ਔਰਤਾਂ 'ਤੇ ਕਿਉਂ ਕੇਂਦਰਿਤ ਹੁੰਦੀਆਂ ਹਨ ਜ਼ਿਆਦਾਤਰ ਗ਼ਾਲਾਂ

ਔਰਤ
ਤਸਵੀਰ ਕੈਪਸ਼ਨ, ਗਾਲਾਂ ਨੂੰ ਲੋਕਾਂ ਦੇ ਸ਼ਬਦਕੋਸ਼ ਤੋਂ ਹਟਾਉਣ ਦੇ ਮਕਸਦ ਨਾਲ ਦੋ ਕੁੜੀਆਂ ਨੇ 'ਦਿ ਗਾਲੀ ਪ੍ਰੋਜੈਕਟ' ਸ਼ੁਰੂ ਕੀਤਾ ਹੈ
    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਵੀ ਕੋਈ ਬਹਿਸ ਝਗੜੇ ਵਿੱਚ ਤਬਦੀਲ ਹੋਣ ਲਗਦੀ ਹੈ ਤਾਂ ਗਾਲਾਂ ਦੀਆਂ ਬੁਛਾੜਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਹ ਬਹਿਸ ਜਾਂ ਝਗੜਾ ਦੋ ਮਰਦਾਂ ਵਿੱਚ ਵੀ ਹੋ ਰਿਹਾ ਹੋਵੇ ਤਾਂ ਵੀ ਗਾਲਾਂ ਔਰਤਾਂ 'ਤੇ ਆਧਾਰਿਤ ਹੁੰਦੀਆਂ ਹਨ। ਕੁੱਲ ਮਿਲਾ ਕੇ ਗਾਲਾਂ ਦਾ ਕੇਂਦਰ ਔਰਤਾਂ ਹੁੰਦੀਆਂ ਹਨ।

ਅਜਿਹੀਆਂ ਗਾਲਾਂ ਨੂੰ ਲੋਕਾਂ ਦੇ ਸ਼ਬਦਕੋਸ਼ ਤੋਂ ਹਟਾਉਣ ਦੇ ਮਕਸਦ ਨਾਲ ਦੋ ਕੁੜੀਆਂ ਨੇ 'ਦਿ ਗਾਲੀ ਪ੍ਰੋਜੈਕਟ' ਸ਼ੁਰੂ ਕੀਤਾ ਹੈ ਤਾਂ ਜੋ ਲੋਕਾਂ ਨੂੰ ਗਾਲਾਂ ਦੇ ਹੋਰ ਬਦਲ ਦਿੱਤੇ ਜਾ ਸਕਣ।

ਇਸ ਪ੍ਰੋਜੈਕਟ ਨਾਲ ਜੁੜੀ ਮੁੰਬਈ ਦੀ ਨੇਹਾ ਠਾਕੁਰ ਕਹਿੰਦੀ ਹੈ ਕਿ ਅਸੀਂ ਦੇਖ ਰਹੇ ਹਾਂ ਓਵਰ ਦਿ ਟੌਪ (ਓਟੀਟੀ) ਪਲੇਟਫਾਰਮ ਜਾਂ ਆਨਲਾਈਨ 'ਤੇ ਜੋ ਸੀਰੀਜ਼ ਆ ਰਹੀਆਂ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਭਾਸ਼ਾ ਬਦ ਤੋਂ ਬਦਤਰ ਹੁੰਦੀ ਜਾਂ ਰਹੀ ਹੈ।

ਇਹ ਵੀ ਪੜ੍ਹੋ-

ਜਦੋਂ ਅਸੀਂ ਨੌਜਵਾਨਾਂ ਜਾਂ ਲੋਕਾਂ ਵਿੱਚ ਗਾਲਾਂ ਦੀ ਵਰਤੋਂ 'ਤੇ ਪ੍ਰਤੀਕਿਰਿਆ ਵੀ ਮੰਗਦੇ ਸੀ ਉਹ ਕਹਿੰਦੇ ਸਨ ਇਸ ਵਿੱਚ ਇਤਰਾਜ਼ ਕੀ ਹੈ, "ਇਟਸ ਫਾਰ ਫਨ" (ਇਹ ਮਜ਼ੇ ਲਈ ਹੈ)।

ਨੇਹਾ ਮੁਤਾਬਕ, "ਅੱਜਕਲ੍ਹ ਦੇ ਮਾਹੌਲ ਵਿੱਚ ਵੈਸੇ ਗੁੱਸਾ ਅਤੇ ਗਾਲੀ ਦੇਣ ਦੇ ਟ੍ਰਿਗਰ ਕਈ ਸਾਰੇ ਹਨ ਜਿਵੇਂ ਸਰਕਾਰ ਨਾਲ ਨਾਰਾਜ਼ਗੀ, ਆਉਣ-ਜਾਣ ਵਿੱਚ ਪਰੇਸ਼ਾਨੀ, ਨੌਕਰੀ, ਰਿਲੇਸ਼ਨਸ਼ਿਪ। ਲੋਕਾਂ ਵਿੱਚ ਚਿੜਚਿੜਾਹਟ ਅਤੇ ਖਿੱਝ ਇੰਨੀ ਹੈ ਕਿ ਗਾਲਾ ਲੋਕਾਂ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਜਾਂਦੀਆਂ ਹਨ।"

"ਤਾਂ ਗਾਲੀ ਪ੍ਰੋਜੈਕਟ ਲੈ ਕੇ ਆਉਣ ਦਾ ਸਾਡਾ ਮਕਸਦ ਇਹ ਹੈ ਕਿ ਗੁੱਸਾ ਕੱਢਣ ਲਈ ਜੋ ਗਾਲਾਂ ਲੋਕ ਦੇ ਰਹੇ ਹਨ, ਉਸ ਵਿੱਚ ਥੋੜ੍ਹੀ ਜਾਗਰੂਕਤਾ ਲੈ ਆਈਏ। ਦੋ ਮਰਦਾਂ ਵਿਚਾਲੇ ਹੋ ਰਹੀ ਲੜਾਈ 'ਚ ਔਰਤ 'ਤੇ ਗਾਲ, ਜਾਤੀਗਤ ਵਿਤਕਰੇ ਜਾਂ ਭਾਈਚਾਰੇ ਵਿਸ਼ੇਸ਼ 'ਤੇ ਦਿੱਤੀ ਜਾਣ ਵਾਲੀ ਗਾਲ ਦੀ ਵਰਤੋਂ ਦੀ ਬਜਾਇ ਅਜਿਹੀਆਂ ਗਾਲਾਂ ਦਾ ਉਹ ਇਸਤੇਮਾਲ ਕਰਨ, ਜਿਸ ਨਾਲ ਸਾਹਮਣੇ ਵਾਲੇ ਨੂੰ ਬੁਰਾ ਵੀ ਨਾ ਲੱਗੇ ਅਤੇ ਤੁਹਾਡਾ ਕੰਮ ਵੀ ਹੋ ਜਾਵੇ।"

ਗਾਲੀ ਪ੍ਰੋਜੈਕਟ
ਤਸਵੀਰ ਕੈਪਸ਼ਨ, 'ਗਾਲੀ ਪ੍ਰੋਜੈਕਟ' ਦਾ ਮਕਸਦ ਔਰਤਾਂ ਅਤੇ ਜਾਤੀਗਤ ਗਾਲਾਂ ਦੀ ਥਾਂ ਦੂਜੀਆਂ ਗਾਲਾਂ ਦੇਣ ਦਾ ਬਦਲ ਦੇਣਾ ਹੈ

"ਸਾਡੀ ਕੋਸ਼ਿਸ਼ ਗਾਲਾਂ ਦਾ ਅਜਿਹਾ ਕੋਸ਼ ਬਣਾਉਣਾ ਹੈ ਜੋ ਔਰਤ ਵਿਰੋਧੀ ਨਾ ਹੋਵੇ, ਜਾਤੀ ਜਾਂ ਭਾਈਚਾਰੇ ਲਈ ਵਿਤਕਰੇ ਭਰੀਆਂ ਨਾ ਹੋਣ, ਬੇਇੱਜ਼ਤ ਕਰਨ ਜਾਂ ਛੋਟਾ ਦਿਖਾਉਣ ਦੇ ਮਕਸਦ ਨਾਲ ਨਾ ਹੋਣ।"

ਇਸ ਪ੍ਰੋਜੈਕਟ ਬਾਰੇ ਅੱਗੇ ਦੱਸਦਿਆਂ ਹੋਇਆ ਕਮਿਊਨੀਕੇਸ਼ਨ ਕੰਸਲਟੈਂਟ ਤਮੰਨਾ ਮਿਸ਼ਰਾ ਕਹਿੰਦੀ ਹੈ ਕਿ ਅਸੀਂ ਲੋਕਾਂ ਨੂੰ ਗਾਲਾਂ ਦੇਣ ਤੋਂ ਰੋਕ ਨਹੀਂ ਰਹੇ ਹਾਂ। ਅਸੀਂ ਉਨ੍ਹਾਂ ਨੂੰ ਅਜਿਹੇ ਸ਼ਬਦਾਂ ਦਾ ਬਦਲ ਦੇ ਰਹੇ ਹਾਂ ਜਿਸ ਵਿੱਚ ਤੁਸੀਂ ਆਪਣੀ ਗੱਲ ਕਹਿ ਦੋ ਅਤੇ ਉਹ ਮਜ਼ੇਦਾਰ ਵੀ ਹੋਵੇ।

ਗਾਲਾਂ ਦਾ ਸੰਗ੍ਰਹਿ

ਉਹ ਦੱਸਦੀ ਹੈ, "ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਅਸੀਂ ਪਹਿਲਾਂ ਇੱਕ ਗੂਗਲ ਫਾਰਮ ਬਣਾਇਆ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਲੋਕਾਂ ਨੂੰ ਕਿਹਾ ਕਿ ਇਸ ਫਾਰਮ ਵਿੱਚ ਉਹ ਉਨ੍ਹਾਂ ਗਾਲਾਂ ਨੂੰ ਲਿਖਦੇ ਜਾਣ ਜੋ ਉਨ੍ਹਾਂ ਨੂੰ ਪਸੰਦ ਹੋਣ ਪਰ ਇਹ ਗਾਲਾਂ ਔਰਤਾਂ, ਜਾਤੀ ਜਾਂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਹੀਂ ਹੋਣੀਆਂ ਚਾਹੀਦੀਆਂ।"

"ਸਾਨੂੰ ਕਰੀਬ 800 ਸ਼ਬਦ ਮਿਲੇ ਜਿਸ ਵਿੱਚ 40 ਫੀਸਦ ਅਜਿਹੇ ਸਨ ਜੋ ਜਤੀਗਤ ਜਾਂ ਲਿੰਗ ਵਿਤਕਰੇ ਨੂੰ ਹੀ ਦਰਸਾਉਂਦੇ ਸਨ, ਔਰਤ ਵਿਰੋਧੀ ਸਨ ਪਰ ਕਰੀਬ 50 ਅਜਿਹੇ ਸ਼ਬਦ ਜਾਂ ਗਾਲਾਂ ਸਨ ਜਿਨ੍ਹਾਂ ਨੂੰ ਸਾਫ਼-ਸੁਥਰਾ ਜਾਂ ਕਲੀਨ ਕਿਹਾ ਜਾ ਸਕਦਾ ਹੈ।"

ਇਸ ਸੂਚੀ ਵਿੱਚ ਇਕੱਠੇ ਹੋਏ ਸ਼ਬਦਾਂ ਦੇ ਅਰਥ ਨੂੰ ਸਮਝਣ ਲਈ ਨੇਹਾ ਅਤੇ ਤਮੰਨਾ ਨੇ ਪਹਿਲਾਂ ਉਨ੍ਹਾਂ ਸੂਬਿਆਂ ਵਿੱਚ ਰਹਿਣ ਵਾਲੇ ਦੋਸਤਾਂ ਅਤੇ ਜਾਣਕਾਰਾਂ ਨਾਲ ਗੱਲ ਕੀਤੀ।

ਸ਼ਬਦਾਂ ਦੀ ਜਾਂਚ, ਪਰਖ ਅਤੇ ਅਰਥ ਸਮਝਣ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਸ਼ਬਦਾਂ ਨੂੰ ਸੋਸ਼ਲ ਮੀਡੀਆ 'ਤੇ ਪਾਉਣਾ ਸ਼ੁਰੂ ਕੀਤਾ।

ਨੇਹਾ ਠਾਕੁਰ

ਤਸਵੀਰ ਸਰੋਤ, NEHA THAKUR

ਤਸਵੀਰ ਕੈਪਸ਼ਨ, ਨੇਹਾ ਠਾਕੁਰ ਕਹਿੰਦੀ ਹੈ ਕਿ ਓਟੀਟੀ ਪਲੇਟਫਾਰਮ ਜਾਂ ਆਨਲਾਈਨ 'ਤੇ ਜੋ ਸੀਰੀਜ਼ ਵਿੱਚ ਜ਼ਿਆਦਾਤਰ ਭਾਸ਼ਾ ਬਦ ਤੋਂ ਬਦਤਰ ਹੁੰਦੀ ਜਾਂ ਰਹੀ ਹੈ

ਉਨ੍ਹਾਂ ਮੁਤਾਬਕ, ਲੋਕਾਂ ਦੀ ਪ੍ਰਤੀਕਿਰਿਆ ਚੰਗੀ ਸੀ ਪਰ ਕਈਆਂ ਦਾ ਕਹਿਣਾ ਸੀ ਕਿ ਅਜਿਹੀਆਂ ਕਲੀਨ ਗਾਲਾਂ ਦੇ ਕੇ ਉਨ੍ਹਾਂ ਨੂੰ ਗਾਲ ਕੱਢਣ ਦੀ ਫੀਲ ਨਹੀਂ ਆਉਂਦੀ ਹੈ।

ਤਮੰਨਾ ਮਿਸ਼ਰਾ ਦਾ ਕਹਿਣਾ ਹੈ ਕਿ ਅਸੀਂ ਸੋਸ਼ਲ ਪਲੇਟਫਾਰਮ ਵਰਗੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਅਜਿਹੇ ਸ਼ਬਦਾਂ ਦੇ ਮੀਮ ਪਾਉਂਦੇ ਹਨ ਤਾਂ ਜੋ ਲੋਕ ਉਨ੍ਹਾਂ ਨੂੰ ਦੇਖਣ।

"ਅਸੀਂ ਗਾਲਾਂ ਦੇ ਸ਼ਬਦਾਂ ਨੂੰ ਬਦਲ ਕੇ, ਲੋਕਾਂ ਦੀ ਸੋਚ ਬਦਲਣਾ ਚਾਹ ਰਹੇ ਹਾਂ। ਹਾਲਾਂਕਿ ਇਹ ਪ੍ਰਕਿਰਿਆ ਬਹੁਤ ਹੌਲੀ ਹੋਵੇਗੀ ਪਰ ਅਸੀਂ ਇਹ ਜਾਣਦੇ ਹਾਂ ਕਿ ਵਾਰ ਵਾਰ ਸਖ਼ਤੀ ਨਾਲ ਬਦਲਾਅ ਲਿਆਂਦਾ ਜਾਵੇ ਅਜਿਹਾ ਜ਼ਰੂਰੀ ਤਾਂ ਨਹੀਂ।"

"ਕੁਝ ਬਦਲਾਅ ਮਜ਼ੇ ਵਿੱਚ ਵੀ ਹੋ ਸਕਦੇ ਹਨ ਅਤੇ ਇਹੀ ਸਾਡੀ ਕੋਸ਼ਿਸ਼ ਹੈ। ਜਿਵੇਂ ਕੁਝ ਸ਼ਬਦ ਸਾਨੂੰ ਫਨੀ ਜਾਂ ਮਜ਼ਾਕੀਆ ਲੱਗੇ ਤਾਂ ਅਸੀਂ ਸੋਸ਼ਲ ਮੀਡੀਆ 'ਤੇ ਪਾ ਦਿੱਤੇ ਤਾਂ ਜੋ ਲੋਕਾਂ ਦੀ ਆਦਤਾਂ ਮਜ਼ੇ ਲੈਂਦੇ-ਲੈਂਦੇ ਬਦਲ ਜਾਣ।"

ਤਮੰਨਾ ਅਤੇ ਨੇਹਾ ਆਪਣੇ ਤਰੀਕੇ ਨਾਲ ਲੋਕਾਂ ਦੀ ਗਾਲਾਂ ਦੇਣ ਦੀ ਮਾਨਸਿਕਤਾ ਵਿੱਚ ਬਦਲਾਅ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਹਾਲਾਂਕਿ ਉਹ ਅਜੇ ਸ਼ੁਰੂਆਤੀ ਪੜਾਅ 'ਤੇ ਹਨ।

ਉਹ ਭਵਿੱਖ ਵਿੱਚ ਕਿਤਾਬ ਦੀ ਸ਼ਕਲ ਵਿੱਚ ਗਾਲਾਂ ਦਾ ਸੰਗ੍ਰਹਿ ਬਣਾਉਣਾ ਚਾਹੁੰਦੀਆਂ ਪਰ ਗਾਲਾਂ ਦੇਣ ਦੀ ਅਪਸੰਸਕ੍ਰਿਤੀ ਅਤੇ ਉਸ ਵਿੱਚ ਔਰਤਾਂ ਨੂੰ ਨੀਵਾਂ ਦਿਖਾਉਣ ਦਾ ਪ੍ਰਵਿਰਤੀ ਦਾ ਵਿਕਾਸ ਕਿਥੋਂ ਹੋਇਆ ਹੋਵੇਗਾ ਇਹ ਇੱਕ ਸਵਾਲ ਹੈ?

ਵੀਡੀਓ ਕੈਪਸ਼ਨ, ਖਤਨਾ (ਫੀਮੇਲ ਜੈਨੀਟਲ ਮਿਊਟਿਲੇਸ਼ਨ) ਹੁੰਦਾ ਕੀ ਹੈ?

ਜਾਣਕਾਰ ਮੰਨਦੇ ਹਨ ਕਿ ਗਾਲਾਂ ਦੇਣ ਦਾ ਚਲਨ ਭਾਸ਼ਾ ਬਣਨ ਤੋਂ ਬਾਅਦ ਹੀ ਸ਼ੁਰੂ ਹੋਇਆ ਹੋਵੇਗਾ।

ਹਿੰਦੀ ਅਤੇ ਮੈਥਿਲੀ ਸਾਹਿਤ ਦੀ ਲੇਖਿਕਾ ਪਦਮਸ਼੍ਰੀ ਸਨਮਾਨ ਹਾਸਲ ਊਸ਼ਾ ਕਿਰਨ ਖ਼ਾਨ ਕਹਿੰਦੀ ਹੈ ਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਗਾਲਾਂ ਦੀ ਸ਼ੁਰੂਆਤ ਕਦੋਂ ਹੋਈ ਹੋਵੇਗੀ। ਪਰ ਉਹ ਮੰਨਦੀ ਹੈ ਕਿ ਸਮਾਜਿਕਤਾ ਦੇ ਵਿਕਾਸ ਤੋਂ ਬਾਅਦ ਹੀ ਚੰਗੇ ਅਤੇ ਬੁਰੇ ਦੀ ਸਮਝ ਬਣੀ ਹੋਵੇਗੀ ਅਤੇ ਗਾਲਾਂ ਦੀ ਵੀ ਸ਼ੁਰੂਆਤ ਹੋਈ ਹੋਵੇਗੀ ਕਿਉਂਕਿ ਗਾਲਾਂ ਇੱਕ ਤਰ੍ਹਾਂ ਨਾਲ ਗੁੱਸਾ ਜ਼ਾਹਿਰ ਕਰਨ ਦਾ ਤਰੀਕਾ ਹੈ।

ਲੋਕ ਗੀਤਾਂ ਵਿੱਚ ਗਾਲਾਂ

ਹਾਲਾਂਕਿ ਲੋਕ ਗੀਤਾਂ ਵਿੱਚ ਗਾਲਾਂ ਦਾ ਇਸਤੇਮਾਲ ਹੁੰਦਾ ਹੈ। ਉੱਥੇ ਸਬੰਧੀ ਨੂੰ, ਲਾੜੇ ਦੀ ਭੂਆ ਨੂੰ ਗਾਲਾਂ, ਹਾਸਾ-ਮਖੌਲ ਅਤੇ ਸਦਭਾਵਨਾ ਵਦਾਉਣ ਲਈ ਦਿੱਤੀ ਜਾਂਦੀ ਹੈ ਪਰ ਉੱਥੇ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੁੰਦਾ ਬਲਕਿ ਇੱਕ ਤਰ੍ਹਾਂ ਨਾਲ ਸਮਾਜਕ ਅਤੇ ਪਰਿਵਾਰਕ ਸਦਭਾਵਨਾ ਨੂੰ ਵਧਾਉਣ ਲਈ ਗਾਲਾਂ ਦੀ ਵਰਤੋਂ ਹੁੰਦੀ ਹੈ।

ਪਦਮ ਸ਼੍ਰੀ ਡਾ. ਸ਼ਾਂਤੀ ਜੈਨ ਸੰਸਕ੍ਰਿਤ ਦੀ ਪ੍ਰੋਫੈਸਰ ਰਹਿ ਚੁੱਕੀ ਹੈ। ਡਾ. ਜੈਨ ਲੇਖਿਕਾ ਊਸ਼ਾ ਕਿਰਨ ਦੀਆਂ ਗੱਲਾਂ ਤੋਰਦਿਆਂ ਹੋਇਆ ਕਹਿੰਦੀ ਹੈ ਕਿ ਵਿਆਹ ਤੋਂ ਬਾਅਦ ਸਿਠਣੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਵਿੱਚ ਗਾਲਾਂ ਦੇਣ ਦੀ ਪਰੰਪਰਾ ਹੈ।

ਉਹ ਦੱਸਦੀ ਹੈ, "ਤੁਲਸੀ ਦੀ ਮੂਲ ਰਾਮਾਇਣ ਵਿੱਚ ਦੱਸਿਆ ਗਿਆ ਹੈ, ਜਦੋਂ ਰਾਮ ਦਾ ਵਿਆਹ ਹੁੰਦਾ ਹੈ ਤਾਂ ਸੀਤਾ ਦੀ ਭਾਬੀ ਬਹੁਤ ਪ੍ਰੇਮ ਨਾਲ ਉਨ੍ਹਾਂ ਨਾਲ ਮਜ਼ਾਕ ਕਰਦੀ ਹੈ ਅਤੇ ਗਾਲਾਂ ਵੀ ਦਿੰਦੀ ਹੈ। ਇਹ ਚੌਪਾਈ ਹੈ ਜੋ ਮੈਂ ਪੜ੍ਹੀ ਹੈ, ਹਾਲਾਂਕਿ, ਤੁਸੀਂ ਉਸ ਦੇ ਸੋਧੇ ਹੋਏ ਰੂਪ ਵਿੱਚ ਨਹੀਂ ਦੇਖੋਗੇ।"

ਗਾਲੀ ਪ੍ਰੋਜੈਕਟ

ਤਸਵੀਰ ਸਰੋਤ, The Gaali project-Instagram page

ਤਸਵੀਰ ਕੈਪਸ਼ਨ, ਪ੍ਰੋਜੈਕਟ ਬਾਰੇ ਦੱਸਦਿਆਂ ਹੋਇਆ ਕਮਿਊਨੀਕੇਸ਼ਨ ਕੰਸਲਟੈਂਟ ਤਮੰਨਾ ਮਿਸ਼ਰਾ ਕਹਿੰਦੀ ਹੈ ਕਿ ਅਸੀਂ ਲੋਕਾਂ ਨੂੰ ਗਾਲਾਂ ਦੇਣ ਤੋਂ ਰੋਕ ਨਹੀਂ ਰਹੇ ਹਾਂ

"ਉਥੇ ਲੋਕ ਸਾਹਿਤ ਵੀ ਕਾਫੀ ਪੁਰਾਣਾ ਹੈ। ਲੋਕ ਝਗੜਾ ਕਰਦੇ ਸਨ ਤਾਂ ਗਾਲਾਂ ਵੀ ਦਿੰਦੇ ਸਨ। ਪਰ ਜਦੋਂ ਗੁੱਸੇ ਵਿੱਚ ਗਾਲਾਂ ਦਿੱਤੀਆਂ ਜਾਂਦੀਆਂ ਸੀ ਤਾਂ ਉਸ ਦਾ ਵੱਖਰਾ ਹੀ ਅਸਰ ਹੁੰਦਾ ਹੈ।"

ਗਾਲਾਂ ਦੇ ਇਸਤੇਮਾਲ 'ਤੇ ਲੇਖਿਕਾ ਊਸ਼ਾ ਕਿਰਨ ਖ਼ਾਨ ਕਹਿੰਦੀ ਹੈ ਕਿ ਪਹਿਲਾਂ ਸਾਹਿਤ ਵਿੱਚ ਗਾਲਾਂ ਨਹੀਂ ਸਨ। ਉਹ ਸੋਧੀਆਂ ਹੁੰਦੀਆਂ ਸਨ, ਜਿਵੇਂ ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ ਅਤੇ ਦੱਖਣ ਦੀਆਂ ਭਾਸ਼ਾਵਾਂ ਤੋਂ ਹੀ ਨਿਕਲੀਆਂ ਹੋਈਆਂ ਹਨ, ਉਹ ਲੋਕ ਜੀਵਨ ਦੀਆਂ ਭਾਸ਼ਾਵਾਂ ਸਨ।

ਉਸ ਵਿੱਚ ਲਿਖਤ ਵਿੱਚ ਗਾਲਾਂ ਨਹੀਂ ਦਿਖਦੀਆਂ। ਸੰਸਕ੍ਰਿਤ ਵਿੱਚ ਗਾਲਾਂ ਨਹੀਂ ਹਨ ਬਸ ਦੁਸ਼ਟ ਅਤੇ ਕ੍ਰਪਣ (ਕੰਜੂਸ) ਵਰਗੇ ਸ਼ਬਦ ਦਿਖਾਈ ਦਿੰਦੇ ਹਨ ਜੋ ਸਮੇਂ ਲਈ ਬਹੁਤ ਵੱਡੀ ਗਾਲ ਹੋ ਜਾਂਦੀ ਹੈ।

ਪਰ 1000 ਸਾਲ ਤੋਂ ਜਦੋਂ ਬਾਹਰ ਤੋਂ ਲੋਕ ਆਉਣ ਲੱਗੇ ਅਤੇ ਆਉਣਾ-ਜਾਣਾ ਵਧਣ ਲੱਗਾ ਤਾਂ ਗਾਲਾਂ ਵਿਕਸਿਤ ਹੋਈਆਂ ਹੋਣਗੀਆਂ।

ਪਰ ਗਾਲਾਂ ਦੀ ਇਸ ਅਪਸੰਸਕ੍ਰਿਤ ਵਿੱਚ ਔਰਤਾਂ ਦਾ ਨਾਮ ਕਿਉਂ ਜੋੜਿਆ ਜਾਣ ਲੱਗਾ?

ਇਸ ਦੇ ਜਵਾਬ ਵਿੱਚ ਉਹ ਕਹਿੰਦੀ ਹੈ, "ਵੈਦਿਕ ਕਾਲ ਵਿੱਚ ਔਰਤਾਂ ਅਤੇ ਪੁਰਸ਼ ਬਰਾਬਰ ਸਨ। ਪਰ ਫਿਰ ਔਰਤਾਂ ਦੀ ਮਹੱਤਤਾ ਘਟਣ ਲੱਗੀ ਅਤੇ ਪੁਰਸ਼ਾਂ ਦੀ ਸਰਬੋਤਮਤਾ ਵਧਣ ਲੱਗੀ ਅਤੇ ਔਰਤਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਵਧਣ ਲੱਗੀ।"

"ਹੌਲੀ-ਹੌਲੀ ਔਰਤਾਂ ਦਾਇਰੇ ਵਿੱਚ ਆ ਗਈਆਂ ਜਿੱਥੇ ਉਹ ਪੁਰਸ਼ਾਂ ਲਈ ਮਾਣ ਦਾ ਵਿਸ਼ਾ ਬਣ ਗਈਆਂ। ਇਹ ਵੀ ਦੇਖਿਆ ਜਾਣ ਲੱਗਾ ਰਾਜਾ ਆਪਣੀਆਂ ਧੀਆਂ ਨੂੰ ਤਖ਼ਤ 'ਤੇ ਰੱਖ ਦਿੰਦੇ ਸਨ ਕਿ ਉਹ ਡਿੱਗ ਕੇ ਮਰ ਜਾਣ।"

"ਨਾ ਰਹੇਗੀ ਬੇਟੀ, ਨਾ ਜਾਣਗੇ ਕਿਸੇ ਅੱਗੇ ਹੱਥ ਫੈਲਾਉਣ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਧੀ ਦੀ ਗਾਲ ਕੱਢੇਗਾ। ਉੱਥੇ ਇਹ ਵੀ ਦੇਖਿਆ ਗਿਆ ਕਿ ਜੰਗ ਵਿੱਚ ਕੋਈ ਹਾਰ ਜਾਂਦਾ ਸੀ ਤਾਂ ਉਹ ਆਪਣੀ ਧੀਆਂ ਨੂੰ ਦੇ ਦਿੰਦਾ ਸੀ ਅਤੇ ਅਜਿਹਾ ਸਮੇਂ ਹੀ ਗਾਲਾਂ ਦੀ ਜੜ੍ਹ ਬਣ ਗਿਆ।"

ਉਨ੍ਹਾਂ ਮੁਤਾਬਕ ਇਸਤਰੀ ਦੀ ਰੱਖਿਆ ਵੱਡੀ ਗੱਲ ਹੋ ਅਤੇ ਇਸਤਰੀ ਪੁਰਸ਼ਾਂ ਦੀ ਜਾਇਦਾਦ ਬਣਦੀ ਚਲੀ ਗਈ ਅਤੇ ਉਸ ਜਾਇਦਾਦਾ ਨੂੰ ਗਾਲ ਕੱਢੀ ਜਾਣ ਲੱਗੀ।

ਡਾ. ਊਸ਼ਾ ਕਿਰਨ ਖ਼ਾਨ
ਤਸਵੀਰ ਕੈਪਸ਼ਨ, ਡਾ. ਊਸ਼ਾ ਕਿਰਨ ਖ਼ਾਨ ਮੁਤਾਬਕ ਇਹ ਕਹਿਣਾ ਮੁਸ਼ਕਿਲ ਹੈ ਕਿ ਗਾਲਾਂ ਦੀ ਸ਼ੁਰੂਆਤ ਕਦੋਂ ਹੋਈ ਹੋਵੇਗੀ

ਇਹ ਗਾਲ ਕੱਢ ਕੇ ਮਰਦ ਆਪਣੇ ਹੰਕਾਰ ਦੀ ਤਸੱਲੀ ਕਰਦੇ ਹਨ ਅਤੇ ਦੂਜੇ ਨੂੰ ਨੀਵਾਂ ਦਿਖਾਉਂਦੇ ਹਨ। ਇਸੇ ਤਰ੍ਹਾਂ ਤੋਂ ਰਿਵਾਜ ਬਣਨ ਲੱਗਾ ਤੇ ਆਧੁਨਿਕ ਕਾਲ ਦੇ ਆਉਂਦਿਆਂ-ਆਉਂਦਿਆ ਇਹ ਰਿਵਾਜ ਵਧਣ ਲੱਗਾ।

ਸਮਾਜ ਸ਼ਾਸਤਰੀ ਅਤੇ ਪ੍ਰੋਫੈਸਰ ਬਦਰੀ ਨਾਰਾਇਣ ਵੀ ਮੰਨਦੇ ਹਨ ਕਿ ਪਹਿਲਾਂ ਦੇ ਸਮਾਜ ਜਾਂ ਆਦਿਵਾਸੀ ਸਮਾਜ ਵਿੱਚ ਔਰਤਾਂ ਮਕਬੂਲ ਸਨ ਪਰ ਫਿਰ ਔਰਤਾਂ ਇੱਜ਼ਤ ਦੇ ਪ੍ਰਤੀਕ ਵਜੋਂ ਦੇਖੀਆਂ ਜਾਣ ਲੱਗੀਆਂ।

ਇੱਜ਼ਤ ਨੂੰ ਬਚਾਉਣਾ ਹੈ ਤਾਂ ਉਸ ਨੂੰ ਦਹਿਲੀਜ ਦੇ ਅੰਦਰ ਰੱਖਿਆ ਜਾਵੇ। ਔਰਤ ਸਮਾਜ ਵਿੱਚ ਕਮਜ਼ੋਰ ਮੰਨੀ ਜਾਣ ਲੱਗੀ।

ਤੁਸੀਂ ਨੀਵਾਂ ਦਿਖਾਉਣਾ ਚਾਹੁੰਦੇ ਹੋ, ਤੰਗ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਦੇ ਘਰ ਦੀਆਂ ਔਰਤਾਂ, ਮਾਂ, ਭੈਣ ਜਾਂ ਧੀ ਨੂੰ ਗਾਲ ਦੇਣਾ ਸ਼ੁਰੂ ਕਰ ਦਿਓ ਅਤੇ ਉਹ ਗਾਲਾਂ ਦਾ ਟਾਰਗੇਟ ਬਣਨ ਲੱਗੀਆਂ।

ਕਿਉਂਕਿ ਕਿਸੇ ਵਿਅਕਤੀ ਨੂੰ ਨੀਵਾਂ ਦਿਖਾਉਣ ਲਈ ਲੈਂਗਿੰਕ ਹਮਲਾ ਕਰਨਗੇ, ਜਿਵੇਂ ਮਾਂ, ਭੈਣ, ਧੀ ਨੂੰ ਗਾਲ ਦੇਣਗੇ ਤਾਂ ਉਹ ਵੱਡਾ ਹਮਲਾ ਹੋਵੇਗਾ।

ਔਰਤਾਂ ਦੂਜੇ ਦਰਜੇ 'ਤੇ

ਇਸੇ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਸ਼ਾਂਤੀ ਜੈਨ ਕਹਿੰਦੀ ਹੈ ਕਿ ਨਾਰੀ ਸ਼ਕਤੀ ਦੀ ਗੱਲ ਤਾਂ ਹੁੰਦੀ ਹੈ ਪਰ ਅਜੇ ਵੀ ਔਰਤਾਂ ਦੂਜੇ ਦਰਜੇ 'ਤੇ ਹਨ।

ਪੜ੍ਹੀਆਂ-ਲਿਖੀਆਂ ਔਰਤਾਂ ਵੀ ਤਸੀਹੇ ਝੱਲ ਰਹੀਆਂ ਹਨ। ਜੇਕਰ ਤੁਹਾਨੂੰ ਕਿਸੇ ਨੂੰ ਬੇਇੱਜ਼ਤ ਕਰਨਾ ਹੈ ਤਾਂ ਤੁਸੀਂ ਉਸ ਦੇ ਘਰ ਦੀ ਔਰਤ ਨੂੰ ਗਾਲ ਦਿੰਦੇ ਹੋ। ਉਸ ਦੀ ਅੱਤ ਦੀ ਬੇਇੱਜ਼ਤੀ ਹੋ ਜਾਂਦੀ ਹੈ ਅਤੇ ਉਹ ਮਰਦਾਂ ਦੇ ਹੰਕਾਰ ਨੂੰ ਸੰਤੁਸ਼ਟ ਕਰਦਾ ਹੈ।

ਕਿਸੇ ਪੁਰਸ਼ ਕੋਲੋਂ ਬਦਲਾ ਲੈਣਾ ਹੋਵੇਗਾ ਤਾਂ ਬੋਲਣਗੇ ਔਰਤ ਚੁੱਕ ਲਵਾਂਗੇ, ਇਸਤਰੀ ਬੇਇੱਜ਼ਤ ਕਰਨ ਦਾ ਮਾਧਿਆਮ ਬਣ ਜਾਂਦੀ ਹੈ।

ਪਿੰਡਾਂ ਵਿੱਚ ਤਾਂ ਬਹੁਤ ਹੁੰਦਾ ਸੀ ਪਹਿਲਾਂ ਆਮ ਤੌਰ 'ਤੇ ਦੇਖਿਆ ਗਿਆ ਸੀ ਕਿ ਇਹ ਗਾਲਾਂ ਸਮਾਜ ਦੇ ਹੇਠਲੇ ਪਾਇਦਾਨ 'ਤੇ ਰਹਿਣ ਵਾਲੇ ਲੋਕ ਹੀ ਦਿੰਦੇ ਸਨ ਪਰ ਹੁਣ ਆਮ ਪੜ੍ਹੇ-ਲਿਖੇ ਲੋਕ ਵੀ ਦੇਣ ਲੱਗੇ ਹਨ।

ਗਾਲੀ ਪ੍ਰੋਜੈਕਟ

ਪ੍ਰੋਫੈਸਰ ਬਦਰੀ ਨਾਰਾਇਣ ਇਸ ਨੂੰ ਸੋਸ਼ਲ ਸੈਂਸਰਿੰਗ ਨਾਲ ਜੋੜ ਕੇ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਪਰਿਵਾਰ ਦਾ ਲਿਹਾਜ਼ ਕਰਦੇ ਸਨ। ਦਾਦਾ, ਪਿਤਾ ਜਾਂ ਘਰ ਦੇ ਵੱਡੇ ਬਜ਼ੁਰਗ ਦੇ ਸਾਹਮਣੇ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਸਨ।

ਇਹ ਡਰ ਰਹਿੰਦਾ ਸੀ ਕਿ ਬੋਲਦਿਆਂ ਹੋਇਆਂ ਕੋਈ ਸੁਣ ਨਾ ਲਵੇ ਪਰ ਹੁਣ ਉਹ ਸੋਸ਼ਲ ਸੈਂਸਰਿੰਗ ਖ਼ਤਮ ਹੁੰਦੀ ਜਾ ਰਹੀ ਹੈ।

ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਲੋਕ ਇੱਕ-ਦੂਜੇ ਦੇ ਨਾਲ ਖੁੱਲ੍ਹਆਮ ਗਾਲੀ-ਗਲੋਚ 'ਤੇ ਉਤਰ ਆਉਂਦੇ ਹਨ, ਜਿੱਥੇ ਉਨ੍ਹਾਂ ਗਾਲਾਂ ਨੂੰ ਲਾਈਕ ਵੀ ਕੀਤਾ ਜਾਂਦਾ ਹੈ।

ਇਹ ਸਾਡੇ ਸਮਾਜ ਵਿੱਚ ਅਨੁਕੂਲਿਤ ਹੈ ਅਤੇ ਕਿਸੇ ਨੂੰ ਉਸ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆ ਰਹੀ ਹੈ ਅਤੇ ਤੁਸੀਂ ਉਸੇ ਮਾਨਸਿਕਤਾ ਵਿੱਚ ਜੀ ਰਹੇ ਹੋ।

ਮਿਸਾਲ ਵਜੋਂ ਪਾਲੀ ਵਿੱਚ ਬੁੱਧੂ ਸ਼ਬਦ ਹੈ। ਇਸ ਸ਼ਬਦ ਵਿੱਚ ਤੁਸੀਂ ਦੇਖੋਗੇ ਕਿ ਸੈਂਸ ਆਫ ਹਿਊਮਰ ਅਤੇ ਗਾਲ ਵਿੱਚ ਪਤਲੀ ਜਿਹੀ ਲਕੀਰ ਹੈ। ਇੱਥੇ ਤੁਸੀਂ ਆਪਣੀ ਗੱਲ ਰੱਖ ਕੇ ਸਾਹਮਣੇ ਵਾਲੇ ਨੂੰ ਛੇੜ ਵੀ ਦਿੱਤਾ ਅਤੇ ਆਲੋਚਨਾ ਜਾਂ ਗਾਲ ਵੀ ਦੇ ਦਿੱਤੀ ਪਰ ਬਾਅਦ ਵਿੱਚ ਗਾਲਾਂ ਹਿੰਸਕ ਹੋਣ ਲੱਗੀਆਂ।

ਦਿੱਲੀ ਯੂਨੀਵਰਸਿਟੀ 'ਚ ਹਿੰਦੀ ਸਾਹਿਤ ਦੀ ਅਸਿਸਟੈਂਟ ਪ੍ਰੋਫੈਸਰ ਨੀਰਾ ਇੱਕ ਦੂਜਾ ਨਜ਼ਰੀਆ ਪੇਸ਼ ਕਰਦੀ ਹੈ।

ਉਹ ਕਹਿੰਦੀ ਹੈ ਕਿ ਜੇਕਰ ਗ਼ੌਰ ਨਾਲ ਦੇਖਿਆ ਜਾਵੇ ਤਾਂ ਗਾਲਾਂ ਵਿੱਚ ਜਿਵੇਂ ਔਰਤ ਦਾ ਸੰਦਰਭ ਦਿੱਤਾ ਜਾਂਦਾ ਹੈ, ਉਹੋ ਜਿਹੀ ਪੁਰਸ਼ ਲਈ ਕੋਈ ਗਾਲ ਨਹੀਂ ਮਿਲਦੀ ਅਤੇ ਇਹ ਹੁਣ ਦੀ ਗੱਲ ਨਹੀਂ ਹੈ ਇਤਿਹਾਸ ਵਿੱਚ ਵੀ ਅਜਿਹਾ ਜ਼ਿਕਰ ਨਹੀਂ ਮਿਲਦਾ।

ਸਮਾਜ ਵਿੱਚ ਜਿਵੇਂ ਵਰਗੀਕਰਨ ਕੀਤਾ ਗਿਆ ਉਸ ਵਿੱਚ ਸਭ ਤੋਂ ਹੇਠਾਂ ਜੋ ਆਉਂਦਾ ਹੈ, ਉਸ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਵੀਡੀਓ ਕੈਪਸ਼ਨ, ਕੁਝ ਔਰਤਾਂ ਨੂੰ ਮਾਂ ਬਣਨਾ ਹੈ ਨਾਪਸੰਦ

ਲੋਕ ਸਾਹਿਤ ਵਿੱਚ ਅਜਿਹੇ ਮੁਹਾਵਰੇ ਹਨ ਜਿੱਥੇ ਇਸਤਰੀਆਂ, ਵਿਸ਼ੇਸ਼ ਜਾਤ ਜਾਂ ਰੰਗ ਦੇ ਆਧਾਰ 'ਤੇ ਨਕਾਰੀਆਂ ਜਾਣ ਵਾਲੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ।

ਉੱਥੇ ਹੀ ਔਰਤਾਂ ਲਈ ਵੈਸ਼ਿਆ, ਗਣਿਕਾ, ਸਤੀ ਵਰਗੇ ਸ਼ਬਦਾਂ ਦਾ ਇਸਤੇਮਾਲ ਹੁੰਦਾ ਹੈ ਪਰ ਉਸ ਸਮਾਨ ਅਰਥ ਵਾਲੇ ਸ਼ਬਦ ਪੁਰਸ਼ਾਂ ਲਈ ਨਹੀਂ ਮਿਲਦੇ।

ਸਮਾਜ ਨੇ ਗ੍ਰੰਥਾਂ ਰਾਹੀਂ ਔਰਤਾਂ ਨੂੰ ਬਹੁਤ ਰਚਿਆ ਹੈ ਅਤੇ ਜਦੋਂ ਲੋਕ ਸਾਹਿਤ ਵਿੱਚ ਜਾਣਗੇ ਤਾਂ ਖਰਾਬ ਪ੍ਰਕਾਰ ਜਾਂ ਰੂਪ ਹੀ ਨਿਕਲੇਗਾ।

ਪ੍ਰੋਫੈਸਰ ਬਦਰੀ ਨਾਰਾਇਣ ਮੁਤਾਬਕ, ਸਾਡੇ ਸਮਾਜ ਵਿੱਚ ਇੱਕ ਜੋ ਵਿਆਪਕ ਸੈਂਸਰਿੰਗ ਸੀ, ਪਰੰਪਰਾ, ਕਦਰਾਂ-ਕੀਮਤਾਂ ਅਤੇ ਮਨੁੱਖਤਾ ਦੀ, ਉਹ ਕਮਜ਼ੋਰ ਹੋਈ ਹੈ। ਹਾਲਾਂਕਿ ਔਰਤਵਾਦੀ ਬਹੁਤ ਅੰਦੋਲਨ ਚੱਲ ਰਹੇ ਹਨ, ਜਾਗਰੂਕਤਾ ਵੀ ਵੱਧ ਰਹੀ ਹੈ, ਪਰ ਜੈਂਡਰ ਲਗਾਤਾਰ ਹਾਸ਼ੀਏ 'ਤੇ ਚਲਾ ਜਾਂਦਾ ਹੈ ਅਤੇ ਉਹ ਸੋਸ਼ਲ ਕੌਨਸ਼ੀਐਨਸ਼ਸ (ਸਮਾਜਕ ਚੇਤਨਾ) ਨੂੰ ਨਹੀਂ ਬਦਲ ਪਾ ਰਹੇ ਹਨ।

ਉਨ੍ਹਾਂ ਮੁਤਾਬਕ ਫਰਕ ਇੰਨਾ ਆਇਆ ਹੈ ਕਿ ਜਿੱਥੇ ਔਰਤਾਂ ਕੰਮ ਕਰ ਰਹੀਆਂ ਹੋਣ ਸਿੱਧੇ ਤੌਰ 'ਤੇ ਕੋਈ ਗਾਲ ਨਹੀਂ ਦਿੰਦਾ।

ਜੋ ਪਿਛਿਓਂ ਤੰਜ ਕੱਸੇ ਜਾਂਦੇ ਸੀ ਉਹ ਘਟ ਹੋ ਰਹੇ ਹਨ, ਕਿਉਂਕਿ ਦੋਵਾਂ ਵਿੱਚ ਸੰਵਾਦ ਹੋ ਰਿਹਾ ਹੈ, ਇਕੱਠੇ ਕੰਮ ਕਰ ਰਹੇ ਹਨ, ਖਾਣਾ ਖਾ ਰਹੇ ਹਨ ਤਾਂ ਪਹਿਲਾਂ ਜੋ ਅਲਗ-ਅਲਗ ਹੋਣ ਦੀ ਭਾਵਨਾ ਖ਼ਤਮ ਹੋਈ ਹੈ, ਥੋੜ੍ਹੇ ਬਦਲਾਅ ਆਏ ਹਨ ਪਰ ਇਹ ਬਹੁਤ ਛੋਟਾ ਤਬਕਾ ਹੈ, ਬਹੁਤ ਵੱਡਾ ਤਬਕਾ ਅਜੇ ਵੀ ਉਵੇਂ ਹੀ ਹੈ।

ਗਾਲ ਕੱਢਣਾ ਸਿਰਫ਼ ਗਾਲ ਦੇਣਾ ਹੀ ਨਹੀਂ ਹੈ ਉਹ ਮਾਨਸਿਕਤਾ ਦਾ ਪ੍ਰਤੀਕ ਵੀ ਹੈ ਜੋ ਘਿਣਾਉਣੀ ਗਾਲ ਦਿੰਦੇ ਹਨ ਅਤੇ ਉਸੇ ਵਿਹਾਰ ਵਿੱਚ ਲਿਆਉਂਦੇ ਹਨ ਇਸ ਲਈ ਨਿਰਭਿਆ ਵਰਗੇ ਮਾਮਲੇ ਦਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)