ਅਮਰੀਕੀ ਸੀਕਰੇਟ ਸਰਵਿਸ ਮੁਖੀ ਦਾ ਅਸਤੀਫ਼ਾ: ਟਰੰਪ ਉੱਤੇ ਹਮਲੇ ਤੋਂ ਬਾਅਦ ਸਵਾਲਾਂ ਵਿੱਚ ਆਈ ਏਜੰਸੀ ਕੀ ਹੈ

ਤਸਵੀਰ ਸਰੋਤ, Getty Images
- ਲੇਖਕ, ਚਰਨਜੀਤ ਕੌਰ ਸੰਧੂ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੀ ਸੁਰੱਖਿਆ ਏਜੰਸੀ ਸੀਕਰੇਟ ਸਰਵਿਸ ਦੇ ਡਾਇਰੈਕਟਰ ਕਿਮ ਸ਼ੀਟਲ ਵੱਲੋਂ ਡੌਨਲਡ ਟਰੰਪ ਦੀ ਸੁਰੱਖਿਆ ਵਿੱਚ ਨਾਕਾਮ ਰਹਿਣ ਕਰਕੇ ਅਸਤੀਫਾ ਦੇ ਦਿੱਤਾ ਗਿਆ ਹੈ।
ਏਜੰਸੀ ਸਟਾਫ ਨੂੰ ਲਿਖੀ ਚਿੱਠੀ ਵਿੱਚ ਕਿਮ ਸ਼ੀਟਲ ਨੇ ਕਿਹਾ , "ਤੁਹਾਡੀ ਡਾਇਰੈਕਟਰ ਹੋਣ ਕਰਕੇ, ਮੈਂ ਸੁਰੱਖਿਆ ਕੋਤਾਹੀ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ"।
ਡੌਨਲਡ ਟਰੰਪ ਉੱਪਰ ਹੋਏ ਹਮਲੇ ਤੋਂ ਬਾਅਦ ਕਿਮ ਸ਼ੀਟਲ ਡੈਮੋਕ੍ਰੇਟਸ ਅਤੇ ਰਿਪਬਲੀਕਨਜ਼ ਦੀ ਅਲੋਚਨਾ ਸਹਿ ਰਹੇ ਸਨ ।
ਬੀਤੇ 14 ਜੁਲਾਈ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿੱਚ ਜਾਨਲੇਵਾ ਹਮਲਾ ਹੋਇਆ ਸੀ।
ਡੌਨਲਡ ਟਰੰਪ ਰਿਪਬਲਿਕ ਪਾਰਟੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਹਨ, ਜਿਸ ਵੇਲੇ ਉਨ੍ਹਾਂ ਉੱਤੇ ਹਮਲਾ ਹੋਇਆ, ਉਹ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਰੈਲੀ ਦੇ ਨੇੜੇ ਇੱਕ ਛੱਤ ਉੱਤੇ ਖੜ੍ਹੇ ਵਿਅਕਤੀ ਨੇ ਉਨ੍ਹਾਂ ਉੱਤੇ ਗੋਲ਼ੀ ਚਲਾਈ ਜਿਸ ਦੇ ਛਰ੍ਹੇ ਉਨ੍ਹਾਂ ਦੇ ਕੰਨ ਉੱਤੇ ਲੱਗੇ ਪਰ ਉਨ੍ਹਾਂ ਦੀ ਜਾਨ ਬਚ ਗਈ।
ਇਸ ਮਗਰੋਂ ਅਮਰੀਕੀ ਸੀਕਰੇਟ ਸਰਵਿਸ ਦੀ ਡਾਇਰੈਕਟਰ ਕਿਮ ਚਿਅਟਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਅਸਤੀਫ਼ੇ ਵਿੱਚ ਕਿਹਾ, "ਮੈਂ ਸਰੁੱਖਿਆ ਵਿੱਚ ਹੋਈ ਕੋਤਾਹੀ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ।"

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਮੌਜੂਦਾ ਅਤੇ ਸਾਬਕਾ ਰਾਸ਼ਟਰਪਤੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੇਸ ਦੀ ਜਿਸ ਏਜੰਸੀ ਕੋਲ ਹੁੰਦੀ ਹੈ, ਉਸ ਨੂੰ ਸੀਕਰੇਟ ਸਰਵਿਸ ਕਿਹਾ ਜਾਂਦਾ ਹੈ।
ਡੌਨਲਡ ਟਰੰਪ 'ਤੇ ਹੋਏ ਹਮਲੇ ਤੋਂ ਬਾਅਦ ਸੀਕਰੇਟ ਸਰਵਿਸ ਦੀ ਕਾਰਗੁਜ਼ਾਰੀ, ਸੁਰੱਖਿਆ ਰਣਨੀਤੀ ਅਤੇ ਮੁਸਤੈਦੀ ਸਵਾਲਾਂ ਉੱਤੇ ਸਵਾਲ ਖੜ੍ਹੇ ਹੋਏ ਸਨ।
ਦਰਅਸਲ ਅਮਰੀਕਾ ਨੇ ਆਪਣੇ ਚਾਰ ਰਾਸ਼ਟਰਪਤੀਆਂ ਦਾ ਕਤਲ ਦੇਖਿਆ ਹੈ।
1865 'ਚ ਅਬਰਾਹਿਮ ਲਿੰਕਨ, 1881 'ਚ ਜੇਮਜ਼ ਏ ਗਾਰਫਿਲਡ, 1901 'ਚ ਵਿਲੀਅਮ ਮੈਕਿਨਲੇ ਅਤੇ 1963 'ਚ ਜੌਨ ਐਫ ਕੈਨੇਡੀ ਦਾ ਕਤਲ ਹੋਇਆ ਸੀ।

ਇਸ ਦੇ ਨਾਲ ਹੀ 43 ਸਾਲ ਪਹਿਲਾਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਵੀ ਇੱਕ ਹਮਲਾਵਰ ਨੇ ਗੋਲੀ ਮਾਰੀ ਸੀ, ਪਰ ਉਨ੍ਹਾਂ ਦੀ ਜਾਨ ਬਚ ਗਈ ਸੀ।
ਇਸ ਲਈ ਲਾਜ਼ਮੀ ਹੈ ਕਿ ਅਮਰੀਕਾ ਆਪਣੇ ਰਾਸ਼ਟਰਪਤੀਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਹੈ।
ਟਰੰਪ ਉੱਤੇ ਹੋਏ ਹਮਲੇ ਨੇ ਚਾਰ ਦਹਾਕੇ ਬਾਅਦ ਅਮਰੀਕੀ ਏਜੰਸੀਆਂ ਅੱਗੇ ਮੁੜ ਉਹੀ ਸਵਾਲ ਖੜ੍ਹਾ ਕਰ ਦਿੱਤਾ ਕਿ ਸੀਕਰੇਟ ਏਜੰਸੀ ਕਿੰਨੀ ਕੂ ਮੂਸਤੈਦ ਹੈ।
ਸਵਾਲ ਇਸ ਲਈ ਬਣਦਾ ਹੈ, ਕਿਉਂਕਿ ਸੁਰੱਖਿਆ ਏਜੰਸੀਆਂ ਨੇ, ਜਿਸ ਥਾਂ ਨੂੰ ਟਰੰਪ ਲਈ ਮਹਿਫੂਜ਼ ਬਣਾਇਆ ਸੀ, ਉੱਥੇ ਮੰਚ 'ਤੇ ਖੜੇ ਡੌਨਲਡ ਟਰੰਪ 'ਤੇ ਹਮਲਾਵਰ ਨੇ ਚਾਰ ਗੋਲੀਆਂ ਕਿਵੇਂ ਦਾਗੀਆਂ?
ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਅਮਰੀਕਾ ਦੇ ਅਗਲੇ ਸੰਭਾਵੀ ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਸੀਕਰੇਟ ਸਰਵਿਸ ਨੇ ਇੰਨੀ ਗੰਭੀਰ ਕੋਤਾਹੀ ਕਿਵੇਂ ਕੀਤੀ ?
ਇਸ ਰਿਪੋਰਟ ਰਾਹੀ ਤੁਹਾਨੂੰ ਦੱਸਦੇ ਹਾਂ ਕਿ ਜਿਸ ਸੀਕਰੇਟ ਸਰਵਿਸ 'ਤੇ ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਕੀ ਹੈ ਅਤੇ ਕਿਹੜੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ।
ਇਸ ਦੇ ਨਾਲ ਹੀ ਇਸ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਭਾਰਤੀ ਪ੍ਰਧਾਨ ਮੰਤਰੀਆਂ ਦੀ ਸੁਰੱਖਿਆ ਲਈ ਬਣੀ ਏਜੰਸੀ ਐੱਸਪੀਜੀ ਕੀ ਹੈ ਅਤੇ ਇਸ ਦੀਆਂ ਕੀ ਜ਼ਿੰਮੇਵਾਰੀਆਂ ਹਨ।
ਸੀਕਰੇਟ ਸਰਵਿਸ ਕਦੋਂ ਬਣੀ ਸੀ

ਤਸਵੀਰ ਸਰੋਤ, Getty Images
ਉਂਝ ਇਹ ਏਜੰਸੀ 1865 ਵਿੱਚ ਬਣੀ ਸੀ, ਪਰ 1901 ਤੋਂ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਦਾ ਕੰਮ ਸੌਂਪਿਆ ਗਿਆ ਸੀ। ਇਸ ਤੋਂ ਪਹਿਲਾਂ ਇਸ ਏਜੰਸੀ ਦੀ ਜ਼ਿੰਮੇਵਾਰੀ ਅਮਰੀਕਾ ਦੇ ਵਿੱਤੀ ਢਾਂਚੇ ਨੂੰ ਸਥਿਰ ਕਰਨ ਲਈ ਜਾਲਸਾਜ਼ੀ ਰੋਕਣਾ ਸੀ ।
ਪਰ 1901 ਵਿੱਚ ਅਮਰੀਕੀ ਰਾਸ਼ਟਰਪਤੀ ਵਿਲੀਅਮ ਮੈਕਿਨਲੇ ਦੇ ਕਤਲ ਤੋਂ ਬਾਅਦ ਸੀਕ੍ਰੇਟ ਸਰਵਿਸ ਨੂੰ ਰਾਸ਼ਟਰਪਤੀ ਸਣੇ ਕਈ ਹੋਰ ਅਹਿਮ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਵੀ ਸੌਂਪ ਦਿੱਤਾ ਗਿਆ ਸੀ।
ਲਗਭਗ 7000 ਹਜ਼ਾਰ ਏਜੰਟ ਅਤੇ ਅਫਸਰ ਸੀਕ੍ਰੇਟ ਸਰਵਿਸ ਵਿੱਚ ਕੰਮ ਕਰਦੇ ਹਨ। ਇੰਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ 3200 ਸਪੈਸ਼ਲ ਏਜੰਟਸ , 1300 ਅਫ਼ਸਰ, 2000 ਤਕਨੀਕੀ ਮਾਹਰ ਅਤੇ ਹੋਰ ਸਟਾਫ ਹੁੰਦਾ ਹੈ।
ਇਸਦੀ ਟ੍ਰੇਨਿੰਗ ਦੁਨੀਆਂ ਦੀਆਂ ਸਭ ਤੋਂ ਮੁਸ਼ਕਿਲ ਸਿਖਲਾਈਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ।
ਯੂਐੱਸਏ ਸੀਕਰੇਟ ਸਰਵਿਸ ਦੀ ਅਧਿਕਾਰਤ ਵੈੱਬਸਾਈਟ ’ਤੇ ਦਿੱਤੀ ਜਾਣਕਾਰੀ ਦੇ ਮੁਤਾਬਕ ਇਹ ਏਜੰਸੀ, ਜਿਸ ਵਿਅਕਤੀ ਦੀ ਸੁਰੱਖਿਆ ਕਰਦੀ ਹੈ, ਉਸ ਨੂੰ ਸਰੀਰਕ ਸੁਰੱਖਿਆ ਦੇ ਇਲਾਵਾ ਏਅਰ ਸਪੇਸ, ਸਾਇਬਰ ਸਿਸਟਮ, ਰਸਾਇਣਕ ਅਤੇ ਜੈਵਿਕ ਹਥਿਆਰਾਂ ਦੇ ਹਮਲਿਆਂ ਤੋਂ ਵੀ ਸੁਰੱਖਿਅਤ ਕਰਦੀ ਹੈ ।
ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਸੀਕਰੇਟ ਸਰਵਿਸ ਦੇ ਸਥਾਈ ਪ੍ਰੋਟੈਕਟੀਜ਼ ਹੁੰਦੇ ਹਨ, ਜਿਨ੍ਹਾਂ ਲਈ ਪੱਕੇ ਤੌਰ ‘ਤੇ ਸਪੈਸ਼ਟਲ ਏਜੰਟਸ ਤੈਨਾਤ ਹੁੰਦੇ ਹਨ ।
ਇਸ ਦੇ ਨਾਲ ਹੀ 1965 ਵਿੱਚ ਅਮਰੀਕੀ ਕਾਂਗਰਸ ਨੇ ਸਾਬਕਾ ਰਾਸ਼ਟਰਪਤੀ, ਉਨ੍ਹਾਂ ਦੇ ਪਤੀ ਜਾਂ ਪਤਨੀ ਅਤੇ 16 ਸਾਲ ਤੋਂ ਛੋਟੇ ਬੱਚਿਆਂ ਨੂੰ ਵੀ ਸੀਕਰੇਟ ਸਰਵਿਸ ਦੀ ਸੁਰੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ। ਭਾਵੇਂਕਿ ਜੇ ਉਹ ਚਾਹੁੰਣ ਤਾਂ ਸੁਰੱਖਿਆ ਲੈਣ ਤੋਂ ਇਨਕਾਰ ਵੀ ਕਰ ਸਕਦੇ ਹਨ।
ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਪਤੀ ਜਾਂ ਪਤਨੀ ਵੀ ਸੀਕਰੇਟ ਸੁਰੱਖਿਆ ਹਾਸਿਲ ਕਰ ਸਕਦੇ ਹਨ।
ਸੀਕਰੇਟ ਸਰਵਿਸ ਦੀ ਸਿਕਿਓਰਿਟੀ ਵਿੱਚ ਕੀ-ਕੀ ਹੁੰਦਾ ਹੈ
ਅਮਰੀਕਾ ਦੇ ਰਾਸ਼ਟਰਪਤੀ ਦਾ ਤਿੰਨ ਲੇਅਰ ਦਾ ਸੁਰੱਖਿਆ ਘੇਰਾ ਹੁੰਦਾ ਹੈ ।
ਸਭ ਤੋਂ ਅੰਦਰ ਰਾਸ਼ਟਰਪਤੀ ਦੇ ਪ੍ਰੋਟੈਕਟਿਵ ਡਵੀਜ਼ਨ ਏਜੰਟ ਫਿਰ ਵਿਚਾਲੇ ਸੀਕਰੇਟ ਸਰਵਿਸ ਏਜੰਟ ਅਤੇ ਉਸ ਤੋਂ ਬਾਅਦ ਪੁਲਿਸ ਹੁੰਦੀ ਹੈ।
ਸੀਕਰੇਟ ਸਰਵਿਸ ਹੀ ਤੈਅ ਕਰਦੀ ਹੈ ਕਿ ਰਾਸ਼ਟਰਪਤੀ ਕਿੱਥੇ ਠਹਿਰਣਗੇ, ਉਸ ਥਾਂ ਦੀ ਪਹਿਲਾਂ ਪੜਤਾਲ ਕੀਤੀ ਜਾਂਦੀ ਹੈ, ਕਈ ਹੋਰ ਇੰਤਜ਼ਾਮ ਦੇਖੇ ਜਾਂਦੇ ਹਨ ।
ਸੀਕਰੇਟ ਸਰਵਿਸ ਅਤੇ ਲੋਕਲ ਏਜੰਸੀ ਰਾਸ਼ਟਰਪਤੀ ਦੇ ਕਾਫ਼ਲੇ ਦਾ ਰੂਟ ਤੈਅ ਕਰਦੀ ਹੈ, ਦੇਖਿਆ ਜਾਂਦਾ ਹੈ ਕਿ ਕਿਸੇ ਐਮਰਜੈਂਸੀ ਸਥਿਤੀ ਵਿੱਚ ਕਿਵੇਂ ਬਚ ਕੇ ਨਿਕਲਣਾ ਹੈ । ਜੇ ਕੋਈ ਹਮਲਾ ਹੁੰਦਾ ਹੈ ਤਾਂ ਸੁਰੱਖਿਅਤ ਥਾਂ ਕਿਹੜੀ ਹੈ ।
ਆਲੇ-ਦੁਆਲੇ ਦੇ ਹਸਪਤਾਲ ਕਿਹੜੇ ਹਨ, ਏਜੰਟ ਇਹ ਪੱਕਾ ਕਰਦੇ ਹਨ ਕਿ ਜਿੱਥੇ ਰਾਸ਼ਟਰਪਤੀ ਰੁਕੇ ਹੋਣ ਉਹ ਹਸਪਤਾਲ ਦੇ ਟਰੌਮਾ ਸੈਂਟਰ ਤੋਂ 10 ਮਿੰਟ ਤੋਂ ਵੱਧ ਦੂਰ ਨਾ ਹੋਵੇ ।
ਇੱਕ ਏਜੰਟ ਆਲੇ ਦੁਆਲੇ ਦੇ ਹਰ ਹਸਪਤਾਲ ਦੇ ਬਾਹਰ ਤੈਨਾਤ ਰਹਿੰਦਾ ਹੈ ਤਾਂ ਜੋ ਐਮਰਜੈਂਸੀ ਵਿੱਚ ਡਾਕਟਰਾਂ ਦੇ ਨਾਲ ਤਾਲਮੇਲ ਕਰ ਸਕਣ ।
ਉਨ੍ਹਾਂ ਦੇ ਬਲੱਡ ਗਰੁੱਪ ਦਾ ਖੂਨ ਵੀ ਨਾਲ ਰੱਖਿਆ ਜਾਂਦਾ ਹੈ ਕਿ ਕਿਤੇ ਕਿਸੇ ਸਥਿਤੀ ਵਿੱਚ ਉਨ੍ਹਾਂ ਨੂੰ ਖੂਨ ਚੜਾਉਣ ਦੀ ਲੋੜ ਪਏ ਤਾਂ ਇੰਤਜ਼ਾਰ ਨਾ ਕਰਨਾ ਪਵੇ ।
ਸੀਕਰੇਟ ਸਰਵਿਸ ‘ਤੇ ਇੱਕ ਹੋਰ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਦੇ ਨਾਲ ਹਰ ਵਕਤ ਰਹਿਣ ਵਾਲੇ ਫੌਜ ਦੇ ਉਸ ਸ਼ਖ਼ਸ ਨੂੰ ਵੀ ਸੁਰੱਖਿਅਤ ਰੱਖਣਾ ਹੁੰਦਾ ਹੈ, ਜਿਸ ਦੇ ਕੋਲ ਯੂਐੱਸ ਨਿਊਕਲੀਅਰ ਮਿਜ਼ਾਇਲ ਨੂੰ ਲਾਂਚ ਕਰਨ ਵਾਲਾ ਬ੍ਰੀਫਕੇਸ ਹੁੰਦਾ ਹੈ ।
ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਿਵੇਂ ਹੁੰਦੀ ਹੈ

ਤਸਵੀਰ ਸਰੋਤ, Getty Images
ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰਪਤੀਆਂ ਦੀ ਸੁਰੱਖਿਆ ਸੀਕਰੇਟ ਸਰਵਿਸ ਕਰਦੀ ਹੈ ਤਾਂ ਇਹ ਵੀ ਜਾਣਨਾ ਵੀ ਦਿਲਚਸਪ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਘੇਰਾ ਕਿਹੋ ਜਿਹਾ ਹੁੰਦਾ ਹੈ। ਇਸ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ।
ਭਾਰਤ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਕੋਲ ਹੁੰਦੀ ਹੈ। ਪ੍ਰਧਾਨ ਮੰਤਰੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇੱਕ ਤੈਅ ਸਮੇਂ ਲਈ ਇਸ ਏਜੰਸੀ ਦੀ ਸੁਰੱਖਿਆ ਮਿਲਦੀ ਹੈ।
ਸਾਲ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਦੇ ਕੁਝ ਸਾਲ ਬਾਅਦ 1988 ਵਿੱਚ ਐੱਸਪੀਜੀ ਦਾ ਗਠਨ ਹੋਇਆ ਸੀ। ਐੱਸਪੀਜੀ ਨੂੰ ਭਾਰਤ ਦੀ ਸਭ ਤੋਂ ਮਹਿੰਗੀ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਵਾਲੀ ਏਜੰਸੀ ਮੰਨਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਜਦੋਂ ਤੁਰਦੇ ਹਨ ਤਾਂ ਉਨ੍ਹਾਂ ਦੇ ਆਲੇ-ਦੁਆਲੇ ਕਾਲਾ ਸਫਾਰੀ ਸੂਟ,ਕਾਲੀਆਂ ਐਨਕਾਂ ਅਤੇ ਹੱਥ ਵਿੱਚ ਹਥਿਆਰ ਲਏ ਲੋਕ ਦੇਖੇ ਹੋਣਗੇ । ਇਨ੍ਹਾਂ ਦੇ ਕੋਲ ਵੌਕੀ-ਟੌਕੀ ਹੁੰਦਾ ਹੈ ਅਤੇ ਕੰਨ ਵਿੱਚ ਈਅਰਪੀਸ ਲੱਗਿਆ ਹੁੰਦਾ ਹੈ, ਇਹ ਐੱਸਪੀਜੀ ਅਧਿਕਾਰੀ ਹੁੰਦੇ ਹਨ ।
ਐੱਸਪੀਜੀ ਦੇ ਜਵਾਨ ਪਰਛਾਵੇਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਦੇ ਨਾਲ ਰਹਿੰਦੇ ਹਨ। ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦੇ ਹਨ ਐੱਸਪੀਜੀ ਅਤੇ ਸਥਾਨਕ ਪ੍ਰਸ਼ਾਸਨ ਮਿਲ ਕੇ ਉਨ੍ਹਾਂ ਨੂੰ ਸੁਰੱਖਿਆ ਦਿੰਦੇ ਹਨ।
ਐੱਸਪੀਜੀ ਦੇ ਇਹ ਜਵਾਨ ਕਈ ਤਰ੍ਹਾਂ ਦੀ ਵਿਸ਼ੇਸ਼ ਸਿਖਲਾਈ ਵਿੱਚੋਂ ਲੰਘਦੇ ਹਨ। ਉਨ੍ਹਾਂ ਨੂੰ ਖ਼ਾਸ ਤੌਰ ਉੱਤੇ ਇਸ ਕੰਮ ਲਈ ਤਿਆਰ ਕੀਤਾ ਜਾਂਦਾ ਹੈ।
ਕਿਵੇਂ ਵਿਸ਼ੇਸ਼ ਸੁਰੱਖਿਆ ਸਮੂਹ ਹੋਂਦ ਵਿੱਚ ਆਇਆ

ਤਸਵੀਰ ਸਰੋਤ, Getty Images
ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਸਾਲ 1947 ਵਿੱਚ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਤਾਂ ਉਦੋਂ ਖੁੱਲ੍ਹੀ ਕਾਰ ਵਿੱਚ ਯਾਤਰਾ ਕਰਦੇ ਸਨ।
ਨਹਿਰੂ ਲੋਕਾਂ ਵਿੱਚ ਮਕਬੂਲ ਆਗੂ ਜ਼ਰੂਰ ਸਨ ਪਰ ਉਨ੍ਹਾਂ ਨੂੰ ਵੀ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
1967 ਵਿੱਚ ਜਦੋਂ ਇੰਦਰਾ ਗਾਂਧੀ ‘ਤੇ ਪੱਥਰ ਸੁੱਟੇ ਗਏ ਤਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਧਾ ਦਿੱਤੀ ਗਈ ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਫੈਸਲਾਕੁਨ ਮੋੜ ਉਦੋਂ ਆਇਆ ਜਦੋਂ 31 ਅਕਤੂਬਰ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ।
ਅਗਲੇ ਹੀ ਸਾਲ 1985 ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਨ ਦੇ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ ਸਥਾਪਨਾ ਕਰ ਦਿੱਤੀ ਗਈ ਸੀ ਪਰ 1988 ਵਿੱਚ ਸੰਸਦ ਵਿੱਚ ਐੱਸਪੀਜੀ ਐਕਟ ਪਾਸ ਕੀਤਾ ਗਿਆ ਸੀ ।
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਰਿਪੋਰਟ ਦੇ ਮੁਤਾਬਕ 1991 ਵਿੱਚ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਐੱਸਪੀਜੀ ਐਕਟ ਵਿੱਚ ਸੋਧ ਕੀਤੀ ਗਈ ਅਤੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ 10 ਸਾਲ ਲਈ ਸੁਰੱਖਿਆ ਮੁਹੱਈਆ ਕਰਵਾਉਣਾ ਫੈਸਲਾ ਲਿਆ ਗਿਆ ।
ਪਰ 2003 ਦੇ ਵਿੱਚ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਨੇ ਐੱਸਪੀਜੀ ਐਕਟ ਵਿੱਚ ਤਰਮੀਮ ਕੀਤੀ।
ਇਸ ਸੋਧ ਮੁਤਾਬਕ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਇੱਕ ਸਾਲ ਦੇ ਲਈ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਐੱਸਪੀਜੀ ਸੁਰੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ। ਖ਼ਤਰੇ ਦਾ ਮੁਲਾਂਕਣ ਕਰਨ ਤੋਂ ਬਾਅਦ 01 ਸਾਲ ਤੋਂ ਵਧਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।
ਪਰ ਸਾਲ 2019 ਵਿੱਚ ਐੱਸਪੀਜੀ ਐਕਟ ਵਿੱਚ ਭਾਰਤ ਸਰਕਾਰ ਨੇ ਇੱਕ ਹੋਰ ਸੋਧ ਕੀਤੀ ।
ਐੱਸਪੀਜੀ ਦੀ ਵੈੱਬਸਾਈਟ ਮੁਤਾਬਕ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਅਮੈਂਡਮੈਂਟ ਐਕਟ ,2019 ਦੇ ਸੈਕਸ਼ਨ 4 ਦੇ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਉਹ ਪਰਿਵਾਰਕ ਮੈਂਬਰ ਜੋ ਉਨ੍ਹਾਂ ਦੀ ਨਾਲ ਰਹਿੰਦੇ ਹੋਣ, ਉਹ 5 ਸਾਲ ਲਈ ਵਿਸ਼ੇਸ਼ ਸੁਰੱਖਿਆ ਸਮੂਹ ਦੀ ਸੁਰੱਖਿਆ ਦੇ ਹੱਕਦਾਰ ਹੁੰਦੇ ਹਨ, ਪਰ ਜੇਕਰ ਉਹ ਚਾਹੁੰਣ ਤਾਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਸਕਦੇ ਹਨ ।












