ਡੌਨਲਡ ਟਰੰਪ: ਰੀਅਲ ਅਸਟੇਟ ਤੋਂ ਸਿਆਸਤ ਪਰ ਸਿਆਸੀ ਜੀਵਨ ‘ਖ਼ਤਮ’ ਹੋਣ ਬਾਅਦ ਕਿਵੇਂ ਹੋਈ ਵਾਪਸੀ

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਲਗਾਤਾਰ ਤਿੰਨ ਵਾਰੀ ਆਪਣੀ ਦਾਅਵੇਦਾਰੀ ਪੇਸ਼ ਕਰਨ ਤੋਂ ਬਹੁਤ ਪਹਿਲਾਂ, ਡੌਨਾਲਡ ਟਰੰਪ ਅਮਰੀਕਾ ਦੇ ਸਭ ਤੋਂ ਵੱਡੇ ਅਰਬਪਤੀਆਂ ਵਿੱਚੋ ਇੱਕ ਸਨ।
ਨਿਊ ਯਾਰਕ ਰੀਅਲ ਅਸਟੇਟ ਦੇ ਵੱਡੇ ਕਾਰੋਬਾਰੀ ਡੌਨਾਲਡ ਟਰੰਪ ਦੀ ਜ਼ਿੰਦਗੀ ਦਹਾਕਿਆਂ ਤੋਂ ਟੈਲੀਵਿਜ਼ਨ ਅਤੇ ਅਖਬਾਰਾਂ 'ਤੇ ਛਾਈ ਰਹੀ ਹੈ। ਇਹੋ ਪ੍ਰਸਿੱਧੀ ਟਰੰਪ ਨੂੰ ਉਨ੍ਹਾਂ ਵਲੋਂ 2015-16 'ਚ ਵਾਈਟ ਹਾਊਸ ਲਈ ਉਹਨਾਂ ਦੀ ਪਹਿਲੀ ਦੌੜ ਤੱਕ ਲੈ ਕੇ ਗਈ ਸੀ।
ਟਰੰਪ ਦੇ ਬੇਬਾਕ ਚੋਣ ਪ੍ਰਚਾਰ ਅਤੇ ਪ੍ਰਸਿੱਧੀ ਨੇ ਉਨ੍ਹਾਂ ਨੂੰ ਤਜਰਬੇਕਾਰ ਸਿਆਸਤਦਾਨਾਂ ਨੂੰ ਹਰਾਉਣ ਵਿੱਚ ਮਦਦ ਤਾਂ ਕੀਤੀ, ਪਰ ਵਿਵਾਦਾਂ ਨਾਲ ਭਰੇ ਕਾਰਜਕਾਲ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਅਹੁਦਾ ਖੁੰਝ ਗਿਆ।
78 ਸਾਲਾ ਡੌਨਲਡ ਟਰੰਪ, ਹੁਣ ਇਕ ਵਾਰ ਫਿਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਸ਼ਾਨਦਾਰ ਸਿਆਸੀ ਵਾਪਸੀ ਦੀ ਉਮੀਦ ਕਰ ਰਹੇ ਹਨ। ਇੱਕ ਕੋਸ਼ਿਸ਼ ਜੋ ਉਨ੍ਹਾਂ ਨੂੰ ਮੁੜ ਰਾਸ਼ਟਰਪਤੀ ਬਣਾ ਸਕਦੀ ਹੈ।
ਪਰਿਵਾਰਕ ਕਾਰੋਬਾਰ ਦੇ ਵਾਰਸ

ਤਸਵੀਰ ਸਰੋਤ, Getty Images
ਡੌਨਲਡ ਟਰੰਪ ਨਿਊਯਾਰਕ ਦੇ ਰੀਅਲ ਅਸਟੇਟ ਕਾਰੋਬਾਰੀ ਫਰੈਡ ਟਰੰਪ ਦੇ ਚੌਥੇ ਪੁੱਤਰ ਹਨ।
ਪਰਿਵਾਰ ਦੀ ਦੌਲਤ ਦੇ ਬਾਵਜੂਦ, ਟਰੰਪ ਨੂੰ ਆਪਣੇ ਪਿਤਾ ਦੀ ਹੀ ਕੰਪਨੀ ਵਿੱਚ ਸਭ ਤੋਂ ਹੇਠਲੀਆਂ ਨੌਕਰੀਆਂ ਕਰਨ ਲਈ ਕਿਹਾ ਗਿਆ ਸੀ। ਸਕੂਲ ਵਿੱਚ ਕੀਤੇ ਦੁਰਵਿਹਾਰ ਦੀਆਂ ਸ਼ਿਕਾਇਤਾਂ ਦੇ ਚਲਦੇ 13 ਸਾਲ ਦੀ ਉਮਰ ਵਿੱਚ, ਉਹ ਮਿਲਟਰੀ ਅਕੈਡਮੀ ਵਿੱਚ ਭੇਜ ਦਿੱਤੇ ਗਏ।
ਪੈਨਸਿਲਵੇਨੀਆ ਯੂਨੀਵਰਸਿਟੀ ਦੇ ਵਾਰਟਨ ਸਕੂਲ ਤੋਂ ਡਿਗਰੀ ਹਾਸਿਲ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਦੇ ਵੱਡੇ ਭਰਾ, ਫਰੈੱਡ ਨੇ ਪਾਇਲਟ ਬਣਨ ਦਾ ਫੈਸਲਾ ਲਿਆ ਤਾਂ ਟਰੰਪ ਆਪਣੇ ਪਿਤਾ ਦੇ ਕਾਰੋਬਾਰ ਦਾ ਵਾਰਸ ਬਣ ਗਏ।

ਤਸਵੀਰ ਸਰੋਤ, Getty Images
ਟਰੰਪ ਦੇ ਭਰਾ ਫਰੈੱਡ ਦੀ 43 ਸਾਲ ਦੀ ਉਮਰ ਵਿੱਚ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਟਰੰਪ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਆਪਣੀ ਸਾਰੀ ਜ਼ਿੰਦਗੀ ਸ਼ਰਾਬ ਅਤੇ ਸਿਗਰਟ ਤੋਂ ਦੂਰ ਰੱਖਿਆ।
ਟਰੰਪ ਦਾ ਕਹਿਣਾ ਹੈ ਕਿ ਆਪਣੇ ਪਿਤਾ ਦੀ ਕੰਪਨੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਆਪਣੇ ਪਿਤਾ ਤੋਂ 10 ਲੱਖ ਡਾਲਰ ਦਾ "ਛੋਟਾ" ਜਿਹਾ ਕਰਜ਼ਾ ਲੈ ਕੇ ਰੀਅਲ ਅਸਟੇਟ ਦੇ ਕਾਰੋਬਾਰ 'ਚ ਆਏ ਸਨ।
ਉਨ੍ਹਾਂ ਨੇ ਆਪਣੇ ਪਿਤਾ ਦੇ ਨਿਊ ਯਾਰਕ ਸਿਟੀ ਬਰੋਜ਼ ਵਿੱਚ ਰਿਹਾਇਸ਼ੀ ਹਾਊਸਿੰਗ ਪ੍ਰੋਜੈਕਟਾਂ ਦੇ ਵਿਆਪਕ ਪੋਰਟਫੋਲੀਓ ਦੇ ਪ੍ਰਬੰਧਨ ਕਰਨ ਵਿੱਚ ਹੱਥ ਵਟਾਇਆ ਅਤੇ 1971 ਵਿੱਚ ਪੂਰੀ ਕੰਪਨੀ ਸਾਂਭ ਲਈ। ਟਰੰਪ ਨੇ ਪਿਤਾ ਦੀ ਕੰਪਨੀ ਦਾ ਨਾਮ ਬਦਲ ਕੇ ਟਰੰਪ ਆਰਗੇਨਾਈਜ਼ੇਸ਼ਨ ਰੱਖਿਆ।
ਸਾਲ 1999 ਟਰੰਪ ਦੇ ਪਿਤਾ ਗੁਜ਼ਰ ਗਏ - ਜਿਨ੍ਹਾਂ ਦਾ ਵਰਨਣ ਟਰੰਪ 'ਮੇਰੀ ਪ੍ਰੇਰਨਾ' ਵਜੋਂ ਕਰਦੇ ਹਨ।

ਟਰੰਪ ਆਪਣੇ ਆਪ ਵਿੱਚ ਇੱਕ ਬਰਾਂਡ ਹੈ
ਟਰੰਪ ਦੇ ਅਧੀਨ, ਪਰਿਵਾਰਕ ਕਾਰੋਬਾਰ ਬਰੁਕਲਿਨ ਅਤੇ ਕਵੀਂਸ ਵਿੱਚ ਰਿਹਾਇਸ਼ੀ ਯੂਨਿਟਾਂ ਤੋਂ ਮੈਨਹਟਨ ਪ੍ਰੋਜੈਕਟਾਂ ਵੱਲ ਵੱਧ ਗਿਆ।
ਮਸ਼ਹੂਰ ਫਿਫਥ ਐਵੇਨਿਊ ਵਿੱਚ ਟਰੰਪ ਟਾਵਰ, ਡੋਨਲਡ ਦੀ ਸਭ ਤੋਂ ਮਸ਼ਹੂਰ ਜਾਇਦਾਦ ਅਤੇ ਕਈ ਸਾਲਾਂ ਲਈ ਉਨ੍ਹਾਂ ਦਾ ਘਰ ਬਣ ਗਿਆ। ਇੱਕ ਵੇਲਾ ਵਿਹਾ ਚੁੱਕੇ ਕਮੋਡੋਰ ਹੋਟਲ ਨੂੰ ਕਾਇਆ ਕਲਪ ਕਰਕੇ ਗ੍ਰੈਂਡ ਹਯਾਤ ਵਿੱਚ ਬਦਲ ਦਿੱਤਾ ਗਿਆ।

ਤਸਵੀਰ ਸਰੋਤ, Getty Images
ਟਰੰਪ ਦੇ ਬਰਾਂਡ ਨਾਮ ਵਾਲੀਆਂ ਜਾਇਦਾਦਾਂ ਅਟਲਾਂਟਿਕ ਸਿਟੀ, ਸ਼ਿਕਾਗੋ ਲਾਸ ਵੇਗਾਸ ਤੋਂ ਭਾਰਤ, ਤੁਰਕੀ ਅਤੇ ਫਿਲੀਪੀਨਜ਼ ਤੱਕ ਟਰੰਪ ਤੱਕ ਫੈਲੀਆਂ ਹੋਈਆਂ ਹਨ। ਜਿਨ੍ਹਾਂ ਵਿੱਚ— ਜੂਆ ਘਰ, ਕੰਡੋਮੀਨੀਅਮ, ਗੋਲਫ ਕੋਰਸ ਅਤੇ ਹੋਟਲ ਆਦਿ ਸ਼ਾਮਲ ਹਨ।
ਉਨ੍ਹਾਂ ਦੇ ਸਟਾਰਡਮ ਦਾ ਉਭਾਰ ਮਨੋਰੰਜਨ ਜਗਤ ਵਿੱਚ- ਪਹਿਲਾਂ ਮਿਸ ਯੂਨੀਵਰਸ, ਮਿਸ ਯੂਐਸਏ, ਅਤੇ ਮਿਸ ਟੀਨ ਯੂਐਸਏ ਬਿਊਟੀ ਪੇਜੈਂਟਸ ਦੇ ਮਾਲਕ, ਫਿਰ ਐੱਨਬੀਸੀ ਰਿਐਲਿਟੀ ਸ਼ੋਅ ਦਿ ਅਪ੍ਰੈਂਟਿਸ ਦੇ ਨਿਰਮਾਤਾ-ਮੇਜ਼ਬਾਨ ਵਜੋਂ ਜਾਰੀ ਰਿਹਾ।

ਤਸਵੀਰ ਸਰੋਤ, Getty Images
'ਦਿ ਅਪ੍ਰੈਂਟਿਸ' ਸ਼ੋਅ ਦੇ 14 ਸੀਜ਼ਨਾਂ ਦੌਰਾਨ ਪ੍ਰਤੀਯੋਗੀਆਂ ਨੇ ਉਨ੍ਹਾਂ ਦੇ ਵਪਾਰਕ ਸਾਮਰਾਜ ਵਿੱਚ ਪ੍ਰਬੰਧਨ ਇਕਰਾਰਨਾਮੇ ਲਈ ਮੁਕਾਬਲਾ ਕੀਤਾ ਅਤੇ ਇਸੇ ਸ਼ੋਅ 'ਚ ਟਰੰਪ ਦੀ ਇੱਕ ਅੱਲ੍ਹ “ਯੂ ਆਰ ਫਾਇਰਡ" ਨੇ ਉਨ੍ਹਾਂ ਨੂੰ ਇੱਕ ਘਰ-ਘਰ ਵਿੱਚ ਮਸ਼ਹੂਰ ਕਰ ਦਿੱਤਾ।
ਟਰੰਪ ਨੇ ਕਈ ਕਿਤਾਬਾਂ ਲਿਖੀਆਂ ਹਨ, ਕਈ ਫਿਲਮਾਂ ਅਤੇ ਪ੍ਰੋ-ਰੈਸਲਿੰਗ ਪ੍ਰੋਗਰਾਮਿੰਗ ਵਿੱਚ ਦਿਖਾਈ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਪੀਣ ਵਾਲੇ ਪਦਾਰਥਾਂ ਤੋਂ ਲੈ ਕੇ ਨੈਕਟਾਈਜ਼ ਤੱਕ ਸਭ ਕੁਝ ਵੇਚਿਆ ਹੈ। ਪਰ ਹਾਲ ਹੀ ਦੇ ਸਾਲਾਂ ਵਿੱਚ ਉਸਦੀ ਕੁੱਲ ਸੰਪਤੀ ਵਿੱਚ ਗਿਰਾਵਟ ਆਈ ਹੈ, ਫੋਰਬਸ ਦੇ ਅੰਦਾਜ਼ੇ ਵਿੱਚ ਉਹ ਇਸ ਸਮੇਂ ਲਗਭਗ ਚਾਰ ਬਿਲੀਅਨ ਡਾਲਰ ਦੇ ਮਾਲਕ ਹਨ।
ਟਰੰਪ ਨੇ ਛੇ ਵੱਖ-ਵੱਖ ਮੌਕਿਆਂ 'ਤੇ ਕਾਰੋਬਾਰੀ ਦਿਵਾਲੀਆਪਣ ਲਈ ਵੀ ਅਰਜ਼ੀਆਂ ਦਿੱਤੀਆਂ, ਅਤੇ ਉਨ੍ਹਾਂ ਦੇ ਕਈ ਉੱਦਮ - ਟਰੰਪ ਸਟੀਕਸ ਅਤੇ ਟਰੰਪ ਯੂਨੀਵਰਸਿਟੀ ਸਮੇਤ - ਨਾਕਾਮਯਾਬ ਰਹੇ ਹਨ।
ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੀ ਟੈਕਸ ਜਾਣਕਾਰੀ ਨੂੰ ਜਾਂਚ ਤੋਂ ਵੀ ਲਕੋਇਆ ਹੈ ਅਤੇ ਨਿਊਯਾਰਕ ਟਾਈਮਜ਼ ਦੀ 2020 ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਈ ਸਾਲਾਂ ਦੇ ਆਮਦਨ ਕਰ ਅਤੇ ਖਾਸੇ ਵਿੱਤੀ ਨੁਕਸਾਨ ਨੂੰ ਵੀ ਲੁਕਾਇਆ ਹੈ।
ਟਰੰਪ ਦੇ ਵਿਆਹ ਤੇ ਪਰਿਵਾਰ

ਤਸਵੀਰ ਸਰੋਤ, Getty Images
ਟਰੰਪ ਦੀ ਨਿੱਜੀ ਜ਼ਿੰਦਗੀ ਨੇ ਵਾਧੂ ਸੁਰਖੀਆਂ ਬਟੋਰੀਆਂ ਹਨ।
ਉਨ੍ਹਾਂ ਦੀ ਪਹਿਲੀ ਤੇ ਸ਼ਾਇਦ ਸਭ ਤੋਂ ਮਸ਼ਹੂਰ ਪਤਨੀ ਇਵਾਨਾ ਜ਼ੇਲਨੀਕੋਵਾ ਸਨ। ਜੋ ਕਿ ਇੱਕ ਚੈਕ ਖਿਡਾਰੀ ਅਤੇ ਮਾਡਲ ਸੀ। ਇਨ੍ਹਾਂ ਦੇ ਤਿੰਨ ਬੱਚੇ- ਡੌਨਲਡ ਜੂਨੀਅਰ, ਇਵਾਂਗਾ ਅਤੇ ਐਰਿਕ ਹਨ। ਜੋੜੇ ਦਾ 1990 ਵਿੱਚ ਤਲਾਕ ਹੋ ਗਿਆ ਸੀ।
ਉਨ੍ਹਾਂ ਦੀ ਅਦਾਲਤੀ ਲੜਾਈ, ਅਖ਼ਬਰੀ ਗੱਪ-ਸ਼ਪ ਦਾ ਹਿੱਸਾ ਰਹੀ। ਇਵਾਨਾ ਵੱਲੋਂ ਟਰੰਪ ਉੱਤੇ ਲਾਏ ਗਏ ਘਰੇਲੂ ਸ਼ੋਸ਼ਣ ਦੇ ਇਲਜ਼ਾਮ— ਜਿਨ੍ਹਾਂ ਬਾਰੇ ਬਾਅਦ ਵਿੱਚ ਉਨ੍ਹਾਂ ਨੇ ਕੁਝ ਨਰਮੀ ਵੀ ਵਰਤੀ – ਟਰੰਪ ਉੱਤੇ ਬਣ ਰਹੀ ਨਵੀਂ ਫਿਲਮ ਦਾ ਵਿਸ਼ਾ-ਸਮੱਗਰੀ ਹਨ।
ਫਿਰ ਟਰੰਪ ਨੇ ਮਾਰਲਾ ਮੈਪਲਸ ਨਾਲ 1993 ਵਿੱਚ ਵਿਆਹ ਕਰਵਾਇਆ। ਇਸ ਵਿਆਹ ਤੋਂ ਦੋ ਮਹੀਨੇ ਪਹਿਲਾਂ ਹੀ ਦੋਵਾਂ ਦੀ ਇੱਕਲੌਤੀ ਸੰਤਾਨ ਟਿਫਨੀ ਦਾ ਜਨਮ ਹੋਇਆ ਸੀ। ਸਾਲ 1999 ਵਿੱਚ ਦੋਵੇਂ ਵੱਖ ਹੋ ਗਏ।
ਟਰੰਪ ਦੀ ਮੌਜੂਦਾ ਪਤਨੀ ਸੋਲਵੇਨੀਅਨ ਮਾਡਲ ਮੇਲੇਨੀਆ ਕਨਾਊਸ ਹਨ। ਦੋਵਾਂ ਦਾ 2005 ਵਿੱਚ ਵਿਆਹ ਹੋਇਆ ਅਤੇ ਇੱਕ ਬੇਟਾ ਬੈਰੌਨ ਵਿਲੀਅਮ ਟਰੰਪ ਹੈ ਜੋ ਹਾਲ ਹੀ ਵਿੱਚ 18 ਸਾਲ ਦਾ ਹੋਇਆ ਹੈ।

ਤਸਵੀਰ ਸਰੋਤ, Getty Images
ਟਰੰਪ ਉੱਤੇ ਵਿਆਹ ਤੋਂ ਬਾਹਰੇ ਰਿਸ਼ਤਿਆਂ ਅਤੇ ਦੁਰਾਚਾਰ ਦੇ ਇਲਜ਼ਾਮ ਅਕਸਰ ਲਗਦੇ ਰਹਿੰਦੇ ਹਨ।
ਇਸੇ ਸਾਲ ਦੋ ਵੱਖ-ਵੱਖ ਅਦਾਲਤਾਂ ਨੇ ਕਿਹਾ ਕਿ ਟਰੰਪ ਨੇ ਲੇਖਕ ਈ ਜੀਆਨ ਕੈਰੋਲ ਵੱਲੋਂ ਲਾਏ ਗਏ ਜਿਣਸੀ ਹਮਲੇ ਦੇ ਇਲਜ਼ਾਮਾਂ ਤੋਂ ਮੁੱਕਰ ਕੇ ਉਨ੍ਹਾਂ ਬਦਨਾਮੀ ਕੀਤੀ ਹੈ। ਅਦਾਲਤ ਨੇ ਮੁਆਵਜ਼ੇ ਵਜੋਂ ਜੀਆਨ ਨੂੰ 88 ਮਿਲੀਅਨ ਡਾਲਰ ਦੇਣ ਦਾ ਹੁਕਮ ਦਿੱਤੇ ਹਨ।
ਟਰੰਪ ਨੂੰ ਕਾਰੋਬਾਰੀ ਰਿਕਾਰਡ ਵਿੱਚ ਹੇਰਾਫੇਰੀ ਕਰਨ ਦੇ 34 ਮਾਮਲਿਆਂ ਵਿੱਚ ਵੀ ਮੁਲਜ਼ਮ ਕਰਾਰ ਦਿੱਤਾ ਗਿਆ ਹੈ। ਇਹ ਹੇਰਾਫੇਰੀ ਬਾਲਗ ਫਿਲਮ ਅਦਾਕਾਰਾ ਸਟੋਰਮੀ ਡੇਨੀਅਲਸ ਨੂੰ ਉਨ੍ਹਾਂ ਦੇ 2006 ਵਿੱਚ ਬਣੇ ਵਿਆਹੋਂ ਬਾਹਰੇ ਰਿਸ਼ਤੇ ਬਾਰੇ ਚੁੱਪ ਰਹਿਣ ਲਈ ਦਿੱਤੇ ਗਏ ਪੈਸਿਆਂ ਉੱਤੇ ਪਰਦਾ ਪਾਉਣ ਲਈ ਕੀਤੀ ਗਈ ਸੀ।
ਰਾਸ਼ਟਰਪਤੀ ਲਈ ਉਮੀਦਵਾਰੀ
ਸਾਲ 1980 ਦੀ ਇੱਕ ਇੰਟਰਵਿਊ ਵਿੱਚ ਟਰੰਪ ਨੇ ਸਿਆਸਤ ਨੂੰ ਇੱਕ “ਨਿਹਾਇਤ ਹੀ ਮਤਲਬੀ ਜੀਵਨ” ਦੱਸਦਿਆਂ ਕਿਹਾ ਸੀ ਕਿ “ਸਭ ਤੋਂ ਯੋਗ ਵਿਅਕਤੀ ਕਾਰਬੋਰ ਦੀ ਚੋਣ ਕਰਦੇ” ਹਨ। ਉਸ ਸਮੇਂ ਟਰੰਪ 34 ਸਾਲ ਦੇ ਸਨ।
ਹਾਲਾਂਕਿ 1987 ਤੱਕ ਉਨ੍ਹਾਂ ਨੇ ਰਾਸ਼ਟਰਪਤੀ ਬਣਨ ਦੀ ਰੇਸ ਦੇ ਪਾਣੀਆਂ ਵਿੱਚ ਪੈਰ ਪਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਪਹਿਲਾਂ ਸਾਲ 2000 ਦੀਆਂ ਚੋਣਾਂ ਦੌਰਾਨ ਰਿਫਾਰਮ ਪਾਰਟੀ ਵੱਲੋਂ ਅਤੇ ਫਿਰ 2012 ਵਿੱਚ ਰਿਪਬਲੀਕਨ ਪਾਰਟੀ ਵੱਲੋਂ ਦਾਅਵੇਦਾਰੀ ਕੀਤੀ।
ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਮਰੀਕਾ ਵਿੱਚ ਪੈਦਾ ਹੋਣ ਬਾਰੇ ਇੱਕ ਸਾਜਿਸ਼ੀ ਸਿਧਾਂਤ ਪ੍ਰਚਲਿਤ ਹੈ, ਜਿਸ ਨੂੰ ਬਰਥਰੀਸਮ ਕਿਹਾ ਜਾਂਦਾ ਹੈ। ਟਰੰਪ ਇਸ ਦੀ ਖੁੱਲ੍ਹ ਕੇ ਹਮਾਇਤ ਕਰਦੇ ਰਹੇ ਹਨ। ਹਾਲਾਂਕਿ ਇਹ ਸਿਧਾਂਤ 2016 ਵਿੱਚ ਝੂਠਾ ਸਾਬਤ ਹੋ ਗਿਆ ਸੀ ਪਰ ਟਰੰਪ ਨੇ ਕਦੇ ਇਸ ਲਈ ਮਾਫ਼ੀ ਨਹੀਂ ਮੰਗੀ।

ਤਸਵੀਰ ਸਰੋਤ, Getty Images
ਜੂਨ 2025 ਵਿੱਚ ਟਰੰਪ ਨੇ ਵ੍ਹਾਈਟ ਹਾਊਸ ਲਈ ਆਪਣੀ ਰਸਮੀ ਦਾਅਵੇਦਾਰੀ ਪੇਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸੁਫ਼ਨਾ ਮਰ ਚੁੱਕਿਆ ਹੈ ਪਰ ਉਹ ਇਸ ਨੂੰ ਮੁੜ ਸੁਰਜੀਤ ਕਰਨਗੇ।
ਉਨ੍ਹਾਂ ਨੇ ਆਪਣੀ ਸੰਪਤੀ ਅਤੇ ਦੌਲਤ ਦਾ ਲਗਾਤਾਰ ਮੁਜ਼ਾਹਰਾ ਕੀਤਾ। ਮੈਕਸੀਕੋ ਉੱਤੇ ਨਸ਼ੇ, ਅਪਰਾਧ ਅਤੇ ਬਲਾਤਕਾਰੀ ਅਮਰੀਕਾ ਘੱਲਣ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਮੈਕਸੀਕੋ ਨਾਲ ਲਗਦੇ ਬਾਰਡਰ ਉੱਤੇ ਉਹ ਜੋ ਕੰਧ ਬਣਾ ਰਹੇ ਹਨ, ਉਸ ਲਈ ਪੈਸੇ ਦੀ ਭਰਪਾਈ ਉਹ ਮੈਕਸੀਕੋ ਤੋਂ ਕਰਵਾਉਣਗੇ।
ਉਨ੍ਹਾਂ ਦੀਆਂ ਨੀਤੀਆਂ ਅਤੇ ਬਿਆਨਾਂ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਵਿਰੋਧੀ ਇੱਕੋ ਮਿਕਦਾਰ ਵਿੱਚ ਹਨ।
ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਨਾਅਰੇ ਨਾਲ ਉਨ੍ਹਾਂ ਨੇ ਰਿਪਬਲੀਕਨ ਪਾਰਟੀ ਵਿੱਚ ਆਪਣੇ ਵਿਰੋਧੀਆਂ ਨੂੰ ਸੌਖਿਆਂ ਹੀ ਖੂੰਜੇ ਲਾ ਦਿੱਤਾ ਅਤੇ ਡੈਮੋਕ੍ਰੇਟ ਹਿਲੇਰੀ ਕਲਿੰਟਨ ਨੂੰ ਮੁਕਾਬਲਾ ਦਿੱਤਾ।
ਇਲਜ਼ਾਮ ਤਰਾਸ਼ੀਆਂ ਦੇ ਬਾਵਜੂਦ ਟਰੰਪ ਚੋਣਾਂ ਜਿੱਤ ਗਏ। ਆਖਰ ਇੱਕ ਸੀਨੀਅਰ ਵਿਰੋਧੀ ਨੂੰ ਪਛਾੜ ਦੇ ਹੋਏ ਉਨ੍ਹਾਂ ਨੇ 20 ਜਨਵਰੀ 2017 ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।

ਤਸਵੀਰ ਸਰੋਤ, Getty Images
ਰਾਸ਼ਟਰਪਤੀ ਵਜੋਂ ਕਾਰਜਕਾਲ
ਅਹੁਦਾ ਸੰਭਾਲਣ ਤੋਂ ਕੁਝ ਘੰਟਿਆਂ ਦੇ ਅੰਦਰ ਹੀ ਉਹ ਆਪਣੇ ਬਿਆਨਾਂ ਕਰਾਨ ਚਰਚਾ ਵਿੱਚ ਆ ਗਏ। ਉਹ ਟਵਿੱਟਰ ਉੱਤੇ ਹੀ ਰਸਮੀ ਐਲਾਨ ਕਰਦੇ ਅਤੇ ਵਿਦੇਸ਼ੀ ਆਗੂਆਂ ਨਾਲ ਬਹਿਸਣ ਲਗਦੇ ਸਨ।
ਉਨ੍ਹਾਂ ਨੇ ਬਦਲ ਰਹੇਆਲਮੀ ਵਾਤਵਰਣ ਬਾਰੇ ਕੌਮਾਂਤਰੀ ਸਮਝੌਤਿਆਂ ਤੋਂ ਅਮਰੀਕਾ ਨੂੰ ਬਾਹਰ ਖਿੱਚਿਆ। ਸੱਤ ਮੁਸਲਿਮ ਬਹੁ ਗਿਣਤੀ ਮੁਲਕਾਂ ਤੋਂ ਲੋਕਾਂ ਦੇ ਅਮਰੀਕਾ ਆਉਣ ਉੱਤੇ ਰੋਕ ਲਗਾ ਦਿੱਤੀ। ਚੀਨ ਨਾਲ ਟਰੇਡ ਵਾਰ ਸ਼ੁਰੂ ਕੀਤੀ। ਮੱਧ ਪੂਰਬ ਦੇ ਦੇਸਾਂ ਨਾਲ ਅਮਰੀਕਾ ਦੇ ਰਿਸ਼ਤਿਆਂ ਨੂੰ ਨਵਾਂ ਮੁਹਾਂਦਰਾ ਦਿੱਤਾ।

ਤਸਵੀਰ ਸਰੋਤ, Getty Images
ਲਗਭਗ ਦੋ ਸਾਲਾਂ ਤੱਕ, ਇੱਕ ਵਿਸ਼ੇਸ਼ ਕਾਊਂਸਲ ਨੇ ਟਰੰਪ ਦੀਆਂ 2016 ਦੀਆਂ ਚੋਣਾਂ ਅਤੇ ਰੂਸ ਦੇ ਰਿਸ਼ਤਿਆਂ ਦੀ ਜਾਂਚ ਕੀਤੀ। ਟਰੰਪ ਨੂੰ ਛੱਡ ਕੇ 34 ਜਣਿਆਂ ਨੇ ਅਪਰਾਧਿਕ ਇਲਜ਼ਾਮਾਂ ਦਾ ਸਾਹਮਣਾ ਕੀਤਾ। ਹਾਲਾਂਕਿ ਜਾਂਚ ਦੌਰਾਨ ਕਿਸੇ ਅਪਰਾਧਿਕ ਸਮਝੌਤਾ ਸਾਬਤ ਨਹੀਂ ਕੀਤਾ ਜਾ ਸਕਿਆ।
ਜਲਦੀ ਹੀ ਟਰੰਪ ਮਹਾਂਅਭਿਯੋਗ ਦਾ ਸਾਹਮਣਾ ਕਰਨ ਵਾਲੇ ਤੀਜੇ ਅਮਰੀਕੀ ਰਾਸ਼ਟਰਪਤੀ ਬਣ ਗਏ। ਉਨ੍ਹਾਂ ਉੱਤੇ ਵਿਦੇਸ਼ੀ ਸਰਕਾਰਾਂ ਉੱਤੇ ਆਪਣੇ ਵਿਰੋਧੀ ਜੋਅ ਬਾਇਡਨ ਨੂੰ ਖਿਲਾਫ਼ ਦਬਾਅ ਪਾਉਣ ਦੇ ਇਲਜ਼ਾਮ ਸਨ। ਡੈਮੋਕ੍ਰੇਟ ਬਹੁਮਤ ਵਾਲੇ ਹਾਊਸ ਆਫ਼ ਰਿਪਰੀਜੈਂਟੇਟਿਵਸ ਨੇ ਉਨ੍ਹਾਂ ਨੂੰ ਮੁਲਜ਼ਮ ਮੰਨਿਆ ਪਰ ਰਿਪਬਲਿਕਨ ਬਹੁਮਤ ਵਾਲੇ ਸੀਨੇਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ।
ਉਨ੍ਹਾਂ ਦੀਆਂ ਸਾਲ 2020 ਦੀਆਂ ਚੋਣਾਂ ਵਿੱਚ ਕੋਰੋਨਾਵਾਇਰਸ ਦਾ ਮੁੱਦਾ ਭਾਰੂ ਰਿਹਾ।
ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਨਜਿੱਠਣ ਦੀ ਉਨ੍ਹਾਂ ਦੀ ਨੀਤੀ ਦੀ ਤਿੱਖੀ ਆਲੋਚਨਾ ਹੋਈ। ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ ਸਭ ਤੋਂ ਜ਼ਿਆਦਾ ਜਾਨਾਂ ਗਈਆਂ।
ਅਕਤੂਬਰ ਵਿੱਚ ਨੂੰ ਖ਼ੁਦ ਨੂੰ ਕੋਵਿਡ ਦੀ ਲਾਗ ਹੋ ਜਾਣ ਕਾਰਨ ਉਨ੍ਹਾਂ ਨੂੰ ਸੁਣਵਾਈ ਤੋਂ ਛੋਟ ਦਿੱਤੀ ਗਈ।

ਤਸਵੀਰ ਸਰੋਤ, Getty Images
ਇਸਦੇ ਬਾਵਜੂਦ ਉਨ੍ਹਾਂ ਨੂੰ ਰਾਸ਼ਟਰਪਤੀ ਚੋਣਾਂ ਵਿੱਚ 74 ਮਿਲੀਅਨ ਵੋਟਾਂ ਮਿਲੀਆ, ਜੋ ਕਿ ਕਿਸੇ ਵੀ ਮੌਜੂਦਾ ਰਾਸ਼ਟਰਪਤੀ ਨੂੰ ਮਿਲੀਆਂ ਵੋਟਾ ਨਾਲੋਂ ਜ਼ਿਆਦਾ ਸਨ। ਲੇਕਿਨ ਉਹ ਆਪਣੇ ਵਿਰੋਧੀ ਜੋਅ ਬਾਇਡਨ ਤੋਂ ਸੱਤ ਮਿਲੀਅਨ ਵੋਟਾਂ ਨਾਲ ਹਾਰ ਗਏ।
ਨਵੰਬਰ 2020 ਤੋਂ ਜਨਵਰੀ 2021 ਤੱਕ ਉਨ੍ਹਾਂ ਨੇ ਚੋਣਾਂ ਵਿੱਚ ਹੇਰਾਫੇਰੀ ਦੇ ਇਲਜ਼ਾਮ ਲਾਏ— ਜਿਨ੍ਹਾਂ ਨੂੰ 60 ਤੋਂ ਜ਼ਿਆਦਾ ਅਦਾਲਤੀ ਮੁਕੱਦਮਿਆਂ ਵਿੱਚ ਖਾਰਜ ਕਰ ਦਿੱਤਾ ਗਿਆ।
ਨਤੀਜੇ ਸਵੀਕਾਰ ਕਰਨ ਤੋਂ ਆਕੀ ਟਰੰਪ ਨੇ ਵਾਸ਼ਿੰਗਟਨ ਵਿੱਚ ਛੇ ਜਨਵਰੀ ਨੂੰ ਆਪਣੇ ਹਮਾਇਤੀਆਂ ਦਾ ਇਕੱਠ ਸੱਦਿਆ। ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਬਾਇਡਨ ਦੀ ਜਿੱਤ ਇੱਕ ਧੋਖਾ ਕਰਾਰ ਦਿੰਦੇ ਹੋਏ ਕੈਪੀਟਲ ਹਿਲ ਇਮਾਰਤ ਦਾ ਘਿਰਾਉ ਕਰਨ ਦਾ ਸੱਦਾ ਦਿੱਤਾ।
ਇਹ ਰੈਲੀ ਇੱਕ ਦੰਗੇ ਦਾ ਰੂਪ ਧਾਰਨ ਕਰ ਗਈ ਅਤੇ ਉਨ੍ਹਾਂ ਦੇ ਆਪਣੇ ਉਪ-ਰਾਸ਼ਟਰਪਤੀ ਨੂੰ ਖ਼ਤਰੇ ਵਿੱਚ ਪਾ ਦਿੱਤਾ। ਇਸ ਕਾਰਨ ਉਨ੍ਹਾਂ ਨੂੰ ਦੂਜੇ ਮਹਾਂਅਭਿਯੋਗ ਦਾ ਸਾਹਮਣਾ ਕਰਨਾ ਪਿਆ। ਇੱਥੇ ਫਿਰ ਸਿਨੇਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ।
ਫਿਲਹਾਲ ਉਹ ਦੋ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ।
ਲਗਭਗ ਖਤਮ ਹੋਣ ਪਿੱਛੋਂ ਵਾਪਸੀ
ਕੈਪੀਟਲ ਹਿਲ ਦੀ ਘਟਨਾ ਤੋਂ ਬਾਅਦ ਲੱਗਿਆ ਉਨ੍ਹਾਂ ਦੇ ਸਿਆਸੀ ਜੀਵਨ ਦਾ ਖ਼ਤਮ ਹੋ ਗਿਆ ਹੈ। ਲੱਗਿਆ ਕਿ ਦਾਨ ਕਰਨ ਵਾਲੇ ਅਤੇ ਹਮਾਇਤੀ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਿੱਛੇ ਕਦੇ ਇਕੱਠੇ ਨਹੀਂ ਹੋਣਗੇ।
ਲੇਕਿਨ ਉਨ੍ਹਾਂ ਦੇ ਹਮਾਇਤੀ ਅਜੇ ਵੀ ਉਨ੍ਹਾਂ ਦੇ ਨਾਲ ਖੜ੍ਹੇ ਸਨ। ਉਨ੍ਹਾਂ ਨੇ ਆਪਣੇ ਵਾਰਸ ਦੇ ਐਲਾਨ ਵਿੱਚ ਸ਼ਾਮਲ ਨਹੀਂ ਹੋਏ। ਉਹ ਆਪਣੇ ਪਰਿਵਾਰ ਨਾਲ ਫਲੋਰਿਡਾ ਚਲੇ ਗਏ। ਇਸਦੇ ਚਲਦਿਆਂ ਰਿਪਲੀਕਨ ਪਾਰਟੀ ਵਿੱਚ ਉਨ੍ਹਾਂ ਦਾ ਰਸੂਖ ਬਰਕਰਾਰ ਰਿਹਾ।
ਸ਼ਾਇਦ ਉਨ੍ਹਾਂ ਦੇ ਕਾਰਜਕਾਲ ਦੀ ਸਭ ਤੋਂ ਚਿਰਜੀਵੀ ਵਿਰਾਸਤ ਉਸਦੇ ਖਤਮ ਹੋਣ ਤੋਂ ਬਾਅਦ ਸਾਹਮਣੇ ਆਈ। ਜਦੋਂ ਸੁਪਰੀਮ ਕੋਰਟ ਵਿੱਚ ਉਨ੍ਹਾਂ ਵੱਲੋਂ ਨਾਮਜ਼ਦ ਕੀਤੇ ਗਏ ਤਿੰਨ ਸੱਜੇ ਪੱਖੀ ਜੱਜਾਂ ਨੇ ਔਰਤਾਂ ਦਾ ਪਿਛਲੇ 50 ਸਾਲਾਂ ਤੋਂ ਜਾਰੀ ਗਰਭਪਾਤ ਦੇ ਹੱਕ ਦਾ ਇਤਿਹਾਸਕ ਫੈਸਲਾ ਬਦਲ ਦਿੱਤਾ।
2022 ਦੀਆਂ ਮੱਧਵਰਤੀ ਚੋਣਾਂ ਵਿੱਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਦੇ ਬਾਵਜੂਦ ਟਰੰਪ ਨੇ ਐਲਾਨ ਕੀਤਾ ਕਿ ਉਹ ਇੱਕ ਵਾਰ ਫਿਰ ਰਾਸ਼ਟਰਪਤੀ ਚੋਣਾਂ ਲੜਨਗੇ। ਉਹ ਸਪਸ਼ਟ ਉਮੀਦਵਾਰ ਬਣ ਗਏ।
ਪਾਰਟੀ ਦੇ ਅੰਦਰੋਂ ਉਨ੍ਹਾਂ ਨੂੰ ਦਰਜਣ ਤੋਂ ਜ਼ਿਆਦਾ ਚੁਣੌਤੀਆਂ ਮਿਲੀਆਂ ਪਰ ਕੋਈ ਟਿਕ ਨਹੀਂ ਸਕੀ। ਉਨ੍ਹਾਂ ਨੇ ਆਪਣਾ ਨਿਸ਼ਾਨਾ ਲਗਾਤਾਰ ਰਾਸ਼ਟਰਪਤੀ ਬਾਇਡਨ ਉੱਤੇ ਰੱਖਿਆ।

ਤਸਵੀਰ ਸਰੋਤ, Getty Images
ਰਾਸ਼ਟਰਪਤੀ ਚੋਣਾਂ ਦੇ ਮੱਦੇ ਨਜ਼ਰ ਉਨ੍ਹਾਂ ਨੇ ਆਪਣੇ ਅਪਰਾਧਿਕ ਮੁਕੱਦਮਿਆਂ ਨੂੰ ਲਗਤਾਰ ਟਾਲਿਆ ਹੈ। ਇਹ ਪੈਂਤੜਾ ਸਿੱਧਾ ਪਿਆ ਹੈ। ਹੁਣ ਇਨ੍ਹਾਂ ਮੁਕੱਦਮਿਆਂ ਦੀ ਸੁਣਵਾਈ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸ਼ੁਰੂ ਨਹੀਂ ਹੋ ਸਕਦੀ।
ਇਸੇ ਸਾਲ 13 ਜੁਲਾਈ ਨੂੰ ਇੱਕ 20 ਸਾਲਾ ਬੰਦੂਕਚੀ ਨੇ ਬਟਲਰ ਵਿੱਚ ਇੱਕ ਰੈਲੀ ਦੌਰਾਨ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਗੋਲੀ ਉਨ੍ਹਾਂ ਦੇ ਕੰਨ ਨੂੰ ਘਸਰ ਕੇ ਲੰਘ ਗਈ। ਬੰਦੂਕਚੀ ਨੇ ਅੱਠ ਰਾਊਂਡ ਫਾਇਰ ਕੀਤੇ ਅਤੇ ਆਖਰ ਸੀਕਰੇਟ ਸਰਵਿਸ ਵਾਲਿਆਂ ਨੇ ਢੇਰ ਕਰ ਦਿੱਤਾ।
ਕੁਝ ਦਿਨਾਂ ਬਾਅਦ ਰਿਪਲੀਕਨ ਨੈਸ਼ਨਲ ਕਨਵੈਨਸ਼ਨ ਵਿੱਚ ਪਾਰਟੀ ਨੇ ਉਨ੍ਹਾਂ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਅਤੇ ਰਸਮੀ ਤੌਰ ਉੱਤੇ ਉਨ੍ਹਾਂ ਦੀ ਰਾਸ਼ਟਰਪਤੀ ਉਮੀਦਵਾਰੀ ਦਾ ਐਲਾਨ ਕੀਤਾ। ਤੀਜੀ ਦਾਅਵੇਦਾਰੀ ਵਿੱਚ ਉਹ ਬਾਇਡਨ ਦਾ ਸਪਸ਼ਟ ਬਦਲ ਬਣ ਕੇ ਉੱਭਰੇ।
ਜੋਅ ਬਾਇਡਨ ਦਾ ਕਾਰਜਕਾਲ ਮਹਾਮਾਰੀ ਤੋਂ ਬਾਅਦ ਆਏ ਆਰਥਿਕ ਸੰਕਟ, ਪਰਵਾਸ, ਬੇਰੋਜ਼ਗਾਰੀ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਨੂੰ ਲੈ ਕੇ ਵਿਵਾਦਾਂ ਵਿੱਚ ਘਿਰਿਆ ਰਿਹਾ।
ਜਦੋਂ ਤੋਂ ਬਾਇਡਨ ਨੇ ਆਪਣੀ ਉਮੀਦਵਾਰੀ ਵਾਪਸ ਲੈ ਕੇ ਆਪਣੀ ਡਿਪਟੀ ਕਮਲਾ ਹੈਰਿਸ ਨੂੰ ਮੈਦਾਨ ਵਿੱਚ ਉਤਾਰਿਆ ਹੈ। ਟਰੰਪ ਲਗਾਤਾਰ ਉਨ੍ਹਾਂ ਨੂੰ ਪ੍ਰਸ਼ਾਸਨਿਕ ਨਾਕਾਮੀਆਂ ਲਈ ਘੇਰ ਰਹੇ ਹਨ, ਇਸ ਕੋਸ਼ਿਸ਼ ਵਿੱਚ ਉਹ ਕੁਝ ਕਾਮਯਾਬ ਵੀ ਹੋਏ ਹਨ।
ਨੈਸ਼ਨਲ ਪੋਲਸ ਦਰਸਾਉਂਦੇ ਹਨ ਕਿ ਭਾਵੇਂ ਲਿਬਰਲ ਵੋਟਾਂ ਨੂੰ ਇਕਜੁੱਟ ਕੀਤਾ ਹੈ ਅਤੇ ਲੱਖਾਂ ਡਾਲਰ ਵੀ ਇਕੱਠੇ ਕੀਤੇ ਹਨ ਪਰ ਮੁਕਾਬਲਾ ਫਸਵਾਂ ਹੈ।
ਟਰੰਪ ਨੇ ਆਪਣੇ ਹਮਾਇਤੀਆਂ ਨੂੰ ਕਿਹਾ ਹੈ ਕਿ 5 ਨਵੰਬਰ 2024— ਚੋਣਾਂ ਦਾ ਦਿਨ “ਸਾਡੇ ਦੇਸ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਦਿਨ ਹੋਵੇਗਾ”।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












