ਗੋਲੀਆਂ ਦੀ ਗੂੰਜ, ਤੰਗ ਗਲੀਆਂ ਅਤੇ ਖੌਫ਼: ਫਿਲਮ 'ਧੁਰੰਧਰ' ਵਿੱਚ ਦਿਖਾਇਆ ਲਿਆਰੀ ਹੁਣ ਕਿਹੋ-ਜਿਹਾ ਹੈ?

ਤਸਵੀਰ ਸਰੋਤ, ADITYADHAR FILMS/X/BBC
- ਲੇਖਕ, ਰਿਆਜ਼ ਸੋਹੈਲ
- ਰੋਲ, ਬੀਬੀਸੀ ਪੱਤਰਕਾਰ
"ਮੈਂ ਜਦੋਂ 'ਧੁਰੰਧਰ' ਫਿਲਮ ਦਾ ਟ੍ਰੇਲਰ ਦੇਖਿਆ, ਤਾਂ ਮੈਨੂੰ ਲੱਗਾ ਜਿਵੇਂ ਮੇਰਾ ਬਚਪਨ ਵਾਪਸ ਆ ਗਿਆ ਹੋਵੇ। ਜਦੋਂ ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਹੁੰਦੀਆਂ ਸਨ ਤਾਂ ਅਸੀਂ ਸੜਕਾਂ 'ਤੇ ਕ੍ਰਿਕਟ ਖੇਡ ਰਹੇ ਹੁੰਦੇ ਸੀ।"
ਕਰਾਚੀ ਦੇ ਲਿਆਰੀ ਇਲਾਕੇ ਵਿੱਚ ਗੈਂਗਸਟਰਾਂ ਦੀ ਲੜਾਈ ਅਤੇ ਪੁਲਿਸ ਆਪਰੇਸ਼ਨ ਨੂੰ ਭਾਰਤੀ ਫਿਲਮ 'ਧੁਰੰਧਰ' ਦੀ ਕਹਾਣੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਕਹਾਣੀ ਨੇ ਹਿੱਪ-ਹੌਪ ਗਾਇਕ ਕਾਮਰਾਨ ਐਡਮ ਸੁਮੂੰ ਵਰਗੇ ਲਿਆਰੀ ਦੇ ਕਈ ਲੋਕਾਂ ਨੂੰ ਅਤੀਤ ਦੀ ਯਾਦ ਦਿਵਾਈ, ਜਿਸ ਨੂੰ ਕੁਝ ਲੋਕ "ਕਾਲਾ ਦੌਰ" ਕਹਿੰਦੇ ਹਨ।
ਇਸ ਫਿਲਮ ਦਾ ਟ੍ਰੇਲਰ ਇਸ ਵੇਲੇ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ, ਜਦਕਿ ਕਈ ਯੂਜ਼ਰਸ ਫਿਲਮ ਵਿੱਚ ਕੁੱਟਮਾਰ ਵਾਲੇ ਸੀਨ ਦਿਖਾਏ ਜਾਣ ਦੀ ਆਲੋਚਨਾ ਕਰ ਰਹੇ ਹਨ।
ਇਹ ਫਿਲਮ, ਜੋ ਜ਼ਾਹਿਰ ਤੌਰ 'ਤੇ ਪਾਕਿਸਤਾਨ ਅਤੇ ਭਾਰਤ ਦੀ ਖ਼ੁਫ਼ੀਆਂ ਏਜੰਸੀਆਂ ਦੀ ਇੱਕ-ਦੂਜੇ ਦੇ ਦੇਸ਼ਾਂ ਵਿੱਚ ਕੀਤੀਆਂ ਕਾਰਵਾਈਆਂ ਨੂੰ ਦਰਸਾ ਰਹੀ ਹੈ ਅਤੇ ਅਜਿਹੇ ਸਮੇਂ ਰਿਲੀਜ਼ ਕੀਤੀ ਜਾ ਰਹੀ ਹੈ ਜਦੋਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਮਈ ਦੇ ਵਿਵਾਦ ਤੋਂ ਬਾਅਦ ਤਣਾਅ ਹੁਣ ਵੀ ਜਾਰੀ ਹੈ।

ਮਜ਼ਦੂਰ ਬਸਤੀ ਵਿੱਚ 'ਗੈਂਗਜ਼ ਆਫ ਲਿਆਰੀ' ਦਾ ਸਫ਼ਰ
2023 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਲਿਆਰੀ ਟਾਊਨ ਦੀ ਆਬਾਦੀ ਲਗਭਗ 10 ਲੱਖ ਹੈ ਅਤੇ ਇਹ ਕਰਾਚੀ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ।
ਇਹ ਬਲੋਚ, ਸਿੰਧੀ, ਉਰਦੂ, ਪਸ਼ਤੂਨ ਅਤੇ ਪੰਜਾਬੀ ਬੋਲਣ ਵਾਲਿਆਂ ਦਾ ਘਰ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਬਹੁਤ ਸਾਰੇ ਸੱਭਿਆਚਾਰ ਇਕੱਠੇ ਰਹਿੰਦੇ ਹਨ।
ਲਿਆਰੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੇ ਕਰਾਚੀ ਸ਼ਹਿਰ ਨੂੰ ਜਨਮ ਦਿੱਤਾ ਹੈ, ਜਿੱਥੇ ਸ਼ੁਰੂਆਤੀ ਤੌਰ 'ਤੇ ਮਜ਼ਦੂਰ ਵਰਗ ਵਸਿਆ ਸੀ। ਸਮੇਂ ਦੇ ਨਾਲ, ਉਦਯੋਗਿਕ ਵਿਕਾਸ ਅਤੇ ਬੰਦਰਗਾਹ ਨੇੜੇ ਹੋਣ ਕਾਰਨ ਇੱਥੇ ਮਜ਼ਦੂਰ, ਕਾਰੀਗਰ ਅਤੇ ਕਾਰੋਬਾਰੀ ਲੋਕ ਵਸ ਗਏ ਅਤੇ ਇਹ ਸ਼ਹਿਰ ਦਾ ਪਹਿਲਾਂ 'ਵਰਕਿੰਗ ਕਲਾਸ' ਇਲਾਕਾ ਬਣਿਆ।
ਇਸ ਤਰ੍ਹਾਂ ਇਹ ਰਾਜਨੀਤਕ ਗਤੀਵਿਧੀਆਂ ਅਤੇ ਮਜ਼ਦੂਰ ਅੰਦੋਲਨਾਂ ਦਾ ਕੇਂਦਰ ਵੀ ਰਿਹਾ ਹੈ।
21ਵੀਂ ਸਦੀ ਦੀ ਸ਼ੁਰੂਆਤ ਇਸ ਇਲਾਕੇ ਲਈ ਮਾੜੀ ਰਹੀ। ਪਹਿਲਾਂ, ਨਸ਼ੀਲੇ ਪਦਾਰਥਾਂ ਦੇ ਵਿਕਰੇਤਾ ਅਤੇ ਉਸ ਤੋਂ ਬਾਅਦ ਗੈਂਗਸਟਰ ਸਮੂਹ ਸਰਗਰਮ ਹੋ ਗਏ।
ਸ਼ਹਿਰ ਵਿੱਚ ਭਾਸ਼ਾਈ ਵਿਤਕਰੇ ਅਤੇ ਹੰਗਾਮੇ ਨੇ ਵੀ ਆਪਣਾ ਰੰਗ ਦਿਖਾਇਆ ਅਤੇ ਲਿਆਰੀ ਦੀ ਪਛਾਣ ਬਦਲਣੀ ਸ਼ੁਰੂ ਹੋ ਗਈ।
ਅਤੀਤ ਵਿੱਚ ਲਿਆਰੀ ਵਿੱਚ ਗੈਂਗ ਸਿਰਫ਼ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੱਕ ਹੀ ਸੀਮਤ ਸਨ। ਕਲਾਕੋਟ ਦੀ ਅਫ਼ਸ਼ਾਨੀ ਗਲੀ ਦੇ ਦੋ ਭਰਾਵਾਂ, ਸ਼ੇਰ ਮੁਹੰਮਦ (ਸ਼ੇਰੂ) ਅਤੇ ਦਾਦ ਮੁਹੰਮਦ (ਦਾਦਲ, ਰਹਿਮਾਨ ਬਲੋਚ ਦੇ ਪਿਤਾ) ਨੇ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਵਧਾਉਣ ਅਤੇ ਸ਼ਕਤੀ ਹਾਸਲ ਕਰਨ ਲਈ ਆਪਣਾ ਗੈਂਗ ਬਣਾਉਣਾ ਸ਼ੁਰੂ ਕਰ ਦਿੱਤਾ।
ਸਾਬਕਾ ਪੁਲਿਸ ਸੁਪਰਡੈਂਟ (ਐੱਸਪੀ) ਫੈਯਾਜ਼ ਖ਼ਾਨ ਮੁਤਾਬਕ, "ਦੂਜੇ ਪਾਸੇ, ਡਰੱਗ ਦੇ ਕਾਰੋਬਾਰ ਨਾਲ ਜੁੜਿਆ ਇਕਬਾਲ ਉਰਫ਼ ਬਾਬੂ ਡਕੈਤ ਦਾ ਗੈਂਗ ਵੀ ਲਿਆਰੀ ਦੇ ਇਸੇ ਇਲਾਕੇ ਕਲਰੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਮੁਹੱਲੇ ਵਿੱਚ ਸਰਗਰਮ ਸੀ।

ਤਸਵੀਰ ਸਰੋਤ, ADITYADHAR FILMS/X
ਫਿਰ ਲਿਆਰੀ ਵਰਗੇ ਸੰਘਣੀ ਆਬਾਦੀ ਦਾ ਕਿਹੜਾ ਇਲਾਕਾ ਕਿਸ ਕੋਲ ਹੋਵੇਗਾ ਅਤੇ ਕਿਸ ਮੁਹੱਲੇ ਵਿੱਚ ਚਰਸ ਅਤੇ ਅਫੀਮ ਵਰਗੇ ਡਰੱਗ ਦਾ ਕਾਰੋਬਾਰ ਕਿਸ ਦੇ ਕਬਜ਼ੇ ਵਿੱਚ ਹੋਵੇਗਾ, ਇਹ ਰੱਸਾਕਸ਼ੀ ਦੁਸ਼ਮਣੀ ਦਾ ਰੰਗ ਧਾਰਦੀ ਚਲੀ ਗਈ।"
ਦਾਦਲ ਦੀ ਮੌਤ ਤੋਂ ਬਾਅਦ ਰਹਿਮਾਨ ਨੇ "ਵਿਰਾਸਤ" ਸੰਭਾਲੀ ਅਤੇ ਜਲਦੀ ਹੀ ਕਾਰੋਬਾਰੀ ਈਰਖਾ ਅਤੇ ਇੱਕ-ਦੂਜੇ ਨੂੰ ਨੀਵਾਂ ਦਿਵਾਉਣ ਦੀ ਖਿੱਚੋਤਾਣ ਵਿੱਚ ਇੱਕ ਦਿਨ ਰਹਿਮਾਨ ਦੀ ਹਾਜੀ ਲਾਲੂ ਅਤੇ ਉਸ ਦੇ ਪੁੱਤਰਾਂ ਨਾਲ ਖਿਟਪਿਟ ਹੋ ਗਈ।
ਇਸ ਗਰਮਾ-ਗਰਮੀ ਨੇ ਲਾਲੂ ਅਤੇ ਰਹਿਮਾਨ ਦੀ ਰਾਹ ਵੱਖ ਕਰ ਦਿੱਤੀ।
ਸਾਬਕਾ ਐੱਸਪੀ ਫਯਾਜ਼ ਖ਼ਾਨ ਦੇ ਅਨੁਸਾਰ, ਇਹ ਟਕਰਾਅ ਦੁਸ਼ਮਣੀ ਵਿੱਚ ਬਦਲ ਗਿਆ ਅਤੇ ਲਾਲੂ ਦੇ ਪੁੱਤਰ ਅਰਸ਼ਦ ਪੱਪੂ ਨੇ ਕਲਾਕੋਟ ਵਿੱਚ ਰਹਿਮਾਨ ਨੂੰ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ।
ਰਹਿਮਾਨ ਬਚ ਤਾਂ ਗਿਆ ਪਰ ਅਰਸ਼ਦ ਪੱਪੂ ਦੇ ਗੁੱਸੇ ਦਾ ਰੁਖ਼ ਉਸ ਦੇ ਰਿਸ਼ਤੇਦਾਰਾਂ ਵੱਲ ਹੋਇਆ ਅਤੇ ਅਰਸ਼ਦ ਪੱਪੂ ਦੇ ਹੱਥੋਂ ਰਹਿਮਾਨ ਦੇ ਰਿਸ਼ਤੇਦਾਰ ਮਾਰੇ ਜਾਣ ਲੱਗੇ।
ਉਧਰ ਰਹਿਮਾਨ ਨੇ ਬਚੀ-ਖੁਚੀ ਤਾਕਤ ਇਕੱਠੀ ਕਰ ਕੇ ਜਵਾਬੀ ਤੌਰ 'ਤੇ ਅਰਸ਼ਦ ਪੱਪੂ ਦੇ ਰਿਸ਼ਤੇਦਾਰਾਂ 'ਤੇ ਹਮਲਿਆਂ ਦੀ ਸ਼ੁਰੂਆਤ ਕੀਤੀ।
ਇਨ੍ਹਾਂ ਵਿੱਚ ਬਲੋਚ ਇੱਕਜੁਟਤਾ ਦੇ ਆਗੂ ਅਤੇ ਲਿਆਰੀ ਦੀ ਮੰਨੀ-ਪ੍ਰਮੰਨੀ ਹਸਤੀ ਅਨਵਰ ਭਾਈ ਜਾਨ ਵਰਗੇ ਮਸ਼ਹੂਰ ਲੋਕ ਵੀ ਮਾਰੇ ਗਏ।
ਪੁਲਿਸ ਮੁਤਾਬਕ, ਡਰੱਗਸ ਤੋਂ ਬਾਅਦ ਲਿਆਰੀ ਦੇ ਗੈਂਗਸ ਜਬਰਨ ਵਸੂਲੀ ਕਰਨ ਲੱਗੇ।
ਸ਼ੇਰਸ਼ਾਹ ਕਬਾੜੀ ਮਾਰਕਿਟ ਤੋਂ ਲੈ ਕੇ ਜੋੜੀਆ ਬਾਜ਼ਾਰ ਤੱਕ, ਜੋ ਸ਼ਹਿਰ ਦੀ ਹੋਲਸੇਲ ਮਾਰਕਿਟ ਹੈ, ਇਹ ਦਾਇਰਾ ਵਧਦਾ ਗਿਆ।
ਆਖ਼ਰਕਾਰ ਸਾਲ 2009 ਵਿੱਚ ਰਹਿਮਾਨ ਐੱਸਪੀ ਚੌਧਰੀ ਦੇ ਨਾਲ ਇੱਕ ਕਥਿਤ ਮੁਠਭੇੜ ਵਿੱਚ ਮਾਰਿਆ ਗਿਆ ਅਤੇ ਗੈਂਗ ਦੀ ਵਾਗਡੋਰ ਉਜ਼ੈਰ ਬਲੋਚ ਦੇ ਕੋਲ ਆ ਗਈ, ਜਿਸ ਨੇ ਸਥਾਨਕ ਸਿਆਸਤ 'ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ।
2012 ਵਿੱਚ ਲਿਆਰੀ ਦੇ ਚੀਲ ਚੌਕ 'ਤੇ ਇੱਕ ਆਪ੍ਰੇਸ਼ਨ ਕੀਤਾ ਗਿਆ ਸੀ, ਜੋ ਇੱਕ ਹਫ਼ਤੇ ਤੱਕ ਚੱਲਿਆ।
ਇਸ ਕਾਰਨ ਇੱਕ ਹਫ਼ਤੇ ਕਾਰਨ ਇਲਾਕੇ ਦੇ ਲੋਕ ਸੁਰੱਖਿਅਤ ਰਹੇ। ਇਸ ਆਪ੍ਰੇਸ਼ਨ ਵਿੱਚ 25 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਪੁਲਿਸ ਕਰਮਚਾਰੀ ਵੀ ਸ਼ਾਮਲ ਸਨ।

ਸਾਲ 2013 ਵਿੱਚ ਜਦੋਂ ਕਰਾਚੀ ਵਿੱਚ ਸਮੁੱਚੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਇੱਕ ਆਪ੍ਰੇਸ਼ਨ ਸ਼ੁਰੂ ਹੋਇਆ, ਤਾਂ ਲਿਆ ਦੇ ਗੈਂਗ ਵੀ ਰਡਾਰ 'ਤੇ ਆ ਗਏ।
ਸ਼ੇਰ ਮੁਹੰਮਦ ਬਲੋਚ ਪਾਕਿਸਤਾਨ ਦਾ ਇੱਕ ਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਹੈ। ਉਹ ਇਸ ਸਮੇਂ ਫਕੀਰ ਕਲੋਨੀ ਵਿੱਚ ਮੁੰਡਿਆਂ ਅਤੇ ਕੁੜੀਆਂ ਨੂੰ ਮੁੱਕੇਬਾਜ਼ੀ ਸਿਖਾਉਂਦਾ ਹੈ।
ਇਸ ਸਿਖਲਾਈ ਵਿੱਚ ਉਨ੍ਹਾਂ ਦੇ ਉਸਤਾਦ ਫਿਦਾ ਬਲੋਚ ਵੀ ਹੁੰਦੇ ਹਨ। ਦੋਵਾਂ ਨੇ ਮਿਲ ਕੇ ਅਕੈਡਮੀ ਬਣਾਈ ਹੈ।
ਦੋਵੇਂ ਹੀ ਗੈਂਗਵਾਰ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਸ਼ਾਮਲ ਹਨ। ਸ਼ੇਰ ਮੁਹੰਮਦ ਦਾ ਛੋਟਾ ਪੁੱਤਰ ਅਤੇ ਫਿਦਾ ਦੇ ਦੋ ਭਰਾ ਇਸ ਘਟਨਾ ਵਿੱਚ ਮਾਰੇ ਗਏ ਸਨ।
ਸ਼ੇਰ ਮੁਹੰਮਦ ਨੇ ਦੱਸਿਆ ਕਿ ਲਿਆਰੀ ਦੇ ਹਾਲਾਤ ਕਾਰਨ ਸਾਲ 2008 ਵਿੱਚ ਉਹ ਸੰਗੋ ਲਾਈਨ ਛੱਡ ਕੇ ਮਵਾਛ ਗੋਠ ਚਲੇ ਗਏ ਸਨ, ਪਰ ਗੈਂਗਸਟਰਾਂ ਨੇ ਉਨ੍ਹਾਂ ਨੂੰ ਉੱਥੇ ਵੀ ਨਾ ਛੱਡਿਆ।
ਉਨ੍ਹਾਂ ਮੁਤਾਬਕ, ਸਿਰਫ਼ ਅੱਧੇ ਘੰਟੇ ਵਿੱਚ ਉਨ੍ਹਾਂ ਦੇ ਪੰਜ ਮੁੱਕੇਬਾਜ਼ ਮਾਰ ਦਿੱਤੇ ਗਏ।
ਉਨ੍ਹਾਂ ਦੇ ਅਨੁਸਾਰ, "9 ਮਾਰਚ, 2014 ਨੂੰ ਰਾਤ 11 ਵਜੇ 30 ਤੋਂ 40 ਹਥਿਆਰਬੰਦ ਲੋਕ ਆਏ। ਉਨ੍ਹਾਂ ਨੇ ਉਸਤਾਦ ਫਿਦਾ ਦੇ ਭਰਾਵਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ, ਮੁੰਡਿਆਂ ਨੂੰ ਬਾਹਰ ਕੱਢਿਆ, ਮੇਰੇ ਪੁੱਤਰ ਨੂੰ ਬਾਹਰ ਕੱਢਿਆ ਅਤੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ।"
ਉਨ੍ਹਾਂ ਨੇ ਦਰਦ ਭਰੇ ਲਹਿਜ਼ੇ ਵਿੱਚ ਕਿਹਾ, "ਸਾਡੇ ਪੰਜ ਮੁੱਕੇਬਾਜ਼ਾਂ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।"

ਫਿਦਾ ਬਲੋਚ ਦੱਸਦੇ ਹਨ ਕਿ ਉਨ੍ਹਾਂ ਦੀ ਨੂੰਹ ਨੇ ਫ਼ੋਨ ਕਰ ਕੇ ਇਸ ਬਾਰੇ ਸੂਚਿਤ ਕੀਤਾ। ਉਹ ਤੁਰੰਤ ਉੱਥੇ ਪਹੁੰਚੇ ਤਾਂ ਲੋਕਾਂ ਨੇ ਦੱਸਿਆ ਕਿ ਲਾਸ਼ਾਂ ਅਤੇ ਪਰਿਵਾਰ ਨੂੰ ਸੁਜ਼ੂਕੀ ਕਾਰ ਵਿੱਚ ਪਾ ਕੇ ਲਿਆਰੀ ਭੇਜਿਆ ਅਤੇ ਕਿਹਾ ਹੈ ਕਿ ਜਿੱਥੋਂ ਆਏ ਹੋ, ਉੱਥੇ ਜਾਓ।
ਉਹ ਲਿਆਰੀ ਲਈ ਨਿਕਲੇ ਤਾਂ ਰਸਤੇ ਵਿੱਚ ਮੀਰਾਂ ਨਾਕੇ 'ਤੇ ਗੈਂਗਵਾਰ ਵਾਲਿਆਂ ਨੇ ਫੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਿਕਲਣ ਵਿੱਚ ਕਾਮਯਾਬ ਹੋ ਗਏ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਪਰਿਵਾਰ ਸਿਵਲ ਹਸਪਤਾਲ ਵਿੱਚ ਹੈ। ਜਦੋਂ ਉਨ੍ਹਾਂ ਮੁਰਦਾਘਰ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੂੰ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ।
ਫਿਦਾ ਬਲੋਚ ਦੱਸਦੇ ਹਨ ਕਿ ਉਹ ਲਾਸ਼ਾਂ ਨੂੰ ਫ਼ਕੀਰ ਕਲੋਨੀ ਲੈ ਕੇ ਆਏ ਅਤੇ ਉੱਥੇ ਉਨ੍ਹਾਂ ਦਫ਼ਨਾ ਦਿੱਤਾ। ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਗੈਂਗ ਵਾਲਿਆਂ ਨੇ ਉਨ੍ਹਾਂ ਦੇ ਘਰ ਸਾੜ੍ਹ ਦਿੱਤੇ ਹਨ।
ਉਸ ਦਿਨ ਦੇ ਬਾਅਦ ਸ਼ੇਰ ਮੁਹੰਮਦ ਬਲੋਚ ਨੇ ਮਵਾਛ ਤੋਂ ਹਟ ਕੇ ਫ਼ਕੀਰ ਕਲੌਨੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ।
ਸ਼ੇਰ ਮੁਹੰਮਦ ਬਲੋਚ ਕਹਿੰਦੇ ਹਨ ਕਿ ਉਹ ਚਾਹੁੰਦੇ ਸਨ ਕਿ "ਅਸੀਂ ਇੱਥੇ ਹੋਣ ਵਾਲੀਆਂ ਗੈਂਗਵਾਰਾਂ ਵਿੱਚ ਸ਼ਾਮਲ ਹੋ ਜਾਈਏ, ਪਰ ਅਸੀਂ ਨਹੀਂ ਚਾਹੁੰਦੇ ਸੀ ਕਿਉਂਕਿ ਮੁੱਕੇਬਾਜ਼ੀ ਸਾਡੀ ਖ਼ਾਨਦਾਨੀ ਪਛਾਣ ਹੈ ਅਤੇ ਅਸੀਂ ਇਨ੍ਹਾਂ ਕੰਮਾਂ ਵਿੱਚ ਨਹੀਂ ਪੈਂਦੇ ਸੀ।"
ਲਿਆਰੀ ਦਾ 'ਕਾਲਾ ਦੌਰ'

ਫਿਲਮ "ਧੁਰੰਧਰ" ਵਿੱਚ ਜਿਸ ਲਿਆਰੀ ਨੂੰ ਦਿਖਾਇਆ ਗਿਆ, ਕੀ ਅੱਜ ਵੀ ਲਿਆਰੀ ਉਹੋ-ਜਿਹਾ ਹੈ?
ਇਹ ਜਾਣਨ ਲਈ ਅਸੀਂ ਪੰਜ ਦਿਨ ਲਿਆਰੀ ਦੇ ਮੁਹੱਲਿਆਂ ਅਤੇ ਗਲੀਆਂ ਦੇ ਚੱਕਰ ਲਗਾਏ ਅਤੇ ਸਥਾਨਕ ਨੌਜਵਾਨਾਂ ਨਾਲ ਗੱਲ ਕੀਤੀ।
ਸੜਕਾਂ, ਪੀਣ ਵਾਲੇ ਪਾਣੀ, ਸਿੱਖਿਆ ਅਤੇ ਸਿਹਤ ਦੀਆਂ ਸਮੱਸਿਆਵਾਂ ਦੇ ਬਾਵਜੂਦ, ਇੱਥੋਂ ਦੇ ਨੌਜਵਾਨਾਂ ਨੇ ਹਾਰ ਨਹੀਂ ਮੰਨੀ ਅਤੇ ਇੱਕ ਨਵੀਂ ਪਛਾਣ ਦੀ ਜੱਦੋਜਹਿਦ ਵਿੱਚ ਲੱਗ ਗਏ।
ਇੱਥੇ ਲਿਆਰੀ ਗਰਲਜ਼ ਕੈਫੇ ਅਤੇ ਮੇਹਰ ਦਰ ਕੈਫੇ ਵਰਗੇ ਅਦਾਰੇ ਬਣ ਗਏ ਹਨ, ਜਿੱਥੇ ਵੱਖ-ਵੱਖ ਜਾਤੀ ਸਮੂਹਾਂ ਦੇ ਨੌਜਵਾਨ ਆ ਕੇ ਚਰਚਾ ਵੀ ਕਰਦੇ ਹਨ।
ਮੇਹਰ ਦਰ ਕੈਫੇ ਵਿੱਚ ਪਰਵੀਨ ਬਲੋਚ ਨੇ ਸਾਡਾ ਸਵਾਗਤ ਕੀਤਾ। ਇਹ ਚਾਹ ਅਤੇ ਸਮੋਸੇ ਦੇ ਨਾਲ ਹੀ ਇੱਕ ਲਾਇਬ੍ਰੇਰੀ ਦੀ ਸਹੂਲਤ ਵੀ ਹੈ।
ਇੱਥੇ ਹੀ ਸਾਡੀ ਮੁਲਾਕਾਤ ਲਿਆਰੀ ਦੇ ਲੇਖਕ ਰਮਜ਼ਾਨ ਬਲੋਚ ਨਾਲ ਹੋਈ। ਉਨ੍ਹਾਂ ਨੇ ਲਿਆਰੀ ਦੇ ਪਿਛਲੇ ਦੌਰ ਨੂੰ "ਕਾਲਾ ਦੌਰ" ਦੱਸਿਆ ਅਤੇ ਕਿਹਾ ਕਿ ਉਸ ਵੇਲੇ ਰੋਜ਼ਾਨਾ ਜੀਵਨ ਆਸਾਨ ਨਹੀਂ ਸੀ।
ਨੌਜਵਾਨਾਂ ਦੇ ਵਿਦਿਅਕ ਕਰੀਅਰ ਪ੍ਰਭਾਵਿਤ ਹੋਏ ਸਨ ਅਤੇ ਰੁਜ਼ਗਾਰ ਇੱਕ ਸਮੱਸਿਆ ਸੀ। ਇਸ ਤੋਂ ਇਲਾਵਾ, ਜਾਨਾਂ ਬਚਾਉਣਾ ਮੁਸ਼ਕਲ ਹੋ ਗਿਆ। ਇਸ ਸਭ ਨੇ ਇੱਕ ਵਾਰ ਫਿਰ ਲਿਆਰੀ ਦੀ ਪਛਾਣ ਨੂੰ ਪ੍ਰਭਾਵਿਤ ਕੀਤਾ।
ਉਨ੍ਹਾਂ ਨੇ ਕਿਹਾ, "ਕਰਾਚੀ ਦੇ ਦੂਜੇ ਇਲਾਕਿਆਂ ਵਿੱਚ ਹਿੰਸਕ ਘਟਨਾਵਾਂ ਦੀ ਸ਼ੁਰੂਆਤ ਸਾਲ 1985 ਵਿੱਚ ਕੋਈ ਪਰ ਇਸ ਦਾ ਅਸਰ ਸਾਡੇ ਤੱਕ ਬਹੁਤ ਦੇਰ ਨਾਲ ਪਹੁੰਚਿਆ। ਉਨ੍ਹਾਂ ਦਿਨਾਂ ਵਿੱਚ ਹੜਤਾਲਾਂ ਅਤੇ ਹੰਗਾਮਾ ਆਮ ਗੱਲ ਸੀ ਪਰ ਲਿਆਰੀ ਵਿੱਚ ਅਮਨ ਸੀ।"
ਪਰਵੀਨ ਬਲੋਚ ਨੇ ਅੱਗੇ ਦੱਸਿਆ ਕਿ ਇਲਾਕੇ ਵੰਡੇ ਹੋਏ ਸਨ, "ਉਦਾਹਰਣ ਵਜੋਂ, ਇੱਕ ਇਲਾਕਾ ਕਲਰੀ ਹੈ ਤਾਂ ਦੂਜਾ ਸ਼ਾਹ ਬੇਗ ਲਾਈਨ ਹੈ। ਇੱਕ ਇਲਾਕੇ ਤੋਂ ਦੂਜੇ ਇਲਾਕੇ ਵਿੱਚ ਜਾਣ ਦੀ ਸਮੱਸਿਆ ਹੋ ਰਹੀ ਸੀ, ਹਰੇਕ ਇਲਾਕੇ ਦੀ ਸੀਮਾ ਬਣ ਗਈ ਸੀ ਅਤੇ ਹਰ ਗਲੀ ਦਾ ਆਪਣਾ 'ਹੀਰੋ' ਸੀ।"
ਇੱਕ ਸਮਾਜਿਕ ਕਾਰਕੁਨ ਫ਼ਹੀਮ ਬਲੋਚ ਨੇ ਦੱਸਿਆ ਕਿ ਲੋਕ ਉਨ੍ਹਾਂ ਨੂੰ 'ਡਾਡਾ', 'ਬਲੋਚ', 'ਵਾਜਾ' ਕਹਿੰਦੇ ਸਨ, ਭਾਵ ਉਹ ਕਿਸੇ ਵੀ ਤਰ੍ਹਾਂ ਗੈਂਗਵਾਰ ਨਾਲ ਜੋੜਿਆ ਜਾਂਦਾ ਸੀ।
ਉਨ੍ਹਾਂ ਨੇ ਕਿਹਾ, "ਸਾਨੂੰ ਉਨ੍ਹਾਂ ਨੂੰ ਇਹ ਸਮਝਾਉਣ ਵਿੱਚ ਕਾਫੀ ਵਕਤ ਲੱਗਾ ਕਿ ਅਸੀਂ ਕੌਣ ਹਾਂ ਅਤੇ ਅਸੀਂ ਕਿਵੇਂ ਸ਼ਾਂਤੀ ਪਸੰਦ ਨਾਗਰਿਕ ਸੀ ਪਰ ਇਸ ਦੌਰਾਨ ਬਹੁਤ ਸਾਰੇ ਨੌਜਵਾਨ 'ਪਛਾਣ ਦੇ ਸੰਕਚ' ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਦਾ ਦਿੱਲ ਟੁੱਟ ਗਿਆ ਸੀ, ਉਹ ਲਿਆਰੀ ਛੱਡ ਕੇ ਚਲੇ ਗਏ। ਉਹ ਇਸ ਗੱਲ 'ਤੇ ਅਫ਼ਸੋਸ ਕਰਦੇ ਸਨ ਕਿ ਉਹ ਇੱਥੇ ਕਿਉਂ ਪੈਦਾ ਹੋਏ।"

ਪਰਵੀਨ ਬਲੋਚ ਨੇ ਮੇਹਰ ਦਰ ਕੈਫੇ ਬਣਨ ਬਾਰੇ ਦੱਸਿਆ ਕਿ ਇਸ ਕੈਫੇ ਤੋਂ ਪਹਿਲਾਂ ਪੌਲੀਟੈਕਨੀਕਲ ਕਾਲਜ ਗੈਂਗਸਟਰਜ਼ ਦਾ ਗੜ੍ਹ ਸੀ, ਜਿੱਥੇ ਇਹ ਲੋਕਾਂ ਨੂੰ ਲਿਆਉਂਦੇ, ਉਨ੍ਹਾਂ 'ਤੇ ਜ਼ੁਲਮ ਕਰਦੇ ਅਤੇ ਕਤਲ ਕਰਦੇ।
ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਉੱਥੇ ਨੌਜਵਾਨਾਂ ਨੂੰ ਇਕੱਠਾ ਕੀਤਾ ਅਤੇ ਆਪਣਾ ਸੰਗਠਨ ਖੋਲ੍ਹਿਆ।
ਇੱਕ ਛੋਟਾ ਜਿਹਾ ਢਾਬਾ, ਜਿਸ ਨੂੰ "ਆਓ ਅਮਨ ਕੀ ਬਾਤੇਂ ਕਰੇਂ" ਢਾਬਾ ਕਿਹਾ ਜਾਂਦਾ ਸੀ, ਜਿੱਥੇ ਲੋਕ ਰਾਜਨੀਤੀ 'ਤੇ ਚਰਚਾ ਕਰਦੇ ਸਨ। ਬਾਅਦ ਵਿੱਚ ਇਹ ਕਿਰਾਏ ਦੀ ਥਾਂ ਲੈ ਕੇ ਕੈਫੇ "ਮੇਹਰ ਦਰ ਪਬਲਿਕ ਸਪੇਸ" ਬਣਾਇਆ ਗਿਆ। ਇੱਥੇ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕ ਆਉਂਦੇ ਹਨ।
ਕੈਫੇ ਵਿੱਚ ਚਾਹ ਪੀਂਦੇ ਹੋਏ, ਮੈਂ ਆਪਣੇ ਮੋਬਾਈਲ ਫੋਨ 'ਤੇ ਫਿਲਮ "ਧੁਰੰਧਰ" ਦਾ ਟ੍ਰੇਲਰ ਚਲਾਇਆ ਅਤੇ ਪੁੱਛਿਆ ਕਿ ਐਸਪੀ ਚੌਧਰੀ ਅਸਲਮ, ਰਹਿਮਾਨ ਡਾਕੋਇਟ ਅਤੇ ਧਰਮਾਂ ਦੇ ਲੋਕ ਆਉਂਦੇ ਹਨ।
ਕੈਫੇ ਵਿੱਚ ਚਾਹ ਪੀਂਦੇ ਹੋਏ ਮੈਂ ਆਪਣੇ ਮੋਬਾਈਲ ਫੋਨ 'ਤੇ ਫਿਲਮ "ਧੁਰੰਧਰ" ਦਾ ਟ੍ਰੇਲਰ ਚਲਾਇਆ ਅਤੇ ਪੁੱਛਿਆ ਕਿ ਐੱਸਪੀ ਚੌਧਰੀ ਅਸਲਮ, ਰਹਿਮਾਨ ਡਕੈਤ ਅਤੇ ਦੂਜੇ ਕਿਰਦਾਰ ਦੇਖ ਕੇ ਉਨ੍ਹਾਂ ਦੇ ਦਿਲ ਵਿੱਚ ਕੀ ਖ਼ਿਆਲ ਆਉਂਦਾ ਹੈ।
ਫ਼ਹੀਮ ਬਲੋਚ ਨੇ "ਗੈਂਗਸ ਆਫ਼ ਵਾਸੇਪੁਰ" ਦਾ ਹਵਾਲਾ ਦਿੰਦੇ ਹੋਏ ਮੈਨੂੰ ਦੱਸਿਆ ਕਿ ਭਾਰਤ ਵਿੱਚ ਗੈਂਗਾਂ 'ਤੇ ਪਹਿਲਾਂ ਵੀ ਫਿਲਮਾਂ ਬਣਦੀਆਂ ਰਹੀਆਂ ਹਨ ਅਤੇ ਦੁਨੀਆਂ ਵਿੱਚ ਕਿੱਥੇ ਜੁਰਮ ਨਹੀਂ ਹੁੰਦਾ।
"ਪਹਿਲਾਂ ਤਾਂ ਅਸੀਂ ਬੜੇ ਪਰੇਸ਼ਾਨ ਸੀ, ਫਿਰ ਮੈਨੂੰ ਲੱਗਾ ਕਿ ਅਸੀਂ ਇਸ ਤੋਂ ਕਿਤੇ ਜ਼ਿਆਦਾ ਅੱਗੇ ਨਿਕਲ ਗਏ ਹਾਂ।"
ਪਰਵੀਨ ਬਲੋਚ ਦਾ ਕਹਿਣਾ ਸੀ ਕਿ ਅੱਜ ਜੋ ਬਚੇ ਹਨ, ਉਹ ਇਸ ਫਿਲਮ ਨੂੰ ਦੇਖ ਕੇ ਜ਼ਰੂਰ ਸਵਾਲ ਕਰਨਗੇ।
ਉਹ ਕਹਿੰਦੀ ਹੈ, "ਸਾਨੂੰ ਇਸ ਗੱਲ ਲਈ ਮਾਨਸਿਕ ਤੌਰ 'ਤੇ ਤਿਆਰ ਹੋਣਾ ਪਵੇਗਾ ਕਿ ਸਾਡੀ ਪਛਾਣ ਕੀ ਹੈ, ਸਾਡੀ ਉਹ ਪਛਾਣ ਜੋ ਸਕਾਰਾਤਮਕ ਹੈ। ਉਹ ਇੱਕ ਅਜਿਹਾ ਦੌਰ ਸੀ ਜੋ ਕੁਝ ਸਮੇਂ ਲਈ ਆਇਆ ਸੀ। ਉਹ ਇੱਕ ਅਜਿਹਾ ਦੌਰ ਸੀ ਜਿਸ ਨੇ ਸਾਨੂੰ ਦਾਗ਼ਦਾਰ ਕੀਤਾ।"
"ਇਸ'ਕਾਲੇ ਦੌਰ' ਦੇ ਸਾਨੂੰ ਧੱਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਇੱਥੋਂ ਦੇ ਲੋਕਾਂ ਅਤੇ ਨੌਜਵਾਨਾਂ ਨੇ ਵਿਰੋਧ ਕੀਤਾ ਅਤੇ ਇਸ ਦੇ ਨਤੀਜੇ ਵਜੋਂ, ਅੱਜ ਅਸੀਂ ਲਿਆਰੀ ਨੂੰ ਦੁਬਾਰਾ ਸ਼ਾਂਤੀ ਦਾ ਸਥਾਨ ਬਣਾਉਣ ਵਿੱਚ ਸਫ਼ਲ ਹੋਏ ਹਾਂ।"
ਰਮਜ਼ਾਨ ਬਲੋਚ ਦੇ ਅਨੁਸਾਰ, ਉਹ ਸਾਰੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਉਹ ਦੌਰ ਦੇਖਣ ਜਿਸ ਵਿੱਚੋਂ ਉਹ ਲੰਘੇ ਹਨ।
"ਜੇਕਰ, ਖ਼ੁਦਾ ਨਾ ਕਰੇ, ਅਜਿਹਾ ਦੌਰ ਮੁੜ ਆਇਆ ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ।"

ਤਸਵੀਰ ਸਰੋਤ, Getty Images
ਫੁੱਟਬਾਲ ਦੇ ਮੈਦਾਨ ਵਿੱਚ ਕੁੜੀਆਂ ਵੀ ਆ ਗਈਆਂ
ਲਿਆਰੀ ਨੂੰ ਪਾਕਿਸਤਾਨ ਦਾ ਬ੍ਰਾਜ਼ੀਲ' ਕਿਹਾ ਜਾਂਦਾ ਹੈ ਅਤੇ ਵਰਲਡ ਕੱਪ ਫੁੱਟਬਾਲ ਵਿੱਚ ਇਹ ਇਲਾਕਾ ਸਜ ਜਾਂਦਾ ਹੈ।
ਕੁਝ ਪਸੰਦੀਦਾ ਦੇਸ਼ਾਂ ਦੇ ਝੰਡੇ ਹੁਣ ਵੀ ਕੁਝ ਇਲਾਕਿਆਂ ਵਿੱਚ ਨਜ਼ਰ ਆਉਂਦੇ ਹਨ, ਪਰ ਇੱਥੇ ਗੈਂਗਵਾਰ ਦੇ ਜ਼ਮਾਨੇ ਵਿੱਚ ਫੁੱਟਬਾਲ ਮੈਚ ਦੌਰਾਨ ਧਮਾਕਾ ਹੋਇਆ ਅਤੇ ਅਕਾਦਮੀਆਂ ਵਿਰਾਨ ਹੋ ਗੀਆਂ।
ਹੁਣ ਇਹ ਮੁੜ ਆਬਾਦ ਅਤੇ ਸਰਗਰਮ ਹੋਣਾ ਸ਼ੁਰੂ ਹੋਈ ਹੈ।
ਕੋਚ ਇਮਾਦ ਫੁੱਟਬਾਲ ਅਕੈਡਮੀ ਦੇ ਮੈਦਾਨ ਵਿੱਚ 2018 ਤੱਕ ਸਿਰਫ਼ ਚਿੱਕੜ ਅਤੇ ਧੂੜ ਸੀ, ਪਰ ਹੁਣ ਇਹ ਹਰਿਆਲੀ ਨਾਲ ਭਰਿਆ ਹੋਇਆ ਹੈ। ਇੱਥੇ ਕੁੜੀਆਂ ਵੀ ਫੁੱਟਬਾਲ ਵਿੱਚ ਆ ਗੀਆਂ ਹਨ ਜੋ ਕੌਮਾਂਤਰੀ ਪੱਧਰ 'ਤੇ ਵੀ ਖੇਡ ਰਹੀਆਂ ਹਨ।
ਵਰਤਮਾਨ ਵਿੱਚ ਲਿਆਰੀ ਵਿੱਚ ਚਾਰ ਅਕੈਡਮੀਆਂ ਹਨ ਜਿੱਥੇ ਕੁੜੀਆਂ ਫੁੱਟਬਾਲ ਖੇਡ ਰਹੀਆਂ ਹਨ ਅਤੇ ਤਰੱਕੀ ਕਰ ਰਹੀਆਂ ਹਨ।
ਦੁਆ ਫ਼ਾਤੁਮ ਪਹਿਲਾਂ ਆਪਣੀ ਟੀਮ ਦੀ ਕਪਤਾਨ ਸੀ ਅਤੇ ਹੁਣ ਕੋਚ ਹੈ। ਉਹ ਦੱਸਦੀ ਹੈ, "ਲਿਆਰੀ ਦੀਆਂ ਕੁੜੀਆਂ ਨਾਰਵੇ ਅਤੇ ਸਿੰਗਾਪੁਰ ਵੀ ਗਈਆਂ ਹਨ। ਉਹ ਅੱਗੇ ਵਧ ਰਹੀਆਂ ਹਨ, ਲਿਆਰੀ ਦਾ ਨਾਮ ਰੌਸ਼ਨ ਕਰ ਰਹੀਆਂ ਹਨ।"
"ਲਿਆਰੀ ਦੇ ਲੋਕ ਸਿਰਫ਼ ਗੈਂਗਸਟਰ ਨਹੀਂ, ਉਹ ਅੱਗੇ ਵਧ ਸਕਦੇ ਹਨ। ਸਰਕਾਰ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ, ਪਰ ਉਨ੍ਹਾਂ ਨੂੰ ਸਰਕਾਰ ਦਾ ਸਾਥ ਨਹੀਂ ਮਿਲਦਾ।"
ਲਿਆਰੀ ਦੀ 'ਸਟ੍ਰੀਟ ਵਾਈਬ'

ਲਿਆਰੀ ਵਿੱਚ ਪਹਿਲਾਂ ਹੀ ਇੱਕ ਰਵਾਇਤੀ ਸੰਗੀਤਕ ਪਰੰਪਰਾ ਸੀ, ਜੋ ਬਣਦਾ ਵੀ ਸੀ ਅਤੇ ਵਜਾਇਆ ਵੀ ਜਾਂਦਾ ਸੀ, ਪਰ ਉਨ੍ਹਾਂ ਦੀ ਆਵਾਜ਼ ਗੋਲੀਆਂ ਦੀ ਤੜਤੜਾਹਟ ਵਿੱਚ ਕਿਤੇ ਦਬ ਗਈ ਸੀ।
ਤੰਗ ਅਤੇ ਸੰਘਣੀਆਂ ਗਲੀਆਂ, ਜੋ ਕਦੇ ਖੌਫ਼ ਦੀ ਨਿਸ਼ਾਨੀ ਸਮਝੀਆਂ ਜਾਂਦੀਆਂ ਸਨ, ਉਨ੍ਹਾਂ ਹੀ ਗਲੀਆਂ ਤੋਂ ਵਿਰੋਧ ਪੈਦਾ ਅਤੇ ਇਸਨੇ ਹਿੱਪ-ਹੌਪ ਦੀ ਸ਼ਕਲ ਲੈ ਲਈ।
ਕੈਫ਼ੀ ਖ਼ਲੀਲ ਕਿਤੇ ਦੁਨੀਆ ਨੂੰ ਕਹਾਣੀ ਸੁਣਾ ਰਹੇ ਹਨ ਤਾਂ ਈਵਾ ਦੀ ਤਸਵੀਰ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਤੇ ਲੱਗੀ ਹੈ।
ਕਾਮਰਾਨ ਆਦਮ ਸੁਮੂੰ ਗਾਇਕਾਂ ਨੇ ਲਿਆਰੀ ਦੇ ਦੁੱਖ ਵੀ ਦੱਸੇ ਤਾਂ ਇਸ ਨਾਲ ਉਸ ਦੀ ਖ਼ੂਬਸੂਰਤੀ ਵੀ ਬਿਆ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਹਿਪ-ਹੌਪ ਕਰਨਾ ਸ਼ੁਰੂ ਕੀਤਾ ਤਾਂ ਪਹਿਲਾਂ ਗਾਣਾ ਉਨ੍ਹਾਂ ਨੇ 'ਲਿਆਰੀ ਵਾਇਸ ਸਿਟੀ' ਬਣਾਇਆ।
ਇਸ ਵਿੱਚ ਉਹੀ ਚੀਜ਼ਾਂ ਸਨ ਜੋ ਉਨ੍ਹਾਂ ਨੇ ਬਚਪਨ ਵਿੱਚ ਦੇਖੀਆਂ ਸਨ, ਮਤਲਬ ਗੋਲੀਆਂ ਚੱਲਦੀਆਂ ਦੇਖੀਆਂ, ਰਾਕੇਟ ਲੌਂਚਰ ਦੇਖੇ, ਬਹੁਤ ਜ਼ਿਆਦਾ ਹਿੰਸਾ ਦੇਖੀ। ਇਸ ਤੋਂ ਬਾਅਦ ਉਨ੍ਹਾਂ ਨੇ 'ਲਿਆਰੀ ਮੇਰਾ ਨਾਮ' ਗੀਤ ਬਣਾਇਆ, ਜਿਸ ਵਿੱਚ ਮੌਜੂਦ ਲਿਆਰੀ ਨੂੰ ਦਿਖਾਇਆ ਗਿਆ ਹੈ।
ਕਾਮਰਾਨ ਆਦਮ ਸੁਮੂੰ ਕਹਿੰਦੇ ਹਨ ਕਿ ਬੇਸ਼ੱਕ, ਲੋਕਾਂ ਨੇ ਲਿਆਰੀ ਨੂੰ ਇਸ ਵੇਲੇ ਕਬੂਲ ਕਰਨਾ ਸ਼ੁਰੂ ਕੀਤਾ ਜਦੋਂ ਉਸ ਦਾ ਟੈਲੇਂਟ ਸਾਹਮਣੇ ਆਇਆ, "ਜਿਵੇਂ ਸਾਡੀ ਫੁੱਟਬਾਲ ਟੀਮ ਨੇ ਕੌਮਾਂਤਰੀ ਟੂਰਨਾਮੈਂਟ ਵਿੱਚ ਜਾਣਾ ਸ਼ੁਰੂ ਕੀਤਾ।"
"ਦੂਜੀ ਗੱਲ ਇਹ ਹੈ ਕਿ ਸਾਡਾ ਹਿਪ-ਹੌਮ ਮਿਊਜ਼ਿਕ ਬਹੁਤ ਚੰਗਾ ਹੈ ਕਿਉਂਕਿ ਪੂਰੇ ਕਰਾਚੀ ਵਿੱਚ ਸਾਨੂੰ ਇਸੇ ਤਰ੍ਹਾਂ ਸੰਗੀਤ ਦੇਖਣ ਨੂੰ ਨਹੀਂ ਮਿਲਦਾ, ਜਿਵੇਂ ਕਿ ਸਾਡੇ ਇੱਥੇ ਹੈ। ਇਹ ਇੱਕ 'ਸਟ੍ਰੀਟ ਵਾਈਬ' ਹੈ, ਇਸ ਲਈ ਲੋਕ ਇਸ ਨੂੰ ਪਸੰਦ ਕਰ ਰਹੇ ਹਨ।"
ਆਦਮ ਦੱਸਦੇ ਹਨ ਕਿ ਜਦੋਂ ਵੀ ਲਿਆਰੀ ਤੋਂ ਬਾਹਰ ਜਾਂਦੇ ਹਨ ਤਾਂ ਉਹ ਦੇਖਦੇ ਹਨ ਕਿ ਕਿਸੇ ਰਿਕਸ਼ੇ, ਰਿਸੇ ਟੈਕਸੀ ਵਿੱਚ ਲਿਆਰੀ ਦਾ ਸੰਗੀਤ ਚੱਲ ਰਿਹਾ ਹੈ, ਇਸ ਨਾਲ ਅੰਦਰੋਂ-ਅੰਦਰ ਉਨ੍ਹਾਂ ਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਕਿ ਇੱਕ ਅਜਿਹਾ ਇਲਾਕਾ ਜਿਸ ਨੂੰ ਕਦੇ ਕਿਸੇ ਨੇ ਨਹੀਂ ਦੇਖਿਆ ਸੀ, ਉਸ ਨੂੰ ਅਚਾਨਕ ਇੰਨੀ ਪਛਾਣ ਮਿਲ ਗਈ।
ਲਿਆਰੀ ਦੇ ਕਈ ਇਲਾਕਿਆਂ ਦੀਆਂ ਕੰਧਾਂ 'ਤੇ ਅੱਜ ਵੀ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ, ਕਈ ਦਿਲ ਵੀ ਦੁੱਖੀ ਹਨ, ਜਿਨ੍ਹਾਂ ਨੇ ਗੈਂਗਵਾਰ ਵਿੱਚ ਆਪਣੇ ਪਿਆਰਿਆਂ ਨੂੰ ਗਵਾਇਆ ਪਰ ਲਿਆਰੀ ਬਦਲ ਗਿਆ ਹੈ।
ਹੁਣ ਇੱਥੇ ਸੁਪਨੇ ਵਸਦੇ ਹਨ ਅਤੇ ਇੱਥੋਂ ਦੇ ਨੌਜਵਾਨਾਂ ਨੇ ਸਾਬਿਤ ਕੀਤਾ ਕਿ ਆਪਣੇ ਇਲਾਕੇ ਨੂੰ ਪਹਿਲਾਂ ਅਪਨਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਪਛਾਣ ਬਦਲੀ ਜਾਂਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












