ਭਾਰਤੀ ਖ਼ੁਫ਼਼ੀਆ ਏਜੰਸੀ ਰਾਅ ਕਿਵੇਂ ਬਣੀ ਅਤੇ ਇਸਦੇ ਏਜੰਟ ਕਿਵੇਂ ਚੁਣੇ ਜਾਂਦੇ ਰਹੇ?

ਦਿੱਲੀ ਵਿੱਚ ਰਾਅ ਦਾ ਹੈੱਡਕੁਆਰਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਵਿੱਚ ਰਾਅ ਦਾ ਹੈੱਡਕੁਆਰਟਰ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

ਸੰਨ 1965 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ 22 ਦਿਨਾਂ ਤੱਕ ਚੱਲੀ ਲੜਾਈ ਕੋਈ ਫ਼ੈਸਲਾਕੁਨ ਲੜਾਈ ਨਹੀਂ ਸੀ।

ਭਾਰਤ ਦਾ ਪਲੜਾ ਭਾਰੀ ਭਾਵੇਂ ਸੀ ਪਰ ਭਾਰਤ ਦੇ ਕੋਲ ਗੁਪਤ ਜਾਣਕਾਰੀ ਨਹੀਂ ਸੀ ਕਿ ਪਾਕਿਸਤਾਨ ਕੋਲ ਕਿਸ ਹੱਦ ਤੱਕ ਹਥਿਆਰਾਂ ਦੀ ਕਮੀ ਹੋ ਗਈ ਸੀ।

ਸੱਚ ਤਾਂ ਇਹ ਸੀ ਕਿ 22 ਸਤੰਬਰ ਨੂੰ ਜਿਸ ਦਿਨ ਜੰਗ ਬੰਦੀ ਦਾ ਐਲਾਨ ਹੋਇਆ ਸੀ, ਪਾਕਿਸਤਾਨ ਦੇ ਲਗਭਗ ਸਾਰੇ ਹਥਿਆਰ ਮੁੱਕ ਚੁੱਕੇ ਸਨ।

ਉਨ੍ਹਾਂ ਦੀ ਪੂਰਤੀ ਦੀ ਕੋਈ ਸੰਭਾਵਨਾ ਵੀ ਨਹੀਂ ਸੀ ਕਿਉਂਕਿ ਅਮਰੀਕਾ ਨੇ ਪਾਕਿਸਤਾਨ ਨੂੰ ਹਥਿਆਰ ਦੇਣ ਉੱਤੇ ਰੋਕ ਲਾ ਦਿੱਤੀ ਸੀ।

ਰਾਅ ਦੇ ਸਾਬਕਾ ਮੁਖੀ ਸੰਕਰਨ ਨਾਇਰ ਆਪਣੀ ਕਿਤਾਬ ‘ਇਨਸਾਈਡ ਆਈਬੀ ਐਂਡ ਰਾਅ: ਦਿ ਰੋਲਿੰਗ ਸਟੋਨ ਦੈਟ ਗੈਦਰਡ ਮਾਸ’ ਵਿੱਚ ਲਿਖਿਆ ਹੈ ਕਿ ਜਲ ਸੈਨਾ ਦੇ ਤਤਕਾਲੀ ਮੁਖੀ ਜਨਰਲ ਜੇਐੱਨ ਚੌਧਰੀ ਨੇ ਰੱਖਿਆ ਮੰਤਰੀ ਨੂੰ ਰਿਪੋਰਟ ਦਿੱਤੀ ਸੀ, “ਫ਼ੌਜ ਪਾਕਿਸਤਾਨ ਉੱਤੇ ਫੈਸਲਾਕੁਨ ਜਿੱਤ ਇਸ ਲਈ ਨਹੀਂ ਹਾਸਲ ਕਰ ਸਕੀ ਕਿਉਂਕਿ ਸਾਡੇ ਕੋਲ ਸਟੀਕ ਜਾਣਕਾਰੀ ਨਹੀਂ ਸੀ।"

"ਇਸਦਾ ਕਾਰਨ ਇਹ ਸੀ ਕਿ ਇਹ ਜਾਣਕਾਰੀ ਜੁਟਾਉਣ ਦੀ ਜ਼ਿੰਮੇਵਾਰੀ ਆਈਬੀ ਦੇ ਨਿਕੰਮੇ ਜਸੂਸਾਂ ਨੂੰ ਦਿੱਤੀ ਗਈ ਸੀ।”

ਇਸ ਆਲੋਚਨਾ ਦਾ ਇਹ ਨਤੀਜਾ ਜ਼ਰੂਰ ਨਿਕਲਿਆ ਕਿ ਭਾਰਤ ਨੇ ਨਵੀਂ ਖ਼ੁਫ਼ੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਖੜ੍ਹੀ ਕਰਨ ਦਾ ਫ਼ੈਸਲਾ ਕੀਤਾ, ਜਿਸ ਦੀ ਜ਼ਿੰਮੇਵਾਰੀ ਦੇਸ ਤੋਂ ਬਾਹਰ ਗੁਪਤ ਜਾਣਕਾਰੀ ਇਕੱਠਾ ਕਰਨਾ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

‘ਰਿਲੇਟਿਵ ਐਂਡ ਐਸੋਸਿਏਟਸ ਵੈਲਫੇਅਰ ਐਸੋਸੀਏਸ਼ਨ’

ਆਰਏਡਬਲਿਊ ਦੀ ਸਥਾਪਨਾ 21 ਸਤੰਬਰ 1968 ਨੂੰ ਹੋਈ ਅਤੇ ਰਾਮੇਸ਼ਵਰ ਨਾਥ ਕਾਵ ਨੂੰ ਇਸਦਾ ਪਹਿਲਾ ਮੁਖੀ ਨਿਯੁਕਤ ਕੀਤਾ ਗਿਆ। ਸੰਕਰਨ ਨਾਇਰ ਉਨ੍ਹਾਂ ਦੇ ਡਿਪਟੀ ਸਨ।

ਇਨ੍ਹਾਂ ਤੋਂ ਇਲਾਵਾ 250 ਹੋਰ ਜਣਿਆਂ ਦੀ ਇੰਟੈਲੀਜੈਂਸ ਬਿਊਰੋ ਤੋਂ ਰਿਸਰਚ ਐਂਡ ਅਨੈਲਿਸਿਸ ਵਿੰਗ ਵਿੱਚ ਬਦਲੀ ਕੀਤੀ ਗਈ।

ਸਾਲ 1971 ਤੋਂ ਬਾਅਦ ਰਾਮ ਨਾਥ ਕਾਵ ਨੇ ਸਿੱਧਾ ਕਾਲਜ ਅਤੇ ਯੂਨੀਵਰਸਿਟੀਆਂ ਤੋਂ ਰਾਅ ਦੇ ਏਜੰਟ ਭਰਤੀ ਕਰਨ ਦੀ ਸ਼ੁਰੂਆਤ ਰੀਤੀ।

ਨਤੀਜਾ ਇਹ ਹੋਇਆ ਕਿ ਰਾਅ ਵਿੱਚ ਕੰਮ ਕਰਨ ਵਾਲੇ ਕਈ ਲੋਕਾਂ ਦੇ ਰਿਸ਼ਤੇਦਾਰ ਅਤੇ ਦੋਸਤਾਂ ਨੂੰ ਸੰਗਠਨ ਵਿੱਚ ਨੌਕਰੀ ਮਿਲੀ ਅਤੇ ਮਜ਼ਾਕ ਵਿੱਚ ਇਸ ਨੂੰ ‘ਰਿਲੇਟਿਵ ਐਂਡ ਐਸੋਸੀਏਟਸ ਵੈਲਫੇਅਰ ਐਸੋਸੀਏਸ਼ਨ’ ਕਿਹਾ ਜਾਣ ਲੱਗਿਆ।

ਲੇਕਿਨ ਸਾਲ 1973 ਤੋਂ ਬਾਅਦ ਇਹ ਰਵਾਇਤ ਬਦਲੀ ਗਈ ਅਤੇ ਸਿੱਧੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਸਖ਼ਤ ਮੁਕਾਬਲੇ ਅਤੇ ਕਈ ਇਮਤਿਹਾਨਾਂ ਵਿੱਚੋਂ ਲੰਘਣਾ ਪੈਣ ਲੱਗਿਆ।

ਨਿਤਿਨ ਗੋਖਲੇ ਆਪਣੀ ਕਿਤਾਬ ਆਰਐੱਨ ਕਾਵ, ਜੈਂਟਲਮੈਨ ਸਪਾਈ ਮਾਸਟਰ ਵਿੱਚ ਲਿਖਦੇ ਹਨ, “ਪਹਿਲਾ ਟੈਸਟ ਮਨੋਵਿਗਿਆਨ ਦਾ ਸੀ। ਉਮੀਦਵਾਰਾਂ ਨੂੰ ਸਵੇਰੇ ਤਿੰਨ ਵਜੇ ਇੱਕ ਸਥਾਨ ਉੱਤੇ ਪਹੁੰਚਣ ਲਈ ਕਿਹਾ ਗਿਆ।"

"ਉੱਥੇ ਪਹੁੰਚਦੇ ਹੀ ਉਨ੍ਹਾਂ ਦਾ ਅਬਜੈਕਟਿਵ ਟਾਈਪ ਟੈਸਟ ਲਿਆ ਗਿਆ। ਟੈਸਟ ਪਾਸ ਕਰਨ ਵਾਲਿਆਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ, ਜੋ ਇੱਕ ਜੁਆਇੰਟ ਸਕੱਤਰ ਨੇ ਲਿਆ।”

ਰਾਅ ਦੇ ਸਾਬਕਾ ਮੁਖੀ ਸੰਕਰਨ ਨਾਇਰ ਦੀ ਕਿਤਾਬ

ਤਸਵੀਰ ਸਰੋਤ, MANAS PUBLICATIONS

ਤਸਵੀਰ ਕੈਪਸ਼ਨ, ਰਾਅ ਦੇ ਸਾਬਕਾ ਮੁਖੀ ਸੰਕਰਨ ਨਾਇਰ ਦੀ ਕਿਤਾਬ 'ਇਨਸਾਈਡ ਆਈਬੀ ਐਂਡ ਰਾਅ: ਦਿ ਰੋਲਿੰਗ ਸਟੋਨ ਦੈਟ ਗੈਦਰਡ ਮੌਸ'

ਸੰਨ 1973 ਵਿੱਚ ਰਾਅ ਵਿੱਚ ਚੁਣੇ ਗਏ ਅਤੇ ਵਧੀਕ ਸਕੱਤਰ ਵਜੋਂ ਰਿਟਾਇਰਡ ਜਾਵੇਦ ਰਾਨਾਡੇ ਦੱਸਦੇ ਹਨ, “ਅਗਲੇ ਰਾਊਂਡ ਦਾ ਇੰਟਰਵਿਊ ਰਾਅ ਦੇ ਸੀਨੀਅਰ ਅਧਿਕਾਰੀਆਂ ਐੱਨਐੱਨ ਸੰਤਕੂ ਅਤੇ ਸੰਕਰਨ ਨਾਇਰ ਨੇ ਲਿਆ।"

"ਇਸ ਵਿੱਚ ਚੁਣੇ ਜਾਣ ਤੋਂ ਬਾਅਦ ਸਾਡਾ ਸਾਹਮਣਾ ਛੇ ਮੈਂਬਰੀ ਚੋਣ ਕਮੇਟੀ ਨਾਲ ਹੋਇਆ ਜਿਸ ਵਿੱਚ ਵਿਦੇਸ਼ ਸਕੱਤਰ, ਰਾਅ ਦੇ ਮੁਖੀ ਆਰਐੱਨ ਕਾਵ ਅਤੇ ਇੱਕ ਮਨੋਵਿਗਿਆਨੀ ਸ਼ਾਮਲ ਸਨ। ਮੇਰਾ ਇੰਟਰਵਿਊ 45 ਮਿੰਟਾਂ ਤੱਕ ਚੱਲਿਆ।”

ਦੋ ਮਹੀਨੇ ਬਾਅਦ ਰਾਨਾਡੇ ਨੂੰ ਇਤਲਾਹ ਦਿੱਤੀ ਗਈ ਕਿ ਉਨ੍ਹਾਂ ਨੂੰ ਰਾਅ ਵਿੱਚ ਚੁਣ ਲਿਆ ਗਿਆ ਹੈ। ਉਨ੍ਹਾਂ ਦੇ ਨਾਲ ਤਿੰਨ ਹੋਰ ਜਣੇ ਪ੍ਰਤਾਪ ਹੇਬਲੀਕਰ, ਚਕਰੂ ਸਿਨ੍ਹਾ ਅਤੇ ਬਿਧਾਨ ਰਾਵਲ ਨੂੰ ਵੀ ਚੁਣਿਆ ਗਿਆ।

ਰਾਅ ਦੇ ਸਪੈਸ਼ਲ ਸੈਕਰੇਟਰੀ ਦੇ ਅਹੁਦੇ ਤੋਂ ਰਿਟਾਇਰ ਹੋਏ ਰਾਣਾ ਬੈਨਰਜੀ ਦੱਸਦੇ ਹਨ, “ਉਸ ਤੋਂ ਬਾਅਦ 1985 ਤੋਂ 1990 ਦੇ ਦੌਰਾਨ ਰਾਅ ਵਿੱਚ ਇਸ ਤਰ੍ਹਾਂ ਕੁਝ ਹੋਰ ਲੋਕ ਲਏ ਗਏ, ਜਿਸ ਨਾਲ ਸਪੈਸ਼ਲ ਸਰਵਸਿਸ ਬਣੀ।"

"ਬਾਅਦ ਵਿੱਚ ਅਣਜਾਣ ਕਾਰਨਾਂ ਕਰਕੇ ਇਹ ਪ੍ਰਯੋਗ ਬੰਦ ਕਰ ਦਿੱਤਾ ਗਿਆ। ਹੁਣ 95 ਫੀਸਦੀ ਤੋਂ ਜ਼ਿਆਦਾ ਲੋਕਾਂ ਦੀ ਚੋਣ ਭਾਰਤੀ ਪੁਲਿਸ ਸੇਵਾ ਵਿੱਚੋਂ ਹੀ ਹੁੰਦੀ ਹੈ। ਆਰਥਿਕ ਇੰਟੈਲੀਜੈਂਸ ਦਾ ਕੰਮ ਦੇਖਣ ਲਈ ਕਸਟਮ ਅਤੇ ਇਨਕਮ ਟੈਕਸ ਦੇ ਕੁਝ ਲੋਕਾਂ ਨੂੰ ਲਿਆ ਜਾਂਦਾ ਹੈ।”

ਰੇਹਾਨ ਫਜ਼ਲ ਰਾਅ ਦੇ ਸਾਬਕਾ ਵਿਸ਼ੇਸ਼ ਸਕੱਤਰ ਰਾਣਾ ਬੈਨਰਜੀ ਨਾਲ
ਤਸਵੀਰ ਕੈਪਸ਼ਨ, ਰੇਹਾਨ ਫਜ਼ਲ ਰਾਅ ਦੇ ਸਾਬਕਾ ਵਿਸ਼ੇਸ਼ ਸਕੱਤਰ ਰਾਣਾ ਬੈਨਰਜੀ ਨਾਲ

ਆਈਪੀਐੱਸ ਤੋਂ ਭਰਤੀ ਉੱਤੇ ਸਵਾਲ

ਰਾਅ ਦੇ ਕੁਝ ਤਬਕਿਆਂ ਵਿੱਚ ਇਸ ਚੋਣ ਪ੍ਰਕਿਰਿਆ ਦੀ ਆਲੋਚਨਾ ਹੋਈ ਹੈ।

ਰਾਅ ਦੇ ਮੁਖੀ ਵਿਕਰਮ ਸੂਦ ਆਪਣੀ ਕਿਤਾਬ ‘ਦਿ ਅਨਐਂਡਿੰਗ ਗੇਮ’ ਵਿੱਚ ਲਿਖਦੇ ਹਨ, “ਜਦੋਂ ਤੱਕ ਇੱਕ ਵਿਅਕਤੀ ਪੁਲਿਸ ਸੇਵਾ ਵਿੱਚ ਅਫ਼ਸਰ ਬਣਦਾ ਹੈ ਉਹ ਔਸਤਨ 27 ਸਾਲ ਦਾ ਹੋ ਜਾਂਦਾ ਹੈ।"

"ਜੇ ਉਹ ਤਿੰਨ ਸਾਲ ਬਾਅਦ ਰਾਅ ਵਿੱਚ ਆਉਂਦਾ ਹੈ, ਉਸ ਦੀ ਉਮਰ 30 ਜਾਂ ਉਸ ਤੋਂ ਜ਼ਿਆਦਾ ਹੋ ਚੁੱਕੀ ਹੁੰਦੀ ਹੈ। ਇਸ ਉਮਰ ਵਿੱਚ ਉਸ ਲਈ ਖ਼ੁਦ ਨੂੰ ਨਵੇਂ ਪੇਸ਼ੇ ਵਿੱਚ ਢਾਲ ਸਕਣਾ ਮੁਸ਼ਕਿਲ ਹੁੰਦਾ ਹੈ। ਇਸ ਸਮੇਂ ਉਹ ਜ਼ਿਆਦਾ ਖ਼ਤਰਾ ਚੁੱਕਣ ਦੀ ਸਥਿਤੀ ਵਿੱਚ ਨਹੀਂ ਹੁੰਦਾ।”

ਵਿਕਰਮ ਸੂਦ ਲਿਖਦੇ ਹਨ, “ਖ਼ੁਫ਼ੀਆ ਏਜੰਸੀਆਂ ਦੇ ਲੋਕਾਂ ਨੂੰ ਪੁਲਿਸ ਸੇਵਾ ਵਿੱਚੋਂ ਲਿਆ ਜਾਣਾ ਹੁਣ ਓਨਾਂ ਕਾਰਗਰ ਨਹੀਂ ਰਹਿ ਗਿਆ ਹੈ। ਇਹ ਇੱਕ ਅਜਿਹਾ ਪੇਸ਼ਾ ਹੈ ਜਿੱਥੇ ਭਾਸ਼ਾਈ ਕੌਸ਼ਲ ਅਤੇ ਜਾਣਕਾਰੀ ਕਢਵਾਉਣ ਦੀ ਕਲਾ ਬਹੁਤ ਮਹੱਤਵਪੂਰਨ ਹੈ, ਜਿਸ ਲਈ ਪੁਲਿਸ ਵਾਲਿਆਂ ਨੂੰ ਸਿਖਲਾਈ ਨਹੀਂ ਦਿੱਤੀ ਜਾਂਦੀ।"

"ਉਨ੍ਹਾਂ ਨੂੰ ਆਰਥਿਕ, ਸਾਈਬਰ, ਵਿਗਿਆਨਕ ਅਤੇ ਸਮਾਜਿਕ ਖੇਤਰਾਂ ਵਿੱਚ ਵੀ ਮਾਹਰ ਹੋਣ ਦੀ ਲੋੜ ਹੁੰਦੀ ਹੈ, ਜਿਸ ਦੀ ਸਿਖਲਾਈ ਇੱਕ ਆਈਪੀਐੱਸ ਅਧਿਕਾਰੀ ਨੂੰ ਨਹੀਂ ਦਿੱਤੀ ਜਾਂਦੀ।”

ਇਹ ਵੀ ਪੜ੍ਹੋ-

ਰਾਅ ਦੇ ਅਫ਼ਸਰਾਂ ਦੀ ਸਿਖਲਾਈ

ਚੁਣੇ ਗਏ ਲੋਕਾਂ ਨੂੰ ਖ਼ੁਫ਼ੀਆ ਜਾਣਕਾਰੀ ਹਾਸਲ ਕਰਨ ਦੀ ਬੁਨਿਆਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਾਈ ਜਾਂਦੀ ਸੀ।

ਬੁਨਿਆਦੀ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਫੀਲਡ ਇੰਟੈਲੀਜੈਂਸ ਬਿਊਰੋ ਦੇ ਨਾਲ ਰੱਖਿਆ ਜਾਂਦਾ ਹੈ। ਉੱਥੇ ਉਨ੍ਹਾਂ ਨੂੰ ਬੇਹੱਦ ਠੰਢ ਵਿੱਚ ਕੰਮ ਕਰਨਾ ਸਿਖਾਇਆ ਜਾਂਦਾ ਹੈ। ਕਿਵੇਂ ਘੁਸਪੈਠ ਕੀਤੀ ਜਾਵੇ, ਕਿਵੇਂ ਫੜੇ ਜਾਣ ਤੋਂ ਬਚਿਆ ਜਾਵੇ, ਕਿਸ ਤਰ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ ਅਤੇ ਕਿਸ ਤਰ੍ਹਾਂ ਨਵੇਂ ਸੰਪਰਕ ਕਾਇਮ ਕੀਤੇ ਜਾਣ, ਇਹ ਸਭ ਸਿਖਾਇਆ ਜਾਂਦਾ ਹੈ।

ਫੀਲਡ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਆਤਮ ਰੱਖਿਆ ਦੀ ʻਕਰਾਵਮਗਾʼ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਇੱਕ ਤਰ੍ਹਾਂ ਦਾ ਇਜ਼ਰਾਇਲੀ ਮਾਰਸ਼ਲ ਆਰਟ ਹੈ, ਜਿਸ ਵਿੱਚ ਆਹਮੋ-ਸਾਹਮਣੇ ਦੀ ਲੜਾਈ ਨੂੰ ਜਿੱਤਣ ਦੇ ਗ਼ੈਰ-ਰਵਾਇਤੀ ਗੁਰ ਸਿਖਾਏ ਜਾਂਦੇ ਹਨ।

ਰਾਣਾ ਬੈਨਰਜੀ ਦੱਸਦੇ ਹਨ, “ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ, ਜੋ ਬਾਅਦ ਵਿੱਚ ਕੰਮ ਆਉਣ। ਜਿਵੇਂ ਇੱਕ ਜ਼ਮਾਨੇ ਵਿੱਚ ਡੈਡ ਲੈਟਰ ਬਾਕਸ ਦੀ ਗੱਲ ਹੁੰਦੀ ਸੀ।"

"ਤੁਸੀਂ ਕਿਸੇ ਦਰਖ਼ਤ ਦੇ ਤਣੇ ਵਿੱਚ ਕਾਗਜ਼ ਨੂੰ ਰੱਖ ਦਿਓਂਗੇ। ਉੱਥੋਂ ਦੂਜੇ ਲੋਕ ਉਸ ਨੂੰ ਲੈ ਲੈਣਗੇ। ਰੱਖਣ ਅਤੇ ਲੈਣ ਦੀ ਪ੍ਰਕਿਰਿਆ ਵਿੱਚ ਚਿੰਨ੍ਹ ਲਾਉਣੇ ਹੁੰਦੇ ਹਨ। ਕੋਡ ਭਾਸ਼ਾ ਵੀ ਲਿਖਣੀ ਸਿਖਾਈ ਜਾਂਦੀ ਹੈ।”

ਰਾਅ ਦੇ ਸਾਬਕਾ ਮੁਖੀ ਵਿਕਰਮ ਸੂਦ ਦੀ ਕਿਤਾਬ 'ਦਿ ਅਨੈਂਡਿੰਗ ਗੇਮ'

ਤਸਵੀਰ ਸਰੋਤ, PENGUIN

ਤਸਵੀਰ ਕੈਪਸ਼ਨ, ਰਾਅ ਦੇ ਸਾਬਕਾ ਮੁਖੀ ਵਿਕਰਮ ਸੂਦ ਦੀ ਕਿਤਾਬ 'ਦਿ ਅਨੈਂਡਿੰਗ ਗੇਮ'

ਸਫ਼ਾਰਤਖ਼ਾਨੇ ਵਿੱਚ ‘ਅੰਡਰਕਵਰ’ ਤੈਨਾਤੀ

ਦੁਨੀਆਂ ਦੇ ਸਾਰੇ ਦੇਸ... ਵਿਦੇਸ਼ਾਂ ਵਿੱਚ ਆਪਣੇ ਸਫ਼ਾਰਤਖ਼ਾਨਿਆਂ ਨੂੰ ਆਪਣੇ ਜਸੂਸਾਂ ਦੇ ਖ਼ਫ਼ੀਆ ਅੱਡੇ ਦੇ ਤੌਰ ਉੱਤੇ ਵਰਤਦੇ ਹਨ।

ਰਾਅ ਦੇ ਏਜੰਟਾਂ ਨੂੰ ਵੀ ਅਕਸਰ ਵਿਦੇਸ਼ ਵਿੱਚ ਭਾਰਤੀ ਸਫ਼ਾਰਤਖਾਨਿਆਂ ਵਿੱਚ ਤੈਨਾਤ ਕੀਤਾ ਕੀਤਾ ਜਾਂਦਾ ਹੈ। ਕਈ ਵਾਰ ਉਨ੍ਹਾਂ ਨੂੰ ਨਕਲੀ ਨਾਮ ਹੇਠ ਬਾਹਰ ਭੇਜਿਆ ਜਾਂਦਾ ਹੈ।

ਖੋਜੀ ਪੱਤਰਕਾਰ ਯਤੀਸ਼ ਯਾਦਵ ਆਪਣੀ ਕਿਤਾਬ ʻਰਾਅ ਏ ਹਿਸਟਰੀ ਆਫ਼ ਇੰਟੈਲੀਜੈਂਸ ਕੋਵਰਟ ਅਪ੍ਰੇਸ਼ੰਸʼ ਵਿੱਚ ਲਿਖਦੇ ਹਨ, “ਇਸਦੇ ਪਿੱਛੇ ਵਜ੍ਹਾ ਇਹ ਹੈ ਕਿ ਉਨ੍ਹਾਂ ਦੇ ਅਸਲੀ ਨਾਮ ਸਿਵਲ ਸੇਵਾ ਦੀ ਲਿਸਟ ਵਿੱਚ ਹੁੰਦੇ ਹਨ।"

"ਇੱਕ ਵਾਰ ਰਾਅ ਵਿੱਚ ਕੰਮ ਕਰ ਰਹੇ ਵਿਕਰਮ ਸਿੰਘ ਨੂੰ ਵਿਸ਼ਾਲ ਪੰਡਿਤ ਬਣ ਕੇ ਮਾਸਕੋ ਜਾਣਾ ਪਿਆ। ਉਨ੍ਹਾਂ ਦੇ ਪਰਿਵਾਰ ਨੂੰ ਵੀ ਆਪਣਾ ਨਾਮ ਬਦਲਣਾ ਪਿਆ। ਜੇ ਵਿਦੇਸ਼ ਪੋਸਟਿੰਗ ਦੇ ਦੌਰਾਨ ਉਨ੍ਹਾਂ ਦੇ ਘਰ ਬੱਚਾ ਪੈਦਾ ਹੋਇਆ ਤਾਂ ਉਸ ਦਾ ਵੀ ਨਕਲੀ ਸਰਨੇਮ ਰੱਖਿਆ ਗਿਆ ਅਤੇ ਉਹ ਸਾਰੀ ਜ਼ਿੰਦਗੀ ਉਸ ਦੇ ਨਾਲ ਚਿਪਕਿਆ ਰਿਹਾ।”

ਰਾਅ ਦੇ ਮੁਖੀ ਰਹੇ ਅਮਰਜੀਤ ਸਿੰਘ ਦੁਲਤ ਇੱਕ ਦਿਲਚਸਪ ਕਿੱਸਾ ਸੁਣਾਉਂਦੇ ਹਨ, “ਸਾਡਾ ਇੱਕ ਕਸ਼ਮੀਰੀ ਦੋਸਤ ਹੈ ਹਾਸ਼ਿਸ ਕੁਰੈਸ਼ੀ ਜਿਸਨੇ ਪਹਿਲੀ ਵਾਰ ਭਾਰਤ ਦਾ ਜਹਾਜ਼ ਹਾਈਜੈਕ ਕੀਤਾ ਸੀ।"

"ਉਹ ਮੈਨੂੰ ਦੇਸ ਤੋਂ ਬਾਹਰ ਮਿਲਿਆ। ਜਦੋਂ ਅਸੀਂ ਹੱਥ ਮਿਲਾਇਆ ਤਾਂ ਮੈਂ ਕਿਹਾ ਮੇਰਾ ਨਾਮ ਦੁਲਤ ਹੈ। ਉਹ ਕਹਿਣ ਲੱਗਿਆ ਉਹ ਤਾਂ ਠੀਕ ਹੈ। ਆਪਣਾ ਅਸਲੀ ਨਾਮ ਤਾਂ ਦੱਸ ਦਿਓ। ਮੈਂ ਹਸਦੇ ਨੇ ਕਿਹਾ, ਉਹ ਕਿੱਥੋਂ ਲੈ ਕੇ ਆਵਾਂ। ਅਸਲੀ ਨਾਮ ਇਹੀ ਹੈ। ਬਾਅਦ ਵਿੱਚ ਮੈਂ ਕਹਿਣ ਲੱਗਿਆ ਤੁਸੀਂ ਹੀ ਹੋ ਜਿਨ੍ਹਾਂ ਨੂੰ ਆਪਣਾ ਅਸਲੀ ਨਾਮ ਦੱਸਿਆ ਹੈ।”

ਦੂਰਬੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਵਿੱਚ ਵੀ ਰਾਅ ਦੇ ਏਜੰਟ ਅਕਸਰ ਤੈਨਾਤ ਰਹਿੰਦੇ ਹਨ

ਪਛਾਣੇ ਜਾਣ ਅਤੇ ਦੇਸ ਤੋਂ ਕੱਢੇ ਜਾਣ ਦਾ ਡਰ

ਇਸ ਸਭ ਦੇ ਬਾਵਜੂਦ ਪਛਾਣੇ ਜਾਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਪੇਸ਼ੇਵਰ ਜਸੂਸ ਬਹੁਤ ਜਲਦੀ ਪਛਾਣੇ ਜਾਂਦੇ ਹਨ।

ਰਾਣਾ ਬੈਨਰਜੀ ਦੱਸਦੇ ਹਨ, “ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇੱਕ ਕੂਟਨੀਤਿਕ ਪ੍ਰੋਟੋਕਾਲ ਬਣਿਆ ਹੈ ਕਿ ਖ਼ੁਫ਼ੀਆ ਧੰਦੇ ਦੇ ਜੋ ਲੋਕ ਇੱਕ ਦੂਜੇ ਕੋਲ ਭੇਜੇ ਜਾਂਦੇ ਹਨ, ਉਨ੍ਹਾਂ ਦੇ ਨਾਮ ਉਸ ਦੇਸ ਨੂੰ ਪਹਿਲਾਂ ਤੋਂ ਦੱਸ ਦਿੱਤੇ ਜਾਂਦੇ ਹਨ। ਤੈਅਂ ਹੁੰਦਾ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਮਾੜਾ ਵਤੀਰਾ ਨਹੀਂ ਕਰਾਂਗੇ। ਜੇ ਕੋਈ ਲਿਮਟ ਤੋਂ ਬਾਹਰ ਕੰਮ ਕਰਦਾ ਹੈ ਤਾਂ ਉਸ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ।”

ਉਹ ਕਹਿੰਦੇ ਹਨ, “ਕੱਢੇ ਜਾਣ ਦਾ ਡਰ ਤਾਂ ਹਮੇਸ਼ਾ ਬਣਿਆ ਰਹਿੰਦਾ ਹੈ। ਜੇ ਕੋਈ ਤਿੰਨ ਸਾਲ ਦੀ ਪੋਸਟਿੰਗ ਉੱਤ ਚਲਿਆ ਜਾਂਦਾ ਹੈ ਤਾਂ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਦਾ ਹੈ ਪਰ ਜੇ ਛੇ ਮਹੀਨਿਆਂ ਤੋਂ ਬਾਅਦ ਉਸ ਨੂੰ ਤੁਰੰਤ ਦੇਸ ਛੱਡਣ ਨੂੰ ਕਿਹਾ ਜਾਂਦਾ ਹੈ ਤਾਂ ਇਹ ਪ੍ਰੇਸ਼ਾਨ ਕਰਨ ਵਾਲੀ ਸਥਿਤੀ ਹੀ ਹੈ।”

ਰੇਹਾਨ ਫਜ਼ਲ ਅਮਰਜੀਤ ਸਿੰਘ ਦੁਲਤ
ਤਸਵੀਰ ਕੈਪਸ਼ਨ, ਰੇਹਾਨ ਫਜ਼ਲ ਅਮਰਜੀਤ ਸਿੰਘ ਦੁਲਤ ਨਾਲ, ਜੋ ਰਾਅ ਦਾ ਮੁਖੀ ਰਹੇ ਹਨ

ਰਾਅ ਅਤੇ ਆਈਐੱਸਆਈ ਦੀ ਤੁਲਨਾ

ਆਈਐੱਸਆਈ ਪਾਕਿਸਤਾਨ ਦੀ ਖੁਫੀਆ ਏਜੰਸੀ ਹੈ। ਇਸ ਲਈ ਰਾਅ ਦੀ ਉਸ ਨਾਲ ਤੁਲਨਾ ਹੋਣਾ ਕੁਦਰਤੀ ਹੈ।

ਰਾਅ ਦੇ ਮੁਖੀ ਰਹੇ ਵਿਕਰਮ ਸੂਦ ਆਪਣੀ ਕਿਤਾਬ ‘ਦਿ ਅਨਐਂਡਿੰਗ ਗੇਮ’ ਵਿੱਚ ਲਿਖਦੇ ਹਨ, “ਜੇ ਦੋਵਾਂ ਏਜੰਸੀਆਂ ਦੀ ਤੁਲਨਾ ਕੀਤੀ ਜਾਵੇ ਤਾਂ ਰਾਅ ਨੂੰ ਕਿਸੇ ਤਰ੍ਹਾਂ ਦੀ ਗ੍ਰਿਫ਼ਤਾਰੀ ਕਰਨ ਦਾ ਅਧਿਕਾਰ ਨਹੀਂ ਹੈ।"

"ਨਾ ਹੀ ਇਹ ਅੱਧੀ ਰਾਤ ਨੂੰ ਬੂਹਾ ਖੜਕਾਉਂਦੀ ਹੈ, ਰਾਅ ਦੇਸ ਦੇ ਅੰਦਰ ਜਸੂਸੀ ਨਹੀਂ ਕਰਦੀ ਜਦਕਿ ਆਈਐੱਸਆਈ ਇਹ ਸਾਰਾ ਕੁਝ ਕਰਦੀ ਹੈ। ਰਾਅ ਦੇਸ ਦੇ ਪ੍ਰਧਾਨ ਮੰਤਰੀ ਨੂੰ ਜਵਾਬਦੇਹ ਹੈ ਜਦਕਿ ਆਈਐੱਸਆਈ ਫ਼ੌਜ ਮੁਖੀ ਨੂੰ ਰਿਪੋਰਟ ਕਰਦੀ ਹੈ। ਹਾਲਾਂਕਿ ਕਾਗਜ਼ਾਂ ਵਿੱਚ ਦਿਖਾਇਆ ਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੀ ਹੈ।”

ਆਈਐੱਸਆਈ ਦਾ ਇਤਿਹਾਸ ਰਾਅ ਤੋਂ ਕਿਤੇ ਪੁਰਾਣਾ ਹੈ। ਇਸ ਦੀ ਸਥਾਪਨਾ 1948 ਵਿੱਚ ਬ੍ਰਿਟਿਸ਼ ਫ਼ੌਜ ਵਿੱਚ ਕੰਮ ਕਰ ਰਹੇ ਇੱਕ ਆਸਟ੍ਰੇਲੀਆਈ ਅਫ਼ਸਰ ਮੇਜਰ ਜਨਰਲ ਵਾਲਟਰ ਜੋਜ਼ੇਫ਼ ਨੇ ਕੀਤੀ ਸੀ।

ਰਾਅ ਦੇ ਮੁਖੀ ਰਹੇ ਦੁਲਤ ਦੱਸਦੇ ਹਨ, “ਆਈਐੱਸਆਈ ਦੇ ਚੀਫ਼ ਰਹੇ ਅਸਦ ਦੁਰਾਨੀ ਕਹਿੰਦੇ ਸਨ ਕਿ ਤੁਹਾਡੇ ਰਾਅ ਵਾਲੇ ਸਾਡੇ ਤੋਂ ਜ਼ਿਆਦਾ ਹੁਸ਼ਿਆਰ ਹਨ। ਸਾਡੇ ਇੱਥੇ ਜੋ ਆਉਂਦੇ ਹਨ, ਜ਼ਿਆਦਾਤਰ ਫ਼ੌਜੀ ਹਨ।"

"ਹੱਲਾ ਜ਼ਿਆਦਾ ਕਰਦੇ ਹਨ। ਮੇਰਾ ਵੀ ਮੁਲਾਂਕਣ ਹੈ ਕਿ ਅਸੀਂ ਆਈਐੱਸਆਈ ਤੋਂ ਘੱਟ ਨਹੀਂ ਹਾਂ। ਮੈਨੂੰ ਪਾਕਿਸਤਾਨ ਵਿੱਚ ਵੀ ਇਹੀ ਸਵਾਲ ਪੁੱਛਿਆ ਗਿਆ। ਮੈਂ ਜਵਾਬ ਦਿੱਤਾ ਕਿ ਜੇ ਦੁਰਾਨੀ ਸਾਹਿਬ ਕਹਿੰਦੇ ਹਨ ਕਿ ਅਸੀਂ ਬਿਹਤਰ ਹੈ ਤਾਂ ਮੰਨ ਲੈਂਦਾ ਹਾਂ ਪਰ ਮੈਂ ਇਹ ਵੀ ਕਿਹਾ ਕਿ ਆਈਐੱਸਆਈ ਬਹੁਤ ਵੱਡੀ ਏਜੰਸੀ ਹੈ। ਕਾਸ਼ ਮੈਂ ਇੰਨੀ ਵੱਡੀ ਏਜੰਸੀ ਦਾ ਮੁਖੀ ਹੁੰਦਾ, ਇਸ ਉੱਤੇ ਲੋਕਾਂ ਨੇ ਠਹਾਕਾ ਲਾਇਆ।”

ਅਸਦ ਦੁਰਾਨੀ ਆਈਐਸਆਈ ਦੇ ਮੁਖੀ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸਦ ਦੁਰਾਨੀ ਆਈਐਸਆਈ ਦੇ ਮੁਖੀ ਸਨ

ਰਾਅ ਦੇ ਅਧਿਕਾਰੀ ਦਾ ਪਿੱਛਾ

ਰਾਅ ਅਤੇ ਆਈਐੱਸਆਈ ਦੇ ਹੋੜ ਦੇ ਕਈ ਕਿੱਸੇ ਮਸ਼ਹੂਰ ਹਨ। ਰਾਣਾ ਬੈਨਰਜੀ ਯਾਦ ਕਰਦੇ ਹਨ, “ਮੈਂ 1984 ਤੋਂ 1988 ਤੱਕ ਪਾਕਿਸਤਾਨ ਵਿੱਚ ਪੋਸਟਡ ਰਿਹਾ। ਸਾਡੇ ਕੋਲ ਹਰ ਸਮੇਂ ਆਈਐੱਸਆਈ ਦੇ ਲੋਕ ਰਹਿੰਦੇ ਸਨ।"

"ਸਾਡੇ ਘਰ ਦੇ ਸਾਹਮਣੇ ਬੈਠਦੇ ਸਨ। ਸ਼ਿਫ਼ਟ ਹੁੰਦੀ ਸੀ ਉਨ੍ਹਾਂ ਦੀ, ਸਵੇਰੇ ਸਾਢੇ ਸੱਤ ਵਜੇ ਤੋਂ ਸ਼ਾਮ ਅੱਠ ਵਜੇ ਤੱਕ।”

ਬੈਨਰਜੀ ਯਾਦ ਕਰਦੇ ਹਨ, “ਸਾਨੂੰ ਸਿਖਲਾਈ ਦਿੱਤੀ ਜਾਂਦੀ ਸੀ ਕਿ ਤੁਸੀਂ ਨਜ਼ਰ ਰੱਖਣ ਵਾਲਿਆਂ ਵਿੱਚ ਵਕਫ਼ੇ ਦੇਖਣੇ ਹਨ। ਫਿਰ ਉਨ੍ਹਾਂ ਦੇ ਮੁਤਾਬਕ ਆਪਣਾ ਕੰਮ ਕਰਨਾ ਹੈ।"

"ਇੱਕ ਵਾਰ ਉਹ ਮੇਰਾ ਪਿੱਛਾ ਕਰ ਰਹੇ ਸਨ। ਮੈਂ ਡਾਇਵਰਜ਼ਨ ਰੂਟ ਲੈ ਕੇ ਆਪਣੀ ਗੱਡੀ ਰੋਕ ਦਿੱਤੀ। ਜਦੋਂ ਉਨ੍ਹਾਂ ਨੇ ਦੇਖਿਆ ਕਿ ਮੇਰੀ ਗੱਡੀ ਨਜ਼ਰ ਨਹੀਂ ਆ ਰਹੀ ਤਾਂ ਉਨ੍ਹਾਂ ਨੇ ਆਪਣੀ ਕਾਰ ਮੇਰੇ ਘਰ ਵੱਲ ਭਜਾਈ।"

"ਸਾਫ਼ ਹੈ ਕਿ ਮੈਂ ਉੱਥੇ ਨਹੀਂ ਸੀ। ਵਾਪਸੀ ਵਿੱਚ ਉਨ੍ਹਾਂ ਨੇ ਮੈਨੂੰ ਆਪਣੀ ਕਾਰ ਵਿੱਚ ਆਉਂਦੇ ਦੇਖਿਆ ਤਾਂ ਮੈਂ ਉਨ੍ਹਾਂ ਨੂੰ ਚਿੜ੍ਹਾਉਣ ਲਈ ਆਪਣਾ ਹੱਥ ਹਿਲਾਇਆ। ਇਸ ਉੱਤੇ ਬਹੁਤ ਖਿਸਿਆਏ।”

ਰਾਅ ਦੇ ਸਾਬਕਾ ਵਿਸ਼ੇਸ਼ ਸਕੱਤਰ ਰਾਣਾ ਬੈਨਰਜੀ
ਤਸਵੀਰ ਕੈਪਸ਼ਨ, ਰਾਅ ਦੇ ਸਾਬਕਾ ਵਿਸ਼ੇਸ਼ ਸਕੱਤਰ ਰਾਣਾ ਬੈਨਰਜੀ

ਰਾਅ ਅਧਿਕਾਰੀ ਦਾ ਕੋਪਨਹੇਗਨ ਤੱਕ ਪਿੱਛਾ

ਰਾਅ ਦੇ ਮੁਖੀ ਰਹੇ ਸੰਕਰਨ ਨਾਇਰ ਆਪਣੀ ਸਵੈ-ਜੀਵਨੀ ‘ਇਨਸਾਈਡ ਆਈਬੀ ਐਂਡ ਰਾਅ ਦਿ ਰੋਲਿੰਗ ਸਟੋਨ ਦੈਟ ਗੈਦਰ ਮਾਸ’ ਵਿੱਚ ਲਿਖਦੇ ਹਨ, “1960 ਅਤੇ 70 ਦੇ ਦਹਾਕੇ ਵਿੱਚ ਖ਼ਾਨ ਅਬਦੁਲ ਗਫ਼ਾਰ ਖਾਨ ਦੇ ਪੁੱਤਰ ਵਲੀ ਖ਼ਾਨ ਲੰਦਨ ਵਿੱਚ ਜਲਾਵਤਨੀ ਦਾ ਜੀਵਨ ਜਿਉਂ ਰਹੇ ਸਨ। ਉਹ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਭੁੱਟੋ ਦੇ ਕੱਟੜ ਵਿਰੋਧੀ ਸਨ। ਉਹ ਸਿਆਸੀ ਅਤੇ ਨੈਤਿਕ ਹਮਾਇਤ ਲਈ ਇੰਦਰਾ ਗਾਂਧੀ ਨੂੰ ਇੱਕ ਸੁਨੇਹਾ ਭੇਜਣਾ ਚਾਹੁੰਦੇ ਸਨ। ਮੈਨੂੰ ਉਨ੍ਹਾਂ ਨੂੰ ਮਿਲਣ ਲਈ ਕਿਹਾ ਗਿਆ।”

ਨਾਇਰ ਲਿਖਦੇ ਹਨ, “ਇਹ ਮੁਲਾਕਾਤ ਕਿਸੇ ਦੂਜੇ ਦੇਸ ਵਿੱਚ ਹੋਣੀ ਸੀ ਕਿਉਂਕਿ ਲੰਡਨ ਵਿੱਚ ਵੀ ਪਾਕਿਸਤਾਨੀ ਦੂਤਾਵਾਸ ਉਨ੍ਹਾਂ ਦੇ ਉੱਪਰ ਨਿਗ੍ਹਾ ਰੱਖ ਰਿਹਾ ਸੀ। ਮੈਂ ਪਹਿਲਾਂ ਲੰਡਨ ਗਿਆ ਅਤੇ ਫਿਰ ਉੱਥੋਂ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਗਿਆ।"

"ਜਦੋਂ ਮੈਂ ਨਾਸ਼ਤਾ ਕਰ ਰਿਹਾ ਸੀ ਤਾਂ ਮੈਂ ਆਪਣੇ ਪਿਛਲੀ ਮੇਜ਼ ਉੱਤੇ ਕੁਝ ਲੋਕਾਂ ਨੂੰ ਉਰਦੂ ਬੋਲਦੇ ਹੋਏ ਸੁਣਿਆ। ਮੈਨੂੰ ਸ਼ੱਕ ਹੋ ਗਿਆ ਕਿ ਉਹ ਆਈਐੱਸਆਈ ਦੇ ਏਜੰਟ ਸਨ। ਮੇਰਾ ਸ਼ੱਕ ਉਸ ਸਮੇਂ ਯਕੀਨ ਵਿੱਚ ਬਦਲ ਗਿਆ ਜਦੋਂ ਉਹ ਨਾਸ਼ਤਾ ਛੱਡ ਕੇ ਵਰਾਂਢੇ ਵਿੱਚ ਮੇਰੀ ਅਤੇ ਵਲੀ ਖ਼ਾਨ ਦੀ ਤਲਾਸ਼ ਕਰਨ ਲੱਗ ਪਏ।”

ਨਾਇਰ ਨੇ ਤੁਰੰਤ ਮੁਲਾਕਾਤ ਦੀ ਥਾਂ ਬਦਲੀ, ਉਨ੍ਹਾਂ ਨੇ ਵਲੀ ਖ਼ਾਨ ਨੂੰ ਉਨ੍ਹਾਂ ਦੀ ਪਸੰਦੀਦਾ ਮਿਠਾਈ ਕੇਸੀ ਦਾਸ ਦੇ ਰਸਗੁੱਲਿਆਂ ਦਾ ਟਿਨ ਤੋਹਫ਼ੇ ਵਿੱਚ ਦਿੱਤਾ, ਜਿਸ ਤੋਂ ਉਹ ਬਹੁਤ ਖ਼ੁਸ਼ ਹੋਏ।

ਭਾਰਤ ਵਾਪਸ ਆ ਕੇ ਨਾਇਰ ਨੇ ਵਲੀ ਖ਼ਾਨ ਦਾ ਸੁਨੇਹਾ ਇੰਦਰਾ ਗਾਂਧੀ ਨੂੰ ਦਿੱਤਾ।

ਰਾਅ ਦੇ ਮੁਖੀ ਰਹੇ ਸੰਕਰਨ ਨਾਇਰ ਰਾਅ

ਤਸਵੀਰ ਸਰੋਤ, MANAS PUBLICATION

ਤਸਵੀਰ ਕੈਪਸ਼ਨ, ਰਾਅ ਦੇ ਮੁਖੀ ਰਹੇ ਸੰਕਰਨ ਨਾਇਰ ਰਾਅ

ਗੱਲਬਾਤ ਟੈਪ ਕਰਨ ਦੀ ਕੋਸ਼ਿਸ਼

ਪਾਕਿਸਤਾਨ ਵਿੱਚ ਰਾਅ ਦੇ ਜਸੂਸਾਂ ਦੇ ਫ਼ੋਨ ਹਮੇਸ਼ਾ ਟੈਪ ਹੁੰਦੇ ਸਨ। ਉਨ੍ਹਾਂ ਦੀ ਆਪਣੇ ਪਰਿਵਾਰ ਵਾਲਿਆਂ ਨਾਲ ਹੋਣ ਵਾਲੀ ਹਰ ਗੱਲਬਾਤ ਸੁਣੀ ਜਾਂਦੀ ਸੀ।

ਰਾਣਾ ਬੈਨਰਜੀ ਇੱਕ ਹੋਰ ਕਿੱਸਾ ਸੁਣਾਉਂਦੇ ਹਨ, “ਇਸਲਾਮਾਬਾਦ ਵਿੱਚ ਸਾਡਾ ਇੱਕ ਵੇਟਰ ਹੁੰਦਾ ਸੀ। ਉਹ ਐਂਗਲੋ-ਇੰਡੀਅਨ ਇਸਾਈ ਸੀ। ਉਸਦੀ ਇੱਕ ਕਮਜ਼ੋਰੀ ਸੀ। ਉਹ ਜਦੋਂ ਵੀ ਸ਼ਰਾਬ ਵਰਤਾਉਂਦਾ ਸੀ, ਉਸ ਤੋਂ ਪਹਿਲਾਂ ਉਹ ਖ਼ੁਦ ਵੀ ਦੋ ਘੁੱਟ ਲਾ ਲਿਆ ਕਰਦਾ ਸੀ।"

"ਉਸ ਨੂੰ ਰੋਕਣ ਲਈ ਅਸੀਂ ਕਹਿੰਦੇ ਸੀ ਕਿ ਪਾਰਟੀ ਖ਼ਤਮ ਹੋ ਜਾਣ ਤੋਂ ਬਾਅਦ ਅਸੀਂ ਤੁਹਾਨੂੰ ਡ੍ਰਿੰਕ ਦੇ ਦੇਵਾਂਗੇ, ਜਿਸ ਨੂੰ ਤੁਸੀਂ ਆਪਣੇ ਘਰ ਵੀ ਲੈ ਕੇ ਜਾ ਸਕਦਾ ਹੈ। ਲੇਕਿਨ ਉਹ ਮੰਨਦਾ ਨਹੀਂ ਸੀ।”

ਇਹੀ ਕਾਰਨ ਸੀ ਕਿ ਬੈਨਰਜੀ ਉਸ ਉੱਤੇ ਨਜ਼ਰ ਰੱਖਦੇ ਸਨ।

ਉਹ ਲਿਖਦੇ ਹਨ, “ਇੱਕ ਵਾਰ ਮੈਂ ਦੇਖਿਆ ਕਿ ਉਹ ਅਜੀਬ ਤਰੀਕੇ ਨਾਲ ਖੜ੍ਹਾ ਸੀ ਅਤੇ ਆਪਣੇ ਪੈਰਾਂ ਨਾਲ ਕੋਈ ਚੀਜ਼ ਥੱਲੇ ਖਿਸਕਾ ਰਿਹਾ ਸੀ। ਮੈਂ ਦੇਖਿਆ ਕਿ ਉਹ ਇੱਕ ਛੋਟੀ ਜਿਹੀ ਸੀਖਾਂ ਵਾਲੀ ਡੱਬੀ ਵਰਗੀ ਕੋਈ ਚੀਜ਼ ਸੀ।"

"ਦਰਅਸਲ ਉਹ ਡਾਈਨਿੰਗ ਰੂਪ ਵਿੱਚ ਹੀਅਰਿੰਗ ਡਿਵਾਈਸ ਲਾ ਰਿਹਾ ਸੀ। ਖ਼ੈਰ, ਮੈਂ ਉਸ ਉਪਕਰਣ ਨੂੰ ਬੰਦ ਕਰਕੇ ਪਾਸੇ ਰੱਖ ਦਿੱਤਾ। ਪਾਰਟੀ ਹੁੰਦੀ ਰਹੀ ਜਿਵੇਂ ਕੁਝ ਵੀ ਨਾ ਹੋਇਆ ਹੋਵੇ। ਅਗਲੇ ਦਿਨ ਸਾਡੇ ਰਾਜਦੂਤ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਇਸਦੀ ਸ਼ਿਕਾਇਤ ਕੀਤੀ।”

ਕੰਧਾਰ ਹਾਈਜੈਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਧਾਰ ਹਾਈਜੈਕ ਤੋਂ ਬਾਅਦ ਭਾਰਤ ਨੂੰ ਤਿੰਨ ਖ਼ਤਰਨਾਕ ਕੱਟੜਪੰਥੀਆਂ ਨੂੰ ਰਿਹਾਅ ਕਰਨਾ ਪਿਆ ਸੀ

ਕਿਰਕਿਰੀ ਤਾਂ ਹੋਈ ਪਰ ਸਿਫ਼ਤ ਨਹੀਂ ਹੋਈ

ਸੰਨ 1999 ਵਿੱਚ ਰਾਅ ਦੀ ਬਹੁਤ ਕਿਰਕਿਰੀ ਹੋਈ ਜਦੋਂ ਕੰਧਾਰ ਹਾਈਜੈਕ ਤੋਂ ਬਾਅਦ ਭਾਰਤ ਨੂੰ ਤਿੰਨ ਖ਼ਤਰਨਾਕ ਕੱਟੜਪੰਥੀ ਰਿਹਾ ਕਰਨੇ ਪਏ।

ਇਹੀ ਨਹੀਂ ਰਾਅ ਦੇ ਤਤਕਾਲੀ ਮੁਖੀ ਏਐੱਸ ਦੁਲਤ, ਮਸੂਦ ਅਜ਼ਹਰ ਅਤੇ ਮੁਸ਼ਤਾਕ ਜ਼ਰਗਰ ਨੂੰ ਆਪਣੇ ਜਹਾਜ਼ ਵਿੱਚ ਬਿਠਾ ਕੇ ਸ਼੍ਰੀਨਗਰ ਤੋਂ ਦਿੱਲੀ ਲਿਆਏ ਜਿੱਥੋਂ ਜਸਵੰਤ ਸਿੰਘ ਉਨ੍ਹਾਂ ਨੂੰ ਆਪਣੇ ਨਾਲ ਕੰਧਾਰ ਲੈ ਕੇ ਗਏ।

ਜਿਸ ਤਰ੍ਹਾਂ ਆਈਸੀ-814 ਜਹਾਜ਼ ਨੂੰ ਅੰਮ੍ਰਿਤਸਰ ਤੋਂ ਲਾਹੌਰ ਦੇ ਲਈ ਉੱਡਣ ਦਿੱਤਾ ਗਿਆ, ਉਸਦੀ ਵੀ ਬਹੁਤ ਆਲੋਚਨਾ ਹੋਈ।

ਦੁਨੀਆਂ ਦੇ ਹੋਰ ਜਸੂਸਾਂ ਵਾਂਗ ਰਾਅ ਦੇ ਜਸੂਸਾਂ ਦੀਆਂ ਛਾਤੀਆਂ ਉੱਤੇ ਵੀ ਕਦੇ ਕਈ ਮੈਡਲ ਨਹੀਂ ਸਜਿਆ।

ਥੋੜ੍ਹੇ ਲੋਕਾਂ ਨੂੰ ਹੀ ਪਤਾ ਹੈ ਕਿ ਕਾਰਗਿਲ ਯੁੱਧ ਦੇ ਦੌਰਾਨ ਪਾਕਿਸਤਾਨ ਤੋਂ ਆਏ ਘੁਸਪੈਠੀਆਂ ਖਿਲਾਫ਼ ਪਹਿਲੀ ਸਫ਼ਲ ਮੁਹਿੰਮ ਸਰਹੱਦ ਉੱਤੇ ਤੈਨਾਤ ਰਾਅ ਦੇ 80 ਮੈਂਬਰਾਂ ਨੇ ਚਲਾਈ ਸੀ।

ਉਨ੍ਹਾਂ ਵਿੱਚੋਂ ਕੁਝ ਲੋਕ ਜਿਉਂਦੇ ਜੀਅ ਵਾਪਸ ਨਹੀਂ ਆਏ ਸਨ। ਪਰ ਉਨ੍ਹਾਂ ਦੇ ਨਾਵਾਂ ਨੂੰ ਕਦੇ ਕੋਈ ਉਜਾਗਰ ਨਹੀਂ ਕੀਤਾ ਗਿਆ।

ਯਤੀਸ਼ ਯਾਦਵ ਆਪਣੀ ਕਿਤਾਬ ‘ਰਾਅ ਏ ਹਿਸਟਰੀ ਆਫ ਕੋਵਰਟ ਆਪ੍ਰੇਸ਼ੰਸ’ ਵਿੱਚ ਲਿਖਦੇ ਹਨ, “ਕਾਰਗਿਲ ਦੀ ਲੜਾਈ ਤੋਂ ਬਾਅਦ ਰਾਅ ਦੇ ਉਹ ਲੋਕ ਚੁੱਪਚਾਪ ਖੜ੍ਹੇ ਰਹੇ ਜਿਨ੍ਹਾਂ ਨੇ ਆਪਣੇ ਸਾਥੀ ਇਸ ਲੜਾਈ ਵਿੱਚ ਗੁਆ ਦਿੱਤੇ ਸਨ।"

"ਇੱਕ ਜਸੂਸ ਦਾ ਕੋਡਨੇਮ ਰਹਿਮਾਨ ਸੀ। ਉਸ ਨੇ ਰਾਅ ਦੇ ਅਫ਼ਸਰਾਂ ਨੂੰ ਕਿਹਾ ਕਿ ਉਨ੍ਹਾਂ ਲੋਕਾਂ ਦੀ ਕੁਰਬਾਨੀ ਨੂੰ ਜਨਤਕ ਰੂਪ ਵਿੱਚ ਸਵੀਕਾਰ ਕੀਤਾ ਜਾਵੇ, ਜਿਨ੍ਹਾਂ ਨੇ ਦੇਸ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ।"

"ਜਦੋਂ ਉਸ ਸਮੇਂ ਦੇ ਕੌਮੀ ਸੁਰੱਖਿਆ ਸਲਾਹਕਾਰ ਅਤੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਬ੍ਰਿਜੇਸ਼ ਮਿਸ਼ਰਾ ਤੱਕ ਇਹ ਤਜਵੀਜ਼ ਪਹੁੰਚੀ ਤਾਂ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ।”

ਯਤੀਸ਼ ਯਾਦਵ ਲਿਖਦੇ ਹਨ, “ਕਿਸੇ ਤਰ੍ਹਾਂ ਵਾਜਪਾਈ ਤੱਕ ਇਹ ਗੱਲ ਪਹੁੰਚਾਈ ਗਈ। ਪ੍ਰਧਾਨ ਮੰਤਰੀ ਨਿਵਾਸ ਦੇ ਇੱਕ ਬੰਦ ਹਾਲ ਵਿੱਚ ਉਨ੍ਹਾਂ 18 ਰਾਅ ਅਫ਼ਸਰਾਂ ਦੇ ਨਾਮ ਅਤੇ ਕਾਰਗਿਲ ਦੀ ਲੜਾਈ ਵਿੱਚ ਉਨ੍ਹਾਂ ਦੇ ਕਾਰਨਾਮੇ ਜ਼ੋਰ ਨਾਲ ਪੜ੍ਹੇ ਗਏ।"

"ਰਾਅ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਨ੍ਹਾਂ ਯੋਧਿਆਂ ਨੂੰ ਖ਼ਾਸ ਮੈਡਲ ਦਿੱਤੇ ਗਏ। ਵਾਜਪਾਈ ਨੇ ਰਾਅ ਦੇ ਵੱਡੇ ਅਫ਼ਸਰਾਂ ਨਾਲ ਹੱਥ ਮਿਲਾਏ ਅਤੇ ਉਨ੍ਹਾਂ ਗੁੰਮਨਾਮ ਵੀਰਾਂ ਦੇ ਬਲੀਦਾਨ ਦੇ ਲਈ ਧੰਨਵਾਦ ਕੀਤਾ। ਇਸ ਸਮਾਗਮ ਦਾ ਕੋਈ ਰਿਕਾਰਡ ਨਹੀਂ ਰੱਖਿਆ ਗਿਆ। ਨਾ ਹੀ ਇਸਦਾ ਕੋਈ ਵੇਰਵਾ ਅਗਲੇ ਦਿਨ ਦੇ ਅਖ਼ਬਾਰਾਂ ਵਿੱਚ ਛਪਿਆ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)