ਸਿੰਧ ਸੂਬਾ ਭਾਰਤ ਦਾ ਹਿੱਸਾ ਕਿਉਂ ਨਹੀਂ ਬਣਿਆ, ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਇਸ ਵਿੱਚ ਕੀ ਭੂਮਿਕਾ ਸੀ

ਸਿੰਧੂ ਘਾਟੀ ਦੀ ਸੱਭਿਅਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆਂ ਦੀਆਂ ਤਿੰਨ ਮਹਾਨ ਪ੍ਰਾਚੀਨ ਸੱਭਿਅਤਾਵਾਂ (ਮੈਸੋਪੋਟਾਮੀਅ, ਮਿਸਰ ਅਤੇ ਸਿੰਧੂ ਘਾਟੀ) ਵਿੱਚ ਸਿੰਧੂ ਘਾਟੀ ਸੱਭਿਅਤਾ ਦਾ ਵਿਸਥਾਰ ਸਭ ਤੋਂ ਵਿਸ਼ਾਲ ਇਲਾਕੇ ਤੱਕ ਸੀ (ਸੰਕੇਤਕ ਤਸਵੀਰ)
    • ਲੇਖਕ, ਵਕਾਰ ਮੁਸਤਫ਼ਾ
    • ਰੋਲ, ਪੱਤਰਕਾਰ, ਖੋਜਕਾਰ

ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਸਿੰਧ ਸੂਬੇ ਨੂੰ "ਸੱਭਿਆਚਾਰਕ ਤੌਰ 'ਤੇ ਹਮੇਸ਼ਾ ਭਾਰਤ ਦਾ ਹਿੱਸਾ" ਦੱਸਿਆ ਸੀ। ਉਨ੍ਹਾਂ ਦੇ ਇਸ ਬਿਆਨ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ "ਗ਼ੈਰ-ਯਥਾਰਥਵਾਦੀ, ਭੜਕਾਊ ਅਤੇ ਇਤਿਹਾਸ ਨੂੰ ਖ਼ਤਰਨਾਕ ਹੱਦ ਤੱਕ ਤੋੜਨ-ਮਰੋੜਨ ਦੀ ਕੋਸ਼ਿਸ਼" ਦੱਸਿਆ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਇੱਕ ਕਿਤਾਬ ਵਿੱਚ ਲਿਖਿਆ ਹੈ ਕਿ ਸਿੰਧੀ ਹਿੰਦੂ, ਖ਼ਾਸ ਤੌਰ 'ਤੇ ਉਨ੍ਹਾਂ ਦੀ ਪੀੜ੍ਹੀ ਦੇ ਲੋਕ, ਅੱਜ ਤੱਕ ਸਿੰਧ ਦੇ ਭਾਰਤ ਤੋਂ ਵੱਖ ਹੋਣ ਨੂੰ ਸਵੀਕਾਰ ਨਹੀਂ ਕਰ ਸਕੇ ਹਨ।

ਰਾਜਨਾਥ ਸਿੰਘ ਨੇ ਇਹ ਵੀ ਦੱਸਿਆ, "ਅੱਜ ਸ਼ਾਇਦ ਸਿੰਧ ਦੀ ਧਰਤੀ ਭਾਰਤ ਦਾ ਹਿੱਸਾ ਨਾ ਹੋਵੇ, ਪਰ ਸੱਭਿਆਚਾਰਕ ਤੌਰ 'ਤੇ ਸਿੰਧ ਹਮੇਸ਼ਾ ਭਾਰਤ ਦਾ ਹਿੱਸਾ ਰਹੇਗਾ ਅਤੇ ਜਿੱਥੋਂ ਤੱਕ ਜ਼ਮੀਨ ਦਾ ਸਵਾਲ ਹੈ ਤਾਂ ਸੀਮਾਵਾਂ ਬਦਲ ਸਕਦੀਆਂ ਹਨ। ਪਤਾ ਨਹੀਂ, ਕੱਲ੍ਹ ਸਿੰਧ ਮੁੜ ਭਾਰਤ ਵਿੱਚ ਵਾਪਸ ਆ ਜਾਵੇ।"

ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਨਵੀਂ ਕੜਵਾਹਟ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਆਓ ਦੇਖਦੇ ਹਾਂ ਕਿ ਇਤਿਹਾਸ ਸਾਨੂੰ ਕੀ ਦੱਸਦਾ ਹੈ ਅਤੇ ਇਤਿਹਾਸ ਤੇ ਰਾਜਨੀਤੀ ਦੇ ਮਾਹਰ ਸਿੰਧ ਦੇ ਮਾਮਲੇ ਵਿੱਚ ਕੀ ਕਹਿੰਦੇ ਹਨ।

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਮੌਜੂਦਾ ਸਿੰਧ ਪ੍ਰਾਂਤ ਦਾ ਇਲਾਕਾ, ਜੋ ਕਿ ਸਿੰਧ ਨਦੀ ਦੇ ਡੇਲਟਾ ਦਾ ਹਿੱਸਾ ਹੈ, ਪ੍ਰਾਚੀਨ ਸਿੰਧ ਘਾਟੀ ਸਭਿਅਤਾ ਦਾ ਕੇਂਦਰ ਸੀ।

ਇਸ ਸਭਿਅਤਾ ਦੀ ਅਗਵਾਈ ਮੋਹਨਜੋਦੜੋ ਅਤੇ ਕੋਟ ਦੀਜੀ ਵਰਗੀਆਂ ਥਾਵਾਂ ਕਰਦੀਆਂ ਹਨ। ਇਹ ਸ਼ੁਰੂਆਤੀ ਸਭਿਅਤਾ ਲਗਭਗ 2300 ਈਸਾ ਪੂਰਵ ਤੋਂ 1750 ਈਸਾ ਪੂਰਵ ਤੱਕ ਮੌਜੂਦ ਰਹੀ।

ਮੋਹਨਜੋਦੜੋ ਤੋਂ ਬੰਬੇ ਪ੍ਰੇਸੀਡੈਂਸੀ ਤੱਕ

ਮੋਹਨਜੋਦੜੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਨਿਆ ਜਾਂਦਾ ਹੈ ਕਿ ਮੋਹਨਜੋਦੜੋ ਘੱਟੋ-ਘੱਟ ਚਾਲੀ ਹਜ਼ਾਰ ਲੋਕਾਂ ਦਾ ਘਰ ਸੀ ਅਤੇ ਇਹ ਸ਼ਹਿਰ 2500 ਈਸਾ ਪੂਰਵ ਤੋਂ 1700 ਈਸਾ ਪੂਰਵ ਤੱਕ ਆਬਾਦ ਸੀ

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚ ਲਿਖਿਆ ਹੈ ਕਿ ਦੁਨੀਆ ਦੀਆਂ ਤਿੰਨ ਸਭ ਤੋਂ ਪ੍ਰਾਚੀਨ ਮਹਾਨ ਸੱਭਿਅਤਾਵਾਂ (ਭਾਵ ਮੇਸੋਪੋਟਾਮੀਆ, ਮਿਸਰ ਅਤੇ ਸਿੰਧ ਘਾਟੀ) ਵਿੱਚੋਂ ਸਿੰਧ ਘਾਟੀ ਸੱਭਿਅਤਾ "ਖੇਤਰ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਫੈਲੀ ਹੋਈ ਸੀ। ਇਹ ਸਭਿਅਤਾ ਸਭ ਤੋਂ ਪਹਿਲਾਂ 1921 ਵਿੱਚ ਹੜੱਪਾ (ਪੰਜਾਬ) ਵਿੱਚ ਖੋਜੀ ਗਈ ਅਤੇ ਫਿਰ 1922 ਵਿੱਚ ਮੋਹਨਜੋਦੜੋ (ਮੌਜੂਦਾ ਸਿੰਧ ਵਿੱਚ ਸਿੰਧੂ ਨਦੀ ਦੇ ਕੰਢੇ) ਵਿੱਚ ਖੋਜੀ ਗਈ ਸੀ।"

ਸੋਹੇਲ ਜ਼ਹੀਰ ਲਾਰੀ ਆਪਣੀ ਕਿਤਾਬ, 'ਏ ਹਿਸਟਰੀ ਆਫ਼ ਸਿੰਧ' ਵਿੱਚ ਲਿਖਦੇ ਹਨ ਕਿ ਇਹ ਸੱਭਿਅਤਾ ਲਗਭਗ ਮੌਜੂਦਾ ਪਾਕਿਸਤਾਨ ਦੇ ਖੇਤਰ ਵਿੱਚ ਫੈਲੀ ਹੋਈ ਸੀ। ਇਹ ਦੱਖਣ ਅਤੇ ਪੂਰਬ ਵਿੱਚ ਮੌਜੂਦਾ ਭਾਰਤੀ ਸੂਬਿਆਂ ਗੁਜਰਾਤ, ਰਾਜਸਥਾਨ ਅਤੇ ਹਰਿਆਣਾ ਤੱਕ ਅਤੇ ਪੱਛਮ ਵਿੱਚ ਅਫ਼ਗਾਨਿਸਤਾਨ ਤੱਕ ਫੈਲੀ ਹੋਈ ਸੀ।

ਉਹ ਦੱਸਦੇ ਹਨ, "ਗਰਮੀਆਂ ਵਿੱਚ ਸਿੰਧੂ ਨਦੀ ਦੇ ਪਾਣੀ ਦਾ ਪੱਧਰ ਸਰਦੀਆਂ ਦੀ ਤੁਲਨਾ ਵਿੱਚ 16 ਗੁਣਾ ਜ਼ਿਆਦਾ ਹੋ ਸਕਦਾ ਹੈ ਅਤੇ ਇਸ ਤਬਦੀਲੀ ਨੇ "ਸੰਗਠਿਤ ਸਿੰਚਾਈ ਅਤੇ ਖੇਤੀਬਾੜੀ ਦੇ ਮੌਕੇ ਘਟਾ ਦਿੱਤੇ ਸਨ। ਜੋ ਇਲਾਕੇ ਸਿੰਚਾਈ, ਖੇਤੀ ਅਤੇ ਕਿਸਾਨ ਬਸਤੀਆਂ ਵਸਾਉਣ ਲਈ ਸਹੀ ਸਨ, ਉਹ ਦਰਅਸਲ, ਛੋਟੀਆਂ ਨਦੀਆਂ ਸਨ। ਇਸ ਕਾਰਨ ਕਰਕੇ ਹੜੱਪਾ ਦੀ ਸੱਭਿਅਤਾ ਦੀਆਂ ਜ਼ਿਆਦਾਤਰ ਬਸਤੀਆਂ ਸਿੰਧੂ ਨਦੀ ਦੀ ਮੁੱਖ ਧਾਰਾ ਤੋਂ ਦੂਰ ਸਥਿਤ ਸਨ।"

ਸਿੰਧ ਦੀ ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਤਸਵੀਰ ਸੰਨ 1945 ਦੀ ਹੈ ਜਿਸ ਵਿੱਚ ਸਿੰਧ ਦੀ ਇੱਕ ਔਰਤ ਨੂੰ ਸਾੜੀ ਵਿੱਚ ਦਿਖਾਇਆ ਗਿਆ ਹੈ

"ਇਹ ਸਥਿਤੀ ਉਦੋਂ ਤੱਕ ਬਣੀ ਰਹੀ ਜਦੋਂ ਤੱਕ ਹੜੱਪਾ ਵਾਸੀਆਂ ਨੇ 2500 ਈਸਾ ਪੂਰਵ ਦੇ ਆਸਪਾਸ ਇੱਕ ਕ੍ਰਾਂਤੀਕਾਰੀ ਫ਼ੈਸਲਾ ਨਹੀਂ ਲਿਆ, ਭਾਵ ਹੜੱਪਾ ਅਤੇ ਮੋਹਨਜੋਦੜੋ ਨੂੰ ਪਹਿਲਾਂ ਤੋਂ ਤੈਅ ਨਕਸ਼ੇ ਦੇ ਅਨੁਸਾਰ ਕੇਂਦਰੀ ਸ਼ਹਿਰੀ ਕੇਂਦਰਾਂ ਵਜੋਂ ਬਣਾਉਣਾ, ਤਾਂ ਜੋ ਸਿੰਧੂ ਨਦੀ ਨੂੰ ਆਉਣ-ਜਾਣ ਅਤੇ ਵਪਾਰ ਲਈ ਇਸਤੇਮਾਲ ਕੀਤਾ ਜਾ ਸਕੇ।"

"ਪ੍ਰਸ਼ਾਸਕੀ ਤੌਰ 'ਤੇ ਇਸ ਫ਼ੈਸਲੇ ਨੇ ਸਿੰਧੂ ਨਦੀ ਦੇ ਦੋਵੇਂ ਕੰਢਿਆਂ 'ਤੇ ਵਸੀ ਹੜੱਪਾ ਬਸਤੀਆਂ ਨੂੰ ਜਲ ਆਵਾਜਾਈ ਦੇ ਇੱਕ ਨੈੱਟਵਰਕ ਰਾਹੀਂ ਆਪਸ ਵਿੱਚ ਜੋੜ ਦਿੱਤਾ। ਇਹ ਇਸ ਖੇਤਰ ਵਿੱਚ, ਜਿੱਥੇ ਬਰਸਾਤ ਅਤੇ ਹੜ੍ਹ ਦੌਰਾਨ ਸਮੁੰਦਰ ਵਰਗੀਆਂ ਹੋ ਜਾਂਦੀਆਂ ਸਨ, ਆਵਾਜਾਈ ਦਾ ਸਭ ਤੋਂ ਕਾਰਗਰ ਰਸਤਾ ਸੀ।"

"ਇਸ ਨਾਲ ਹੜੱਪਾ ਸੱਭਿਅਤਾ ਨੂੰ ਇਹ ਸਹੂਲਤ ਵੀ ਮਿਲੀ ਕਿ ਉਹ ਸਮੁੰਦਰੀ ਕੰਢੇ ਦੇ ਨਾਲ-ਨਾਲ ਇੱਕ ਪਾਸੇ ਫਾਰਸ ਦੀ ਖਾੜੀ ਤੱਕ ਅਤੇ ਤੇ ਦੂਜੇ ਪਾਸੇ ਦੱਖਣ (ਦੱਖਣੀ ਭਾਰਤ) ਤੱਕ ਫੈਲ ਸਕੇ।"

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਇਸ ਤੋਂ ਬਾਅਦ ਇਤਿਹਾਸਕ ਰਿਕਾਰਡ ਵਿੱਚ ਇੱਕ ਹਜ਼ਾਰ ਸਾਲਾਂ ਤੋਂ ਵੱਧ ਦਾ ਅੰਤਰ ਹੈ।

"ਫਿਰ ਸਿੰਧ ਨੂੰ (ਈਰਾਨੀ) ਹਖ਼ਾਮਨੀ (ਅਕੇਮਨੀ) ਸਾਮਰਾਜ ਵਿੱਚ ਸ਼ਾਮਲ ਹੋਣ ਦੀ ਚਰਚਾ ਮਿਲਦੀ ਹੈ, ਜਦੋਂ ਦਾਰਾ ਪਹਿਲੇ ਨੇ ਛੇਵੀਂ ਸਦੀ ਈਸਾ ਪੂਰਵ ਦੇ ਅਖ਼ੀਰ ਵਿੱਚ ਇਸਨੂੰ ਜਿੱਤ ਲਿਆ ਸੀ।"

"ਲਗਭਗ ਦੋ ਸਦੀਆਂ ਬਾਅਦ ਸਿਕੰਦਰ ਮਹਾਨ ਨੇ 326 ਅਤੇ 325 ਈਸਾ ਪੂਰਵ ਦੇ ਵਿਚਕਾਰ ਇਸ ਖੇਤਰ ਨੂੰ ਜਿੱਤਿਆ ਸੀ। ਉਸ ਦੀ ਮੌਤ ਤੋਂ ਬਾਅਦ ਸਿੰਧ ਉੱਤੇ ਸੈਲਿਊਕਸ ਪਹਿਲੇ ਨਿਕੇਟਰ, ਚੰਦਰਗੁਪਤ ਮੌਰਿਆ (ਲਗਭਗ 305 ਈਸਾ ਪੂਰਵ), ਫਿਰ ਤੀਜੀ ਤੋਂ ਦੂਜੀ ਸਦੀ ਈਸਾ ਪੂਰਵ ਤੱਕ ਇੰਡੋ-ਗ੍ਰੀਕ ਅਤੇ ਪਾਰਥੀਅਨ ਸ਼ਾਸਕਾਂ ਅਤੇ ਬਾਅਦ ਵਿੱਚ ਪਹਿਲੀ ਸਦੀ ਈਸਾ ਪੂਰਵ ਤੋਂ ਦੂਜੀ ਸਦੀ ਈਸਾ ਪੂਰਵ ਤੱਕ ਸ਼ਕ ਅਤੇ ਕੁਸ਼ਾਣ ਸ਼ਾਸਕਾਂ ਨੇ ਸ਼ਾਸਨ ਕੀਤਾ।"

"ਪਹਿਲੀ ਸਦੀ ਈਸਵੀ ਵਿੱਚ ਕੁਸ਼ਾਣ ਕਾਲ ਵਿੱਚ ਸਿੰਧ ਦੀ ਜ਼ਿਆਦਾਤਰ ਆਬਾਦੀ ਨੇ ਬੁੱਧ ਧਰਮ ਅਪਣਾ ਲਿਆ। ਤੀਜੀ ਤੋਂ ਸੱਤਵੀਂ ਸਦੀ ਤੱਕ ਇਹ ਇਲਾਕਾ ਈਰਾਨੀ ਸਾਸਾਨੀ ਸਾਮਰਾਜ ਦੇ ਅਧੀਨ ਰਿਹਾ।"

ਕਰਾਚੀ ਪੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1930 ਦੇ ਦਹਾਕੇ ਦੌਰਾਨ ਕਰਾਚੀ ਪੋਰਟ ਉੱਤੇ ਮੌਜੂਦ ਜਹਾਜ਼

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਖੋਜ ਦੇ ਅਨੁਸਾਰ ਸੰਨ 711 ਈਸਵੀ ਵਿੱਚ ਅਰਬਾਂ ਦੇ ਸਿੰਧ ਵਿੱਚ ਆਉਣ ਦੇ ਨਾਲ ਦੱਖਣੀ ਏਸ਼ੀਆ ਵਿੱਚ ਇਸਲਾਮ ਦੀ ਨੀਂਹ ਪੈਂਦੀ ਹੈ। ਸੰਨ 712 ਤੋਂ ਲਗਭਗ ਸੰਨ 900 ਤੱਕ, ਸਿੰਧ ਉਮਯਦ ਅਤੇ ਅੱਬਾਸੀ ਸਲਤਨਤਾਂ ਦੇ ਸੂਬੇ 'ਅਲਸਮਿੰਦ (ਅਲ-ਸਿੰਧ)' ਦਾ ਹਿੱਸਾ ਰਿਹਾ, ਜਿਸਦੀ ਰਾਜਧਾਨੀ ਮੌਜੂਦਾ (ਪਾਕਿਸਤਾਨੀ) ਦੇ ਹੈਦਰਾਬਾਦ ਤੋਂ 72 ਕਿਲੋਮੀਟਰ ਉੱਤਰ ਵਿੱਚ ਸਥਿਤ ਅਲ-ਮੰਸੂਰਾ ਸੀ।

"ਖ਼ਿਲਾਫ਼ਤ ਦੀ ਕੇਂਦਰੀ ਸ਼ਕਤੀ ਦੇ ਕਮਜ਼ੋਰ ਪੈਣ ਤੋਂ ਬਾਅਦ ਦਸਵੀਂ ਤੋਂ ਸੋਲਵੀਂ ਸ਼ਤਾਬਦੀ ਤੱਕ 'ਅਲਸਮਿੰਦ' ਦੇ ਅਰਬ ਗਵਰਨਰਾਂ ਨੇ ਇਲਾਕਿਆਂ ਵਿੱਚ ਆਪਣੀ ਸਥਾਨਕ ਅਤੇ ਖ਼ਾਨਦਾਨੀ ਬਕੂਮਤ ਕਾਇਮ ਕਰ ਲਈ।"

"ਸੋਲ੍ਹਵੀਂ ਅਤੇ ਸਤਾਰ੍ਹਵੀਂ ਸਦੀ (1591-1700) ਸਿੰਧ ਮੁਗ਼ਲ ਦੇ ਸ਼ਾਸਨ ਵਿੱਚ ਰਿਹਾ। ਇਸ ਦੇ ਬਾਅਦ ਕਈ ਸੁਤੰਤਰ ਸਿੰਧੀ ਰਿਆਸਤਾਂ ਦੇ ਪਰਿਵਾਰਾਂ ਨੇ ਇਸ ਨੂੰ ਚਲਾਇਆ। ਇੱਥੋਂ ਤੱਕ ਕਿ 1843 ਵਿੱਚ ਆਖ਼ਰੀ ਸਿੰਧੀ ਹਕੂਮਤ ਨੂੰ ਬ੍ਰਿਟਿਸ਼ ਫੌਜ ਨੇ ਹਰਾ ਦਿੱਤਾ । ਉਸ ਸਮੇਂ, ਸਿੰਧ ਦੇ ਜ਼ਿਆਦਾਤਰ ਹਿੱਸਿਆਂ ਨੂੰ ਬੰਬਈ ਪ੍ਰੈਜ਼ੀਡੈਂਸੀ ਵਿੱਚ ਸ਼ਾਮਲ ਕਰ ਲਿਆ ਗਿਆ ਸੀ।"

ਸਿੰਧ ਨੇ ਪਾਕਿਸਤਾਨ ਦਾ ਹਿੱਸਾ ਬਣਨ ਦਾ ਫ਼ੈਸਲਾ ਕਿਉਂ ਕੀਤਾ?

ਜਿਨਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਨਾਹ ਨੇ ਸਿੰਘ ਨੂੰ ਬੰਬੇ ਤੋਂ ਵੱਖ ਕਰਨ ਦੀ ਮੰਗ ਕੀਤੀ ਸੀ।

ਪਾਕਿਸਤਾਨ ਦੇ ਸੰਸਥਾਪਕ, ਮੁਹੰਮਦ ਅਲੀ ਜਿਨਾਹ ਨੇ ਆਪਣੇ 14 ਪੁਾਇੰਟਸ ਵਿੱਚ ਸਿੰਧ ਨੂੰ ਬੰਬਈ ਤੋਂ ਵੱਖ ਕਰਨ ਦੀ ਮੰਗ ਕੀਤੀ।

ਮੁਸਲਮਾਨਾਂ ਦੀ ਮੰਗ 'ਤੇ ਬ੍ਰਿਟਿਸ਼ ਸਰਕਾਰ ਨੇ 1936 ਵਿੱਚ ਸਿੰਧ ਨੂੰ ਬੰਬੇ ਤੋਂ ਵੱਖ ਕਰ ਕੇ ਵੱਖਰੇ ਸੂਬੇ ਦਾ ਦਰਜਾ ਦਿੱਤਾ। ਸੰਨ 1947 ਵਿੱਚ ਪਾਕਿਸਤਾਨ ਬਣਨ ਵੇਲੇ ਸਿੰਧ ਨੂੰ ਮੁਸਲਮਾਨ-ਬਹੁਗਿਣਤੀ ਵਾਲਾ ਸੂਬਾ ਹੋਣ ਕਾਰਨ ਪਾਕਿਸਤਾਨ ਦਾ ਹਿੱਸਾ ਬਣਾ ਦਿੱਤਾ।

ਖੋਜਕਾਰ ਅਤੇ ਲੇਖਕ ਡਾ. ਮੁਹੰਮਦ ਅਲੀ ਸ਼ੇਖ ਨੇ ਆਪਣੇ ਇੱਕ ਲੇਖ ਵਿੱਚ ਦੱਸਿਆ ਹੈ ਕਿ ਬੋਧੀ ਰਾਜਾ ਸਿਹਾਸੀ ਦੂਜੇ ਦੇ 28 ਸਾਲਾਂ ਦੇ ਰਾਜ ਦੌਰਾਨ ਰਾਜ ਦੇ ਜ਼ਿਆਦਾਤਰ ਮਾਮਲੇ ਉਨ੍ਹਾਂ ਦੇ ਵਫ਼ਾਦਾਰ ਬ੍ਰਾਹਮਣ ਮੰਤਰੀ, ਚਚ ਦੇ ਅਧੀਨ ਸਨ।

ਕਰੀਬ 642 ਈਸਵੀ ਵਿੱਚ ਚੀਨੀ ਯਾਤਰੀ ਹਵੇਨ ਸਾਂਗ ਸਿੰਧ ਆਏ ਅਤੇ ਉਨ੍ਹਾਂ ਨੇ ਲਿਖਿਆ ਕਿ ਇੱਥੋਂ 'ਅਣਗਿਣਤ ਸਤੂਪ' ਅਤੇ 'ਸੈਂਕੜੇ ਵਿਹਾਰ' ਸਨ, ਜਿਨ੍ਹਾਂ ਵਿੱਚ ਕਰੀਬ 'ਦਸ ਹਜ਼ਾਰ ਭਿਕਸ਼ੂ' ਰਹਿੰਦੇ ਸਨ।

ਬ੍ਰਿਟਿਸ਼ ਇਤਿਹਾਸਕਾਰ ਜੌਨ ਕੀਏ ਆਪਣੀ ਕਿਤਾਬ "ਇੰਡੀਆ: ਏ ਹਿਸਟਰੀ" ਵਿੱਚ ਲਿਖਦੇ ਹਨ ਕਿ ਬੁੱਧ ਧਰਮ ਸਿੰਧ ਦਾ ਸਭ ਤੋਂ ਮਜ਼ਬੂਤ ਧਰਮ ਸੀ ਪਰ ਹਿੰਦੂ ਧਰਮ ਵੀ ਮੌਜੂਦ ਸੀ ਅਤੇ ਇੱਥੇ ਲਗਭਗ 'ਤੀਹ ਹਿੰਦੂ ਮੰਦਰ' ਸਨ।

ਇਹ ਵੀ ਪੜ੍ਹੋ-
ਸਿੰਧ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਨ 1927 ਵਿੱਚ ਸਿੰਧ (ਹੈਦਰਾਬਾਦ) ਦੀ ਇੱਕ ਤਸਵੀਰ

ਸੱਤਵੀਂ ਸਦੀ ਵਿੱਚ ਸਿੰਧ ਸਾਮਰਾਜ ਵਿੱਚ ਲਗਭਗ ਪੂਰੀ ਸਿੰਧ ਘਾਟੀ ਸ਼ਾਮਲ ਸੀ, ਸਿਵਾਏ ਉੱਤਰੀ ਹਿੱਸੇ ਦੇ। ਤਖ਼ਤ 'ਤੇ ਬੈਠਣ ਤੋਂ ਬਾਅਦ ਜਦੋਂ ਚਚ ਨੇ ਵਿਜੇ ਮੁਹਿੰਮ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਆਪਣੇ ਰਾਜ ਦੀਆਂ ਸੀਮਾਵਾਂ ਤੈਅ ਕਰਨ ਦਾ ਇੱਕ ਵਿਲੱਖਣ ਤਰੀਕਾ ਕੱਢਿਆ: ਵੱਖ-ਵੱਖ ਖੇਤਰਾਂ ਦੀ ਪਛਾਣ ਅਨੁਸਾਰ ਰੁੱਖ ਲਗਾ ਕੇ।

ਇਸ ਸੰਦਰਭ ਵਿੱਚ ਕੀਏ ਲਿਖਦੇ ਹਨ ਕਿ ਜੇਕਰ ਉੱਤਰ-ਪੱਛਮ ਵਿੱਚ ਸਿਰਫ਼ ਪ੍ਰਾਚੀਨ ਗੰਧਾਰ ਖੇਤਰ ਵੀ ਸ਼ਾਮਲ ਹੋ ਜਾਂਦਾ ਹੈ ਤਾਂ ਚਾਚ ਰਾਜ ਇੱਕ ਤਰ੍ਹਾਂ ਦਾ ਪ੍ਰੋਟੋ-ਪਾਕਿਸਤਾਨ ਬਣ ਜਾਂਦਾ।

ਇਤਿਹਾਸਕਾਰ ਡਾ. ਤਾਹਿਰ ਕਾਮਰਾਨ ਦੇ ਅਨੁਸਾਰ, ਸਿੰਧੂ ਘਾਟੀ ਸਭਿਅਤਾ ਦਾ ਕੇਂਦਰ ਉਹੀ ਇਲਾਕਾ ਹੈ ਜੋ ਹੁਣ ਪਾਕਿਸਤਾਨ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਸ ਵਿੱਚ ਪੰਜਾਬ ਵੀ ਹੈ, ਬਲੋਚਿਸਤਾਨ ਵੀ, ਖ਼ੈਬਰ ਪਖ਼ਤੂਨਖਵਾ ਵੀ ਹੈ, ਟੈਕਸਿਲਾ (ਤਕਸ਼ਿਲਾ) ਦੀ ਸੱਭਿਅਤਾ ਦੇ ਸੰਦਰਭ ਵਿੱਚ ਅਤੇ ਸਿੰਧ ਤੇ ਮੋਹਨਜੋਦੜੋ ਆਦਿ ਨੂੰ ਮਿਲਾ ਕੇ।

ਇਹ ਕੇਂਦਰ ਹੈ, ਇਹ ਸਰੋਤ ਹੈ ਅਤੇ ਇੱਥੋਂ ਹੀ ਸਿੰਧੂ ਘਾਟੀ ਸੱਭਿਅਤਾ ਉਭਰੀ ਅਤੇ ਫੈਲੀ ਤੇ ਇਸਦਾ ਪ੍ਰਭਾਵ ਗੁਜਰਾਤ ਤੱਕ ਪਿਆ।"

"ਸੱਭਿਆਚਾਰਕ ਤੌਰ 'ਤੇ ਇਹ ਇਲਾਕਾ ਜੇਕਰ ਇੱਕਜੁੱਟ ਹੈ ਤਾਂ ਇਹ ਬਹੁਤ ਹੀ ਕੁਦਰਤੀ ਜਾਪਦਾ ਹੈ। ਅਜਿਹਾ ਬਹੁਤ ਹੀ ਗ਼ੈਰ-ਕੁਦਰਤੀ ਹੋਵੇਗਾ ਕਿ ਸਿੰਧ ਵੱਖ ਹੋ ਕੇ ਭਾਰਤ ਦੇ ਨਾਲ ਚਲਾ ਜਾਵੇ। ਇਤਿਹਾਸਕ ਤੌਰ 'ਤੇ, ਇੱਕ ਸੱਭਿਅਤਾ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਇਹ ਗੱਲ ਸਮਝ ਨਹੀਂ ਆਉਂਦੀ।"

"ਸਿੰਧ ਦਾ ਮਤਲਬ ਕੋਈ ਇੱਕ ਇਲਾਕਾ ਜਾਂ ਸੂਬਾ ਨਹੀਂ ਹੈ, ਉਹ ਪੂਰਾ ਇਲਾਕਾ ਹੈ ਜੋ ਸਿੰਧੂ ਨਦੀ ਸੱਭਿਅਤਾ ਦਾ ਕੇਂਦਰ ਅਤੇ ਇਸ ਦੀ ਧੁਰੀ ਸੀ, ਜਿਸ ਵਿੱਚ ਪੰਜਾਬ ਹੈ, ਬਲੋਚਿਸਤਾਨ ਹੈ ਅਤੇ ਜਿਸ ਵਿੱਚ ਸਿੰਧ ਵੀ ਸ਼ਾਮਲ ਹਨ। ਇਸਦੀ ਸਮੂਹਿਕ ਸੱਭਿਆਚਾਰਕ ਇਕਾਈ ਉਹ ਥਾਂ ਹੈ ਜਿੱਥੇ ਅੱਜ ਪਾਕਿਸਤਾਨ ਹੈ। ਇਸ ਕੇਂਦਰ ਤੋਂ ਜੋ ਸੱਭਿਆਚਾਰਕ ਝਰਨੇ ਵਗੇ, ਉਨ੍ਹਾਂ ਨੇ ਅੱਗੇ ਜਾ ਕੇ ਆਪਣਾ ਅਸਰ ਦੂਜੀਆਂ ਥਾਵਾਂ 'ਤੇ ਦਿਖਾਇਆ।"

ਉਨ੍ਹਾਂ ਦੀ ਰਾਏ ਹੈ ਕਿ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ "ਬਸ ਇੱਕ ਫੁਲਝੜੀ ਛੱਡ ਦਿੱਤੀ ਹੈ ਜਿਸ ਦੇ ਪਿੱਛੇ ਕੋਈ ਗਿਆਨ ਨਹੀਂ ਡੂੰਘਾਈ ਜਾਂ ਵਿਸ਼ੇ ਉੱਤੇ ਪਕੜ ਨਹੀਂ ਆਉਂਦੀ।"

ਸਿੰਧ ਦੇ ਰਾਜਨੀਤੀ ਸ਼ਾਸਤਰੀ ਡਾਕਟਰ ਆਮਿਰ ਅਲੀ ਚਾਂਡੀਓ ਕਹਿੰਦੇ ਹਨ ਕਿ ਭਾਰਤੀ ਰੱਖਿਆ ਮੰਤਰੀ ਦਾ ਇਹ ਬਿਆਨ 'ਖੁੱਲ੍ਹੇਆਮ ਸਾਮਰਾਜਵਾਦੀ ਮਾਨਸਿਕਤਾ ਦੀ ਝਲਕ ਦਿੰਦਾ ਹੈ' ਅਤੇ ਇਸ ਵਿੱਚ ਸਾਫ਼ ਤੌਰ 'ਤੇ 'ਕਬਜ਼ਾ ਕਰਨ ਦੀ ਬੂ' ਮਹਿਸੂਸ ਹੁੰਦੀ ਹੈ।

ਸਿੰਧ

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਇਤਿਹਾਸ 'ਤੇ ਇੱਕ ਸਰਸਰੀ ਨਜ਼ਰ ਮਾਰੀਏ ਤਾਂ ਇਹ ਹਕੀਕਤ ਸਾਹਮਣੇ ਆਉਂਦੀ ਹੈ ਕਿ ਸਿੰਧ 'ਕਦੇ ਹਿੰਦੂਸਤਾਨ ਜਾਂ ਭਾਰਤ ਦਾ ਹਿੱਸਾ ਨਹੀਂ ਰਿਹਾ।'

"ਜੇਕਰ ਕਦੇ ਬਹੁਤ ਘੱਟ ਸਮੇਂ ਲਈ ਮੁਗ਼ਲ ਸਾਮਰਾਜ ਨੇ ਸਿੰਧ 'ਤੇ ਕਬਜ਼ਾ ਵੀ ਕੀਤਾ ਤਾਂ ਸਿੰਧੀ ਜਨਤਾ ਨੇ ਉਸ ਦਾ ਭਰਪੂਰ ਵਿਰੋਧ ਕੀਤਾ। ਸ਼ਾਹ ਇਨਾਇਤ ਸ਼ਹੀਦ ਨੂੰ ਇਤਿਹਾਸ ਦਾ ਪਹਿਲਾਂ ਸੋਸ਼ਲਿਸਟ ਸੂਫ਼ੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਜਗੀਰਦਾਰੀ ਪ੍ਰਣਾਲੀ ਅਤੇ ਇਸਦਾ ਸਮਰਥਨ ਕਰਨ ਵਾਲੇ ਮੁਗ਼ਲ ਦਬਦਬੇ ਵਿਰੁੱਧ ਫ਼ੈਸਲਾਕੁੰਨ ਲੜਾਈ ਲੜੀ।"

ਚਾਂਡੀਓ ਦੇ ਅਨੁਸਾਰ ਸੰਨ 1843 ਵਿੱਚ "ਜਦੋਂ ਬ੍ਰਿਟਿਸ਼ ਐਂਪਾਇਰ ਅਤੇ ਈਸਟ ਇੰਡੀਆ ਕੰਪਨੀ ਨੇ ਸਿੰਧ 'ਤੇ ਕਬਜ਼ਾ ਕੀਤਾ, ਉਸ ਵੇਲੇ ਵੀ ਸਿੰਧ ਇੱਕ ਆਜ਼ਾਦ ਸੂਬਾ ਅਤੇ ਵੱਖਰਾ ਖੇਤਰ ਸੀ, ਭਾਰਤ ਦਾ ਹਿੱਸਾ ਨਹੀਂ ਸੀ।"

"ਸੰਨ 1847 ਵਿੱਚ ਸਿੰਧ ਦੀ ਜਨਤਾ ਦੀ ਇੱਛਾ ਦੇ ਖ਼ਿਲਾਫ਼ ਸਾਜਿਸ਼ ਦੇ ਤਹਿਤ ਜ਼ਬਰਦਸਤੀ ਬੰਬੇ ਪ੍ਰੈਂਸੀਡੈਂਸੀ ਵਿੱਚ ਸ਼ਾਮਲ ਕੀਤਾ ਗਿਆ। ਇਸ ਫ਼ੈਸਲੇ ਦੇ ਖ਼ਿਲਾਫ਼ ਸਿੰਧ ਦੇ ਲੋਕਾਂ ਨੇ ਲੰਬੀ ਲੜਾਈ ਕੀਤੀ, ਜਿਸ ਤੋਂ ਬਾਅਦ ਸਿੰਧ ਦੀ ਵੱਖਰੀ ਪਛਾਣ ਆਖ਼ਰਕਾਰ ਬਹਾਲ ਹੋਈ।"

ਇਸ ਤੋਂ ਬਾਅਦ ਵੀ ਸਿੰਧ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਨਾ ਕੇਵਲ ਸੰਸਦੀ ਅਤੇ ਲੋਕਤਾਂਤਰਿਕ ਸੰਘਰਸ਼ ਕੀਤਾ, ਬਲਕਿ ਹੁਰਾਂ (ਸੂਫ਼ੀ ਭਾਈਚਾਰੇ, ਸ਼ਾਬਦਿਕ ਅਰਥ-ਆਜ਼ਾਦ) ਦਾ ਹਥਿਆਰਬੰਦ ਅੰਦੋਲਨ ਵੀ ਸਿੰਧ ਦੇ ਖ਼ਿਲਾਫ਼ ਇਤਿਹਾਸ ਦਾ ਇੱਕ ਚਮਕਦਾਰ ਅਧਿਆਇ ਹੈ। ਅੰਗਰੇਜ਼ਾਂ ਨੂੰ ਸਿੰਧ ਵਿੱਚ ਮਾਰਸ਼ਲ ਲਾਅ ਵੀ ਲਗਾਉਣਾ ਪਿਆ, ਪਰ ਸਿੰਧ ਨੇ ਗ਼ੁਲਾਮੀ ਨੂੰ ਸਵੀਕਾਰ ਨਹੀਂ ਕੀਤਾ।"

ਚਾਂਡੀਓ ਦੱਸਦੇ ਹਨ ਕਿ ਸੰਨ 1940 ਵਿੱਚ ਲਾਹੌਰ ਮਤੇ (ਪਾਕਿਸਤਾਨ ਮਤੇ) ਨੂੰ ਸਭ ਤੋਂ ਪਹਿਲਾਂ ਮੰਨਣ ਵਾਲਿਆਂ ਵਿੱਚ ਸਿੰਘ ਦੇ ਲੋਕ ਸ਼ਾਮਲ ਸਨ। ਉਸ ਤੋਂ ਪਹਿਲਾਂ 1938 ਵਿੱਚ ਵੀ ਸਿੰਧ ਅਸੈਂਬਲੀ ਨੇ ਐਲਾਨ ਕੀਤਾ ਸੀ, ਕਿ 'ਅਸੀਂ ਹਿੰਦੁਸਤਾਨ ਨਾਲ ਨਹੀਂ ਰਹਾਂਗੇ।'

"ਪਾਕਿਸਤਾਨ ਦੇ ਸੰਸਥਾਪਕ ਵੀ ਸਿੰਧ ਨਾਲ ਸਬੰਧਤ ਸਨ, ਅਤੇ 3 ਮਾਰਚ, 1943 ਨੂੰ, ਸਿੰਧ ਅਸੈਂਬਲੀ ਨੇ ਪਾਕਿਸਤਾਨ ਦੇ ਹੱਕ ਵਿੱਚ ਪਹਿਲਾ ਮਤਾ ਪਾਸ ਕੀਤਾ, ਜਿਸ ਵਿੱਚ ਜੀ.ਐਮ. ਸਈਦ ਨੇ ਮੁੱਖ ਭੂਮਿਕਾ ਨਿਭਾਈ।"

'ਸਿੰਧ ਨੇ ਕਦੇ ਵੀ ਭਾਰਤ ਦੀ ਸਰਬਉੱਚਤਾ ਨੂੰ ਸਵੀਕਾਰ ਨਹੀਂ ਕੀਤਾ'

ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1931 ਵਿੱਚ ਕਰਾਚੀ ਵਿੱਚ ਮਹਾਤਮਾ ਗਾਂਧੀ ਦੇ ਸਵਾਗਤ ਦੀ ਇੱਕ ਤਸਵੀਰ

ਚੁਗ਼ਤਾਈ ਮਿਰਜ਼ਾ ਐਜ਼ਾਜ਼ੁਦੀਨ ਦੀ ਖੋਜ ਅਨੁਸਾਰ, ਅਣਵੰਡੇ ਭਾਰਤ ਵਿੱਚ ਸਭ ਤੋਂ ਪਹਿਲੇ ਸਿੰਧ ਸੂਬੇ ਨੇ ਹੀ ਇੱਕ ਆਜ਼ਾਦ ਰਾਜ ਦੀ ਸਿਰਜਣਾ ਲਈ ਮਤਾ ਪਾਸ ਕੀਤਾ ਸੀ। ਇਹ ਮਤਾ ਸ਼ੇਖ ਅਬਦੁਲ ਮਜੀਦ ਸਿੰਧੀ ਨੇ ਪੇਸ਼ ਕੀਤਾ ਸੀ।

"ਪਾਕਿਸਤਾਨ ਦੇ ਸੰਸਥਾਪਕ ਦੀ ਸੋਚ ਸੀ ਕਿ ਹਿੰਦੁਸਤਾਨ ਕਦੇ ਵੀ ਇੱਕ ਇਕੱਲੇ (ਸੰਯੁਕਤ) ਰਾਸ਼ਟਰ ਨਹੀਂ ਸੀ ਅਤੇ ਮੁਸਲਿਮ ਹਿੰਦੁਸਤਾਨ ਹਮੇਸ਼ਾ ਇੱਕ ਵੱਖਰੀ ਇਕਾਈ ਰਿਹਾ ਹੈ – ਇਸ ਦੀ ਗੂੰਜ ਜੀਐੱਮ ਸਈਅਦ ਦੇ ਬਿਆਨ ਵਿੱਚ ਵੀ ਸੁਣਾਈ ਦਿੱਤੀ, ਜੋ ਉਸ ਸਮੇਂ ਮੁਸਲਿਮ ਲੀਗ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਇੱਕ ਮਸ਼ਹੂਰ ਸਿੰਧੀ ਆਗੂ ਸਨ।"

"ਜੀਐੱਮ ਸਈਅਦ ਨੇ ਕਿਹਾ ਕਿ ਮੋਹਨਜੋਦੜੋ ਦੇ ਸਾਹਮਣੇ ਆਈ ਸਿੰਧੂ ਘਾਟੀ ਸੱਭਿਅਤਾ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਦੇ ਇਲਾਕੇ ਕਦੇ ਹਿੰਦੁਸਤਾਨ ਦਾ ਹਿੱਸਾ ਨਹੀਂ ਰਹੇ ਅਤੇ ਇਹ ਕਿ ਸਿੰਧ, ਪੰਜਾਬ, ਅਫ਼ਗਾਨਿਸਤਾਨ ਅਤੇ ਸਰਹਦ ਤੋਂ ਦੂਰ ਪੂਰਬ ਦਾ ਨਹੀਂ ਬਲਕਿ ਮੱਧ ਪੂਰਬ ਦਾ ਹਿੱਸਾ ਸਨ।"

"ਦੱਖਣੀ ਏਸ਼ੀਆ ਦੇ ਸਾਰੇ ਸੂਬਿਆਂ ਵਿੱਚ ਕੇਵਲ ਅਸੈਂਬਲੀ ਨੇ ਹੀ ਮਾਰਚ 1943 ਨੂੰ ਜੀਐੱਮ ਸਈਅਦ ਦੇ ਲਿਆਂਦੇ ਮਤੇ ਰਾਹੀਂ, ਲਾਹੌਰ ਮਤੇ ਦੀ ਤਰਜ਼ 'ਤੇ ਅਫ਼ਗਾਨਿਸਤਾਨ ਬਣਾਉਣ ਦਾ ਮਤਾ ਪਾਸ ਕੀਤਾ।"

"ਬਾਅਦ ਵਿੱਚ 26 ਜੂਨ 1947 ਨੂੰ ਸਿੰਧ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਵਿੱਚ ਫ਼ੈਸਲਾ ਕੀਤਾ ਕਿ ਉਹ ਨਵੀਂ ਪਾਕਿਸਤਾਨ ਸੰਵਿਧਾਨ ਸਭਾ ਦਾ ਹਿੱਸਾ ਬਣੇਗੀ। ਇਸ ਤਰ੍ਹਾਂ ਸਿੰਧ ਪਾਕਿਸਤਾਨ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਸੂਬਾ ਬਣਿਆ।"

ਜੀਐੱਮ ਸਈਅਦ ਦੇ ਅਨੁਸਾਰ, ਸਿੰਧ ਦੇ ਮੈਂਬਰ, ਜਿਨ੍ਹਾਂ ਨੇ ਪਾਕਿਸਤਾਨ ਨੂੰ ਬਣਾਉਣ ਦੇ ਪੱਖ ਵਿੱਚ ਵੋਟ ਦਿੱਤੇ, ਉਹ ਪਾਕਿਸਤਾਨੀ ਰਾਸ਼ਟਰ ਦੇ ਨਿਰਮਾਤਾ ਹਨ।

"ਇਨ੍ਹਾਂ ਵਿੱਚ ਗ਼ੁਲਾਮ ਹੁਸੈਨ ਹਿਦਾਇਤਉੱਲ੍ਹਾ, ਮੁਹੰਮਦ ਅਯੂਬ ਖੋੜੋ, ਮੀਰ ਬੰਦਾ ਅਲੀ ਖ਼ਾਨ ਤਾਲਪੁਰ, ਪੀਰਜ਼ਾਦਾ ਅਬਦੁਸਤਾਰ, ਮੁਹੰਮਦ ਹਾਸ਼ਿਮ ਗਜ਼ਦਰ, ਪੀਰ ਇਲਾਹੀ ਬਖਸ਼, ਮੀਰਾਂ ਮੁਹੰਮਦ ਸ਼ਾਹ, ਮਹਿਮੂਦ ਹਾਰੂਨ, ਕਾਜ਼ੀ ਮੁਹੰਮਦ ਅਕਬਰ, ਖ਼ਾਨ ਸਾਹੇਬ ਗੁਲਾਮ ਰਸੂਲ ਜਤੋਈ, ਸਰਦਾਰ ਕੈਸਰ ਖਾਨ ਗਜ਼ਦਰ, ਮੀਰ ਜਾਫ਼ਰ ਖ਼ਾਨ ਜਮਾਲੀ, ਸਰਦਾਰ ਨਬੀ ਬਖ਼ਸ਼ ਸੂਮਰੋ, ਗ਼ੁਲਾਮ ਮੁਹੰਮਦ ਵਾਸਨ, ਸਰਦਾਰ ਨੂਰ ਮੁਹੰਮਦ ਬਿਜਾਰਾਨੀ, ਗ਼ੁਲਾਮ ਨਬੀ ਢੇਰਾਜ਼ ਅਤੇ ਸਪੀਕਰ ਆਗ਼ਾ ਬਦਰੂਦੀਨ ਸ਼ਾਮਲ ਸਨ, ਜਿਨ੍ਹਾਂ ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ।"

ਕਰਾਚੀ ਜਾ ਰਹੀ ਟ੍ਰੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1947 ਵਿੱਚ ਆਜ਼ਾਦੀ ਤੋਂ ਪਹਿਲਾਂ ਦਿੱਲੀ ਤੋਂ ਕਰਮਚਾਰੀਆਂ ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਲੈ ਕੇ ਜਾਣ ਵਾਲੀ ਟ੍ਰੇਨ

ਚਾਂਡੀਓ ਦੱਸਦੇ ਹਨ ਕਿ ਅੱਜ ਵੀ, "ਜੇਕਰ ਸਿੰਧ ਦੇ ਲੋਕ ਕੁਝ ਕਹਿੰਦੇ ਹਨ, ਤਾਂ ਉਹ ਇਹ ਹੈ ਕਿ ਅਸੀਂ ਪਾਕਿਸਤਾਨ ਦਾ ਹਿੱਸਾ ਹਨ, ਸਾਨੂੰ ਸਿਰਫ਼ 1940 ਦੇ ਮਤੇ ਤਹਿਤ ਸਾਡੇ ਸੰਵਿਧਾਨਕ ਅਤੇ ਰਾਜਨੀਤਿਕ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ।"

"ਇਸ ਤਰ੍ਹਾਂ ਸਿੰਧ, ਜੋ ਕਿ ਇੱਕ ਆਜ਼ਾਦ ਦੇਸ਼ ਸੀ ਅਤੇ ਅੰਗਰੇਜ਼ਾਂ ਦੇ ਕਬਜ਼ੇ ਹੇਠ ਸੀ, ਆਪਣੀ ਮਰਜ਼ੀ ਨਾਲ ਪਾਕਿਸਤਾਨ ਦਾ ਹਿੱਸਾ ਬਣਇਆ। ਪਾਕਿਸਤਾਨ ਦੇ ਅੰਦੋਲਨ ਵਿੱਚ ਬੰਗਾਲ ਦੇ ਨਾਲ-ਨਾਲ ਸਿੰਧ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਅਤੇ ਇਤਿਹਾਸਕ ਹੈ।"

"ਸਿੰਧ ਦੇ ਲੋਕਾਂ ਨੇ ਕਦੇ ਵੀ ਭਾਰਤ ਦੇ ਦਬਦਬੇ ਨੂੰ ਸਵੀਕਾਰ ਨਹੀਂ ਕੀਤਾ। ਭਾਰਤ ਦੀ ਸਾਮਰਾਜਵਾਦੀ ਇੱਛਾ ਨੂੰ ਅੱਜ ਵੀ ਉਸ ਨੂੰ ਮਨਜ਼ੂਰ ਨਹੀਂ ਹੈ, ਨਾ ਦੇ ਹੋਵੇਗੀ। ਭਾਰਤ ਦਾ ਹਿੱਸਾ ਬਣਨ ਜਾਂ ਉਸ ਦੇ ਕਿਸੇ ਵੀ ਦਬਦਬੇ ਨੂੰ ਸਵੀਕਾਰ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।"

ਚਾਂਡੀਓ ਦੇ ਅਨੁਸਾਰ, ਸਿੰਧ ਇਤਿਹਾਸਕ ਤੌਰ 'ਤੇ ਇੱਕ ਆਜ਼ਾਦ ਦੇਸ਼ ਰਿਹਾ ਹੈ ਅਤੇ ਆਪਣੀ ਮਰਜ਼ੀ ਨਾਲ ਪਾਕਿਸਤਾਨ ਵਿੱਚ ਸ਼ਾਮਲ ਹੋਇਆ ਹੈ।

ਬੁੱਧੀਜੀਵੀ ਵਜਾਹਤ ਮਸੂਦ ਦਾ ਕਹਿਣਾ ਹੈ ਕਿ ਜੇਕਰ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਦਲੀਲ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਭਵਿੱਖ ਵਿੱਚ ਦਿੱਲੀ, ਅਵਧ ਅਤੇ ਹੈਦਰਾਬਾਦ ਦੱਕਣ ਪਾਕਿਸਤਾਨ ਦਾ ਹਿੱਸਾ ਬਣ ਸਕਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਕਿ ਇਤਿਹਾਸ ਦੀ ਯਾਤਰਾ ਪੁਰਾਣੀਆਂ ਹੱਥ-ਲਿਖਤਾਂ ਦੀ ਰੌਸ਼ਨੀ ਵਿੱਚ ਅੱਗੇ ਨਹੀਂ ਵਧਦੀ। "ਪੌਣੀ ਸਦੀ ਪਹਿਲਾਂ ਹਿੰਦੁਸਤਾਨ ਦੀ ਵੰਡ ਹੋ ਗਈ ਸੀ ਅਤੇ ਦੋ ਰਾਸ਼ਟਰ-ਰਾਜ ਬਣ ਗਏ ਸਨ। ਉਸ ਸਮੇਂ ਦੀ ਲੀਡਰਸ਼ਿਪ ਨੇ ਇਸ ਫ਼ੈਸਲੇ ਨੂੰ ਸਵੀਕਾਰ ਕੀਤਾ।"

"ਬੀਤੇ ਸੱਤ ਦਹਾਕਿਆਂ ਵਿੱਚ ਦੋਵਾਂ ਦੀ ਰਾਜਨੀਤੀ, ਅਰਥਚਾਰਾ ਅਤੇ ਸੱਭਿਆਚਾਰ ਵਿੱਚ ਵਿਲੱਖਣ ਗੱਲਾਂ ਉਭਰ ਦੇ ਸਾਹਮਣੇ ਆਈਆਂ ਹਨ। ਹੁਣ ਰਾਜਨਾਥ ਵਰਗੀਆਂ ਗੱਲਾਂ ਤੋਂ ਬੇਮਤਲਬ ਕੜਵਾਹਟ ਦੇ ਸਿਵਾਏ ਕੁਝ ਹਾਸਲ ਨਹੀਂ ਹੋ ਸਕਦਾ।"

ਵਜਾਹਤ ਮਸੂਦ ਦੀ ਸਲਾਹ ਹੈ ਕਿ ਬਿਹਤਰ ਹੈ ਕਿ ਦੋਵੇਂ ਦੇਸ਼ ਚੰਗੇ ਗੁਆਂਢੀਆਂ ਵਾਂਗ ਰਹਿਣ ਸਿੱਖ ਲੈਣ ਅਤੇ ਆਪਣੇ ਲੋਕਾਂ ਦਾ ਜੀਵਨ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ।