ਟਰੰਪ ਉੱਤੇ ਹਮਲੇ ਦੀ ਨਵੀਂ ਫੁਟੇਜ ਆਈ ਸਾਹਮਣੇ, ਕੀ ਹੋਇਆ ਖ਼ੁਲਾਸਾ ਤੇ ਸੀਕਰੇਟ ਸਰਵਿਸ ਦੀ ਗੱਲਬਾਤ

ਤਸਵੀਰ ਸਰੋਤ, Getty Images
- ਲੇਖਕ, ਥੌਮਸ ਮੈਕਿੰਨਟੋਸ਼
- ਰੋਲ, ਬੀਬੀਸੀ ਨਿਊਜ਼, ਲੰਡਨ ਤੋਂ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਤੋਂ ਤੁਰੰਤ ਮਗਰੋਂ ਰਿਕਾਰਡ ਕੀਤੀ ਗਈ ਇੱਕ ਬੌਡੀਕੈਮ ਫੁਟੇਜ ਸਾਹਮਣੇ ਆਈ ਹੈ।
ਫੁਟੇਜ ਵਿੱਚ ਸੀਕਰੇਟ ਸਰਵਿਸਿਜ਼ ਦੇ ਅਧਿਕਾਰੀ ਨੂੰ ਗੋਲੀ ਚਲਾਉਣ ਵਾਲੇ ਦੇ ਬੇਜਾਨ ਸਰੀਰ ਕੋਲ ਖੜ੍ਹੇ ਦੇਖਿਆ ਜਾ ਸਕਦਾ ਹੈ।
ਲਾਸ਼ ਦੇ ਕੋਲ ਮ੍ਰਿਤਕ ਦੇ ਖੂਨ ਦੀ ਧਾਰਾ ਵਹਿੰਦੀ ਵੀ ਦੇਖੀ ਜਾ ਸਕਦੀ ਹੈ। ਜਿਸ ਦੀ ਪਛਾਣ 20 ਸਾਲਾ ਥੌਮਸ ਮੈਥਿਊ ਕਰੂਕਸ ਵਜੋਂ ਕੀਤੀ ਗਈ ਸੀ।
ਇਹ ਫੁਟੇਜ ਸੀਕਰੇਟ ਸਰਵਿਸਿਜ਼ ਦੀ ਨਿਰਦੇਸ਼ਕ ਕਿਮ ਸ਼ੀਟਲ ਵੱਲੋਂ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਤੋਂ ਬਾਅਦ ਸਾਹਮਣੇ ਆਈ ਹੈ।
ਬੌਡੀਕੈਮ ਦੀ ਵੀਡੀਓ ਜੋ ਕਿ ਬਟਲਰ ਕਾਊਂਟੀ ਐਮਰਜੈਂਸੀ ਸਰਵਿਸਿਜ਼ ਯੂਨਿਟ ਵੱਲੋਂ ਬਣਾਇਆ ਗਿਆ ਹੈ, ਨੂੰ ਰਿਪਬਲਿਕਨ ਸੈਨੇਟਰ ਚੱਕ ਗਰਾਸਲੀ ਵੱਲੋਂ ਆਪਣੇ ਟਵਿੱਟਰ ਹੈਂਡਲ ਉੱਤੇ ਸਾਂਝਾ ਕੀਤਾ ਗਿਆ।
ਵੀਡੀਓ ਵਿੱਚ ਹਮਲਾਵਰ ਦੀ ਲਾਸ਼ ਵੱਲ ਇਸ਼ਾਰਾ ਕਰਦੇ ਹੋਏ ਇੱਕ ਸੀਕਰੇਟ ਸਰਵਿਸ ਏਜੰਟ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, “ਇੱਕ ਬੀਵਰ ਕਾਊਂਟੀ ਸਨਾਈਪਰ ਨੇ ਦੇਖਿਆ ਅਤੇ ਤਸਵੀਰਾਂ ਭੇਜ ਦਿੱਤੀਆਂ, ਇਹ ਉਹੀ ਹੈ।”
ਇੱਕ ਅਧਿਕਾਰੀ ਏਜੰਟ ਨੂੰ ਫੁਟੇਜ ਬਾਰੇ ਪੁੱਛਦਾ ਹੈ, “ਮੈਨੂੰ ਨਹੀਂ ਪਤਾ ਕਿ ਤੁਹਾਨੂੰ ਵੀ ਉਹੀ ਮਿਲੀ ਹੈ, ਜੋ ਤੁਹਾਨੂੰ ਮਿਲੀ ਹੈ।”
ਏਜੰਟ ਨੇ ਜਵਾਬ ਦਿੱਤਾ,“ਮੈਨੂੰ ਲੱਗਦਾ ਹੈ, ਹਾਂ, ਉਸ (ਹਮਲਾਵਰ) ਨੇ ਐਨਕਾਂ ਲਾਈਆਂ ਹੋਈਆਂ ਹਨ।”
ਅਧਿਕਾਰੀ ਅੱਗੇ ਕਹਿੰਦਾ ਹੈ, ਸਨਾਈਪਰ ਨੇ “ਅਸਲੀ ਤਸਵੀਰਾਂ ਭੇਜੀਆਂ ਸਨ ਅਤੇ ਉਸ (ਹਮਲਾਵਰ) ਨੂੰ ਬਾਈਕ ਉੱਤੇ ਆਉਂਦੇ ਦੇਖਿਆ ਸੀ। ਉਸ ਨੇ ਬੁੱਕ ਬੈਗ ਥੱਲੇ ਰੱਖਿਆ ਅਤੇ ਫਿਰ ਓਝਲ ਹੋ ਗਿਆ।”
ਏਜੰਟ ਪੁੱਛਦਾ ਹੈ ਕਿ ਇੱਕ " ਸੁੱਟੀ ਹੋਈ ਬਾਈਕ ਜੋ ਸਾਨੂੰ ਮਿਲੀ ਹੈ, ਉਹ ਉਸੇ ਦੀ ਹੈ"।

ਅਧਿਕਾਰੀ ਕਹਿੰਦਾ ਹੈ, ਸਾਨੂੰ ਨਹੀਂ ਪਤਾ।
ਚਰਚਾ ਵਿੱਚ ਭੀੜ ਵਿਚਲੇ ਪੀੜਤਾਂ ਬਾਰੇ ਅਤੇ ਫਿਲਮ ਬਣਾ ਰਹੇ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਵੀ ਗੱਲਬਾਤ ਸੁਣੀ ਜਾ ਸਕਦੀ ਹੈ।
ਸੈਨੇਟਰ ਗਰਾਸਲੀ ਕਾਂਗਰਸ ਦੇ ਉਨ੍ਹਾਂ ਕਈ ਮੈਂਬਰਾਂ ਵਿੱਚ ਹਨ, ਜੋ ਹਾਦਸੇ ਦੀ ਮੁਕੰਮਲ ਜਾਂਚ ਦੀ ਮੰਗ ਕਰ ਰਹੇ ਹਨ।
ਸੋਮਵਾਰ ਨੂੰ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਦੀ ਓਵਰਸਾਈਟ ਕਮੇਟੀ ਵਿੱਚ ਸ਼ਾਮਲ ਸੰਸਦ ਮੈਂਬਰਾਂ ਨੇ ਰੈਲੀ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਤਿਆਰੀਆਂ ਬਾਰੇ ਕਿਮ ਸ਼ੀਟਲ ਤੋਂ ਛੇ ਘੰਟੇ ਪੁੱਛਗਿੱਛ ਕੀਤੀ।
ਚੀਥਲੇ ਨੇ ਗੋਲੀਬਾਰੀ ਨੂੰ “ਸੀਕਰੇਟ ਸਰਵਿਸਿਜ਼ ਦੇ ਕੰਮਕਾਜ ਦੀ ਪਿਛਲੇ ਦਹਾਕਿਆਂ ਦੌਰਾਨ ਸਭ ਤੋਂ ਅਹਿਮ ਅਸਫ਼ਲਤਾ” ਦੱਸਿਆ।
ਇੱਕ ਚਸ਼ਮਦੀਦ ਨੇ ਬੀਬੀਸੀ ਨੂੰ ਇੱਕ ਸ਼ੱਕੀ ਵਿਅਕਤੀ (ਕਰੂਕਸ ਨੂੰ) ਦੇ ਰੈਲੀ ਤੋਂ ਕੁਝ ਮਿੰਟ ਪਹਿਲਾਂ ਇੱਕ ਛੱਤ ਉੱਤੇ ਚੜ੍ਹਦੇ ਦੇਖਣ ਬਾਰੇ ਦੱਸਿਆ ਸੀ।
ਕਰੂਕਸ ਨੂੰ ਪੁਲਿਸ ਦੇ ਇੱਕ ਸਨਾਈਪਰ ਨੇ ਗੋਲੀਬਾਰੀ ਤੋਂ ਤੁਰੰਤ ਮਗਰੋਂ ਮਾਰ ਡੇਗਿਆ ਸੀ।
ਟਰੰਪ ਦਾ ਸੱਜਾ ਕੰਨ ਜ਼ਖਮੀ ਹੋ ਗਿਆ ਸੀ। ਉਨ੍ਹਾਂ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੂੰ ਲੱਗਿਆ ਕਿ ਗੋਲੀ ਉਨ੍ਹਾਂ ਦਾ ਕੰਨ ਚੀਰ ਗਈ।
ਜਦੋਂ ਅਧਿਕਾਰੀ ਟਰੰਪ ਵੱਲ ਭੱਜੇ ਤਾਂ ਉਨ੍ਹਾਂ ਦੇ ਕੰਨ ਕੋਲੋਂ ਖੂਨ ਵਹਿੰਦੇ ਦੇਖਿਆ ਜਾ ਸਕਦਾ ਸੀ।
ਕਰੂਕਸ ਦੀ ਕੀ ਸੀ ਸ਼ਖਸੀਅਤ

ਤਸਵੀਰ ਸਰੋਤ, CBC
ਹੁਣ ਤੱਕ, ਸ਼ਸ਼ੋਪੰਜ ਵੀ ਹੈ ਅਤੇ ਸਥਿਤੀ ਵਿਵਾਦਪੂਰਨ ਵੀ ਹੈ -ਤਸਵੀਰ ਸਪੱਸ਼ਟ ਹੋ ਰਹੀ ਹੈ ਕਿ ਥੌਮਸ ਮੈਥਿਊ ਕਰੂਕਸ ਇਨਸਾਨ ਵਜੋਂ ਕਿਹੋ ਜਿਹਾ ਸੀ।
ਉਹ ਸਥਾਨਕ ਨੌਜਵਾਨ ਜੋ ਉਸ ਨਾਲ ਸਕੂਲ ਜਾਇਆ ਕਰਦੇ ਸਨ, ਉਨ੍ਹਾਂ ਨੇ ਸਥਾਨਕ ਨਿਊਜ਼ ਆਊਟਲੈਟ ਕੇਡੀਕੇਏ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਇਕੱਲਾ ਰਹਿੰਦਾ ਸੀ ਅਤੇ ਅਕਸਰ ਹੀ ਧੱਕੇਸ਼ਾਹੀ ਦਾ ਸ਼ਿਕਾਰ ਹੁੰਦਾ ਸੀ ।
ਬੀਬੀਸੀ ਨਾਲ ਗੱਲ ਕਰਦਿਆਂ ਉਸਦੇ ਇੱਕ ਹੋਰ ਸਾਬਕਾ ਸਹਿਪਾਠੀ ਸਮਰ ਬਾਰਕਲੀ ਨੇ ਉਸ ਨੂੰ ਵੱਖਰਾ ਦੱਸਿਆ, ਉਹ ਦੱਸਦੇ ਹਨ , "ਉਸ ਦੇ ਇਮਤਿਹਾਨਾਂ ਵਿੱਚ ਹਮੇਸ਼ਾਂ ਚੰਗੇ ਅੰਕ ਆਉਂਦੇ ਸਨ" ਅਤੇ "ਇਤਿਹਾਸ ਨਾਲ ਉਸ ਨੂੰ ਕਾਫੀ ਲਗਾਅ ਸੀ।"
ਉਨ੍ਹਾਂ ਨੇ ਕਿਹਾ ਕਿ ਇਓਂ ਲੱਗਦਾ ਸੀ ਕਿ ਸਰਕਾਰ ਅਤੇ ਇਤਿਹਾਸ ਬਾਰੇ ਉਹ ਸਭ ਕੁਝ ਜਾਣਦਾ ਸੀ।
ਉਨ੍ਹਾਂ ਦੱਸਿਆ ਕਿ ਉਸ ਨੂੰ ਅਧਿਆਪਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਸੀ ।
ਜਦਕਿ ਬਾਕੀ ਉਸ ਨੂੰ ਸ਼ਾਂਤ ਇਨਸਾਨ ਵਜੋਂ ਜਾਣਦੇ ਸਨ ।
ਇੱਕ ਹੋਰ ਸਾਬਕਾ ਸਹਿਪਾਠੀ ਨੇ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ, "ਮੈਂ ਕਿਸੇ ਬਾਰੇ ਨਹੀਂ ਸੋਚ ਸਕਦਾ ਜੋ ਉਸਨੂੰ ਚੰਗੀ ਤਰ੍ਹਾਂ ਜਾਣਦਾ ਸੀ, ਉਹ ਅਜਿਹਾ ਮੁੰਡਾ ਨਹੀਂ ਸੀ ਜਿਸ ਬਾਰੇ ਮੈਂ ਸੱਚਮੁੱਚ ਸੋਚਦਾ ਸੀ ਪਰ ਉਹ ਠੀਕ ਲੱਗ ਰਿਹਾ ਸੀ।"








