20 ਸਾਲਾਂ ਤੱਕ ਔਰਤਾਂ ਦੇ ਦਿਮਾਗਾਂ ਦਾ ਅਧਿਐਨ ਕਰਨ ਤੋਂ ਬਾਅਦ ਕੀ ਪਤਾ ਲੱਗਿਆ?

ਲੀਜ਼ਾ ਮੋਸਕੋਨੀ

ਤਸਵੀਰ ਸਰੋਤ, COURTESY: LISA MOSCONI

ਤਸਵੀਰ ਕੈਪਸ਼ਨ, ਲੀਜ਼ਾ ਮੋਸਕੋਨੀ
    • ਲੇਖਕ, ਡੇਜ਼ੀ ਰੌਡਰਿਗਜ਼
    • ਰੋਲ, ਬੀਬੀਸੀ

“ਔਰਤਾਂ ਕਲਾ ਦਾ ਨਮੂਨਾ ਹਨ। ਬਾਹਰੋਂ ਵੀ ਅਤੇ ਅੰਦਰੋਂ ਵੀ। ਮੈਂ ਇੱਕ ਨਿਓਰੋ (ਦਿਮਾਗ) ਵਿਗਿਆਨੀ ਹਾਂ ਅਤੇ ਮੇਰਾ ਫੋਕਸ ਔਰਤਾਂ ਦੇ ਦਿਮਾਗਾਂ ਦੇ ਅੰਦਰਲੇ ਹਿੱਸੇ ‘ਤੇ ਹੈ।”

ਇਨ੍ਹਾਂ ਸ਼ਬਦਾਂ ਨਾਲ ਲੀਜ਼ਾ ਮੋਸਕੋਨੀ ਨੇ ਆਪਣੀ ਟੈਡ-ਟਾਕ ਸ਼ੁਰੂ ਕੀਤੀ ਜੋ ਮੁੱਖ ਤੌਰ ’ਤੇ ‘ਮੀਨੋਪੌਜ਼ ਦਿਮਾਗ਼ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ’, ਬਾਰੇ ਸੀ।

ਮੋਸਕੋਨੀ ਨਿਊਯਾਰਕ ਦੀ ਕੋਰਨੇਲ ਯੂਨੀਵਰਸਿਟੀ ਵਿੱਚ ਅਲਜ਼ਾਈਮਰ ਰੋਕਥਾਮ ਪ੍ਰੋਗਰਾਮ ਦੇ ਡਾਇਰੈਕਟਰ ਅਤੇ ਨਿਓਰੋਸਾਇੰਸ ਪੜ੍ਹਾਉਂਦੇ ਹਨ।

ਸਾਲਾਂ ਤੱਕ ਉਨ੍ਹਾਂ ਨੇ ਜਿਉਂਦੇ ਮਰੀਜ਼ਾਂ ਦੇ ਦਿਮਾਗਾਂ ਦਾ ਅਧਿਐਨ ਕੀਤਾ ਹੈ ਅਤੇ ਔਰਤਾਂ ਤੇ ਮਰਦਾਂ ਦੇ ਦਿਮਾਗ਼ਾਂ ਵਿਚਾਲੜੇ ਫ਼ਰਕ ਖੋਜੇ ਹਨ।

ਉਹ ਕਹਿੰਦੇ ਹਨ, “ਮੈਂ ਗਾਰੰਟੀ ਦਿੰਦੀ ਹਾਂ ਕਿ ਲਿੰਗੀ ਦਿਮਾਗ ਜਿਹਾ ਕੁਝ ਨਹੀਂ ਹੈ। ਗੁਲਾਬੀ ਅਤੇ ਨੀਲਾ, ਬਾਰਬੀ ਅਤੇ ਲੀਗੋ। ਇਹ ਸਭ ਕਾਢਾਂ ਹਨ ਜਿਨ੍ਹਾਂ ਦਾ ਸਾਡੇ ਦਿਮਾਗ਼ਾਂ ਦੀ ਬਣਤਰ ਦੇ ਤਰੀਕੇ ਨਾਲ ਕੋਈ ਲੈਣਾ-ਦੇਣਾ ਨਹੀਂ।”

ਬੀਬੀਸੀ ਮੁੰਡੋ ਨੇ ਲੀਜ਼ਾ ਨੂੰ ਉਨ੍ਹਾਂ ਦੀ ਖੋਜ ਦੇ ਮੁੱਖ ਨਤੀਜਿਆਂ ਅਤੇ ਉਨ੍ਹਾਂ ਦੀ ਕਿਤਾਬ ‘The XX Brain’ ਬਾਰੇ ਪੁੱਛਿਆ।

ਔਰਤਾਂ

ਤਸਵੀਰ ਸਰੋਤ, Getty Images

ਵੀਹ ਸਾਲਾਂ ਤੱਕ ਬੀਬੀਆਂ ਦੇ ਦਿਮਾਗਾਂ ਦਾ ਅਧਿਐਨ ਕਰਕੇ ਤੁਸੀਂ ਕੀ ਸਿੱਖਿਆ ?

ਕਈ ਨਿਓਰੋਲੋਜੀਕਲ ਅਤੇ ਮਨੋਵਿਗਿਆਨਿਕ ਵਿਚਾਰ ਔਰਤਾਂ ਅਤੇ ਮਰਦਾਂ ਨੂੰ ਵੱਖਰੀਆਂ ਦਰਾਂ ਅਤੇ ਅਨੁਪਾਤਾਂ ਨਾਲ ਪ੍ਰਭਾਵਿਤ ਕਰਦੇ ਹਨ। ਮੇਰੀ ਖੋਜ ਸੰਕੇਤ ਦਿੰਦੀ ਹੈ ਕਿ ਇਹ ਅਸਮਾਨਤਾ ਕੁਝ ਹੱਦ ਤੱਕ ਇਸ ਕਰਕੇ ਹੈ ਕਿਉਂਕਿ ਔਰਤਾਂ ਤੇ ਮਰਦਾਂ ਦੇ ਦਿਮਾਗ਼ ਵੱਖੋ-ਵੱਖਰੇ ਤਰੀਕੇ ਨਾਲ ਬੁੱਢੇ ਹੁੰਦੇ ਹਨ ਅਤੇ ਸਿੱਟੇ ਵਜੋਂ ਦਿਮਾਗ਼ੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ।

ਉਦਾਹਰਣ ਵਜੋਂ, ਔਰਤਾਂ ਵਿੱਚ ਡਿਪਰੈਸ਼ਨ ਜਾਂ ਚਿੰਤਾ ਮਰਦਾਂ ਦੇ ਮੁਕਾਬਲੇ ਦੁੱਗਣੀ ਹੋ ਸਕਦੀ ਹੈ ਅਤੇ ਦਿਮਾਗ਼ ਨੂੰ ਪ੍ਰਭਾਵਿਤ ਕਰਨ ਵਾਲੇ ਆਟੋਇਮਿਊਨ ਵਿਕਾਰ ਜਿਵੇਂ ਕਿ ਮਲਟੀਪਲ ਸਕਲੋਰਸਿਸ ਪੈਦਾ ਹੋਣ ਦੀ ਸੰਭਾਵਨਾ ਤਿੰਨ ਗੁਣਾ ਹੁੰਦੀ ਹੈ।

ਇਸ ਦੇ ਨਾਲ ਹੀ, ਔਰਤਾਂ ਵਿੱਚ ਸਿਰ ਦਰਦ ਅਤੇ ਮਾਈਗਰੇਨ ਦੀ ਸੰਭਾਵਨਾ ਚਾਰ ਗੁਣਾ ਹੁੰਦੀ ਹੈ।

ਔਰਤਾਂ ਵਿੱਚ ਬਰੇਨ ਟਿਊਮਰ ਦੇ ਸਭ ਤੋਂ ਆਮ ਰੂਪ ਅਤੇ ਘਾਤਕ ਸਟਰੋਕ ਦੀ ਸੰਭਾਵਨਾ ਵਾਲੇ ਮੈਨਿਨਜਿਓਮਾ, ਹੋਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ।

ਔਰਤਾਂ ਅਲਜ਼ਾਈਮਰ ਦੇ ਖ਼ਤਰੇ ਵਿੱਚ ਵੱਧ ਹੁੰਦੀਆਂ ਹਨ, ਜੋ ਕਿ ਦੁਨੀਆਂ ਭਰ ਵਿੱਚ ਡੀਮੈਂਸ਼ੀਆ ਦਾ ਕਾਰਨ ਹੁੰਦਾ ਹੈ ਅਤੇ ਜੋ 35 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ, ਅਲਜ਼ਾਈਮਰ ਦੇ ਹਰ ਤਿੰਨ ਮਰੀਜ਼ਾਂ ਵਿੱਚੋਂ ਦੋ ਔਰਤਾਂ ਹਨ।

ਇਨ੍ਹਾਂ ਅੰਕੜਿਆਂ ਦੇ ਬਾਵਜੂਦ, ਇਨ੍ਹਾਂ ਵਿੱਚੋਂ ਕੋਈ ਵੀ ਬਿਮਾਰੀ ਔਰਤਾਂ ਦੀ ਸਿਹਤ, ਅਧੀਨ ਵਰਗੀਕ੍ਰਿਤ ਨਹੀਂ ਕੀਤੀ ਗਈ।

ਮੌਜੂਦਾ ਸਮੇਂ, ਔਰਤਾਂ ਦੀ ਸਿਹਤ, ਮੁੱਖ ਤੌਰ ’ਤੇ ਪ੍ਰਜਨਣ ਸਿਹਤ ‘ਤੇ ਹੀ ਕੇਂਦਰਿਤ ਹੈ। ਇੱਕ ਨਜ਼ਰੀਆ ਦੇਣ ਲਈ ਦੱਸ ਦੇਈਏ, ਇੱਕ ਔਰਤ ਵਿੱਚ ਆਪਣੀ ਉਮਰ ਦੇ 60ਵਿਆਂ ਵਿੱਚ ਛਾਤੀ ਦੇ ਕੈਂਸਰ ਦੇ ਮੁਕਾਬਲੇ ਅਲਜ਼ਾਈਮਰ ਨਾਲ ਪੀੜਤ ਹੋਣ ਦੀ ਸੰਭਾਵਨਾ ਦੁੱਗਣੀ ਹੈ।

ਜਦਕਿ ਛਾਤੀ ਦੇ ਕੈਂਸਰ ਨੂੰ ਔਰਤਾਂ ਦੀ ਸਿਹਤ ਸਮੱਸਿਆ ਵਿੱਚ ਗਿਣਿਆ ਜਾਂਦਾ ਹੈ, ਪਰ ਅਲਜ਼ਾਈਮਰ ਬਿਮਾਰੀ ਨੂੰ ਨਹੀਂ।

ਔਰਤਾਂ ਦੀ ਦਿਮਾਗੀ ਸਿਹਤ ਮੈਡੀਸਿਨ ਦਾ ਅਜਿਹਾ ਵਿਸ਼ਾ ਹੈ, ਜਿਸ ਬਾਰੇ ਸਭ ਤੋਂ ਘੱਟ ਖੋਜਾਂ, ਨਿਦਾਨ, ਇਲਾਜ ਅਤੇ ਫੰਡ ਹਨ।

ਇਸ ਅਸਮਾਨਤਾ ਬਾਰੇ ਗੱਲ ਕਰਨਾ ਔਰਤਾਂ ਦੀ ਸਿਹਤ ਦਾ ਦਾਇਰਾ ਵਧਾਉਣ ਲਈ ਬੇਹਦ ਜ਼ਰੂਰੀ ਹੈ।

ਔਰਤਾਂ

ਤਸਵੀਰ ਸਰੋਤ, Getty Images

ਔਰਤਾਂ ਦੇ ਦਿਮਾਗ਼ ਬਾਰੇ ਕਿਹੜੀ ਗੱਲ ਤੁਹਾਨੂੰ ਬੇਹਦ ਦਿਲਚਸਪ ਜਾਂ ਖ਼ੂਬਸੂਰਤ ਲਗਦੀ ਹੈ?

ਸਾਡੇ ਵਿੱਚੋਂ ਕਈ ਬੁੱਢੇ ਹੋਣ ਦੀ ਪ੍ਰਕਿਰਿਆ ਨੂੰ ਇੱਕ ਰੇਖਿਕ (ਇੱਕ ਸਿੱਧੀ ਲਾਈਨ ਦੀ ਤਰ੍ਹਾਂ) ਪ੍ਰਕਿਰਿਆ ਸਮਝਦੇ ਹਨ, ਪਰ ਔਰਤਾਂ ਦੇ ਦਿਮਾਗ਼ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ।

ਔਰਤਾਂ ਦੇ ਦਿਮਾਗ਼ ਵਿੱਚ ਖਾਸ ਮੌਕਿਆਂ ‘ਤੇ ਖਾਸ ਬਦਲਾਅ ਆਉਂਦੇ ਹਨ, ਜਿਨ੍ਹਾਂ ਨੂੰ ਮੈਂ ‘3P’ ਕਹਿੰਦੀ ਹਾਂ- ਇਸ ਵਿੱਚ Puberty (ਜਵਾਨੀ ਫੁੱਟਣ ਵੇਲੇ ਜਦੋਂ ਸੈਕਸ ਗ੍ਰੰਥੀਆਂ ਕੰਮ ਕਰਨ ਲਗਦੀਆਂ ਹਨ), Pregnancy (ਗਰਭ ਅਵਸਥਾ) ਅਤੇ Perimenopase (ਉਮਰ ਦੇ ਉਸ ਪੜ੍ਹਾਅ ਤੋਂ ਪਹਿਲਾਂ ਜਦੋਂ ਮਹਾਂਮਾਰੀ ਆਉਣਾ ਬੰਦ ਹੋ ਜਾਂਦੀ ਹੈ)

ਹੈਰਾਨੀ ਦੀ ਗੱਲ ਹੈ ਕਿ ਜਵਾਨੀ ਫੁੱਟਣ ਵੇਲੇ ਅਤੇ ਗਰਭ ਅਵਸਥਾ, ਦੋਹਾਂ ਵਿੱਚ ਹੀ ਔਰਤਾਂ ਦਾ ਦਿਮਾਗ਼ ਸਮਾਜਿਕ ਬੋਧ ਅਤੇ ਵਿਹਾਰ ਸਬੰਧੀ ਖੇਤਰਾਂ ਵਿੱਚ ਸੁੰਗੜਦਾ ਹੈ।

ਪਰ, ਦਿਲਚਸਪ ਅਤੇ ਖੂਬਸੂਰਤ ਤੱਥ ਇਹ ਹੈ ਕਿ, ‘ਵਿਗਿਆਨੀ ਮੰਨਦੇ ਹਨ ਕਿ ਇਹ ਸੁੰਗੜਨਾ ਇੱਕ ਤਰੀਕਾ ਹੈ ਜਿਸ ਨਾਲ ਦਿਮਾਗ ਬੇਲੋੜੇ ਨਿਉਰੋਨ ਖਤਮ ਕਰਦਾ ਹੈ ਅਤੇ ਨਵੇਂ ਕੁਨੈਕਸ਼ਨਾਂ ਲਈ ਥਾਂ ਬਣਾਉਂਦਾ ਹੈ ਜੋ ਜਵਾਨੀ ਫੁੱਟਣ ਤੋਂ ਜਵਾਨ ਹੋਣ ਅਤੇ ਗਰਭ ਅਵਸਥਾ ਤੋਂ ਮਾਂ ਬਣਨ ਦਰਮਿਆਨ ਦੀ ਤਬਦੀਲੀ ਨੂੰ ਸਹਿਯੋਗ ਕਰਦਾ ਹੈ।’

ਨਤੀਜੇ ਵਜੋਂ, ਇਨ੍ਹਾਂ ਪੜਾਵਾਂ ਦੌਰਾਨ ਔਰਤਾਂ ਦੇ ਦਿਮਾਗ਼ ਛੋਟੇ ਪਰ ਵਧੇਰੇ ਅਸਰਦਾਰ ਹੋ ਜਾਂਦੇ ਹਨ।

ਮਹਾਂਮਾਰੀ ਬੰਦ ਹੋਣ ਦੇ ਪੜਾਅ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਸੁਧਾਰ ਬਾਰੇ ਯਕੀਨ ਕਰਨ ਲਈ ਸਾਡੇ ਕੋਲ ਕਾਰਨ ਹਨ।

ਔਰਤਾਂ

ਤਸਵੀਰ ਸਰੋਤ, Getty Images

ਮਰਦਾਂ ਦੇ ਦਿਮਾਗ਼ ਸਰੀਰਾਂ ਮੁਤਾਬਕ ਵੱਡੇ ਤੇ ਔਰਤਾਂ ’ਚ ‘ਸੈਰੇਬ੍ਰਲ ਕਾਰਟੇਕਸ’ ਦਾ ਕੀ ਅਰਥ ਹੈ?

ਔਰਤਾਂ ਦੇ ਦਿਮਾਗ਼ ਵਿੱਚ ਮਰਦਾਂ ਦੇ ਮੁਕਾਬਲੇ ਜ਼ਿਆਦਾ ਵੱਡਾ ‘ਦਿਮਾਗ ਰਿਜ਼ਰਵ’ ਜਾਪਦਾ ਹੈ।

ਦਿਮਾਗ ਰਿਜ਼ਰਵ, ਦਿਮਾਗ਼ ਦੀ ਉਹ ਯੋਗਤਾ ਹੈ ਜੋ ਬਿਮਾਰੀ, ਨੁਕਸਾਨ ਜਾਂ ਇੱਥੋਂ ਤੱਕ ਕਿ ਬੁਢਾਪੇ ਦਾ ਵਿਰੋਧ ਕਰਦਾ ਹੈ।

ਦਿਮਾਗ ਦੀ ਜਿੰਨੀ ਵੱਧ ਰਿਜ਼ਰਵ ਸਮਰਥਾ ਹੋਵੇਗੀ, ਬਿਮਾਰੀ ਜਾਂ ਬੁਢਾਪੇ ਕਾਰਨ ਬੋਧਿਕ ਜਾਂ ਵਿਹਾਰਕ ਬਦਲਾਅ ਦੀ ਓਨੀ ਘੱਟ ਸੰਭਾਵਨਾ ਹੋਏਗੀ।

ਉਦਾਹਰਣ ਵਜੋਂ, ਔਰਤਾਂ ਕਿਸੇ ਵੀ ਉਮਰ ਵਿੱਚ, ਇੱਥੋਂ ਤੱਕ ਕਿ ਡੀਮੈਂਸ਼ੀਆ ਪੀੜਤ ਹੋਣ ਦੇ ਬਾਵਜੂਦ ਵੀ ਮਰਦਾਂ ਦੇ ਮੁਕਾਬਲੇ ਯਾਦਾਸ਼ਤ ਪ੍ਰੀਖਿਆ ਵਿੱਚ ਵਧੇਰੇ ਅੰਕ ਲੈ ਸਕਦੀਆਂ ਹਨ।

ਅਤੇ ਨਕਰਾਤਮਕ ਪੱਖ ਇਹ ਹੈ ਕਿ ਵੱਡਾ ਦਿਮਾਗ ਰਿਜ਼ਰਵ ਡੀਮੈਂਸ਼ੀਆ ਦੇ ਸ਼ੁਰੂਆਤੀ ਲੱਛਣ ਲੁਕੋ ਸਕਦਾ ਹੈ, ਜਿਸ ਨਾਲ ਔਰਤਾਂ ਵਿੱਚ ਬਿਮਾਰੀ ਦਾ ਪਤਾ ਲੱਗਣਾ ਅਤੇ ਇਲਾਜ ਬਹੁਤ ਲੇਟ ਹੋ ਸਕਦਾ ਹੈ।

ਸਾਡੇ ਵਿੱਚੋਂ ਕਈ ਅਜਿਹੇ ਤਰੀਕੇ ਲੱਭ ਰਹੇ ਹਨ ਜੋ ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਬਿਮਾਰੀ ਬਾਰੇ ਜਲਦੀ ਪਤਾ ਲਗਾ ਸਕਣ।

“ਆਮ ਤੌਰ ‘ਤੇ ਆਦਮੀਆਂ ਦਾ ਦਿਮਾਗ਼ ਵਧੇਰੇ ‘ਸੇਰੋਟੋਨਿਨ’ ਪੈਦਾ ਕਰਦਾ ਹੈ, ਜੋ ਕਿ ਅਜਿਹਾ ਨਿਓਰੋਟਰਾਂਸਮਿਟਰ ਹੈ ਜੋ ਸਾਨੂੰ ‘ਚੰਗਾ ਮਹਿਸੂਸ’ ਕਰਵਾਉਂਦਾ ਹੈ ਅਤੇ ਮੂਡ, ਨੀਂਦ ਅਤੇ ਭੁੱਖ ਨੂੰ ਪ੍ਰਭਾਵਿਤ ਕਰਦਾ ਹੈ।”

ਔਰਤਾਂ

ਔਰਤਾਂ ਦੇ ਦਿਮਾਗ ਬਾਰੇ ਖਾਸ ਗੱਲਾਂ

  • ਵਿਗਿਆਨੀ ਲੀਜ਼ਾ ਮੋਸਕੋਨੀ ਨੇ ਔਰਤਾਂ ਦੇ ਦਿਮਾਗ ’ਤੇ ਖੋਜ ਕੀਤੀ ਹੈ
  • ਔਰਤਾਂ ਤੇ ਮਰਦਾਂ ਦੇ ਦਿਮਾਗ਼ ਵੱਖੋ-ਵੱਖਰੇ ਤਰੀਕੇ ਨਾਲ ਬੁੱਢੇ ਹੁੰਦੇ ਹਨ
  • ਕਈ ਖਾਸ ਕਿਸਮ ਦੇ ਰੋਗ ਔਰਤਾਂ ਵਿੱਚ ਜ਼ਿਆਦਾ ਪਾਏ ਜਾਂਦੇ ਹਨ
  • ਜਵਾਨੀ ਫੁੱਟਣ ਵੇਲੇ ਅਤੇ ਗਰਭ ਅਵਸਥਾ ਸਮੇਂ ਔਰਤਾਂ ਦਾ ਦਿਮਾਗ਼ ਸਮਾਜਿਕ ਬੋਧ ਤੇ ਵਿਹਾਰ ਸਬੰਧੀ ਸੁੰਗੜਦਾ ਹੈ
  • ਇਸ ਦੇ ਨਤੀਜੇ ਵਜੋਂ, ਇਨ੍ਹਾਂ ਪੜਾਵਾਂ ਦੌਰਾਨ ਔਰਤਾਂ ਦੇ ਦਿਮਾਗ਼ ਛੋਟੇ ਪਰ ਵਧੇਰੇ ਅਸਰਦਾਰ ਹੋ ਜਾਂਦੇ ਹਨ।
ਔਰਤਾ

ਔਰਤਾਂ ਦੇ ਹਾਰਮੋਨਜ਼ ਦਾ ਉਨ੍ਹਾਂ ਦੀ ਦਿਮਾਗੀ ਸਿਹਤ ਲਈ ਕੀ ਰੋਲ ਹੁੰਦਾ ਹੈ?

ਔਰਤਾਂ ਦੇ ਦਿਮਾਗ਼ ‘ਇਸਟਰੋਜਨ’ ਨਾਲ ਕੰਮ ਕਰਦੇ ਹਨ। ਦਿਨ ਪ੍ਰਤੀ ਦਿਨ, ਇਸਟਰੋਜਨ ਅਣੂ ਇਸ ਹਾਰਮੋਨ ਦੇ ਅਕਾਰ ਵਾਲੇ ਖਾਸ ‘ਰਿਸੈਪਟਰਜ਼’ ਦੀ ਭਾਲ ਵਿੱਚ ਦਿਮਾਗ ਅੰਦਰ ਸਿੱਧੇ ਸਲਾਈਡ ਕਰਦੇ ਹਨ।

ਇਹ ਰਿਸੈਪਟਰਜ਼, ਛੋਟੇ ਤਾਲੇ ਜਿਹੇ ਹੁੰਦੇ ਹਨ ਜੋ ਸਰਗਰਮ ਹੋਣ ਲਈ ਚਾਬੀ ਵਜੋਂ ਸਹੀ ਅਣੂ(ਇਸਟੋਰਜਨ) ਦਾ ਇੰਤਜ਼ਾਰ ਕਰਦੇ ਹਨ। ਔਰਤਾਂ ਦੇ ਦਿਮਾਗ਼ ਇਸਟਰੋਜਨ ਪ੍ਰਾਪਤ ਕਰਨ ਲਈ ਪ੍ਰੋਗਰਾਮ ਕੀਤੇ ਹੁੰਦੇ ਹਨ।

ਜਦੋਂ ਇਸਟਰੋਜਨ ਪਹੁੰਚਦਾ ਹੈ, ਇਹ ਇਨ੍ਹਾਂ ਰਿਸੈਪਟਰਜ਼ ਨਾਲ ਮਿਲਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਵੱਡੀ ਗਿਣਤੀ ਸੈਲੁਲਰ ਕਿਰਿਆਵਾਂ ਕਾਰਜਸ਼ੀਲ ਹੁੰਦੀਆਂ ਹਨ।

ਇਸ ਜਾਣਕਾਰੀ ਨਾਲ ਇਹ ਸਮਝਣਾ ਅਸਾਨ ਹੋ ਜਾਂਦਾ ਹੈ ਕਿ (ਮੀਨੋਪੌਜ਼)ਮਹਾਂਮਾਰੀ ਬੰਦ ਹੋਣ ਦੀ ਪ੍ਰਕਿਰਿਆ ਕਿਵੇਂ ਦਿਮਾਗੀ ਪ੍ਰਭਾਵ ਦੇ ਵਹਿਣ ਟਰਿੱਗਰ ਕਰ ਸਕਦੀ ਹੈ।

ਮੀਨੋਪੌਜ਼ ਦੇ ਲੱਛਣ ਰਿਸੈਪਟਰਜ਼ ਨਾਲ ਭਰੇ ਦਿਮਾਗ ਦੇ ਚੁਣੌਤੀਪੂਰਨ ਨਤੀਜੇ ਹਨ, ਜਿਨ੍ਹਾਂ ਨੂੰ ਕਿਰਿਆਸ਼ੀਲ ਹੋਣ ਲਈ ਬਹੁਤ ਥੋੜ੍ਹਾ ਇਸਟਰੋਜਨ ਮਿਲ ਰਿਹਾ ਹੈ।

ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਚਿੱਤਰ ਔਰਤਾਂ ਵਿੱਚ X ਕ੍ਰੋਮੋਸੋਮ ਦੀਆਂ ਦੋ ਕਾਪੀਆਂ ਨੂੰ ਦਰਸਾਉਂਦਾ ਹੈ।

‘ਬਿਕਨੀ ਮੈਡੀਸਿਨ’ ਨਾਲ ਔਰਤਾਂ ਦੀ ਸਿਹਤ ਨੂੰ ਕਿੰਨਾ ਨੁਕਸਾਨ?

ਜਿਵੇਂ ਮੈਂ ਕਿਤਾਬ ਵਿੱਚ ਉਲੇਖ ਕੀਤਾ ਹੈ, ਬਹੁਤ ਵਿਗਿਆਨੀ ਇਸ ਗੱਲ ਦੀ ਨਿੰਦਾ ਕਰ ਰਹੇ ਹਨ ਕਿ ਔਰਤਾਂ ਨੂੰ ਨਾ ਸਿਰਫ਼ ਆਰਥਿਕ, ਸਮਾਜਿਕ ਅਤੇ ਸਰੀਰਕ ਸੁਰੱਖਿਆ ਗੈਰ-ਬਰਾਬਰੀ ਝੱਲਣੀ ਪੈਂਦੀ ਹੈ, ਬਲਕਿ ਔਰਤਾਂ ਨੂੰ ਮੈਡੀਕਲ ਖੇਤਰ ਵਿੱਚ ਵੀ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ।

ਇਹ ਕੁਝ ਹੱਦ ਤੱਕ ਇਸ ਕਰਕੇ ਹੈ, ਕਿਉਂਕਿ ਅੱਜ ਵੀ ਅਸੀਂ ‘ਬਿਕਨੀ ਮੈਡੀਸਿਨ’ ਹੀ ਪੜ੍ਹਾ ਰਹੇ ਅਤੇ ਪ੍ਰੈਕਟਿਸ ਕਰਦੇ ਹਾਂ, ਮੈਂ ਉਸ ਪ੍ਰੈਕਟਿਸ ਨੂੰ ‘ਬਿਕਨੀ ਮੈਡੀਸਿਨ’ ਨਾਮ ਦਿੱਤਾ ਹੈ ਜਿਸ ਵਿੱਚ ਮੈਡੀਕਲ ਨਜ਼ਰੀਏ ਤੋਂ, ਇੱਕ ਔਰਤ ਦਾ ਪ੍ਰਜਨਣ ਸਿਸਟਮ ਹੀ ਉਸ ਨੂੰ ਇੱਕ ਔਰਤ ਬਣਾਉਂਦਾ ਹੈ।

ਇਤਿਹਾਸਕ ਪੱਖੋਂ, ਵਧੇਰੇ ਮੈਡੀਕਲ ਪ੍ਰੋਫੈਸ਼ਨਲਜ਼ ਇਹੀ ਮੰਨਦੇ ਰਹੇ ਹਨ ਕਿ ਆਦਮੀ ਅਤੇ ਔਰਤ ਇੱਕੋ ਜਿਹੇ ਹੀ ਹਨ, ਸਿਰਫ਼ ਉਨ੍ਹਾਂ ਦੇ ਪ੍ਰਜਨਣ ਅੰਗ ਵੱਖਰੇ ਹਨ ਅਤੇ ਔਰਤਾਂ ਲਈ ਓਹੀ ਅੰਗ ਜੋ ਬਿਕਨੀ ਨਾਲ ਢਕੇ ਜਾਂਦੇ ਹਨ।

ਉਸੇ ਨਜ਼ਰੀਏ ਕਰਕੇ, ਔਰਤਾਂ ਦੀ ਸਿਹਤ ਬਾਰੇ ਮੂਲ ਧਾਰਨਾ ਵਿੱਚ ਹੀ ਸਮੱਸਿਆ ਹੈ। ਕਿਉਂਕਿ ਖੋਜ ਅਤੇ ਦੇਖਭਾਲ ਵੀ ਸਿਰਫ ਸਾਡੇ ਪ੍ਰਜਨਣ ਅੰਗਾਂ ਤੱਕ ਹੀ ਸੀਮਤ ਹੈ, ਇਸੇ ਕਰਕੇ ਹੀ ਜਿਸ ਨਾਲ ‘ਇੱਕ ਔਰਤ ਕੀ ਹੈ’, ਇਸ ਬਾਰੇ ਸਮਝ ਘੱਟ।

ਔਰਤਾਂ

ਤਸਵੀਰ ਸਰੋਤ, Getty Images

ਮੀਨੋਪੌਜ਼ ਦਾ ਔਰਤਾਂ ਦੇ ਦਿਮਾਗ਼ ਉੱਤੇ ਕਿਉਂ ਅਤੇ ਕਿਵੇਂ ਪ੍ਰਭਾਵ ਪੈਂਦਾ?

ਮੀਨੋਪੌਜ਼ ਦੌਰਾਨ, ਓਵਰੀਜ਼ ਇਸਟਰੋਜਨ ਅਤੇ ਪ੍ਰੋਗੈਸਟਰੋਨ ਹਾਰਮੋਨ ਬਣਾਉਣਾ ਬੰਦ ਕਰ ਦਿੰਦੀਆਂ ਹਨ, ਜਿਸ ਨਾਲ ਔਰਤਾਂ ਦੀ ਜਨਣ ਸ਼ਕਤੀ ਖਤਮ ਹੋ ਜਾਂਦੀ ਹੈ।

ਹਾਲਾਂਕਿ, ਇਹ ਹਾਰਮੋਨ ਦਿਮਾਗ਼ ਅਤੇ ਦਿਮਾਗ਼ ਦੇ ਕੰਮ ਨੂੰ ਕੰਟਰੋਲ ਕਰਨ ਵਿੱਚ ਵੀ ਭੂਮਿਕਾ ਨਿਭਾਉਂਦੇ ਹਨ ਅਤੇ ਦਿਮਾਗ਼ ਇਨ੍ਹਾਂ ਦੇ ਰਿਲੀਜ਼ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਜ਼ਾਹਿਰ ਹੁੰਦਾ ਹੈ ਕਿ ਮੀਨੋਪੌਜ਼ ਸਿਰਫ਼ ਪ੍ਰਜਨਣ ਪ੍ਰਕਿਰਿਆ ਨਹੀਂ ਬਲਕਿ ਇੱਕ ਨਿਓਰੋਲੋਜੀਕਲ ਪ੍ਰਕਿਰਿਆ ਵੀ ਹੈ।

ਮੀਨੋਪੌਜ਼ ਦੇ ਕਈ ਲੱਛਣ ਜਿਵੇਂ ਕਿ ਅਚਾਨਕ ਤਾਪ ਮਹਿਸੂਸ ਕਰਨਾ(Hot Flashes), ਰਾਤ ਨੂੰ ਪਸੀਨਾ ਆਉਣਾ, ਚਿੰਤਾ, ਡਿਪਰੈਸ਼ਨ, ਨੀਂਦ ਨਾ ਆਉਣਾ, ਮਾਨਸਿਕ ਦੁਚਿੱਤੀ ਅਤੇ ਯਾਦਾਸ਼ਤ ਕਮਜ਼ੋਰ ਹੋਣ ਦੀਆਂ ਘਟਨਾਵਾਂ, ਇਹ ਸਭ ਦਿਮਾਗ ਤੋਂ ਸ਼ੁਰੂ ਹੁੰਦਾ ਹੈ ਓਵਰੀਜ਼ ਤੋਂ ਨਹੀਂ।

ਜਿਸ ਨਾਲ ਉਹ ਨਿਓਰੋਲੋਜੀਕਲ ਲੱਛਣ ਬਣ ਜਾਂਦੇ ਹਨ। ਪਰ ਇਸ ਨਜ਼ਰੀਏ ਨੂੰ ਅਕਸਰ ਅਣਦੇਖਿਆਂ ਕੀਤਾ ਜਾਂਦਾ ਹੈ।

ਜਦੋਂ ਮੈਂ ਮੀਨੋਪੌਜ਼ ਦੇ ਦਿਮਾਗ਼ ’ਤੇ ਪ੍ਰਭਾਵ ਬਾਰੇ ਜਾਂਚ ਸ਼ੁਰੂ ਕੀਤਾ, ਅਮਲੀ ਤੌਰ ’ਤੇ ਕਿਸੇ ਨੇ ਇਸ ਬਾਰੇ ਗੱਲ ਨਹੀਂ ਕੀਤੀ ਸੀ। ਕੁਝ ਕੁ ਲੋਕ ਮੀਨੋਪੌਜ਼ ਅਤੇ ਦਿਮਾਗ਼ ਵਿਚਾਲੜੇ ਸਬੰਧ ਤੋਂ ਜਾਣੂ ਸਨ।

ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ, ਮੌਜੂਦਾ ਸਮੇਂ ਮੀਨੋਪੌਜ਼ ਅਤੇ ਔਰਤਾਂ ਦੇ ਦਿਮਾਗੀ ਸਿਹਤ ਵਿੱਚ ਸਬੰਧ ਮੁੱਖ ਧਾਰਾ ਵਿੱਚ ਵਿਚਾਰੇ ਜਾਣ ਲੱਗੇ ਹਨ।

ਇਹ ਜਾਣ ਕੇ ਸੰਤੁਸ਼ਟੀ ਮਿਲਦੀ ਹੈ ਕਿ ਸਾਡਾ ਕੰਮ ਔਰਤਾਂ ਦੀ ਦਿਮਾਗੀ ਸਿਹਤ ਨੂੰ ਦੇਖਣ ਅਤੇ ਵਿਚਾਰਨ ਸਬੰਧੀ ਇੱਕ ਬਦਲਾਅ ਵਿੱਚ ਯੋਗਦਾਨ ਪਾ ਰਿਹਾ ਹੈ।

ਆਪਣੀ ਟੈਡ-ਟਾਕ ਵਿੱਚ, ਜਦੋਂ ਉਹ ਜ਼ਿਕਰ ਕਰਦੇ ਹਨ ਕਿ ਮੱਧ ਉਮਰ ਦੀਆਂ ਔਰਤਾਂ ਦਾ ਦਿਮਾਗ਼ ਕਰੋਨੋਲੋਜਿਕਲ ਏਜਿੰਗ(ਵਧਦੀ ਉਮਰ)ਦੀ ਬਜਾਏ ਹਾਰਮੋਨਲ ਏਜਿੰਗ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਜਾਪਦਾ ਹੈ ਅਤੇ ਉਹ ਔਰਤਾਂ ਉਨ੍ਹਾਂ ਤਬਦੀਲੀਆਂ ਨੂੰ ਮਹਿਸੂਸ ਕਰਦੀਆਂ ਹਨ, ਭਾਵੇਂ ਉਹ ਸੋਚ ਰਹੀਆਂ ਹੋਣ ਕਿ ਉਨ੍ਹਾਂ ਦਾ ਮਨ ਉਨ੍ਹਾਂ ਨੂੰ ਧੋਖਾ ਦੇ ਰਿਹਾ ਹੈ। ਉਹ ਕਹਿੰਦੇ ਹਨ, ਮੈਂ ਸਚਮੁਚ ਇਸ ਨੂੰ ਪ੍ਰਮਾਣਿਤ ਕਰਨਾ ਚਾਹੁੰਦੀ ਹਾਂ, ਕਿਉਂਕਿ ਇਹ ਸੱਚਾਈ ਹੈ। ਅਤੇ ਸਪਸ਼ਟੀਕਰਨ ਕਰ ਦੇਵਾਂ ਕਿ, ਜੇ ਇਹ ਤੁਹਾਡਾ ਕੇਸ ਹੈ, ਤੁਸੀਂ ਪਾਗਲ ਨਹੀਂ ਹੋ।

ਔਰਤਾਂ

ਤਸਵੀਰ ਸਰੋਤ, Getty Images

ਮੀਨੋਪੌਜ਼ ਨਾਲ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਬਾਰੇ ?

ਮੈਂ ਉਨ੍ਹਾਂ ਨੂੰ ਦੱਸਾਂਗੀ- ਮੈਂ ਤੁਹਾਨੂੰ ਸੁਣ ਰਿਹੀ ਹਾਂ। ਤੁਸੀਂ ਠੀਕ ਹੋ। ਤੁਸੀਂ ਪਾਗਲ ਨਹੀਂ ਹੋ ਰਹੇ ਹੋ।

ਮੈਂ ਉਨ੍ਹਾਂ ਨੂੰ ਇਹ ਵੀ ਦੱਸਾਂਗੀ ਕਿ ਕਿਸੇ ਨੂੰ ਵੀ ਮੈਨੋਪੌਜ਼ ਤੋਂ ਦੁਖੀ ਹੋਣ ਦੀ ਲੋੜ ਨਹੀਂ। ਤੁਹਾਡੇ ਲੱਛਣ ਕਿੰਨੇ ਵੀ ਚੌਂਕਾ ਦੇਣ ਵਾਲੇ ਅਤੇ ਨਿਰਾਸ਼ਾਜਨਕ ਹੋ ਸਕਦੇ ਹਨ, ਪਰ ਇਹ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇਸ ਦੇ ਹੱਲ ਵੀ ਹਨ।

ਕਈ ਤਰੀਕੇ ਹਨ ਜਿਨ੍ਹਾਂ ਨੂੰ ਹਰ ਔਰਤ ਦੀ ਲੋੜ ਅਤੇ ਤਰਜੀਹ ਮੁਤਾਬਕ ਅਪਣਾਇਆ ਜਾ ਸਕਦਾ ਹੈ।

ਸਾਡੇ ਕਈ ਮਰੀਜ਼ ਮੈਨੋਪੌਜ਼ ਲਈ ‘ਹਾਰਮੋਨ ਰਿਪਲੇਸਮੈਂਟ ਥੈਰੇਪੀ’ ਵਿੱਚ ਰੁਚੀ ਰੱਖਦੇ ਹਨ ਅਤੇ ਕਈ ਨੌਨ-ਹਰਮੋਨਲ ਦਵਾਈਆਂ ਵਿੱਚ ਅਤੇ ਕਈ ਕੁਦਰਤੀ ਉਪਾਅ ਤੇ ਜੀਵਨ ਸ਼ੈਲੀ ਵਿਚ ਬਦਲਾਅ ਕਰਨ ਨੂੰ ਤਰਜੀਹ ਦਿੰਦੇ ਹਨ।

ਸਭ ਕੁਝ ਲਾਹੇਵੰਦ ਹੈ, ਸਿਰਫ਼ ਹਰ ਇਨਸਾਨ ਲਈ ਢੁਕਵਾਂ ਰਾਹ ਪਛਾਣਨ ਦੀ ਲੋੜ ਹੈ।

ਆਪਣੀ ਕਿਤਾਬ ਵਿੱਚ ਉਹ ਰੂਹ ਕੰਬਾਊ ਅੰਕੜੇ ਦਿੰਦੇ ਹਨ: “ਇੱਕ 45 ਸਾਲਾ ਔਰਤ ਵਿੱਚ ਆਪਣੀ ਬਾਕੀ ਜ਼ਿੰਦਗੀ ਵਿੱਚ ਅਲਜ਼ਾਈਮਰ ਪੀੜਤ ਹੋਣ ਦੀ 5 ਵਿੱਚੋਂ 1 ਸੰਭਾਵਨਾ ਹੁੰਦੀ ਹੈ। ਜਦਕਿ ਉਸ ਉਮਰ ਦੇ ਆਦਮੀ ਵਿੱਚ 10 ਵਿੱਚੋਂ 1 ਸੰਭਾਵਨਾ ਹੁੰਦੀ ਹੈ।”

ਔਰਤਾਂ

ਤਸਵੀਰ ਸਰੋਤ, Getty Images

ਇਹ ਜਾਨਣਾ ਸੰਭਵ ਹੈ ਕਿ ਔਰਤਾਂ ਦੇ ਦਿਮਾਗ਼ ਅਜਿਹੀਆਂ ਬਿਮਾਰੀਆਂ ਲਈ ਵਧੇਰੇ ਕਮਜ਼ੋਰ ਕਿਉਂ?

ਦਹਾਕਿਆਂ ਤੱਕ, ਅਸੀਂ ਜਾਣਿਆ ਹੈ ਕਿ ਉਮਰ ਵਧਣ ਬਾਅਦ , ਇੱਕ ਔਰਤ ਹੋਣਾ ਅਲਜ਼ਾਈਮਰ ਬਿਮਾਰੀ ਹੋਣ ਦਾ ਸਭ ਤੋਂ ਮੁੱਖ ਖ਼ਤਰਾ ਹੈ।

ਕੁਝ ਹੀ ਸਮਾਂ ਪਹਿਲਾਂ ਤੱਕ, ਇਸ ਜ਼ੀਰੀਏ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਲੰਬੇ ਉਮਰ ਦੀ ਉਮੀਦ ਦੀ ਵਿਸ਼ੇਸ਼ਤਾ ਮੰਨਿਆ ਜਾਂਦਾ ਸੀ, ਕਿਉਂਕਿ ਆਲਜ਼ਾਈਮਰ ਬਿਮਾਰੀ ਆਮ ਤੌਰ ‘ਤੇ ਵੱਡੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।

ਅਸੀਂ ਹਾਲ ਹੀ ਵਿੱਚ ‘ਦ ਇਸਟਰੋਜਨ ਹਾਈਪੋਥੀਸਿਸ ਆਨ ਅਲਜ਼ਾਈਮਰ ਡਿਸੀਜ਼’ ਦਾ ਪ੍ਰਸਤਾਅ ਰੱਖਿਆ ਜੋ ਕਿ ਉਸ ਸਬੂਤ ’ਤੇ ਅਧਾਰਤ ਹੈ ਕਿ ਮਾਦਾ ਹਾਰਮੋਨ, ਖਾਸ ਕਰਕੇ ਇਸਟ੍ਰਾਡਿਓਲ ਸੁਰੱਖਿਆਤਮਕ ਪ੍ਰਭਾਵ ਦਿੰਦਿਆਂ ਦਿਮਾਗ ਨੂੰ ਬੁਢਾਪੇ ਅਤੇ ਬਿਮਾਰੀ ਤੋਂ ਬਚਾਉਂਦਾ ਹੈ।

ਔਰਤਾਂ

ਤਸਵੀਰ ਸਰੋਤ, Getty Images

ਮੀਨੋਪੌਜ਼ ਤੋਂ ਬਾਅਦ ਇਸਟ੍ਰਾਡਿਓਲ ਵਿੱਚ ਕਮੀ ਔਰਤ ਦੀ ਜੈਨੇਟਿਕ ਪਰਵ੍ਰਿਤੀ ਨੂੰ ਅਲਜ਼ਾਈਮਰ ਬਿਮਾਰੀ ਵਿੱਚ ਸਰਗਰਮ ਕਰ ਸਕਦਾ ਹੈ ਅਤੇ ਉਸੇ ਵੇਲੇ ਔਰਤ ਦੇ ਸਰੀਰ ਅਤੇ ਦਿਮਾਗ਼ ਨੂੰ ਨਕਰਾਤਮਕ ਮੈਡੀਕਲ, ਵਾਤਾਵਰਣਕ ਅਤੇ ਜੀਵਨ ਸ਼ੈਲੀ ਪ੍ਰਭਾਵਾਂ ਪ੍ਰਤੀ ਵਧੇਰੇ ਸੰਵੇਦਸ਼ੀਲ ਕਰਦਾ ਹੈ।

ਦੂਜੇ ਸ਼ਬਦਾਂ ਵਿੱਚ, ਸਾਡੀ ਖੋਜ ਸੁਝਾਅ ਦਿੰਦੀ ਹੈ ਕਿ ਮੀਨੋਪੌਜ਼ ਕੁਝ ਔਰਤਾਂ ਵਿੱਚ ਡੀਮੈਂਸ਼ੀਆ ਨੂੰ ਟਰਿੱਗਰ ਕਰ ਸਕਦਾ ਹੈ।

“ਮੈਂ ਸਪੱਸ਼ਟ ਕਰਨਾ ਚਾਹਾਂਗਾ ਕਿ ਮੀਨੋਪੌਜ਼ ਅਲਜ਼ਾਈਮਰ ਬਿਮਾਰੀ ਦਾ ਕਾਰਨ ਨਹੀਂ ਹੈ। ਮੀਨੋਪੌਜ਼ ਇੱਕ ਟਰਿੱਗਰ ਵਰਗਾ ਹੈ ਜਿਸ ਜ਼ਰੀਏ ਇਹ ਇਸਟਰੋਜਨ ਦੀ ਸੁਪਰਪਾਵਰ ਅਤੇ ਇਸ ਨਾਲ ਸਬੰਧਤ ਹਾਰਮੋਨਜ਼ ਨੂੰ ਰੱਦ ਕਰਦਾ ਹੈ ਅਤੇ ਦਿਮਾਗ਼ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਨਵੇਂ ਤਰੀਕੇ ਲੱਭਣੇ ਪੈਂਦੇ ਹਨ।”

ਔਰਤਾਂ

ਤਸਵੀਰ ਸਰੋਤ, Getty Images

ਔਰਤਾਂ ਨੂੰ ਆਪਣੇ ਦਿਮਾਗ਼ਾਂ ਬਾਰੇ ਕੀ ਜਾਨਣਾ ਚਾਹੀਦਾ ਹੈ?

ਮੱਧ ਉਮਰ ਵਿੱਚ ਸਿਹਤ, ਬੁੱਢੀ ਉਮਰ ਵਿੱਚ ਸਿਹਤ ਅਤੇ ਬਾਕੀ ਜ਼ਿੰਦਗੀ ਦਾ ਬਿਹਤਰ ਅਨੁਮਾਨ ਹੁੰਦਾ ਹੈ। ਇਸ ਲਈ ਮੈਂ ਸਾਰੀਆਂ ਔਰਤਾਂ ਨੂੰ ਉਨ੍ਹਾਂ ਦੀ ਮੱਧ ਉਮਰ ਵਿੱਚ ਦਿਮਾਗੀ ਸਿਹਤ ਨੂੰ ਤਰਜੀਹ ਦੇਣ ਲਈ ਉਤਸ਼ਾਹਿਤ ਕਰਾਂਗਾ ਅਤੇ ਯਾਦ ਰੱਖੋ ਕਿ ਨਿੱਜੀ ਦੇਖਭਾਲ ਸਵਾਰਥ ਨਹੀਂ ਹੈ।

ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਕੰਮ ਤੁਹਾਨੂੰ ਮੀਨੋਪੌਜ਼ ਦੌਰਾਨ ਅਤੇ ਬਾਅਦ ਵਿੱਚ ਤੁਹਾਡੇ ਖ਼ੂਬਸੂਰਤ ਦਿਮਾਗ਼ ਦੀ ਦੇਖਭਾਲ ਨੂੰ ਉਤਸ਼ਾਹਿਤ ਕਰੇਗਾ।

“ਅਲਜ਼ਾਈਮਰ ਮੱਧ-ਉਮਰ ਵਿੱਚ ਦਿਮਾਗ ਅੰਦਰ ਨਕਰਾਤਮਕ ਬਦਲਾਵਾਂ ਨਾਲ ਸ਼ੁਰੂ ਹੁੰਦਾ ਹੈ, ਜਦੋਂ ਅਸੀਂ ਸਾਡੇ ਮੱਧ ਸਾਲਾਂ ਵਿੱਚ ਹੁੰਦੇ ਹਾਂ…ਅਤੇ ਬੁੱਢੇ ਨਹੀਂ ਹੁੰਦੇ।''

''ਇਹ ਕਈਆਂ ਨੂੰ ਹੈਰਾਨ ਕਰ ਸਕਦਾ ਹੈ, ਇਸ ਲਈ ਮੈਂ ਸਪਸ਼ਟ ਕਰ ਦੇਵਾਂ। ਅਸੀਂ ਹਮੇਸ਼ਾ ਅਲਜ਼ਾਈਮਰ ਨੂੰ ਵੱਡੀ ਉਮਰ ਨਾਲ ਜੋੜਦੇ ਹਾਂ ਕਿਉਂਕਿ ਉਸ ਉਮਰ ਤੱਕ ਇਹ ਬਿਮਾਰੀ ਕਾਫੀ ਨੁਕਸਾਨ ਕਰ ਚੁੱਕੀ ਹੁੰਦੀ ਹੈ ਅਤੇ ਲਗਾਤਾਰ ਬੋਧਾਤਮਕ ਲੱਛਣ ਦਿਸਣ ਲੱਗਦੇ ਹਨ।''

ਅਸਲ, ਵਿੱਚ ਇਸ ਬਿਮਾਰੀ ਨੇ ਕਈ ਸਾਲ ਪਹਿਲਾਂ ਹਮਲਾ ਕਰ ਦਿੱਤਾ ਹੁੰਦਾ ਹੈ।”

ਉਨ੍ਹਾਂ ਨੇ ਲਿਖਿਆ, “ਜਿਵੇਂ ਔਰਤਾਂ ਉਮਰ ਦੇ ਮੱਧ ਪੜਾਅ ਵੱਲ ਆਉਂਦੀਆਂ ਹਨ, ਵਧਦੇ ਦਿਮਾਗੀ ਖ਼ਤਰਿਆਂ ਦੇ ਸੰਕੇਤ ਪਛਾਨਣ ਅਤੇ ਖ਼ਤਰੇ ਨੂੰ ਘਟਾਉਣ ਦਾ ਰੋਕਣ ਲਈ ਰਣਨੀਤੀ ਬਣਾਉਣ ਦਾ ਸਮਾਂ ਹੁੰਦਾ ਹੈ। ”

ਔਰਤਾਂ ਕਿਵੇਂ ਖੁਦ ਨੂੰ ਡੀਮੈਂਸ਼ੀਆ ਅਤੇ ਹੋਰ ਬਿਮਾਰੀਆਂ ਤੋਂ ਬਚਾ ਸਕਦੀਆਂ ਹਾਂ ?

ਅਜਿਹੀਆਂ ਕਈ ਚੀਜ਼ਾਂ ਹਨ ਜੋ ਹਰ ਔਰਤ ਆਪਣੇ ਦਿਮਾਗ਼ ਦੀ ਸਿਹਤ ਦੀ ਰੱਖਿਆ ਲਈ ਕਰ ਸਕਦੀ ਹੈ, ਭਾਂਵੇ ਉਸ ਦੀ ਉਮਰ ਕਿੰਨੀ ਵੀ ਹੋਵੇ।

ਤੰਬਾਕੂ ਦੇ ਸੇਵਨ ਤੋਂ ਬਚੋ, ਸਰੀਰਕ ਤੌਰ ‘ਤੇ ਸਰਗਰਮ ਰਹੋ, ਪੌਦਿਆਂ ਤੋਂ ਮਿਲਣ ਵਾਲੇ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ, ਤਣਾਅ ਘਟਾਓ, ਚੰਗੀ ਨੀਂਦ ਲਵੋ ਅਤੇ ਵਾਤਾਵਰਨ ਦੇ ਜ਼ਹਿਰੀਲੇਪਣ ਤੋਂ ਬਚਣ ਦੀ ਕੋਸ਼ਿਸ਼ ਕਰੋ।

ਇਹ ਸਾਰੇ ਚੰਗੇ ਤਰੀਕੇ ਹਨ ਜਿਨ੍ਹਾਂ ਨਾਲ ਦਿਮਾਗ਼ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਡੀਮੈਂਸ਼ੀਆ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ।

ਅਨੁਸ਼ਾਸਨ ਦੀ ਲੋੜ ਹੈ, ਪਰ ਫ਼ਾਇਦੇ ਪੂਰੀ ਜ਼ਿੰਦਗੀ ਲਈ ਹਨ।

ਸਾਡੀ ਖੋਜ ਦੇ ਮੁਤਾਬਕ, ਮੈਂ ਰੈਗੁਲਰ ਮੈਡੀਕਲ ਚੈੱਕਅਪ ਦੀ ਪੁਰ-ਜ਼ੋਰ ਸਿਫ਼ਾਰਸ਼ ਕਰਦਾ ਹਾਂ ਜਿਨ੍ਹਾਂ ਵਿੱਚ ਹਾਰਮੋਨਲ ਮੁਲਾਂਕਣ ਤੇ ਕੰਟਰੋਲ ਸ਼ਾਮਲ ਹੋਵੇ।

ਮੈਂ ਪੂਰੀ ਤਰ੍ਹਾਂ ਯਕੀਨ ਕਰਦਾ ਹਾਂ ਕਿ ਅਜਿਹੇ ਮੁਲਾਂਕਣ ਔਰਤਾਂ ਵਿੱਚ ਅਲਜ਼ਾਈਮਰ ਬਿਮਾਰੀ ਨੂੰ ਰੋਕਣ ਵਾਲੀਆਂ ਰਣਨੀਤੀਆਂ ਵਿੱਚ ਖਾਸ ਫੋਕਸ ਹੋਣੇ ਚਾਹੀਦੇ ਹਨ।

ਦਿਮਾਗ਼ ਮੀਨੋਪੌਜ਼ ਨਾਲ ਪ੍ਰਭਾਵਿਤ ਹੁੰਦਾ ਹੈ, ਘੱਟੋ-ਘੱਟ ਓਵਰੀਜ਼ ਜਿੰਨਾ ਤਾਂ ਜ਼ਰੂਰ ਹੁੰਦਾ ਹੈ। ਮੇਰਾ ਮੋਟੋ ਹੈ, ‘ਦਿਮਾਗੀ ਸਿਹਤ ਔਰਤਾਂ ਦੀ ਸਿਹਤ ਹੈ।’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)