ਤਿਰੂਪਤੀ ਮੰਦਰ: ‘ਪ੍ਰਸ਼ਾਦ ਦੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ’ ਹੋਣ ਦੇ ਦਾਅਵੇ ਦਾ ਕੀ ਹੈ ਪੂਰਾ ਵਿਵਾਦ

ਤਸਵੀਰ ਸਰੋਤ, Getty Images
ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਤਿਰੂਪਤੀ ਮੰਦਿਰ ਦੇ ਪ੍ਰਸ਼ਾਦ ਵਿੱਚ ਮਿਲਣ ਵਾਲੇ ਲੱਡੂ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਾਦ ਦੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ ਮਿਲੀ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਵੀਰਵਾਰ ਨੂੰ ਕਿਹਾ, “ਪਿਛਲੀ ਸਰਕਾਰ ਦੇ ਦੌਰਾਨ ਤਿਰੂਮਲਾ ਲੱਡੂ ਨੂੰ ਬਣਾਉਣ ਲਈ ਸ਼ੁੱਧ ਦੇਸੀ ਘਿਓ ਦੀ ਥਾਂ ਜਾਨਵਰਾਂ ਦੀ ਚਰਬੀ ਵਾਲਾ ਘੀ ਇਸਤੇਮਾਲ ਕੀਤਾ ਜਾ ਰਿਹਾ ਸੀ।”
ਜਗਨ ਮੋਹਨ ਰੈਡੀ ਦੀ ਪਾਰਟੀ ਨੇ ਨਾਇਡੂ ਦੀ ਟਿੱਪਣੀ ’ਤੇ ਵਿਰੋਧ ਜਤਾਇਆ ਹੈ ਅਤੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਇਸ ਮਾਮਲੇ ’ਤੇ ਕਈ ਸਿਆਸੀ ਦਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਜਿਸ ਰਿਪੋਰਟ ਦੇ ਹਵਾਲੇ ਨਾਲ ਇਹ ਦਾਅਵਾ ਕਰ ਰਹੀ ਹੈ, ਬੀਬੀਸੀ ਉਸ ਰਿਪੋਰਟ ਦੀ ਪੁਸ਼ਟੀ ਨਹੀਂ ਕਰਦਾ।
ਇਸ ਮਾਮਲੇ ਵਿੱਚ ਕੌਣ ਕੀ ਕਹਿ ਰਿਹਾ ਹੈ ਅਤੇ ਪ੍ਰਸ਼ਾਦ ਦਾ ਇਹ ਲੱਡੂ ਕਿਹੜਾ ਹੈ, ਜੋ ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਹੈ।

ਜਿਸ ਰਿਪੋਰਟ ਦੇ ਹਵਾਲੇ ਨਾਲ ਇਲਜ਼ਾਮ ਲਗਾਏ ਗਏ, ਉਸ ਵਿੱਚ ਕੀ ਹੈ
ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਿਰ ਵਿੱਚ ਹਰ ਸਾਲ ਲੱਖਾਂ ਸ਼ਰਧਾਲੂ ਜਾਂਦੇ ਹਨ। ਮੰਦਿਰ ਜਾਣ ਵਾਲੇ ਲੋਕਾਂ ਨੂੰ ਪ੍ਰਸ਼ਾਦ ਵਿੱਚ ਲੱਡੂ ਦਿੱਤੇ ਜਾਂਦੇ ਹਨ।
ਟੀਡੀਪੀ ਗੁਜਰਾਤ ਦੀ ਨੈਸ਼ਨਲ ਡੇਅਰੀ ਡਿਪੈਲਮੈਂਟ ਬੋਰਡ (ਐੱਨਡੀਡੀਬੀ) ਦੇ ਹਵਾਲੇ ਨਾਲ ਦੱਸ ਰਹੀ ਹੈ ਕਿ ਲੱਡੂ ਵਿੱਚ ਜਾਨਵਰਾਂ ਦੀ ਚਰਬੀ ਹੋਣ ਦੀ ਪੁਸ਼ਟੀ ਹੋਈ ਹੈ।
ਹਾਲਾਂਕਿ ਐੱਨਡੀਡੀਬੀ ਨੇ ਇਸ ਪੂਰੇ ਵਿਵਾਦ ’ਤੇ ਖਬਰ ਲਿਖੇ ਜਾਣ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਨਾ ਹੀ ਇਸ ਬਾਰੇ ਕੋਈ ਬਿਆਨ ਆਇਆ ਹੈ ਕਿ ਜਿਸ ਸੈਂਪਲ ’ਤੇ ਵਿਵਾਦ ਹੋ ਰਿਹਾ ਹੈ, ਉਹ ਕੀ ਤਿਰੂਪਤੀ ਮੰਦਿਰ ਤੋਂ ਹੀ ਲਿਆ ਗਿਆ ਹੈ।
ਜੋ ਰਿਪੋਰਟ ਸਾਂਝੀ ਕੀਤੀ ਜਾ ਰਹੀ ਹੈ, ਉਸ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਦਿਖਿਆ ਹੈ ਕਿ ਸੈਂਪਲ ਤਿਰੂਪਤੀ ਮੰਦਿਰ ਦਾ ਹੈ।
ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ,“ਲੱਡੂ ਅਤੇ ਦੂਜੇ ਪ੍ਰਸ਼ਾਦ ਬਣਾਉਣ ਲਈ ਜੋ ਘਿਓ ਇਸਤੇਮਾਲ ਹੁੰਦਾ ਹੈ, ਉਹ ਵਾਈਐੱਸਆਰ ਕਾਂਗਰਸ ਪਾਰਟੀ ਦੇ ਦੌਰ ਵਿੱਚ ਕਈ ਏਜੰਸੀਆਂ ਤੋਂ ਲਿਆ ਗਿਆ ਸੀ।”
ਟੀਡੀਪੀ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ, ਉਸ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਹੈ।
ਇਸ ਵਿੱਚ ਸੋਇਆਬੀਨ, ਸੂਰਜਮੁਖੀ, ਕਪਾਹ ਦੇ ਬੀਜ, ਨਾਰੀਅਲ ਵਰਗੀਆਂ ਚੀਜ਼ਾਂ ਲਿਖੀਆਂ ਗਈਆਂ ਹਨ। ਪਰ ਜਿਨ੍ਹਾਂ ਚੀਜ਼ਾਂ 'ਤੇ ਇਤਰਾਜ਼ ਕੀਤਾ ਜਾ ਰਿਹਾ ਹੈ, ਉਹ ਹਨ ਲਾਰਡ, ਬੀਫ ਟੇਲੋ ਅਤੇ ਫਿਸ਼ ਆਇਲ।
ਲਾਰਡ ਦਾ ਅਰਥ ਹੈ ਉਹ ਚਿੱਟਾ ਪਦਾਰਥ ਜੋ ਕਿਸੇ ਵੀ ਚਰਬੀ ਦੇ ਪਿਘਲਣ 'ਤੇ ਬਾਹਰ ਨਿਕਲਦਾ ਹੈ। ਫਿਸ਼ ਆਇਲ ਦਾ ਅਰਥ ਹੈ ਮੱਛੀ ਦਾ ਤੇਲ ਅਤੇ ਬੀਫ ਟੇਲੋ ਦਾ ਮਤਲਬ ਹੈ ਬੀਫ ਫੈਟ ਨੂੰ ਗਰਮ ਕਰਕੇ ਕੱਢਿਆ ਗਿਆ ਤੇਲ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਚੀਜ਼ਾਂ ਨਿਰਧਾਰਤ ਅਨੁਪਾਤ ਵਿੱਚ ਨਹੀਂ ਸਨ। ਇਸ ਨੂੰ ਐੱਸ ਮੁੱਲ ਕਿਹਾ ਜਾਂਦਾ ਹੈ। ਯਾਨੀ ਜੇਕਰ ਉਪਰੋਕਤ ਚੀਜਾਂ ਦਾ ਐੱਸ ਮੁੱਲ ਸਹੀ ਨਹੀਂ ਹੈ ਤਾਂ ਗੱਲ ਗੜਬੜ ਹੈ।
ਚੰਦਰਬਾਬੂ ਨਾਇਡੂ ਨੇ ਹੋਰ ਕੀ ਕਿਹਾ?

ਤਸਵੀਰ ਸਰੋਤ, ANI
ਚੰਦਰਬਾਬੂ ਨਾਇਡੂ ਨੇ ਕਿਹਾ, "ਕੋਈ ਸੋਚ ਵੀ ਨਹੀਂ ਸਕਦਾ ਕਿ ਤਿਰੁਮਾਲਾ ਲੱਡੂ ਇਸ ਤਰ੍ਹਾਂ ਅਸ਼ੁੱਧ ਕੀਤਾ ਜਾਵੇਗਾ। ਪਿਛਲੇ ਪੰਜ ਸਾਲਾਂ ਵਿੱਚ, ਵਾਈਐਸਆਰ ਨੇ ਤਿਰੁਮਾਲਾ ਦੀ ਪਵਿੱਤਰਤਾ ਨੂੰ ਅਸ਼ੁੱਧ ਕੀਤਾ ਹੈ।"
ਨਾਇਡੂ ਨੇ ਦਾਅਵਾ ਕੀਤਾ, “ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਤਿਰੂਮਲਾ ਲੱਡੂ ਦੇ ਘਿਓ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੋ ਵੀ ਇਸ ਲਈ ਦੋਸ਼ੀ ਹੋਵੇਗਾ, ਉਸ ਨੂੰ ਸਜ਼ਾ ਮਿਲੇਗੀ।''
ਟੀਡੀਪੀ ਦੇ ਜਨਰਲ ਸਕੱਤਰ ਨਾਰਾ ਲੋਕੇਸ਼ ਨੇ ਦਾਅਵਾ ਕੀਤਾ, “ਪਿਛਲੀ ਸਰਕਾਰ ਵਿੱਚ, ਪ੍ਰਸ਼ਾਦ ਦੇ ਲੱਡੂਆਂ ਲਈ ਵਰਤੇ ਜਾ ਰਹੇ ਘਿਓ ਵਿੱਚ ਜਾਨਵਰਾਂ ਦੀ ਚਰਬੀ ਅਤੇ ਮੱਛੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਸੀ। ਪ੍ਰਸ਼ਾਦ ਦੇ ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਲੱਡੂਆਂ ਵਿੱਚ ਮੱਛੀ ਦੇ ਤੇਲ ਅਤੇ ਬੀਫ ਫੈਟ ਦੀ ਵਰਤੋਂ ਕੀਤੀ ਗਈ ਹੈ।”
ਨਾਇਡੂ ਨੇ ਕਿਹਾ, "ਭਗਵਾਨ ਵੈਂਕਟੇਸ਼ਵਰ ਦੀ ਪਵਿੱਤਰਤਾ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।"
ਵਾਈਐਸਆਰ ਨੇ ਕੀ ਕਿਹਾ?

ਤਸਵੀਰ ਸਰੋਤ, ANI
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਪਾਰਟੀ ਵਾਈਐਸਆਰ ਨੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਨਾਇਡੂ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ।
ਵਾਈਐਸਆਰ ਨੇਤਾ ਅਤੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਟਰੱਸਟ ਦੇ ਸਾਬਕਾ ਚੇਅਰਮੈਨ ਵਾਈਵੀ ਸੁਬਰੈੱਡੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਨਾਇਡੂ ਨੇ ਤਿਰੂਮਲਾ ਮੰਦਰ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾ ਕੇ ਅਤੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਪਾਪ ਕੀਤਾ ਹੈ। ਕੋਈ ਵੀ ਵਿਅਕਤੀ ਅਜਿਹੇ ਦੋਸ਼ ਨਹੀਂ ਲਗਾ ਸਕਦਾ।
ਸੁਬਰੈੱਡੀ ਨੇ ਕਿਹਾ, ''ਇਹ ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਨਾਇਡੂ ਆਪਣੀ ਰਾਜਨੀਤੀ ਚਮਕਾਉਣ ਤੋਂ ਨਹੀਂ ਝਿਜਕਣਗੇ। ਮੈਂ ਅਤੇ ਮੇਰਾ ਪਰਿਵਾਰ ਤਿਰੂਮਲਾ ਪ੍ਰਸ਼ਾਦ ਦੇ ਮਾਮਲੇ ਵਿੱਚ ਭਗਵਾਨ ਦੀ ਸਹੁੰ ਖਾਣ ਲਈ ਤਿਆਰ ਹਾਂ। ਕੀ ਚੰਦਰਬਾਬੂ ਨਾਇਡੂ ਆਪਣੇ ਪਰਿਵਾਰ ਨਾਲ ਸਹੁੰ ਚੁੱਕ ਕੇ ਅਜਿਹਾ ਕਹਿਣਗੇ?”
ਵਾਈਐਸਆਰ ਦੇ ਸੋਸ਼ਲ ਮੀਡੀਆ ਹੈਂਡਲਜ਼ ਤੇ ਵਾਈਐਸਆਰ ਨੇਤਾ ਸੁਬਾਰੈੱਡੀ ਨੇ ਕਿਹਾ, "ਪਿਛਲੇ ਤਿੰਨ ਸਾਲਾਂ ਤੋਂ ਭਗਵਾਨ ਦੇ ਚੜ੍ਹਾਵੇ ਲਈ ਵਰਤੇ ਗਏ ਘਿਓ ਸਮੇਤ ਸਾਰੇ ਤੱਤ ਓਰਗਾਨਿਕ ਹਨ।"
ਸੁਬਰੈੱਡੀ ਨੇ ਕਿਹਾ, "ਇਹ ਇਲਜ਼ਾਮ ਲੋਕਾਂ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਲਗਾਏ ਜਾ ਰਹੇ ਹਨ।"
ਭਾਜਪਾ ਤੇ ਕਾਂਗਰਸ ਨੇ ਕੀ ਕਿਹਾ?

ਤਸਵੀਰ ਸਰੋਤ, ANI
ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਨੇਤਾ ਸ਼ਰਮੀਲਾ ਨੇ ਟੀਡੀਪੀ ਅਤੇ ਵਾਈਐਸਆਰ ਉੱਤੇ ਇਸ ਮਾਮਲੇ ਨੂੰ ਲੈਕੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹਨ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਸ਼ਰਮੀਲਾ ਨੇ ਕਿਹਾ,''ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਚੰਦਰਬਾਬੂ ਨਾਇਡੂ ਦੀਆਂ ਟਿੱਪਣੀਆਂ ਪਰੇਸ਼ਾਨ ਕਰਨ ਵਾਲੀਆਂ ਹਨ।"
ਭਾਜਪਾ ਦੇ ਸੰਸਦ ਮੈਂਬਰ ਲਕਸ਼ਮਣ ਨੇ ਕਿਹਾ, ''ਲੱਡੂ 'ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਮੰਦਭਾਗੀ ਹੈ। ਸਮੁੱਚਾ ਹਿੰਦੂ ਸਮਾਜ ਇਸ ਘਟਨਾ ਦੀ ਨਿੰਦਾ ਕਰ ਰਿਹਾ ਹੈ।
ਲਕਸ਼ਮਣ ਨੇ ਚੰਦਰਬਾਬੂ ਨਾਇਡੂ ਸਰਕਾਰ ਨੂੰ ਇਸ ਵਿੱਚ ਕਥਿਤ ਤੌਰ ’ਤੇ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ।
ਚੰਦਰਬਾਬੂ ਨਾਇਡੂ ਨੇ ਲੱਡੂਆਂ ਬਾਰੇ ਇਹ ਵੀ ਕਿਹਾ, "ਸਾਡੀ ਸਰਕਾਰ ਵਿੱਚ ਪਵਿੱਤਰ ਲੱਡੂ ਬਣਾਏ ਜਾ ਰਹੇ ਹਨ।"
ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਪਵਨ ਕਲਿਆਣ ਨੇ ਲਿਖਿਆ, ''ਤਿਰੂਪਤੀ ਬਾਲਾਜੀ ਦੇ ਪ੍ਰਸ਼ਾਦ 'ਚ ਜਾਨਵਰਾਂ ਦੀ ਚਰਬੀ (ਮੱਛੀ ਦਾ ਤੇਲ, ਸੂਰ ਦਾ ਮਾਸ ਅਤੇ ਬੀਫ ਫੈਟ) ਪਾਏ ਜਾਣ ਦੀ ਪੁਸ਼ਟੀ ਤੋਂ ਅਸੀਂ ਸਾਰੇ ਬਹੁਤ ਪ੍ਰੇਸ਼ਾਨ ਹਾਂ। ਤਤਕਾਲੀ ਵਾਈਸੀਪੀ ਸਰਕਾਰ ਦੁਆਰਾ ਬਣਾਏ ਗਏ ਟੀਟੀਡੀ ਬੋਰਡ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਹੋਣਗੇ।
ਬੋਰਡ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ

ਤਸਵੀਰ ਸਰੋਤ, Getty Images
ਤਿਰੂਪਤੀ ਮੰਦਰ ਨਾਲ ਜੁੜੇ ਟਰੱਸਟ ਨੂੰ 'ਤਿਰੁਮਾਲਾ ਤਿਰੂਪਤੀ ਦੇਵਸਥਾਨਮ' ਯਾਨੀ ਟੀ.ਟੀ.ਡੀ. ਵਜੋਂ ਜਾਣਿਆ ਜਾਂਦਾ ਹੈ। ਇਹ ਟਰੱਸਟ ਮੰਦਰ ਨਾਲ ਸਬੰਧਤ ਕੰਮਾਂ ਵਿੱਚ ਸ਼ਾਮਲ ਰਹਿੰਦਾ ਹੈ।
ਇਸ ਟਰੱਸਟ ਨਾਲ ਜੁੜੇ ਲੇਬਰ ਯੂਨੀਅਨ ਦੇ ਕੰਦਾਰਪੂ ਮੁਰਲੀ ਨੇ ਸੀਐਮ ਨਾਇਡੂ ਦੇ ਬਿਆਨ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਟੀਟੀਡੀ ਕਰਮਚਾਰੀਆਂ ਦਾ ਅਪਮਾਨ ਦੱਸਿਆ ਹੈ।
ਮੁਰਲੀ ਨੇ ਕਿਹਾ, “ਟੀਟੀਡੀ ਦੀ ਪ੍ਰਕਿਰਿਆ ਪਾਰਦਰਸ਼ੀ ਹੈ। ਟੀਟੀਡੀ ਦੇ ਅੰਦਰ ਹੀ ਇੱਕ ਲੈਬ ਹੈ, ਜਿੱਥੇ ਪ੍ਰਸ਼ਾਦ ਵਿੱਚ ਸ਼ਾਮਲ ਚੀਜ਼ਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਪ੍ਰਸ਼ਾਦ ਦੀ ਵਰਤੋਂ ਜਾਂਚ ਤੋਂ ਬਾਅਦ ਹੀ ਕੀਤੀ ਜਾਂਦੀ ਹੈ।
ਮੁਰਲੀ ਨੇ ਕਿਹਾ, "ਟੀਟੀਡੀ ਨੂੰ ਜੋ ਪ੍ਰਸ਼ਾਦ ਮਿਲਦਾ ਹੈ, ਉਹ ਰੋਜ਼ ਪ੍ਰਮਾਣਿਤ ਹੋਣ ਤੋਂ ਬਾਅਦ ਹੀ ਉਪਲਬਧ ਹੁੰਦਾ ਹੈ।"
ਤੱਥ ਜਾਂਚਕਰਤਾ ਮੁਹੰਮਦ ਜ਼ੁਬੈਰ ਨੇ ਟੀਟੀਡੀ ਦਾ ਇੱਕ ਪੁਰਾਣਾ ਟਵੀਟ ਸਾਂਝਾ ਕੀਤਾ ਹੈ।
ਇਸ ਟਵੀਟ ਦੀਆਂ ਤਸਵੀਰਾਂ ਵਿੱਚ ਸ਼ਿਆਮਲਾ ਰਾਓ, ਜੋ ਜੂਨ 2024 ਵਿੱਚ ਟੀਟੀਡੀ ਦੀ ਕਾਰਜਕਾਰੀ ਅਧਿਕਾਰੀ ਬਣੇ ਦਿਖਾਈ ਦੇ ਰਹੇ ਹਨ।
21 ਜੂਨ ਨੂੰ ਟੀਟੀਡੀ ਦੇ ਐਕਸ ਹੈਂਡਲ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ ਅਤੇ ਲਿਖਿਆ ਗਿਆ ਸੀ - ਸ਼ੁੱਧ ਘਿਓ ਤੋਂ ਬਣੇ ਲੱਡੂਆਂ ਦੇ ਸੈਂਪਲ ਟਰਾਈ ਕੀਤੇ।
ਇਸ ਪੋਸਟ ਵਿੱਚ ਸ਼ੁੱਧ ਘਿਓ ਅਤੇ ਚੰਗੇ ਵੇਸਣ ਦੀ ਵਰਤੋਂ ਨਾਲ ਲੱਡੂ ਬਣਾਉਣ ਬਾਰੇ ਦੱਸਿਆ ਗਿਆ ਸੀ।
ਮੁਹੰਮਦ ਜ਼ੁਬੈਰ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ, "ਟੀਡੀਪੀ ਸਰਕਾਰ ਨੇ 14 ਜੂਨ 2024 ਨੂੰ ਸ਼ਿਆਮਲਾ ਰਾਓ ਨੂੰ ਨਿਯੁਕਤ ਕੀਤਾ ਸੀ।" ਇਸ ਟਵੀਟ 'ਚ ਉਹ 21 ਜੂਨ ਨੂੰ ਚੰਗੇ ਘਿਓ ਨਾਲ ਪ੍ਰਸ਼ਾਦ ਬਣਾਉਣ ਦੀ ਗੱਲ ਕਰ ਰਹੇ ਹਨ।
ਪਹਿਲਾਂ ਵੀ ਵਿਵਾਦਾਂ 'ਚ ਰਹੇ ਹਨ ਲੱਡੂ
ਸਤੰਬਰ 2024 ਦੇ ਸ਼ੁਰੂ ਵਿੱਚ ਲੱਡੂ ਲੈਣ ਲਈ ਟੋਕਨ ਦਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਕ-ਇਕ ਲੱਡੂ ਸਾਰਿਆਂ ਨੂੰ ਮੁਫਤ ਦਿੱਤਾ ਜਾਂਦਾ ਹੈ। ਹਾਂ, ਜੇਕਰ ਤੁਸੀਂ ਇੱਕ ਹੋਰ ਲੱਡੂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 50 ਰੁਪਏ ਦੇਣੇ ਪੈਣਗੇ।
ਸ਼ਰਧਾਲੂਆਂ ਲਈ ਆਧਾਰ ਕਾਰਡ ਦਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ, ਉਹ ਆਪਣਾ ਆਧਾਰ ਕਾਰਡ ਦਿਖਾ ਕੇ ਲੱਡੂ ਪ੍ਰਾਪਤ ਕਰ ਸਕਦੇ ਹਨ।
ਮੰਦਰ 'ਚ ਸ਼ਰਧਾਲੂਆਂ ਲਈ 7500 ਵੱਡੇ ਲੱਡੂ ਅਤੇ 3500 ਵੜੇ ਬਣਾਏ ਜਾਂਦੇ ਸਨ ।
2008 ਤੱਕ ਜੇਕਰ ਕੋਈ ਇੱਕ ਲੱਡੂ ਤੋਂ ਇਲਾਵਾ ਪ੍ਰਸ਼ਾਦ ਚਾਹੁੰਦਾ ਸੀ ਤਾਂ 25 ਰੁਪਏ ਵਿੱਚ ਦੋ ਲੱਡੂ ਦਿੱਤੇ ਜਾਂਦੇ ਸਨ। ਬਾਅਦ ਵਿਚ ਇਸਦੀ ਕੀਮਤ ਵਧਾ ਕੇ 50 ਰੁਪਏ ਕਰ ਦਿੱਤੀ ਗਈ।
2023 ਵਿੱਚ ਬ੍ਰਾਹਮਣਾਂ ਤੋਂ ਇਹ ਲੱਡੂ ਬਣਾਉਣ ਸਬੰਧੀ ਇੱਕ ਨੋਟੀਫਿਕੇਸ਼ਨ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ।
ਇਤਿਹਾਸਕਾਰ ਗੋਪੀ ਕ੍ਰਿਸ਼ਨਾ ਰੈੱਡੀ ਨੇ ਬੀਬੀਸੀ ਨੂੰ ਦੱਸਿਆ ਸੀ, "ਸ਼ੁਰੂ ਤੋਂ ਹੀ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਕਿ ਕਿਹੜੀ ਜਾਤ ਦੇ ਲੋਕਾਂ ਨੂੰ ਲੱਡੂ ਬਣਾਉਣੇ ਚਾਹੀਦੇ ਹਨ ਅਤੇ ਕਿਸ ਨੂੰ ਨਹੀਂ ਬਣਾਉਣੇ ਚਾਹੀਦੇ। ਸ਼ੁਰੂ ਵਿੱਚ ਈਸਾਈ ਅਤੇ ਮੁਸਲਮਾਨ ਵੀ ਟੀਟੀਡੀ ਵਿੱਚ ਸਨ। ਅਜੇ ਵੀ ਹੋ ਸਕਦਾ ਹੈ। ਇਸ ਵਿੱਚ ਹਰ ਕਿਸਮ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।"

ਤਸਵੀਰ ਸਰੋਤ, RAJESH/BBC
ਤਿਰੁਮਾਲਾ ਮੰਦਰ ਅਤੇ ਲੱਡੂ

ਤਸਵੀਰ ਸਰੋਤ, Getty Images
ਸੇਸ਼ਾਚਲਮ ਪਰਬਤ 'ਤੇ ਸਥਿਤ ਤਿਰੁਮਾਲਾ ਤਿਰੂਪਤੀ ਦੇਵਸਥਾਨ ਦੁਨੀਆ ਦੇ ਸਭ ਤੋਂ ਅਮੀਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਇਹ ਤੀਰਥ ਸ਼ੈਸ਼ਾਚਲਮ ਪਰਬਤ 'ਤੇ ਹੈ।
ਭਗਵਾਨ ਵੈਂਕਟੇਸ਼ਵਰ ਦਾ ਇਹ ਮੰਦਰ ਰਾਜਾ ਤੋਂਡਾਮਨ ਨੇ ਬਣਵਾਇਆ ਸੀ। ਬਾਅਦ ਵਿੱਚ ਚੋਲ, ਪਾਂਡਿਆ ਅਤੇ ਵਿਜੇਨਗਰ ਦੇ ਰਾਜੇ ਵੀ ਇਸ ਮੰਦਰ ਵਿੱਚ ਯੋਗਦਾਨ ਪਾਉਂਦੇ ਰਹੇ।
ਮੰਦਰ ਦੀ ਪ੍ਰਾਨ-ਪ੍ਰਤਿਸ਼ਠਾ 11ਵੀਂ ਸਦੀ ਵਿੱਚ ਰਾਮਾਨੁਜਾਚਾਰੀਆ ਦੁਆਰਾ ਕੀਤੀ ਗਈ ਸੀ।
ਇੱਥੇ ਅਕਸਰ ਸੋਨੇ ਦੇ ਚੜ੍ਹਾਵੇ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਔਸਤਨ, ਇੱਕ ਲੱਖ ਤੋਂ ਵੱਧ ਸ਼ਰਧਾਲੂ ਹਰ ਰੋਜ਼ ਮੰਦਰ ਵਿੱਚ ਨਾ ਸਿਰਫ਼ ਮੱਥਾ ਟੇਕਦੇ ਹਨ, ਸਗੋਂ ਦਾਨ ਵੀ ਕਰਦੇ ਹਨ।
ਮੰਦਰ ਦੇ ਦਾਨ ਬਕਸਿਆਂ ਵਿੱਚ ਨਾ ਸਿਰਫ਼ ਲੱਖਾਂ ਰੁਪਏ ਚੜ੍ਹਦੇ ਹਨ, ਗਹਿਣੇ ਚੜ੍ਹਾਉਣ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ।
ਇੱਕ ਪ੍ਰਾਚੀਨ ਮਾਨਤਾ ਹੈ ਕਿ ਜਦੋਂ ਭਗਵਾਨ ਵੈਂਕਟੇਸ਼ਵਰ ਪਦਮਾਵਤੀ ਨਾਲ ਆਪਣੇ ਵਿਆਹ ਦੀ ਯੋਜਨਾ ਬਣਾ ਰਹੇ ਸਨ ਤਾਂ ਉਨ੍ਹਾਂ ਕੋਲ ਪੈਸੇ ਦੀ ਕਮੀ ਸੀ, ਇਸ ਲਈ ਉਹ ਧਨ ਦੇ ਦੇਵਤਾ ਕੁਬੇਰ ਕੋਲ ਗਏ ਅਤੇ ਇੱਕ ਕਰੋੜ ਰੁਪਏ ਅਤੇ ਇੱਕ ਕਰੋੜ ਸੋਨੇ ਦੇ ਸਿੱਕੇ ਮੰਗੇ।
ਅੱਜ ਵੀ ਮੰਨਿਆ ਜਾਂਦਾ ਹੈ ਕਿ ਭਗਵਾਨ ਵੈਂਕਟੇਸ਼ਵਰ 'ਤੇ ਅਜੇ ਵੀ ਉਹ ਕਰਜ਼ਾ ਹੈ ਅਤੇ ਸ਼ਰਧਾਲੂ ਇਸ ਕਰਜ਼ੇ 'ਤੇ ਵਿਆਜ ਚੁਕਾਉਣ ਵਿਚ ਉਹਨਾਂ ਦੀ ਮਦਦ ਕਰਨ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਦੇ ਹਨ।
ਤਿਰੁਮਾਲਾ ਮੰਦਰ ਨੂੰ ਹਰ ਸਾਲ ਲਗਭਗ ਇੱਕ ਟਨ ਸੋਨਾ ਦਾਨ ਮਿਲਦਾ ਹੈ। ਮੁੱਖ ਮੰਦਰ ਦੀ ਇਮਾਰਤ ਮਜ਼ਬੂਤ ਕੰਧਾਂ ਨਾਲ ਘਿਰੀ ਹੋਈ ਹੈ ਅਤੇ ਮੰਦਰ ਦੇ ਅੰਦਰ ਕਿਸੇ ਨੂੰ ਵੀ ਫੋਟੋਗ੍ਰਾਫੀ ਦੀ ਇਜਾਜ਼ਤ ਨਹੀਂ ਹੈ।
ਹੁਣ ਜੋ ਲੱਡੂ ਚਰਚਾ ਵਿੱਚ ਹਨ, ਉਹ ਮੰਦਰ ਦੀ ਗੁਪਤ ਰਸੋਈ ਵਿੱਚ ਤਿਆਰ ਕੀਤੇ ਜਾਂਦੇ ਹਨ। ਇਸ ਰਸੋਈ ਨੂੰ ਪੋਟੂ ਕਿਹਾ ਜਾਂਦਾ ਹੈ।
ਮੰਨਿਆ ਜਾਂਦਾ ਹੈ ਕਿ ਇੱਥੇ ਹਰ ਰੋਜ਼ ਹਜ਼ਾਰਾਂ ਲੱਡੂ ਤਿਆਰ ਕੀਤੇ ਜਾਂਦੇ ਹਨ।
ਤਿਰੁਮਾਲਾ ਤਿਰੂਪਤੀ ਦੇਵਸਥਾਨਮ ਦੇ ਅਧਿਕਾਰੀਆਂ ਮੁਤਾਬਕ ਲੱਡੂ, ਵੜਾ, ਅੱਪਮ, ਮਨੋਹਰਮ ਅਤੇ ਜਲੇਬੀ ਵਰਗੇ ਪ੍ਰਸ਼ਾਦ ਸ਼ਰਧਾਲੂਆਂ ਵਿੱਚ ਵੰਡੇ ਜਾਂਦੇ ਹਨ।
ਇਨ੍ਹਾਂ ਵਿੱਚੋਂ ਲੱਡੂ ਸਭ ਤੋਂ ਪੁਰਾਣਾ ਅਤੇ ਪ੍ਰਸਿੱਧ ਪ੍ਰਸ਼ਾਦ ਹੈ। ਇਸ ਨੂੰ ਪ੍ਰਸ਼ਾਦ ਵਜੋਂ ਦੇਣ ਦੀ ਪਰੰਪਰਾ 300 ਸਾਲਾਂ ਤੋਂ ਚੱਲੀ ਆ ਰਹੀ ਹੈ। ਤਿਰੁਮਾਲਾ ਵਿੱਚ ਹਰ ਰੋਜ਼ ਸਾਢੇ ਤਿੰਨ ਲੱਖ ਲੱਡੂ ਬਣਾਏ ਜਾਂਦੇ ਹਨ।
ਸਾਲ 2009 ਵਿੱਚ, ਤਿਰੂਪਤੀ ਲੱਡੂ ਨੂੰ 'ਜਿਓਗ੍ਰਾਫੀਕਾਲ ਇੰਡਿਕੈਟਰ ਯਾਨੀ ਭੂਗੋਲਿਕ ਸੂਚਕ' ਦਿੱਤਾ ਗਿਆ ਸੀ।
ਲੱਡੂ ਛੋਲਿਆਂ ਦੇ ਆਟੇ, ਮੱਖਣ, ਚੀਨੀ, ਕਾਜੂ, ਸੌਗੀ ਅਤੇ ਇਲਾਇਚੀ ਤੋਂ ਬਣਾਏ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਇਸ ਲੱਡੂ ਨੂੰ ਬਣਾਉਣ ਦਾ ਤਰੀਕਾ 300 ਸਾਲ ਪੁਰਾਣਾ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












