ਸਿੰਧੂ ਘਾਟੀ ਸਭਿਅਤਾ ਵਿੱਚ ਲੋਕ ਗਾਂ, ਮੱਝ ਅਤੇ ਬੱਕਰੀ ਦਾ ਮਾਸ ਖਾਂਦੇ ਸਨ - ਇੱਕ ਨਵੀਂ ਖੋਜ

ਸਿੰਧੂ ਸੱਭਿਆਤਾ ਵਿੱਚ ਭੋਜਨ ਪਕਾਉਣ ਲਈ ਵਰਤਿਆ ਜਾਣ ਵਾਲਾ ਮਿੱਟੀ ਦਾ ਭਾਂਡਾ

ਤਸਵੀਰ ਸਰੋਤ, Angelo Hornak/Corbis via Getty Images

ਤਸਵੀਰ ਕੈਪਸ਼ਨ, ਸਿੰਧੂ ਸੱਭਿਆਤਾ ਵਿੱਚ ਭੋਜਨ ਪਕਾਉਣ ਲਈ ਵਰਤਿਆ ਜਾਣ ਵਾਲਾ ਮਿੱਟੀ ਦਾ ਭਾਂਡਾ
    • ਲੇਖਕ, ਮੁਰਲੀਧਰਨ ਕੇ.
    • ਰੋਲ, ਬੀਬੀਸੀ ਪੱਤਰਕਾਰ

ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਸਿੰਧੂ ਘਾਟੀ ਸੱਭਿਅਤਾ ਵਿੱਚ ਲੋਕ ਮੋਟੇ ਤੌਰ 'ਤੇ ਮਾਸਾਹਾਰੀ ਸਨ। ਉਹ ਗਾਂ, ਮੱਝ ਅਤੇ ਬੱਕਰੀ ਦਾ ਮਾਸ ਖਾਂਦੇ ਸਨ।

ਇਹ ਖੋਜ ਸਿੰਧੂ ਘਾਟੀ ਇਲਾਕੇ ਵਿੱਚ ਮਿਲੇ ਮਿੱਟੀ ਦੇ ਬਰਤਨਾਂ ਅਤੇ ਖਾਣ ਪੀਣ ਦੇ ਤੌਰ ਤਰੀਕਿਆਂ 'ਤੇ ਆਧਾਰਿਤ ਹੈ।

ਕੈਂਬਰਿਜ ਯੂਨੀਵਰਸਿਟੀ ਤੋਂ ਪੁਰਾਤੱਤਵ ਵਿਗਿਆਨ ਵਿੱਚ ਪੀਐਚਡੀ ਅਤੇ ਹੁਣ ਫ਼ਰਾਂਸ ਵਿੱਚ ਪੋਸਟ-ਡਾਕਟੋਰਲ ਫ਼ੈਲੋ ਏ ਸੂਰਿਆਨਾਰਾਇਣ ਨੇ ਸਿੰਧੂ ਘਾਟੀ ਸੱਭਿਅਤਾ ਦੌਰਾਨ ਖਾਣ ਪੀਣ ਦੇ ਤੌਰ ਤਰੀਕਿਆਂ ਬਾਰੇ ਖੋਜ ਕੀਤੀ ਹੈ।

ਉਨ੍ਹਾਂ ਦੀ ਖੋਜ ਆਰਕਿਓਲਾਜੀਕਲ ਸਾਇੰਸ ਨਾ ਦੇ ਇੱਕ ਰਸਾਲੇ ਵਿੱਚ ਪ੍ਰਕਾਸ਼ਿਤ ਹੋਈ ਹੈ।

ਇਹ ਵੀ ਪੜ੍ਹੋ-

ਸਿੰਧੂ ਘਾਟੀ ਦੇ ਲੋਕਾਂ ਦੀ ਜੀਵਨ ਸ਼ੈਲੀ ਬਾਰੇ ਹਾਲਾਂਕਿ ਕਈ ਅਧਿਐਨ ਹੋ ਚੁੱਕੇ ਹਨ, ਪਰ ਇਸ ਖੋਜ ਵਿੱਚ ਮੂਲ ਰੂਪ ਵਿੱਚ ਉਸ ਖੇਤਰ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਕੁੱਲ ਮਿਲਾ ਕੇ ਇਸ ਖੋਜ ਵਿੱਚ ਫ਼ਸਲਾਂ ਦੇ ਨਾਲ ਪਸ਼ੂਆਂ ਅਤੇ ਲੋਕਾਂ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਬਰਤਨਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਵਿਗਿਆਨਕ ਤਰੀਕੇ ਨਾਲ ਕੀਤੀ ਗਈ ਇੰਨਾਂ ਬਰਤਨਾਂ ਦੀ ਪੜਤਾਲ ਦੱਸਦੀ ਹੈ ਕਿ ਪ੍ਰਾਚੀਨ ਭਾਰਤ ਦੇ ਲੋਕ ਇੰਨਾਂ ਬਰਤਨਾਂ ਵਿੱਚ ਕੀ ਖਾਂਦੇ ਸਨ।

ਪੂਰੀ ਦੁਨੀਆਂ ਦੇ ਪੁਰਾਤੱਤਵ ਵਿਗਿਆਨੀ ਇਸ ਤਰ੍ਹਾਂ ਦੇ ਅਧਿਐਨ ਕਰ ਰਹੇ ਹਨ। ਇਸੇ ਵਰਗੀ ਖੋਜ ਸਿੰਧੂ ਘਾਟੀ ਸੱਭਿਅਤਾ ਦੇ ਮਿੱਟੀ ਦੇ ਬਰਤਨਾਂ 'ਤੇ ਕੀਤੀ ਗਈ ਹੈ।

ਸਿੰਧੂ ਘਾਟੀ ਸੱਭਿਅਤਾ ਦੀਆਂ ਫ਼ਸਲਾਂ

ਸਿੰਧੂ ਸੱਭਿਅਤਾ ਦਾ ਬੈਲਗੱਡੀ ਵਾਲਾ ਖਿਡੌਣਾ

ਤਸਵੀਰ ਸਰੋਤ, Angelo Hornak/Corbis via Getty Images

ਤਸਵੀਰ ਕੈਪਸ਼ਨ, ਸਿੰਧੂ ਸੱਭਿਅਤਾ ਦਾ ਬੈਲਗੱਡੀ ਵਾਲਾ ਖਿਡੌਣਾ

ਸਿੰਧੂ ਘਾਟੀ ਸੱਭਿਅਤਾ ਵਿੱਚ ਜੌਂ, ਕਣਕ, ਚਾਵਲ ਦੇ ਨਾਲ-ਨਾਲ ਅੰਗੂਰ, ਖੀਰਾ, ਬੈਂਗਣ, ਹਲਦੀ, ਸਰੋਂ, ਜੂਟ, ਕਪਾਹ ਅਤੇ ਤਿਲ ਦੀ ਪੈਦਾਵਾਰ ਵੀ ਹੁੰਦੀ ਸੀ।

ਪਸ਼ੂ ਪਾਲਣ ਵਿੱਚ ਗਾਵਾਂ ਅਤੇ ਮੱਝਾਂ ਮੁੱਖ ਪਸ਼ੂ ਸਨ। ਇਲਾਕੇ ਵਿੱਚ ਮਿਲੇ ਹੱਡੀਆਂ ਦੇ 50 ਤੋਂ 60 ਫ਼ੀਸਦ ਕੰਕਾਲ ਗਾਵਾਂ-ਮੱਝਾਂ ਦੇ ਹਨ ਜਦੋਂ ਕਿ 10 ਫ਼ੀਸਦ ਹੱਡੀਆਂ ਬੱਕਰੀਆਂ ਦੀਆਂ ਹਨ।

ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕਾਂ ਦਾ ਪਸੰਦੀਦਾ ਮਾਸ ਬੀਫ਼ ਅਤੇ ਮਟਨ ਰਿਹਾ ਹੋਵੇਗਾ। ਗਾਂ ਨੂੰ ਦੁੱਧ ਲਈ, ਜਦੋਂ ਕਿ ਬਲਦਾਂ ਨੂੰ ਖੇਤੀ ਲਈ ਪਾਲਿਆ ਜਾਂਦਾ ਸੀ।

ਹਾਲਾਂਕਿ ਖੁਦਾਈ ਵਿੱਚ ਸੂਰ ਦੀਆਂ ਹੱਡੀਆਂ ਵੀ ਮਿਲੀਆਂ ਹਨ, ਪਰ ਸੂਰ ਕਿਸ ਕੰਮ ਆਉਂਦੇ ਹੋਣਗੇ ਇਹ ਸਪੱਸ਼ਟ ਨਹੀਂ ਹੈ। ਕੁਝ ਕੰਕਾਲ ਹਿਰਣ ਅਤੇ ਪੰਛੀਆਂ ਦੇ ਵੀ ਮਿਲੇ ਹਨ।

ਇਸ ਖੋਜ ਲਈ ਹਰਿਆਣਾ ਵਿੱਚ ਸਿੰਧੂ ਸੱਭਿਅਤਾ ਵਾਲੀ ਜਗ੍ਹਾ ਰਾਖੀਗੜੀ ਨੂੰ ਚੁਣਿਆ ਗਿਆ ਸੀ। ਆਲਮਗੀਰਪੁਰ, ਮਸੂਦਪੁਰ, ਲੋਹਰੀ ਰਾਘੋ ਅਤੇ ਕੁਝ ਹੋਰ ਥਾਵਾਂ ਤੋਂ ਮਿਲੇ ਮਿੱਟੀ ਦੇ ਭਾਂਡਿਆਂ ਨੂੰ ਵੀ ਇਕੱਠਾ ਕੀਤਾ ਗਿਆ ਹੈ।

ਇੰਨਾਂ ਭਾਂਡਿਆਂ ਵਿੱਚੋਂ ਸੈਂਪਲ ਲਏ ਗਏ ਅਤੇ ਵਿਗਿਆਨਿਕ ਵਿਧੀ ਨਾਲ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਉਨਾਂ ਵਿੱਚ ਪਸ਼ੂਆਂ ਦਾ ਮਾਸ ਖਾਧਾ ਜਾਂਦਾ ਸੀ।

ਖੋਜ ਤੋਂ ਪਤਾ ਲੱਗਾ ਹੈ ਕਿ ਦੁੱਧ ਤੋਂ ਬਣਨ ਵਾਲੀਆਂ ਵਸਤਾਂ, ਜੁਗਾਲੀ ਕਰਨ ਵਾਲੇ ਪਸ਼ੂਆਂ ਦੇ ਮਾਸ ਅਤੇ ਬਣਸਪਤੀਆਂ ਨੂੰ ਇੰਨਾਂ ਭਾਂਡਿਆਂ ਵਿੱਚ ਪਕਾਇਆ ਜਾਂਦਾ ਸੀ।

ਸਿੰਧੂ ਘਾਟੀ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਇਸ ਸੰਬੰਧੀ ਕੋਈ ਵਖਰੇਵਾਂ ਨਹੀਂ ਸੀ। ਬਰਤਨਾਂ ਦੀ ਵਰਤੋਂ ਕੁਝ ਹੋਰ ਕੰਮਾਂ ਲਈ ਵੀ ਕੀਤੀ ਜਾਂਦੀ ਸੀ।

ਹੜੱਪਾ ਦੇ ਅਵਸ਼ੇਸ਼

ਤਸਵੀਰ ਸਰੋਤ, DeAgostini/Getty Images

ਤਸਵੀਰ ਕੈਪਸ਼ਨ, ਹੜੱਪਾ ਦੇ ਅਵਸ਼ੇਸ਼

ਉਸ ਸਮੇਂ ਇਲਾਕੇ ਵਿੱਚ ਜੁਗਾਲੀ ਕਰਨ ਵਾਲੇ ਕਈ ਪਸ਼ੂ ਸਨ ਅਤੇ ਇਨਾਂ ਭਾਂਡਿਆਂ ਵਿੱਚ ਦੁੱਧ ਦੇ ਉਤਪਾਦਾਂ ਦੀ ਸਿੱਧੀ ਵਰਤੋਂ ਮੁਕਾਬਲਤਨ ਘੱਟ ਹੁੰਦੀ ਸੀ।

ਗੁਜਰਾਤ ਵਿੱਚ ਇਸ ਤੋਂ ਪਹਿਲਾਂ ਹੋਏ ਅਧਿਐਨ ਤੋਂ ਪਤਾ ਲੱਗਾ ਸੀ ਕਿ ਮਿੱਟੀ ਦੇ ਕਈ ਬਰਤਨਾਂ ਵਿੱਚ ਮੁੱਖ ਰੂਪ ਵਿੱਚ ਦੁੱਧ ਤੋਂ ਬਣਨ ਵਾਲੀਆਂ ਵਸਤਾਂ ਪਕਾਈਆਂ ਜਾਂਦੀਆਂ ਸਨ।

ਇਹ ਖੋਜ ਸਾਇੰਟਿਫ਼ਿਕ ਰਿਪੋਰਟਸ ਵਿੱਚ ਪ੍ਰਕਾਸ਼ਿਤ ਹੋਈ ਸੀ।

ਕੈਂਬਰਿਜ ਯੂਨੀਵਰਸਿਟੀ ਦੇ ਪੁਰਾਤੱਤਵ ਵਿਗਿਆਨ ਵਿੱਚ ਪੀਐੱਚਡੀ ਅਤੇ ਹੁਣ ਫ਼ਰਾਂਸ ਵਿੱਚ ਪੋਸਟ-ਡਾਕਟੋਰਲ ਫ਼ੈਲੋ ਏ ਸੂਰਿਆਨਾਰਾਇਣ ਦਾ ਕਹਿਣਾ ਹੈ ਕਿ ਖੋਜ ਦੇ ਅਗਲੇ ਚਰਣ ਵਿੱਚ ਇਹ ਵੀ ਪਤਾ ਕੀਤਾ ਜਾਵੇਗਾ ਕਿ ਸੱਭਿਆਚਾਰ ਅਤੇ ਜਵਲਾਯੂ ਪਰਿਵਰਤਨ ਦੀ ਪਿੱਠਭੂਮੀ ਵਿੱਚ ਖਾਣ-ਪੀਣ ਦੇ ਤੌਰ ਤਰੀਕਿਆਂ ਵਿੱਚ ਸਿਲਸਲੇਵਾਰ ਤਰੀਕੇ ਨਾਲ ਕੀ ਬਦਵਾਅ ਆਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਤਾ ਲਾਉਣ ਵਿੱਚ ਮਿੱਟੀ ਦੇ ਭਾਂਡਿਆਂ ਦੇ ਬਚੇ ਹੋਏ ਕੰਕਾਲ ਅਹਿਮ ਭੂਮਿਕਾ ਨਿਭਾਉਣਗੇ।

ਉਹ ਇਹ ਵੀ ਕਹਿੰਦੇ ਹਨ ਕਿ ਦੱਖਣ ਏਸ਼ਿਆਈ ਸ਼ਹਿਰਾਂ ਵਿੱਚ ਪੁਰਾਤੱਤਵ ਥਾਵਾਂ ਤੋਂ ਮਿਲੇ ਮਿੱਟੀ ਦੇ ਬਰਤਨਾਂ ਦਾ ਵਿਸ਼ਲੇਸ਼ਣ ਕਰਕੇ ਅਸੀਂ ਪੂਰਵ ਇਤਿਹਾਸਿਕ ਕਾਲ ਵਿੱਚ ਦੱਖਣ ਏਸ਼ਿਆ ਦੇ ਖਾਣ-ਪੀਣ ਵਿੱਚਲੀ ਵਭਿੰਨਤਾ ਨੂੰ ਵੀ ਸਮਝ ਸਕਾਂਗੇ।

ਏ ਸੂਰਿਆਨਾਰਾਇਣ ਨੇ ਆਪਣੀ ਖੋਜ ਵਿੱਚ ਸਿੰਧੂ ਸੱਭਿਅਤਾ ਨਾਲ ਸੰਬੰਧਿਤ ਕੁਝ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਹੈ।

ਸਿੰਧੂ ਘਾਟੀ ਸੱਭਿਅਤਾ ਦਾ ਭੂਗੋਲਿਕ ਵਿਸਥਾਰ

ਇਤਿਹਾਸਿਕ ਕਾਲ ਵਿੱਚ ਸਿੰਧੂ ਘਾਟੀ ਸੱਭਿਅਤਾ ਦਾ ਵਿਸਥਾਰ ਭੂਗੋਲਿਕ ਰੂਪ ਵਿੱਚ ਆਧੁਨਿਕ ਪਾਕਿਸਤਾਨ, ਉੱਤਰ-ਪੱਛਮੀ ਭਾਰਤ, ਦੱਖਣੀ ਭਾਰਤ ਅਤੇ ਅਫ਼ਗਾਨਿਸਤਾਨ ਦੇ ਇਲਾਕਿਆਂ ਵਿੱਚ ਸੀ।

ਵੀਡੀਓ ਕੈਪਸ਼ਨ, ਪਾਕਿਸਤਾਨੀ 20 ਰੁਪਏ ਦੇ ਨੋਟ ’ਤੇ ਇਹ ਕਿਸ ਦੀ ਫ਼ੋਟੋ?

ਮੈਦਾਨ, ਪਹਾੜ, ਨਦੀ-ਘਾਟੀ, ਮਾਰੂਥਲ ਅਤੇ ਸਮੁੰਦਰ ਤੱਟੀ ਅਲਗ-ਅਲਗ ਇਲਾਕਿਆਂ ਵਿੱਚ ਸਿੰਧੂ ਸੱਭਿਅਤਾ ਦਾ ਵਿਸਥਾਰ ਸੀ।

ਇਸ ਵਿੱਚ ਪੰਜ ਮੁੱਖ ਸ਼ਹਿਰ ਅਤੇ ਕਈ ਛੋਟੀਆਂ ਆਬਾਦੀਆਂ ਸ਼ਾਮਲ ਸਨ ਜਿਨਾਂ ਦੀ ਮਿਆਦ ਈਸਾਪੂਰਵ 2600 ਤੋਂ ਈਸਾਪੂਰਵ 1900 ਦਰਮਿਆਨ ਸੀ।

ਹਾਰ-ਚੂੜੀਆਂ, ਭਾਰ ਤੋਲਣ ਲਈ ਟੁਕੜੇ ਅਤੇ ਮੋਹਰ ਸਿੰਧੂ ਸਭਿਅਤਾ ਦੀਆਂ ਖ਼ਾਸੀਅਤਾਂ ਵਿੱਚ ਸ਼ਾਮਿਲ ਹਨ। ਲੈਣ-ਦੇਣ ਵਿੱਚ ਵਸਤੂਆਂ ਦੀ ਅਦਲਾ-ਬਦਲੀ ਦਾ ਵਿਆਪਕ ਚਲਣ ਸੀ।

ਇਹ ਨਹੀਂ ਕਿਹਾ ਜਾ ਸਕਦਾ ਕਿ ਸਿੰਧੂ ਸੱਭਿਅਤਾ ਵਿੱਚ ਸ਼ਹਿਰਾਂ ਦਾ ਪਿੰਡਾਂ 'ਤੇ ਦਬਦਬਾ ਸੀ। ਦੋਵਾਂ ਦਾ ਆਪਸੀ ਸੰਬੰਧ ਮੁੱਖ ਰੂਪ ਵਿੱਚ ਆਰਥਿਕ ਲੈਣ-ਦੇਣ 'ਤੇ ਅਧਾਰਿਤ ਸੀ।

ਈਸਾਪੂਰਵ 2100 ਤੋਂ ਬਾਅਦ ਸਿੰਧੂ ਸੱਭਿਅਤਾ ਦੇ ਪੱਛਮੀ ਹਿੱਸੇ ਹੌਲੀ-ਹੌਲੀ ਖ਼ਾਲੀ ਹੁੰਦੇ ਗਏ ਅਤੇ ਪੂਰਬੀ ਹਿੱਸੇ ਵਿਕਸਿਤ ਹੋਏ।

ਇਸ ਦੌਰ ਵਿੱਚ ਸਿੰਧੂ ਸੱਭਿਅਤਾ ਵਿੱਚ ਸ਼ਹਿਰ ਘੱਟ ਤੇ ਪਿੰਡ ਵੱਧ ਸਨ।

ਇਸ ਦੇ ਕਈ ਕਾਰਨ ਦੱਸੇ ਜਾਂਦੇ ਹਨ ਜਿਨਾਂ ਵਿੱਚ ਖ਼ਰਾਬ ਮੌਨਸੂਨ ਨੂੰ ਸਭ ਤੋਂ ਵੱਡਾ ਕਾਰਨ ਦੱਸਿਆ ਜਾਂਦਾ ਹੈ।

ਈਸਾਪੂਰਵ 2150 ਤੋਂ ਬਾਅਦ ਕਈ ਸਦੀਆਂ ਤੱਕ ਇਹ ਹੀ ਹਾਲਾਤ ਰਹੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)