ਇਨ੍ਹਾਂ ਨਦੀਆਂ ਨੂੰ ‘ਕੁਆਰੀਆਂ’ ਕਿਉਂ ਕਿਹਾ ਜਾਂਦਾ ਹੈ, ਕੀ ਇਸ ਦੇ ਪਿੱਛੇ ਅਸਫ਼ਲ ਪਿਆਰ ਦੀ ਕੋਈ ਕਹਾਣੀ ਹੈ

ਗੁਜਰਾਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਜਰਾਤ ਵਿੱਚ ਨਰਮਦਾ, ਤਾਪਤੀ, ਸਾਬਰਮਤੀ ਸਮੇਤ ਇਸ ਖੇਤਰ ਦੀਆਂ 18 ਪ੍ਰਮੁੱਖ ਨਦੀਆਂ ਹਨ।
    • ਲੇਖਕ, ਜੈਦੀਪ ਵਸੰਤ
    • ਰੋਲ, ਬੀਬੀਸੀ ਗੁਜਰਾਤੀ ਲਈ

ਓਹ ਰੇ ਤਾਲ ਮਿਲੇ ਨਦੀ ਕੇ ਜਲ ਮੇਂ

ਨਦੀ ਮਿਲੇ ਸਾਗਰ ਮੇਂ

ਸਾਗਰ ਮਿਲੇ ਕੌਨ ਸੇ ਜਲ ਮੇਂ

ਕੋਈ ਜਾਨੇ ਨਾ...

ਅਨੋਖੀ ਰਾਤ ਫ਼ਿਲਮ ਵਿੱਚ ਮੁਕੇਸ਼ ਦਾ ਗਾਇਆ ਅਤੇ ਰੌਸ਼ਨ ਦੀ ਸੰਗੀਤਸਾਜ਼ੀ ਨਾਲ ਸਜਿਆ ਇਹ ਗੀਤ ਇੱਕ ਨਦੀ ਦੇ ਜਲ ਚੱਕਰ ਦੀ ਦਾਰਸ਼ਨਿਕ ਕਹਾਣੀ ਪਾਉਂਦਾ ਹੈ।

ਸਕੂਲਾਂ ਵਿੱਚ ਪੜ੍ਹਾਏ ਜਾਂਦੇ ਭੂਗੋਲ ਦੇ ਸਬਕ ਮੁਤਾਬਕ ਵੀ ਲਗਭਗ ਹਰ ਨਦੀ ਦੀ ਹੋਣੀ ਇਹੀ ਹੈ ਕਿ ਉਹ ਅੰਤ ਵਿੱਚ ਸਮੁੰਦਰ ਵਿੱਚ ਸਮਾ ਜਾਂਦੀ ਹੈ।

ਗੁਜਰਾਤ ਵਿੱਚ ਵੀ ਕੁਝ ਅਜਿਹੀਆਂ ਨਦੀਆਂ ਹਨ ਜਿਨ੍ਹਾਂ ਦੀ ਮੰਜ਼ਿਲ ਸਮੁੰਦਰ ਨਾ ਹੋ ਕੇ ਕੁਝ ਹੋਰ ਹੀ ਹੈ।

ਗੁਜਰਾਤ ਦੀ ਪ੍ਰਮੁੱਖ ਨਦੀ ਨੂੰ ਕੁਆਰੀ ਨਦੀ ਵਜੋਂ ਜਾਣਿਆ ਜਾਂਦਾ ਹੈ। ਇਹ ਨਦੀ ਭਾਵੇਂ ਸਮੁੰਦਰ ਵਿੱਚ ਮਿਲ ਜਾਂਦੀ ਹੈ ਪਰ ਇਸ ਦੇ ਪਿੱਛੇ ਕਹਾਣੀ ਹੈ ਇੱਕ ਅਸਫ਼ਲ ਪਿਆਰ ਦੀ।

ਆਓ ਜਾਣਦੇ ਹਾਂ ਗੁਜਰਾਤ ਦੀਆਂ ਉਨ੍ਹਾਂ ਨਦੀਆਂ ਬਾਰੇ ਜੋ ਸਮੁੰਦਰ ਦੀ ਛੂਹ ਤੋਂ ਪਹਿਲਾਂ ਹੀ ਸੁੱਕ ਜਾਂਦੀਆਂ ਹਨ।

ਸਰਸਵਤੀ ਨਦੀ

ਸਰਸਵਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਸਵਤੀ ਨਦੀ ਹਿੰਦੂ ਧਰਮ ਦੀਆਂ ਪਵਿੱਤਰ ਨਦੀਆਂ ਵਿੱਚ ਸ਼ਾਮਲ ਹੈ

ਇਹ ਉਹੀ ਨਦੀ ਹੈ ਜਿਸਦਾ ਹਿੰਦੂ ਮਾਨਤਾ ਮੁਤਾਬਕ ਸੰਗਮ ਪਰਿਆਗਰਾਜ ਉੱਤਰ ਪ੍ਰਦੇਸ਼ ਵਿੱਚ ਗੰਗਾ ਅਤੇ ਜਮੁਨਾ ਨਾਲ ਹੁੰਦਾ ਹੈ।

ਮੰਨਿਆ ਜਾਂਦਾ ਹੈ ਕਿ ਇਹ ਨਦੀ ਗੁਪਤ, ਭਾਵ ਜ਼ਮੀਨ ਦੇ ਹੇਠਾਂ ਹੀ ਵਹਿੰਦੀ ਹੈ। ਇਸੇ ਕਰਕੇ ਇਸ ਨੂੰ “ਅੰਤਰ ਵਹਿਨੀ” ਵੀ ਕਿਹਾ ਗਿਆ।

ਸਰਸਵਤੀ ਨਦੀ ਦਾਂਤਾ ਪਹਾੜਾਂ ਵਿੱਚ ਸਥਿਤ ਕੋਟੇਸ਼ਵਰ ਮਹਾਂਦੇਵ ਮੰਦਰ ਦੇ ਕੋਲੋਂ ਚਲਦੀ ਹੈ। ਇਹ ਨਦੀ ਵੀ ਕੱਛ ਦੇ ਰੇਗਿਸਤਾਨ ਵਿੱਚ ਸਮਾ ਜਾਂਦੀ ਹੈ।

ਕਿਸੇ ਸਮੇਂ ਸਾਬਰਮਤੀ ਨਦੀ ਦਾ ਪਾਣੀ ਮੋੜ ਕੇ ਇਸ ਵਿਚ ਮਿਲਾਉਣ ਦੀ ਯੋਜਨਾ ਬਣਾਈ ਗਈ ਅਤੇ ਕੁਝ ਬੰਨ੍ਹ ਆਦਿ ਬਣਾਏ ਗਏ।

ਕੁਝ ਸਰੋਤਾਂ ਮੁਤਾਬਕ ਸਰਸਵਤੀ ਨਦੀ ਪ੍ਰਾਚੀਨ ਕਾਲ ਵਿੱਚ ਕੁਆਰੀ ਨਹੀਂ ਸੀ ਅਤੇ ਕੱਛ ਦੇ ਨੇੜੇ ਸਮੁੰਦਰ ਵਿੱਚ ਜਾ ਮਿਲਦੀ ਸੀ।

ਉੱਤਰੀ ਗੁਜਰਾਤ ਦੀ ਬਨਾਸ ਨਦੀ

ਬਿਸਲਦੇਵ ਮੰਦਰ

ਤਸਵੀਰ ਸਰੋਤ, X/@Itishree001

ਤਸਵੀਰ ਕੈਪਸ਼ਨ, ਬਾਨਸ ਨਦੀ ਉੱਤੇ ਬਿਸਲ ਡੈਮ, ਰਾਜਸਥਾਨ ਦੇ ਟੋਂਕ ਵਿੱਚ ਬਿਸਲਦੇਵ ਮੰਦਰ ਦੇ ਨਜ਼ਦੀਕ ਬਣਿਆ ਹੈ।

ਬਨਾਸ ਉੱਤਰੀ ਗੁਜਰਾਤ ਦੀ ਸਭ ਤੋਂ ਵੱਡੀ ਨਦੀ ਹੈ। ਜੋ ਰਾਜਸਥਾਨ ਦੇ ਅਰਾਵਲੀ ਪਹਾੜਾਂ ਵਿੱਚੋਂ ਨਿਕਲਦੀ ਹੈ। ਇਹ ਕੁੱਲ 266 ਕਿੱਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਜਿਸ ਵਿੱਚੋਂ 78 ਕਿੱਲੋਮੀਟਰ ਰਾਜਸਥਾਨ ਵਿੱਚ ਅਤੇ ਬਾਕੀ ਗੁਜਰਾਤ ਵਿੱਚ।

ਸੀਪੂ ਨਦੀ ਇਸਦੀ ਇੱਕੋ-ਇੱਕ ਸਹਾਇਕ ਨਦੀ ਹੈ। ਇਹ ਨਦੀ ਕੱਛ ਦੇ ਇੱਕ ਛੋਟੇ ਜਿਹੇ ਰੇਗਿਸਤਾਨ ਵਿੱਚ ਸਮਾ ਜਾਂਦੀ ਹੈ।

ਰੂਪੇਣ ਨਦੀ

ਰੁਪੇਣ ਨਦੀ ਮਹਿਸਾਨਾ ਜ਼ਿਲ੍ਹੇ ਦੀਆਂ ਤਾਰੰਗਾ ਪਹਾੜੀਆਂ ਵਿੱਚੋਂ ਨਿਕਲਦੀ ਹੈ ਅਤੇ ਕੱਛ ਦੇ ਰੇਗਿਸਤਾਨ ਵਿੱਚ ਸਮਾ ਜਾਂਦੀ ਹੈ। ਇਸ ਦੀ ਲੰਬਾਈ ਕਰੀਬ 156 ਕਿੱਲੋਮੀਟਰ ਹੈ। ਇਸ ਦੇ ਕੰਢਿਆਂ ਉੱਤੇ ਕਈ ਮਸ਼ਹੂਰ ਪਿੰਡ ਵਸੇ ਹਨ।

ਮੱਛੂ ਨਦੀ

ਮੱਛੂ ਗੁਜਰਾਤ ਦੇ ਸੌਰਾਸ਼ਟਰ ਖਿੱਤੇ ਦੀ ਪ੍ਰਮੁੱਖ ਨਦੀ ਹੈ। ਉਹ ਸੁਰਿੰਦਰ ਨਗਰ ਜਿਲ੍ਹੇ ਦੇ ਚੋਟੀਲਾ ਤਾਲੁਕੇ ਦੇ ਖੋਕਰਾ ਪਿੰਡ ਵਿੱਚੋਂ ਪੈਦਾ ਹੁੰਦੀ ਹੈ। ਇਹ ਸੁਰਿੰਦਰ ਨਗਰ, ਰਾਜਕੋਟ ਅਤੇ ਮੋਰਬੀ ਜ਼ਿਲ੍ਹਿਆਂ ਵਿੱਚੋਂ ਗੁਜ਼ਰਦੀ ਹੋਈ ਕੱਛ ਦੇ ਰੇਗਿਸਤਾਨ ਵਿੱਚ ਸਮਾਧੀ ਲੈ ਲੈਂਦੀ ਹੈ।

ਇਸ ਦਰਿਆ ਉੱਤੇ ਮੱਛੂ-1 ਅਤੇ ਮੱਛੂ-2 ਦੋ ਬੰਨ੍ਹ ਬਣੇ ਹਨ। ਸਾਲ 1979 ਦੇ ਨਵੰਬਰ ਮਹੀਨੇ ਦੀ 11 ਤਰੀਕ ਨੂੰ ਮੱਛੂ-2 ਬੰਨ੍ਹ ਦੇ ਟੁੱਟ ਗਿਆ ਸੀ। ਇਹ ਦੁਨੀਆਂ ਦੇ ਸਭ ਤੋਂ ਭਿਆਨਕ ਬੰਨ੍ਹ ਹਾਦਸਿਆਂ ਵਿੱਚੋਂ ਇੱਕ ਹੈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦਾ ਸਟੀਕ ਅੰਕੜਾ ਕਦੇ ਪਤਾ ਨਹੀਂ ਲੱਗ ਸਕਿਆ। ਕੁਝ ਲੋਕਾਂ ਮੁਤਾਬਕ 25 ਹਜ਼ਾਰ ਜਦਕਿ ਸਰਕਾਰ ਮੁਤਾਬਕ 1800 ਲੋਕ ਇਸ ਹਾਦਸੇ ਦੀ ਭੇਂਟ ਚੜ੍ਹੇ ਸਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਲੂਣੀ ਨਦੀ

ਲੂਣੀ ਨਦੀ ਰਾਜਸਥਾਨ ਦੀਆਂ ਪ੍ਰਮੁੱਖ ਨਦੀਆਂ ਵਿੱਚੋਂ ਇੱਕ ਹੈ। ਗੁਜਰਾਤ ਵਿਸ਼ਵਕੋਸ਼ ਦੀ ਜਾਣਕਾਰੀ ਮੁਤਾਬਕ ਇਹ ਅਜਮੇਰ ਜ਼ਿਲ੍ਹੇ ਵਿੱਚ ਅਰਾਵਲੀ ਪਹਾੜਾਂ ਵਿੱਚੋਂ ਨਿਕਲਦੀ ਹੈ ਅਤੇ 320 ਕਿੱਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ।

ਇਹ ਇੱਕ ਬਰਸਾਤੀ ਨਦੀ ਹੈ ਜੋ ਕੱਛ ਦੇ ਰੇਗਿਸਤਾਨ ਵਿੱਚ ਸਮਾਉਂਦੀ ਹੈ। ਇਸ ਨੂੰ ਇਹ ਨਾਮ ਇਸ ਦੇ ਪਾਣੀ ਦੇ ਨਮਕੀਨ ਸਵਾਦ ਕਾਰਨ ਮਿਲਿਆ ਹੈ।

ਨਰਮਦਾ ਨਦੀ ਜੋ ਸਮੁੰਦਰ ਵਿੱਚ ਮਿਲਦੀ ਹੈ

ਨਰਮਦਾ ਨਦੀ ਉੱਤੇ ਸਰਦਾਰ ਸਰੋਵਰ ਬੰਨ੍ਹ

ਤਸਵੀਰ ਸਰੋਤ, X/NitinPatel

ਤਸਵੀਰ ਕੈਪਸ਼ਨ, ਨਰਮਦਾ ਨਦੀ ਉੱਤੇ ਸਰਦਾਰ ਸਰੋਵਰ ਬੰਨ੍ਹ

ਨਰਮਦਾ ਨਦੀ ਅਮਰਕੰਟਕ ਵਿੱਚੋਂ ਪੈਦਾ ਹੋ ਕੇ ਖੰਬਾਤ ਦੀ ਖਾੜੀ ਵਿੱਚ ਜਾ ਕੇ ਅਰਬ ਸਾਗਰ ਵਿੱਚ ਜਾ ਮਿਲਦੀ ਹੈ। ਲੇਕਿਨ ਪ੍ਰਚਲਿਤ ਲੋਕ ਧਾਰਾ ਮੁਤਾਬਕ ਇਸ ਨੂੰ ਵੀ ਕੁਆਰੀ ਨਦੀ ਕਿਹਾ ਜਾਂਦਾ ਹੈ।

ਇਹ ਹਿੰਦੂਆਂ ਦੀ ਇੱਕ ਪਵਿੱਤਰ ਨਦੀ ਸਮਝੀ ਜਾਂਦੀ ਹੈ। ਸ਼ਰਧਾਲੂ ਇਸਦੀ ਪਰਿਕਰਮਾ ਕਰਦੇ ਹਨ ਜੋ ਡੇਢ ਸਾਲ ਵਿੱਚ ਪੂਰੀ ਕੀਤੀ ਜਾਂਦੀ ਹੈ।

ਲੇਖਕ ਅਤੇ ਕਵੀ ਬਾਬੂਸ਼ਾਹ ਕੋਹਲੀ ਲਿਖਦੇ ਹਨ, ਲੋਕ ਧਾਰਾ ਅਨੁਸਾਰ ਸੋਨ, ਨਰਮਦਾ ਅਤੇ ਜੋਹੀਲਾ ਬਚਪਨ ਦੇ ਦੋਸਤ ਸਨ। ਨਰਮਦਾ ਦਾ ਵਿਆਹ ਸੋਨ ਨਾਲ ਹੋਣਾ ਤੈਅ ਸੀ। ਵਿਆਹ ਤੋਂ ਠੀਕ ਪਹਿਲਾਂ ਨਰਮਦਾ ਨੂੰ ਪਤਾ ਲੱਗਿਆ ਕਿ ਸੋਨ ਜੋਹੀਲਾ ਵੱਲ ਖਿੱਚ ਰੱਖਦਾ ਹੈ।

ਨਰਮਦਾ ਨਦੀ ਵਿਆਹ ਦੇ ਮੰਡਪ ਵਿੱਚੋਂ ਉੱਠ ਖੜੋਂਦੀ ਹੈ। ਅੱਗੇ ਜਾ ਕੇ ਸੋਨ ਅਤੇ ਜੋਹੀਲਾ ਤਾਂ ਮਿਲਦੇ ਹਨ ਲੇਕਿਨ ਨਰਮਦਾ ਵੱਖਰਾ ਰਾਹ ਲੈਂਦੀ ਹੈ। ਇਹ ਵੀ ਇੱਕ ਭੂਗੋਲਿਕ ਸਚਾਈ ਹੈ।

ਗੁਜਰਾਤ ਵਿੱਚ ਸੋਨ, ਨਰਮਦਾ ਅਤੇ ਜੋਹਲੀ ਦੇ ਪਿਆਰ ਤਿਕੋਣ ਬਾਰੇ ਕਈ ਲੋਕ ਕਥਾਵਾਂ ਪ੍ਰਚਲਿਤ ਹਨ।

ਉੱਤਰੀ ਅਤੇ ਦੱਖਣੀ ਭਾਰਤ ਦੀਆਂ ਜ਼ਿਆਦਾਤਰ ਪ੍ਰਮੁੱਖ ਨਦੀਆਂ ਪੂਰਬ ਵੱਲ ਜਾ ਕੇ ਬੰਗਾਲ ਦੀ ਖਾੜੀ ਵਿੱਚ ਮਿਲਦੀਆਂ ਹਨ ਲੇਕਿਨ ਨਰਮਦਾ ਅਤੇ ਤਾਪਤੀ ਇਸਦੀਆਂ ਅਪਵਾਦ ਹਨ।

ਸੋਨ, ਨਰਮਦਾ ਅਤੇ ਜੋਹੀਲਾ ਨਦੀਆਂ ਮੱਧ ਪ੍ਰਦੇਸ਼ ਦੇ ਮੈਕਲ ਪਹਾੜਾਂ ਵਿੱਚੋਂ ਨੇੜੋਂ-ਨੇੜੋਂ ਹੀ ਨਿਕਲਦੀਆਂ ਹਨ। ਅੱਗੇ ਜਾ ਕੇ ਸੋਨ ਨਦੀ ਜੋਹੀਲਾ ਵਿੱਚ ਮਿਲ ਜਾਂਦੀ ਹੈ।

ਸੌਰਾਸ਼ਟਰ ਦੀਆਂ ਸੁੱਕ ਚੁੱਕੀਆਂ ਨਦੀਆਂ

ਅਹਿਮਦਾਬਾਦ ਵਿੱਚ ਸਾਬਰਮਤੀ ਨਦੀ ਦਾ ਦ੍ਰਿਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਹਿਮਦਾਬਾਦ ਵਿੱਚ ਸਾਬਰਮਤੀ ਨਦੀ ਦਾ ਦ੍ਰਿਸ਼

ਭੂਗੋਲਿਕ ਪੱਖ ਤੋਂ ਗੁਜਰਾਤ ਦੀਆਂ ਨਦੀਆਂ ਨੂੰ ਤਿੰਨ ਹਿੱਸਿਆਂ, ਹੇਠਲਾ ਗੁਜਰਾਤ, ਸੌਰਾਸ਼ਟਰ ਅਤੇ ਕੱਛ ਇਲਾਕਿਆਂ ਵਿੱਚ ਵੰਡਿਆ ਜਾਂਦਾ ਹੈ।

ਸੌਰਾਸ਼ਟਰ ਖਿੱਤੇ ਦੀਆਂ ਕਈ ਨਦੀਆਂ ਸਮੁੰਦਰ ਵਿੱਚ ਨਹੀਂ ਮਿਲਦੀਆਂ।

ਬ੍ਰਾਹਮਣੀ

75 ਕਿੱਲੋਮੀਟਰ ਲੰਬੀ ਬ੍ਰਾਹਮਣੀ ਸੁਰਿੰਦਰ ਨਗਰ ਜ਼ਿਲ੍ਹੇ ਦੇ ਮੁਲੀ ਤਾਲੁਕੇ ਵਿੱਚੋਂ ਪੈਦਾ ਹੁੰਦੀ ਹੈ ਅਤੇ ਕੱਛ ਦੇ ਰੇਗਿਸਤਾਨ ਵਿੱਚ ਸਮਾ ਜਾਂਦੀ ਹੈ।

ਬ੍ਰਾਹਮਣੀ-1 ਅਤੇ ਬ੍ਰਾਹਮਣੀ-2 ਇਸ ਉੱਤੇ ਦੋ ਪ੍ਰੋਜੈਕਟ ਬਣੇ ਹੋਏ ਹਨ।

ਗੋਡਾਦਰੋਈ

ਇਹ ਵੀ ਸੁਰਿੰਦਰ ਨਗਰ ਦੇ ਮਾਥਕ ਪਿੰਡ ਤੋਂ ਸ਼ੁਰੂ ਹੋ ਕੇ ਕੱਛ ਦੇ ਰੇਗਿਸਤਾਨ ਤੱਕ ਦਾ ਸਫ਼ਰ ਤੈਅ ਕਰਦੀ ਹੈ।

ਫਾਲਕੀ ਨਦੀ

ਫਾਲਕੀ ਨਦੀ ਲੀਲਪਰ ਪਿੰਡ ਵਿੱਚੋਂ ਨਿਕਲਦੀ ਹੈ ਅਤੇ ਕੱਛ ਤੱਕ ਜਾਂਦੀ ਹੈ। ਇਸਦੀ ਕੁੱਲ ਲੰਬਾਈ 18 ਕਿੱਲੋਮੀਟਰ ਹੈ। ਇਸ ਉੱਪਰ ਦੋ ਸਿੰਚਾਈ ਪ੍ਰੋਜੈਕਟ ਹਨ ਜੋ ਛੋਟੇ ਜਿਹੇ ਖੇਤਰ ਦੀਆਂ ਸਿੰਚਾਈ ਲੋੜਾਂ ਨੂੰ ਪੂਰਾ ਕਰਦੇ ਹਨ।

ਲੀਬਡੀ ਭੋਗਾਵੋ

ਇਸਦੀਆਂ ਵੱਡੀਆਂ ਛੋਟੀਆਂ 22 ਧਾਰਾਵਾਂ ਹਨ ਅਤੇ ਇਹ 95 ਕਿੱਲੋਮੀਟਰ ਦੀ ਯਾਤਰਾ ਕਰਦੀ ਹੈ।

ਕੱਛ ਜ਼ਿਲ੍ਹੇ ਦੀਆਂ ਨਦੀਆਂ

ਕੱਛ ਦਾ ਰੇਗਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੌਰਾਸ਼ਟਰ ਦੀਆਂ ਕਈ ਦੀਆਂ ਕੱਛ ਦੇ ਛੋਟੇ ਜਾਂ ਵੱਡੇ ਰੇਗਿਸਤਾਨ ਵਿੱਚ ਮਿਲ ਜਾਂਦੀਆਂ ਹਨ

ਕੱਛ ਦੀਆਂ ਜ਼ਿਆਦਾਤਰ ਨਦੀਆਂ ਬਾਰ੍ਹਾਂ ਮਾਸੀ ਨਹੀਂ ਹਨ। ਇਹ ਛੋਟੀਆਂ ਹਨ ਅਤੇ ਕੱਛ ਦੇ ਵੱਡੇ ਮਾਰੂਥਲ ਵਿੱਚ ਖਤਮ ਹੋ ਜਾਂਦੀਆਂ ਹਨ।

ਕੱਛ ਦੀਆਂ ਉੱਤਰੀ ਨਦੀਆਂ ਵੱਡੇ ਰੇਗਿਸਤਾਨ ਵਿੱਚ ਅਤੇ ਦੱਖਣੀ ਨਦੀਆਂ ਜਾਂ ਤਾਂ ਕੱਛ ਦੇ ਛੋਟੇ ਰੇਗਿਸਤਾਨ ਵਿੱਚ ਜਾਂ ਅਰਬ ਸਾਗਰ ਵਿੱਚ ਮਿਲ ਜਾਂਦੀਆਂ ਹਨ।

ਸੂਵੀ ਨਦੀ

16 ਕਿੱਲੋਮੀਟਰ ਲੰਬੀ ਸੂਵੀ ਨਦੀ ਜੋ ਰਾਪੜ ਤਾਲੁਕੇ ਦੇ ਬਾਦਰਗੜ੍ਹ ਪਿੰਡ ਵਿੱਚੋਂ ਚੱਲ ਕੇ ਰਵੇਚੀ ਪਿੰਡ ਕੋਲ ਕੱਛ ਦੇ ਵੱਡੇ ਰੇਗਿਸਤਾਨ ਵਿੱਚ ਸਮਾ ਜਾਂਦੀ ਹੈ।

ਪੂਰ ਨਦੀ

ਪੂਰ ਨਦੀ ਭੁੱਜ ਤਾਲੁਕੇ ਦੇ ਇੱਕ ਨਾਗੋਰ ਪਿੰਡ ਵਿੱਚੋਂ ਸ਼ੁਰੂ ਹੋ ਕੇ 40 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਕੱਛ ਦੇ ਮਹਾਨ ਰੇਗਿਸਤਾਨ ਵਿੱਚ ਮਿਲ ਜਾਂਦੀ ਹੈ।

ਭੁਰੁੜ ਨਦੀ

ਚਵੜਕਾ ਅਘੋਚਨੀ ਪਿੰਡ ਵਿੱਚੋਂ ਪੈਦਾ ਹੋ ਕੇ ਕਰੀਬ 50 ਕਿੱਲੋਮੀਟਰ ਦਾ ਸਫ਼ਰ ਕਰਕੇ ਕੱਛ ਦੇ ਰੇਗਿਸਤਾਨ ਵਿੱਚ ਮਿਲ ਜਾਂਦੀ ਹੈ।

ਨਾਰਾ ਨਦੀ

ਇਹ ਲਖਪਤ ਤਾਲੁਕੇ ਵਿੱਚ ਪੈਦਾ ਹੋ ਕੇ ਕਰੀਬ 25 ਕਿੱਲੋਮੀਟਰ ਦੂਰ ਕੱਛ ਦੇ ਰੇਗਿਸਤਾਨ ਵਿੱਚ ਮਿਲ ਜਾਂਦੀ ਹੈ।

ਖਾਰੀ ਨਦੀ

ਖਾਰੀ ਨਦੀ ਮਾਤਾਨਾ ਮਡ ਪਿੰਡ ਤੋਂ ਤੁਰ ਕੇ 50 ਕਿੱਲੋਮੀਟਰ ਦੂਰ ਕੱਛ ਦੀ ਕਰੀਕ ਵਿੱਚ ਮਿਲ ਜਾਂਦੀ ਹੈ।

ਗੁਜਰਾਤ ਦੀਆਂ ਨਦੀਆਂ ਬਾਰੇ ਕੁਝ ਦਿਲਚਸਪ ਤੱਥ

1670 ਦੇ ਕਰੀਬ ਤਾਪਤੀ ਨਦੀ ਦੇ ਕਿਨਾਰੇ ਬ੍ਰਿਟਿਸ਼ ਕਿਲ੍ਹੇ ਦੀ ਪੇਂਟਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1670 ਦੇ ਕਰੀਬ ਤਾਪਤੀ ਨਦੀ ਦੇ ਕਿਨਾਰੇ ਬ੍ਰਿਟਿਸ਼ ਕਿਲ੍ਹੇ ਦੀ ਪੇਂਟਿੰਗ

ਗੁਜਰਾਤ ਵਿੱਚ 180 ਤੋਂ ਜ਼ਿਆਦਾ ਮਹੱਤਵਪੂਰਨ ਨਦੀਆਂ ਹਨ। ਸਾਰੀਆਂ ਬਾਰ੍ਹਾਂ-ਮਾਸੀ ਨਹੀਂ ਹਨ।

ਪਾਣੀ ਦੇ ਪੱਖ ਤੋਂ ਹੇਠਲੇ ਗੁਜਰਾਤ ਦਾ ਇਲਾਕਾ ਅਮੀਰ ਹੈ। ਇੱਥੋਂ ਦੀ ਜ਼ਮੀਨ ਉਪਜਾਊ ਹੈ।

ਨਰਮਦਾ, ਤਾਪਤੀ, ਸਾਬਰਮਤੀ ਸਮੇਤ ਇਸ ਖੇਤਰ ਦੀਆਂ 18 ਪ੍ਰਮੁੱਖ ਨਦੀਆਂ ਹਨ।

ਨਰਮਦਾ ਨਦੀ ਗੁਜਰਾਤ ਤੋਂ ਇਲਾਵਾ ਮੱਧ ਪ੍ਰਦੇਸ਼ ਦੀ ਵੀ ਜੀਵਨ ਰੇਖਾ ਹੈ। ਇਸ ਉੱਪਰ ਬਣੇ ਪਣ ਬਿਜਲੀ ਪ੍ਰੋਜੈਕਟਾਂ ਤੋਂ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਸੂਬਿਆਂ ਨੂੰ ਬਿਜਲੀ ਮਿਲਦੀ ਹੈ।

ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਸਾਬਰਮਤੀ ਨਦੀ ਅਤੇ ਹੀਰਿਆਂ ਦਾ ਸ਼ਹਿਰ ਸੂਰਤ ਤਾਪਤੀ ਨਦੀ ਦੇ ਕਿਨਾਰੇ ਉੱਤੇ ਵਸਿਆ ਹੈ।

ਸੌਰਾਸ਼ਟਰ ਵਿੱਚ 70 ਤੋਂ ਜ਼ਿਆਦਾ ਨਦੀਆਂ ਹਨ। ਇਨ੍ਹਾਂ ਵਿੱਚੋਂ— ਮੱਛੂ, ਸ਼ੇਤਰੁੰਜੀ, ਅੱਜੀ, ਰੂਪੇਣ ਅਤੇ ਹਿਰਣ ਪ੍ਰਮੁੱਖ ਹਨ। ਸੌਰਾਸ਼ਟਰ ਦੀ ਇੱਕ ਹੋਰ ਪ੍ਰਮੁੱਖ ਨਦੀ ਸਰਸਵਤੀ ਹੈ ਜੋ ਗਿਰੀਨਾਰ ਪਹਾੜਾਂ ਵਿੱਚੋਂ ਪੈਦਾ ਹੋ ਕੇ ਅਰਬ ਸਾਗਰ ਵਿੱਚ ਮਿਲ ਜਾਂਦੀ ਹੈ।

ਕੱਛ ਵਿੱਚੋਂ 95 ਨਦੀਆਂ ਗੁਜ਼ਰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬਰਸਾਤੀ ਨਦੀਆਂ ਹਨ। ਇਹ ਕੱਛ ਦੇ ਪਹਾੜਾਂ ਵਿੱਚੋਂ ਪੈਦਾ ਹੋ ਕੇ ਕੱਛ ਦੇ ਛੋਟੇ ਜਾਂ ਵੱਡੇ ਰੇਗਿਸਤਾਨ ਜਾਂ ਅਰਬ ਸਾਗਰ ਵਿੱਚ ਮਿਲ ਜਾਂਦੀਆਂ ਹਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)