ਅਨੁਰਾ ਕੁਮਾਰਾ ਦਿਸਾਨਾਇਕੇ: ਖੱਬੇ-ਪੱਖੀ ਨੇਤਾ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੀ ਵੋਟ ਜਿੱਤੀ, ਅੱਗੇ ਕੀ ਚੁਣੌਤੀਆਂ ਰਹਿਣਗੀਆਂ

ਤਸਵੀਰ ਸਰੋਤ, EPA
- ਲੇਖਕ, ਆਇਸ਼ਾ ਪ੍ਰੇਰਾ ਅਤੇ ਜੋਇਲ ਗਿੰਟੋ
- ਰੋਲ, ਬੀਬੀਸੀ ਪੱਤਰਕਾਰ
ਖੱਬੇ-ਪੱਖੀ ਆਗੂ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਇਤਿਹਾਸਕ ਦੂਜੇ ਦੌਰ ਦੀ ਗਿਣਤੀ ਤੋਂ ਬਾਅਦ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ।
ਦਿਸਾਨਾਇਕੇ ਨੂੰ 5,740,179 ਵੋਟਾਂ ਮਿਲੀਆਂ ਹਨ। ਅਨੁਰਾ ਕੁਮਾਰਾ ਦਿਸਾਨਾਇਕੇ ਸ਼੍ਰੀਲੰਕਾ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਵਿਰੋਧੀ ਸਾਜਿਥ ਪ੍ਰੇਮਦਾਸਾ ਨੂੰ 4,530,902 ਵੋਟਾਂ ਮਿਲੀਆਂ।
ਸ਼੍ਰੀਲੰਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਦੇ ਨਤੀਜੇ ਦੂਜੇ ਗੇੜ ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨੇ ਗਏ ਹਨ।
ਦਰਅਸਲ, ਪਹਿਲੇ ਗੇੜ ਵਿੱਚ ਕਿਸੇ ਵੀ ਉਮੀਦਵਾਰ ਨੇ ਕੁੱਲ ਵੋਟਾਂ ਦੇ 50 ਫੀਸਦ ਤੋਂ ਵੱਧ ਵੋਟ ਨਹੀਂ ਜਿੱਤੇ ਸਨ, ਜਿੱਥੇ ਦਿਸਾਨਾਇਕੇ ਨੂੰ 42.31 ਫੀਸਦ ਅਤੇ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਤੇ ਵਿਰੋਧੀ ਧਿਰ ਦੇ ਆਗੂ ਸਾਜਿਥ ਪ੍ਰੇਮਦਾਸਾ ਨੂੰ 32.76 ਫੀਸਦ ਵੋਟ ਮਿਲੇ ਸਨ।

ਪਰ ਵੋਟਰਾਂ ਨੂੰ ਚੰਗੇ ਸ਼ਾਸਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਸਖ਼ਤ ਉਪਾਵਾਂ ਦਾ ਵਾਅਦਾ ਕਰਨ ਵਾਲੇ ਦਿਸਾਨਾਇਕੇ ਦੂਜੇ ਗੇੜ ਦੀ ਗਿਣਤੀ ਤੋਂ ਬਾਅਦ ਜੇਤੂ ਵਜੋਂ ਉਭਰੇ, ਜਿਸ ਵਿੱਚ ਵੋਟਰਾਂ ਦੀ ਦੂਜੀ ਅਤੇ ਤੀਜੀ ਪਸੰਦ ਦੇ ਉਮੀਦਵਾਰਾਂ ਦੀ ਗਿਣਤੀ ਕੀਤੀ ਗਈ ਸੀ।
ਸਾਲ 2022 'ਚ ਦੇਸ਼ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ, ਜਿਸ ਤੋਂ ਬਾਅਦ ਗੋਟਾਬਾਯਾ ਰਾਜਪਕਸ਼ੇ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਣਾ ਪਿਆ ਸੀ। ਉਸ ਸਮੇਂ ਦੇਸ਼ ਨੂੰ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਬਾਅਦ ਸ਼ਨੀਵਾਰ ਨੂੰ ਦੇਸ਼ 'ਚ ਪਹਿਲੀ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਈਆਂ।
ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ, 55 ਸਾਲਾ ਦਿਸਾਨਾਇਕੇ ਨੇ ਨਿਰਮਾਣ, ਖੇਤੀਬਾੜੀ ਅਤੇ ਆਈਟੀ ਸੈਕਟਰਾਂ ਨੂੰ ਵਿਕਸਤ ਕਰਨ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਨੇ ਸ਼੍ਰੀਲੰਕਾ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣ ਲਈ ਆਈਐੱਮਐੱਫ ਨਾਲ ਕੀਤੇ ਗਏ ਸਮਝੌਤਿਆਂ ਨੂੰ ਜਾਰੀ ਰੱਖਣ ਲਈ ਵੀ ਵਚਨਬੱਧਤਾ ਦਿਖਾਈ ਹੈ।

ਤਸਵੀਰ ਸਰੋਤ, Getty Images
ਦੂਜੇ ਗੇੜ ਦੀ ਗਿਣਤੀ ਕਿਉਂ ਹੋਈ
ਸ੍ਰੀਲੰਕਾ ਵਿੱਚ, ਜੇਕਰ ਕਿਸੇ ਉਮੀਦਵਾਰ ਨੂੰ ਪਹਿਲੇ ਗੇੜ ਦੀ ਗਿਣਤੀ ਵਿੱਚ 51 ਫੀਸਦ ਵੋਟਾਂ ਨਹੀਂ ਮਿਲਦੀਆਂ, ਤਾਂ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਰਾਂ ਦੀਆਂ ਦੂਜੀਆਂ ਅਤੇ ਤੀਜੀਆਂ ਪਸੰਦ ਦੇ ਆਧਾਰ 'ਤੇ ਦੂਜੇ ਗੇੜ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ।
1982 ਤੋਂ ਬਾਅਦ ਸ਼੍ਰੀਲੰਕਾ ਦੀਆਂ ਸਾਰੀਆਂ ਅੱਠ ਰਾਸ਼ਟਰਪਤੀ ਚੋਣਾਂ ਵਿੱਚ ਜੇਤੂ ਗਿਣਤੀ ਦੇ ਪਹਿਲੇ ਗੇੜ ਦੌਰਾਨ ਹੀ ਸਪੱਸ਼ਟ ਹੋ ਜਾਂਦਾ ਰਿਹਾ ਹੈ।
ਦੇਸ਼ ਵਿੱਚ ਇਸ ਸਾਲ ਹੋਈਆਂ ਚੋਣਾਂ ਨੂੰ ਇਤਿਹਾਸ ਦੀਆਂ ਸਭ ਤੋਂ ਨਜ਼ਦੀਕੀ ਚੋਣਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ।
ਸ਼ਨੀਵਾਰ ਨੂੰ 170 ਲੱਖ ਸ਼੍ਰੀਲੰਕਾ ਦੇ ਲੋਕਾਂ ਨੇ ਵੋਟ ਪਾਈ ਸੀ ਅਤੇ ਦੇਸ਼ ਦੇ ਚੋਣ ਕਮਿਸ਼ਨ ਨੇ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਸ਼ਾਂਤੀਪੂਰਨ ਚੋਣ ਰਹੀ ਹੈ।

ਤਸਵੀਰ ਸਰੋਤ, Getty Images
ਫਿਰ ਵੀ, ਪੁਲਿਸ ਨੇ "ਜਨਤਕ ਸੁਰੱਖਿਆ" ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਦੇਰ ਰਾਤ ਕਰਫਿਊ ਦਾ ਐਲਾਨ ਕੀਤਾ ਅਤੇ ਇਸ ਨੂੰ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 12 ਵਜੇ ਤੱਕ ਵਧਾ ਦਿੱਤਾ ਸੀ।
ਸ਼੍ਰੀਲੰਕਾ 'ਚ ਕਰੀਬ ਦੋ ਸਾਲ ਪਹਿਲਾਂ ਆਰਥਿਕ ਹਾਲਾਤ ਵਿਗੜਨ ਤੋਂ ਬਾਅਦ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ। ਇਸ ਤੋਂ ਬਾਅਦ ਸ਼ਨੀਵਾਰ ਨੂੰ ਦੇਸ਼ 'ਚ ਪਹਿਲੀ ਵਾਰ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਹੋਈ।
ਸ੍ਰੀਲੰਕਾ ਵਿੱਚ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ, ਸੁਰੱਖਿਆ ਅਧਿਕਾਰੀ ਸੜਕਾਂ 'ਤੇ ਗਸ਼ਤ ਕਰਦੇ ਨਜ਼ਰ ਆਏ। ਇਸ ਚੋਣ ਨੂੰ ਵਿਆਪਕ ਤੌਰ 'ਤੇ ਸਰਕਾਰ ਦੁਆਰਾ ਅਰਥਵਿਵਸਥਾ ਨੂੰ ਸੰਭਾਲਣ ਬਾਰੇ ਰਾਏਸ਼ੁਮਾਰੀ ਵਜੋਂ ਦੇਖਿਆ ਜਾ ਰਿਹਾ ਹੈ।
ਅੰਕੜਿਆਂ ਮੁਤਾਬਕ ਦੇਸ਼ 'ਚ ਕਰੀਬ 70 ਫੀਸਦੀ ਵੋਟਿੰਗ ਹੋਈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਚੋਣਾਂ ਵਿੱਚ ਰਿਕਾਰਡ 38 ਉਮੀਦਵਾਰ ਮੈਦਾਨ ਵਿੱਚ ਸਨ। ਜਿਸ ਵਿੱਚ ਮੌਜੂਦਾ ਪ੍ਰਧਾਨ ਰਾਨਿਲ ਵਿਕਰਮਸਿੰਘੇ ਵੀ ਸ਼ਾਮਲ ਸਨ।
ਦਿਸਾਨਾਇਕੇ ਨੂੰ ਪਹਿਲੇ ਗੇੜ ਦੀ ਗਿਣਤੀ ਤੋਂ ਬਾਅਦ ਆਪਣੇ ਦੋ ਮੁੱਖ ਵਿਰੋਧੀਆਂ ਵਿਕਰਮਸਿੰਘੇ ਅਤੇ ਪ੍ਰੇਮਦਾਸਾ ਦੇ ਸਮਰਥਕਾਂ ਤੋਂ ਵਧਾਈ ਸੰਦੇਸ਼ ਮਿਲਣੇ ਸ਼ੁਰੂ ਹੋ ਗਏ।
ਸ਼੍ਰੀਲੰਕਾ ਦੀ ਆਰਥਿਕ ਮੰਦੀ
ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਦੇ ਸਾਹਮਣੇ ਦੋ ਤਰ੍ਹਾਂ ਦੀਆਂ ਚੁਣੌਤੀਆਂ ਹੋਣਗੀਆਂ। ਇਨ੍ਹਾਂ ਵਿੱਚ ਦੇਸ਼ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨਾ ਅਤੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਉਣਾ ਸ਼ਾਮਲ ਹੈ।
ਦੇਸ਼ ਦੀ ਇਸੇ ਆਰਥਿਕ ਮੰਦੀ ਨੇ "ਅਰਾਗਲਿਆ" (ਸੰਘਰਸ਼) ਵਿਦਰੋਹ ਨੂੰ ਹਵਾ ਦਿੱਤੀ ਸੀ, ਜਿਸ ਨੇ ਰਾਜਪਕਸ਼ੇ ਨੂੰ ਸਾਲ 2022 ਵਿੱਚ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾ ਦਿੱਤਾ।
ਉਸ ਸਮੇਂ, ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਖ਼ਤਮ ਹੋ ਗਿਆ ਸੀ, ਜਿਸ ਨਾਲ ਦੇਸ਼ ਬਾਲਣ ਵਰਗੀਆਂ ਜ਼ਰੂਰੀ ਵਸਤੂਆਂ ਦੀ ਦਰਾਮਦ ਕਰਨ ਤੋਂ ਅਸਮਰੱਥ ਸੀ।
ਦੇਸ਼ ਦਾ ਜਨਤਕ ਕਰਜ਼ਾ ਵਧ ਕੇ 83 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਸੀ, ਜਦਕਿ ਮਹਿੰਗਾਈ 70% ਤੱਕ ਵੱਧ ਗਈ ਸੀ।
ਇਸ ਕਾਰਨ ਦੇਸ਼ ਵਿੱਚ ਭੋਜਨ ਅਤੇ ਦਵਾਈਆਂ ਵਰਗੀਆਂ ਬੁਨਿਆਦੀ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ।

ਤਸਵੀਰ ਸਰੋਤ, Getty Images
ਦੇਸ਼ ਦੇ ਇਸ ਆਰਥਿਕ ਸੰਕਟ ਲਈ ਪ੍ਰਮੁੱਖ ਨੀਤੀਗਤ ਗ਼ਲਤੀਆਂ, ਕਮਜ਼ੋਰ ਨਿਰਯਾਤ ਅਤੇ ਸਾਲਾਂ ਤੋਂ ਘੱਟ ਟੈਕਸ ਦਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇਹ ਕੋਵਿਡ-19 ਮਹਾਂਮਾਰੀ ਦੁਆਰਾ ਬਦਤਰ ਬਣਾ ਦਿੱਤਾ ਸੀ ਜਿਸ ਨੇ ਸੈਰ-ਸਪਾਟੇ ਨੂੰ ਪ੍ਰਭਾਵਿਤ ਕੀਤਾ, ਜੋ ਕਿ ਸ਼੍ਰੀਲੰਕਾ ਦੀ ਆਰਥਿਕਤਾ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ।
ਪਰ ਕਈ ਲੋਕਾਂ ਨੇ ਇਸ ਦੇ ਲਈ ਭ੍ਰਿਸ਼ਟਾਚਾਰ ਅਤੇ ਕੁਪ੍ਰਬੰਧ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨਾਲ ਰਾਜਪਕਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਗੁੱਸਾ ਵਧਿਆ ਹੈ। ਜਿਨ੍ਹਾਂ ਨੇ ਸਮੂਹਿਕ ਤੌਰ 'ਤੇ 10 ਸਾਲਾਂ ਤੋਂ ਵੱਧ ਸਮੇਂ ਤੱਕ ਸ਼੍ਰੀਲੰਕਾ 'ਤੇ ਸਾਸ਼ਨ ਕੀਤਾ ਹੈ।
ਵਿਕਰਮਸਿੰਘੇ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਲਗਭਗ 3 ਬਿਲੀਅਨ ਅਮਰੀਕੀ ਡਾਲਰ ਦੀ ਮਦਦ ਮਿਲੀ, ਜਿਸ ਨੇ ਮਹੱਤਵਪੂਰਨ ਵਾਧੂ ਫੰਡ ਪ੍ਰਦਾਨ ਕੀਤੇ ਪਰ ਆਰਥਿਕ ਅਤੇ ਪ੍ਰਸ਼ਾਸਕੀ ਨੀਤੀ ਵਿੱਚ ਸਖ਼ਤ ਸੁਧਾਰਾਂ ਦੀ ਵੀ ਲੋੜ ਸੀ।
ਸ਼੍ਰੀਲੰਕਾ ਆਈਐੱਮਐੱਫ ਦੇ ਨਿਰਦੇਸ਼ਾਂ ਦੇ ਅਨੁਸਾਰ ਵਿਦੇਸ਼ੀ ਅਤੇ ਘਰੇਲੂ ਕਰਜ਼ ਦੇਣ ਵਾਲਿਆਂ ਨਾਲ ਆਪਣੇ ਕਰਜ਼ੇ ਦੀ ਮੁੜ ਅਦਾਇਗੀ ਦੀਆਂ ਸ਼ਰਤਾਂ ਨੂੰ ਮੁੜ ਤਿਆਰ ਕਰ ਰਿਹਾ ਹੈ।
ਦੇਸ਼ ਦਾ ਧਿਆਨ ਮੁੱਖ ਤੌਰ 'ਤੇ ਇਸ ਦੇ 36 ਅਰਬ ਡਾਲਰ ਦੇ ਵਿਦੇਸ਼ੀ ਕਰਜ਼ੇ 'ਤੇ ਹੈ, ਜਿਸ ਵਿੱਚੋਂ 7 ਬਿਲੀਅਨ ਡਾਲਰ ਚੀਨ ਦਾ ਹੈ, ਜੋ ਇਸ ਦਾ ਸਭ ਤੋਂ ਵੱਡਾ ਦੁਵੱਲਾ ਰਿਣਦਾਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












