ਸਿੰਧੂ ਘਾਟੀ ਸੱਭਿਅਤਾ ਦੀ ਖੋਜ ਦੇ 100 ਸਾਲ: ਇਸ ਪੁਰਾਤਨ ਸੱਭਿਅਤਾ ਦੀ ਖੋਜ ਕਿਵੇਂ ਹੋਈ ਤੇ ਇਤਿਹਾਸ ਦੇ ਕਿਹੜੇ ਭੁਲੇਖੇ ਇਸ ਨੇ ਦੂਰ ਕੀਤੇ

ਸਿੰਧੂ ਘਾਟੀ

ਤਸਵੀਰ ਸਰੋਤ, Getty Images

    • ਲੇਖਕ, ਮੁਰਲੀਧਰਨ ਕਾਸੀ ਵਿਸ਼ਵਨਾਥਨ
    • ਰੋਲ, ਬੀਬੀਸੀ ਤਮਿਲ

ਸਿੰਧੂ ਘਾਟੀ ਦੀ ਖੋਜ ਨੇ ਭਾਰਤੀ ਉਪ ਮਹਾਂਦੀਪ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਹੁਣ ਇਸ ਖੋਜ ਨੂੰ 100 ਸਾਲ ਹੋ ਚੁੱਕੇ ਹਨ। ਲੇਕਿਨ ਇਸਦਾ ਮਹੱਤਵ ਕੀ ਹੈ?

ਜਦੋਂ 20 ਸਤੰਬਰ 1924 ਨੂੰ ਲੰਡਨ ਦੇ ਇੱਕ ਅਖ਼ਬਾਰ ਵਿੱਚ ਤਸਵੀਰਾਂ ਸਹਿਤ ਇਸ ਖੋਜ ਬਾਰੇ ਛਪਿਆ ਸੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਭਾਰਤੀ ਉਪ ਮਹਾਂਦੀਪ ਬਾਰੇ ਸਮੁੱਚੀ ਸਮਝ ਨੂੰ ਹੀ ਬਦਲ ਦੇਵੇਗੀ।

ਸਰ ਜੌਹਨ ਮਾਰਸ਼ਲ ਭਾਰਤੀ ਪੁਰਾਤੱਤਵ ਸਰਵੇਖਣ ਦੇ ਪੁਰਾਤੱਤਵ ਵਿਗਿਆਨੀਆਂ ਦੀ ਟੀਮ ਦੇ ਮੁਖੀ ਸਨ, ਜਿਸ ਨੇ ਹੜੱਪਾ ਦੀ ਥੇਹ ਦੀਆਂ ਤਸਵੀਰਾਂ ਛਾਪੀਆਂ ਸਨ।

ਕਿਸੇ ਪੁਰਾਤੱਤਵ ਮਾਹਰ ਲਈ ਕਿਸੇ ਅਲੋਪ ਹੋ ਚੁੱਕੀ ਸੱਭਿਅਤਾ ਦੇ ਨਿਸ਼ਾਨਾਂ ਉੱਤੇ ਚਾਨਣਾ ਪਾਉਣਾ ਸੌਖਾ ਨਹੀਂ ਹੁੰਦਾ ਪਰ ਉਸ ਸਮੇਂ ਸਿੰਧੂ ਦੇ ਮੈਦਾਨਾਂ ਵਿੱਚ ਅਸੀਂ ਇਤਿਹਾਸਕ ਖੋਜ ਦੇ ਬਿਲਕੁਲ ਨਜ਼ਦੀਕ ਸੀ।

ਇਸ ਲੇਖ ਦਾ ਸਿਰਲੇਖ, “ਫਰਸਟ ਲਾਈਟ ਆਨ ਏ ਲਾਂਗ- ਫਾਰਗਾਟਨ ਸਿਵਲਾਈਜ਼ੇਸ਼ਨ: ਨਿਊ ਡਿਸਕਰਵਰੀਜ਼ ਆਫ਼ ਐਨ ਅਨਨੋਨ ਪ੍ਰੀਹਿਸਟਾਰਿਕ ਪਾਸਟ ਇਨ ਇੰਡੀਆ” ਸੀ।

ਸਿੰਧੂ ਘਾਟੀ ਵਿੱਚ ਮਿਲੀਆਂ ਮੋਹਰਾਂ ਦੇ ਨਾਲ ਮਿਲਦੀਆਂ-ਜੁਲਦੀਆਂ ਮੋਹਰਾਂ ਈਰਾਨ, ਮੈਸੋਪੋਟਾਮੀਆ ਵਿੱਚ ਵੀ ਮਿਲੀਆਂ ਸਨ। ਇਹ ਮੋਹਰਾਂ ਤਾਂਬਾ ਯੁੱਗ ਦੀਆਂ ਨਿਸ਼ਾਨੀਆਂ ਸਨ। ਜਿਸ ਦਾ ਸਮਾਂ 3300 ਬੀਸੀ ਤੋਂ 2500 ਬੀਬੀਸੀ ਮੰਨਿਆ ਜਾਂਦਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਹੜੱਪਾ ਸੱਭਿਅਤਾ ਵੀ ਤਾਂਬਾ ਯੁੱਗ ਦੀ ਸਮਕਾਲੀ ਸੀ।

ਜਦੋਂ ਭਾਰਤੀ ਇਤਿਹਾਸ ਦੋਬਾਰਾ ਲਿਖਿਆ ਗਿਆ

ਹੜੱਪਾ ਦੀ ਥੇਹ

ਤਸਵੀਰ ਸਰੋਤ, Getty Images

ਇਹ ਇੱਕ ਵੱਡਾ ਉਲਟਫੇਰ ਸੀ। ਸਾਲ 1924 ਦੇ ਸਤੰਬਰ ਮਹੀਨੇ ਦੇ ਦੂਜੇ ਹਫ਼ਤੇ ਤੱਕ 236 ਬੀਸੀ ਨੂੰ ਹੀ ਭਾਰਤੀ ਇਤਿਹਾਸ ਦਾ ਸਭ ਤੋਂ ਪੁਰਾਣਾ ਸਾਲ ਮੰਨਿਆ ਜਾਂਦਾ ਸੀ। ਉਹੀ ਸਾਲ ਜਦੋਂ ਸਿਕੰਦਰ ਮਹਾਨ ਨੇ ਭਾਰਤ ਉੱਤੇ ਹਮਲਾ ਕੀਤਾ ਸੀ।

ਉਦੋਂ ਤੱਕ ਵੈਦਿਕ ਕਾਲ ਨੂੰ ਭਾਰਤੀ ਇਤਿਹਾਸ ਦਾ ਮੁੱਢਲਾ ਕਾਲ ਮੰਨਿਆ ਜਾਂਦਾ ਸੀ। ਲੇਕਿਨ ਜੌਹਨ ਮਾਰਸ਼ਲ ਦੀ ਖੋਜ ਨੇ ਸਭ ਬਦਲ ਦਿੱਤਾ।

ਸਿੰਧੂ ਘਾਟੀ ਦੀ ਖੋਜ ਇੱਕ ਦਿਲਚਸਪ ਘਟਨਾ ਸੀ। ਚਾਰਲਸ ਮੇਸਨ ਜੋ ਈਸਟ ਇੰਡੀਆ ਕੰਪਨੀ ਛੱਡ ਕੇ, ਸੰਨ 1829 ਦੌਰਾਨ ਪੰਜਾਬ ਵਿੱਚ ਘੁੰਮ ਰਹੇ ਸਨ। ਉਹ ਕੰਪਨੀ ਵਿੱਚ ਮੁੜ ਸ਼ਾਮਲ ਹੋਣਾ ਚਾਹੁੰਦੇ ਸਨ। ਇਸ ਲਈ ਇਲਾਕੇ ਬਾਰੇ ਜਾਣਕਾਰੀ ਇਕੱਠੀ ਕਰਕੇ ਉਹ ਕੰਪਨੀ ਨੂੰ ਦੇਣਾ ਚਾਹੁੰਦੇ ਸਨ। ਆਪਣੇ ਸਰਵੇਖਣ ਦੌਰਾਨ ਉਨ੍ਹਾਂ ਨੂੰ ਰਾਵੀ ਦੇ ਮੈਦਾਨਾਂ ਵਿੱਚ ਬਹੁਤ ਸਾਰੇ ਪੁਰਾਤੱਤਵੀ ਸਬੂਤ ਮਿਲੇ।

ਉਨ੍ਹਾਂ ਦੀ ਸਿਕੰਦਰ ਮਹਾਨ ਵਿੱਚ ਬਹੁਤ ਦਿਲਚਸਪੀ ਸੀ। ਇਸ ਇਲਾਕੇ ਉੱਤੇ ਵੀ ਉਸ ਨੇ ਹਮਲਾ ਕੀਤਾ ਸੀ ਇਸ ਲਈ ਚਾਰਲਸ ਨੇ ਸੋਚਿਆ ਕਿ ਇਹ ਨਿਸ਼ਾਨੀਆਂ ਵੀ ਉਸੇ ਨਾਲ ਸੰਬੰਧਿਤ ਹਨ। ਇਸ ਬਾਰੇ ਚੀਨੀ ਯਾਤਰੀ ਹਿਊਨਸਾਂਗ ਨੇ ਆਪਣੇ ਸਫ਼ਰਨਾਮਿਆਂ ਵਿੱਚ ਲਿਖਿਆ ਸੀ। ਆਪਣੀ ਇਸ ਰਾਇ ਬਾਰੇ ਉਨ੍ਹਾਂ ਨੇ ਆਪਣੀ ਕਿਤਾਬ "ਨਰੇਟਿਵਸ ਆਫ ਵੇਰੀਅਸ ਜਰਨੀਜ਼ ਇਨ ਬਲੋਚਿਸਤਾਨ, ਅਫ਼ਗਾਨਿਸਤਾਨ ਐਂਡ ਦਿ ਪੰਜਾਬ" ਵਿੱਚ ਲਿਖਿਆ।

ਦੋ ਸਾਲ ਬਾਅਦ ਐਲਗਜ਼ੈਂਡਰ ਬਰਨਸ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਪੱਕੀਆਂ ਇੱਟਾਂ ਮਿਲੀਆਂ। ਸਥਾਨਕ ਲੋਕ ਇਨ੍ਹਾਂ ਨੂੰ ਚੁੱਕ ਰਹੇ ਸਨ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਜਦੋਂ ਇਹ ਇਲਾਕਾ ਬ੍ਰਿਟਿਸ਼ ਸਰਕਾਰ ਦੇ ਅਧੀਨ ਆਇਆ ਤਾਂ ਇਸਦੀ ਹੋਰ ਲੁੱਟ ਹੋਈ। ਇੱਥੋਂ ਇੱਟਾਂ ਚੁੱਕ ਕੇ ਰੇਲਵੇ ਲਾਈਨਾਂ ਉੱਤੇ ਸੁੱਟੀਆਂ ਗਈਆਂ।

ਜਦੋਂ ਭਾਰਤ ਸਿੱਧਾ ਬ੍ਰਿਟਿਸ਼ ਤਾਜ ਦੇ ਸ਼ਾਸ਼ਨ ਹੇਠ ਆਇਆ ਤਾਂ ਪੁਰਾਤੱਤਵ ਦੇ ਖੇਤਰ ਨੂੰ ਕੁਝ ਮਹੱਤਵ ਮਿਲਣਾ ਸ਼ੁਰੂ ਹੋਇਆ। ਸੰਨ 1861 ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਕਾਇਮ ਕੀਤਾ ਗਿਆ। ਐਲਗਜ਼ੈਂਡਰ ਕਨਿੰਘਮ ਇਸਦੇ ਪਹਿਲੇ ਮਹਾਂ ਨਿਰਦੇਸ਼ਕ ਲਾਏ ਗਏ।

ਉਨ੍ਹਾਂ ਨੇ ਹੜੱਪਾ ਨੂੰ ਪਹਿਲਾਂ ਤੋਂ ਦੇਖਿਆ ਹੋਇਆ ਸੀ। ਉਨ੍ਹਾਂ ਉੱਥੇ ਵਾਪਸ ਜਾਂਚ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੀ ਰਾਇ ਸੀ ਕਿ ਇਹ ਕੋਈ ਬੋਧੀ ਥੇਹ ਹੋਵੇਗੀ, ਜਿਸ ਦਾ ਚੀਨੀ ਯਾਤਰੀ ਹਿਊਨ ਸਾਂਗ ਨੇ 7ਵੀਂ ਸਦੀ ਦੇ ਆਪਣੇ ਸਫ਼ਰਨਾਮੇ ਵਿੱਚ ਜ਼ਿਕਰ ਕੀਤਾ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹੜੱਪਾ ਤੇ ਮੋਹਨ ਜੋਦਾੜੋ ਵਿੱਚ ਖੁਦਾਈ ਦੀ ਸ਼ੁਰੂਆਤ

ਇਸ ਤੋਂ ਬਾਅਦ ਇਸ ਪਾਸੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। 20ਵੀਂ ਸਦੀ ਦੇ ਸ਼ੁਰੂ ਵਿੱਚ ਲਾਰਡ ਕਰਜ਼ਨ ਨੂੰ ਭਾਰਤ ਦੇ ਨਵੇਂ ਵਾਇਰਸ ਰਾਏ ਬਣਾ ਕੇ ਭੇਜਿਆ ਗਿਆ। ਜੌਹਨ ਮਾਰਸ਼ਲ ਨੂੰ ਭਾਰਤੀ ਪੁਰਾਤੱਤਵ ਸਰਵੇਖਣ ਦੇ ਨਵੇ ਡੀਜੀ ਲਾਇਆ ਗਿਆ।

ਕੁਝ ਸਾਲ ਬਾਅਦ ਜੌਹਨ ਮਾਰਸ਼ਲ ਨੇ ਭਾਰਤੀ ਪੁਰਾਤੱਤਵ ਸਰਵੇਖਣ ਦੇ ਪੁਰਾਤੱਤਵ ਮਾਹਰ ਹੀਰਾਨੰਦ ਸ਼ਾਸਤਰੀ ਨੂੰ ਹੜੱਪਾ ਦੀ ਥੇਹ ਦੀ ਜਾਂਚ ਕਰਨ ਲਈ ਭੇਜਿਆ। ਹੀਰਾ ਨੰਦ ਨੇ ਜਾਂਚ ਤੋਂ ਬਾਅਦ ਕਿਹਾ ਕਿ ਇਹ ਕੋਈ ਬੋਧੀ ਥੇਹ ਨਹੀਂ ਸਗੋਂ ਉਸ ਤੋਂ ਪੁਰਾਣੀ ਕੋਈ ਚੀਜ਼ ਹੈ।

ਸਿੰਧੂ ਘਾਟੀ

ਤਸਵੀਰ ਸਰੋਤ, Getty Images

ਫਿਰ ਜੌਹਾਨ ਮਾਰਸ਼ਲ ਨੇ ਦਇਆ ਰਾਮ ਸਾਹਨੀ ਦੀ ਅਗਵਾਈ ਵਿੱਚ ਖੁਦਾਈ ਦੇ ਹੁਕਮ ਦਿੱਤੇ। ਉਨ੍ਹਾਂ ਨੇ ਖੁਦਾਈ ਲਈ ਦੋ ਥਾਵਾਂ ਦੀ ਚੋਣ ਕੀਤੀ। ਉਹ ਹੜੱਪਾ ਦੀ ਜਾਂਚ ਤਾਂ ਪਹਿਲਾਂ ਹੀ ਕਰ ਰਹੇ ਸਨ ਪਰ ਬਾਅਦ ਵਿੱਚ ਉਨ੍ਹਾਂ ਇਸ ਦੇ ਦੱਖਣ ਵੱਲ ਮੋਹਨ ਜੋਦਾੜੋ ਦੀ ਜਾਂਚ ਦਾ ਵੀ ਫੈਸਲਾ ਕੀਤਾ। ਇਸਦੀ ਜਾਂਚ ਦਾ ਜਿੰਮਾ ਆਰ.ਡੀ. ਭੰਡਾਰਕਰ, ਆਰ.ਡੀ ਬੈਨਰਜੀ ਅਤੇ ਮਧੂ ਸਰੂਪ ਵਟਸ ਨੂੰ ਸੌਂਪਿਆ ਗਿਆ।

1923 ਵਿੱਚ ਆਰ.ਡੀ. ਬੈਨਰਜੀ ਨੇ ਜੌਹਨ ਮਾਰਸ਼ਲ ਨੂੰ ਇੱਕ ਚਿੱਠੀ ਲਿਖੀ। ਉਨ੍ਹਾਂ ਨੇ ਲਿਖਿਆ ਕਿ ਹੜੱਪਾ ਦੀ ਖੁਦਾਈ ਉਹ ਪਹਿਲਾਂ ਤੋਂ ਹੀ ਕਰ ਰਹੇ ਸਨ, ਅਤੇ ਇਸ ਤੋਂ ਇਲਾਵਾ ਮੋਹਨ ਜੋਦਾੜੋ ਵਿੱਚ ਮਿਲੀਆਂ ਕਲਾਕ੍ਰਿਤੀਆਂ ਵੀ ਹੜੱਪਾ ਦੇ ਨਾਲ ਮਿਲਦੀਆਂ-ਜੁਲਦੀਆਂ ਹਨ।

ਫਿਰ ਐੱਮ.ਐੱਸ ਵਟਸ ਨੇ ਵੀ ਜੌਹਨ ਮਾਰਸ਼ਲ ਨੂੰ ਲਿਖਿਆ ਕਿ ਦੋਵਾਂ ਥਾਵਾਂ ਉੱਤੇ ਮਿਲਦੀਆਂ ਮੋਹਰਾਂ ਅਤੇ ਚਿੰਨ੍ਹ ਆਪੋ ਵਿੱਚ ਮਿਲਦੇ ਹਨ।

ਜੌਹਨ ਮਾਰਸ਼ਲ ਕਿਹਾ ਕਿ ਦੋਵਾਂ ਥੇਹਾਂ ਤੋਂ ਮਿਲੀਆਂ ਵਸਤੂਆਂ ਨੂੰ ਇੱਕ ਥਾਂ ਲਿਆਂਦਾ ਜਾਵੇ ਅਤੇ ਫਿਰ ਉਨ੍ਹਾਂ ਦੀ ਤੁਲਨਾ ਕੀਤੀ ਜਾਵੇ ਅਤੇ ਇਸ ਬਾਰੇ ਬੈਨਰਜੀ ਅਤੇ ਸਾਹਨੀ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇ।

ਤੁਲਨਾ ਅਤੇ ਚਰਚਾ ਤੋਂ ਉਨ੍ਹਾਂ ਨੂੰ ਇਹ ਸਪਸ਼ਟ ਹੋ ਗਿਆ ਕਿ ਦੋਵੇਂ ਥੇਹਾਂ ਇੱਕੋ ਪੁਰਾਤੱਤਵੀ ਥੇਹ ਦੀਆਂ ਥੇਹਾਂ ਹਨ। ਦੂਜੇ ਇਹ ਭਾਰਤ ਵਿੱਚ ਇਸ ਤੋਂ ਪਹਿਲਾਂ ਮਿਲੀਆਂ ਹੋਰ ਥੇਹਾਂ ਨਾਲੋਂ ਬਹੁਤ ਪੁਰਾਣੀਆਂ ਸਨ।

ਸਿੰਧੂ ਘਾਟੀ ਸੱਭਿਅਤਾ, ਹੜੱਪਾ

ਤਸਵੀਰ ਸਰੋਤ, Getty Images

ਫਿਰ ਉਨ੍ਹਾਂ ਨੇ ਇਸ ਬਾਰੇ ਦਿ ਇਲਸਟਰੇਟਡ ਲੰਡਨ ਨਿਊਜ਼ ਲਈ ਇਸ ਬਾਰੇ ਤਸਵੀਰਾਂ ਸਹਿਤ ਵੱਡਾ ਲੇਖ ਲਿਖਿਆ, ਜੋ ਕਿ 20 ਸਤੰਬਰ 1924 ਦੇ ਅੰਕ ਵਿੱਚ ਛਾਪਿਆ ਗਿਆ।

ਰਸਮੀ ਖੁਦਾਈ 1924-25 ਵਿੱਚ ਸ਼ੁਰੂ ਹੋਈ। ਮੋਹਨ ਜੋਦਾੜੋ ਦਾ ਵੱਡੇ ਹਿੱਸੇ ਦੀ ਖੁਦਾਈ ਕੀਤੀ ਗਈ। ਇਹ ਖੁਦਾਈ ਇਤਿਹਾਸ ਦੀਆਂ ਤਰੀਕਾਂ ਨੂੰ ਬਦਲਣ ਲਈ ਕੀਤੀ ਗਈ।

ਸਿੰਧੂ ਘਾਟੀ ਅਤੇ ਦਰਾਵਿੜ ਸੱਭਿਆਚਾਰ

ਆਰ. ਬਾਲਾਕ੍ਰਿਸ਼ਨਨ, ਚੇਨਈ ਵਿੱਚ ਇੰਡਸ ਰਿਸਰਚ ਸੈਂਟਰ ਦੇ ਸਲਾਹਕਾਰ ਅਤੇ ਖੋਜਾਰਥੀ ਹਨ, ਉਹ ਲਿਖਦੇ ਹਨ, “ਇਸ ਖੋਜ ਨੇ ਸਿੰਧੂ ਘਾਟੀ ਸੱਭਿਆਚਾਰ ਦੀਆਂ ਹੋਰ ਲੰਬਾਈਆਂ-ਚੁੜਾਈਆਂ ਵੱਲ ਧਿਆਨ ਖਿੱਚਿਆ। ਸਿੰਧੂ ਘਾਟੀ ਸੱਭਿਆਚਾਰ,(ਜੋ ਕਈ ਖੁਦਾਈ ਪ੍ਰੋਜੈਕਟਾਂ ਜ਼ਰੀਏ ਉਜਾਗਰ ਹੋਇਆ ਸੀ) ਵਿੱਚ ਵਿਉਂਤਬੱਧ ਸ਼ਹਿਰ, ਸਮਾਨ ਅਕਾਰ ਅਤੇ ਲੰਬਾਈ-ਚੁੜਾਈ ਵਾਲੀਆਂ ਇੱਟਾਂ, ਵੱਡੇ ਗੁਸਲਖਾਨੇ, ਗੋਦਾਮ, ਮੋਹਰਾਂ, ਘੜੀਆਂ ਹੋਈਆਂ ਮੂਰਤਾਂ, ਚਿੰਨ੍ਹ, ਅਤੇ ਸੰਗਠਿਤ ਲਿੱਪੀ ਮੌਜੂਦ ਸੀ।”

ਸਿੰਧੂ ਘਾਟੀ, ਹੜੱਪਾ

ਤਸਵੀਰ ਸਰੋਤ, Getty Images

ਹੁਣ ਸਿੰਧੂ ਘਾਟੀ ਨੂੰ ਦਰਾਵਿੜ ਸੱਭਿਅਤਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਮੁੱਢ ਇੱਕ ਬੰਗਾਲੀ ਭਾਸ਼ਾ ਵਿਗਿਆਨੀ ਸੁਨੀਤੀ ਕੁਮਾਰ ਚੈਟਰਜੀ ਨੇ ਬੰਨ੍ਹਿਆ ਸੀ।

ਸਿੰਧੂ ਘਾਟੀ ਦੀ ਖੋਜ ਤੋਂ ਕੁਝ ਸਾਲਾਂ ਦੇ ਅੰਦਰ ਹੀ ਇਸ ਬਾਰੇ “ਗੈਰ-ਆਰੀਅਨ” ਅਤੇ “ਪੂਰਬ-ਆਰੀਅਨ” ਵਰਗੇ ਸ਼ਬਦ ਵਰਤੇ ਜਾਣ ਲੱਗੇ।

ਸਿੰਧੂ ਘਾਟੀ ਦੀ ਰਿਪੋਰਟ ਆਉਣ ਤੋਂ ਕੁਝ ਮਹੀਨਿਆਂ ਦੇ ਅੰਦਰ ਹੀ ਸੁਨੀਤੀ ਕੁਮਾਰ ਚੈਟਰਜੀ ਨੇ “ਦਰਾਵਿੜੀਅਨ ਓਰੀਜੀਨ ਐਂਡ ਦਿ ਬਿਗਨਿੰਗ ਆਫ਼ ਇੰਡੀਅਨ ਸਿਵਲਾਈਜ਼ੇਸ਼ਨ ਇਨ ਦਿ ਮੌਡਰਨ ਰਿਵੀਊ” ਸਿਰਲੇਖ ਹੇਠ ਇੱਕ ਲੇਖ ਲਿਖਿਆ। ਇਸ ਲੇਖ ਨੇ ਸਿੰਧੂ ਘਾਟੀ ਦੀ ਸੱਭਿਅਤਾ ਦੀ ਸੰਬੰਧ ਦਰਾਵੜਨ ਲੋਕਾਂ ਨਾਲ ਜੋੜਿਆ।

ਅੱਗੇ ਜਾ ਕੇ ਹੈਨਰੀ ਹੀਰਾਸ ਜੋ ਕਿ ਮੁੰਬਈ ਦੇ ਸੈਂਟ ਐਗਜ਼ੇਵੀਅਰ ਕਾਲਜ ਵਿੱਚ ਇਤਿਹਾਸ ਦੇ ਪ੍ਰੋਫੈਸਰਸ ਸਨ। ਉਨ੍ਹਾਂ ਨੇ ਸਿੰਧੂ ਘਾਟੀ ਦੀ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਅਤੇ ਇਸ ਨੂੰ ਦਰਾਵਿੜ ਲੋਕਾਂ ਨਾਲ ਜੋੜਿਆ।

ਇਸ ਤੋਂ ਬਾਅਦ ਸਿਵਲ ਸੇਵਾ ਦੇ ਸਾਬਕਾ ਅਫ਼ਸਰ ਅਤੇ ਖੋਜੀ ਆਇਰਾਵਦਮ ਮਹਾਦੇਵਨ ਨੇ ਤਰਕ ਦਿੱਤਾ ਕਿ ਵੈਦਿਕ ਸੱਭਿਆਚਾਰ ਅਤੇ ਸਿੰਧੂ ਘਾਟੀ ਵੱਖੋ-ਵੱਖ ਹਨ। ਉਨ੍ਹਾਂ ਨੇ ਕਈ ਸਬੂਤਾਂ ਨਾਲ ਸਾਬਤ ਕੀਤਾ ਕਿ ਸਿੰਧੂ ਘਾਟੀ ਦੇ ਲੋਕ ਦਰਾਵਿੜੀ ਬੋਲੀ ਬੋਲਦੇ ਸਨ।

ਸਿੰਧੂ ਘਾਟੀ, ਹੜੱਪਾ

ਤਸਵੀਰ ਸਰੋਤ, Getty Images

ਭਾਰਤੀ ਪੁਰਾਤੱਤਵ ਸਰਵੇਖਣ ਦੇ ਨਿਰਦੇਸ਼ਕ ਅਮਰ ਨਾਥ ਰਾਮਾਕ੍ਰਿਸ਼ਨਾ ਦੱਸਦੇ ਹਨ, “ਇਸ ਖੋਜ ਨੇ ਉਸ ਨੂੰ ਬਦਲ ਦਿੱਤਾ ਜਿਸ ਨੂੰ ਭਾਰਤੀ ਇਤਿਹਾਸ ਦੀ ਸ਼ੁਰੂਆਤ ਮੰਨਿਆ ਜਾਂਦਾ ਸੀ। ਉਸ ਅਰਥ ਵਿੱਚ ਇਹ ਬਹੁਤ ਅਹਿਮ ਖੋਜ ਸੀ। ਉੱਤਰ-ਵੈਦਿਕ ਇਤਿਹਾਸ ਤੋਂ ਭਾਵ ਸੀ ਬੁੱਧ ਮਤ ਅਤੇ ਇਸਦੀ ਇਮਾਰਤਸਾਜ਼ੀ। ਲੇਕਿਨ ਜੌਹਾਨ ਮਾਰਸ਼ਲ ਨੇ ਇੱਕ ਮਹਾਨ ਸੱਭਿਅਤਾ ਖੋਜੀ ਅਤੇ ਸਾਬਤ ਕੀਤਾ ਕਿ ਇਹ ਪੂਰਬ-ਵੈਦਿਕ ਕਾਲ ਨਾਲ ਸੰਬੰਧਿਤ ਸੀ। ਇਸ ਨੇ ਭਾਰਤੀ ਇਤਿਹਾਸ ਬਾਰੇ ਸਮਝ ਨੂੰ ਬਦਲ ਦਿੱਤਾ।”

ਆਰ. ਮਾਰਸ਼ਲ ਮੁਤਾਬਕ ਸਿੰਧੂ ਘਾਟੀ ਦੀ ਖੋਜ ਵਿੱਚ ਜੌਹਨ ਮਾਰਸ਼ਲ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ।

“ਸਿੰਧੂ ਘਾਟੀ ਦੀ ਸੱਭਿਆਤਾ ਦੀ ਖੋਜ ਨੇ ਇਤਿਹਾਸ ਨੂੰ ਜਿਵੇਂ ਅਸੀਂ ਜਾਣਦੇ ਸੀ, ਉਸ ਨੂੰ ਬਦਲ ਦਿੱਤਾ। ਇਸ ਖੋਜ ਦੇ ਮਹੱਤਵ ਨੂੰ ਸਮਝਣ ਲਈ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਜੇ ਮਾਰਸ਼ਲ ਸਿੰਧੂ ਘਾਟੀ ਦੀ ਖੋਜ ਨਾ ਕਰਦੇ ਤਾਂ ਕੀ ਹੁੰਦਾ।”

ਜੌਹਨ ਮਾਰਸ਼ਲ ਨੇ ਸ਼ਰਲਕ ਹੋਮਸ ਵਰਗਾ ਕੰਮ ਕੀਤਾ। ਹੜੱਪਾ ਅਤੇ ਮੋਹਨ ਜੋਦਾੜੋ ਵਿੱਚ 500 ਕਿੱਲੋਮੀਟਰ ਦਾ ਫਾਸਲਾ ਹੈ। ਇਸ ਫਾਸਲੇ ਦੇ ਬਾਵਜੂਦ ਉਨ੍ਹਾਂ ਨੇ ਸਮਝਿਆ ਕਿ ਦੋਵੇਂ ਥੇਹਾਂ ਵੱਖ-ਵੱਖ ਨਹੀਂ ਸਗੋਂ ਇੱਕੋ ਸੱਭਿਆਚਾਰ ਦੇ ਹਿੱਸੇ ਹਨ। ਇਨ੍ਹਾਂ ਦੋਵਾਂ ਥੇਹਾਂ ਦਰਮਿਆਨ ਕਾਰੋਬਾਰ ਦੀ ਇੱਕ ਸਾਂਝੀ ਭਾਸ਼ਾ ਵੀ ਸੀ। ਅਗਲੇ ਚਰਣ ਵਿੱਚ ਉਨ੍ਹਾਂ ਨੇ ਨਤੀਜਾ ਕੱਢਿਆ ਕਿ ਇਹ ਇੱਕ ਸੱਭਿਆਚਾਰ ਸੀ।

ਉਹ ਕਹਿੰਦੇ ਹਨ, “ਇਸੇ ਨਤੀਜੇ ਨੇ ਸਭ ਕੁਝ ਬਦਲ ਦਿੱਤਾ। ਜੇ ਉਹ ਇਹ ਨਤੀਜਾ ਨਾ ਕੱਢਦੇ ਤਾਂ ਕੋਈ ਸਿੰਧੂ ਘਾਟੀ ਸੱਭਿਆਚਾਰ ਨਹੀਂ ਹੋਣਾ ਸੀ। ਇਸੇ ਕਰਕੇ ਜੌਹਨ ਮਾਰਸ਼ਲ ਨੂੰ ਯਾਦ ਕੀਤਾ ਜਾਂਦਾ ਹੈ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)