾਰ ਸੁਣਵਾਉਂਦੇ ਸਨ।

ਲਾਨਾ ਯਾਦ ਕਰਦੇ ਹੋਏ ਕਹਿੰਦੇ ਹਨ, "ਉਹ ਰਿਕਾਰਡਿੰਗ ਵਾਰ-ਵਾਰ ਚੱਲਦੀ ਰਹਿੰਦੀ ਸੀ। ਉਸ ਵਿੱਚ ਆਵਾਜ਼ ਆਉਂਦੀ ਸੀ, 'ਤੂੰ ਚੰਗੀ ਕੁੜੀ ਹੈਂ, ਤੂੰ ਬੁਰੀ ਕੁੜੀ ਹੈਂ'।"

ਡਾਕਟਰੇਟ ਵਿਦਿਆਰਥਣ ਜੌਰਡਨ ਟੌਰਬੇ, ਜਿਨ੍ਹਾਂ ਨੇ ਡਾ. ਕੈਮਰਨ ਦੇ ਪ੍ਰਯੋਗਾਂ ਅਤੇ ਉਨ੍ਹਾਂ ਦੇ ਨੈਤਿਕ ਅਸਰ 'ਤੇ ਖੋਜ ਕੀਤੀ ਹੈ, ਉਹ ਦੱਸਦੇ ਹਨ ਕਿ ਇਹ ਤਰੀਕਾ ਸਾਈਕਿਕ ਡਰਾਈਵਿੰਗ ਕਹਾਉਂਦਾ ਸੀ।

ਉਨ੍ਹਾਂ ਦਾ ਕਹਿਣਾ ਹੈ, "ਅਸਲ ਵਿੱਚ ਮਰੀਜ਼ਾਂ ਦੇ ਦਿਮਾਗ ਨੂੰ ਵਾਰ-ਵਾਰ ਦੁਹਰਾਏ ਜਾਣ ਵਾਲੇ ਸ਼ਬਦਾਂ ਅਤੇ ਸੰਕੇਤਾਂ ਨਾਲ ਨਿਯੰਤਰਿਤ ਕੀਤਾ ਜਾਂਦਾ ਸੀ।"

ਉਹ ਕਹਿੰਦੇ ਹਨ ਕਿ ਡਾ. ਕੈਮਰਨ ਨੇ ਨੀਂਦ ਦੀਆਂ ਦਵਾਈਆਂ, ਸੰਵੇਦੀ ਘਾਟ ਅਤੇ ਨਕਲੀ ਕੋਮਾ ਦੇ ਪ੍ਰਭਾਵਾਂ 'ਤੇ ਵੀ ਕੰਮ ਕੀਤਾ ਸੀ।

ਮੈਡੀਕਲ ਰਿਕਾਰਡ ਦੱਸਦੇ ਹਨ ਕਿ ਲਾਨਾ ਨੂੰ ਐੱਲਐੱਸਡੀ ਦੇ ਨਾਲ ਸੋਡੀਅਮ ਐਮੀਟਲ (ਇੱਕ ਬਾਰਬੀਚੂਰੇਟ), ਡੇਸੌਕਸਿਨ (ਇੱਕ ਉਤੇਜਕ ਦਵਾਈ) ਅਤੇ ਨਾਈਟਰਸ ਗੈਸ ਯਾਨੀ ਹਸਾਉਣ ਵਾਲੀ ਗੈਸ ਦਿੱਤੀ ਗਈ ਸੀ।

ਡਾ. ਕੈਮਰਨ ਨੇ ਉਨ੍ਹਾਂ ਦੀ ਇੱਕ ਮੈਡੀਕਲ ਫਾਈਲ ਵਿੱਚ ਲਿਖਿਆ ਸੀ, "30 ਅਪ੍ਰੈਲ ਤੱਕ ਮਰੀਜ਼ 'ਤੇ 'ਐਕਸਪਲੋਰੇਸ਼ਨ' ਦੀ ਪ੍ਰਕਿਰਿਆ ਕੀਤੀ ਗਈ। ਨਾਈਟਰਸ ਆਕਸਾਈਡ ਦੇਣ 'ਤੇ ਉਹ ਬਹੁਤ ਤਣਾਅਗ੍ਰਸਤ ਅਤੇ ਹਿੰਸਕ ਹੋ ਗਈ, ਬਿਸਤਰ ਤੋਂ ਅੱਧੀ ਬਾਹਰ ਲਟਕ ਗਈ ਅਤੇ ਚੀਕਣ ਲੱਗੀ।"

ਇਹ ਮੈਡੀਕਲ ਫਾਈਲ ਲਾਨਾ ਪੌਂਟਿੰਗ ਨੇ ਸੂਚਨਾ ਦੇ ਅਧਿਕਾਰ ਦੇ ਤਹਿਤ ਹਾਸਲ ਕੀਤੀ ਹੈ।

ਲਾਨਾ ਪੌਂਟਿੰਗ

1970 ਦੇ ਦਹਾਕੇ 'ਚ ਪਹਿਲੀ ਵਾਰ ਸਾਹਮਣੇ ਆਈ ਜਾਣਕਾਰੀ

ਐੱਮਕੇ ਅਲਟਰਾ ਪ੍ਰਯੋਗਾਂ ਦੀ ਸੱਚਾਈ ਪਹਿਲੀ ਵਾਰ 1970 ਦੇ ਦਹਾਕੇ ਵਿੱਚ ਸਾਹਮਣੇ ਆਈ ਸੀ। ਇਸ ਤੋਂ ਬਾਅਦ ਕਈ ਪੀੜਤਾਂ ਨੇ ਅਮਰੀਕਾ ਅਤੇ ਕੈਨੇਡਾ ਦੀਆਂ ਸਰਕਾਰਾਂ ਦੇ ਖਿਲਾਫ਼ ਮੁਕੱਦਮੇ ਦਾਇਰ ਕੀਤੇ।

ਅਮਰੀਕਾ ਵਿੱਚ ਜ਼ਿਆਦਾਤਰ ਮੁਕੱਦਮੇ ਅਸਫਲ ਰਹੇ, ਪਰ 1988 ਵਿੱਚ ਇੱਕ ਕੈਨੇਡੀਅਨ ਜੱਜ ਨੇ ਅਮਰੀਕੀ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਨੌਂ ਪੀੜਤਾਂ ਵਿੱਚੋਂ ਹਰ ਇੱਕ ਨੂੰ 67,000 ਡਾਲਰ ਦਾ ਮੁਆਵਜ਼ਾ ਦੇਵੇ।

1992 ਵਿੱਚ ਕੈਨੇਡਾ ਸਰਕਾਰ ਨੇ ਵੀ 77 ਪੀੜਤਾਂ ਵਿੱਚੋਂ ਹਰ ਇੱਕ ਨੂੰ 1 ਲੱਖ ਕੈਨੇਡਾਈ ਡਾਲਰ (ਉਸ ਸਮੇਂ ਲਗਭਗ 80,000 ਅਮਰੀਕੀ ਡਾਲਰ) ਦਾ ਭੁਗਤਾਨ ਕੀਤਾ, ਹਾਲਾਂਕਿ ਆਪਣੀ ਗਲਤੀ ਸਵੀਕਾਰ ਨਹੀਂ ਕੀਤੀ।

ਲਾਨਾ ਪੌਂਟਿੰਗ ਮੁਆਵਜ਼ਾ ਪਾਉਣ ਵਾਲਿਆਂ ਵਿੱਚ ਸ਼ਾਮਲ ਨਹੀਂ ਸੀ, ਕਿਉਂਕਿ ਉਸ ਸਮੇਂ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਹ ਵੀ ਇੱਕ ਪੀੜਤਾ ਹਨ।

ਕਈ ਦਹਾਕਿਆਂ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਰਿਹਾ ਕਿ ਉਨ੍ਹਾਂ ਨਾਲ ਕੁਝ ਗਲਤ ਹੋਇਆ ਹੈ, ਪਰ ਉਨ੍ਹਾਂ ਨੂੰ ਆਪਣੇ ਉੱਪਰ ਹੋਏ ਪ੍ਰਯੋਗਾਂ ਦੀ ਪੂਰੀ ਜਾਣਕਾਰੀ ਹਾਲ ਹੀ ਵਿੱਚ ਹੀ ਮਿਲੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਐਲਨ ਵਿੱਚ ਬਿਤਾਏ ਸਮੇਂ ਜਾਂ ਉਸ ਤੋਂ ਬਾਅਦ ਦੇ ਸਾਲਾਂ ਦੀ ਜ਼ਿਆਦਾ ਯਾਦ ਹੀ ਨਹੀਂ ਹੈ।

ਬਾਅਦ ਵਿੱਚ ਲਾਨਾ ਦਾ ਵਿਆਹ ਹੋਇਆ ਅਤੇ ਉਹ ਮੈਨੀਟੋਬਾ ਚਲੇ ਗਏ। ਜਿੱਥੇ ਉਨ੍ਹਾਂ ਦੇ ਦੋ ਬੱਚੇ ਹੋਏ, ਜਿਨ੍ਹਾਂ ਨਾਲ ਉਨ੍ਹਾਂ ਦਾ ਅੱਜ ਵੀ ਕਾਫ਼ੀ ਗੂੜ੍ਹਾ ਰਿਸ਼ਤਾ ਹੈ। ਅੱਜ ਉਹ ਚਾਰ ਪੋਤੇ-ਪੋਤੀਆਂ ਦੀ ਦਾਦੀ ਹੈ।

ਪਰ ਉਹ ਕਹਿੰਦੇ ਹਨ ਕਿ ਐਲਨ ਵਿੱਚ ਬਿਤਾਇਆ ਗਿਆ ਸਮਾਂ ਉਹਨਾਂ ਦੀ ਜ਼ਿੰਦਗੀ 'ਤੇ ਹਮੇਸ਼ਾ ਅਸਰ ਪਾਉਂਦਾ ਰਿਹਾ।

ਉਨ੍ਹਾਂ ਨੇ ਕਿਹਾ, "ਮੈਂ ਇਹ ਅਸਰ ਆਪਣੀ ਪੂਰੀ ਜ਼ਿੰਦਗੀ ਵਿੱਚ ਮਹਿਸੂਸ ਕੀਤਾ। ਮੈਂ ਹਮੇਸ਼ਾ ਸੋਚਦੀ ਰਹੀ ਕਿ ਮੈਂ ਅਜਿਹਾ ਕਿਉਂ ਸੋਚਦੀ ਹਾਂ, ਜਾਂ ਮੇਰੇ ਨਾਲ ਆਖਿਰ ਹੋਇਆ ਕੀ ਸੀ।"

ਜੌਰਡਨ ਟੌਰਬੇ

'ਕਦੇ-ਕਦੇ ਰਾਤ ਨੂੰ ਚੀਕਾਂ ਮਾਰਦੇ ਹੋਏ ਉੱਠ ਜਾਂਦੀ ਹਾਂ'

ਲਾਨਾ ਪੌਂਟਿੰਗ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਜ਼ਿੰਦਗੀ ਭਰ ਵੱਖ-ਵੱਖ ਦਵਾਈਆਂ ਦਾ ਸਹਾਰਾ ਲੈਣਾ ਪਿਆ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਭ ਐਲਨ ਵਿੱਚ ਬਿਤਾਏ ਗਏ ਸਮੇਂ ਦਾ ਨਤੀਜਾ ਹੈ। ਉਨ੍ਹਾਂ ਨੂੰ ਅੱਜ ਵੀ ਵਾਰ-ਵਾਰ ਡਰਾਉਣੇ ਸੁਪਨੇ ਆਉਂਦੇ ਹਨ।

ਉਨ੍ਹਾਂ ਨੇ ਕਿਹਾ, "ਕਦੇ-ਕਦੇ ਮੈਂ ਰਾਤ ਨੂੰ ਚੀਕਾਂ ਮਾਰਦੇ ਹੋਏ ਉੱਠ ਜਾਂਦੀ ਹਾਂ, ਕਿਉਂਕਿ ਮੈਨੂੰ ਉਹ ਸਭ ਯਾਦ ਆ ਜਾਂਦਾ ਹੈ ਜੋ ਉੱਥੇ ਹੋਇਆ ਸੀ।"

ਰੌਇਲ ਵਿਕਟੋਰੀਆ ਹਸਪਤਾਲ ਅਤੇ ਮੈਕਗਿਲ ਯੂਨੀਵਰਸਿਟੀ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਸਰਕਾਰ ਨੇ ਬੀਬੀਸੀ ਨੂੰ ਆਪਣੇ 1992 ਦੇ ਪੁਰਾਣੇ ਸੈਟਲਮੈਂਟ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਉਹ ਕਦਮ ਮਨੁੱਖੀ ਕਾਰਨਾਂ ਕਰਕੇ ਚੁੱਕਿਆ ਗਿਆ ਸੀ ਨਾ ਕਿ ਕਿਸੇ ਕਾਨੂੰਨੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਦੇ ਹੋਏ।

ਲਾਨਾ ਪੌਂਟਿੰਗ ਲਈ ਇਹ ਮੁਕੱਦਮਾ ਇੱਕ ਅਜਿਹਾ ਮੌਕਾ ਹੈ ਜਿਸ ਨਾਲ ਉਨ੍ਹਾਂ ਨੂੰ ਸ਼ਾਇਦ ਆਖਿਰਕਾਰ ਕੁਝ ਸਕੂਨ ਮਿਲ ਸਕੇ।

ਉਹ ਕਹਿੰਦੇ ਹਨ, "ਕਦੇ-ਕਦੇ ਮੈਂ ਆਪਣੇ ਲਿਵਿੰਗ ਰੂਮ ਵਿੱਚ ਬੈਠੀ ਹੁੰਦੀ ਹਾਂ ਅਤੇ ਮੇਰਾ ਮਨ ਫਿਰ ਪਿੱਛੇ ਚਲਾ ਜਾਂਦਾ ਹੈ। ਮੈਨੂੰ ਉਹ ਸਭ ਗੱਲਾਂ ਯਾਦ ਆਉਣ ਲੱਗਦੀਆਂ ਹਨ ਜੋ ਮੇਰੇ ਨਾਲ ਹੋਈਆਂ ਸਨ। ਜਦੋਂ ਵੀ ਮੈਂ ਡਾ. ਕੈਮਰਨ ਦੀ ਤਸਵੀਰ ਦੇਖਦੀ ਹਾਂ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ।"

'ਜੋ ਪ੍ਰਯੋਗ ਕੀਤੇ ਜਾ ਰਹੇ ਸਨ, ਉਹ ਨੈਤਿਕ ਨਹੀਂ ਸਨ'

ਹਾਲਾਂਕਿ ਹੁਣ ਡਾ. ਕੈਮਰਨ ਦਾ ਨਾਮ ਇੱਕ ਤਰ੍ਹਾਂ ਐੱਮਕੇ ਅਲਟਰਾ ਪ੍ਰਯੋਗਾਂ ਦੇ ਨਾਲ ਪੂਰੀ ਤਰ੍ਹਾਂ ਜੁੜ ਚੁੱਕਿਆ ਹੈ। ਪਰ ਖੋਜਕਰਤਾ ਜੌਰਡਨ ਟੌਰਬੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਟੱਡੀ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਕੈਮਰਨ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਸੀਆਈਏ ਤੋਂ ਫੰਡਿੰਗ ਮਿਲ ਰਹੀ ਹੈ।

ਉਨ੍ਹਾਂ ਦਾ ਅਮਰੀਕੀ ਖੁਫੀਆ ਏਜੰਸੀ ਨਾਲ ਕੰਮ 1964 ਵਿੱਚ ਖ਼ਤਮ ਹੋ ਗਿਆ ਸੀ ਅਤੇ ਤਿੰਨ ਸਾਲ ਬਾਅਦ 1967 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਪਰ ਟੌਰਬੇ ਦਾ ਕਹਿਣਾ ਹੈ ਕਿ ਇਹ ਜਾਣਨਾ ਮਾਇਨੇ ਨਹੀਂ ਰੱਖਦਾ ਕਿ ਉਨ੍ਹਾਂ ਨੂੰ ਪੈਸੇ ਕਿੱਥੋਂ ਮਿਲ ਰਹੇ ਸਨ ਜਾਂ ਨਹੀਂ, ਉਨ੍ਹਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਸੀ ਕਿ ਉਹ ਜੋ ਪ੍ਰਯੋਗ ਕਰ ਰਹੇ ਹਨ, ਉਹ ਨੈਤਿਕ ਨਹੀਂ ਹਨ।

ਉਹ ਕਹਿੰਦੇ ਹਨ, "ਮੈਨੂੰ ਉਮੀਦ ਹੈ ਕਿ ਇਹ ਮੁਕੱਦਮਾ ਅੱਗੇ ਵਧੇਗਾ ਅਤੇ ਪੀੜਤਾਂ ਨੂੰ ਕੁਝ ਨਿਆਂ ਮਿਲ ਸਕੇਗਾ। ਇਹ ਮੌਕਾ ਅਸਲ ਵਿੱਚ ਉਨ੍ਹਾਂ ਨੂੰ ਗੁਆਚੀ ਹੋਈ ਜ਼ਿੰਦਗੀ ਵਾਪਸ ਦੇਣ ਦਾ ਨਹੀਂ ਸਗੋਂ ਇਸ ਗੱਲ ਦਾ ਹੈ ਕਿ ਉਹਨਾਂ ਦਾ ਦਰਦ ਬੇਕਾਰ ਨਾ ਜਾਵੇ ਅਤੇ ਅਸੀਂ ਇਸ ਤੋਂ ਕੁਝ ਸਿੱਖ ਸਕੀਏ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)