ਹੈਰੀ ਤੇ ਮੇਘਨ: ਕਾਰ ਦਾ ਪਿੱਛਾ ਕੀਤੇ ਜਾਣ ਸਮੇਂ ਉਨ੍ਹਾਂ ਨੂੰ ਥਾਣੇ ਪਹੁੰਚਾਉਣ ਵਾਲੇ ਪੰਜਾਬੀ ਡਰਾਇਵਰ ਨੇ ਕੀ ਦੱਸਿਆ

ਤਸਵੀਰ ਸਰੋਤ, Getty Images
ਹੈਰੀ ਅਤੇ ਮੇਘਨ ਦੀ ਕਾਰ ਦਾ ਮੰਗਲਵਾਰ ਰਾਤ ਨੂੰ ਨਿਊਯਾਰਕ ਵਿੱਚ ਲਗਭਗ 2 ਘੰਟੇ ਤੱਕ ਪਿੱਛਾ ਕੀਤਾ ਗਿਆ ਹੈ। ਜਿਸ ਵੇਲੇ ਇਹ ਸਭ ਹੋਇਆ, ਮੇਘਨ ਦੀ ਮਾਂ ਡੋਰੀਆ ਰੈਗਲੈਂਡਵੀ ਵੀ ਉਨ੍ਹਾਂ ਨਾਲ ਕਾਰ ਵਿੱਚ ਮੌਜੂਦ ਸਨ।
ਹੈਰੀ ਅਤੇ ਮੇਘਨ ਦੇ ਬੁਲਾਰੇ ਨੇ ਇਸ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ।
ਸਸੇਕਸ ਦੇ ਡਿਊਕ ਅਤੇ ਡਚੇਸ ਨਿਊਯਾਰਕ ਵਿੱਚ ਮਿਸ ਫਾਊਂਡੇਸ਼ਨ ਫ਼ਾਰ ਵੂਮੈਨ ਵਲੋਂ ਕਰਵਾਏ ਗਏ ਇੱਕ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣ ਗਏ ਸਨ।
ਜਿਸ ਵੇਲੇ ਉਹ ਇਸ ਸਮਾਰੋਹ ਤੋਂ ਵਾਪਸ ਆ ਰਹੇ ਸਨ, ਉਸ ਵੇਲੇ ਹੀ ਉਨ੍ਹਾਂ ਦਾ ਪਿੱਛਾ ਕੀਤਾ ਗਿਆ।
ਹੈਰੀ ਅਤੇ ਮੇਘਨ ਦੇ ਬੁਲਾਰੇ ਨੇ ਕੀ ਦੱਸਿਆ

ਤਸਵੀਰ ਸਰੋਤ, Getty Images
ਨਿਊਯਾਰਕ ਪੁਲਿਸ ਨੇ ਕਿਹਾ ਕਿ "ਬਹੁਤ ਸਾਰੇ ਫੋਟੋਗ੍ਰਾਫ਼ਰਾਂ" ਨੇ ਇੱਕ ਪੁਰਸਕਾਰ ਸਮਾਰੋਹ ਤੋਂ ਉਨ੍ਹਾਂ ਘਰ ਵਾਪਸੀ ਨੂੰ "ਚੁਣੌਤੀਪੂਰਨ" ਬਣਾ ਦਿੱਤਾ ਸੀ।
ਇਹ ਸਮਾਰੋਹ ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ ਲਗਭਗ 7 ਵਜੇ ਸ਼ੁਰੂ ਹੋਇਆ ਅਤੇ ਲਗਭਗ ਤਿੰਨ ਘੰਟਿਆਂ ਤੱਕ ਚੱਲਿਆ।
ਹੈਰੀ, ਮੇਘਨ ਅਤੇ ਉਨ੍ਹਾਂ ਦੀ ਮਾਂ ਸਮਾਰੋਹ ਤੋਂ ਲਗਭਗ 10 ਵਜੇ ਨਿਕਲੇ ਅਤੇ ਘਰ ਜਾਣ ਲਈ ਆਪਣੀ ਕਾਲੇ ਰੰਗ ਦੀ ਐਸਯੂਵੀ ਗੱਡੀ ਵਿੱਚ ਬੈਠੇ।
ਬੀਬੀਸੀ ਪੱਤਰਕਾਰ ਸੈਮ ਕੈਬਰਲ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਬੁਲਾਰੇ ਅਨੁਸਾਰ, "ਬਹੁਤ ਹਮਲਾਵਰ ਪੈਪਰਾਜ਼ੀ ਦੇ ਇੱਕ ਸਮੂਹ ਨੇ "ਦੋ ਘੰਟਿਆਂ ਤੋਂ ਵੱਧ" ਸਮੇਂ ਤੱਕ ਉਨ੍ਹਾਂ ਦਾ ਪਿੱਛਾ ਕੀਤਾ।
ਉਨ੍ਹਾਂ ਕਿਹਾ ਕਿ "ਨਿਰੰਤਰ ਪਿੱਛਾ" ਹੋਣ ਕਾਰਨ ਸੜਕ 'ਤੇ ਹੋਰ ਡਰਾਈਵਰਾਂ, ਪੈਦਲ ਚੱਲਣ ਵਾਲਿਆਂ ਅਤੇ ਨਿਊਯਾਰਕ ਪੁਲਿਸ ਵਿਭਾਗ ਦੇ ਦੋ ਅਫਸਰਾਂ ਵਿਚਕਾਰ ਟੱਕਰ ਵੀ ਹੁੰਦੇ-ਹੁੰਦੇ ਬਚੀ।
ਦੱਸ ਦੇਈਏ ਕਿ ਪੈਪਰਾਜ਼ੀ ਅਜਿਹੇ ਫੋਟੋਗ੍ਰਾਫ਼ਰਾਂ ਜਾਂ ਉਨ੍ਹਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ, ਜੋ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਖਿੱਚਦੇ ਹਨ ਅਤੇ ਫਿਰ ਹੋਰ ਅਖ਼ਬਾਰਾਂ, ਰਸਾਲਿਆਂ ਆਦਿ ਨੂੰ ਵੇਚਦੇ ਹਨ।

ਤਸਵੀਰ ਸਰੋਤ, ANGELA WEISS/AFP via Getty Images
ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਜੋ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ, ਉਨ੍ਹਾਂ ਨੇ ਬਹੁਤ ਸਾਰੇ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ।
ਇਸ ਵਿੱਚ ਲਾਲ ਬੱਤੀ ਹੋਣ 'ਤੇ ਵੀ ਸੜਕ ਪਾਰ ਕਰਨਾ, ਫੁੱਟਪਾਥ 'ਤੇ ਗੱਡੀ ਚਲਾਉਣਾ, ਫੋਨ ਇਸਤੇਮਾਲ ਕਰਦੇ ਹੋਏ ਗੱਡੀ ਚਲਾਉਣਾ, ਫੋਟੋ ਖਿੱਚਦੇ ਸਮੇਂ ਗੱਡੀ ਚਲਾਉਣਾ ਅਤੇ ਚੱਲਦੇ ਵਾਹਨ ਨੂੰ ਗੈਰਕਾਨੂੰਨੀ ਢੰਗ ਨਾਲ ਰੋਕਣਾ ਸ਼ਾਮਲ ਹੈ।
ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਦੀ ਮੌਜੂਦਗੀ ਹੋਣ ਦੇ ਬਾਵਜੂਦ ਉਨ੍ਹਾਂ ਪਿੱਛਾ ਕਰਨ ਵਾਲਿਆਂ ਨੂੰ ਨਹੀਂ ਰੋਕਿਆ ਗਿਆ।
ਚੇਤੇ ਰਹੇ ਕਿ ਪ੍ਰਿੰਸ ਹੈਰੀ ਦੀ ਮਾਂ ਪ੍ਰਿੰਸੇਜ਼ ਡਾਇਨਾ ਦੀ ਸਾਲ 1997 'ਚ ਕਾਰ ਦੁਰਘਟਨਾ 'ਚ ਮੌਤ ਹੋ ਗਈ ਸੀ। ਜਿਸ ਕਾਰ ਵਿੱਚ ਡਾਇਨਾ ਸਵਾਰ ਸਨ, ਉਸ ਦਾ ਪਿੱਛਾ ਕੀਤਾ ਗਿਆ ਸੀ।
ਘੰਟਾ ਭਰ ਪੈਪਰਾਜੀ ਤੋਂ ਬਚਣ ਦੀ ਕੋਸ਼ਿਸ਼

ਤਸਵੀਰ ਸਰੋਤ, Selcuk Acar/Anadolu Agency via Getty Images
ਹੈਰੀ ਅਤੇ ਮੇਘਨ, ਜੋ ਆਮ ਤੌਰ 'ਤੇ ਕੈਲੀਫੋਰਨੀਆ ਵਿੱਚ ਰਹਿੰਦੇ ਹਨ, ਨਿਯੂਯਾਰਕ ਵਿੱਚ ਆਪਣੇ ਇੱਕ ਦੋਸਤ ਕੋਲ ਰੁਕੇ ਹੋਏ ਹਨ। ਪਰ ਬੀਤੀ ਰਾਤ ਉਨ੍ਹਾਂ ਨੇ ਦੋਸਤ ਕੋਲ ਮੁੜਨ ਦੀ ਬਜਾਇ ਪਹਿਲਾ ਪੁਲਿਸ ਸਟੇਸ਼ਨ ਜਾਣਾ ਠੀਕ ਸਮਝਿਆ।
ਕਾਨੂੰਨ ਵਿਵਸਥਾ ਨਾਲ ਜੁੜੇ ਸੂਤਰਾਂ ਨੇ ਯੂਐਸ ਵਿੱਚ ਬੀਬੀਸੀ ਦੇ ਪਾਰਟਨਰ ਸੀਬੀਐਸ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੇ ਵਾਹਨ ਨੇ ਪੈਪਰਾਜ਼ੀ ਨੂੰ ਚਕਮਾ ਦੇਣ ਲਈ ਲਗਭਗ ਇੱਕ ਘੰਟੇ ਤੱਕ ਇੱਧਰ-ਉੱਧਰ ਚੱਕਰ ਲਗਾਏ ਪਰ ਉਹ ਅਸਫ਼ਲ ਰਹੇ।
ਉਹ ਫਿਰ ਨਿਊਯਾਰਕ ਪੁਲਿਸ ਵਿਭਾਗ ਦੇ19ਵੇਂ ਪ੍ਰਿਸਿੰਕਟ ਪੁਲਿਸ ਸਟੇਸ਼ਨ ਗਏ, ਜਿੱਥੇ ਉਨ੍ਹਾਂ ਨੇ ਆਪਣਾ ਵਾਹਨ ਬਦਲਣ ਦਾ ਫੈਸਲਾ ਕੀਤਾ।
ਸਸੇਕਸ ਦੇ ਸੁਰੱਖਿਆ ਗਾਰਡ ਨੇ ਇੱਕ ਟੈਕਸੀ ਡਰਾਈਵਰ ਨੂੰ ਹਰੀ ਝੰਡੀ ਦਿਖਾ ਕੇ ਰੋਕਿਆ ਅਤੇ ਹੈਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵਿੱਚ ਬਿਠਾ ਦਿੱਤਾ।
ਪੰਜਾਬੀ ਮੂਲ ਦੇ ਡਰਾਈਵਰ ਨੇ ਕੀ ਦੱਸਿਆ

ਜਿਸ ਟੈਕਸੀ ਵਿੱਚ ਹੈਰੀ ਅਤੇ ਮੇਘਨ ਬੈਠੇ ਸਨ, ਉਸ ਨੂੰ ਪੰਜਾਬੀ ਮੂਲ ਦੇ ਇੱਕ ਡਰਾਈਵਰ ਸੁਖਚਰਨ ਸਿੰਘ 'ਸੋਨੀ' ਚਲਾ ਰਹੇ ਸਨ।
ਉਨ੍ਹਾਂ ਨੇ ਬੀਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਅਜੇ ਇੱਕ ਬਲਾਕ ਤੱਕ ਹੀ ਚੱਲੇ ਸਨ, ਜਦੋਂ ਉਨ੍ਹਾਂ ਦੀ ਟੈਕਸੀ ਨੂੰ ''ਇੱਕ ਕੂੜੇ ਦੇ ਟਰੱਕ ਕਾਰਨ ਰੁਕਣਾ ਪਿਆ ਅਤੇ ਅਚਾਨਕ ਪੈਪਰਾਜ਼ੀ ਉੱਥੇ ਆ ਗਏ ਆਏ ਅਤੇ ਤਸਵੀਰਾਂ ਲੈਣ ਲੱਗ ਪਏ"।
ਸੋਨੀ ਨੇ ਦੱਸਿਆ, "ਮੈਂ 67ਵੀਂ ਸਟਰੀਟ 'ਤੇ ਸੀ ਅਤੇ ਉਸੇ ਵੇਲੇ ਸੁਰੱਖਿਆ ਗਾਰਡ ਨੇ ਮੈਨੂੰ ਰੋਕਿਆ। ਪ੍ਰਿੰਸ ਹੈਰੀ ਅਤੇ ਉਨ੍ਹਾਂ ਦੇ ਪਤਨੀ ਮੇਰੀ ਕੈਬ ਵਿੱਚ ਬੈਠ ਗਏ।''
"ਉਹ ਘਬਰਾਏ ਹੋਏ ਦਿਖਾਈ ਦੇ ਰਹੇ ਸਨ, ਮੈਨੂੰ ਲੱਗਦਾ ਹੈ ਕਿ ਸਾਰਾ ਦਿਨ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਜਾਂ ਕੁਝ ਹੋਰ। ਉਹ ਕਾਫ਼ੀ ਘਬਰਾਏ ਹੋਏ ਸਨ, ਪਰ ਸੁਰੱਖਿਆ ਗਾਰਡ ਉਨ੍ਹਾਂ ਨਾਲ ਸਨ।''
ਉਸ ਤੋਂ ਬਾਅਦ ਉਨ੍ਹਾਂ ਨੂੰ ਗੱਡੀ ਵਾਪਸ ਥਾਣੇ ਲੈ ਕੇ ਜਾਣ ਲਈ ਕਿਹਾ ਗਿਆ।
ਉਹ ਸਾਡੇ ਪਿੱਛੇ ਹੀ ਰਹੇ - ਸੋਨੀ
ਬੀਬੀਸੀ ਪੱਤਰਕਾਰ ਕਾਇਲਾ ਇਪਸਟੇਨ ਦੀ ਰਿਪੋਰਟ ਮੁਤਾਬਕ, ਪੈਪਰਾਜ਼ੀ ਬਾਰੇ ਉਨ੍ਹਾਂ ਕਿਹਾ, "ਉਹ ਸਾਡੇ ਪਿੱਛੇ ਸਨ। ਮੇਰਾ ਮਤਲਬ ਹੈ, ਉਹ ਸਾਡੇ ਪਿੱਛੇ ਹੀ ਰਹੇ, ਸਿਰਫ਼ ਇੰਨਾ ਹੀ, ਇਸ ਤੋਂ ਜ਼ਿਆਦਾ ਕੁਝ ਨਹੀਂ। ਉਨ੍ਹਾਂ ਨੇ ਆਪਣੀ ਦੂਰੀ ਬਣਾਈ ਰੱਖੀ।"
ਸੋਨੀ ਨੇ ਹੈਰੀ ਅਤੇ ਮੇਘਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ "ਚੰਗੇ ਇਨਸਾਨ" ਹਨ।
ਉਨ੍ਹਾਂ ਕਿਹਾ, "ਯਾਤਰਾ ਦੇ ਅੰਤ ਵਿੱਚ ਉਨ੍ਹਾਂ ਕਿਹਾ- 'ਤੁਹਾਨੂੰ ਮਿਲ ਕੇ ਚੰਗਾ ਲੱਗਿਆ।" ਅਤੇ ਫਿਰ ਉਨ੍ਹਾਂ ਦਾ ਨਾਮ ਵੀ ਪੁੱਛਿਆ।
ਹੈਰੀ ਅਤੇ ਮੇਘਨ ਦੇ ਉਤਰਨ ਮਗਰੋਂ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਭੁਗਤਾਨ ਵੀ ਕੀਤਾ।
ਸੋਨੀ ਕਹਿੰਦੇ ਹਨ, "ਇਹ ਬਹੁਤ ਵਧੀਆ ਸੀ। ਦਸ ਮਿੰਟ ਦੀ ਡਰਾਈਵ ਤੇ 50 ਡਾਲਰ 50..."ਹੋਰ ਤੁਸੀਂ ਕੀ ਮੰਗ ਸਕਦੇ ਹੋ? ਇਹ ਕਾਫੀ ਹੈ।"
ਇਹ ਪੁੱਛੇ ਜਾਣ 'ਤੇ ਕੀ ਸੋਨੀ ਆਪਣੇ ਮਸ਼ਹੂਰ ਯਾਤਰੀਆਂ ਨੂੰ ਦੇਖ ਕੇ ਹੈਰਾਨ ਸਨ, ਉਨ੍ਹਾਂ ਕਿਹਾ, "ਮੈਂ ਕੀਥ ਰਿਚਰਡਜ਼ ਨੂੰ ਵੀ ਆਪਣੀ ਕੈਬ ਵਿੱਚ ਬਿਠਾਇਆ ਹੈ। ਮੈਂ ਬਹੁਤ ਵਾਰ ਮਸ਼ਹੂਰ ਹਸਤੀਆਂ ਨੂੰ ਬਿਠਾਉਂਦਾ ਹਾਂ। ਜਦੋਂ ਉਹ ਅੰਦਰ ਬੈਠੇ ਤਾਂ ਮੈਂ ਇਸ ਬਾਰੇ ਬਹੁਤਾ ਨਹੀਂ ਸੋਚਿਆ।"
ਸੋਨੀ ਨੇ ਕਿਹਾ ਕਿ ਜੋ ਕੁਝ ਵੀ ਹੋਰ ਰਿਹਾ ਸੀ ਉਸ ਨੂੰ ਲੈ ਕੇ ਹੈਰੀ ਅਤੇ ਮੇਘਨ ''ਘਬਰਾਏ ਹੋਏ'' ਨਜ਼ਰ ਆ ਰਹੇ ਸਨ। ਪਰ ਉਨ੍ਹਾਂ ਇਹ ਵੀ ਕਿਹਾ ਕਿ ਪੈਪਰਾਜ਼ੀ ਹਮਲਾਵਰ ਨਹੀਂ ਸੀ।
ਜਦੋਂ ਉਨ੍ਹਾਂ ਤੋਂ ਬੁਲਾਰੇ ਦੇ ਕਹੇ ਮੁਤਾਬਕ ਪਿੱਛਾ ਕਰਨ ਵਾਲੀ ਗੱਲ ਬਾਰੇ ਪੁੱਛਿਆ ਗਿਆ ਤਾਂ ਡਰਾਈਵਰ ਨੇ ਕਿਹਾ ਕਿ ਇਹ ''ਵਧਾ-ਚੜ੍ਹਾ'' ਕੇ ਕਿਹਾ ਗਿਆ ਹੈ। ਹਾਲਾਂਕਿ, ਉਨ੍ਹਾਂ ਬਾਅਦ ਵਿੱਚ ਕਿਹਾ ਕਿ "ਹੋ ਸਕਦਾ ਹੈ ਕਿ ਉਸ ਤੋਂ ਪਹਿਲਾਂ ਅਜਿਹਾ ਹੋਇਆ ਹੋਵੇ।''

ਤਸਵੀਰ ਸਰੋਤ, Raymond Hall/GC Images/Getty Images
ਜਿਸ ਏਜੰਸੀ ਦੇ ਪੱਤਰਕਾਰ ਪਿੱਛਾ ਕਰਨ 'ਚ ਸ਼ਾਮਲ...
ਮਨੋਰੰਜਨ ਜਗਤ ਦੀਆਂ ਤਸਵੀਰਾਂ ਵਾਲੀ ਏਜੰਸੀ ਬੈਕਗ੍ਰਿਡ ਨੇ ਕਿਹਾ ਹੈ ਕਿ ਜਿਹੜੇ ਚਾਰ ਫ੍ਰੀਲਾਂਸ ਫੋਟੋਗ੍ਰਾਫ਼ਰ ਮੰਗਲਵਾਰ ਰਾਤ ਨੂੰ ਉਨ੍ਹਾਂ ਦੀਆਂ ਤਸਵੀਰਾਂ ਲੈਣ ਵਿੱਚ ਸ਼ਾਮਲ ਸਨ, ਉਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ, ਏਜੰਸੀ ਨੇ ਕਿਹਾ ਕਿ ਫੋਟੋਗ੍ਰਾਫ਼ਰਾਂ ਨੇ ਵੀ ਸਸੇਕਸ ਦੇ ਬਿਆਨ ਦੇ ਕੁਝ ਪਹਿਲੂਆਂ 'ਤੇ ਇਤਰਾਜ਼ ਜਤਾਇਆ ਹੈ।
ਏਜੰਸੀ ਨੇ ਕਿਹਾ, “ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੇ ਸੁਰੱਖਿਆ ਕਰਮਚਾਰੀ ਆਪਣਾ ਕੰਮ ਕਰ ਰਹੇ ਸਨ, ਅਤੇ ਅਸੀਂ ਉਨ੍ਹਾਂ ਦੇ ਕੰਮ ਦਾ ਸਨਮਾਨ ਕਰਦੇ ਹਾਂ।''
"ਹਾਲਾਂਕਿ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਮੌਜੂਦ ਫੋਟੋਗ੍ਰਾਫਰਾਂ ਦੇ ਅਨੁਸਾਰ, ਇਸ ਦੌਰਾਨ ਕੋਈ ਸੰਭਾਵੀ ਟੱਕਰ ਜਾਂ ਹਾਦਸੇ ਵਾਲੀ ਸਥਿਤੀ ਨਹੀਂ ਬਣੀ ਸੀ। ਫੋਟੋਗ੍ਰਾਫ਼ਰਾਂ ਦਾ ਮੰਨਣਾ ਹੈ ਕਿ ਜੋੜੇ ਨੂੰ ਕਿਸੇ ਵੀ ਕਿਸਮ ਦਾ ਖ਼ਤਰਾ ਨਹੀਂ ਸੀ।''
ਬੁੱਧਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ, ਨਿਊਯਾਰਕ ਪੁਲਿਸ ਨੇ ਪੁਸ਼ਟੀ ਕੀਤੀ ਕਿ ਜੋੜੇ ਲਈ ਘਰ ਵਾਪਸੀ "ਚੁਣੌਤੀਪੂਰਨ" ਬਣੀ ਹੋਈ ਸੀ ਅਤੇ ਉਨ੍ਹਾਂ ਨੇ ਇਸ ਦੌਰਾਨ ਜੋੜੇ ਦੀ ਨਿੱਜੀ ਸੁਰੱਖਿਆ ਟੀਮ ਦੀ ਸਹਾਇਤਾ ਕੀਤੀ ਸੀ।
ਪੁਲਿਸ ਨੇ ਕਿਹਾ, "ਸਸੇਕਸ ਦੇ ਡਿਊਕ ਅਤੇ ਡਚੇਸ ਆਪਣੀ ਮੰਜ਼ਿਲ 'ਤੇ ਪਹੁੰਚੇ ਅਤੇ ਇਸ ਸਬੰਧ ਵਿੱਚ ਕੋਈ ਟੱਕਰ, ਸੰਮਨ, ਸੱਟਾਂ ਜਾਂ ਗ੍ਰਿਫਤਾਰੀਆਂ ਦੀ ਕੋਈ ਰਿਪੋਰਟ ਨਹੀਂ ਹੈ।''













