ਅਕਸ਼ੈ ਖੰਨਾ 'ਧੁਰੰਧਰ' ਫ਼ਿਲਮ ਦੇ ਜਿਸ ਅਰਬੀ ਗਾਣੇ ਨਾਲ ਵਾਇਰਲ ਹੋਏ, ਉਸ ਦਾ ਗਾਇਕ ਕੌਣ ਹੈ

ਅਕਸ਼ੈ ਖੰਨਾ

ਤਸਵੀਰ ਸਰੋਤ, FB/JIOSTUDIO

ਤਸਵੀਰ ਕੈਪਸ਼ਨ, ਅਕਸ਼ੈ ਖੰਨਾ ਫਿਲਮ 'ਧੁਰੰਧਰ' ​​ਦੇ ਆਪਣੇ ਐਂਟਰੀ ਗਾਣੇ ਦੀ ਧੁਨ ਅਤੇ ਸਟੈਪਸ ਲਈ ਸੁਰਖੀਆਂ ਵਿੱਚ ਹਨ।

ਸੋਸ਼ਲ ਮੀਡੀਆ 'ਤੇ ਫ਼ਿਲਮ 'ਧੁਰੰਧਰ' ਬਾਰੇ ਬਹੁਤ ਚਰਚਾ ਹੋ ਰਹੀ ਹੈ। ਪਰ ਸਭ ਤੋਂ ਵੱਧ ਚਰਚਾ ਅਕਸ਼ੈ ਖੰਨਾ ਦੇ ਕਿਰਦਾਰ 'ਰਹਿਮਾਨ ਡਕੈਤ' ਦੀ ਹੋ ਰਹੀ ਹੈ।

ਅਕਸ਼ੈ ਖੰਨਾ ਨੇ ਪਹਿਲਾਂ ਵੀ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਜਿੱਥੇ ਉਨ੍ਹਾਂ ਦੀ ਅਦਾਕਾਰੀ ਦੇ ਹੁਨਰ ਦੀ ਬਹੁਤ ਤਾਰੀਫ਼ ਕੀਤੀ ਗਈ ਹੈ। ਭਾਵੇਂ ਉਹ 'ਛਾਵਾ' ਵਿੱਚ ਔਰੰਗਜ਼ੇਬ ਦੀ ਭੂਮਿਕਾ ਹੋਵੇ ਜਾਂ 'ਦ੍ਰਿਸ਼ਯਮ 2' ਵਿੱਚ ਆਈਜੀ ਤਰੁਣ ਅਹਲਾਵਤ ਦਾ ਕਿਰਦਾਰ ਹੋਵੇ।

ਪਰ ਇਸ ਵਾਰ ਰਹਿਮਾਨ ਡਾਕੂ ਦੇ ਕਿਰਦਾਰ ਵਿੱਚ ਅਕਸ਼ੈ ਖੰਨਾ ਦੇ ਨਾਲ-ਨਾਲ ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਬਲੋਚ ਆਗੂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਐਂਟਰੀ ਗੀਤ ਦੀ ਵੀ ਬਹੁਤ ਚਰਚਾ ਹੋ ਰਹੀ ਹੈ।

ਭਾਵੇਂ ਉਹ ਸਾਇਨਾ ਨੇਹਵਾਲ ਹੋਵੇ ਜਾਂ ਆਮ ਲੋਕ... ਇਸ ਗੀਤ ਦੇ ਪ੍ਰਸ਼ੰਸਕ ਇਸ ਨਾਲ ਜੁੜੇ ਸਟੈਪਸ ਕਰ ਰਹੇ ਹਨ ਅਤੇ ਗੀਤ 'ਤੇ ਰੀਲ ਬਣਾ ਰਹੇ ਹਨ।

ਇਸ ਗਾਣੇ ਦਾ ਸਿਰਲੇਖ ਹੈ FA9LA ਜਾਂ ਫ਼ਸਲਾ ਹੈ। ਇਸਨੂੰ ਬਹਿਰੀਨ ਦੇ ਰੈਪਰ ਫਲਿੱਪਰਾਚੀ ਨੇ ਗਾਇਆ ਹੈ।

ਇਸ ਕਹਾਣੀ ਵਿੱਚ ਅਸੀਂ ਤੁਹਾਨੂੰ ਇਸ ਗੀਤ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ।

ਗੀਤ ਦਾ ਅਰਥ ਕੀ ਹੈ?

ਫਿਲਮ ਧੁਰੰਧਰ ਦੇ ਇੱਕ ਸੀਨ ਵਿੱਚ ਅਕਸ਼ੈ ਖੰਨਾ

ਤਸਵੀਰ ਸਰੋਤ, JIO/YT/TRAILER GRAB

ਤਸਵੀਰ ਕੈਪਸ਼ਨ, ਫਿਲਮ ਧੁਰੰਧਰ ਦੇ ਇੱਕ ਸੀਨ ਵਿੱਚ ਅਕਸ਼ੈ ਖੰਨਾ

ਇਹ ਗਾਣਾ ਫ਼ਿਲਮ ਧੁਰੰਧਰ ਵਿੱਚ ਉਦੋਂ ਆਉਂਦਾ ਹੈ ਜਦੋਂ ਅਕਸ਼ੈ ਖੰਨਾ, ਖ਼ਲਨਾਇਕ ਰਹਿਮਾਨ ਡਾਕੂ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਹ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਜਾਂਦੇ ਹਨ।

ਅਕਸ਼ੈ ਖੰਨਾ ਗਾਣੇ ਦੀ ਧੁੰਨ ਅਤੇ ਬੋਲਾਂ 'ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਬਹੁਤ ਸਾਰੇ ਲੋਕ ਇਸ ਸੀਨ ਦੀਆਂ ਰੀਲਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੇ ਹਨ ਅਤੇ ਇਸ ਧੁਨ 'ਤੇ ਰੀਲਾਂ ਵੀ ਬਣਾ ਰਹੇ ਹਨ।

ਭਾਵੇਂ ਇਹ ਗਾਣਾ ਇਸ ਵੇਲੇ ਫ਼ਿਲਮ ਧੁਰੰਧਰ ਕਾਰਨ ਖ਼ਬਰਾਂ ਵਿੱਚ ਹੈ, ਪਰ ਇਹ ਇੱਕ ਸਾਲ ਪੁਰਾਣਾ ਹੈ। ਇਸਨੂੰ ਜੂਨ 2024 ਵਿੱਚ ਫਲਿਪਰਾਚੀ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਸੀ।

ਇਹ ਗੀਤ ਫਲਿਪਰਾਚੀ ਦਾ ਲਿਖਿਆ ਹੋਇਆ ਅਤੇ ਡੀਜੇ ਆਊਟਲਾ ਵੱਲੋਂ ਮਿਕਸ ਕੀਤਾ ਗਿਆ ਸੀ। 9 ਦਸੰਬਰ ਦੀ ਸ਼ਾਮ ਤੱਕ ਇਸ ਗੀਤ ਨੂੰ 81 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ।

ਪਹਿਲਾਂ ਇਸ ਗੀਤ ਦੇ ਬੋਲਾਂ ਦਾ ਮਿਲਦਾ-ਜੁਲਦਾ ਤਰਜ਼ਮਾ ਪੜ੍ਹੋ। ਧਿਆਨ ਰਹੇ ਕਿ ਇਹ ਸ਼ਾਬਦਿਕ ਅਨੁਵਾਦ ਨਹੀਂ ਹੈ। ਗੀਤ ਦਾ ਮਿਜ਼ਾਜ ਇੱਕ ਪਾਰਟੀ ਵਿੱਚ ਮਸਤੀ ਕਰਨ ਬਾਰੇ ਹੈ।

ਇਹ ਇੱਕ ਅਰਬੀ ਗਾਣਾ ਹੈ ਅਤੇ ਇਸਦਾ ਲਹਿਜ਼ਾ ਬਹਿਰੀਨੀ ਹੈ।

ਗੀਤ ਦੇ ਬੋਲ ਹਨ:

ਯਖੀ ਦੂਸ ਦੂ ਇੰਦੀ ਫਸਲਾ...ਯਖੀ ਤਫ਼ਵੂਜ਼ ਤਫ਼ਵੂਜ਼ ਵਲਾਹ ਖੋਸ਼ ਰਕਸਾ

ਯਾਨੀ

ਬਾਈ ਝੂਮਕੇ ਨੱਚ, ਮੇਰੇ ਕੋਲ ਕਮਾਲ ਦੀਆਂ ਮੂਵਜ਼ ਹਨ

ਬਾਈ, ਤੂੰ ਜਿੱਤੇਗਾਂ-ਜਿੱਤੇਗਾਂ! ਮੈਂ ਸਹੁੰ ਖਾਂਦਾ ਹਾਂ... ਚਲ ਮਸਤੀ ਵਿੱਚ ਨੱਚਦੇ ਹਾਂ

ਮੇਰੇ ਕੋਲ ਤੁਹਾਡੇ ਲਈ ਇੱਕ ਧਮਾਕੇਦਾਰ ਡਾਂਸ ਹੈ, ਹਬੀਬੀ...

ਮੇਰੇ ਕੋਲ ਬਹੁਤ ਸਾਰਾ ਪੈਸਾ ਹੈ, ਮਜ਼ਾ ਹੀ ਮਜ਼ਾ ਹੈ

ਮੇਰੇ ਕੋਲ ਬਹੁਤ ਪੈਸਾ ਹੈ, ਪਰ ਵੱਲਾਹ ਡਾਂਸ ਕਮਾਲ ਹੈ

ਮੇਰੇ ਕੋਲ ਪਿਆਰ ਭਰਿਆ ਇੱਕ ਜ਼ਬਰਦਸਤ ਡਾਂਸ ਹੈ

ਉਸਦਾ ਨਾਮ ਸੁਭਾਹ ਹੈ, ਉਸਦੀ ਖ਼ੂਬਸੂਰਤੀ ਕਿਸਮਤ ਨਾਲ ਮਿਲੀ ਹੈ

ਹੱਥ ਵਧਾਓ, ਮੈਂ ਤੁਹਾਡਾ ਹੱਥ ਫੜ ਲਵਾਂਗਾ

ਜਦੋਂ ਮੈਂ ਤੈਨੂੰ ਘੁੰਮਾਉਂਦਾ ਹਾਂ, ਤੇਰਾ ਸਾਰਾ ਸਰੀਰ ਘੁੰਮਦਾ ਹੈ

ਮੈਨੂੰ ਫ੍ਰੈਂਚ ਡਾਂਸ ਦਿਖਾਓ

ਥੋੜ੍ਹਾ ਹੋਰ ਜੋਸ਼ ਨਾਲ, ਮੇਰੇ ਕੋਲ ਪੂਰਾ ਸਟਾਈਲ ਹੈ

ਇਹ ਸਾਡਾ ਕੰਮ ਹੈ, ਸਾਨੂੰ ਚੰਗੀ ਤਰ੍ਹਾਂ ਆਉਂਦਾ ਹੈ

ਉਹ ਹਰ ਗੱਲ ਵਿੱਚ ਉਲਝੀ ਰਹਿੰਦੀ ਹੈ, ਉਹੀ ਮੇਰੀ ਪਸੰਦ ਹੈ

ਪਿਆਰਾ ਦਿਲ, ਪਿਆਰਾ ਡਾਂਸ

ਮੈਨੂੰ ਇੱਕ ਹੋਰ ਰਾਉਂਡ ਦਿਓ

ਆਓ ਕਾਰ ਨੂੰ ਬਾਸ 'ਤੇ ਨੱਚਓ

ਆਓ, ਮੇਰੇ ਤੋਂ ਇੱਕ ਹੋਰ ਡਾਂਸ ਮੰਗੋ

ਸਟ੍ਰੀਟ ਡਾਂਸ - ਨਾ ਸੱਤ, ਨਾ ਅੱਠ

ਮੇਰੇ ਕੋਲ ਬਹੁਤ ਸਾਰਾ ਪੈਸਾ ਹੈ, ਮਜ਼ਾ ਹੀ ਮਜ਼ਾ ਹੈ

ਮੇਰੇ ਕੋਲ ਬਹੁਤ ਪੈਸਾ ਹੈ, ਪਰ ਵੱਲਾਹ ਡਾਂਸ ਬਹੁਤ ਕਮਾਲ ਹੈ

ਗਾਇਕ ਫਲਿਪਰਾਚੀ ਬਾਰੇ ਜਾਣੋ

ਗਾਇਕ ਫਲਿਪਰਾਚੀ

ਤਸਵੀਰ ਸਰੋਤ, INSTAGRAM/flipperachay

ਤਸਵੀਰ ਕੈਪਸ਼ਨ, ਗਾਇਕ ਫਲਿਪਰਾਚੀ

ਫਲਿਪਰਾਚੀ ਦਾ ਅਸਲੀ ਨਾਮ ਹੁਸੈਮ ਅਸੀਮ ਹੈ। ਉਹ ਅਰਬ ਜਗਤ ਵਿੱਚ ਹਿੱਪ ਹੌਪ ਸੰਗੀਤ ਦਾ ਇੱਕ ਵੱਡਾ ਨਾਮ ਹਨ।

ਫਲਿਪਰਾਚੀ ਨੇ 9 ਦਸੰਬਰ ਨੂੰ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਕਿਹਾ, "ਇਸ ਗਾਣੇ ਨੂੰ ਭਾਰਤ ਦਾ ਨੰਬਰ ਇੱਕ ਟਰੈਕ ਬਣਾਉਣ ਲਈ ਧੰਨਵਾਦ। ਲਵ ਯੂ ਇੰਡੀਆ।"

ਲਾਸਟ ਐੱਫ਼ਐੱਮ ਵੈੱਬਸਾਈਟ ਮੁਤਾਬਕ, ਫਲਿਪਰਾਚੀ ਨੇ 12 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ।

ਵੈੱਬਸਾਈਟ ਨੇ ਫਲਿਪਰਾਚੀ ਦੇ ਹਵਾਲੇ ਨਾਲ ਕਿਹਾ, "ਮੈਨੂੰ ਹਿੱਪ ਹੌਪ ਦਾ ਅਸਲੀ ਚਸਕਾ 1988 ਵਿੱਚ ਲੱਗਿਆ।"

"ਮੈਂ 2003 ਵਿੱਚ ਆਪਣਾ ਸੰਗੀਤ ਬਣਾਉਣਾ ਸ਼ੁਰੂ ਕੀਤਾ। ਮੈਂ ਆਪਣੇ ਮਨ ਵਿੱਚ ਆਉਣ ਵਾਲੇ ਕਿਸੇ ਵੀ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਜਿਸਦਾ ਚੰਗਾ ਅਰਥ ਨਿਕਲਦਾ ਸੀ।"

ਲਾਸਟ ਐੱਫ਼ਐੱਮ ਵੈੱਬਸਾਈਟ 'ਤੇ ਲਿਖਿਆ ਗਿਆ ਹੈ ਕਿ 2008 ਵਿੱਚ ਫਲਿਪਰਾਚੀ ਦੀ ਮੁਲਾਕਾਤ ਡੀਜੇ ਆਊਟਲਾਅ ਨਾਲ ਹੋਈ ਅਤੇ ਦੋਵਾਂ ਨੇ ਇਕੱਠੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਸ਼ਾਸ਼ਵਤ ਸਚਦੇਵ ਫਿਲਮ ਧੁਰੰਧਰ ਦੇ ਸੰਗੀਤ ਨਿਰਦੇਸ਼ਕ ਹਨ। ਫਿਲਮ ਦੇ ਬਹੁਤ ਸਾਰੇ ਗਾਣੇ, ਟ੍ਰੇਲਰ ਅਤੇ ਦ੍ਰਿਸ਼ ਖ਼ਬਰਾਂ ਵਿੱਚ ਹਨ।

ਸੰਗੀਤਕਾਰ ਰੋਸ਼ਨ ਦੀ 1960 ਦੀ ਫਿਲਮ 'ਬਰਸਾਤ ਕੀ ਰਾਤ' ਦੀ ਇੱਕ ਕੱਵਾਲੀ ਫਿਲਮ ਧੁਰੰਧਰ ਵਿੱਚ ਵੀ ਵਰਤੀ ਗਈ ਹੈ।

ਸਾਹਿਰ ਲੁਧਿਆਣਵੀ ਦੀ ਲਿਖੀ ਗਈ ਕੱਵਾਲੀ 'ਨਾ ਤੋ ਕਾਰਵਾਂ ਕੀ ਤਲਸ਼ ਹੈ...' ਨੂੰ ਫਿਲਮ ਧੁਰੰਧਰ ਵਿੱਚ ਰੀਮਿਕਸ ਕਰਕੇ ਵਰਤਿਆ ਗਿਆ ਹੈ।

ਐਂਟਰੀ ਗੀਤ ਨਾਲ ਚਰਚਾ ਵਿੱਚ ਆਉਣਾ

ਫਿਲਮ ਐਨੀਮਲ ਵਿੱਚ ਬੌਬੀ ਦਿਓਲ ਦੀ ਐਂਟਰੀ

ਤਸਵੀਰ ਸਰੋਤ, TSERIES/SCREEN GRAB

ਤਸਵੀਰ ਕੈਪਸ਼ਨ, ਫਿਲਮ ਐਨੀਮਲ ਵਿੱਚ ਬੌਬੀ ਦਿਓਲ ਦੀ ਐਂਟਰੀ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਅਦਾਕਾਰ ਆਪਣੇ ਐਂਟਰੀ ਗੀਤ ਨਾਲ ਸੁਰਖੀਆਂ ਵਿੱਚ ਆਇਆ ਹੈ।

ਇਸ ਤੋਂ ਪਹਿਲਾਂ, ਬੌਬੀ ਦਿਓਲ ਦਾ ਫ਼ਿਲਮ ਐਨੀਮਲ ਦਾ ਐਂਟਰੀ ਗੀਤ 'ਜਮਾਲ ਕੁਡੂ' ਵੀ ਵਾਇਰਲ ਹੋਇਆ ਸੀ।

ਇਹ ਇੱਕ ਫ਼ਾਰਸੀ ਗੀਤ ਸੀ, ਜਿਸਨੂੰ ਫਿਲਮ ਵਿੱਚ ਵਰਤਿਆ ਗਿਆ ਸੀ।

ਇਸ ਗਾਣੇ ਵਿੱਚ ਆਪਣੀ ਐਂਟਰੀ ਅਤੇ ਡਾਂਸ ਸਟੈਪਸ ਕਾਰਨ ਬੌਬੀ ਦਿਓਲ ਲੋਕਾਂ ਵਿੱਚ ਛਾ ਗਏ ਸਨ।

ਆਦਿਤਿਆ ਧਰ ਦੀ ਫਿਲਮ ਬਾਕਸ ਆਫਿਸ 'ਤੇ ਕਰੋੜਾਂ ਦੀ ਕਮਾਈ ਕਰ ਰਹੀ ਹੈ।

ਫਿਲਮ ਆਲੋਚਕ ਤਰਨ ਆਦਰਸ਼ ਮੁਤਾਬਕ, ਧੁਰੰਦਰ ਨੇ ਪਹਿਲੇ ਚਾਰ ਦਿਨਾਂ ਵਿੱਚ 130 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

ਫਿਲਮ 'ਚ ਰਣਵੀਰ ਸਿੰਘ, ਅਰਜੁਨ ਰਾਮਪਾਲ, ਅਕਸ਼ੇ ਖੰਨਾ, ਮਾਧਵਨ ਅਤੇ ਸੰਜੇ ਦੱਤ ਵਰਗੇ ਕਲਾਕਾਰ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)