ਜਦੋਂ ਰਾਜੀਵ ਗਾਂਧੀ ਉੱਤੇ ਇੱਕ ਤੋਂ ਬਾਅਦ ਇੱਕ ਗੋਲੀਆਂ ਚੱਲੀਆਂ ਤੇ ਹਮਲਾਵਰ ਨਜ਼ਰ ਨਹੀਂ ਆ ਰਿਹਾ ਸੀ

ਤਸਵੀਰ ਸਰੋਤ, Getty Images
- ਲੇਖਕ, ਰਿਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਸੁਰੱਖਿਆ ਵਿੱਚ ਕੁਤਾਹੀ ਕਾਰਨ ਮਹਾਤਮਾ ਗਾਂਧੀ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਹੱਤਿਆ ਹੋਈ ਹੈ।
ਕੋਈ ਵੀ ਸੁਰੱਖਿਆ ਪ੍ਰਣਾਲੀ ਉਦੋਂ ਤੱਕ ਹੀ ਪੂਰੀ ਤਰ੍ਹਾਂ ਮੁਸਤੈਦ ਲਗਦੀ ਹੈ ਜਦੋਂ ਤੱਕ ਹਮਲਾਵਰ ਉਸ ਵਿੱਚ ਸੰਨ੍ਹ ਨਾ ਲਾ ਦੇਣ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉੱਪਰ ਚੱਲੀਆਂ ਗੋਲੀਆਂ ਇਸੇ ਸਿਲਸਿਲੇ ਦੀ ਇੱਕ ਤਾਜ਼ਾ ਕੜੀ ਹਨ।
ਟਰੰਪ ਉੱਤੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਸੁਰੱਖਿਆ ਵਿੱਚ ਹੋਈ ਕੁਤਾਹੀ ਦੀ ਗੰਭੀਰ ਜਾਂਚ ਚੱਲ ਰਹੀ ਹੈ। ਇਸ ਦੇ ਨਾਲ ਹੀ ਦੁਨੀਆਂ ਭਰ ਵਿੱਚ ਵੀਆਈਪੀ ਸੁਰੱਖਿਆ ਵਿੱਚ ਲੱਗੀਆਂ ਏਜੰਸੀਆਂ ਨੇ ਵੀ ਆਪਣੀ ਪ੍ਰਣਾਲੀ ਦਾ ਰਿਵੀਊ ਕਰਨਾ ਸ਼ੁਰੂ ਕਰ ਦਿੱਤਾ ਹੈ।
ਭਾਰਤ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਦੁਨੀਆਂ ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਣਾਲੀਆਂ ਵਿੱਚ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸੁਰੱਖਿਆ ਕਵੱਚ ਨੂੰ ਮਜ਼ਬੂਤ ਬਣਾਉਣ ਦੀ ਲੋੜ ਮਹਿਸੂਸ ਕੀਤੀ ਗਈ ਅਤੇ ਲਗਾਤਾਰ ਅਪਗ੍ਰੇਡ ਕੀਤਾ ਜਾਂਦਾ ਰਿਹਾ ਹੈ।
ਭਾਰਤ ਵਿੱਚ ਇਤਿਹਾਸਕ ਤੌਰ ਉੱਤੇ ਕਈ ਅਜਿਹੀਆਂ ਗਲਤੀਆਂ ਹੋਈਆਂ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਬੈਠੇ ਵਿਅਕਤੀ ਦੀ ਜਾਨ ਨੂੰ ਖ਼ਤਰਾ ਪੈਦਾ ਹੋਇਆ ਅਤੇ ਸੁਰੱਖਿਆ ਏਜੰਸੀਆਂ ਨੂੰ ਸ਼ਰਮਿੰਦਗੀ ਚੁੱਕਣੀ ਪਈ। ਆਓ ਅਜਿਹੀਆਂ ਕੁਝ ਘਟਨਾਵਾਂ ਉੱਤੇ ਇੱਕ ਨਜ਼ਰ ਮਾਰਦੇ ਹਾਂ—
ਭੁਵਨੇਸ਼ਵਰ ਵਿੱਚ ਇੰਦਰਾ ਗਾਂਧੀ ਉੱਤੇ ਹਮਲਾ

ਤਸਵੀਰ ਸਰੋਤ, Getty Images
ਸਾਲ 1967 ਦੀਆਂ ਆਮ ਚੋਣਾਂ ਦੌਰਾਨ ਜਿਵੇਂ ਹੀ ਇੰਦਰਾ ਗਾਂਧੀ ਨੇ ਭੁਵਨੇਸ਼ਵਰ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ, ਇਕੱਠ ਵਿੱਚ ਮੌਜੂਦ ਕੁਝ ਲੋਕਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।
ਇੱਕ ਪੱਥਰ ਸੁਰੱਖਿਆ ਕਰਮੀ ਦੇ ਮੱਥੇ ਉੱਤੇ ਲੱਗਿਆ ਅਤੇ ਦੂਜਾ ਇੱਕ ਪੱਤਰਕਾਰ ਦੇ ਪੈਰ ਉੱਤੇ।
ਸੁਰੱਖਿਆ ਕਰਮੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਭਾਸ਼ਣ ਖਤਮ ਕਰ ਦੇਣ ਪਰ ਇੰਦਰਾ ਗਾਂਧੀ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਇਸ ਦੌਰਾਨ ਰਹਿ-ਰਹਿ ਕੇ ਮੰਚ ਉੱਤੇ ਪੱਥਰ ਮਾਰੇ ਜਾਂਦੇ ਰਹੇ। ਥੋੜ੍ਹੀ ਦੇਰ ਬਾਅਦ ਇੰਦਰਾ ਗਾਂਧੀ ਨੇ ਆਪਣਾ ਭਾਸ਼ਣ ਖਤਮ ਕੀਤਾ ਅਤੇ ਕੁਰਸੀ ਉੱਤੇ ਬੈਠ ਗਏ।
ਜਿਵੇਂ ਹੀ ਉਨ੍ਹਾਂ ਨੇ ਆਪਣਾ ਭਾਸ਼ਣ ਖਤਮ ਕੀਤਾ ਅਤੇ ਸਥਾਨਕ ਕਾਂਗਰਸੀ ਉਮੀਦਵਾਰ ਨੇ ਆਪਣੀ ਤਕਰੀਰ ਸ਼ੁਰੂ ਕੀਤੀ, ਪੱਥਰਾਂ ਦਾ ਮੀਂਹ ਇੱਕ ਵਾਰ ਫਿਰ ਸ਼ੂਰੂ ਹੋ ਗਿਆ।

ਕੈਥਰੀਨ ਫਰੈਂਕ ਇੰਦਰਾ ਗਾਂਧੀ ਦੀ ਜੀਵਨੀ ਵਿੱਚ ਲਿਖਦੇ ਹਨ, “ਇਹ ਦੇਖ ਕੇ ਇੰਦਰਾ ਗਾਂਧੀ ਛਲਾਂਗ ਮਾਰ ਕੇ ਉੱਠੇ ਅਤੇ ਮਾਈਕ ਉੱਤੇ ਪਹੁੰਚ ਕੇ ਚੀਕਣ ਲੱਗੇ, ਇਹ ਕੀ ਬਦਤਮਜ਼ੀ ਹੈ? ਕੀ ਇਸ ਤਰ੍ਹਾਂ ਤੁਸੀਂ ਦੇਸ ਨੂੰ ਬਣਾਓਗੇ? ਉਸੇ ਸਮੇਂ ਇਕੱਠਿਆਂ ਕਈ ਪੱਥਰ ਸੁੱਟੇ ਗਏ ਅਤੇ ਇੱਕ ਪੱਥਰ ਸਿੱਧਾ ਇੰਦਰਾ ਗਾਂਧੀ ਦੇ ਮੂੰਹ ਉੱਤੇ ਆ ਕੇ ਲੱਗਿਆ। ਉਨ੍ਹਾਂ ਦੀ ਨੱਕ ਵਿੱਚੋਂ ਖੂਨ ਵਗਣ ਲੱਗਿਆ। ਪੱਥਰ ਨੇ ਉਨ੍ਹਾਂ ਦੇ ਨੱਕ ਦੀ ਹੱਡੀ ਤੋੜ ਦਿੱਤੀ ਸੀ।”
ਲੇਕਿਨ ਇੰਦਰਾ ਗਾਂਧੀ ਨੇ ਆਪਣਾ ਚੋਣ ਪ੍ਰਚਾਰ ਨਹੀਂ ਰੋਕਿਆ, ਅਗਲੇ ਕਈ ਦਿਨਾਂ ਤੱਕ ਆਪਣੀ ਨੱਕ ਉੱਤੇ ਪੱਟੀ ਬੰਨ੍ਹ ਕੇ ਚੋਣ ਪ੍ਰਚਾਰ ਕਰਦੇ ਰਹੇ। ਆਪਣੇ ਉੱਤੇ ਹੱਸਦੇ ਹੋਏ ਉਨ੍ਹਾਂ ਨੇ ਕਿਹਾ ਮੈਂ ਬਿਲਕੁਲ ਬੈਟਮੈਨ ਵਰਗੀ ਲੱਗ ਰਹੀ ਹਾਂ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹੋਈ ਬਹੁਤ ਵੱਡੀ ਕੁਤਾਹੀ ਸੀ।
ਬਲਿਊ ਬੁੱਕ ਦੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਲੋਕਾਂ ਨੂੰ ਮੰਚ ਦੇ ਇੰਨਾ ਨੇੜੇ ਆਉਣ ਦਿੱਤਾ ਗਿਆ, ਜਿੱਥੋਂ ਉਨ੍ਹਾਂ ਦੇ ਪੱਥਰ ਮੰਚ ਤੱਕ ਪਹੁੰਚ ਸਕਦੇ ਸਨ। ਸਾਫ਼ ਹੈ, ਇਹ ਸੁਰੱਖਿਆ ਏਜੰਸੀਆਂ ਲਈ ਇੱਕ ਸਬਕ ਸੀ।
ਰਾਜਘਾਟ ਵਿੱਚ ਰਾਜੀਵ ਗਾਂਧੀ ਉੱਤੇ ਹਮਲਾ

ਤਸਵੀਰ ਸਰੋਤ, Getty Images
ਸਾਲ 1984 ਵਿੱਚ ਜਿਸ ਤਰ੍ਹਾਂ ਇੰਦਰਾ ਗਾਂਧੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਦੀ ਹੱਤਿਆ ਕੀਤੀ ਉਸ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ। ਇਸ ਘਟਨਾ ਨੂੰ ਅਜੇ ਦੋ ਸਾਲ ਹੀ ਹੋਏ ਸਨ ਕਿ ਰਾਜੀਵ ਗਾਂਧੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਦੋ ਅਕਤੂਬਰ 1986 ਨੂੰ ਸਵੇਰੇ 06.55 ਉੱਤੇ ਜਦੋਂ ਰਾਜੀਵ ਗਾਂਧੀ ਰਾਜਘਾਟ ਸਮਾਧੀ ਵੱਲ ਵਧੇ ਤਾਂ ਇੱਕ ਤੇਜ਼ ਅਵਾਜ਼ ਸੁਣਾਈ ਦਿੱਤੀ।
ਪ੍ਰਧਾਨ ਮੰਤਰੀ ਦੇ ਨਾਲ ਤੁਰ ਰਹੇ ਇੱਕ ਸੁਰੱਖਿਆ ਕਰਮੀਆਂ ਨੇ ਤੁਰੰਤ ਉਨ੍ਹਾਂ ਨੂੰ ਘੇਰ ਲਿਆ। ਰਾਜੀਵ ਗਾਂਧੀ ਵੱਲ ਚਲਾਈ ਗਈ ਗੋਲੀ ਉਨ੍ਹਾਂ ਦੇ ਪਿੱਛੇ ਫੁੱਲਾਂ ਦੀ ਕਿਆਰੀ ਦੇ ਪਾਰ ਗਈ। ਫੁੱਲਾਂ ਦੀਆਂ ਇਨ੍ਹਾਂ ਕਿਆਰੀਆਂ ਨੂੰ ਕਈ ਦਿਨਾਂ ਤੱਕ ਪਾਣੀ ਦਿੱਤਾ ਗਿਆ ਸੀ। ਇਰਾਦਾ ਇਹ ਸੀ ਕੀ ਜੇ ਇਨ੍ਹਾਂ ਵਿੱਚ ਕੋਈ ਵਿਸਫੋਟਕ ਦੱਬਿਆ ਗਿਆ ਹੋਵੇ ਤਾਂ ਉਹ ਚੱਲ ਨਾ ਸਕੇ।
ਤੁਰੰਤ ਦੀ ਸੁਰੱਖਿਆ ਕਰਮੀ ਪੂਰੇ ਰਾਜਘਾਟ ਵਿੱਚ ਫੈਲ ਗਏ ਅਤੇ ਹਰ ਝਾੜੀ ਅਤੇ ਰੁੱਖ ਦੀ ਜਾਂਚ ਕੀਤੀ ਜਾਣ ਲੱਗੀ। ਜਦੋਂ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਸੜਕ ਦੇ ਆਸਪਾਸ ਦੀਆਂ ਇਮਾਰਤਾਂ ਨੂੰ ਦੇਖਣਾ ਸ਼ੁਰੂ ਕੀਤਾ। ਲੇਕਿਨ ਉਨ੍ਹਾਂ ਨੇ ਬਿਲਾਂ ਨਾਲ ਲੱਦੇ ਇੱਕ ਰੁੱਖ ਦੀ ਜਾਂਚ ਨਹੀਂ ਕੀਤੀ, ਜਿੱਥੇ ਰਾਜੀਵ ਗਾਂਧੀ ਉੱਤੇ ਗੋਲੀ ਚਲਾਉਣ ਵਾਲਾ ਵਿਅਕਤੀ ਕਰਮਵੀਰ ਸਿੰਘ ਲੁਕਿਆ ਹੋਇਆ ਸੀ।
ਤਿੰਨ ਗੋਲੀਆਂ ਚੱਲੀਆਂ
ਜਦੋਂ ਕਰੀਬ ਅੱਠ ਵਜੇ ਰਾਜੀਵ ਗਾਂਧੀ ਮਹਾਤਮਾ ਗਾਂਧੀ ਦੀ ਸਮਾਧੀ ਉੱਤੇ ਫੁੱਲ ਚੜ੍ਹਾ ਕੇ ਆਪਣੀ ਕਾਰ ਵੱਲ ਵਾਪਸ ਆਏ ਤਾਂ ਦੂਜੀ ਗੋਲੀ ਦੀ ਅਵਾਜ਼ ਸੁਣਾਈ ਦਿੱਤੀ। ਉਸ ਸਮੇਂ ਰਾਜੀਵ ਗਾਂਧੀ ਅਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨਾਲੋ-ਨਾਲ ਆਪਣੀਆਂ ਕਾਰਾਂ ਵੱਲ ਵਧ ਰਹੇ ਸਨ।
ਇੰਦਰਜੀਤ ਬਧਵਾਰ ਅਤੇ ਤਾਨੀਆ ਮਿਢਾ ਇੰਡੀਆ ਟੂਡੇ 31 ਅਕਤੂਬਰ 1986 ਦੇ ਅੰਕ ਵਿੱਚ ਲਿਖਦੇ ਹਨ, ਜਿਵੇਂ ਹੀ ਗੋਲੀ ਚੱਲੀ, ਜ਼ੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਕਿਹਾ, ‘ਇਹ ਕਿੱਥੋਂ ਹਮਲਾ ਹੋ ਰਿਹਾ ਹੈ?’ ਰਾਜੀਵ ਗਾਂਧੀ ਨੇ ਵੀ ਮਜ਼ਾਕੀਆ ਢੰਗ ਨਾਲ ਜਵਾਬ ਦਿੱਤਾ, ‘ਜਦੋਂ ਮੈਂ ਆਇਆ ਸੀ ਤਾਂ ਵੀ ਮੇਰਾ ਉਨ੍ਹਾਂ ਨੇ ਇਸੇ ਤਰ੍ਹਾਂ ਸਵਾਗਤ ਕੀਤਾ ਸੀ। ਹੁਣ ਲਗਦਾ ਹੈ ਉਹ ਗੋਲੀ ਚਲਾ ਕੇ ਮੈਨੂੰ ਵਿਦਾ ਕਰ ਰਹੇ ਹਨ।’
ਰਾਜੀਵ ਨੇ ਜ਼ੈਲ ਸਿੰਘ ਨੂੰ ਉਨ੍ਹਾਂ ਦੀ ਬੁਲੇਟਰੂਫ਼ ਮਰਸਡੀਜ਼ ਵਿੱਚ ਬਿਠਾਇਆ ਲੇਕਿਨ ਜਿਵੇਂ ਹੀ ਉਹ ਸੋਨੀਆ ਗਾਂਧੀ ਦੇ ਨਾਲ ਆਪਣੀ ਅੰਬੈਸਡਰ ਕਾਰ ਵਿੱਚ ਬੈਠਣ ਲੱਗੇ ਤਾਂ ਤੀਜੀ ਗੋਲੀ ਦੀ ਅਵਾਜ਼ ਸੁਣਾਈ ਦਿੱਤੀ।
ਗੋਲੀ ਰਾਜੀਵ ਗਾਂਧੀ ਦੇ ਪਿੱਛੇ ਖੜ੍ਹੇ ਕਾਂਗਰਸੀ ਵਿਧਾਇਕ ਬ੍ਰਿਜੇਂਦਰ ਸਿੰਘ ਮੋਵਾਈ ਅਤੇ ਬਯਾਨਾ ਦੇ ਸਾਬਕਾ ਜ਼ਿਲ੍ਹਾ ਜੱਜ ਰਾਮ ਚਰਣ ਨਾਲ ਨੂੰ ਲੱਗੀ। ਰਾਜੀਵ ਨੇ ਚੀਖ ਕੇ ਸੋਨੀਆ ਗਾਂਧੀ ਨੂੰ ਕਾਰ ਦੇ ਅੰਦਰ ਹੋਣ ਲਈ ਕਿਹਾ ਅਤੇ ਸੁਰੱਖਿਆ ਕਰਮੀਆਂ ਨੇ ਰਾਜੀਵ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ।
ਇਸੇ ਦੌਰਾਨ ਸੁਰੱਖਿਆ ਕਰਮੀਆਂ ਨੇ ਸੰਘਣੇ ਪੱਤਿਆਂ ਨਾਲ ਢਕੇ ਰੁੱਖ ਵਿੱਚੋਂ ਧੂਆਂ ਨਿਕਲਦਾ ਦੇਖ ਲਿਆ ਸੀ। ਉਨ੍ਹਾਂ ਨੇ ਆਪਣੀ ਜਰਮਨ ਮਾਊਜ਼ਰ ਪਿਸਟਲ ਨਾਲ ਉਸ ਵੱਲ ਫਾਇਰ ਕੀਤਾ।
ਉਸੇ ਸਮੇਂ ਗੂੜ੍ਹੇ ਹਰੇ ਰੰਗ ਦਾ ਕੱਪੜੇ ਪਾਈ ਇੱਕ ਵਿਅਕਤੀ ਆਪਣੇ ਹੱਥ ਉੱਤੇ ਚੁੱਕ ਕੇ ਝਾੜੀਆਂ ਵਿੱਚੋਂ ਬਾਹਰ ਆਉਂਦਾ ਨਜ਼ਰੀਂ ਪਿਆ। ਉੱਥੇ ਮੌਜੂਦ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਐੱਚਐੱਲ ਕਪੂਰ ਨੇ ਸੁਰੱਖਿਆ ਕਰਮੀਆਂ ਨੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ।
ਲੇਕਿਨ ਦਿੱਲੀ ਪੁਲਿਸ ਦੇ ਵਧੀਕ ਪੁਲਿਸ ਕਮਿਸ਼ਨਰ ਗੌਤਮ ਕੌਲ ਨੇ ਚੀਖ ਮਾਰ ਕੇ ਕਿਹਾ, “ਗੋਲੀ ਨਾ ਚਲਾਓ’।
ਬਾਅਦ ਵਿੱਚ ਜਾਂਚ ਦੌਰਾਨ ਪਤਾ ਲੱਗਿਆ ਕਿ ਕਰਮਵੀਰ ਸਿੰਘ ਨੇ ਲੰਬੇ ਸਮੇਂ ਤੋਂ ਝਾੜੀਆਂ ਵਿੱਚ ਲੁਕ ਕੇ ਰਹਿ ਰਿਹਾ ਸੀ। ਉਨ੍ਹਾਂ ਕੋਲ ਇੱਕ ਵੱਡੀ ਪਲਾਸਟਿਕ ਦੀ ਸ਼ੀਟ, ਰੁਮਾਲ ਵਿੱਚ ਬੰਨ੍ਹੇ ਹੋਓ ਭੁੰਨੇ ਹੋਏ ਛੋਲੇ, ਪਾਣੀ ਨਾਲ ਭਰਿਆ ਹੋਇਆ ਜੈਰੀਕੈਨ, ਟੈਰਾਮਾਈਸਿਨ ਅਤੇ ਦਰਦ ਦੀਆਂ ਗੋਲੀਆਂ ਬਰਾਮਦ ਹੋਈਆਂ।
ਇੱਕ ਦਿਨ ਪਹਿਲਾਂ ਹੋਈ ਡੂੰਘੀ ਤਲਾਸ਼ੀ ਦੇ ਦੌਰਾਨ ਕੁੱਤਿਆਂ ਨੇ ਭੌਂਕ ਕੇ ਉਸ ਝਾੜੀ ਵੱਲ ਇਸ਼ਾਰਾ ਕੀਤਾ ਸੀ ਪਰ ਉੱਥੇ ਮੌਜੂਦ ਮਖਿਆਲ ਦੇ ਛੱਤੇ ਕਾਰਨ ਸੁਰੱਖਿਆ ਕਰਮੀ ਅੱਗੇ ਨਹੀਂ ਵਧੇ ਸਨ।
ਸੁਰੱਖਿਆ ਵਿੱਚ ਇਹ ਕੁਤਾਹੀ ਇਸ ਲਈ ਵੀ ਵੱਡੀ ਸੀ ਕਿਉਂਕਿ ਖੂਫੀਆ ਏਜੰਸੀ ਇੰਟੈਲੀਜੈਂਸ ਬਿਊਰੋ ਨੇ ਕੁਝ ਦਿਨ ਪਹਿਲਾਂ ਹੀ ਰਿਪੋਰਟ ਦਿੱਤੀ ਸੀ ਕਿ ਰਾਜੀਵ ਗਾਂਧੀ ਉੱਤੇ ਰਾਜਘਾਟ ਵਿੱਚ ਹਮਲਾ ਹੋ ਸਕਦਾ ਹੈ।
ਬਾਅਦ ਵਿੱਚ ਦਿੱਲੀ ਪੁਲਿਸ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਵੱਡੇ ਸਮਾਗਮਾਂ ਸਮੇਂ ਅਜਿਹੀਆਂ ਰਿਪੋਰਟਾਂ ਅਕਸਰ ਆਉਂਦੀਆਂ ਹਨ। ਇਸ ਲਈ ਇਨ੍ਹਾਂ ਨੂੰ ਰੁਟੀਨ ਚੇਤਾਵਨੀ ਵਾਂਗ ਸਮਝ ਲਿਆ ਗਿਆ ਸੀ।
ਇਸ ਕੁਤਾਹੀ ਲਈ ਦਿੱਲੀ ਪੁਲਿਸ ਦੇ ਸਹਾਇਕ ਪੁਲਿਸ ਕਮਿਸ਼ਨਰ ਗੌਤਮ ਕੌਲ ਨੂੰ ਸਸਪੈਂਡ ਕਰ ਦਿੱਤਾ ਗਿਆ। ਕੌਲ ਰਾਜੀਵ ਗਾਂਧੀ ਦੇ ਮੌਸੇਰੇ ਭਰਾ ਵੀ ਸਨ।
ਇੱਕ ਵਾਰ ਫਿਰ ਪੀਐੱਮ ਦੀ ਸੁਰੱਖਿਆ ਵਿੱਚ ਸੰਨ੍ਹ
ਇੱਕ ਸਾਲ ਬਾਅਦ ਇੱਕ ਵਾਰ ਫਿਰ ਪੀਐੱਮ ਦੀ ਸੁਰੱਖਿਆ ਵਿੱਚ ਸੰਨ੍ਹ ਲੱਗੀ। ਜਦੋਂ ਅਕਤੂਬਰ 1987 ਵਿੱਚ ਰੂਸ ਦੇ ਪ੍ਰਧਾਨ ਮੰਤਰੀ ਨਿਕੋਲਾਈ ਰਿਜ਼ਕੋਵ ਭਾਰਤ ਦੌਰੇ ਉੱਤੇ ਆਏ ਸਨ। ਪਾਲਮ ਹਵਾਈ ਅੱਡੇ ਉੱਤੇ ਦੋਵਾਂ ਪ੍ਰਧਾਨ ਮੰਤਰੀਆਂ ਨੇ ਤੈਅ ਕੀਤਾ ਕਿ ਉਹ ਇੱਕ ਹੀ ਕਾਰ ਵਿੱਚ ਬੈਠ ਕੇ ਰਾਸ਼ਟਰਪਤੀ ਭਵਨ ਜਾਣਗੇ।
ਹਵਾਈ ਅੱਡੇ ਉੱਤੇ ਉਨ੍ਹਾਂ ਨੂੰ ਲੈਣ ਕਈ ਮੰਤਰੀ, ਤਿੰਨਾਂ ਫੌਜਾਂ ਦੇ ਮੁਖੀ ਅਤੇ ਕਈ ਵੱਡੇ ਅਫਸਰ ਆਏ ਹੋਏ ਸਨ। ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਦਿੱਲੀ ਪੁਲਿਸ ਦੇ ਪੁਲਿਸ ਕਮਿਸ਼ਨਰ ਵੇਦ ਮਾਰਵਾਹ ਦੀ ਕਾਰ ਵਿੱਚ ਲਿਫਟ ਲੈਣ ਦਾ ਫੈਸਲਾ ਕੀਤਾ ਤਾਂ ਜੋ ਦੋਵੇਂ ਜਣੇ ਪ੍ਰਧਾਨ ਮੰਤਰੀਆਂ ਤੋਂ ਪਹਿਲਾਂ ਸਾਊਥ ਬਲਾਕ ਪਹੁੰਚ ਸਕਣ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਪੁਲਿਸ ਕਮਿਸ਼ਨਰ ਦੀ ਕਾਰ ਨੂੰ ਕੋਈ ਰੋਕੇਗਾ ਨਹੀਂ ਅਤੇ ਉਹ ਅੱਗੇ ਵਧਦੀ ਚਲੀ ਜਾਵੇਗੀ।
ਨਟਵਰ ਸਿੰਘ ਨੇ ਆਪਣੀ ਆਤਮਕਥਾ ‘ਵਨ ਲਾਈਫ਼ ਇਜ਼ ਨਾਟ ਇਨਫ਼’ ਵਿੱਚ ਲਿਖਦੇ ਹਨ, “ਅਸੀਂ ਸਾਊਥ ਐਵੇਨਿਊ ਪਹੁੰਚ ਗਏ ਅਤੇ ਫਿਰ ਰਾਸ਼ਟਰਪਤੀ ਭਵਨ ਦੇ ਦੱਖਣ ਵੱਲ ਮੁੜੇ। ਫਿਰ ਉੱਥੋਂ ਅਸੀਂ ਰਾਸ਼ਟਰਪਤੀ ਭਵਨ ਵੱਲ ਜਾਣ ਵਾਲੀ ਸੜਕ ਦਾ ਰੁਖ ਕੀਤਾ। ਅਸੀਂ ਦੇਖਦੇ ਹਾਂ ਕਿ ਸਾਹਮਣੇ ਤੋਂ ਦੋਵਾਂ ਪ੍ਰਧਾਨ ਮੰਤਰੀਆਂ ਦੀਆਂ ਕਾਰਾਂ ਦਾ ਕਾਫ਼ਲਾ ਆ ਰਿਹਾ ਹੈ।”
“ਵੇਦ ਮਾਰਵਾਹ ਨੇ ਤੁਰੰਤ ਡਰਾਈਵਰ ਨੂੰ ਕਾਰ ਰਿਵਰਸ ਕਰਨ ਲਈ ਕਿਹਾ ਤਾਂ ਕਿ ਉਹ ਰਸਤੇ ਤੋਂ ਹਟ ਜਾਣ। ਸਾਡੇ ਠੀਕ ਪਿੱਛੇ ਭਜਨ ਲਾਲ ਦੀ ਕਾਰ ਸੀ ਇਸ ਲਈ ਸਾਡੇ ਦੋਵਾਂ ਦੇ ਕਾਰ ਪਿੱਛੇ ਮੋੜਨ ਵਿੱਚ ਅੱਧਾ ਮਿੰਟ ਲੱਗ ਗਿਆ। ਸਿਰਫ਼ ਇੱਕ ਜਾਂ ਦੋ ਸਕਿੰਟਾਂ ਨਾਲ ਵੀਆਈਪੀ ਕਾਰਾਂ ਨਾਲ ਸਾਡਾ ਟਾਕਰਾ ਹੋਣ ਤੋਂ ਬਚਿਆ।”

ਤਸਵੀਰ ਸਰੋਤ, Getty Images
ਸਾਬਕਾ ਪ੍ਰਧਾਨ ਮੰਤਰੀ ਨਟਵਰ ਸਿੰਘ ਲਿਖਦੇ ਹਨ, “ਇਸੇ ਦੌਰਾਨ ਰੂਸੀ ਪ੍ਰਧਾਨ ਮੰਤਰੀ ਦੇ ਨਾਲ ਜਾ ਰਹੇ ਸੁਰੱਖਿਆ ਕਰਮੀਆਂ ਨੇ ਸਾਡੇ ਵੱਲ ਆਪਣੀਆਂ ਬੰਦੂਕਾਂ ਸਿੱਧੀਆਂ ਕਰ ਦਿੱਤੀਆਂ। ਜਦੋਂ ਰਾਜੀਵ ਗਾਂਧੀ ਨੂੰ ਇਹ ਪਤਾ ਚੱਲਿਆ ਤਾਂ ਉਨ੍ਹਾਂ ਨੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਪੁਲਿਸ ਕਮਿਸ਼ਨਰ ਵੇਦ ਮਾਰਵਾਹ ਨੂੰ ਸਸਪੈਂਡ ਕਰਨ ਲਈ ਕਿਹਾ। ਅਗਲੇ ਦਿਨ ਜਦੋਂ ਪ੍ਰਧਾਨ ਮੰਤਰੀ ਮੈਨੂੰ ਮਿਲੇ ਤਾਂ ਉਨ੍ਹਾਂ ਨੇ ਮੈਨੂੰ ਚੰਗੀਆਂ ਬੁਰੀਆਂ-ਭਲੀਆਂ ਸੁਣਾਈਆਂ।”
“ਮੈਂ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਰਾਜੀਵ ਉੱਤੇ ਇਸਦਾ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਨਿਯਮ ਤੋੜਨ ਕਰਕੇ ਨਾਲ ਜਾ ਰਹੇ ਰੂਸੀ ਸੁਰੱਖਿਆ ਕਰਮੀ ਤੁਹਾਡੇ ਉੱਤੇ ਗੋਲੀ ਵੀ ਚਲਾ ਸਕਦੇ ਸੀ। ਮੈਨੂੰ ਬੜੀ ਸ਼ਰਮਿੰਦਗੀ ਹੋਈ ਕਿ ਮੇਰੇ ਕਾਰਨ ਵੇਦ ਨੂੰ ਸਸਪੈਂਡ ਹੋਣਾ ਪਿਆ। ਚੰਗਾ ਇਹ ਹੋਇਆ ਕਿ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਨੂੰ ਸਾਰੀ ਗੱਲ ਸਮਝ ਆ ਗਈ ਅਤੇ ਉਨ੍ਹਾਂ ਨੇ ਵੇਦ ਮਾਰਵਾਹ ਦਾ ਸਸਪੈਂਸ਼ਨ ਵਾਪਸ ਲੈ ਲਿਆ।”
ਰਾਜੀਵ ਗਾਂਧੀ ਉੱਤੇ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਹਮਲਾ ਹੋਇਆ ਸੀ, ਜਦੋਂ ਉਹ ਪ੍ਰਧਾਨ ਮੰਤਰੀ ਵਜੋਂ ਕੋਲੰਬੋ ਦੌਰੇ ਉੱਤੇ ਗਏ ਸਨ।
30 ਜੁਲਾਈ 1987 ਨੂੰ ਉਨ੍ਹਾਂ ਉੱਤੇ ਸ਼੍ਰੀਲੰਕਾ ਦੀ ਜਲ ਸੈਨਾ ਦੇ ਸੈਨਿਕ ਵਿਜੇਤਾ ਰੋਹਾਨਾ ਨੇ ਪਰੇਡ ਦੇ ਗੈਰ-ਰਸਮੀ ਨਿਰੀਖਣ ਦੌਰਾਨ ਬੰਦੂਕ ਨਾਲ ਪਿੱਛੇ ਤੋਂ ਹਮਲਾ ਕੀਤਾ। ਰਾਜੀਵ ਗਾਂਧੀ ਦੇ ਸਿਰ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਨੇ ਆਪਣੇ ਪਿੱਛੇ ਹੋਣ ਵਾਲੀ ਹਰਕਤ ਨੂੰ ਭਾਂਪ ਲਿਆ ਅਤੇ ਜ਼ਿਆਦਾ ਸੱਟ ਨਹੀਂ ਲੱਗੀ।
ਇਸ ਹਮਲੇ ਤੋਂ ਬਾਅਦ ਸ਼੍ਰੀ ਲੰਕਾ ਦੀ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਬਹੁਤ ਸ਼ਰਮਿੰਦਗੀ ਝੱਲਣੀ ਪਈ ਸੀ।
ਨਰਿੰਦਰ ਮੋਦੀ ਦੇ ਕਾਫਲੇ ਵਿੱਚ ਸੁਰੱਖਿਆ ਕੁਤਾਹੀ

ਤਸਵੀਰ ਸਰੋਤ, ANI
ਕੁਝ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਪੰਜਾਬ ਵਿੱਚ ਇੱਕ ਫਲਾਈ ਓਵਰ ਉੱਤੇ ਕਿਸਾਨਾਂ ਦੇ ਮੁਜ਼ਾਹਰੇ ਕਾਰਨ ਲੱਗੇ ਜਾਮ ਦੇ ਕਾਰਨ 15-20 ਮਿੰਟ ਰੁਕੇ ਰਹਿਣਾ ਪਿਆ ਸੀ ਜੋ ਉਨ੍ਹਾਂ ਦੀ ਸੁਰੱਖਿਆ ਲਈ ਇੱਕ ਖ਼ਤਰਾ ਸੀ।
ਜਦੋਂ ਵੀ ਪ੍ਰਧਾਨ ਮੰਤਰੀ ਕਿਸੇ ਥਾਂ ਦੀ ਯਾਤਰਾ ਕਰਦੇ ਹਨ ਤਾਂ ਉਨ੍ਹਾਂ ਲਈ ਇੱਕ ਬਦਲਵਾਂ ਰੂਟ ਵੀ ਬਣਾਇਆ ਜਾਂਦਾ ਹੈ।
ਪਹਿਲਾਂ ਤੈਅ ਹੋਇਆ ਸੀ ਕਿ ਪ੍ਰਧਾਨ ਮੰਤਰੀ ਬਠਿੰਡਾ ਹਵਾਈ ਅੱਡੇ ਉੱਤੇ ਉਤਰਨ ਤੋਂ ਬਾਅਦ ਕੌਮੀ ਸ਼ਹੀਦ ਯਾਦਗਾਰ ਹੈਲੀਕਾਪਟਰ ਨਾਲ ਜਾਣਗੇ ਲੇਕਿਨ ਖ਼ਰਾਬ ਮੌਸਮ ਦੇ ਕਾਰਨ ਉਨ੍ਹਾਂ ਨੂੰ ਸੜਕ ਰਾਹੀਂ ਜਾਣਾ ਪਿਆ।
ਪੰਜਾਬ ਪੁਲਿਸ ਦੇ ਡੀਜੀਪੀ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸੜਕ ਮਾਰਗ ਤੋਂ ਲਿਜਾਇਆ ਜਾ ਰਿਹਾ ਸੀ, ਜਿਸ ਵਿੱਚ ਉਨ੍ਹਾਂ ਨੂੰ ਦੋ ਘੰਟੇ ਲੱਗ ਗਏ ਸਨ।
ਪੀਐੱਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਐੱਸਪੀਜੀ ਉੱਤੇ

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ੰਮੇਵਾਰੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਜਾਣੀ ਐੱਸਪੀਜੀ ਦੀ ਹੈ ਜੋ ਉਨ੍ਹਾਂ ਨੂੰ ਦੇਸ ਦੇ ਬਾਹਰ ਵੀ ਸੁਰੱਖਿਆ ਦਿੰਦਾ ਹੈ।
ਸ਼ੁਰੂ ਵਿੱਚ ਪ੍ਰਧਾਨ ਮੰਤਰੀ ਨਿਵਾਸ ਉੱਤੇ ਰਹਿਣ ਵਾਲੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਹਮੇਸ਼ਾ ਸੁਰੱਖਿਆ ਦੇ ਘੇਰੇ ਵਿੱਚ ਰਹਿੰਦੇ ਸਨ, ਲੇਕਿਨ ਸਾਲ 2019 ਵਿੱਚ ਇਹ ਨਿਯਮ ਬਦਲ ਦਿੱਤਾ ਗਿਆ। ਨਵੇਂ ਨਿਯਮਾਂ ਮੁਤਾਬਕ, ਐੱਸਪੀਜੀ ਸੁਰੱਖਿਆ ਹੁਣ ਸਿਰਫ਼ ਪ੍ਰਧਾਨ ਮੰਤਰੀ ਨੂੰ ਹੀ ਮਿਲਦੀ ਹੈ।
ਐੱਸਪੀਜੀ ਦੀ ਸਥਾਪਨਾ 1988 ਵਿੱਚ ਹੋਈ ਸੀ। ਇਸ ਦਾ ਹੈਡ ਕੁਆਰਟਰ ਦਿੱਲੀ ਦੇ ਦੁਆਰਕਾ ਇਲਾਕੇ ਵਿੱਚ ਹੈ। ਇਸ ਦੇ ਸੁਰੱਖਿਆ ਕਰਮੀਆਂ ਦੀ ਚੋਣ, ਸੀਮਾ ਸੁਰੱਖਿਆ ਬਲ, ਸੀਆਰਪੀਐੱਫ, ਸੀਆਈਐੱਸਐੱਫ਼, ਆਰਪੀਐੱਫ਼ ਅਤੇ ਭਾਰਤ-ਤਿੱਬਤ ਸੀਮਾ ਪੁਲਿਸ ਦੇ ਜਵਾਨਾਂ ਵਿੱਚੋਂ ਕੀਤੀ ਜਾਂਦੀ ਹੈ।
ਇਹ ਉਨ੍ਹਾਂ ਏਜੰਸੀਆਂ ਦੇ ਸਰਬ-ਉੱਤਮ ਜਵਾਨ ਹੁੰਦੇ ਹਨ। ਪ੍ਰਧਾਨ ਮੰਤਰੀ ਦੇ ਨਾਲ ਵਾਲੇ ਘੇਰੇ ਵਿੱਚ ਰਹਿਣ ਵਾਲੇ ਐੱਸਪੀਜੀ ਦੇ ਲੋਕ ਕਾਲੇ ਕੱਪੜੇ ਪਾਉਂਦੇ ਹਨ। ਉਨ੍ਹਾਂ ਦੀਆਂ ਅੱਖਾਂ ਉੱਤੇ ਕਾਲੇ ਰੰਗ ਦਾ ਧੁੱਪ ਦੀਆਂ ਐਨਕਾਂ ਲੱਗੀਆਂ ਹੁੰਦੀਆਂ ਹਨ।
ਇਹ ਇਸ ਲਈ ਹੁੰਦਾ ਹੈ ਤਾਂ ਜੋ ਆਸ ਪਾਸ ਦੇ ਲੋਕਾਂ ਨੂੰ ਪਤਾ ਨਾ ਲੱਗ ਸਕੇ ਕਿ ਉਹ ਕਿੱਧਰ ਦੇਖ ਰਹੇ ਹਨ।
ਉਹ ਨਾ-ਧਿਲਕਣ ਵਾਲੇ ਖਾਸ ਬੂਟ ਪਾਉਂਦੇ ਹਨ। ਉਨ੍ਹਾਂ ਦੇ ਦਸਤਾਨੇ ਵੀ ਖਾਸ ਹੁੰਦੇ ਹਨ ਤਾਂ ਜੋ ਹਥਿਆਰ ਫਿਸਲਣ ਨਾ।
ਦੂਜੇ ਘੇਰ ਵਿੱਚ ਜੋ ਐੱਸਪੀਜੀ ਕਮਾਂਡੋ ਹੁੰਦੇ ਹਨ ਉਨ੍ਹਾਂ ਕੋਲ ਬੈਲਜੀਅਮ ਤੋਂ ਮੰਗਾਈਆਂ ਸਾਢੇ ਤਿੰਨ ਕੋਲ ਭਾਰ ਦੀਆਂ ਰਾਈਫਲਾਂ ਹੁੰਦੀਆਂ ਹਨ, ਜੋ 500 ਮੀਟਰ ਤੱਕ ਮਾਰ ਕਰਦੀਆਂ ਹਨ।
ਹਰ ਕਮਾਂਡੋ ਸਵਾ ਦੋ ਕਿੱਲੋ ਦੀ ਬੁਲੇਟ ਪਰੂਫ਼ ਜਾਕਟ ਪਾਉਂਦਾ ਹੈ। ਉਨ੍ਹਾਂ ਦੇ ਗੋਡਿਆਂ ਅਤੇ ਕੂਹਣੀਆਂ ਉੱਤੇ ਪੈਡ ਲੱਗੇ ਹੁੰਦੇ ਹਨ।
ਬਲਿਊ ਬੁੱਕ ਦੇ ਨਿਯਮਾਂ ਦਾ ਪਾਲਣ

ਤਸਵੀਰ ਸਰੋਤ, Getty Images
ਕਮਾਂਡੋ ਦੀ ਸਿਖਲਾਈ ਦੇ ਦੌਰਾਨ ਉਨ੍ਹਾਂ ਨੂੰ ਮਾਰਸ਼ਲ ਆਰਟ ਸਿਖਾਈ ਜਾਂਦੀ ਹੈ। ਤਾਂ ਕਿ ਉਹ ਬਿਨਾਂ ਹਥਿਆਰ ਦੇ ਵੀ ਹਮਲਾਵਰ ਦਾ ਮੁਕਾਬਲਾ ਕਰ ਸਕਣ। ਉਨ੍ਹਾਂ ਨੂੰ ਕਲੋਜ਼ ਪ੍ਰੋਟੈਕਸ਼ਨ ਟੀਮ ਕਿਹਾ ਜਾਂਦਾ ਹੈ। ਉਨ੍ਹਾਂ ਕੋਲ ਪਿਸਟਲ ਹੁੰਦੀ ਹੈ ਜੋ ਆਮ ਲੋਕਾਂ ਨੂੰ ਦਿਖਾਈ ਨਹੀਂ ਦਿੰਦੀ।
ਮੋਬਾਈਲ ਫੋਨਾਂ ਵਿੱਚ ਇੰਪ੍ਰੋਵਾਇਜ਼ਡ ਐਕਸਪਲੋਸਿਵ ਡਿਵਾਈਸ ਵਿੱਚ ਧਮਾਕੇ ਦੇ ਖ਼ਤਰੇ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਿੱਚ ਜੈਮਰਾਂ ਦੀ ਵਰਤੋਂ ਸ਼ੁਰੂ ਕੀਤੀ ਗਈ। ਹਮਲਾਵਰਾਂ ਨੇ ਭੁਲੇਖੇ ਵਿੱਚ ਪਾਉਣ ਲਈ ਉਨ੍ਹਾਂ ਦੀ ਗੱਡੀ ਵਰਗੀਆਂ ਦੋ ਹੋਰ ਗੱਡੀਆਂ ਚਲਦੀਆਂ ਹਨ।
ਸੂਬਿਆਂ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਐੱਸਪੀਜੀ ਬਲਿਊ ਬੁੱਕ ਵਿੱਚ ਲਿਖੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਦੀ ਹੈ। ਬਲਿਊ ਬੁੱਕ ਦੇ ਮੁਤਾਬਕ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਤਿੰਨ ਦਿਨ ਪਹਿਲਾਂ ਐੱਸਪੀਜੀ ਉਸ ਦੌਰੇ ਨਾਲ ਜੁੜੇ ਸਾਰੇ ਲੋਕਾਂ ਅਤੇ ਸੰਸਥਾਵਾਂ ਦੇ ਨਾਲ ਇੱਕ ਅਗਾਉਂ ਬੈਠਕ ਕਰਦੀ ਹੈ। ਬੈਠਕ ਵਿੱਚ ਸੂਬੇ ਦੇ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ, ਪੁਲਿਸ ਦੇ ਵੱਡੇ ਅਫਸਰ ਅਤੇ ਜ਼ਿਲ੍ਹਾ ਮੈਜਿਸਟਰੇਟ ਸ਼ਾਮਲ ਹੁੰਦੇ ਹਨ।
ਇਸ ਬੈਠਕ ਵਿੱਚ ਦੌਰੇ ਨਾਲ ਜੁੜੇ ਛੋਟੇ ਤੋਂ ਛੋਟੇ ਵੇਰਵੇ ਬਾਰੇ ਚਾਰਚਾ ਹੁੰਦੀ ਹੈ। ਹੰਗਾਮੀ ਹਾਲਤ ਵਿੱਚ ਹਰ ਸਥਿਤੀ ਨਾਲ ਨਜਿੱਠਣ ਦੇ ਲਈ ਹਰ ਪੱਧਰ ਉੱਤੇ ਇੱਕ ਬਦਲਵੀਂ ਯੋਜਨਾ ਬਣਾਈ ਜਾਂਦੀ ਹੈ।
ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀਆਂ ਕਾਰਾਂ ਦੀ ਕ੍ਰਮ ਵੀ ਪਹਿਲਾਂ ਹੀ ਤੈਅ ਰਹਿੰਦਾ ਹੈ। ਸਭ ਤੋਂ ਅੱਗੇ ਪਾਇਲਟ ਕਾਰ, ਉਸ ਤੋਂ ਪਿੱਛੇ ਮੋਬਾਈਲ ਸਿਗਨਲ ਜੈਮਰ, ਉਸ ਤੋਂ ਬਾਅਦ ਡਿਕੌਇ ਕਾਰ, ਫਿਰ ਪ੍ਰਧਾਨ ਮੰਤਰੀ ਦੀ ਕਾਰ, ਮਰਸਡੀਜ਼ ਐਂਬੂਲੈਂਸ ਅਤੇ ਦੂਜੀਆਂ ਕਾਰਾਂ ਚਲਦੀਆਂ ਹਨ। ਇੱਕ ਵਾਧੂ ਕਾਰ ਵੀ ਨਾਲ ਰਹਿੰਦੀ ਹੈ ਜਿਸ ਦੀ ਵਰਤੋਂ ਪ੍ਰਧਾਨ ਮੰਤਰੀ ਦੀ ਕਾਰ ਖ਼ਰਾਬ ਹੋ ਜਾਣ ਦੀ ਸੂਰਤ ਵਿੱਚ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਹਮੇਸ਼ਾ ਏਅਰ ਇੰਡੀਆ-1 ਵਿੱਚ ਵਿਦੇਸ਼ ਯਾਤਰਾ ਕਰਦੇ ਹਨ। ਇਹ ਇੱਕ 747-400 ਬੋਇੰਗ ਜਹਾਜ਼ ਹੁੰਦਾ ਹੈ। ਹਵਾਈ ਅੱਡੇ ਉੱਤੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਦੋ ਜਹਾਜ਼ਾਂ ਨੂੰ ਤਿਆਰ ਰੱਖਿਆ ਜਾਂਦਾ ਹੈ।
ਜੇਕਰ ਆਖਰੀ ਮੌਕੇ ਉੱਤੇ ਪ੍ਰਧਾਨ ਮੰਤਰੀ ਦੇ ਜਹਾਜ਼ ਵਿੱਚ ਕੋਈ ਖਰਾਬੀ ਆ ਜਾਵੇ ਤਾਂ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡੁੰਘਾਈ ਨਾਲ ਮੁਆਇਨਾ

ਤਸਵੀਰ ਸਰੋਤ, Getty Images
ਸੰਗਠਨ ਵਿੱਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਕਮਾਂਡੋਆਂ ਦਾ ਤਿੰਨ ਪੱਧਰਾਂ ਉੱਤੇ ਬੈਕਗਰਾਊਂਡ ਚੈਕ ਹੁੰਦਾ ਹੈ।
ਇੱਥੋਂ ਤੱਕ ਕਿ ਉਨ੍ਹਾਂ ਦੇ ਪਰਿਵਾਰ ਵਾਲੇ, ਦੂਰ ਦੇ ਰਿਸ਼ਤੇਦਾਰ ਅਤੇ ਦੋਸਤਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ। ਪਹਿਲਾਂ ਤਿੰਨ ਮਹੀਨਿਆਂ ਤੱਕ ਐੱਨਐੱਸਜੀ ਦੇ ਕਮਾਂਡੋ ਨੂੰ ਹਥਿਆਰਾਂ ਅਤੇ ਬਿਨਾਂ ਹਥਿਆਰਾਂ ਦੇ ਲੜਾਈ ਅਤੇ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਵਾਇਆ ਜਾਂਦਾ ਹੈ।
ਫਿਰ ਇਨ੍ਹਾਂ ਨੂੰ ਹਰ ਤਰ੍ਹਾਂ ਦੇ ਧਮਾਕੇਖੇਜ ਪਦਾਰਥਾਂ ਅਤੇ ਉਪਕਰਣਾਂ ਦੀ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਨੂੰ ਰੋਕਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਯੋਗ, ਧਿਆਨ ਅਤੇ ਮਾਨਸਿਕ ਕਸਰਤ ਦਾ ਵੀ ਅਭਿਆਸ ਦਿੱਤਾ ਜਾਂਦਾ ਹੈ। ਇੱਕ ਸਾਬਕਾ ਐੱਨਐੱਸਜੀ ਅਧਿਕਾਰੀ ਦੇ ਮੁਤਾਬਕ ਇਹ ਕਮਾਂਡੋ ਚਲਦੇ ਹੋਏ ਵਾਹਨ ਉੱਤੇ ਬਿਲਕੁਲ ਸਟੀਕ ਨਿਸ਼ਾਨਾ ਲਾ ਸਕਦੇ ਹਨ। ਉਨ੍ਹਾਂ ਨੂੰ ਭੀੜ ਵਿੱਚ ਖੜ੍ਹੇ ਵਿਅਕਤੀ ਨੂੰ ਬਿਨਾਂ ਹੋਰ ਲੋਕਾਂ ਨੂੰ ਨੁਕਸਾਨ ਪਹੁੰਚਾਏ ਨਿਸ਼ਾਨਾ ਬਣਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਇਹ ਬਹੁਤ ਚੰਗੇ ਤੈਰਾਕ ਵੀ ਹੁੰਦੇ ਹਨ। ਅਤੇ ਅਤਿ-ਆਧੁਨਿਕ ਸੰਚਾਰ ਉਪਕਰਣ ਵੀ ਚਲਾ ਸਕਦੇ ਹਨ। ਪਹਿਲੇ ਤਿੰਨ ਮਹੀਨਿਆਂ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਗਲੇ ਤਿੰਨ ਮਹੀਨੇ ਤੱਕ ਡੂੰਘੀ ਸਿਖਲਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਨੂੰ ਅਸਲੀ ਜ਼ਿੰਦਗੀ ਦੀਆਂ ਸਥਿਤੀਆਂ ਲਈ ਵੀ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹਮਲਾ ਹੋਣ ਦੀ ਸੂਰਤ ਵਿੱਚ ਮੈਡੀਕਲ ਐਮਰਜੈਂਸੀ ਨਾਲ ਨਿਪਟਣ ਦੀ ਟਰੇਨਿੰਗ ਵੀ ਦਿੱਤੀ ਜਾਂਦੀ ਹੈ।
ਅਗਰ ਕੋਈ ਵਿਅਕਤੀ ਐੱਸਪੀਜੀ ਦੇ ਘੇਰੇ ਦੇ ਬਹੁਤ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਕੂਹਣੀ ਨਾਲ ਪਿੱਛੇ ਧੱਕਣ ਦੀ ਸਿਖਲਾਈ ਵੀ ਇਨ੍ਹਾਂ ਨੂੰ ਦਿੱਤੀ ਜਾਂਦੀ ਹੈ। ਕਈ ਵਾਰ ਦੇਖਿਆ ਗਿਆ ਹੈ ਕਿ ਇਸ ਕੂਹਣੀ ਦਾ ਅਸਰ ਪੀੜਤ ਵਿਅਕਤੀ ਉੱਤੇ ਕਈ ਹਫ਼ਤਿਆਂ ਤੱਕ ਰਹਿੰਦਾ ਹੈ।
ਇਨ੍ਹਾਂ ਨੂੰ ਅਮਰੀਕੀ ਸੀਕਰੇਟ ਸਰਵਿਸਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਖਲਾਈ ਦਿੱਤੀ ਜਾਂਦੀ ਹੈ। ਹੁਣ ਇਸ ਵਿੱਚ ਇਜ਼ਰਾਈਲ ਦੇ ਟਰੇਨਿੰਗ ਮੈਨੂਏਲ ਕਰਾਵ ਮਾਗਾ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।
ਇਸ ਵਿੱਚ ਕਮਾਂਡੋ ਨੂੰ ਮੁੱਕੇਬਾਜ਼ੀ, ਕੁਸ਼ਤੀ, ਜੂਡੋ ਅਤੇ ਕਰਾਟੇ ਸਾਰਿਆਂ ਵਿੱਚ ਮਾਹਰ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਹਰ ਕਮਾਂਡੋ ਦਾ ਇੱਕ ਸਾਲਾਨਾ ਟੈਸਟ ਹੁੰਦਾ ਹੈ। ਜੇ ਉਹ ਉਸ ਵਿੱਚ ਫੇਲ੍ਹ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਿਨਾਂ ਦੇਰੀ ਦੇ ਪੇਰੇਂਟ ਕਾਡਰ ਵਿੱਚ ਵਾਪਸ ਭੇਜ ਦਿੱਤਾ ਜਾਂਦਾ ਹੈ।








