ਪੁੱਤਰਾਂ 'ਤੇ 3 ਕਰੋੜ ਰੁਪਏ ਦੇ ਇੰਸ਼ੋਰੈਂਸ ਲਈ ਪਿਤਾ ਨੂੰ ਸੱਪ ਦਾ ਡੰਗ ਮਰਵਾ ਮਾਰਨ ਦੇ ਇਲਜ਼ਾਮ, ਜਾਣੋ ਪੁਲਿਸ ਨੇ ਕੀ-ਕੀ ਦੱਸਿਆ

ਗਣੇਸ਼ਨ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਸੀ

ਤਸਵੀਰ ਸਰੋਤ, Thiruvallur District Police

ਤਸਵੀਰ ਕੈਪਸ਼ਨ, ਗਣੇਸ਼ਨ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਸੀ

(ਚੇਤਾਵਨੀ: ਇਸ ਲੇਖ ਵਿੱਚ ਦਿੱਤੀ ਕੁਝ ਜਾਣਕਾਰੀ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।)

ਪੁਲਿਸ ਨੇ 19 ਦਸੰਬਰ ਨੂੰ ਚੇੱਨਈ ਦੇ ਨੇੜੇ ਇੰਸ਼ੋਰੈਂਸ ਦੇ ਪੈਸੇ ਬਰਾਮਦ ਕਰਨ ਲਈ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਇੱਕ ਵਿਅਕਤੀ ਦੀ ਮੌਤ ਦਾ ਹੈ, ਜਿਸ ਨੂੰ ਸੱਪ ਨੇ ਡੰਗ ਲਿਆ ਸੀ। ਗ੍ਰਿਫਤਾਰ ਕੀਤੇ ਗਏ ਛੇ ਵਿਅਕਤੀਆਂ ਵਿੱਚੋਂ ਦੋ ਵਿਅਕਤੀ ਮ੍ਰਿਤਕ ਦੇ ਪੁੱਤਰ ਹਨ।

ਤਿਰੁਵੱਲੂਰ ਜ਼ਿਲ੍ਹੇ ਦੇ ਐਸਪੀ ਵਿਵੇਕਾਨੰਦ ਸ਼ੁਕਲਾ ਨੇ ਦੱਸਿਆ ਕਿ ਮਾਮਲੇ ਦੇ ਸੱਚਾਈ ਉਸ ਵੇਲੇ ਸਾਹਮਣੇ ਆਈ ਜਦੋਂ ਮ੍ਰਿਤਕ ਦੀ ਮੌਤ ਨੂੰ ਲੈ ਕੇ ਇੰਸ਼ੋਰੈਂਸ ਕੰਪਨੀ ਨੂੰ ਸ਼ੱਕ ਹੋਇਆ।

ਉਨ੍ਹਾਂ ਕਿਹਾ, ''ਆਪਣੇ ਪਿਤਾ ਦੇ ਨਾਮ 'ਤੇ ਹੋਏ ਤਿੰਨ ਕਰੋੜ ਰੁਪਏ ਤੋਂ ਵੱਧ ਦੇ ਇੰਸ਼ੋਰੈਂਸ ਪੈਸਾ ਲੈਣ ਲਈ ਉਨ੍ਹਾਂ (ਪੁੱਤਰਾਂ) ਨੇ ਇਹ ਭਿਆਨਕ ਕੰਮ ਕੀਤਾ।"

ਕਿਵੇਂ ਹੋਈ ਗ੍ਰਿਫ਼ਤਾਰੀ?

ਤਿਰੁਵੱਲੂਰ ਜ਼ਿਲ੍ਹੇ ਦੇ ਐਸਪੀ ਵਿਵੇਕਾਨੰਦ ਸ਼ੁਕਲਾ

ਤਸਵੀਰ ਸਰੋਤ, Thiruvallur District Police

ਤਸਵੀਰ ਕੈਪਸ਼ਨ, ਤਿਰੁਵੱਲੂਰ ਜ਼ਿਲ੍ਹੇ ਦੇ ਐਸਪੀ ਵਿਵੇਕਾਨੰਦ ਸ਼ੁਕਲਾ

ਤਮਿਲਨਾਡੂ ਦੇ ਤਿਰੁਵੱਲੂਰ ਜ਼ਿਲ੍ਹੇ ਦੇ ਤਿਰੁਤਤਾਨੀ ਤਾਲੁਕਾ ਤੋਂ ਕਰੀਬ 20 ਕਿਲੋਮੀਟਰ ਦੂਰ ਪੋਥੱਟੂਰਪੇੱਟਈ ਪਿੰਡ ਹੈ। 22 ਅਕਤੂਬਰ ਨੂੰ ਇਸ ਪਿੰਡ ਦੇ 56 ਸਾਲਾ ਗਣੇਸ਼ਨ ਦੀ ਸੱਪ ਦੇ ਕੱਟਣ ਨਾਲ ਮੌਤ ਹੋ ਗਈ ਸੀ।

ਤਿਰੁਵੱਲੂਰ ਜ਼ਿਲ੍ਹੇ ਦੇ ਐਸਪੀ ਵਿਵੇਕਾਨੰਦ ਸ਼ੁਕਲਾ ਨੇ ਦੱਸਿਆ ਕਿ ਗਣੇਸ਼ਨ ਦੇ ਪੁੱਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੋਥੱਟੂਰਪੇਟ ਪੁਲਿਸ ਸਟੇਸ਼ਨ ਵਿੱਚ ਗੈਰ-ਕੁਦਰਤੀ ਮੌਤ ਦਾ ਕੇਸ ਦਰਜ ਕੀਤਾ ਗਿਆ।

ਮ੍ਰਿਤਕ ਗਣੇਸ਼ਨ ਪੋਥੱਟੂਰਪੇਟਈ ਦੇ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿੱਚ ਲੈਬ ਅਸਿਸਟੈਂਟ ਵਜੋਂ ਕੰਮ ਕਰਦੇ ਸਨ। ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਇਹ ਘਟਨਾ ਸੱਪ ਦੇ ਡੱਸਣ ਨਾਲ ਹੋਈ ਇੱਕ ਐਕਸਿਡੈਂਟਲ ਮੌਤ ਲੱਗ ਰਹੀ ਸੀ।

'4 ਇੰਸ਼ੋਰੈਂਸ ਪਾਲਿਸੀਆਂ… 3 ਕਰੋੜ ਰੁਪਏ'

ਇੰਸ਼ੋਰੈਂਸ ਲਈ ਪਿਤਾ ਦੇ ਕਤਲ ਦਾ ਮਾਮਲਾ

ਗਣੇਸ਼ਨ ਦੀ ਮੌਤ ਤੋਂ ਕੁਝ ਹੀ ਦਿਨਾਂ ਬਾਅਦ, ਉਨ੍ਹਾਂ ਦੀ ਪਤਨੀ ਸੁਮਤੀ ਅਤੇ ਪੁੱਤਰਾਂ ਨੇ ਉਨ੍ਹਾਂ ਦੀਆਂ ਇੰਸ਼ੋਰੈਂਸ ਪਾਲਿਸੀਆਂ ਦਾ ਪੈਸਾ ਲੈਣ ਲਈ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਵਿੱਚ ਕਲੇਮ ਕੀਤਾ।

ਤਿਰੁਵੱਲੂਰ ਜ਼ਿਲ੍ਹੇ ਦੇ ਐਸਪੀ ਵਿਵੇਕਾਨੰਦ ਸ਼ੁਕਲਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਮ੍ਰਿਤਕ ਗਣੇਸ਼ਨ ਅਤੇ ਉਨ੍ਹਾਂ ਦੇ ਪਰਿਵਾਰ ਨੇ 11 ਇੰਸ਼ੋਰੈਂਸ ਪਾਲਿਸੀਆਂ ਲਈਆਂ ਸਨ। ਇਨ੍ਹਾਂ ਵਿੱਚੋਂ ਚਾਰ ਗਣੇਸ਼ਨ ਦੇ ਨਾਮ 'ਤੇ ਸਨ।"

ਜ਼ਿਲ੍ਹਾ ਐਸਪੀ ਨੇ ਦੱਸਿਆ ਕਿ ਗਣੇਸ਼ਨ ਨੇ ਟਰਮ ਇੰਸ਼ੋਰੈਂਸ ਸਮੇਤ ਤਿੰਨ ਕਰੋੜ ਰੁਪਏ ਤੋਂ ਵੱਧ ਦਾ ਇੰਸ਼ੋਰੈਂਸ ਕਰਵਾਇਆ ਹੋਇਆ ਸੀ। ਉਨ੍ਹਾਂ ਕਿਹਾ, "ਇੰਸ਼ੋਰੈਂਸ ਕੰਪਨੀ ਨੇ ਨਾਰਦਰਨ ਜੋਨ ਦੇ ਆਈਜੀ ਆਸਰਾ ਗਰਗ ਕੋਲ ਸ਼ਿਕਾਇਤ ਕੀਤੀ ਕਿ ਮੌਤ ਭੇਦਭਰੀ ਹੈ।"

ਜ਼ਿਲ੍ਹਾ ਐਸਪੀ ਨੇ 6 ਦਸੰਬਰ ਨੂੰ ਇਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਲਈ ਗੁੰਮਮੀਡੀਪੂੰਡੀ ਡੀਐਸਪੀ ਜਯਾਸ਼੍ਰੀ ਦੀ ਅਗਵਾਈ ਹੇਠ ਇੱਕ ਸਪੈਸ਼ਲ ਇਨਵੈਸਟਿਗੇਸ਼ਨ ਟੀਮ (ਐਸਆਈਟੀ) ਬਣਾਈ।

ਇਹ ਵੀ ਪੜ੍ਹੋ-

'ਜ਼ਿਆਦਾ ਲੋਨ… ਜ਼ਿਆਦਾ ਇੰਸ਼ੋਰੈਂਸ'

ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਕਮੇਟੀ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਗਣੇਸ਼ਨ ਦੇ ਪਰਿਵਾਰ ਨੇ ਵੱਡੇ ਲੋਨ ਲਏ ਸਨ ਅਤੇ ਹਾਈ-ਵੈਲਿਊ ਇੰਸ਼ੋਰੈਂਸ ਪਾਲਿਸੀਆਂ ਖਰੀਦੀਆਂ ਸਨ।

ਐਸਪੀ ਵਿਵੇਕਾਨੰਦ ਸ਼ੁਕਲਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਇੱਕ ਆਮ ਸਰਕਾਰੀ ਕਰਮਚਾਰੀ ਨੇ ਇੰਨੇ ਕਰੋੜ ਰੁਪਏ ਦੀਆਂ ਇੰਸ਼ੋਰੈਂਸ ਪਾਲਿਸੀਆਂ ਕਿਵੇਂ ਖਰੀਦੀਆਂ।"

ਜ਼ਿਲ੍ਹਾ ਪੁਲਿਸ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਕਿ "ਪਰਿਵਾਰ ਦੀ ਆਮਦਨ ਦੇ ਸਰੋਤਾਂ ਦੇ ਮੁਕਾਬਲੇ ਕਰਜ਼ੇ ਦੀ ਰਕਮ ਅਤੇ ਇੰਸ਼ੋਰੈਂਸ ਪਾਲਿਸੀਆਂ ਦੀ ਉੱਚੀ ਕੀਮਤ ਨੇ ਮੌਤ ਦੇ ਅਸਲ ਕਾਰਨਾਂ ਨੂੰ ਲੈ ਕੇ ਗੰਭੀਰ ਤੌਰ 'ਤੇ ਸ਼ੱਕ ਪੈਦਾ ਕੀਤਾ।"

ਗੁੰਮਮੀਡੀਪੂੰਡੀ ਡੀਐਸਪੀ ਜਯਾਸ਼੍ਰੀ ਨੇ ਬੀਬੀਸੀ ਤਮਿਲ ਨੂੰ ਦੱਸਿਆ, "ਇੰਸ਼ੋਰੈਂਸ ਕੰਪਨੀਆਂ ਆਮ ਤੌਰ 'ਤੇ ਪੈਸਾ ਦੇਣ ਤੋਂ ਪਹਿਲਾਂ ਜਾਂਚ ਕਰਦੀਆਂ ਹਨ। ਇਸ ਲਈ ਮੌਤ ਨੂੰ ਲੈ ਕੇ ਸ਼ੱਕ ਪੈਦਾ ਹੁੰਦਾ ਹੈ।"

19 ਦਸੰਬਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਐਸਪੀ ਵਿਵੇਕਾਨੰਦ ਸ਼ੁਕਲਾ ਨੇ ਕਿਹਾ, "ਸਪੈਸ਼ਲ ਇੰਟੈਲੀਜੈਂਸ ਟੀਮ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੇ ਗਣੇਸ਼ਨ ਪਰਿਵਾਰ ਦੇ ਵਿੱਤੀ ਲੈਣ-ਦੇਣ ਅਤੇ ਇੰਸ਼ੋਰੈਂਸ ਦੀਆਂ ਸਾਰੀਆਂ ਜਾਣਕਾਰੀਆਂ ਇਕੱਠੀਆਂ ਕਰ ਲਈਆਂ ਹਨ।"

'ਦੋ ਹੈਰਾਨੀਜਨਕ ਘਟਨਾਵਾਂ'

ਸੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਲ੍ਹਾ ਪੁਲਿਸ ਨੇ ਕਿਹਾ ਹੈ ਕਿ ਗਣੇਸ਼ਨ ਦੇ ਪੁੱਤਰਾਂ ਨੇ ਉਨ੍ਹਾਂ ਨੂੰ ਮਾਰਨ ਲਈ ਦੋ ਵਾਰ ਸੱਪ ਤੋਂ ਡੰਗ ਮਰਵਾਇਆ (ਸੰਕੇਤਕ ਤਸਵੀਰ)

ਪੁਲਿਸ ਨੇ ਦੱਸਿਆ ਕਿ ਗਣੇਸ਼ਨ ਦੇ ਪੁੱਤਰ ਮੋਹਨਰਾਜ ਅਤੇ ਹਰਿਕਰਨ ਨੇ ਇੰਸ਼ੋਰੈਂਸ ਦਾ ਪੈਸਾ ਲੈਣ ਦੇ ਮਕਸਦ ਨਾਲ ਆਪਣੇ ਪਿਤਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।

ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ "ਇਸ ਦੇ ਤਹਿਤ ਉਨ੍ਹਾਂ ਨੇ ਬਾਲਾਜੀ, ਪ੍ਰਸ਼ਾਂਤ, ਦਿਨਾਕਰਨ ਅਤੇ ਨਵੀਂਨ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪਿਤਾ ਨੂੰ ਮਾਰਨ ਲਈ ਇੱਕ ਸੱਪ ਦਾ ਇੰਤਜ਼ਾਮ ਕੀਤਾ ਅਤੇ ਇਸ ਨੂੰ ਇਸ ਤਰ੍ਹਾਂ ਨਾਲ ਦਿਖਾਇਆ ਜਿਵੇਂ ਉਨ੍ਹਾਂ ਨੂੰ ਅਚਾਨਕ ਸੱਪ ਨੇ ਡੰਗ ਮਾਰ ਦਿੱਤਾ ਹੋਵੇ।"

ਜ਼ਿਲ੍ਹਾ ਪੁਲਿਸ ਨੇ ਕਿਹਾ ਹੈ ਕਿ ਗਣੇਸ਼ਨ ਦੇ ਪੁੱਤਰਾਂ ਨੇ ਉਨ੍ਹਾਂ ਨੂੰ ਮਾਰਨ ਲਈ ਦੋ ਘਟਨਾਵਾਂ ਨੂੰ ਅੰਜਾਮ ਦਿੱਤਾ, "ਉਨ੍ਹਾਂ ਦੀ ਮੌਤ ਤੋਂ ਇੱਕ ਹਫ਼ਤਾ ਪਹਿਲਾਂ, ਉਨ੍ਹਾਂ (ਮੁੰਡਿਆਂ) ਨੇ ਦਿਨਾਕਰਨ ਨਾਮ ਦੇ ਇੱਕ ਵਿਅਕਤੀ ਤੋਂ ਇੱਕ ਕੋਬਰਾ ਸੱਪ ਖਰੀਦਿਆ। ਉਨ੍ਹਾਂ ਨੇ ਉਸ ਸੱਪ ਤੋਂ ਗਣੇਸ਼ਨ ਦੇ ਪੈਰ 'ਤੇ ਡੰਗ ਮਰਵਾਇਆ।"

ਨਿਊਜ਼ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਕੋਸ਼ਿਸ਼ ਵਿੱਚ ਗਣੇਸ਼ਨ ਦੀ ਮੌਤ ਨਹੀਂ ਹੋਈ, ਇਸ ਲਈ 22 ਅਕਤੂਬਰ ਦੀ ਸਵੇਰ ਘਰ ਵਿੱਚ ਇੱਕ ਕਰੈਤ ਸੱਪ ਲਿਆਂਦਾ ਗਿਆ ਅਤੇ ਜਦੋਂ ਗਣੇਸ਼ਨ ਸੌਂ ਰਹੇ ਸਨ, ਤਾਂ ਉਨ੍ਹਾਂ ਨੂੰ ਗਰਦਨ 'ਤੇ ਡੰਗ ਮਰਵਾਇਆ ਗਿਆ।

'ਬਿਨਾਂ ਵਜ੍ਹਾ ਦੀ ਦੇਰੀ' ਨੇ ਪੈਦਾ ਕੀਤਾ ਸ਼ੱਕ

ਵਿਵੇਕਾਨੰਦ ਸ਼ੁਕਲਾ , ਜ਼ਿਲ੍ਹਾ ਐਸਪੀ, ਤਿਰੁਵੱਲੂਰ

ਜ਼ਿਲ੍ਹਾ ਐਸਪੀ ਵਿਵੇਕਾਨੰਦ ਸ਼ੁਕਲਾ ਨੇ ਕਿਹਾ, "ਛੇ ਮੁਲਜ਼ਮਾਂ ਵਿੱਚੋਂ ਇੱਕ ਨੂੰ ਸੱਪਾਂ ਨੂੰ ਸੰਭਾਲਣਾ ਆਉਂਦਾ ਸੀ। ਜਿਸ ਸੱਪ ਨੇ ਗਣੇਸ਼ਨ ਨੂੰ ਡੱਸਿਆ ਸੀ, ਉਹ ਲਗਭਗ ਤਿੰਨ ਫੁੱਟ ਲੰਬਾ ਸੀ। ਉਨ੍ਹਾਂ ਨੇ ਮੌਕੇ 'ਤੇ ਹੀ ਉਸ ਸੱਪ ਨੂੰ ਮਾਰ ਦਿੱਤਾ, ਜਿਸ ਨੇ ਉਨ੍ਹਾਂ ਨੂੰ ਡੱਸਿਆ ਸੀ।"

ਪੁਲਿਸ ਨੇ ਕਿਹਾ, "ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮਰੀਜ਼ ਨੂੰ ਹਸਪਤਾਲ ਲੈ ਜਾਣ ਵਿੱਚ ਬਿਨਾਂ ਵਜ੍ਹਾ ਦੇਰੀ ਕੀਤੀ ਗਈ। ਇਹ ਇਸ ਗੱਲ ਦਾ ਅਹਿਮ ਸਬੂਤ ਹੈ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।"

ਗਣੇਸ਼ਨ ਦੇ ਚਚੇਰੇ ਭਰਾ ਗਣਪਤੀ ਨੇ ਕਿਹਾ, "ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਸੱਪ ਨੇ ਡੱਸਿਆ ਸੀ, ਤਾਂ ਉਨ੍ਹਾਂ ਦੇ ਪੈਰ ਵਿੱਚ ਜ਼ਖ਼ਮ ਹੋ ਗਿਆ ਸੀ। ਇਸ ਲਈ ਉਨ੍ਹਾਂ ਨੂੰ ਡਾਕਟਰੀ ਇਲਾਜ ਕਰਵਾਉਣਾ ਪਿਆ ਸੀ। ਉਹ ਠੀਕ ਤਰ੍ਹਾਂ ਖਾਣਾ ਵੀ ਨਹੀਂ ਖਾ ਸਕਦੇ ਸੀ।"

ਉਨ੍ਹਾਂ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਉਹ ਅਤੇ ਗਣੇਸ਼ਨ ਭਰਾ ਸਨ। ਉਨ੍ਹਾਂ ਕਿਹਾ, "ਜਦੋਂ ਇਹ ਘਟਨਾ ਹੋਈ, ਤਾਂ ਗਣੇਸ਼ਨ ਘਰ ਦੇ ਗ੍ਰਾਊਂਡ ਫਲੋਰ 'ਤੇ ਸੌਂ ਰਹੇ ਸਨ। ਉਹ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਤਿਰੁਤਤਾਨੀ ਸਰਕਾਰੀ ਹਸਪਤਾਲ ਲੈ ਗਏ ਕਿ ਉਨ੍ਹਾਂ ਨੂੰ ਗਰਦਨ 'ਤੇ ਸੱਪ ਨੇ ਡੰਗ ਮਾਰ ਦਿੱਤਾ ਹੈ।"

ਉਨ੍ਹਾਂ ਕਿਹਾ, "ਹਸਪਤਾਲ ਵਿੱਚ ਉਨ੍ਹਾਂ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਸੱਪ ਦੇ ਡੱਸਣ ਨਾਲ ਹੋਈ ਹੈ। ਉੱਥੇ ਪੋਸਟਮਾਰਟਮ ਵੀ ਕੀਤਾ ਗਿਆ।"

ਰਿਸ਼ਤੇਦਾਰ ਕੀ ਕਹਿ ਰਹੇ?

ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 6 ਵਿਅਕਤੀ

ਤਸਵੀਰ ਸਰੋਤ, Thiruvallur District Police

ਤਸਵੀਰ ਕੈਪਸ਼ਨ, ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 6 ਵਿਅਕਤੀ

ਗਣਪਤੀ ਦੱਸਦੇ ਹਨ ਕਿ ਗਣੇਸ਼ਨ ਨੇ 2018 ਵਿੱਚ ਆਪਣੇ ਪਿਤਾ ਦੀ ਜ਼ਮੀਨ ਖਰੀਦੀ ਸੀ ਅਤੇ ਉੱਥੇ ਦੋ ਮੰਜ਼ਿਲਾ ਘਰ ਬਣਾਇਆ ਸੀ।

ਉਨ੍ਹਾਂ ਕਿਹਾ, "ਦੋ ਪੁੱਤਰਾਂ ਵਿੱਚੋਂ ਇੱਕ ਚੇੱਨਈ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਦੂਜਾ ਪੁੱਤਰ ਮਕੈਨਿਕ ਦਾ ਕੰਮ ਕਰਦਾ ਸੀ।"

ਗਣਪਤੀ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਆਪਣੇ ਦੋਹਾਂ ਪੁੱਤਰਾਂ ਦਾ ਵਿਆਹ ਕਰ ਦਿੱਤਾ ਸੀ, "ਦੋਹਾਂ ਦੇ ਬੱਚੇ ਹਨ। ਪਿੰਡ ਵਿੱਚ ਉਨ੍ਹਾਂ ਦਾ ਕਦੇ ਕੋਈ ਝਗੜਾ ਨਹੀਂ ਰਿਹਾ। ਸਾਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ 'ਤੇ ਇੰਨਾ ਜ਼ਿਆਦਾ ਕਰਜ਼ਾ ਸੀ।"

ਗਣਪਤੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਸਾਰੀਆਂ ਜਾਣਕਾਰੀਆਂ ਬਾਰੇ ਓਦੋਂ ਪਤਾ ਲੱਗਿਆ ਜਦੋਂ ਪੋਥੱਟੂਰਪੇੱਟਈ ਪੁਲਿਸ ਨੇ 19 ਦਸੰਬਰ ਦੀ ਸਵੇਰ ਦੋਹਾਂ ਪੁੱਤਰਾਂ ਨੂੰ ਗ੍ਰਿਫ਼ਤਾਰ ਕੀਤਾ।

ਗਣੇਸ਼ਨ ਦੀ ਮੌਤ ਦੇ ਮਾਮਲੇ ਵਿੱਚ ਹਰਿਹਰਨ, ਮੋਹਨਰਾਜ, ਪ੍ਰਸ਼ਾਂਤ, ਨਵੀਨਕੁਮਾਰ, ਬਾਲਾਜੀ ਅਤੇ ਦਿਨਕਰਨ ਨਾਮ ਦੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਨੇ ਕਿਹਾ, "ਜਾਂਚ ਜਾਰੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।"

ਪੁਲਿਸ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ "ਇਹ ਘਟਨਾ, ਜੋ ਪਹਿਲਾਂ ਸੱਪ ਦੇ ਡੱਸਣ ਨਾਲ ਹੋਈ ਮੌਤ ਲੱਗ ਰਹੀ ਸੀ, ਸਪੈਸ਼ਲ ਇਨਵੈਸਟਿਗੇਸ਼ਨ ਟੀਮ ਵੱਲੋਂ ਵਿਗਿਆਨਕ, ਤਕਨੀਕੀ ਅਤੇ ਫੀਲਡ ਜਾਂਚ ਰਾਹੀਂ ਸਾਹਮਣੇ ਆਈ ਹੈ।"

ਪੁਲਿਸ ਨੇ ਇਹ ਵੀ ਦੱਸਿਆ ਕਿ ਗਣੇਸ਼ਨ ਦਾ ਕਤਲ ਪੈਸੇ ਦੇ ਲਾਲਚ ਵਿੱਚ ਇੱਕ ਅਪਰਾਧਿਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ।

ਡੀਐਸਪੀ ਜਯਾਸ਼੍ਰੀ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਲਈ ਚੁਣੌਤੀਪੂਰਨ ਸੀ ਅਤੇ "ਇਹ ਪਤਾ ਲਗਾਉਣ ਲਈ ਲਗਾਤਾਰ ਜਾਂਚ ਜਾਰੀ ਹੈ ਕਿ ਕੀ ਇਸ ਮਾਮਲੇ ਵਿੱਚ ਹੋਰ ਕੋਈ ਵੀ ਸ਼ਾਮਲ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)