'ਧੁਰੰਧਰ' ਵਿੱਚ ਅਕਸ਼ੇ ਖੰਨਾ ਵੱਲੋਂ ਨਿਭਾਇਆ ਕਿਰਦਾਰ ਰਹਿਮਾਨ ਡਕੈਤ ਅਸਲ ਜ਼ਿੰਦਗੀ ਵਿੱਚ ਕਿੰਨਾ ਖਤਰਨਾਕ ਸੀ

ਅਕਸ਼ੈ ਖੰਨਾ - ਰਹਿਮਾਨ ਡਕੈਤ

ਤਸਵੀਰ ਸਰੋਤ, JIO/YT/TRAILER GRAB

ਤਸਵੀਰ ਕੈਪਸ਼ਨ, ਫਿਲਮ 'ਧੁਰੰਧਰ' ਵਿੱਚ, ਅਕਸ਼ੇ ਖੰਨਾ ਨੇ ਇਸੇ ਰਹਿਮਾਨ ਡਕੈਤ ਦੀ ਭੂਮਿਕਾ ਨਿਭਾਈ ਹੈ, ਜਿਸ ਦੀ ਇਸ ਸਮੇਂ ਹਰ ਪਾਸੇ ਚਰਚਾ ਹੋ ਰਹੀ ਹੈ
    • ਲੇਖਕ, ਜਾਫ਼ਰ ਰਿਜ਼ਵੀ
    • ਰੋਲ, ਪੱਤਰਕਾਰ, ਲੰਡਨ

"ਮਾਰਨਾ ਨਹੀਂ... ਕੋਈ ਗਲਤ ਕੰਮ ਨਾ ਕਰੋ... ਜੋ ਵੀ ਮੁੱਕੜਮੇਹਨ, ਉਸ ਨੂੰ (ਅਦਾਲਤ) ਵਿੱਚ ਪੇਸ਼ ਕਰੋ। ਐਨਕਾਊਂਟਰ ਨਹੀਂ ਕਰਨਾ।" ਆਸਿਫ਼ ਜ਼ਰਦਾਰੀ ਨੇ ਰਹਿਮਾਨ (ਡਕੈਤ) ਨੂੰ ਹਿਰਾਸਤ ਵਿੱਚ ਲੈਣ ਵਾਲੇ ਅਧਿਕਾਰੀ ਚੌਧਰੀ ਅਸਲਮ ਨੂੰ ਇਹ ਗੱਲ ਕਹੀ।

ਇਸਲਾਮਾਬਾਦ ਬਲਕਿ ਰਾਵਲਪਿੰਡੀ ਤੱਕ ਪਹੁੰਚ ਰੱਖਣ ਵਾਲੇ ਇਹ ਸਿਆਸਤਦਾਨ ਮੈਨੂੰ ਪਾਕਿਸਤਾਨ ਤੋਂ ਬਾਹਰ ਇੱਕ ਮੁਲਾਕਾਤ ਦੌਰਾਨ ਰਹਿਮਾਨ ਡਕੈਤ ਦੀ ਕਹਾਣੀ ਸੁਣਾ ਰਹੇ ਸਨ।

ਭਾਵੇਂ ਤੁਸੀਂ ਪੀਪਲਜ਼ ਅਮਨ ਕਮੇਟੀ ਦੇ ਸੰਸਥਾਪਕ ਸਰਦਾਰ ਅਬਦੁਲ ਰਹਿਮਾਨ ਬਲੋਚ ਕਹੋ, ਜਾਂ ਕਰਾਚੀ ਅੰਡਰਵਰਲਡ ਦਾ ਡੌਨ ਰਹਿਮਾਨ ਡਕੈਤ... ਇਹ ਅਜਿਹੇ ਕਿਰਦਾਰ ਦੀ ਕਹਾਣੀ ਹੈ ਜਿਸ ਨੇ ਅੱਖ ਤਾਂ ਸ਼ਹਿਰ ਦੇ ਪਿੱਛੜੇ ਇਲਾਕੇ 'ਚ ਖੋਲ੍ਹੀ ਪਰ ਲਯਾਰੀ ਗੈਂਗ ਦੇ ਇਸ 'ਕ੍ਰਾਈਮ ਲਾਰਡ' ਦੀ ਪਹੁੰਚ ਨਾ ਸਿਰਫ਼ ਉੱਚ ਪੁਲਿਸ ਅਤੇ ਫੌਜ ਦੀਆਂ ਖੁਫੀਆ ਸੰਸਥਾਵਾਂ ਦੇ ਅਧਿਕਾਰੀਆਂ ਤੱਕ ਸੀ, ਸਗੋਂ ਦੇਸ਼ ਦੇ ਰਾਸ਼ਟਰਪਤੀ ਤੱਕ ਵੀ ਰਹੀ।

ਉਹ ਆਗੂ ਜਿਨ੍ਹਾਂ ਨੇ ਮੈਨੂੰ ਇਹ ਕਹਾਣੀ ਸੁਣਾਈ, ਖੁਦ ਕਈ ਸਰਕਾਰਾਂ ਦਾ ਹਿੱਸਾ ਰਹੇ ਪਰ ਉਹ ਕਰਾਚੀ 'ਅੰਡਰਵਰਲਡ' ਬਾਰੇ ਵੀ ਬਹੁਤ ਕੁਝ ਜਾਣਦੇ ਹਨ।

ਫਿਲਮ 'ਧੁਰੰਧਰ' ਵਿੱਚ, ਅਕਸ਼ੇ ਖੰਨਾ ਨੇ ਇਸੇ ਰਹਿਮਾਨ ਡਕੈਤ ਦੀ ਭੂਮਿਕਾ ਨਿਭਾਈ ਹੈ, ਜਿਸ ਦੀ ਇਸ ਸਮੇਂ ਹਰ ਪਾਸੇ ਚਰਚਾ ਹੋ ਰਹੀ ਹੈ।

18 ਜੂਨ, 2006 ਨੂੰ ਰਹਿਮਾਨ ਡਕੈਤ ਨੂੰ ਆਖਰੀ ਵਾਰ ਕੁਏਟਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਇਸ ਗ੍ਰਿਫਤਾਰੀ ਦਾ ਕਦੇ ਵੀ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ।

ਇਸ ਸਮੇਂ ਦੌਰਾਨ, ਰਹਿਮਾਨ ਬਲੋਚ (ਰਹਿਮਾਨ ਡਕੈਤ) ਨੇ ਖੁਦ ਜਾਂਚ ਅਧਿਕਾਰੀਆਂ ਸਾਹਮਣੇ ਇਹ ਕਬੂਲ ਕੀਤਾ ਕਿ ਉਹ ਆਪਣੀ ਮਾਂ ਦੇ ਕਤਲ ਸਮੇਤ 79 ਅਪਰਾਧਾਂ ਵਿੱਚ ਸ਼ਾਮਲ ਸੀ।

ਅਕਸ਼ੈ ਖੰਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਸ਼ੇ ਖੰਨਾ ਦੇ ਇਸ ਰੋਲ ਦੀ ਹਰ ਪਾਸੇ ਚਰਚਾ ਹੋ ਰਹੀ ਹੈ

ਬੀਬੀਸੀ ਨੂੰ ਰਹਿਮਾਨ ਬਲੋਚ ਬਾਰੇ ਮਿਲੀ ਜਾਂਚ ਰਿਪੋਰਟ ਇੱਕ ਬਹੁਤ ਹੀ ਖੂਫੀਆ ਸਰਕਾਰੀ ਦਸਤਾਵੇਜ਼ ਸੀ ਜੋ ਨਾ ਸਿਰਫ਼ ਉਸ ਦੇ ਅਪਰਾਧਾਂ ਦਾ ਪਰਦਾਫਾਸ਼ ਕਰਦੀ ਹੈ ਬਲਕਿ ਸਿਆਸਤ ਅਤੇ ਅਪਰਾਧ ਵਿਚਕਾਰ ਘਿਨਾਉਣੇ ਸਬੰਧਾਂ ਦਾ ਵੀ ਖੁਲਾਸਾ ਕਰਦੀ ਹੈ।

ਇਸ ਰਿਪੋਰਟ 'ਚ ਇਸ ਗੱਲ ਦਾ ਜ਼ਿਕਰ ਹੈ ਕਿ ਕਿਵੇਂ 13 ਸਾਲ ਦੀ ਉਮਰ ਵਿੱਚ ਅਪਰਾਧ ਸ਼ੁਰੂ ਕਰਨ ਵਾਲਾ ਰਹਿਮਾਨ ਬਲੋਚ "ਅੰਡਰਵਰਲਡ ਡੌਨ" ਬਣ ਗਿਆ। ਇਸ ਸਮੇਂ ਦੌਰਾਨ ਉਸ ਨੇ ਵੱਡੇ-ਵੱਡੇ ਸਿਆਸਤਦਾਨਾਂ, ਨਸਲੀ ਸਮੂਹਾਂ ਅਤੇ ਕਾਰੋਬਾਰੀਆਂ ਨਾਲ ਸਬੰਧ ਬਣਾਏ।

ਕਰਾਚੀ ਬੰਦਰਗਾਹ ਦੇ ਦੋਵੇਂ ਪਾਸੇ ਵੱਖ-ਵੱਖ ਦੁਨੀਆ ਵੱਸਦੀ ਹੈ। ਇੱਕ ਪਾਸੇ ਮੌਲਵੀ ਤਮੀਜ਼ੁਦੀਨ ਖਾਨ ਰੋਡ ਹੈ ਅਤੇ ਦੂਜੇ ਪਾਸੇ ਐਮਏ ਜਿਨਾਹ ਰੋਡ।

ਮੌਲਵੀ ਤਮੀਜ਼ੁਦੀਨ ਖਾਨ ਰੋਡ ਨੂੰ ਪਾਰ ਕਰ ਲਿਆ ਜਾਵੇ ਤਾਂ ਸ਼ਹਿਰ ਦੀ ਸਭ ਤੋਂ ਅਮੀਰ ਆਬਾਦੀ ਅਤੇ ਸਭ ਤੋਂ ਮਹਿੰਗੇ ਮਨੋਰੰਜਨ ਸਥਾਨ ਹਨ।

ਇਸ ਬੰਦਰਗਾਹ ਦੇ ਦੂਜੇ ਪਾਸੇ, ਐਮਏ ਜਿਨਾਹ ਰੋਡ ਦੇ ਪਿੱਛੇ ਸਥਿਤ ਹੈ ਲਯਾਰੀ, ਗਰੀਬੀ ਅਤੇ ਬੇਰੁਜ਼ਗਾਰੀ ਦੇ ਮਾਹੌਲ 'ਚ ਪੈਦਾ ਹੋਣ ਵਾਲੇ ਅਪਰਾਧ ਦਾ ਗੜ੍ਹ।

ਸ਼ਹਿਰ ਦੇ ਦੱਖਣ ਤੋਂ ਪੱਛਮ ਤੱਕ ਕਰਾਚੀ ਦੀਆਂ ਸਭ ਤੋਂ ਪੁਰਾਣੀਆਂ ਪਰ ਸਭ ਤੋਂ ਗਰੀਬ ਦਰਜਨਾਂ ਝੁੱਗੀਆਂ ਫੈਲੀਆਂ ਹੋਈਆਂ ਹਨ। ਇੱਥੇ ਅਪਰਾਧ ਦਾ ਇੱਕ ਵਿਸ਼ਾਲ ਸਾਮਰਾਜ ਪਣਪਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਇਸੇ ਲਯਾਰੀ ਤੋਂ ਹੀ ਜ਼ੁਲਫਿਕਾਰ ਅਲੀ ਭੁੱਟੋ ਅਤੇ ਉਨ੍ਹਾਂ ਦੀ ਧੀ ਬੇਨਜ਼ੀਰ ਭੁੱਟੋ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ, ਜਦਕਿ ਬਾਬੂ ਡਕੈਤ ਅਤੇ ਰਹਿਮਾਨ ਬਲੋਚ ਅਪਰਾਧ ਦੀ ਦੁਨੀਆ ਦੇ ਸਿਖਰ ਤੱਕ ਪਹੁੰਚੇ।

ਰਹਿਮਾਨ ਡਕੈਤ ਦਾ ਪਰਿਵਾਰ

ਰਹਿਮਾਨ ਡਕੈਤ

ਤਸਵੀਰ ਸਰੋਤ, Facebook

ਤਸਵੀਰ ਕੈਪਸ਼ਨ, 18 ਜੂਨ, 2006 ਨੂੰ ਰਹਿਮਾਨ ਡਕੈਤ ਨੂੰ ਆਖਰੀ ਵਾਰ ਕੁਏਟਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਇਸ ਗ੍ਰਿਫਤਾਰੀ ਦਾ ਕਦੇ ਵੀ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ

ਪਾਕਿਸਤਾਨ ਸਰਕਾਰ ਦੇ ਦਸਤਾਵੇਜ਼ਾਂ ਅਨੁਸਾਰ, ਅਬਦੁਲ ਰਹਿਮਾਨ (ਜਾਂ ਰਹਿਮਾਨ ਡਕੈਤ) ਦਾ ਜਨਮ 1976 ਵਿੱਚ ਦਾਦ ਮੁਹੰਮਦ ਉਰਫ਼ ਦਾਦਲ ਦੇ ਘਰ ਹੋਇਆ। ਰਹਿਮਾਨ ਦੀ ਮਾਂ ਦਾਦਲ ਦੇ ਦੂਜੀ ਪਤਨੀ ਸਨ।

ਰਹਿਮਾਨ ਦੇ ਇੱਕ ਫਰਸਟ ਕਜ਼ਨ ਨੇ ਮੈਨੂੰ ਦੱਸਿਆ ਕਿ ਰਹਿਮਾਨ ਦੇ ਪਿਤਾ ਦੇ ਚਾਰ ਭਰਾ ਸਨ: ਦਾਦ ਮੁਹੰਮਦ (ਦਾਦਲ), ਸ਼ੇਰ ਮੁਹੰਮਦ (ਸ਼ੇਰੂ), ਬੇਕ ਮੁਹੰਮਦ (ਬੇਕਲ), ਅਤੇ ਤਾਜ ਮੁਹੰਮਦ।

ਉਨ੍ਹਾਂ ਕਿਹਾ ਕਿ ਦਾਦਲ ਨੇ ਲਯਾਰੀ ਵਿੱਚ ਭਲਾਈ ਦੇ ਵੀ ਕਈ ਕੰਮ ਕੀਤੇ।

'ਬੱਚਿਆਂ ਲਈ ਇੱਕ ਲਾਇਬ੍ਰੇਰੀ, ਵੱਡਿਆਂ ਲਈ ਇੱਕ ਈਦਗਾਹ, ਮਹਿਲਾਵਾਂ ਲਈ ਇੱਕ ਸਿਲਾਈ-ਕਢਾਈ ਕੇਂਦਰ ਅਤੇ ਨੌਜਵਾਨਾਂ ਲਈ ਇੱਕ ਬਾਕਸਿੰਗ ਕਲੱਬ ਬਣਾਏ।'

ਪਰ ਜਾਂਚ ਦਸਤਾਵੇਜ਼ ਅਤੇ ਪੁਲਿਸ, ਫੌਜ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਇੱਕ ਵੱਖਰੀ ਹੀ ਕਹਾਣੀ ਦੱਸਦੇ ਹਨ।

ਰਹਿਮਾਨ ਡਕੈਤ

ਕਰਾਚੀ ਦੇ ਇੱਕ ਸਾਬਕਾ ਪੁਲਿਸ ਮੁਖੀ ਨੇ ਮੈਨੂੰ ਦੱਸਿਆ ਕਿ ਦਾਦਲ ਅਤੇ ਉਨ੍ਹਾਂ ਦੇ ਭਰਾ, ਸ਼ੇਰੂ ਦੋਵੇਂ ਹੀ ਡਰੱਗ ਦੇ ਧੰਦੇ ਨਾਲ ਜੁੜੇ ਰਹੇ। ਪੁਲਿਸ ਰਿਕਾਰਡਾਂ ਅਨੁਸਾਰ, ਸ਼ੇਰੂ ਹਿਸਟ੍ਰੀਸ਼ੀਟਰ ਵੀ ਸੀ।

ਪਰ ਸ਼ੇਰੂ ਦਾਦਲ ਗੈਂਗ ਲਿਆਰੀ ਵਿੱਚ ਨਸ਼ੀਲੇ ਡਰੱਗਜ਼ ਦੇ ਧੰਦੇ ਜਾਂ ਹੋਰ ਅਪਰਾਧਾਂ ਦਾ ਇਕੱਲਾ ਠੇਕੇਦਾਰ ਬਿਲਕੁਲ ਨਹੀਂ ਸੀ। ਇਕਬਾਲ, ਉਰਫ਼ ਬਾਬੂ ਡਕੈਤ ਦਾ ਗੈਂਗ ਵੀ ਨੇੜਲੇ ਮੁਹੱਲੇ ਕਲਰੀ ਵਿੱਚ ਡਰੱਗਜ਼ ਦੇ ਧੰਦੇ ਦਾ ਇੱਕ ਵੱਡਾ ਨੈੱਟਵਰਕ ਚਲਾਉਂਦਾ ਸੀ ਅਤੇ ਤੀਜੇ ਪਾਸੇ ਸੀ ਹਾਜੀ ਲਾਲੂ ਦਾ ਗੈਂਗ, ਜੋ ਜਹਾਂਬਾਦ, ਸ਼ੇਰਸ਼ਾਹ ਕਬਰਿਸਤਾਨ ਅਤੇ ਪੁਰਾਣਾ ਗੋਲੀਮਾਰ ਵਰਗੇ ਇਲਾਕਿਆਂ ਵਿੱਚ ਰੰਗਦਾਰੀ, ਡਰੱਗਜ਼ ਅਤੇ ਜਬਰੀ ਵਸੂਲੀ ਦਾ ਧੰਦਾ ਚਲਾਉਂਦਾ ਸੀ।

ਲਯਾਰੀ ਦੇ ਸਾਬਕਾ ਐਸਪੀ ਫਯਾਜ਼ ਖਾਨ ਦਾ ਕਹਿਣਾ ਸੀ, "ਇੱਕੋ ਕਾਰੋਬਾਰ ਵਿੱਚ ਸ਼ਾਮਲ ਉਨ੍ਹਾਂ ਬਹੁਤ ਸਾਰੇ ਗਿਰੋਹਾਂ ਵਿੱਚ ਦੁਸ਼ਮਣੀ ਵੀ ਸੀ ਅਤੇ ਇਲਾਕੇ ਦਾ ਵਿਵਾਦ ਵੀ ਸੀ। ਇਨ੍ਹਾਂ ਗਿਰੋਹਾਂ ਵਿਚਕਾਰ ਟਕਰਾਅ ਕਈ ਵਾਰ ਖੂਨੀ ਝੜਪਾਂ ਵਿੱਚ ਬਦਲ ਜਾਂਦੇ ਸਨ। ਅਜਿਹੀ ਹੀ ਇੱਕ ਝੜਪ ਵਿੱਚ ਰਹਿਮਾਨ ਬਲੋਚ ਦਾ ਚਾਚਾ ਤਾਜ ਮੁਹੰਮਦ ਵਿਰੋਧੀ ਗਿਰੋਹ ਬਾਬੂ ਡਕੈਤ ਦੇ ਹੱਥੋਂ ਮਾਰਿਆ ਗਿਆ ਸੀ।"

ਰਹਿਮਾਨ ਦੀ ਕਹਾਣੀ ਸੁਣਾਉਣ ਵਾਲੇ ਆਗੂ ਨੇ ਦੱਸਿਆ, "ਉਸ ਵੇਲੇ ਰਹਿਮਾਨ ਦੀ ਦੋਸਤੀ ਦੋ ਭਰਾਵਾਂ, ਰਉਫ ਨਾਜ਼ਿਮ ਅਤੇ ਆਰਿਫ ਨਾਲ ਹੋਈ, ਜਿਨ੍ਹਾਂ ਦੇ ਪਿਤਾ, ਹਸਨ ਉਰਫ ਹਸਨੂਕ ਵੀ ਡਰੱਗਜ਼ ਦੇ ਧੰਦੇ ਵਿੱਚ ਸਨ। ਡਰੱਗਜ਼ ਅਤੇ ਅਪਰਾਧ ਨਾਲ ਜੁੜੇ ਪਿਛੋਕੜ ਵਾਲੇ ਇਨ੍ਹਾਂ ਨੌਜਵਾਨਾਂ ਦੀ ਦੋਸਤੀ ਹੌਲੀ-ਹੌਲੀ ਇੱਕ ਅਪਰਾਧਿਕ ਗਿਰੋਹ ਵਿੱਚ ਢਲ ਗਈ, ਜਿਸ ਦਾ ਸਰਗਨਾ ਸੀ ਆਰਿਫ ਨਾਜ਼ਿਮ। ਰਹਿਮਾਨ ਤਾਂ ਬਾਅਦ ਵਿੱਚ ਸਰਗਨਾ ਬਣਿਆ, ਪਰ ਮੂਲ ਰੂਪ 'ਚ ਆਰਿਫ ਦਾ ਗੈਂਗ ਸੀ।"

ਡਰੱਗਜ਼ ਦੇ ਧੰਦੇ ਨਾਲ ਹੋਈ ਸੀ ਸ਼ੁਰੂਆਤ

ਅਪਰਾਧ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 13 ਸਾਲ ਦੀ ਉਮਰ ਵਿੱਚ ਰਹਿਮਾਨ ਨੇ ਮੁਹੰਮਦ ਬਖ਼ਸ਼ ਨਾਮ ਦੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਇਹ ਅਪਰਾਧ ਦੀ ਦੁਨੀਆਂ ਵੱਲ ਉਸ ਦਾ ਪਹਿਲਾ ਕਦਮ ਸੀ (ਸੰਕੇਤਕ ਤਸਵੀਰ)

ਕਰਾਚੀ ਪੁਲਿਸ ਦੇ ਰਿਕਾਰਡ ਅਨੁਸਾਰ, 13 ਸਾਲ ਦੀ ਉਮਰ ਵਿੱਚ ਰਹਿਮਾਨ ਨੇ 6 ਨਵੰਬਰ 1989 ਨੂੰ ਕਲਾਕੋਟ ਦੇ ਹਾਜੀ ਪਿਕਚਰ ਰੋਡ 'ਤੇ ਸਥਿਤ ਗੁਲਾਮ ਹੁਸੈਨ ਦੀ ਦੁਕਾਨ ਦੇ ਨੇੜੇ ਪਟਾਕੇ ਚਲਾਉਣ ਤੋਂ ਇਨਕਾਰ ਕਰਨ 'ਤੇ ਮੁਹੰਮਦ ਬਖ਼ਸ਼ ਨਾਮ ਦੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਸੀ।

ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਰਹਿਮਾਨ ਦਾ ਅਪਰਾਧ ਦੀ ਦੁਨੀਆ ਵੱਲ ਪਹਿਲਾ ਕਦਮ ਸੀ।

ਪੁਲਿਸ ਦੇ ਅਨੁਸਾਰ, 1992 ਵਿੱਚ ਡਰੱਗਜ਼ ਦੇ ਧੰਦੇ 'ਚ ਰਹਿਮਾਨ ਦਾ ਝਗੜਾ ਨਦੀਮ ਅਮੀਨ ਅਤੇ ਉਸ ਦੇ ਸਾਥੀ ਨੰਨੂ ਨਾਲ ਹੋਇਆ ਸੀ। ਉਹ ਦੋਵੇਂ ਡਰੱਗ ਸਪਲਾਇਰ ਸਨ।

ਪੁਲਿਸ ਰਿਕਾਰਡ ਦੇ ਅਨੁਸਾਰ, ਨਦੀਮ ਅਮੀਨ ਇੱਕ ਹਿਸਟ੍ਰੀਸ਼ੀਟਰ ਵੀ ਅਤੇ ਉਸ ਦੇ ਖਿਲਾਫ ਲਗਭਗ 30 ਮਾਮਲੇ ਦਰਜ ਸਨ। ਰਹਿਮਾਨ ਅਤੇ ਆਰਿਫ ਨੇ ਨਦੀਮ ਅਤੇ ਨੰਨੂ ਦੋਵਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਰਹਿਮਾਨ ਹੱਥੋਂ ਕਤਲ ਦੀ ਪਹਿਲੀ ਵਰਦਾਤ ਸੀ।

ਰਹਿਮਾਨ ਦੇ ਕਜ਼ਨ ਨੇ ਮੈਨੂੰ ਦੱਸਿਆ ਕਿ 1988 ਵਿੱਚ ਰਾਸ਼ਿਦ ਮਿਨਹਾਸ ਰੋਡ ਨਾਲ ਲੱਗਦੇ ਇਲਾਕੇ ਡਾਲਮੀਆ ਵਿੱਚ ਜ਼ਮੀਨੀ ਵਿਵਾਦ ਕਾਰਨ ਰਹਿਮਾਨ ਦੇ ਚਚੇਰੇ ਭਰਾ ਫਤਿਹ ਮੁਹੰਮਦ ਬਲੋਚ ਦਾ ਕਤਲ ਹੋਇਆ ਸੀ। ਇਸ ਦਾ ਇਲਜ਼ਾਮ ਲੱਗਿਆ ਲਯਾਰੀ ਦੇ ਸੰਗੌ ਲੇਨ ਦੇ ਸੁਲੇਮਾਨ ਬਿਰੋਹੀ ਦੇ ਪੁੱਤਰ ਗਫੂਰ 'ਤੇ।

ਕੁਝ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਸੁਲੇਮਾਨ ਬਿਰੋਹੀ ਦੇ ਸਿੰਧ ਦੇ ਸਾਬਕਾ ਮੁੱਖ ਮੰਤਰੀ ਜਾਮ ਸਾਦਿਕ ਨਾਲ ਵਪਾਰਕ ਸਬੰਧ ਸਨ, ਪਰ ਰਹਿਮਾਨ ਨੇ 1998 ਵਿੱਚ ਬਿਰੋਹੀ ਨੂੰ ਨਾਰਥ ਨਾਜ਼ਿਮਾਬਾਦ ਵਿੱਚ ਡੀਸੀ ਸੈਂਟਰਲ ਆਫਿਸ ਦੇ ਨੇੜੇ ਮਾਰ ਦਿੱਤਾ।

ਇਸ ਕਤਲ ਨੇ ਰਹਿਮਾਨ ਨੂੰ ਲਯਾਰੀ ਦੇ ਅਪਰਾਧਿਕ ਸੰਸਾਰ ਵਿੱਚ ਦਬਦਬਾ ਸਥਾਪਤ ਕਰਨ ਦੀ ਰਾਹ 'ਤੇ ਪਾ ਦਿੱਤਾ।

ਹਾਜੀ ਲਾਲੂ ਡੌਨ ਤੋਂ ਮਿਲੀ ਸੁਰੱਖਿਆ

ਗੈਂਗਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਬੂ ਡਕੈਤ ਦੇ ਹੱਥੋਂ ਰਹਿਮਾਨ ਦੇ ਚਾਚੇ, ਤਾਜ ਮੁਹੰਮਦ ਦਾ ਕਤਲ ਹੋਇਆ ਤਾਂ ਲਾਲੂ ਨੇ ਰਹਿਮਾਨ ਨੂੰ ਆਪਣੀ ਸੁਰੱਖਿਆ ਹੇਠ ਲੈ ਲਿਆ (ਸੰਕੇਤਕ ਤਸਵੀਰ)

ਰਹਿਮਾਨ ਦੇ ਕਜ਼ਨ ਨੇ ਦੱਸਿਆ ਕਿ ਇਸ ਬਦਲੇ ਦੇ ਲਈ ਲਾਲੂ ਦੇ ਪਰਿਵਾਰ ਨੇ ਰਹਿਮਾਨ ਦੇ ਪਰਿਵਾਰ ਦੀ ਜ਼ਬਰਦਸਤ ਸਹਾਇਤਾ ਕੀਤੀ। ਮੇਰੀ ਪੜਤਾਲ ਦੇ ਅਨੁਸਾਰ, ਜਦੋਂ ਬਾਬੂ ਡਕੈਤ ਦੇ ਹੱਥੋਂ ਰਹਿਮਾਨ ਦੇ ਚਾਚੇ, ਤਾਜ ਮੁਹੰਮਦ ਦਾ ਕਤਲ ਹੋਇਆ ਤਾਂ ਲਾਲੂ ਨੇ ਰਹਿਮਾਨ ਨੂੰ ਆਪਣੀ ਸੁਰੱਖਿਆ ਹੇਠ ਲੈ ਲਿਆ।

ਹਾਜੀ ਲਾਲੂ ਇੱਕ ਅੰਡਰਵਰਲਡ ਡੌਨ ਸੀ। ਲਯਾਰੀ ਅਤੇ ਟ੍ਰਾਂਸ ਲਯਾਰੀ ਵਿੱਚ ਕੋਈ ਵੀ ਅਤੇ ਕਿਸੇ ਵੀ ਤਰ੍ਹਾਂ ਦਾ ਅਪਰਾਧ ਹੋਵੇ, ਲਾਲੂ ਦੇ ਪ੍ਰਭਾਵ ਤੋਂ ਬਿਨ੍ਹਾਂ ਨਹੀਂ ਹੋ ਸਕਦਾ ਸੀ। ਰਹਿਮਾਨ ਜੋ ਕੁਝ ਵੀ ਬਣਿਆ, ਉਸ 'ਚ ਲਾਲੂ ਦੀ ਸਰਪ੍ਰਸਤੀ ਦਾ ਬਹੁਤ ਵੱਡਾ ਹੱਥ ਸੀ।

ਉਨ੍ਹਾਂ ਅਨੁਸਾਰ, "ਲਾਲੂ ਨੇ ਰਹਿਮਾਨ ਦੀ ਰੱਖਿਆ ਇਸ ਲਈ ਕੀਤੀ ਕਿਉਂਕਿ ਬਾਬੂ ਡਕੈਤ ਧੰਦੇ ਵਿੱਚ ਲਾਲੂ ਦਾ ਦੁਸ਼ਮਣ ਸੀ, ਅਤੇ ਲਾਲੂ ਨੂੰ ਬਾਬੂ ਨਾਲ ਨਜਿੱਠਣ ਲਈ ਨੌਜਵਾਨ ਅਤੇ ਦਲੇਰ ਸਾਥੀਆਂ ਦੀ ਲੋੜ ਸੀ।"

ਜਦੋਂ ਰਹਿਮਾਨ ਦੇ ਨੌਜਵਾਨ ਗੈਂਗ ਦੇ ਅਪਰਾਧ ਵਧਣ ਲੱਗੇ, ਤਾਂ ਪੁਲਿਸ ਨੇ ਵਧਦੇ ਦਬਾਅ ਹੇਠ ਆ ਕੇ ਗੈਂਗ ਨੂੰ ਖਤਮ ਕਰਨ ਦੀ ਯੋਜਨਾ ਬਣਾਈ।

ਪੁਲਿਸ ਰਿਕਾਰਡ ਅਨੁਸਾਰ, 18 ਫਰਵਰੀ, 1995 ਨੂੰ ਜਦੋਂ ਆਰਿਫ ਅਤੇ ਰਹਿਮਾਨ ਆਪਣੇ ਸਾਥੀਆਂ ਨਾਲ ਉਸਮਾਨਾਬਾਦ ਮਿਲਜ਼ ਇਲਾਕੇ ਵਿੱਚ ਪਾਕ ਪਾਈਪ ਮਿਲਜ਼ ਦੀ ਖਾਲੀ ਇਮਾਰਤ ਵਿੱਚ ਮੌਜੂਦ ਸਨ, ਤਾਂ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਆਰਿਫ ਤਾਂ ਪੁਲਿਸ ਦੀਆਂ ਗੋਲੀਆਂ ਨਾਲ ਮਾਰਿਆ ਗਿਆ, ਪਰ ਰਹਿਮਾਨ ਕੰਧ ਟੱਪ ਕੇ ਬਚ ਨਿਕਲਿਆ। ਸਰਕਾਰੀ ਰਿਪੋਰਟ ਵਿੱਚ ਰਹਿਮਾਨ ਨੇ ਵੀ ਘਟਨਾ ਦਾ ਇਕਬਾਲ ਕੀਤਾ ਹੈ।

ਆਪਣੀ ਮਾਂ ਦਾ ਵੀ ਕਤਲ ਕੀਤਾ

ਚੌਧਰੀ ਅਸਲਮ

ਤਸਵੀਰ ਸਰੋਤ, SMVP

ਤਸਵੀਰ ਕੈਪਸ਼ਨ, 'ਧੁਰੰਧਰ' ਫਿਲਮ ਵਿੱਚ ਚੌਧਰੀ ਅਸਲਮ ਦਾ ਕਿਰਦਾਰ ਸੰਜੇ ਦੱਤ ਨੇ ਨਿਭਾਇਆ ਹੈ

ਇਸ ਘਟਨਾ ਤੋਂ ਕੁਝ ਮਹੀਨਿਆਂ ਬਾਅਦ ਰਹਿਮਾਨ ਨੇ 18 ਮਈ 1995 ਨੂੰ ਥਾਣਾ ਕਲਾਕੋਟ ਦੀ ਸੀਮਾ ਅੰਦਰ ਆਪਣੀ ਮਾਂ ਖਦੀਜਾ ਬੀਬੀ ਦਾ ਵੀ ਕਤਲ ਕਰ ਦਿੱਤਾ।

ਰਹਿਮਾਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ 'ਆਪਣੀ ਮਾਂ ਨੂੰ ਆਪਣੇ ਹੀ ਘਰ ਵਿੱਚ ਗੋਲੀ ਮਾਰ ਦਿੱਤੀ।'

ਪੁਲਿਸ ਦੇ ਅਨੁਸਾਰ, ਉਸ ਨੂੰ ਸ਼ੱਕ ਸੀ ਕਿ ਉਸ ਦੀ ਮਾਂ ਪੁਲਿਸ ਮੁਖਬਰ ਬਣ ਗਈ ਹੈ।

ਇਸ ਰਿਪੋਰਟ ਦੇ ਉਲਟ, ਮੇਰੇ ਸੂਤਰਾਂ ਦਾ ਕਹਿਣਾ ਹੈ ਕਿ ਕਤਲ ਦਾ ਉਦੇਸ਼ ਅਸਲ 'ਚ ਰਹਿਮਾਨ ਦਾ 'ਆਪਣੀ ਮਾਂ ਦੇ ਚਰਿੱਤਰ 'ਤੇ ਸ਼ੱਕ' ਸੀ ਅਤੇ ਉਸ ਨੇ ਆਪਣੀ ਮਾਨ ਦਾ ਕਤਲ 'ਦੁਸ਼ਮਣ ਗਿਰੋਹ ਦੇ ਕਿਸੇ ਮੈਂਬਰ ਨਾਲ ਸਬੰਧਾਂ' ਕਾਰਨ ਕੀਤਾ ਸੀ।

ਸਰਕਾਰੀ ਰਿਕਾਰਡਾਂ ਅਨੁਸਾਰ, 1995 ਵਿੱਚ ਅਰਧ ਸੈਨਿਕ ਬਲਾਂ ਨੇ ਰਹਿਮਾਨ ਨੂੰ ਗੈਰ-ਕਾਨੂੰਨੀ ਹਥਿਆਰ ਅਤੇ ਡਰੱਗਜ਼ ਰੱਖਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਸੀ। ਇਸ ਮਾਮਲੇ 'ਚ ਰਹਿਮਾਨ ਢਾਈ ਸਾਲ ਜੇਲ੍ਹ ਵਿੱਚ ਰਿਹਾ।

ਸਰਕਾਰੀ ਰਿਪੋਰਟ ਦੇ ਅਨੁਸਾਰ, 10 ਜੂਨ 1997 ਨੂੰ ਰਹਿਮਾਨ ਬਲੋਚ ਨੂੰ ਕਰਾਚੀ ਸੈਂਟਰਲ ਜੇਲ੍ਹ ਤੋਂ ਲਯਾਰੀ ਨੇੜੇ ਸਿਟੀ ਕੋਰਟ ਲਿਆਂਦਾ ਗਿਆ, ਜਿੱਥੋਂ ਉਹ ਫਰਾਰ ਹੋ ਗਿਆ ਅਤੇ ਬਲੋਚਿਸਤਾਨ ਦੇ ਇਲਾਕੇ ਹੱਬ 'ਚ ਪਹੁੰਚ ਗਿਆ।

ਪਾਕਿਸਤਾਨੀ ਸਰਕਾਰੀ ਦਸਤਾਵੇਜ਼ਾਂ ਅਨੁਸਾਰ, ਰਹਿਮਾਨ ਨੇ ਵੱਖ-ਵੱਖ ਸਮੇਂ 'ਤੇ ਫਰਜ਼ਾਨਾ, ਸ਼ਹਿਨਾਜ਼ ਅਤੇ ਸਾਇਰਾ ਬਾਨੋ ਨਾਮ ਦੀਆਂ ਤਿੰਨ ਮਹਿਲਾਵਾਂ ਨਾਲ ਵਿਆਹ ਕਰਵਾਏ।

ਇਨ੍ਹਾਂ ਤਿੰਨ ਪਤਨੀਆਂ ਨਾਲ ਉਸ ਦੇ 13 ਬੱਚੇ ਹੋਏ।

ਸਾਲ 2006 ਤੱਕ ਰਹਿਮਾਨ ਕਰਾਚੀ ਅਤੇ ਬਲੋਚਿਸਤਾਨ ਦੇ ਵੱਖ-ਵੱਖ ਇਲਾਕੀਜਨ ਵਿੱਚ 34 ਦੁਕਾਨਾਂ, 33 ਘਰ, 12 ਪਲਾਟ ਅਤੇ 150 ਏਕੜ ਖੇਤੀਬਾੜੀ ਦੀ ਜ਼ਮੀਨ ਦਾ ਮਾਲਕ ਬਣ ਚੁੱਕਾ ਸੀ।

ਉਸ ਨੇ ਈਰਾਨ ਵਿੱਚ ਵੀ ਕੁਝ ਜਾਇਦਾਦ ਖਰੀਦੀ ਸੀ। ਹਾਲਾਂਕਿ, ਬਹੁਤ ਸਾਰੇ ਅਧਿਕਾਰੀ ਦਾਅਵਾ ਕਰਦੇ ਹਨ ਕਿ 2006 ਤੋਂ ਬਾਅਦ ਦੀ ਉਸ ਦੀ ਜਾਇਦਾਦ ਇਸ ਤੋਂ ਕਿਤੇ ਜ਼ਿਆਦਾ ਹੈ।

ਰਹਿਮਾਨ ਦੇ ਸਿਆਸੀ ਗਲਿਆਰਿਆਂ ਅਤੇ ਬਲੋਚਿਸਤਾਨ ਦੇ ਸਿਆਈ ਅਤੇ ਨਸਲੀ ਸੰਗਠਨਾਂ ਨਾਲ ਸਬੰਧ ਵੀ ਵਧੇ।

ਲਯਾਰੀ ਗੈਂਗਵਾਰ ਦੀ ਕਹਾਣੀ

ਲਯਾਰੀ ਗੈਂਗਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਯਾਰੀ ਗੈਂਗਵਾਰ (ਸੰਕੇਤਕ ਤਸਵੀਰ)

ਰਹਿਮਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ ਪੁਲਿਸ ਦੀ "ਇਜਾਜ਼ਤ" ਨਾਲ ਹੁੱਬ ਵਿੱਚ ਇੱਕ ਜੂਏ ਦਾ ਅੱਡਾ ਵੀ ਖੋਲ੍ਹਿਆ ਸੀ ਅਤੇ ਅਫੀਮ (ਜਿਸ ਨੂੰ ਲਯਾਰੀ ਦੇ ਲੋਕ "ਵਿਸ਼ਹਰ" ਕਹਿੰਦੇ ਹਨ) ਅਤੇ ਚਰਸ ਵਰਗੇ ਡਰੱਗਜ਼ ਦਾ ਧੰਦਾ ਵੀ 'ਉੱਪਰ ਵਾਲਿਆਂ' ਦੀ ਪੂਰੀ ਮਦਦ ਅਤੇ ਇਜਾਜ਼ਤ ਨਾਲ ਚਲਦਾ ਰਿਹਾ।

ਲਯਾਰੀ ਦੇ ਸਾਬਕਾ ਪੁਲਿਸ ਸੁਪਰਿਟੇਂਡੈਂਟ ਫੈਯਾਜ਼ ਖਾਨ ਨੇ ਦੱਸਿਆ ਕਿ ਉਸ ਸਮੇਂ ਦੌਰਾਨ, ਰਹਿਮਾਨ, ਹਾਜੀ ਲਾਲੂ ਅਤੇ ਉਸਦੇ ਪੁੱਤਰਾਂ ਨੇ ਮਿਲ ਕੇ ਡਰੱਗਜ਼ ਅਤੇ ਅਪਰਾਧ ਦੇ ਧੰਦੇ ਨੂੰ ਸਿਖਰ 'ਤੇ ਪਹੁੰਚਾ ਦਿੱਤਾ।

ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਸ ਦੌਰਾਨ ਰਹਿਮਾਨ ਨੂੰ ਅੰਦਾਜ਼ਾ ਹੋਣ ਲੱਗਾ ਕਿ ਉਹ ਲਾਲੂ ਦੇ ਪ੍ਰਭਾਵ ਹੇਠ ਰਹਿੰਦਿਆਂ ਅਪਰਾਧ ਦੀ ਦੁਨੀਆ ਵਿੱਚ ਆਪਣੇ ਲਈ ਇੱਕ ਵੱਖਰਾ ਸਥਾਨ ਨਹੀਂ ਬਣਾ ਸਕਦਾ, ਅਤੇ ਇੱਕ ਦਿਨ ਆਖਿਰਕਾਰ ਉਸ ਦੀ ਲਾਲੂ ਅਤੇ ਉਸ ਦੇ ਪੁੱਤਰਾਂ ਨਾਲ ਖਟਪਟ ਹੋ ਗਈ।

ਇਹ ਖਟਪਟ ਜਲਦ ਹੀ ਇੱਕ 'ਖੂਨੀ ਜੰਗ' ਵਿੱਚ ਬਦਲ ਗਈ, ਜਿਸਦੀ ਸ਼ੁਰੂਆਤ ਰਹਿਮਾਨ ਬਲੋਚ ਦੇ ਖਾਸ ਆਦਮੀ ਮਾਮਾ ਫੈਜ਼ ਮੁਹੰਮਦ ਉਰਫ਼ ਫੈਜ਼ੂ ਦੇ ਅਗਵਾ ਅਤੇ ਕਤਲ ਨਾਲ ਹੋਈ।

ਫੈਜ਼ ਮੁਹੰਮਦ ਰਹਿਮਾਨ ਦਾ ਰਿਸ਼ਤੇਦਾਰ ਵੀ ਸੀ ਅਤੇ ਅਜ਼ੀਜ਼ ਬਲੋਚ ਦਾ ਪਿਤਾ ਸੀ। ਉਹੀ ਅਜ਼ੀਜ਼ ਬਲੋਚ ਜੋ ਰਹਿਮਾਨ ਤੋਂ ਬਾਅਦ ਲਯਾਰੀ ਅੰਡਰਵਰਲਡ ਦਾ ਡੌਨ ਬਣਿਆ।

ਫੈਜ਼ੂ ਦੇ ਇਸ ਕਤਲ ਨਾਲ ਇੱਕ ਅਜਿਹੀ ਜੰਗ ਦੀ ਸ਼ੁਰੂਆਤ ਹੋਈ ਜਿਸ ਨੂੰ "ਲਯਾਰੀ ਗੈਂਗਵਾਰ" ਵਜੋਂ ਜਾਣਿਆ ਜਾਂਦਾ ਹੈ।

ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਰਹਿਮਾਨ ਅਤੇ ਪੱਪੂ ਵਿਚਕਾਰ ਲਯਾਰੀ ਗੈਂਗਵਾਰ 'ਚ ਇੰਨੇ ਕਤਲ ਅਤੇ ਹਿੰਸਾ ਹੋਈ ਕਿ ਇਸ ਨੇ ਇਸ ਖੇਤਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਵਿੱਚ ਲੈ ਆਉਂਦਾ।

ਖੋਜਕਰਤਾ ਅਤੇ ਪੱਤਰਕਾਰ ਅਜ਼ੀਜ਼ ਸੰਗਹੂਰ ਦਾ ਸਬੰਧ ਵੀ ਲਯਾਰੀ ਤੋਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਕਈ ਸਾਲਾਂ ਤੱਕ ਚੱਲੀ ਲਯਾਰੀ ਗੈਂਗ ਵਾਰ ਵਿੱਚ ਸਾਰੇ ਗੈਂਗਾਂ ਨਾਲ ਸਬੰਧਤ ਲਗਭਗ 3,500 ਲੋਕ ਮਾਰੇ ਗਏ ਸਨ।

ਰਹਿਮਾਨ ਦੇ ਖੌਫ਼ ਨੂੰ ਰੋਕਣ ਦੀਆਂ ਕੋਸ਼ਿਸ਼ਾਂ

ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਕਾਰੀ ਰਿਕਾਰਡਾਂ ਅਨੁਸਾਰ, 1995 ਵਿੱਚ ਅਰਧ ਸੈਨਿਕ ਬਲਾਂ ਨੇ ਰਹਿਮਾਨ ਨੂੰ ਗੈਰ-ਕਾਨੂੰਨੀ ਹਥਿਆਰ ਅਤੇ ਡਰੱਗਜ਼ ਰੱਖਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਸੀ। ਇਸ ਮਾਮਲੇ 'ਚ ਰਹਿਮਾਨ ਢਾਈ ਸਾਲ ਜੇਲ੍ਹ ਵਿੱਚ ਰਿਹਾ (ਸੰਕੇਤਕ ਤਸਵੀਰ)

ਜਦੋਂ ਲਯਾਰੀ ਗੈਂਗ ਵਾਰ ਨੇ ਹਜ਼ਾਰਾਂ ਜਾਨਾਂ ਲਈਆਂ, ਤਾਂ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਨੇ ਕਤਲੇਆਮ ਅਤੇ ਹਿੰਸਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।

ਕਈ ਸਥਾਨਕ ਆਗੂਆਂ ਨੇ ਲਯਾਰੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਅਤੇ ਪੀਪਲਜ਼ ਪਾਰਟੀ ਦੇ ਮੁਖੀ ਆਸਿਫ਼ ਜ਼ਰਦਾਰੀ ਨਾਲ ਮੁਲਾਕਾਤ ਕੀਤੀ।

ਜ਼ਰਦਾਰੀ ਦੇ ਇੱਕ ਜਾਣਕਾਰ ਨੇ ਕਿਹਾ ਕਿ ਉਹ ਲਾਲੂ ਨਾਲ ਗੱਲ ਕਰ ਸਕਦੇ ਹਨ ਕਿ ਉਨ੍ਹਾਂ ਵੱਲੋਂ ਰਹਿਮਾਨ ਖ਼ਿਲਾਫ਼ ਕਾਰਵਾਈ ਜਾਂ ਹਮਲਾ ਨਹੀਂ ਹੋਵੇਗਾ ਪਰ ਰਹਿਮਾਨ ਦੀ ਗਰੰਟੀ ਕੌਣ ਲਵੇਗਾ?

ਇਸ ਸਥਿਤੀ ਵਿੱਚ ਸਾਰਿਆਂ ਨੇ ਬਲੋਚ ਏਕਤਾ ਅੰਦੋਲਨ ਦੇ ਆਗੂ ਅਨਵਰ ਭਾਈਜਾਨ ਨੂੰ ਬੇਨਤੀ ਕੀਤੀ ਕਿ ਉਹ ਵਿਚੋਲੇ ਵਜੋਂ ਦੋਵਾਂ ਗੈਂਗਾਂ ਵਿਚਕਾਰ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨ।

ਅਨਵਰ ਭਾਈਜਾਨ ਲਾਲੂ ਦੇ ਪੁੱਤਰ ਪੱਪੂ ਦੀ ਪਤਨੀ ਦਾ ਮਾਮਾ ਸੀ। ਲਯਾਰੀ ਵਿੱਚ ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ, ਪਰ ਅਜੇ ਇਹ ਸਭ ਤੈਅ ਹੋ ਹੀ ਰਿਹਾ ਸੀ ਕਿ ਰਹਿਮਾਨ ਨੇ ਅਨਵਰ ਭਾਈਜਾਨ ਨੂੰ ਮਾਰ ਦਿੱਤਾ।

ਰਹਿਮਾਨ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸ ਨੇ 8 ਜਨਵਰੀ 2005 ਨੂੰ ਅਨਵਰ ਭਾਈਜਾਨ ਦਾ ਉਸ ਵੇਲੇ ਕਤਲ ਕਰ ਦਿੱਤਾ, ਜਦੋਂ ਉਹ ਇੱਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਮੇਵਾ ਸ਼ਾਹ ਰੋਡ ਤੋਂ ਲੰਘ ਰਹੇ ਸਨ। ਪੁੱਛਗਿੱਛ ਦੌਰਾਨ, ਰਹਿਮਾਨ ਨੇ ਦੱਸਿਆ ਕਿ ਪੱਪੂ ਨਾਲ ਰਿਸ਼ਤੇਦਾਰੀ ਕਾਰਨ, 'ਅਨਵਰ ਭਾਈਜਾਨ ਲਾਲੂ ਗੈਂਗ ਵੱਲ ਝੁਕਾਅ ਰੱਖਦੇ ਸਨ ਅਤੇ ਉਨ੍ਹਾਂ ਦੀ ਵਿਚੋਲਗੀ ਨਿਰਪੱਖ ਨਹੀਂ ਸੀ।'

ਇਸ ਕਤਲਕਾਂਡ ਨਾਲ ਵਿਚੋਲਗੀ ਦੀਆਂ ਕੋਸ਼ਿਸ਼ਾਂ ਤੁਰੰਤ ਰੁਕ ਗਈਆਂ। ਫਿਰ ਆਸਿਫ਼ ਜ਼ਰਦਾਰੀ ਵੀ ਇਹ ਕਹਿ ਕੇ ਕਿਨਾਰੇ ਹੋ ਗਏ ਕਿ ਰਹਿਮਾਨ ਨੇ ਤਾਂ ਵਿਚੋਲੇ ਨੂੰ ਮਾਰ ਦਿੱਤਾ।

ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਰਹਿਮਾਨ ਨੇ ਸ਼ਹਿਰ ਦੇ ਕਈ ਮਹੱਤਵਪੂਰਨ ਵਪਾਰਕ ਖੇਤਰਾਂ ਅਤੇ ਰਸਤਿਆਂ ਨੂੰ 'ਭੱਤੇ' ਦਾ ਜ਼ਰੀਆ ਬਣਾ ਲਿਆ।

ਉਦਾਹਰਣ ਵਜੋਂ, ਕਰਾਚੀ ਦੀ ਬੰਦਰਗਾਹ ਤੋਂ ਨਿਕਲਣ ਵਾਲਾ ਅਤੇ ਕੇਮਾੜੀ ਵਿੱਚੋਂ ਲੰਘਣ ਵਾਲਾ ਹਰ ਕੰਟੇਨਰ ਰਹਿਮਾਨ ਦੇ ਨੈੱਟਵਰਕ ਨੂੰ 'ਭੱਤਾ' (ਰੰਗਦਾਰੀ) ਦਿੱਤੇ ਬਿਨ੍ਹਾਂ ਨਹੀਂ ਲੰਘ ਸਕਦਾ ਸੀ।

ਆਮਦਨ ਦਾ ਇੱਕ ਜ਼ਰੀਆ ਹੋਰ ਵੀ ਸੀ, ਉਹ ਸੀ ਗੁਟਖਾ। ਰਹਿਮਾਨ ਗੈਂਗ ਨੇ ਲਯਾਰੀ ਵਿੱਚ ਗੈਰ-ਕਾਨੂੰਨੀ ਗੁਟਖਾ ਬਣਾਉਣ ਵਾਲੀਆਂ ਫੈਕਟਰੀਆਂ ਖੁਲ੍ਹਵਾ ਦਿੱਤੀਆਂ। ਇਸ ਤੋਂ ਬਾਅਦ ਵਿੱਚ, ਗੁਟਖਾ ਡਰੱਗਜ਼ ਨਾਲੋਂ ਵੀ ਜ਼ਿਆਦਾ ਲਾਭ ਵਾਲਾ ਕਾਰੋਬਾਰ ਬਣ ਗਿਆ।

ਰਹਿਮਾਨ ਦਾ ਰੌਬਿਨ ਹੁੱਡ ਵਾਲਾ ਅਕਸ

'ਧੁਰੰਧਰ' ਵਿੱਚ ਅਕਸ਼ੈ ਖੰਨਾ

ਤਸਵੀਰ ਸਰੋਤ, JIO/YT/TRAILER GRAB

ਤਸਵੀਰ ਕੈਪਸ਼ਨ, 'ਧੁਰੰਧਰ' ਵਿੱਚ ਅਕਸ਼ੇ ਖੰਨਾ ਵੱਲੋਂ ਨਿਭਾਏ ਗਏ ਰਹਿਮਾਨ ਡਕੈਤ ਦੇ ਕਿਰਦਾਰ ਦੀ ਇੱਕ ਝਲਕੀ

ਕਈ ਸਿਆਸੀ ਅਤੇ ਸਰਕਾਰੀ ਹਸਤੀਆਂ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਮਜ਼ਬੂਤ ਹੁੰਦਾ ਰਹਿਮਾਨ, ਉਸ ਸਮੇਂ ਤੱਕ ਲਯਾਰੀ ਦਾ ਬਿਨ੍ਹਾਂ ਤਾਜ ਵਾਲਾ ਰਾਜਾ ਬਣ ਗਿਆ ਸੀ।

2002 ਤੱਕ ਲਯਾਰੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿਮਾਨ ਦਾ ਪ੍ਰਭਾਵ ਇੰਨਾ ਵੱਧ ਗਿਆ ਸੀ ਕਿ ਉਹੀ ਇਹ ਫੈਸਲਾ ਕਰਦਾ ਸੀ ਕਿ ਉਨ੍ਹਾਂ ਇਲਾਕਿਆਂ ਵਿੱਚੋਂ ਕੌਣ ਰਾਜ ਜਾਂ ਰਾਸ਼ਟਰੀ ਅਸੈਂਬਲੀ ਦਾ ਮੈਂਬਰ ਬਣੇਗਾ, ਅਤੇ ਕੌਣ ਟਾਊਨ ਮੈਨੇਜਰ ਬਣੇਗਾ।

ਅਤੇ ਹੁਣ ਉਹ ਪੀਪਲਜ਼ ਅਮਨ ਕਮੇਟੀ ਦਾ ਮੁਖੀ 'ਸਰਦਾਰ ਅਬਦੁਲ ਰਹਿਮਾਨ ਬਲੋਚ' ਕਹਾਉਣ ਲੱਗਿਆ ਸੀ। ਉਸ ਸਮੇਂ ਤੱਕ, ਰਹਿਮਾਨ ਲਯਾਰੀ ਦੇ ਕੁਝ ਇਲਾਕਿਆਂ ਲਈ ਰੌਬਿਨ ਹੁੱਡ ਵਰਗੀ ਸ਼ਖਸੀਅਤ ਬਣ ਰਿਹਾ ਸੀ। ਉਹ ਹੁਣ ਸਿਆਸੀ ਤੌਰ 'ਤੇ ਨਾਮ ਕਮਾਉਣ ਵਾਲੇ ਕੰਮ ਕਰਨ ਲੱਗਾ ਸੀ ਜਿਵੇਂ ਕਿ ਸਕੂਲ ਅਤੇ ਡਿਸਪੈਂਸਰੀਆਂ ਖੋਲ੍ਹਣਾ।

ਰਾਜ ਮੰਤਰੀ ਮੰਡਲ ਨਾਲ ਸਬੰਧਤ ਇੱਕ ਬਿਊਰੋਕ੍ਰੇਟ ਦੇ ਅਨੁਸਾਰ, ਜਦੋਂ ਰਹਿਮਾਨ ਨੇ ਮਲੇਰ, ਬਰਨਜ਼ ਰੋਡ, ਗੁਲਿਸਤਾਨ-ਏ-ਜੌਹਰ ਅਤੇ ਹੋਰ ਮੁਹੱਲਿਆਂ ਵਿੱਚ ਸ਼ਾਂਤੀ ਕਮੇਟੀਆਂ ਬਣਾਈਆਂ ਤਾਂ ਐਮਕਿਊਐਮ ਨੇ ਉਸ ਨੂੰ ਇੱਕ ਸਿਆਸੀ ਚੁਣੌਤੀ ਵਜੋਂ ਦੇਖਿਆ।

ਇਸ ਤਰ੍ਹਾਂ ਐਮਕਿਊਐਮ ਸਰਕਾਰ ਰਹਿਮਾਨ ਨੂੰ ਦਬਾਉਣ ਲਈ ਸਰਗਰਮ ਹੋ ਗਈ ਅਤੇ ਪਾਰਟੀ 'ਚ ਇਹ ਸੋਚ ਪੈਦਾ ਹੋਈ ਕਿ ਰਹਿਮਾਨ ਦਾ ਰਸਤਾ ਰੋਕਿਆ ਜਾਵੇ ਤਾਂ ਜੋ ਉਸ ਤੋਂ ਸਿਆਸੀ ਧੜੇ ਨੂੰ ਪੈਦਾ ਹੋਏ ਖ਼ਤਰੇ ਨੂੰ ਹੱਲ ਕਰ ਸਕੇ।

ਸਰਕਾਰੀ ਅਧਿਕਾਰੀਆਂ ਦੇ ਅਨੁਸਾਰ, "ਇਸ ਮੌਕੇ 'ਤੇ ਪੀਪਲਜ਼ ਪਾਰਟੀ ਦੇ ਇੱਕ ਆਗੂ ਅਤੇ ਉਸ ਸਮੇਂ ਆਸਿਫ਼ ਜ਼ਰਦਾਰੀ ਦੇ ਇੱਕ ਕਰੀਬੀ ਸਾਥੀ ਨੂੰ ਲੱਗਿਆ ਕਿ ਰਹਿਮਾਨ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ ਤਾਂ ਉਨ੍ਹਾਂ ਨੇ ਪਰਦੇ ਦੇ ਪਿੱਛੋਂ ਉਸ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ।"

ਇਹ ਅਧਿਕਾਰੀ ਕਹਿੰਦੇ ਹਨ ਕਿ ਜਦੋਂ ਰਹਿਮਾਨ ਐਮਕਿਊਐਮ ਦੇ ਸਿਆਸੀ ਨਿਸ਼ਾਨੇ 'ਤੇ ਆਇਆ ਤਾਂ ਐਮਕਿਊਐਮ ਨੇ ਰਹਿਮਾਨ ਦੇ ਲੰਮੇ ਸਮੇਂ ਤੋਂ ਜਾਨੀ ਦੁਸ਼ਮਣ ਅਰਸ਼ਦ ਪੱਪੂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ।

ਐਮਕਿਊਐਮ ਲੰਡਨ ਦੀ ਕੋਆਰਡੀਨੇਸ਼ਨ ਕਮੇਟੀ ਦੇ ਸੰਯੋਜਕ ਰਹੇ ਮੁਸਤਫਾ ਅਜ਼ੀਜ਼ਾਬਾਦੀ ਲਯਾਰੀ ਗੈਂਗਵਾਰ ਜਾਂ ਰਹਿਮਾਨ ਬਲੋਚ ਮਾਮਲੇ ਵਿੱਚ ਐਮਕਿਊਐਮ ਦੀ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਰਹੇ।

ਉਨ੍ਹਾਂ ਦਾ ਕਹਿਣਾ ਸੀ, "ਇਹ ਤਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਡਰੱਗਜ਼ ਦੇ ਧੰਦੇਬਾਜ਼ਾਂ ਦੀ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੀ ਦੁਸ਼ਮਣੀ ਦਾ ਸਿਲਸਿਲਾ ਸੀ। ਸਾਡਾ ਇਸ ਸਭ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।"

ਪਾਕਿਸਤਾਨ ਦੀ ਖੁਫੀਆ ਸੰਸਥਾ ਦੇ ਇੱਕ ਅਧਿਕਾਰੀ ਨੇ ਦੱਸਿਆ, "ਜਿਵੇਂ ਹੀ ਅਰਸ਼ਦ ਪੱਪੂ ਨੂੰ ਸਿਆਸੀ ਸਮਰਥਨ ਰਾਹੀਂ ਸ਼ਕਤੀ ਮਿਲਣ ਲੱਗੀ ਅਤੇ ਸਿਆਸੀ ਤਾਕਤਾਂ ਵੀ ਨਾਰਾਜ਼ ਹੋ ਗਈਆਂ ਤਾਂ ਲਯਾਰੀ ਵਿੱਚ ਰਹਿਮਾਨ ਲਈ ਇੱਕ ਵਾਰ ਫਿਰ ਜਿਓਣਾ ਮੁਹਾਲ ਹੋ ਗਿਆ। ਉਸ ਵੇਲੇ ਰਹਿਮਾਨ ਨੇ ਬਲੋਚਿਸਤਾਨ ਚਲੇ ਜਾਣ 'ਚ ਹੀ ਆਪਣੀ ਭਲਾਈ ਸਮਝੀ, ਪਰ ਇਸ ਵਾਰ ਹੁੱਬ ਜਾਣ ਦੀ ਬਜਾਏ ਉਸ ਨੇ ਕੁਏਟਾ ਦੇ ਸੈਟੇਲਾਈਟ ਟਾਊਨ ਵਿੱਚ ਇੱਕ ਗੁਪਤ ਟਿਕਾਣੇ ਵਿੱਚ ਪਨਾਹ ਲੈ ਲਈ।"

ਇਹ ਵੀ ਪੜ੍ਹੋ-

ਜਦੋਂ ਜ਼ਰਦਾਰੀ ਦੇ ਫ਼ੋਨ ਨੇ ਬਚਾਇਆ

ਬੀਬੀਸੀ ਨੂੰ ਮਿਲੀ ਇੱਕ ਬਹੁਤ ਹੀ ਖੂਫੀਆ ਰਿਪੋਰਟ ਵਿੱਚ ਪਤਾ ਚੱਲਦਾ ਹੈ ਕਿ ਗੁਪਤ ਜਾਣਕਾਰੀ 'ਤੇ 18 ਜੂਨ 2006 ਨੂੰ ਚੌਧਰੀ ਅਸਲਮ ਦੀ ਅਗਵਾਈ ਵਿੱਚ ਲਯਾਰੀ ਟਾਸਕ ਫੋਰਸ ਨੇ ਕੁਏਟਾ ਦੇ ਸੈਟੇਲਾਈਟ ਟਾਊਨ ਵਿੱਚ ਰਹਿਮਾਨ ਦੇ ਗੁਪਤ ਟਿਕਾਣੇ 'ਤੇ ਅਚਾਨਕ ਛਾਪਾ ਮਾਰ ਦਿੱਤਾ।

'ਧੁਰੰਧਰ' ਫਿਲਮ ਵਿੱਚ ਚੌਧਰੀ ਅਸਲਮ ਦਾ ਕਿਰਦਾਰ ਸੰਜੇ ਦੱਤ ਨੇ ਨਿਭਾਇਆ ਹੈ।

ਛਾਪੇ ਦੌਰਾਨ, ਰਹਿਮਾਨ ਨੇ ਗ੍ਰਿਫਤਾਰੀ ਤੋਂ ਬਚਣ ਲਈ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਲੱਤ ਟੁੱਟ ਗਈ।

ਇੱਕ ਸੂਤਰ ਨੇ ਦੱਸਿਆ ਕਿ ਜ਼ਖਮੀ ਰਹਿਮਾਨ ਨੂੰ ਦਬੋਚ ਲਿਆ ਗਿਆ, ਪਰ ਗ੍ਰਿਫਤਾਰੀ ਕਦੇ ਵੀ ਸਰਕਾਰੀ ਰਿਕਾਰਡ ਵਿੱਚ ਨਹੀਂ ਦਿਖਾਈ ਗਈ।

ਰਹਿਮਾਨ ਦੀ ਕਹਾਣੀ ਸੁਣਾਉਣ ਵਾਲੇ ਸਿਆਸਤਦਾਨ ਨੇ ਦਾਅਵਾ ਕੀਤਾ ਕਿ "ਮੁਕਾਬਲੇ" ਦੀ ਨੌਬਤ ਆ ਹੀ ਜਾਂਦੀ ਪਰ ਫਿਰ ਇੱਕ ਨਾਟਕੀ ਘਟਨਾ ਵਾਪਰੀ ਅਤੇ ਚੌਧਰੀ ਅਸਲਮ ਦੇ ਫ਼ੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ।

ਇਸ ਮਾਮਲੇ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਸਿਆਸਤਦਾਨ ਨੇ ਦਾਅਵਾ ਕੀਤਾ ਕਿ ਚੌਧਰੀ ਅਸਲਮ ਨੇ ਖੁਦ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਰਹਿਮਾਨ ਵਰਗੇ ਖਤਰਨਾਕ ਅਪਰਾਧੀਆਂ ਵਿਰੁੱਧ ਕਾਰਵਾਈਆਂ ਦੌਰਾਨ ਕਦੇ ਵੀ ਆਪਣਾ ਨਿੱਜੀ ਫ਼ੋਨ ਆਪਣੇ ਨਾਲ ਨਹੀਂ ਲੈ ਕੇ ਜਾਂਦੇ ਸਨ, ਕਿਉਂਕਿ ਮੁਕਾਬਲੇ ਦੀ ਸਥਿਤੀ ਵਿੱਚ ਕਾਲਰ ਡੇਟਾ ਰਿਕਾਰਡਿੰਗ (ਸੀਡੀਆਰ) ਜਾਂ ਜੀਓ-ਫੈਂਸਿੰਗ ਨਾਲ ਅਦਾਲਤ ਵਿੱਚ ਸਾਬਤ ਹੋ ਸਕਦਾ ਸੀ ਕਿ ਉਸ ਸਮੇਂ ਚੌਧਰੀ ਅਸਲਮ ਕਿੱਥੇ ਸਨ।

ਇਸ ਸਿਆਸਤਦਾਨ ਨੇ ਕਿਹਾ ਕਿ ਇਸ ਲਈ ਚੌਧਰੀ ਅਜਿਹੇ ਮੌਕਿਆਂ ਲਈ ਇੱਕ ਅਜਿਹੇ ਫ਼ੋਨ ਦੀ ਵਰਤੋਂ ਕਰਦੇ ਸਨ ਜਿਸ ਦਾ ਨੰਬਰ ਸਿਰਫ਼ ਗਿਣਤੀ ਦੇ ਤਿੰਨ ਜਾਂ ਚਾਰ ਉੱਚ ਅਧਿਕਾਰੀਆਂ ਤੋਂ ਇਲਾਵਾ ਕਿਸੇ ਨੂੰ ਵੀ ਨਹੀਂ ਪਤਾ ਸੀ।

ਉਨ੍ਹਾਂ ਦੇ ਅਨੁਸਾਰ ਰਹਿਮਾਨ ਦੀ ਇਸ (ਕਦੇ ਨਾ ਜ਼ਾਹਿਰ ਕੀਤੀ ਜਾਣ ਵਾਲੀ) ਗ੍ਰਿਫ਼ਤਾਰੀ ਦੇ ਸਮੇਂ ਵੀ ਚੌਧਰੀ ਅਸਲਮ ਇਹੀ ਖ਼ੁਫ਼ੀਆ ਫ਼ੋਨ ਇਸਤੇਮਾਲ ਕਰ ਰਹੇ ਸਨ ਅਤੇ ਸਿਰਫ਼ 'ਸਿਖਰਲੇ ਅਧਿਕਾਰੀ' ਨਾਲ ਸੰਪਰਕ ਵਿੱਚ ਸਨ।

ਉਸ ਆਗੂ ਮੁਤਾਬਕ, "ਚੌਧਰੀ ਅਸਲਮ ਨੇ ਮੈਨੂੰ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਰਹਿਮਾਨ ਨੂੰ ਹਿਰਾਸਤ ਵਿੱਚ ਲਿਆ ਤਾਂ ਅਚਾਨਕ ਉਸ ਫ਼ੋਨ 'ਤੇ ਇੱਕ ਅਜਨਬੀ ਨੰਬਰ ਤੋਂ ਕਾਲ ਆਈ।"

"ਚੌਧਰੀ ਅਸਲਮ ਨੇ ਫ਼ੋਨ ਚੁੱਕਿਆ ਤਾਂ ਪਰਲੇ ਪਾਸੇ ਸਨ ਆਸਿਫ਼ ਜ਼ਰਦਾਰੀ। ਉਹ ਹੈਰਾਨ ਰਹਿ ਗਏ ਕਿ ਇਹ ਖ਼ੁਫ਼ੀਆ ਨੰਬਰ ਜ਼ਰਦਾਰੀ ਸਾਬ੍ਹ ਤੱਕ ਕਿਵੇਂ ਪਹੁੰਚਿਆ।"

ਚੌਧਰੀ ਅਸਲਮ ਅਤੇ ਆਸਿਫ਼ ਜ਼ਰਦਾਰੀ ਦੀ ਗੱਲਬਾਤ ਬਾਰੇ ਜਾਣਕਾਰੀ ਰੱਖਣ ਵਾਲੇ ਆਗੂ ਨੇ ਦਾਅਵਾ ਕੀਤਾ ਕਿ ਜ਼ਰਦਾਰੀ ਸਾਬ੍ਹ ਨੇ ਚੌਧਰੀ ਅਸਲਮ ਨੂੰ ਕਿਹਾ ਕਿ, "ਮਾਰਨਾ ਨਹੀਂ। ਕੋਈ ਗਲਤ ਕੰਮ ਨਾ ਕਰੋ। ਜੋ ਵੀ ਮੁਕੱਦਮੇ ਹਨ ਉਸ ਨੂੰ (ਅਦਾਲਤ ਵਿੱਚ) ਪੇਸ਼ ਕਰੋ… ਐਨਕਾਊਂਟਰ ਨਹੀਂ ਕਰਨਾ।"

ਸਿੰਧ ਵਿੱਚ ਤਾਇਨਾਤ ਰਹੇ ਇੱਕ ਸਿਖਰਲੇ ਅਧਿਕਾਰੀ ਦਾ ਕਹਿਣਾ ਸੀ, "ਇਸ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਇਹ ਫ਼ੈਸਲਾ ਹੋਇਆ ਕਿ ਨਾ ਤਾਂ ਪੁਲਿਸ ਗੋਲੀ ਚਲਾਏਗੀ ਅਤੇ ਨਾ ਹੀ ਰਹਿਮਾਨ ਦੀ ਇਹ ਗ੍ਰਿਫ਼ਤਾਰੀ ਹਾਲੇ ਰਿਕਾਰਡ 'ਤੇ ਲਿਆਂਦੀ ਜਾਵੇਗੀ। ਉਸ ਨੂੰ ਕਰਾਚੀ ਤਾਂ ਭੇਜ ਦਿੱਤਾ ਜਾਵੇਗਾ ਪਰ ਉਸ ਦੀ ਗ੍ਰਿਫ਼ਤਾਰੀ ਦਾ ਐਲਾਨ ਸਰਕਾਰੀ ਤੌਰ 'ਤੇ ਨਹੀਂ ਹੋਵੇਗਾ।"

ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੌਧਰੀ ਅਸਲਮ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰਹਿਮਾਨ ਹਿਰਾਸਤ 'ਚੋਂ ਨਾਟਕੀ ਢੰਗ ਫਰਾਰ ਹੋ ਗਿਆ ਸੀ (ਨਕੇਟਕ ਤਸਵੀਰ)

ਇੱਕ ਹੋਰ ਖ਼ੁਫ਼ੀਆ ਸਰਕਾਰੀ ਦਸਤਾਵੇਜ਼ ਮੁਤਾਬਕ, 'ਇਸ ਤਫ਼ਤੀਸ਼ ਤੋਂ ਬਾਅਦ ਇਹ ਸਮੱਸਿਆ ਹੋਈ ਕਿ ਹੁਣ ਰਹਿਮਾਨ ਨੂੰ ਕਿੱਥੇ ਰੱਖਿਆ ਜਾਏ ਕਿਉਂਕਿ ਗ੍ਰਿਫ਼ਤਾਰੀ ਤਾਂ ਜ਼ਾਹਿਰ ਕੀਤੀ ਹੀ ਨਹੀਂ ਗਈ ਸੀ। ਉੱਚ ਅਧਿਕਾਰੀਆਂ ਨੇ ਇਹ ਫ਼ੈਸਲਾ ਕੀਤਾ ਕਿ ਰਹਿਮਾਨ ਨੂੰ ਪਹਿਲਾਂ ਕੁਝ ਦਿਨ ਲਈ ਲਯਾਰੀ ਟਾਸਕ ਫ਼ੋਰਸ ਦੇ ਅਧਿਕਾਰੀ ਇੰਸਪੈਕਟਰ ਨਾਸਿਰ ਉਲ ਹਸਨ ਦੇ ਗਾਰਡਨ ਪੁਲਿਸ ਲਾਈਨਜ਼ ਵਿੱਚ ਸਥਿਤ ਘਰ 'ਚ ਰੱਖਿਆ ਜਾਵੇ। ਫਿਰ ਉਸ ਸਮੇਂ ਕਲਰੀ ਦੇ ਐਸਐਚਓ ਬਹਾਉਦੀਨ ਬਾਬਰ ਦੇ ਮੈਟਰੋਵਿਲ ਸਥਿਤ ਨਿੱਜੀ ਨਿਵਾਸ ਸਥਾਨ 'ਤੇ ਭੇਜ ਦਿੱਤਾ ਜਾਵੇਗਾ।'

ਰਹਿਮਾਨ ਇੰਸਪੈਕਟਰ ਬਾਬਰ ਦੇ ਘਰੋਂ 'ਨਾਟਕੀ ਢੰਗ' ਨਾਲ ਫ਼ਰਾਰ ਹੋ ਗਿਆ। ਖ਼ੁਫ਼ੀਆ ਰਿਪੋਰਟ ਵਿੱਚ ਰਹਿਮਾਨ ਦੇ ਫ਼ਰਾਰ ਹੋਣ ਦੀ ਤਰੀਕ 20 ਅਗਸਤ 2006 ਦਰਜ ਹੈ।

ਇਸ ਮੁਤਾਬਕ, 20 ਅਗਸਤ 2006 ਦੀ ਰਾਤ ਨੂੰ ਪੰਜ ਹਥਿਆਰਬੰਦ ਲੋਕਾਂ ਨੇ ਹਮਲਾ ਕਰਕੇ ਰਹਿਮਾਨ ਨੂੰ ਛੁਡਵਾ ਲਿਆ।

ਰਹਿਮਾਨ ਦੇ ਫ਼ਰਾਰ ਹੋਣ ਨਾਲ ਪੁਲਿਸ ਅਤੇ ਹੋਰ ਸੰਸਥਾਵਾਂ ਦੇ ਉੱਚ ਅਧਿਕਾਰੀਆਂ ਵਿੱਚ ਖਲਬਲੀ ਮਚ ਗਈ। ਦੂਜੇ ਪਾਸੇ, ਰਹਿਮਾਨ ਨੇ ਫ਼ਰਾਰ ਹੁੰਦੇ ਹੀ ਇਹ ਗੱਲ ਮਸ਼ਹੂਰ ਕਰ ਦਿੱਤੀ ਕਿ ਉਹ "ਪੈਸੇ ਦੇ ਕੇ ਛੁੱਟ ਗਿਆ ਹੈ''।

ਰਹਿਮਾਨ ਦੀ ਕਹਾਣੀ ਜਾਣਨ ਵਾਲੇ ਸਿਆਸਤਦਾਨ ਅਤੇ ਕੁਝ ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਫੌਜੀ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਰਹਿਮਾਨ ਦੇ ਫ਼ਰਾਰ ਹੋਣ ਵਿੱਚ ਬਾਬਰ ਦੀ ਮਿਲੀਭਗਤ ਸੀ। ਇੰਸਪੈਕਟਰ ਬਾਬਰ ਕਿਉਂਕਿ 31 ਦਸੰਬਰ 2013 ਨੂੰ ਖੁਦ ਇੱਕ ਹਮਲੇ ਵਿੱਚ ਮਾਰੇ ਗਏ, ਇਸ ਲਈ ਉਨ੍ਹਾਂ ਦਾ ਪੱਖ ਨਹੀਂ ਪਤਾ ਲੱਗ ਸਕਿਆ।

ਫ਼ਰਾਰ ਹੋਣ ਤੋਂ ਬਾਅਦ ਰਹਿਮਾਨ ਨੇ ਲਯਾਰੀ ਪੁੱਜ ਕੇ ਫਿਰ ਕਤਲ ਅਤੇ ਹਿੰਸਾ ਦਾ ਬਾਜ਼ਾਰ ਗਰਮ ਕਰ ਦਿੱਤਾ।

ਹੁਣ ਰਹਿਮਾਨ ਨੇ ਪੀਪਲਜ਼ ਪਾਰਟੀ ਲਈ ਵੀ ਮੁਸ਼ਕਲਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਮੀਡੀਆ ਦੀ ਜਾਂਚ ਤੋਂ ਸਾਫ਼ ਹੈ ਕਿ ਇੱਕ ਸੰਨ ਅਜਿਹਾ ਵੀ ਆਇਆ ਕਿ ਲਯਾਰੀ ਵਿੱਚ ਟਾਊਨ ਮੈਨੇਜਰ ਲਈ ਪੀਪਲਜ਼ ਪਾਰਟੀ ਦੇ ਉਮੀਦਵਾਰ ਮਲਿਕ ਮੁਹੰਮਦ ਖ਼ਾਨ ਦੀ ਹਾਰ ਹੋਈ ਅਤੇ ਰਹਿਮਾਨ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਕਾਮਯਾਬ ਹੋ ਗਏ।

ਜਦੋਂ ਸਨ 2008 ਵਿੱਚ ਪੀਪਲਜ਼ ਪਾਰਟੀ ਦੀ ਸਰਕਾਰ ਆਈ ਅਤੇ ਆਸਿਫ਼ ਜ਼ਰਦਾਰੀ ਪਹਿਲੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ ਤਾਂ ਰਹਿਮਾਨ ਦੇ ਪ੍ਰਭਾਵ ਵਾਲੇ ਸਥਾਨਕ ਆਗੂਆਂ ਅਤੇ ਪੀਪਲਜ਼ ਪਾਰਟੀ ਵਿਚਕਰ ਖਟਪਟ ਹੋਣ ਲੱਗ ਪਈ।

ਜਿਸ ਨਾਲ ਪੀਪਲਜ਼ ਪਾਰਟੀ ਅਤੇ ਰਹਿਮਾਨ ਵਿਚਾਲੇ ਵਿਵਾਦ ਪੈਦਾ ਹੋ ਗਿਆ।

ਰਹਿਮਾਨ ਨਾਲ ਪੀਪਲਜ਼ ਪਾਰਟੀ ਦੀ ਇਹ ਨਾਰਾਜ਼ਗੀ ਪੂਰੇ 'ਸਿਸਟਮ' ਵਿੱਚ ਦਰਜ ਜ਼ਰੂਰ ਹੋ ਗਈ। ਉਸੇ ਵੇਲੇ ਇੱਕ ਦਿਨ ਸਿੰਧ ਦੇ ਤਤਕਾਲੀ ਗ੍ਰਹਿ ਮੰਤਰੀ ਅਤੇ ਆਸਿਫ਼ ਜ਼ਰਦਾਰੀ ਦੇ ਕਰੀਬੀ ਸਾਥੀ ਜ਼ੁਲਫ਼ਿਕਾਰ ਮਿਰਜ਼ਾ ਸਿੰਧ ਦੇ ਗਵਰਨਰ ਡਾਕਟਰ ਇਸ਼ਰਤੁਲ ਇਬਾਦ ਕੋਲ ਪਹੁੰਚੇ।

ਡਾਕਟਰ ਇਸ਼ਰਤੁਲ ਇਬਾਦ ਨੇ ਦੱਸਿਆ ਕਿ ਜ਼ੁਲਫ਼ਿਕਾਰ ਮਿਰਜ਼ਾ ਨੇ ਕਿਹਾ ਕਿ ਲਯਾਰੀ ਦੇ ਮਾਮਲੇ ਸੰਗੀਨ ਹੋ ਗਏ ਹਨ। "ਕਤਲ ਅਤੇ ਹਿੰਸਾ ਵਧ ਰਹੀ ਹੈ। ਸਰਕਾਰ ਵੱਲੋਂ ਪੁਲਿਸ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਲਯਾਰੀ ਦੇ ਗਿਰੋਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।"

ਸਾਬਕਾ ਗਵਰਨਰ ਨੇ ਦੱਸਿਆ, "ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ ਤਾਂ ਤੁਸੀਂ ਹੀ ਹੋ। ਤੁਸੀਂ ਆਦੇਸ਼ ਜਾਰੀ ਕਰੋ। ਉਸ 'ਤੇ ਹੀ ਪੁਲਿਸ ਨੂੰ ਨਿਰਦੇਸ਼ ਦਿੱਤੇ ਜਾ ਸਕਦੇ ਹਨ। ਇਸ ਤੋਂ ਬਾਅਦ ਜ਼ੁਲਫ਼ਿਕਾਰ ਮਿਰਜ਼ਾ ਦੇ ਜਾਰੀ ਆਦੇਸ਼ 'ਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਕਿ ਲਯਾਰੀ ਹੀ ਨਹੀਂ ਸਗੋਂ ਸਾਰੇ ਸੂਬੇ ਵਿੱਚ ਕਾਨੂੰਨ-ਵਿਵਸਥਾ ਹਰ ਕੀਮਤ 'ਤੇ ਬਣਾ ਕੇ ਰੱਖੀ ਜਾਵੇ ਅਤੇ ਕਾਰਵਾਈ ਤੇਜ਼ ਕੀਤੀ ਜਾਵੇ।"

ਪੁਲਿਸ ਨੇ ਰਹਿਮਾਨ ਨੂੰ ਕਿਵੇਂ ਫੜਿਆ

ਰਹਿਮਾਨ ਅਤੇ ਉਸਦੇ ਸਾਥੀਆਂ ਦੇ ਜਨਾਜ਼ੇ ਵਿੱਚ ਸ਼ਾਮਲ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਗਸਤ 2009 ਵਿੱਚ ਕਰਾਚੀ ਵਿੱਚ ਰਹਿਮਾਨ ਅਤੇ ਉਸਦੇ ਸਾਥੀਆਂ ਦੇ ਜਨਾਜ਼ੇ ਵਿੱਚ ਸ਼ਾਮਲ ਲੋਕ (ਫਾਈਲ ਫੋਟੋ)

ਹੁਣ ਰਹਿਮਾਨ ਤਿੰਨ ਪਾਸਿਓਂ ਘਿਰ ਚੁੱਕਾ ਸੀ। ਇੱਕ ਪਾਸੇ ਐਮਕਿਊਐਮ 'ਰੰਗਦਾਰੀ ਭੱਤੇ' ਅਤੇ ਸਿਆਸੀ ਪਕੜ ਤੋਂ ਨਾਰਾਜ਼ ਸੀ।

ਦੂਜੇ ਪਾਸੇ ਪੀਪਲਜ਼ ਪਾਰਟੀ ਵੀ ਨਾਰਾਜ਼ ਸੀ।

ਤੀਜੇ ਪਾਸੇ ਪੁਲਿਸ ਅਧਿਕਾਰੀ ਦੇ ਘਰੋਂ ਫ਼ਰਾਰ ਹੋ ਜਾਣ ਅਤੇ ਇਹ ਮਸ਼ਹੂਰ ਕਰਨ 'ਤੇ ਕਿ ਉਹ ਪੁਲਿਸ ਵਾਲੇ ਨੂੰ ਪੈਸੇ ਦੇ ਕੇ ਭੱਜਿਆ ਹੈ, ਸਾਰੀ ਪੁਲਿਸ ਅਤੇ ਖ਼ਾਸ ਕਰਕੇ ਚੌਧਰੀ ਅਸਲਮ ਵੀ ਰਹਿਮਾਨ ਤੋਂ ਨਾਰਾਜ਼ ਸਨ।

ਹਰ ਤਰਫ਼ੋਂ ਇਹ ਨਾਰਾਜ਼ਗੀ ਰਹਿਮਾਨ ਨੂੰ ਮਹਿੰਗੀ, ਬਲਕਿ ਬਹੁਤ ਹੀ ਮਹਿੰਗੀ ਪਈ।

ਆਗੂ ਨੇ ਦੱਸਿਆ ਕਿ ਖ਼ਤਰੇ ਵਿੱਚ ਘਿਰ ਜਾਣ ਦਾ ਅਹਿਸਾਸ ਇੰਨਾ ਜ਼ਿਆਦਾ ਸੀ ਕਿ ਅਚਾਨਕ 8 ਅਗਸਤ 2009 ਨੂੰ ਰਹਿਮਾਨ ਨੇ ਆਪਣੇ ਕਰੀਬੀ ਅਤੇ ਭਰੋਸੇਮੰਦ ਸਾਥੀਆਂ ਨੂੰ ਬੁਲਾਇਆ ਅਤੇ ਕਿਹਾ ਕਿ ਫ਼ਿਲਹਾਲ ਆਉਣਾ-ਜਾਣਾ ਘੱਟ ਕੀਤਾ ਜਾਵੇ। 'ਜੇ ਬਹੁਤ ਜ਼ਰੂਰੀ ਹੋਵੇ ਤਾਂ ਆਉਣ-ਜਾਣ ਲਈ ਗੱਡੀ ਦੀ ਬਜਾਏ ਮੋਟਰਸਾਈਕਲ ਦਾ ਇਸਤੇਮਾਲ ਕੀਤਾ ਜਾਵੇ'।

"ਇੱਧਰ ਰਹਿਮਾਨ ਦੀ ਤਲਾਸ਼ ਵਿੱਚ ਬਹੁਤ ਐਕਟਿਵ ਹੋਏ ਚੌਧਰੀ ਅਸਲਮ ਇੱਕ ਮੁਖਬਿਰ ਤੱਕ ਪਹੁੰਚ ਗਏ। ਅਗਲੇ ਹੀ ਦਿਨ 9 ਅਗਸਤ 2009 ਨੂੰ ਖ਼ੁਦ ਰਹਮਾਨ ਨੇ ਬਲੋਚਿਸਤਾਨ ਜਾਣ ਦੀ ਕੋਸ਼ਿਸ਼ ਕੀਤੀ ਤਾਂ ਚੌਧਰੀ ਅਸਲਮ ਨੂੰ ਆਪਣੇ ਮੁਖਬਿਰ ਰਾਹੀਂ ਇਹ ਪਤਾ ਲੱਗ ਗਿਆ ਕਿ ਰਹਿਮਾਨ ਕਰਾਚੀ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।"

ਇਸ ਆਗੂ ਦੇ ਮੁਤਾਬਕ, ਰਹਿਮਾਨ ਅਤੇ ਉਸ ਦੇ ਤਿੰਨ ਕਰੀਬੀ ਸਾਥੀ ਅਕੀਲ ਬਲੋਚ, ਨਜ਼ੀਰ ਬਲੋਚ ਅਤੇ ਔਰੰਗਜ਼ੇਬ ਬਲੋਚ ਮੋਟਰਸਾਈਕਲ 'ਤੇ ਪੁਰਾਣਾ ਗੋਲੀਮਾਰ ਪਹੁੰਚੇ, ਜਿੱਥੋਂ ਉਹ ਸਾਰੇ ਇੱਕ ਗੱਡੀ ਵਿੱਚ ਬਲੋਚਿਸਤਾਨ ਦੇ ਇਲਾਕੇ ਮੰਦ ਵੱਲ ਰਵਾਨਾ ਹੋਏ।

ਆਗੂ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਚੌਧਰੀ ਅਸਲਮ ਨੂੰ ਮੁਖਬਿਰ ਤੋਂ ਜਾਣਕਾਰੀ ਮਿਲੀ, ਰਹਿਮਾਨ ਕਰਾਚੀ ਦੀ ਸੀਮਾ ਤੋਂ ਨਿਕਲ ਚੁੱਕਿਆ ਸੀ। ਹੁਣ ਅਸਲਮ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਰਹਿਮਾਨ ਦੀ ਤਲਾਸ਼ ਵਿੱਚ ਨਿਕਲੇ।

ਕਿਉਂਕਿ ਰਹਿਮਾਨ ਅਤੇ ਉਸ ਦੇ ਸਾਥੀ ਕਾਫ਼ੀ ਦੂਰ ਜਾ ਚੁੱਕੇ ਸਨ, ਇਸ ਲਈ ਅਸਲਮ ਨੂੰ ਮਦਦਗਾਰ ਖ਼ੁਫ਼ੀਆ ਏਜੰਸੀਆਂ ਨੇ ਵਾਪਸ ਮੁੜਨ ਦੀ ਸਲਾਹ ਦਿੱਤੀ। ਜਦੋਂ ਚੌਧਰੀ ਅਸਲਮ ਅਤੇ ਉਨ੍ਹਾਂ ਦੀ ਟੀਮ ਵਾਪਸੀ ਦੌਰਾਨ ਗਡਾਨੀ ਅਤੇ ਵੰਦਰ ਦੇ ਵਿਚਕਾਰ ਪਹੁੰਚੀ ਤਾਂ ਉਸ ਸਮੇਂ ਰਹਿਮਾਨ ਅਤੇ ਉਸਦੇ ਸਾਥੀ ਇੱਕ ਵਾਰ ਫਿਰ ਕਵਰੇਜ ਏਰੀਆ ਵਿੱਚ ਆ ਗਏ ਅਤੇ ਫ਼ੋਨ ਮਾਨੀਟਰ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਸੂਹ ਮਿਲ ਗਈ।

ਹੋਇਆ ਇਹ ਕਿ ਰਹਿਮਾਨ ਦੇ ਸਾਥੀ ਨਜ਼ੀਰ ਬਲੋਚ ਨੇ ਆਪਣੀ ਪਤਨੀ ਨੂੰ ਫ਼ੋਨ ਕਰਕੇ ਘਰ ਪਹੁੰਚਣ ਦੀ ਸੂਚਨਾ ਦਿੰਦੇ ਹੋਏ ਮਨਪਸੰਦ ਖਾਣਾ ਬਣਾਉਣ ਦੀ ਫਰਮਾਇਸ਼ ਕੀਤੀ ਅਤੇ ਇਹੀ ਗੱਲ ਉਨ੍ਹਾਂ ਲਈ ਮੁਸੀਬਤ ਬਣ ਗਈ।

ਨਜ਼ੀਰ ਬਲੋਚ ਦੀ ਪਤਨੀ ਨੇ ਉਸੇ ਕਾਫ਼ਲੇ ਵਿੱਚ ਰਹਿਮਾਨ ਦੇ ਸਾਥੀ ਦੀ ਪਤਨੀ ਨੂੰ ਵੀ ਫ਼ੋਨ ਕਰਕੇ ਕਿਹਾ ਕਿ 'ਮਹਿਮਾਨ' (ਰਹਿਮਾਨ ਅਤੇ ਉਸਦੇ ਸਾਥੀ) ਆ ਰਹੇ ਹਨ ਅਤੇ ਮਨਪਸੰਦ ਖਾਣੇ ਦੀ ਫਰਮਾਇਸ਼ ਵੀ ਕਰ ਰਹੇ ਹਨ।

ਆਗੂ ਮੁਤਾਬਕ, ਇਹ ਸੂਚਨਾ ਚੌਧਰੀ ਅਸਲਮ ਨੂੰ ਦਿੱਤੀ ਗਈ ਕਿ ਰਹਿਮਾਨ ਅਤੇ ਉਸਦੇ ਸਾਥੀ ਆ ਰਹੇ ਹਨ, ਇਸ ਲਈ ਉਨ੍ਹਾਂ ਦੇ ਪਿੱਛੇ ਜਾਇਆ ਜਾਵੇ।

ਚੌਧਰੀ ਅਸਲਮ ਅਤੇ ਉਨ੍ਹਾਂ ਦੀ ਟੀਮ ਉਸ ਜਗ੍ਹਾ ਪਹੁੰਚੀ ਜਿਸ ਨੂੰ ਜ਼ੀਰੋ ਪੁਆਇੰਟ ਕਿਹਾ ਜਾਂਦਾ ਹੈ ਅਤੇ ਜਿੱਥੋਂ ਇੱਕ ਰਸਤਾ ਗਵਾਦਰ ਕੋਸਟਲ ਹਾਈਵੇ ਅਤੇ ਦੂਜਾ ਕਵੇਟਾ ਵੱਲ ਜਾਂਦਾ ਹੈ।

ਪੁਲਿਸ ਦੀ ਟੀਮ ਉੱਥੇ ਖੜ੍ਹੀ ਹੋਈ, ਜਿੱਥੇ ਇਹ ਰਸਤਾ ਅੰਗ੍ਰੇਜ਼ੀ ਦੇ ਅੱਖਰ ਵਾਈ (ਵਾਈ) ਵਰਗਾ ਰੂਪ ਨਜ਼ਰ ਆਉਂਦਾ ਹੈ, ਤਾਂ ਜੋ ਰਹਿਮਾਨ ਅਤੇ ਉਸਦੇ ਸਾਥੀ ਕਿਸੇ ਵੀ ਪਾਸੇ ਤੋਂ ਆਉਣ ਤਾਂ ਉਨ੍ਹਾਂ ਦਾ ਸਾਹਮਣਾ ਪੁਲਿਸ ਨਾਲ ਹੋਵੇ ਅਤੇ ਅਜਿਹਾ ਹੀ ਹੋਇਆ।

ਆਖਿਰਕਾਰ ਇੱਕ ਕਾਲੀ ਟੋਯੋਟਾ ਗੱਡੀ ਵਿੱਚ ਰਹਿਮਾਨ ਅਤੇ ਉਸਦੇ ਸਾਥੀ ਆਉਂਦੇ ਦਿੱਖੇ।

ਆਗੂ ਨੇ ਮੈਨੂੰ ਦੱਸਿਆ, "ਉਸ ਵੇਲੇ ਤੱਕ ਅਸਲਮ ਦੀ ਟੀਮ ਦੇ ਕੁਝ ਮੈਂਬਰਾਂ ਨੇ ਪੁਲਿਸ ਦੀ ਵਰਦੀ ਦੀ ਬਜਾਏ ਉੱਥੇ ਤਾਇਨਾਤ ਕੋਸਟ ਗਾਰਡ ਦੀ ਵਰਦੀ ਪਹਿਨ ਲਈ ਸੀ, ਤਾਂ ਜੋ ਰਹਿਮਾਨ ਅਤੇ ਉਸ ਦੇ ਸਾਥੀ ਕਰਾਚੀ ਪੁਲਿਸ ਦੀ ਵਰਦੀ, ਖ਼ਾਸ ਕਰਕੇ ਚੌਧਰੀ ਅਸਲਮ ਨੂੰ ਦੇਖ ਕੇ ਕੁਝ ਹੋਰ ਨਾ ਕਰ ਬੈਠਣ ਅਤੇ ਉਨ੍ਹਾਂ ਨੂੰ ਅਣਜਾਣੇ 'ਚ ਹੀ ਦਬੋਚ ਲਿਆ ਜਾਵੇ।"

ਬਹਿਰਹਾਲ, ਚੌਧਰੀ ਅਸਲਮ ਤਾਂ ਦੇਖ ਰਹੇ ਸਨ ਕਿ ਰਹਿਮਾਨ ਆ ਗਿਆ ਹੈ, ਪਰ ਖ਼ੁਦ ਰਹਿਮਾਨ ਨੂੰ ਅੰਦਾਜ਼ ਨਹੀਂ ਹੋਇਆ ਕਿ ਉਹ ਅਸਲਮ ਦੇ ਘੇਰੇ ਵਿੱਚ ਆ ਗਿਆ ਹੈ। ਜਦੋਂ ਗੱਡੀ ਰੋਕੀ ਗਈ ਤਾਂ ਰਹਿਮਾਨ ਦੇ ਸਾਥੀਆਂ ਨੇ ਵਿਰੋਧ ਵੀ ਨਹੀਂ ਕੀਤਾ।

ਪਹਿਚਾਣ-ਪੱਤਰ ਮੰਗੇ ਜਾਣ 'ਤੇ ਰਹਿਮਾਨ ਨੇ ਫ਼ਰਜ਼ੀ ਪਹਿਚਾਣ-ਪੱਤਰ ਦਿਖਾਇਆ। ਉਸ 'ਤੇ ਉਸ ਦਾ ਨਾਮ ਸ਼ੋਏਬ ਲਿਖਿਆ ਹੋਇਆ ਸੀ। ਪਰ ਯੋਜਨਾ ਮੁਤਾਬਕ, ਰਹਿਮਾਨ ਨੂੰ ਉਥੇ ਕੋਸਟ ਗਾਰਡ ਦੀ ਵਰਦੀ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਤੁਸੀਂ ਜਾ ਕੇ ਆਪਣਾ ਪਹਿਚਾਣ-ਪੱਤਰ ਗੱਡੀ ਵਿੱਚ ਬੈਠੇ ਕਰਨਲ ਸਾਬ੍ਹ ਨੂੰ ਦਿਖਾਓ।

ਇਹ ਸਾਬ੍ਹ ਸਨ ਚੌਧਰੀ ਅਸਲਮ, ਅਤੇ ਜਿਵੇਂ ਹੀ ਰਹਿਮਾਨ ਨੇ ਕਾਲੇ ਸ਼ੀਸ਼ੇ ਵਾਲੀ ਵੀਵੋ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦਾ ਸਾਹਮਣਾ ਚੌਧਰੀ ਅਸਲਮ ਨਾਲ ਹੋ ਗਿਆ। ਇਸ ਤੋਂ ਪਹਿਲਾਂ ਕਿ ਭੱਜਣ ਦਾ ਕੋਈ ਖ਼ਿਆਲ ਵੀ ਰਹਿਮਾਨ ਦੇ ਦਿਲ ਵਿੱਚ ਆਉਂਦਾ, ਉਸ ਦੇ ਪਿੱਛੇ ਖੜ੍ਹੇ ਪੁਲਿਸ ਅਧਿਕਾਰੀ ਮਲਿਕ ਆਦਿਲ ਨੇ ਉਸ ਨੂੰ ਅੰਦਰ ਧੱਕਾ ਦੇ ਦਿੱਤਾ ਅਤੇ ਖ਼ੁਦ ਵੀ ਗੱਡੀ ਵਿੱਚ ਸਵਾਰ ਹੋ ਗਏ।

ਆਗੂ ਦੇ ਮੁਤਾਬਕ, ਸੰਭਾਵਿਤ ਪੁਲਿਸ ਮੁਕਾਬਲੇ ਦੀ ਸਥਿਤੀ ਵਿੱਚ ਮੌਤ ਨਜ਼ਰ ਆਉਣ ਲੱਗੀ ਤਾਂ ਰਹਿਮਾਨ ਨੇ ਅਸਲਮ ਨੂੰ ਪੇਸ਼ਕਸ਼ ਕੀਤੀ ਕਿ ਕੁਝ ਲੈ-ਦੇਕੇ ਮਾਮਲਾ ਸੁਲਟਾਇਆ ਜਾ ਸਕਦਾ ਹੈ, ਪਰ ਅਸਲਮ ਨੇ ਕਿਹਾ, "ਜਦੋਂ ਨਹੀਂ ਲਿਆ ਸੀ ਤਾਂ ਇੰਨਾ ਬਦਨਾਮ ਕੀਤਾ ਸੀ ਕਿ ਖ਼ੁਫ਼ੀਆ ਸੰਸਥਾਵਾਂ ਦੀ ਤਫ਼ਤੀਸ਼ ਭੁਗਤਣੀ ਪਈ ਅਤੇ ਹੁਣ ਲੈ ਲਵਾਂ ਤਾਂ ਕੀ ਕਰੇਂਗਾ?"

ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਉੱਥੇ (ਜ਼ੀਰੋ ਪੁਆਇੰਟ) ਤੋਂ ਉਨ੍ਹਾਂ ਸਾਰਿਆਂ ਨੂੰ ਨੈਸ਼ਨਲ ਹਾਈਵੇ ਸਟੀਲ ਟਾਊਨ ਲਿਆਂਦਾ ਗਿਆ ਅਤੇ ਨੌਰਦਰਨ ਬਾਈਪਾਸ ਤੋਂ ਹੁੰਦਿਆਂ ਇਹ ਕਾਫ਼ਲਾ ਲਿੰਕ ਰੋਡ ਪਹੁੰਚਿਆ ਅਤੇ ਰਹਿਮਾਨ ਉੱਥੇ ਪੁਲਿਸ ਮੁਕਾਬਲੇ ਵਿੱਚ ਤਿੰਨੋਂ ਸਾਥੀਆਂ ਸਮੇਤ ਮਾਰਿਆ ਗਿਆ।

ਉਨ੍ਹਾਂ ਦੇ ਇਸ ਦਾਅਵੇ ਦੀ ਪੁਸ਼ਟੀ ਕਈ ਅਧਿਕਾਰੀਆਂ ਨੇ ਨਿੱਜੀ ਗੱਲਬਾਤ ਵਿੱਚ ਤਾਂ ਕੀਤੀ ਪਰ ਆਨ-ਰਿਕਾਰਡ ਰਹਿਮਾਨ 'ਡਕੈਤ' ਦੀ ਮੌਤ ਬਾਰੇ ਕਰਾਚੀ ਪੁਲਿਸ ਦੀ ਸਰਕਾਰੀ ਸੂਚਨਾ 10 ਅਗਸਤ 2009 ਦੇ ਸਾਰੇ ਅਖ਼ਬਾਰਾਂ ਵਿੱਚ ਛਪੀ।

ਅੰਗਰੇਜ਼ੀ ਅਖ਼ਬਾਰਾਂ 'ਡਾਨ' ਅਤੇ 'ਦ ਨੇਸ਼ਨ' ਨੇ ਇਸ ਸਰਕਾਰੀ ਸੂਚਨਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਰਹਿਮਾਨ ਡਕੈਤ ਅਤੇ ਉਸ ਦੇ ਤਿੰਨ ਸਾਥੀ ਪੁਲਿਸ ਨਾਲ ਝੜਪ ਵਿੱਚ ਮਾਰੇ ਗਏ।

ਸਰਕਾਰੀ ਸੂਚਨਾ ਵਿੱਚ ਦੱਸਿਆ ਗਿਆ ਕਿ ਪੁਲਿਸ ਨੇ ਰਹਿਮਾਨ ਡਕੈਤ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਦੇ ਫ਼ਰਾਰ ਹੋਣ 'ਤੇ ਪੁਲਿਸ ਨੂੰ ਮਜਬੂਰੀ ਵਿੱਚ ਗੋਲੀ ਚਲਾਉਣੀ ਪਈ।

ਪੁਲਿਸ ਐਨਕਾਊਂਟਰ ਉੱਤੇ ਸਵਾਲ

ਰਹਿਮਾਨ ਅਤੇ ਉਸਦੇ ਸਾਥੀਆਂ ਦੇ ਜਨਾਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਹਿਮਾਨ ਅਤੇ ਉਸਦੇ ਸਾਥੀਆਂ ਦੇ ਜਨਾਜ਼ਾ (ਫਾਈਲ ਫੋਟੋ)

ਰਿਲੀਜ਼ ਵਿੱਚ ਕਿਹਾ ਗਿਆ,"ਰਹਿਮਾਨ ਕਤਲ ਅਤੇ ਫਿਰੌਤੀ ਦੇ ਲਈ ਅਗਵਾ ਦੀਆਂ 80 ਤੋਂ ਵੱਧ ਵਾਰਦਾਤਾਂ ਵਿੱਚ ਲੋੜੀਂਦਾ ਸੀ।"

ਕਰਾਚੀ ਪੁਲਿਸ ਦੇ ਮੁਖੀ ਵਸੀਮ ਅਹਿਮਦ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੀ ਮੌਤ ਕਰਾਚੀ ਪੁਲਿਸ ਦੀ ਇੱਕ ਬਹੁਤ ਵੱਡੀ ਕਾਮਯਾਬੀ ਹੈ।

ਸਿੰਧ ਦੇ ਸਾਬਕਾ ਗਵਰਨਰ ਡਾਕਟਰ ਇਸ਼ਰਤੁਲ ਇਬਾਦ ਦਾ ਵੀ ਕਹਿਣਾ ਹੈ ਕਿ ਇਹ ਇੱਕ 'ਅਸਲੀ' ਪੁਲਿਸ ਐਨਕਾਊਂਟਰ ਸੀ।

"ਕਿਉਂਕਿ ਇਹ ਆਪਰੇਸ਼ਨ ਚੌਧਰੀ ਅਸਲਮ ਕਰ ਰਹੇ ਸਨ ਸ਼ਾਇਦ ਇਸ ਲਈ ਕੁਝ ਲੋਕਾਂ ਨੂੰ ਸ਼ੱਕ ਹੋਇਆ ਹੋਵੇ ਪਰ ਇਸ ਮਾਮਲੇ ਵਿੱਚ ਤਾਂ ਨਹੀਂ ਕਿਹਾ ਜਾ ਸਕਦਾ ਕਿ ਫਰਜ਼ੀ ਮੁਕਾਬਲੇ ਹੋ ਗਈ। ਅਜਿਹਾ ਮੁਮਕਿਨ ਨਹੀਂ ਕਿ ਇਸ ਕੇਸ ਵਿੱਚ ਘਰ ਤੋਂ ਕੱਢਿਆ ਹੋਵੇ ਅਤੇ ਮਾਰ ਦਿੱਤਾ ਗਿਆ ਹੋਵੇ।"

ਇਸ ਪੁਲਿਸ ਮੁਕਾਬਲੇ ਨੂੰ ਅਦਾਲਤ ਵਿੱਚ ਚੁਣੌਤੀ ਵੀ ਦਿੱਤੀ ਗਈ। 'ਡਾਨ' ਨੇ ਆਪਣੀ 14 ਅਕਤੂਬਰ 2009 ਦੀ ਰਿਪੋਰਟ ਵਿੱਚ ਦੱਸਿਆ ਕਿ ਰਹਿਮਾਨ ਦੀ ਵਿਧਵਾ ਫ਼ਰਜ਼ਾਨਾ ਨੇ ਆਪਣੇ ਵਕੀਲਾਂ ਅਬਦੁਲ ਮੁਜੀਬ ਪੀਰਜ਼ਾਦਾ ਅਤੇ ਸਈਦ ਖ਼ਾਲਿਦ ਸ਼ਾਹ ਦੇ ਜ਼ਰੀਏ ਸਿੰਧ ਹਾਈਕੋਰਟ ਦੇ ਚੀਫ ਜਸਟਿਸ ਸਰਮਦ ਜਲਾਲ ਉਸਮਾਨੀ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਕਿ ਉਨ੍ਹਾਂ ਦੇ ਪਤੀ ਨੂੰ ਫਰਜ਼ੀ ਮੁਕਾਬਲੇ ਵਿੱਚ ਮਾਰਿਆ ਗਿਆ ਹੈ।

ਅਦਾਲਤ ਵਿੱਚ ਇਸ ਉੱਤੇ ਸੂਬੇ ਦੇ ਗ੍ਰਹਿ ਸਕੱਤਰ ਸਮੇਤ ਕਰਾਚੀ ਪੁਲਿਸ ਅਤੇ ਸਿੰਧ ਪੁਲਿਸ ਦੇ ਮੁਖੀਆਂ ਨੂੰ ਅਦਾਲਤ ਵਿੱਚ ਤਲਬ ਵੀ ਕੀਤਾ ਗਿਆ ਪਰ ਰਹਿਮਾਨ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਅੱਜ ਤੱਕ ਮੁਕੱਦਮੇ ਦਾ ਫ਼ੈਸਲਾ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ਅਜਿਹਾ ਲੱਗਦਾ ਹੈ ਕਿ ਰਹਿਮਾਨ ਡਕੈਤ ਸਿਆਸੀ ਵਿਰੋਧ ਅਤੇ ਸਿਸਟਮ ਦੀ ਨਰਾਜ਼ਦੀ ਦੇ ਕਾਰਨ ਮਾਰਿਆ ਤਾਂ ਸਿਸਮਟ ਉਸ ਨਾਲ ਕਿਸ ਲਈ ਨਰਾਜ਼ ਸੀ?

ਲਯਾਰੀ ਦੀ ਊਰਦੂ ਆਰਟਸ ਯੂਨੀਵਰਿਸਟੀ ਦੇ ਪੱਤਰਕਾਰਿਤਾ ਵਿਭਾਗ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ(ਰਿਟਾਇਡ) ਤੌਸੀਫ਼ ਅਹਿਮਦ ਦਾ ਕਹਿਣਾ ਹੈ ਕਿ ਲਯਾਰੀ ਗੈਂਗਵਾਰ ਦੇ ਪਰਦੇ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਵੀ ਸੀ।

"ਜੋ ਮਾਰਾਮਾਰੀ ਤੁਸੀਂ ਲਿਆਰੀ ਵਿੱਚ ਦੇਖੀ ਉਸਦਾ ਸਿਰਾ ਤੁਹਾਨੂੰ ਇੱਥੇ ਨਹੀਂ ਮਿਲੇਗਾ। ਸਿਰਾ ਲੱਭਣ ਬਲੂਚਿਸਤਾਨ ਜਾਣਾ ਪਵੇਗਾ।"

ਪ੍ਰੋਫੈਸਰ ਤੌਸੀਫ਼ ਅਹਿਮਦ ਦਾ ਮੰਨਣਾ ਹੈ ਕਿ, ਬਲੋਚਿਸਤਾਨ ਦੇ ਨਸਲੀ ਅੰਦੋਲਨ ਨੂੰ ਲਯਾਰੀ ਤੋਂ ਵੱਖ ਕਰਨ ਲਈ, ਸੂਬੇ ਅਤੇ ਇਸ ਦੀਆਂ ਸੰਸਥਾਵਾਂ ਨੇ, ਇਲਾਕੇ ਵਿੱਚ ਰਾਜਨੀਤੀ ਨਾਲ ਅਪਰਾਧ ਦੀ ਜੜ੍ਹ ਨੂੰ ਖਤਮ ਕਰਨ ਦੀ ਬਜਾਏ, ਹਮੇਸ਼ਾ ਅਪਰਾਧ ਨੂੰ ਰਾਜਨੀਤੀ ਉੱਤੇ ਹਾਵੀ ਹੋਣ ਦਿੱਤਾ।

"ਜਦੋਂ 1973 ਵਿੱਚ ਬਲੋਚਿਸਤਾਨ ਵਿੱਚ ਫੌਜੀ ਕਾਰਵਾਈ ਸ਼ੁਰੂ ਹੋਈ, ਤਾਂ ਇੱਕ ਡਰ ਸੀ ਕਿ ਲਯਾਰੀ ਬਲੋਚ ਵਿਰੋਧ ਅੰਦੋਲਨ ਦਾ ਕੇਂਦਰ ਬਣ ਸਕਦਾ ਹੈ। ਲਯਾਰੀ ਨੂੰ ਵੱਖਰਾ ਰੱਖਣ ਲਈ, ਸੂਬੇ ਦੇ ਅਧਿਕਾਰੀਆਂ ਨੇ ਇਸ ਨੂੰ ਅਪਰਾਧ ਦੀ ਭੱਠੀ ਵਿੱਚ ਧੱਕ ਦਿੱਤਾ।"

ਪ੍ਰੋਫੈਸਰ ਤੌਸੀਫ਼ ਨੇ ਕਿਹਾ, "ਫ਼ੌਜ ਨੇ ਲਯਾਰੀ ਨੂੰ ਗੈਂਗਵਾਰ ਦੇ ਹਵਾਲੇ ਕਰ ਦਿੱਤਾ, ਅਤੇ ਪੀਪਲਜ਼ ਪਾਰਟੀ ਇਸ ਵਿੱਚ ਸ਼ਾਮਲ ਹੋ ਗਈ। ਪੀਪਲਜ਼ ਪਾਰਟੀ ਲਯਾਰੀ ਦੀ ਸਿਆਸੀ ਵਾਰਸ ਸੀ। ਉਨ੍ਹਾਂ ਨੇ ਸੰਘਰਸ਼ ਦਾ ਰਾਹ ਨਹੀਂ ਅਪਣਾਇਆ, ਸਗੋਂ ਆਸਾਨ ਰਾਹ ਚੁਣਿਆ। ਉਨ੍ਹਾਂ ਨੇ ਵੱਖ-ਵੱਖ ਸਮੇਂ 'ਤੇ ਉਨ੍ਹਾਂ ਗੈਂਗਸਟਰਾਂ ਦੀ ਰੱਖਿਆ ਕੀਤੀ।"

ਭਾਵੇਂ ਤੁਸੀਂ ਸਰਦਾਰ ਅਬਦੁਲ ਰਹਿਮਾਨ ਬਲੋਚ ਕਹੋ ਜਾਂ ਰਹਿਮਾਨ ਡਾਕੂ, ਇੱਕ ਗੱਲ ਪੱਕੀ ਹੈ, ਉਸਦਾ ਅੰਤਿਮ ਸੰਸਕਾਰ ਲਯਾਰੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਜਨਾਜ਼ਿਆਂ ਵਿੱਚੋਂ ਇੱਕ ਸੀ।

ਪੰਜ ਸਾਲ ਬਾਅਦ, ਜਨਵਰੀ 2014 ਵਿੱਚ, ਚੌਧਰੀ ਅਸਲਮ ਤਾਲਿਬਾਨ ਦੇ ਆਤਮਘਾਤੀ ਦਸਤੇ ਦਾ ਸ਼ਿਕਾਰ ਹੋ ਗਏ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)